|
ਰੁਸਤੁਮ-ਇ-ਜ਼ਮਾਂ “ਗਾਮਾਂ“
|
ਕੁਸ਼ਤੀ ਜਾਂ ਘੋਲ ਇੱਕ ਪੁਰਾਤਨ ਖੇਡ ਹੈ। ਜੇ ਇਓਂ ਕਹਿ ਲਈਏ ਕਿ ਪੰਜਾਬੀਆਂ ਦੀ
ਹਰਮਨ ਪਿਆਰੀ ਖੇਡ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਇਹ ਗੱਲ
ਬੜੀ ਅਫਸੋਸਨਾਕ ਹੋਈ ਹੈ ਕਿ ਕੁਸ਼ਤੀ ਨੂੰ 2016 ਦੀਆਂ ਰਿਓ ਡੀ ਜਿਨੇਰੋ ਓਲੰਪਿਕ
ਖੇਡਾਂ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਭਾਵੇਂ ਸ਼ਮੂਲੀਅਤ ਦੇ ਅਸਾਰ ਤਾਂ ਬਣਦੇ
ਜਾਪਦੇ ਹਨ , ਪਰ ਓਲੰਪਿਕ ਖੇਡਾਂ ਦੀ ਸੱਭ ਤੋਂ ਪੁਰਾਤਨ ਖੇਡ ਨੂੰ ਖੇਡਾਂ ਤੋਂ
ਦਰ-ਕਿਨਾਰ ਕਰਨਾ ਮੰਦਭਾਗਾ ਫੈਸਲਾ ਹੈ। ਭਾਰਤੀ ਮਹਿਲਾ ਭਲਵਾਨ ਗੀਤਾ ਫੌਗਟ ਨੇ ਤਾਂ
ਏਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕੁਸ਼ਤੀ ਨੂੰ ਓਲੰਪਿਕ ਖੇਡਾਂ ਤੋਂ ਬਾਹਰ ਹੀ
ਰੱਖਿਆ ਜਾਂਦਾ ਹੈ ਤਾਂ ਭਾਰਤ ਨੂੰ ਓਲੰਪਿਕ ਖੇਡਾਂ ਦਾ ਹੀ ਬਾਈਕਾਟ ਕਰ ਦੇਣਾ
ਚਾਹੀਦਾ ਹੈ। ਇਸ ਖੇਡ ਵਿੱਚ ਕਿਸੇ ਵਿਸ਼ੇਸ਼ ਖੇਡ ਮੈਦਾਨ ਜਾਂ ਕਿਸੇ ਖੇਡ ਸਾਧਨ ਦੀ
ਲੋੜ ਵੀ ਨਹੀਂ ਸੀ ਪਿਆ ਕਰਦੀ। ਬੱਸ ਜਾਂਘੀਆ ਜਾਂ ਲੰਗੋਟ ਹੀ ਪਹਿਨਿਆਂ ਹੁੰਦਾ ਸੀ।
ਰਾਜੇ ਆਪਣੇ ਦਰਬਾਰਾਂ ਵਿੱਚ ਭਲਵਾਨਾਂ ਨੂੰ ਬਹੁਤ ਚਾਅ ਨਾਲ ਰੱਖਿਆ ਕਰਦੇ ਸਨ। ਇੱਕ
ਸਮਾਂ ਅਜਿਹਾ ਸੀ ਜਦ ਇਸ ਖੇਤਰ ਵਿੱਚ ਚਾਰ ਨਾਂਅ ਹੀ ਬਹੁਤ ਮਕਬੂਲ ਸਨ। ਜੌਰਜ
ਹੈਕਿਨ ਸਕੈਮਿਡਟ, ਸਟੈਨਸਲੋਸ਼ ਜ਼ਬਿਸਕੋ, ਪਰੈਂਕ ਗੌਟਿਚ ਤੋਂ ਇਲਾਵਾ ਚੌਥਾ ਨਾਅ
ਪੰਜਾਬ ਦੇ ਸ਼ੇਰ ਗੁਲਾਮ ਮੁਹੰਮਦ ਉਰਫ਼ ਗਾਮਾ ਦਾ ਗਿਣਿਆਂ ਜਾਂਦਾ ਸੀ। ਜਿੱਥੇ ਉਹ
ਨਾਮਵਰ ਭਲਵਾਨ ਸੀ ਉਥੇ ਉਸਦੀ ਪੂਰੀ ਜ਼ਿੰਦਗੀ ਅੱਗ ਉਤੇ ਤੁਰਨ ਵਰਗੀ ਸੀ। ਉਸਦਾ ਜਨਮ
