WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
6 ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

5_cccccc1.gif (41 bytes)

 

ਪੰਜਾਬੀਆਂ ਦੀ ਲੱਲ੍ਹੇ ਰੋਕ ਖੇਡ ਦਾ ਵਿਕਸਤ ਰੂਪ ਅਤੇ ਅੰਗਰੇਜ਼ਾਂ ਦੁਆਰਾ ਭਾਰਤ ਲਿਆਂਦੀ ਕ੍ਰਿਕਟ ਖੇਡ ਦੇ ਸਾਰੇ ਕੌਮਾਂਤਰੀ ਜਾਂ ਕੌਮੀ ਖੇਡ ਮੁਕਾਬਲਿਆਂ ਦੀ ਮੁੱਖ ਪ੍ਰਬੰਧਕ ਆਈ ਸੀ ਸੀ (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਹੋਇਆ ਕਰਦੀ ਹੈ । ਕੁੱਝ ਦਿਨ ਪਹਿਲਾਂ ਹੀ ਫ਼ਿਕਸਿੰਗ ਦਾ ਸ਼ਿਕਾਰ ਬਣਿਆਂ ਆਈ ਪੀ ਐਲ ਸਿਕਸਰ ਮੁਕਾਬਲਾ ਖੇਡਿਆ ਗਿਆ ਹੈ । ਪਰ ਆਈ ਸੀ ਸੀ ਚੈਂਪੀਅਨਜ਼ ਟਰਾਫੀ 1998 ਤੋਂ ਸ਼ੁਰੂ ਹੋਈ ਹੈ । ਜੋ ਸੱਤਵੀਂ ਅਤੇ ਆਖ਼ਰੀ ਵਾਰ 6 ਤੋਂ 23 ਜੂਨ 2013 ਤੱਕ ਸੱਤਵੀਂ ਵਾਰ ਇੰਗਲੈਂਡ ਅਤੇ ਵੇਲਜ਼ ਦੇ ਕ੍ਰਿਕਟ ਮੈਦਾਨਾਂ ਓਵਲ, ਬਰਮਿੰਘਮ, ਕਾਰਡਿਫ਼ ਵਿਖੇ ਹੋਣਾ ਤੈਅ ਹੋਇਆ ਹੈ। ਇਨਾਮੀ ਰਾਸ਼ੀ 2,000,000 ਡਾਲਰ ਮਿਥੀ ਗਈ ਹੈ। ਪਿਛਲੇ ਮੁਕਾਬਲੇ ਵਾਂਗ ਐਂਤਕੀ ਵੀ ਦੋ ਪੂਲਾਂ ਵਿੱਚ ਵੰਡੀਆਂ 8 ਟੀਮਾਂ ਨੇ 15 ਮੈਚ ਖੇਡਣੇ ਹਨ । ਇਸ ਟਰਾਫ਼ੀ ਦਾ ਜੋ ਅਗਲਾ ਮੁਕਾਬਲਾ 2017 ਨੂੰ ਹੋਣਾ ਹੈ ਉਹਦਾ ਨਾਅ ਆਈ ਸੀ ਸੀ ਵਰਲਡ ਟੈਸਟ ਚੈਂਪੀਅਨਜ਼ਸ਼ਿੱਪ  ਰੱਖਿਆ ਗਿਆ ਹੈ । ਫਾਰਮਿੱਟ ਵੀ ਪਿਛਲੇ ਮੁਕਾਬਲੇ ਵਾਲਾ ਹੀ ਰਾਊਂਡ ਰਾਬਿਨ-ਨਾਕ ਆਊਟ ਕਾਇਮ ਹੈ ।