ਪੰਜਾਬ ਦੇ ਧਾਰਮਿਕ ਸ਼ਹਿਰ, ਗੁਰੂਆਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 21
ਮਈ 1880 ਨੂੰ ਜੰਮੂ ਕਸ਼ਮੀਰ ਤੋਂ ਹਿਜਰਤ ਕਰਕੇ ਆਏ ਮੁਹੰਮਦ ਅਜ਼ੀਜ਼ ਬਖ਼ਸ਼ ਦੇ ਘਰ
ਹੋਇਆ। ਗਾਮੇ ਦਾ ਅੱਬੂ ਮੁਹੰਮਦ ਅਜ਼ੀਜ਼ ਬਖ਼ਸ਼ ਵੀ ਪਹਿਲਵਾਨ ਸੀ, ਅਤੇ ਅਖਾੜਿਆਂ ਵਿੱਚ
ਜ਼ੋਰ ਅਜਮਾਈ ਲਈ ਉਤਰਿਆ ਕਰਦਾ ਸੀ। ਇਹ ‘ਗਾਮਾ ਪਹਿਲਵਾਨ‘ ਅਤੇ ‘ਸ਼ੇਰੇ ਪੰਜਾਬ‘ ਦੇ
ਨਾਅ ਤੋਂ ਵੀ ਪ੍ਰਸਿੱਧ ਸੀ। ਉਸ ਨੇ 50 ਸਾਲਾਂ ਤੋਂ ਵੀ ਜ਼ਿਆਦਾ ਪਹਿਲਵਾਨੀ ਕੀਤੀ
ਅਤੇ 5000 ਤੋਂ ਵੀ ਵੱਧ ਅਖਾੜਿਆਂ ਵਿੱਚ ਉਤਰਿਆ। ਆਪਣੀ ਜ਼ਿੰਦਗੀ ‘ਚ ਉਸ ਨੂੰ ਕਦੀ
ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ। ਅੱਜ ਉਸ ਨੂੰ ਪੰਜਾਬ ਦੇ ਇਤਿਹਾਸ ‘ਚ ਸਭ
ਤੋਂ ‘ਮਹਾਨ‘ ਪਹਿਲਵਾਨ ਮੰਨਿਆ ਜਾਂਦਾ ਹੈ।
ਅਸਲ ਵਿੱਚ ਇਸ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਉਥੋਂ ਦੇ ਸ਼ਾਸ਼ਕ
ਭਵਾਨੀ ਸਿੰਘ ਨੇ ਅਲੂੰਏ ਜਿਹੇ ਗਾਮੇ ਅਤੇ ਉਹਦੇ ਭਾਈ ਇਮਾਮ ਬਖ਼ਸ਼ ਨੂੰ ਆਪਣੀ
ਸਰਪ੍ਰਸਤੀ ਹੇਠ ਰੱਖਿਆ ਹੋਇਆ ਸੀ। ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਵੱਲੋਂ
ਸਤਾਉਣ ਸਦਕਾ ਇਸ ਪਰਿਵਾਰ ਨੂੰ ਪੰਜਾਬ ਵਿੱਚ ਆਉਂਣਾ ਪਿਆ ਸੀ। ਜਿੱਥੇ ਪਹਿਲਾਂ
ਗਾਮੇ ਲਈ ਉਹਦੇ ਮਾਮਾ ਈਦਾ ਨੇ ਯਤਨ ਜੁਟਾਏ ਸਨ, ਉਥੇ ਉਹਦਾ ਛੋਟਾ ਮਾਮਾ ਬੂਟਾ ਖ਼ਾਨ
ਉਸ ਨੂੰ ਜੋਧਪੁਰ ਦੇ ਰਾਜਾ ਜਸਵੰਤ ਸਿੰਘ ਕੋਲ ਵਰਜਿਸ਼ ਮੁਕਾਬਲੇ ਵਿੱਚ ਲੈ ਗਿਆ।
ਗਾਮਾ 400 ਵਿੱਚੋਂ ਪਹਿਲੇ ਪੰਦਰਾਂ ਵਿੱਚ ਆ ਗਿਆ। ਗਾਮੇ ਨੇ ਸਿਰਫ਼ 10 ਸਾਲ ਦੀ
ਉਮਰ ਵਿੱਚ ਜੋਧਪੁਰ ਵਿਚਲੇ ਮੁਕਾਬਲੇ ਵਿੱਚ ਹਿੱਸਾ ਲਿਆ। ਛੋਟੀ ਉਮਰ ਵਿੱਚ ਹੀ ਉਹ
500 ਬੈਠਕਾਂ ਅਤੇ 500 ਡੰਡ ਕੱਢਣ ‘ਚ ਸਮਰੱਥ ਸੀ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ
ਗਿਆ, ਇਨਾਂ ਦੀ ਗਿਣਤੀ ਵਧਕੇ 5000 ਬੈਠਕਾਂ ਅਤੇ 3000 ਡੰਡ ਤੱਕ ਜਾ ਪਹੁੰਚੀ। ਇਹ
ਉਸ ਦਾ ਰੋਜ਼ ਦਾ ਨਿਯਮ ਸੀ ਜਦੋਂ ਕਿ ਬਾਕੀ ਪਹਿਲਵਾਨ 1000 ਤੋਂ ਵੱਧ ਬੈਠਕਾਂ ਨਹੀਂ
ਸੀ ਕੱਢ ਸਕਿਆ ਕਰਦੇ। ਜੋਧਪੁਰ ਦੇ ਮਹਾਰਾਜਾ ਨੇ ਗਾਮੇ ਦੀ ਵਿਸ਼ੇਸ਼ ਸ਼ੋਅ ਪ੍ਰਾਪਤੀ
ਲਈ ਉਸਨੂੰ ਵਿਜੇਤਾ ਐਲਾਨ ਕਰ ਦਿੱਤਾ। ਇਸ ਪਹਿਲੀ ਵਿਸ਼ੇਸ਼ ਪ੍ਰਾਪਤੀ ਸਦਕਾ ਹਰ ਪਾਸੇ
ਗਾਮਾ ਗਾਮਾ ਹੋਣ ਲੱਗੀ। ਗਾਮੇ ਨੂੰ ਵੀ ਇਹ ਹੌਂਸਲਾ ਅਫ਼ਜਾਈ ਟਾਨਿਕ ਵਾਂਗ ਲੱਗੀ
ਅਤੇ ਉਹ ਰਾਤ ਦਿਨ ਮਿਹਨਤ ਕਰਨ ਵਿੱਚ ਜੁਟ ਗਿਆ।
ਗੁਲਾਮ ਮੁਹੰਮਦ ਦੇ ਪਿਤਾ ਮੁਹੰਮਦ ਅਜ਼ੀਜ਼ ਬਖ਼ਸ਼ ਖ਼ੁਦ ਇੱਕ ਭਲਵਾਨ ਸਨ। ਇਸ ਤਰਾਂ
ਗੁਲਾਮ ਮੁਹੰਮਦ ਗਾਮਾ ਨੂੰ ਇਹ ਕਲਾ ਵਿਰਸੇ ਵਿੱਚੋਂ ਮਿਲੀ। ਪਰ ਮੁਸੀਬਤ ਦਾ ਸਮਾਂ
ਉਦੋਂ ਆਗਿਆ ਜਦੋਂ 4 ਸਾਲ ਦੇ ਗਾਮੇ ਦੇ ਪਿਤਾ ਦਾ ਇੰਤਕਾਲ ਹੋ ਗਿਆ। ਗਾਮੇ ਦੀਆਂ
ਮੁਸ਼ਕਲਾਂ ਵਿੱਚ ਉਦੋਂ ਹੋਰ ਵਾਧਾ ਹੋ ਗਿਆ ਜਦ ਉਸਦੇ ਨਾਨਾ ਲੂਣ ਮੁਹੰਮਦ ਵੀ ਅੱਲਾ
ਨੂੰ ਪਆਰੇ ਹੋ ਗਏ। ਜਿੱਥੇ ਪਹਿਲਾਂ ਗਾਮੇ ਲਈ ਉਹਦੇ ਮਾਮਾ ਈਦਾ ਨੇ ਯਤਨ ਜੁਟਾਏ
ਸਨ,ਉਥੇ ਉਹਦਾ ਛੋਟਾ ਮਾਮਾ ਬੂਟਾ ਖ਼ਾਨ ਉਸ ਨੂੰ ਜੋਧਪੁਰ ਦੇ ਰਾਜਾ ਜਸਵੰਤ ਸਿੰਘ
ਕੋਲ ਵਰਜਿਸ਼ ਮੁਕਾਬਲੇ ਵਿੱਚ ਲੈ ਗਿਆ। ਗਾਮਾ 400 ਵਿੱਚੋਂ ਪਹਿਲੇ ਪੰਦਰਾਂ ਵਿੱਚ ਆ
ਗਿਆ। ਪਰ ਮਹਾਰਾਜਾ ਪਟਿਆਲਾ ਨਰਿੰਦਰ ਸਿੰਘ ਵੱਲੋਂ 1891 ਤੋਂ ਹੀ ਇਸ ਭਲਵਾਨ ਨੂੰ
ਅਪਣਾਇਆ ਹੋਇਆ ਸੀ ਅਤੇ ਫਿਰ ਇਹ ਜ਼ਿੰਮੇਵਾਰੀ 1911 ਤੋਂ ਰਾਜਾ ਭੁਪਿੰਦਰ ਸਿੰਘ ਨੇ