ਪਹਿਲੀ ਵਾਰੀ ਇਹ ਇੱਕ ਰੋਜ਼ਾ ਅਰਥਾਤ 50-50 ਓਵਰਾਂ ਤਹਿਤ ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਮੁਕਾਬਲਾ 24 ਅਕਤੂਬਰ ਤੋਂ ਪਹਿਲੀ ਨਵੰਬਰ 1998 ਤੱਕ ਬੰਗਲਾ ਦੇਸ਼ ਦੀ ਮੇਜ਼ਬਾਨੀ ਅਧੀਨ ਖੇਡਿਆ ਗਿਆ । ਉਦਘਾਟਨੀ ਮੈਚ 24 ਅਕਤੂਬਰ ਨੂੰ ਜ਼ਿੰਬਾਬਵੇ ਬਨਾਮ ਨਿਊਜ਼ੀਲੈਂਡ ਦਾ ਬੰਗਬੰਧੂ ਨੈਸ਼ਨਲ ਸਟੇਡੀਅਮ ਢਾਕਾ ਵਿਖੇ ਹੋਇਆ। ਜ਼ਿੰਬਾਬਵੇ ਨੇ ਪਹਿਲਾਂ ਬੈਟਿੰਗ ਕਰਦਿਆਂ 258/7 ਰਨ ਬਣਾਏ। ਨਿਊਜੀਲੈਂਡ ਨੇ 260/5 ਦੌੜਾਂ ਬਣਾ ਕੇ ਪਹਿਲੀ ਟਰਾਫ਼ੀ ਦਾ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤ ਲਿਆ । ਪਹਿਲਾ ਸੈਂਕੜਾ ਜ਼ਿੰਬਾਬਵੇ ਦੇ ਅਲਿਸਟਰ ਕੈਂਪਬੈੱਲ ਨੇ 143 ਗੇਂਦਾਂ ਉੱਤੇ ਬਣਾਇਆ । ਮੈਨ ਆਫ਼ ਦਾ ਮੈਚ ਵਾਲਾ ਖ਼ਿਤਾਬ ਨਿਊਜ਼ੀਲੈਂਡ ਦੇ ਸਟੀਫਨ ਫਲੇਮਿੰਗ ਦੇ ਹਿੱਸੇ ਰਿਹਾ । ਨਾਕ ਆਊਟ ਅਧਾਰ ਉੱਤੇ ਖੇਡੇ ਗਏ ਪਹਿਲੇ ਟਰਾਫ਼ੀ ਮੁਕਾਬਲੇ ਸਮੇਂ ਸ਼ਾਮਲ ਹੋਈਆਂ 9 ਟੀਮਾਂ ਨੇ 8 ਮੈਚ ਇਕੋ ਹੀ ਖੇਡ ਮੈਦਾਨ ਬੰਗਬੰਧੂ ਨੈਸ਼ਨਲ ਸਟੇਡੀਅਮ ਢਾਕਾ ਵਿਖੇ ਖੇਡੇ ।

ਭਾਰਤ ਨੇ ਆਪਣਾਂ ਪਹਿਲਾ ਮੈਚ ਆਸਟਰੇਲੀਆ ਵਿਰੁੱਧ 28 ਅਕਤੂਬਰ ਨੂੰ ਮੁਹੰਮਦ ਅਜ਼ਰੂਦੀਨ ਦੀ ਕਪਤਾਨੀ ਅਧੀਨ ਖੇਡਿਆ । ਪਹਿਲਾਂ ਬੈਟਿੰਗ ਕਰਦਿਆਂ 307/8 ਸਕੋਰ ਕਰਿਆ । ਭਾਰਤ ਦੇ ਸਚਿਨ ਤੇਂਦੂਲਕਰ ਵੱਲੋਂ ਟਰਾਫ਼ੀ ਵਿੱਚ ਬਣਾਇਆ ਇਹ ਪਹਿਲਾ ਸੈਂਕੜਾ ਸੀ ।ਇਹੀ ਬੱਲੇਬਾਜ਼ ਮੈਨ ਆਫ਼ ਦਾ ਮੈਚ ਬਣਿਆਂ । ਜਵਾਬੀ ਪਾਰੀ ਵਿੱਚ ਆਸਟਰੇਲੀਆ ਟੀਮ 44 ਦੌੜਾਂ ਨਾਲ ਪਛੜ ਕੇ ਮੈਚ ਹਾਰ ਗਈ । ਇਸ ਟੀਮ ਨੇ 263/10 (48.1 ਓਵਰ) ਰਨ ਹੀ ਬਣਾਏ । ਇਸ ਮੈਚ ਦੀ ਜੇਤੂ ਭਾਰਤੀ ਟੀਮ ਨੇ 31 ਅਕਤੂਬਰ ਦੇ ਸੈਮੀਫਾਈਨਲ ਵਿੱਚ ਵੈਸਟ ਇੰਡੀਜ਼ ਹੱਥੋਂ 6 ਵਿਕਟਾਂ ਨਾਲ ਹਾਰ ਗਈ । ਭਾਰਤ ਨੂੰ ਹਰਾਉਂਣ ਵਾਲੀ ਟੀਮ ਫਾਈਨਲ ਵਿੱਚ ਦੱਖਣੀ ਅਫਰੀਕਾ ਤੋਂ ਹਾਰ ਗਈ ਅਤੇ ਪਹਿਲੀ ਟਰਾਫ਼ੀ ਦਾ ਪਹਿਲਾ ਵਿਜੇਤਾ ਦੱਖਣੀ ਅਫਰੀਕਾ ਬਣਿਆਂ ।

ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਦਾ ਦੂਜਾ ਐਪੀਸੋਡ ਜੋ 250000 ਅਮਰੀਕੀ ਡਾਲਰਾਂ ਦੀ ਰਾਸ਼ੀ ਵਾਲਾ ਸੀ 3 ਤੋਂ 15 ਅਕਤੂਬਰ 2000 ਤੱਕ ਪਹਿਲੇ ਮੁਕਾਬਲੇ ਵਾਲੇ ਹੀ ਨਿਯਮਾਂ ਤਹਿਤ ਨਰੋਬੀ ਜਿਮਖਾਨਾ ਕਲੱਬ (ਕੀਨੀਆਂ) ਵਿਖੇ ਪਿਛਲੇ ਮੁਕਾਬਲੇ ਵਾਲੀਆਂ ਹੀ 8 ਟੀਮਾਂ ਨੇ ਖੇਡਿਆ ਅਤੇ 7 ਮੈਚ ਹੋਏ । ਗਿਆਰਾਂ ਅਕਤੂਬਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਅਤੇ ਦੂਜੇ ਸੈਮੀਫਾਈਨਲ ਵਿੱਚ 13 ਅਕਤੂਬਰ ਨੂੰ ਭਾਰਤ ਨੇ ਦੱਖਣੀ ਅਫਰੀਕਾ ਨੂੰ 95 ਦੌੜਾਂ ਨਾਲ ਹਰਾ ਕੇ ਪਹਿਲੀ ਵਾਰੀ ਫ਼ਾਈਨਲ ਵਿੱਚ ਦਾਖ਼ਲਾ ਪਾਇਆ । ਫਾਈਨਲ ਵਿੱਚ 15 ਅਕਤੂਬਰ ਨੂੰ ਭਾਰਤ ਨੇ ਸੌਰਵ ਗਾਂਗੁਲੀ ਦੀਆਂ 117 ਦੌੜਾਂ ਦੀ ਬਦੌਲਤ 264/6 ਸਕੋਰ ਕਰਿਆ । ਜਵਾਬ ਵਿੱਚ ਨਿਊਜ਼ੀਲੈਂਡ ਨੇ ਕਰਿਸ ਕੈਰਨਜ਼ ਦੀਆਂ ਅਜੇਤੂ 102 ਦੌੜਾਂ ਦੀ ਮਦਦ ਨਾਲ 265/6 (49.4) ਸਕੋਰ ਬਣਾ ਕੇ 4 ਵਿਕਟਾਂ ਨਾਲ ਜੇਤੂ ਬਣਦਿਆਂ,ਭਾਰਤ ਨੂੰ ਫਾਈਨਲ ਜੇਤੂ ਨਾ ਬਣਨ ਦਿੱਤਾ । ਸੱਭ ਤੋਂ ਵੱਧ 348 ਦੌੜਾਂ ਭਾਰਤ ਦੇ ਸੌਰਵ ਗਾਂਗੁਲੀ ਨੇ ਬਣਾਈਆਂ ਅਤੇ ਵਿੰਕਟੇਸ਼ ਪ੍ਰਸਾਦ ਨੇ ਸੱਭ ਤੋਂ ਵੱਧ 8 ਖਿਡਾਰੀਆਂ ਨੂੰ ਪਵੇਲੀਅਨ ਦੇ ਰਸਤੇ ਤੋਰਿਆ ।