ਸੰਭਾਲ ਲਈ ਸੀ।
ਗਾਮੇ ਨੇ ਆਪਣੇ ਭਰਾ ਇਮਾਮ ਬਖ਼ਸ਼ ਅਤੇ ਮਾਧੋ ਸਿੰਘ ਤੋਂ ਵੀ ਤਰਬੀਅਤ ਹਾਸਲ
ਕੀਤੀ। ਉਹਦੀ ਖ਼ਰਾਕ ਅਤੇ ਵਰਜਿਸ਼ ਬਾਰੇ ਸੁਣ ਕੇ ਅੱਜ ਯਕੀਨ ਕਰਨ ਵਾਲਿਆਂ ਦੀ ਗਿਣਤੀ
ਘਟ ਰਹੀ ਹੈ। ਇਸ ਦੀ ਤਸੱਲੀ ਦਾ ਸਬੂਤ ਪਟਿਆਲੇ ਪਈ 95 ਕਿੱਲੋ ਦੀ ਡਿਸਕ ਵੇਖੀ ਜਾ
ਸਕਦੀ ਹੈ। ਜਦ ਉਸਨੇ ਆਪਣੀ ਪਹਿਲੀ ਭਿੜਤ ਵਿੱਚ ਰੀਵਾ ਰਿਆਸਤ ਦੇ ਪੰਡਤ ਵਿੱਦੋ ਨੂੰ
ਹਰਾਕੇ ਵਿਦਾਅ ਕੀਤਾ ਤਾਂ ਉਸਦੀ ਤੂਤੀ ਬੋਲਣ ਲੱਗੀ। ਫਿਰ ਇਦੌਰ ਰਿਆਸਤ ਦੇ ਸ਼ਿਵਾ
ਜੀ ਰਾਓ ਹੌਲਕਰ ਦੇ ਸਾਹਮਣੇ ਜਦ ਭਲਵਾਨ ਰਹੀਮ ਬਖ਼ਸ਼ ਨਾਲ ਪੌਣੇ ਦੋ ਘੰਟੇ ਮੁਕਾਬਲਾ
ਚੱਲਿਆ ਤਾਂ ਬਗੈਰ ਕਿਸੇ ਫੈਸਲੇ ਤੋਂ ਹੀ ਇਹ ਰੋਕ ਦਿੱਤਾ ਗਿਆ। ਪਰ ਕੋਲਕਾਤਾ ਵਿੱਚ
ਹੁਸੈਨ ਬਖ਼ਸ਼ ਮੁਲਤਾਨੀ ਨੂੰ ਜਦ ਦੋ ਕੁ ਮਿੰਟਾਂ ਵਿੱਚ ਹੀ ਚਿੱਤ ਕਰ ਦਿੱਤਾ ਤਾਂ
ਰਹੀਮ ਬਖ਼ਸ਼ ਨਾਲ ਟੱਕਰ ਹੋਈ। ਪਰ ਇਹ ਮੁਕਾਬਲਾ ਵੀ 2 ਘੰਟੇ 20 ਮਿੰਟ ਤੱਕ ਬਰਾਬਰ
ਰਿਹਾ। ਗਾਮੇ ਦਾ ਕੱਦ ਤਾਂ ਭਾਵੇਂ ਸਧਾਰਣ ਸੀ,ਪਰ ਭਾਰ 250 ਪੌਂਡ ਸੀ। ਉਹਦੀ ਛਾਤੀ
ਦਾ ਘੇਰਾ 56 ਇੰਚ ਤੇ ਡੌਲੇ 17 ਇੰਚ ਸਨ।
ਉਸ ਨੇ ਦੁਨੀਆਂ ਦੇ ਨਾਮੀ ਅਤੇ ਭਾਰਤ ਦੇ ਸਾਰੇ ਪਹਿਲਵਾਨਾਂ ਨੂੰ ਚਿੱਤ ਕਰਕੇ
ਪਹਿਲਵਾਨੀ ਦੀ ਦੁਨੀਆਂ ‘ਚ ਆਪਣਾ ਸਿੱਕਾ ਜਮਾਇਆ । ਭਾਰਤ ਵਿੱਚ ਉਸ ਦੇ ਵਿਰੁੱਧ
ਅਖਾੜੇ ‘ਚ ਉਤਰਨ ਵਾਲਾ ਰਹੀਮ ਬਖ਼ਸ਼ ਸੁਲਤਾਨ ਨਾਲ ਸਭ ਤੋਂ ਔਖਾ ਮੁਕਾਬਲਾ ਸੀ। 5
ਫੁੱਟ 7 ਇੰਚ ਦਾ ਗਾਮਾ ਜਦ 19 ਸਾਲ ਦਾ ਸੀ ਤਾਂ ਪਹਿਲੀ ਵਾਰ ਉਸ ਨੇ 7 ਫੁੱਟ ਦੇ
ਰਹੀਮ ਨਾਲ ਕੁਸ਼ਤੀ ਲੜੀ ਜੋ ਕਈ ਘੰਟੇ ਚੱਲੀ। ਇਸ ਕੁਸ਼ਤੀ ਦਾ ਮੁਕਾਬਲਾ ਬਰਾਬਰ
ਰਿਹਾ। ਕੁਝ ਸਾਲ ਬਾਅਦ ਅਲਾਹਾਬਾਦ ‘ਚ ਇੱਕ ਵਾਰੀ ਫਿਰ ਦੋਵੇਂ ਅਖਾੜੇ ‘ਚ ਉਤਰੇ ਤੇ
ਗਾਮਾ ਨੇ ਰਹੀਮ ਨੂੰ ਹਰਾ ਕੇ ‘ਰੁਸਤਮ-ਏ-ਹਿੰਦ‘ ਦਾ ਖਿਤਾਬ ਹਾਸਲ ਕੀਤਾ। ਰਹੀਮ
ਨੂੰ ਹਰਾਉਣ ਤੋਂ ਬਾਅਦ ਉਸ ਨੇ 1916 ‘ਚ ਭਾਰਤ ਦੇ ਉਸ ਸਮੇਂ ਦੇ ਸਭ ਤੋਂ ਤਾਕਤਵਰ
ਪਹਿਲਵਾਨ ਪੰਡਿਤ ਬਿੱਦੂ ਨੂੰ ਹਰਾਇਆ। ਇਸ ਤੋਂ ਇਲਾਵਾ ਉਸ ਨੇ ਫਰਾਂਸ,
ਸਵਿਟਜ਼ਰਲੈਂਡ, ਪੋਲੈਂਡ, ਸਵੀਡਨ ਆਦਿ ਕਈ ਦੇਸ਼ਾਂ ਦੇ ਚੈਂਪੀਅਨਾਂ ਨੂੰ ਕੁਸ਼ਤੀ ਦੇ
ਮੈਦਾਨ ‘ਚ ਮਾਤ ਦਿੱਤੀ। ਉਹਦਾ ਭਰਾ ਇਮਾਮ ਬਖ਼ਸ਼ ਵੀ ਬੜਾ ਤਕੜਾ ਪਹਿਲਵਾਨ ਸੀ।
ਜੀਹਨੂੰ ਇੱਕ ਵਾਰ ਦੌਧਰੀਏ ਗੁਰਬਖ਼ਸ਼ੇ ਨੇ ਵੰਗਾਰਿਆ ਪਰ ਉਹਨਾਂ ਦਾ ਘੋਲ ਨਾ ਹੋ
ਸਕਿਆ। ਗੁੱਜਰਾਂਵਾਲੇ ਗਾਮੇ ਨੇ ਜਦ ਸਣੇ ਸਵਾਰੀਆਂ ਯੱਕਾ ਮੋਢਿਆਂ ‘ਤੇ ਚੁੱਕ ਲਿਆ
ਤਾਂ ਲੋਕ ਉਸ ਨੂੰ ਯੱਕਾ ਭਲਵਾਨ ਹੀ ਕਹਿਣ ਲੱਗ ਪਏ ਸਨ।
ਗਾਮਾ ਉਦੋਂ 19 ਵਰਿਆਂ ਦਾ ਸੀ ਜਦ ਉਸ ਨੇ ਭਾਰਤੀ ਰੈਸਲਿੰਗ ਚੈਪੀਅਨ ਮੱਧ ਉਮਰ
ਦੇ ਰਹੀਮ ਬਖ਼ਸ਼ ਸੁਲਤਾਨੀਵਾਲਾ ਜੋ ਗੁਜਰਾਂਵਾਲਾ ਨਾਲ ਸਬੰਧਤ ਸੀ ਨੂੰ ਮੁਕਾਬਲੇ ਲਈ
ਵੰਗਾਰਿਆ। ਰਹੀਮ 7 ਫੁੱਟਾ ਅਤੇ ਗਾਮਾ 5 ਫੁੱਟ 7 ਇੰਚ ਦਾ ਸੀ। ਇਸ ਲਈ ਰਹੀਮ ਨੂੰ
ਇਹ ਮੁਕਾਬਲਾ ਜਿੱਤਣਾ ਔਖਾ ਨਹੀਂ ਸੀ ਜਾਪਦਾ ਭਲਵਾਨੀ ਦੇ ਸ਼ਾਹ ਸਵਾਰ ਗਾਮੇ ਨੇ
1927 ਤੱਕ ਕੁਸ਼ਤੀ ਲੜਨ ਦੇ ਚੈਂਪੀਅਨਾਂ ਨੂੰ ਖੂੰਜੇ ਲਾਈ ਰੱਖਿਆ। ਉਸ ਨੂੰ
ਮਹਾਰਾਜਾ ਪਟਿਆਲਾ ਨੇ ਵਧੀਆ ਸਹੂਲਤਾਂ ਅਤੇ ਪੂਰੀ ਖ਼ੁਰਾਕ ਦੇ ਕੇ ਆਪਣੇ ਕੋਲ ਰੱਖੀ
ਰੱਖਿਆ। ਬਹੁਤ ਲੰਮਾ ਸਮਾਂ ਕੋਈ ਵੀ ਮਾਈ ਦਾ ਲਾਲ ਉਹਦੇ ਵਿਰੁੱਧ ਕੁਸ਼ਤੀ ਲੜਨ ਦਾ
ਹੀਆਂ ਹੀ ਨਾ ਕਰ ਸਕਿਆ।
ਏਸੇ ਦੌਰਾਂਨ 10 ਸਤੰਬਰ 1910 ਨੂੰ ਲੰਡਨ ਦੇ ਸ਼ੈਫਰਡ ਬੁਸ਼ ਸਟੇਡੀਅਮ ਵਿਚਲੇ
ਜਾਨ ਬੁੱਲ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਲਈ ਗਾਮੇ ਨੂੰ ਬੰਗਾਲ ਦੇ ਸੇਠ ਸ਼ਰਤ
ਕੁਮਾਰ ਨੇ ਭੇਜ ਦਿੱਤਾ। ਪਰ ਜਦ ਗਾਮੇ ਨੂੰ ਅਯੋਗ ਕਿਹਾ ਗਿਆ ਤਾਂ ਉਸ ਨੇ 5 ਮਿੰਟ
ਘੁਲਣ ਵਾਲੇ ਨੂੰ 15 ਪੌਡ ਦੇਣਾ ਕਹਿਕੇ ਝੰਡੀ ਚੁੱਕ ਲਈ। ਇਸ ਚੈਲਿੰਜ ਤਹਿਤ ਗਾਮੇ
ਨੇ ਅਮਰੀਕਾ ਦੇ ਰੋਲਰ ਨੂੰ ਚਿੱਤ ਕਰਨ ਮਗਰੋਂ ਦੋ ਦਿਨਾਂ ਵਿੱਚ ਕਈ ਹੋਰਨਾਂ ਨੂੰ
ਵੀ ਰੋਲ ਧਰਿਆ। ਇਹ ਵੇਖ ਉਹਦਾ ਮੁਕਾਬਲਾ ਵਿਸ਼ਵ ਜੇਤੂ ਪੋਲੈਂਡ ਵਾਸੀ ਸਟੈਨਲੀ
ਜ਼ਬਿਸਕੋ ਨਾਲ 10 ਸਤੰਬਰ 1910 ਨੂੰ ਕਰਵਾਇਆ ਗਿਆ। ਜਿਸਦਾ 2 ਘੰਟੇ 40 ਮਿੰਟ ਤੱਕ
ਜਿੱਤ-ਹਾਰ ਦਾ ਫੈਸਲਾ ਨਾ ਹੋ ਸਕਿਆ। ਅਜਿਹਾ ਵੇਖ ਪ੍ਰਬੰਧਕਾਂ ਨੇ ਇਹ ਭਿੜਤ ਅਗਲੇ
ਦਿਨ ਉੱਤੇ ਰੱਖ ਦਿੱਤੀ। ਪਰ ਜਬਿਸਕੋ ਮੁਕਾਬਲੇ ਵਾਲੀ ਥਾਂ ‘ਤੇ ਵਕਤ ਸਿਰ ਹੀ ਨਾ
ਆਇਆ। ਕਹਿੰਦੇ ਹਨ ਕਿ ਜਦ ਉਸ ਨੂੰ ਲੱਭਿਆ ਗਿਆ ਤਾਂ ਉਹ ਇੱਕ ਮੰਜੇ ਦੇ ਹੇਠਾਂ
ਲੁਕਿਆ ਪਿਆ ਸੀ। ਪਰ ਉਹਨੇ ਕੁਸ਼ਤੀ ਲੜਨ ਤੋਂ ਨਾਹ ਕਰ ਦਿੱਤੀ। ਸਿੱਟੇ ਵਜੋਂ ਗਾਮਾ
ਰੁਸਤੁਮ-ਇ-ਜ਼ਮਾਂ ਬਣਕੇ ਜੌਹਨ ਬੁਲ ਬੈਲਟ ਲੈਣ ਵਿੱਚ ਸਫ਼ਲ ਰਿਹਾ ਅਤੇ ਉਹ
ਗੁਜਰਾਂਵਾਲੀਏ ਰਹੀਮ ਬਖ਼ਸ਼ ਨੂੰ ਇਸਲਾਮਾਬਾਦ ਵਿਖੇ 45 ਮਿੰਟਾਂ ਵਿੱਚ ਹੀ ਹਰਾ ਕੇ
ਰੁਸਤੁਮ-ਇ-ਹਿੰਦ ਬਣਿਆ।
ਪਟਿਆਲੇ ਤਮਾਮ ਸਹੂਲਤਾਂ ਵਾਲੀ ਆਲੀਸ਼ਾਨ ਕੋਠੀ ਵਿੱਚ ਰਿਹਾਇਸ਼ ਸਮੇ ਉਸਨੇ ਚੰਦਾ
ਸਿੰਘ ਮੰਡਾਲੀ, ਵਰਗਿਆਂ ਨੂੰ ਅਤੇ 28 ਜਨਵਰੀ 1928 ਨੂੰ 18 ਸਾਲਾਂ ਬਾਅਦ ਬਦਲਾ
ਲੈਣ ਆਏ ਜ਼ਬਿਸਕੋ ਨੂੰ 42 ਸੈਕਿੰਡ ਵਿੱਚ ਮਾਤ ਦੇ ਕੇ ਵਾਹ ਵਾਹ ਖੱਟੀ। ਸਵੀਡਨ ਦੇ
ਜੈਸੀ ਪੀਟਰਸਨ ਨੂੰ ਫਰਵਰੀ 1929 ਵਿੱਚ ਹਰਾਇਆ। ਇਹ ਉਸ ਦੀ ਜ਼ਿੰਦਗੀ ਦਾ ਆਖ਼ਰੀ
ਮੁਕਾਬਲਾ ਸੀ ਕਿਉਂਕਿ 1952 ‘ਚ ਜਦ ਉਹਨੇ ਕੁਸ਼ਤੀ ਨੂੰ ਅਲਵਿਦਾ ਆਖੀ ਤਾਂ ਉਦੋਂ
ਤੱਕ ਉਸ ਨਾਲ ਅਖਾੜੇ ‘ਚ ਕੋਈ ਵੀ ਆਉਣ ਲਈ ਰਾਜ਼ੀ ਨਾ ਹੋਇਆ ਤੇ ਬਿਨਾਂ ਹਾਰੇ ਹੀ ਉਹ
ਪਹਿਲਵਾਨੀ ਤੋਂ ਅਲਹਿਦਾ ਹੋ ਗਿਆ।। ਉਸ ਨੇ ‘ਸਾਊਥ ਏਸ਼ੀਆ‘ ਦਾ ਮਹਾਨ ਪਹਿਲਵਾਨ
ਅਖਵਾਉਂਣ ਵਾਲਾ ਖਿਤਾਬ ਵੀ ਜਿੱਤਿਆ।
ਗਾਮੇ ਦੀ ਦੂਜੀ ਪਤਨੀ ਵਜ਼ੀਰ ਬੇਗਮ ਤੋਂ 5 ਪੁੱਤ ਅਤੇ 4 ਧੀਆਂ ਨੇ ਜਨਮ ਲਿਆ।
ਪਰ ਕੋਈ ਨਾ ਬਚਿਆ। ਸਭ ਤੋਂ ਛੋਟਾ ਜਲਾਲ ਖਾਂ ਹੀ 1932 ਤੋਂ 1945 ਤੱਕ ਜੀਵਿਆ।
ਪਹਿਲਾਂ ਵਾਂਗ ਹੀ ਗਾਮੇ ਕੋਲ ਆਨੰਤਨਾਗ ਕਸ਼ਮੀਰ ਤੋਂ ਆਉਂਦਾ ਇੱਕ ਜੋਗੀ ਜਦ 1945
ਵਿੱਚ ਆਇਆ, ਤਾਂ ਉਸ ਦੇ ਕੋਲ ਦੋ ਸ਼ੇਰ ਦੇ ਬੱਚੇ ਵੀ ਸਨ। ਗਾਮੇ ਦੀ ਪਤਨੀ ਦੇ
ਇਨਕਾਰ ਕਰਨ ‘ਤੇ ਵੀ ਜਲਾਲ ਖਾਂ ਦੀਆਂ ਫੋਟੋਆਂ ਉਹਨਾਂ ਨਾਲ ਕਰਵਾਈਆਂ ਗਈਆਂ। ਜਦ
ਗਾਮਾ ਪੈਰ ਹੇਠਾਂ ਲਟਕਾ ਕੇ ਬੈਠਦਾ ਤਾਂ ਉਹ ਬੱਚੇ ਉਸਦੀਆਂ ਤਲੀਆਂ ਚਟਦੇ। ਪਰ
ਜੋਗੀ ,ਜਿਸ ਨੂੰ ਲੋਕ ਬਾਵਾ ਜੀ ਵੀ ਕਹਿੰਦੇ ਸਨ ,ਇਸ ਵਾਰੀ ਬਹੁਤ ਉਦਾਸ ਸੀ।ਕਈਆਂ
ਦੇ ਪੁੱਛਣ ‘ਤੇ ਉਸਨੇ ਕਿਹਾ ਕਿ ”ਜਲਾਲ ਖਾ ਦੀ ਉਮਰ ਬਹੁਤ ਥੋਹੜੀ ਰਹਿ ਗਈ ਹੈ। ਇਸ
ਵਿੱਚ ਕੀ ਸਚਾਈ ਸੀ ,ਜਾਂ ਕੋਈ ਦੂਰ ਅੰਦੇਸ਼ੀ ਸੋਚ ਸੀ ਕਿ ਉਹਦੀ ਗੱਲ ਕਿਵੇਂ ਸਹੀ
ਸਿੱਧ ਹੋਈ ? ਜਲਾਲ ਖਾਂ ਦੀ ਮੌਤ ਦੇ ਸਦਮੇ ਨਾਲ ਗਾਮੇ ਦੀ ਆਵਾਜ਼ ਹੀ ਬੰਦ ਹੋ ਗਈ।
ਜੋ ਮਹਾਰਾਜਾ ਯਾਦਵਿੰਦਰਾ ਸਿੰਘ ਦੀ ਕੋਸ਼ਿਸ਼ ਨਾਲ ਜੰਡਿਆਲਾ ਗੁਰੂ ਜਾਣ ਸਮੇ ਵਾਪਸ
ਪਰਤੀ।
1947 ਦੀ ਵੰਡ ਮਗਰੋਂ ਉਹ ਪਾਕਿਸਤਾਨ ਚਲਾ ਗਿਆ, ਜਿੱਥੇ ਉਸ ਨੇ ਆਪਣੀ ਬਾਕੀ
ਜ਼ਿੰਦਗੀ ਆਪਣੇ ਭਰਾ ਇਮਾਮ ਬਖ਼ਸ਼ (ਭਾਰਤੀ ਚੈਂਪੀਅਨ) ਅਤੇ ਭਤੀਜੇ ਭੋਲੂ ਭਰਾਵਾਂ ਨਾਲ
ਬਤੀਤ ਕੀਤੀ। ਗਾਮਾ ਨੇ ਭੋਲੂ ਭਰਾਵਾਂ ਨੂੰ ਪਹਿਲਵਾਨੀ ਦੇ ਗੁਰ ਸਿਖਾਏ ਤੇ ਭੋਲੂ
ਭਰਾ ਪਾਕਿਸਤਾਨੀ ਪਹਿਲਵਾਨੀ ਚੈਂਪੀਅਨਸ਼ਿਪ ਲਗਪਗ ਵੀਹ ਸਾਲ ਜੇਤੂ ਰਹੇ। ਪਾਕਿਸਤਾਨ
ਜਾਣ ਜਾ ਵਸਣ ਵਾਲੇ ਗਾਮੇ ਨੇ 19 ਸਾਲ ਦੀ ਉਮਰ ਤੋਂ 66 ਸਾਲ ਦੀ ਉਮਰ ਤੱਕ ਘੋਲਾਂ
ਦੇ ਖੇਤਰ ਵਿੱਚ ਕਿਸੇ ਨੂੰ ਖੰਘੂਰਾ ਨਾ ਮਾਰਨ ਦੇਣ ਵਾਲੇ ਗਾਮੇ ਨੂੰ ਵਡੇਰੀ ਉਮਰ
ਵਿੱਚ ਜ਼ਿੰਦਗੀ ਬਸਰ ਕਰਨ ਲਈ ਵੀ ਘੋਲ ਕਰਨਾ ਪਿਆ। ਪਹਿਲਾਂ ਉਹ ਆਪਣੇ ਭਰਾਵਾਂ ਅਤੇ
ਭਤੀਜਿਆਂ ਨਾਲ ਰਹਿੰਦਾ ਰਿਹਾ। ਫਿਰ ਰਾਵੀ ਨਦੀ ਦੇ ਕਿਨਾਰੇ ਇੱਕ ਝੁੱਗੀਨੁਮਾਂ ਘਰ
ਵਿੱਚ ਟੱਪਰੀਵਾਸਾਂ ਵਾਂਗ ਦਿਨ ਬਤੀਤ ਕੀਤੇ ਲਹੂ ਪਸੀਨਾ ਇੱਕ ਕਰਕੇ ਸਖ਼ਤ ਮਿਹਨਤ
ਨਾਲ ਜਿੱਤੀਆਂ 7 ਵਿੱਚੋਂ 6 ਗੁਰਜਾਂ ਵੀ ਪੇਟ ਦੀ ਅੱਗ ਨੂੰ ਝੁਲਕਾ ਦੇਣ ਲਈ ਅਤੇ
ਬਿਮਾਰੀ ਦੇ ਖ਼ਰਚਿਆਂ ਲਈ ਵੇਚਣੀਆਂ ਪਈਆਂ। ਭਾਰਤ ਵਿੱਚੋਂ ਉਹਦੀ ਇਸ ਤਰਸਯੋਗ ਹਾਲਤ
ਬਾਰੇ ਜਾਣਕੇ ਸੇਠ ਬਿਰਲਾ ਨੇ 5000, ਅਤੇ ਹੋਰਨਾਂ ਨੇ ਵੀ ਮਦਦ ਭੇਜੀ। ਮਹਾਰਾਜਾ
ਪਟਿਆਲਾ ਨੇ ਵੀ ਇਮਦਾਦ ਘੱਲੀ। ਛੇ ਸਾਲਾਂ ਤੋਂ ਬਲੱਡ ਪ੍ਰੈਸ਼ਰ ਨਾਲ ਪੀੜਤ
ਰੁਸਤੁਮ–ਇ-ਜ਼ਮਾਂ ਗਾਮਾ 82 ਵਰਿਆਂ ਦੀ ਉਮਰ ਬਿਤਾ ਕੇ ਲਾਹੌਰ ਦੇ ਮਿਓ ਹਸਪਤਾਲ
ਵਿੱਚ 22 ਮਈ 1960 ਨੂੰ ਜਰਵਾਣੀ ਮੌਤ ਹੱਥੋਂ ਜ਼ਿੰਦਗੀ ਦਾ ਆਖ਼ਰੀ ਘੋਲ ਹਾਰ ਗਿਆ ।
ਜਿਸ ਨੂੰ ਪੀਰ ਮੱਕੀ ਦੀ ਦਰਗਾਹ ਵਿਖੇ ਸਪੁਰਦ–ਇ-ਖ਼ਾਕ ਕਰ ਦਿੱਤਾ ਗਿਆ। ਅਖਾੜੇ
ਵਿੱਚ ਥਾਪੀਆਂ ਮਾਰਨ ਵਾਲੇ ਹੱਥ ਅਹਿਲ ਪਏ ਸਨ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232
|