2002 ਵਾਲੀ ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਰਾਊਂਡ ਰਾਬਿਨ ਅਤੇ ਨਾਕ ਆਊਟ ਅਧਾਰ ਉੱਤੇ ਸ਼੍ਰੀਲੰਕਾ ਨੇ 12 ਤੋਂ 30 ਸਤੰਬਰ ਤੱਕ ਕਰਵਾਈ । ਜੇਤੂ ਟੀਮ ਲਈ 4 ਅੰਕ ਨਿਰਧਾਰਤ ਕੀਤੇ ਗਏ । ਸ਼ਾਮਲ ਹੋਈਆਂ 12 ਟੀਮਾਂ ਦੇ ਚਾਰ ਗਰੁੱਪਾਂ ਦੀਆਂ ਸਿਖ਼ਰਲੀਆਂ 4 ਟੀਮਾਂ ਨੇ ਸੈਮੀਫਾਈਨਲ ਪ੍ਰਵੇਸ਼ ਪਾਇਆ । ਭਾਰਤ, ਸ਼੍ਰੀਲੰਕਾ, ਆਸਟਰੇਲੀਆ, ਦੱਖਣੀ ਅਫ਼ਰੀਕਾ ਬਗੈਰ ਕੋਈ ਮੈਚ ਹਾਰਿਆਂ ਸੈਮੀਫਾਈਨਲ ਵਿੱਚ ਪਹੁੰਚੀਆਂ। ਆਰ ਪ੍ਰੇਮਦਾਸਾ ਸਟੇਡੀਅਮ ਵਿੱਚ 29 ਸਤੰਬਰ ਅਤੇ ਫਿਰ 30 ਸਤੰਬਰ ਨੂੰ ਸੌਰਵ ਗਾਂਗੁਲੀ ਦੀ ਕਪਤਾਨੀ ਵਾਲੇ ਭਾਰਤ ਦਾ ਸ਼੍ਰੀਲੰਕਾ ਨਾਲ ਹੋਇਆ ਫਾਈਨਲ ਮੀਂਹ ਪੈਣ ਕਾਰਣ ਰੱਦ ਕਰਨਾ ਪਿਆ।ਸਿੱਟੇ ਵਜੋਂ ਦੋਹਾਂ ਟੀਮਾਂ ਨੂੰ ਸਾਂਝੇ ਜੇਤੂ ਐਲਾਨਿਆਂ ਗਿਆ । ਟਰਾਫ਼ੀ ਇਤਿਹਾਸ ਵਿੱਚ ਇਹ ਪਹਿਲਾ ਅਤੇ ਆਖ਼ਰੀ ਮੌਕਾ ਰਿਹਾ, ਜਦ ਅਜਿਹਾ ਫੈਸਲਾ ਲੈਣਾ ਪਿਆ । ਸੱਭ ਤੋਂ ਵੱਧ 271 ਰਨ ਭਾਰਤ ਦੇ ਵਰਿੰਦਰ ਸਹਿਵਾਗ ਨੇ,ਵਿਅੱਕਤੀਗਤ ਉੱਚ ਸਕੋਰ 145 ਦੌੜਾਂ (ਨਾਟ ਆਊਟ) ਐਂਡੀ ਫਲਾਵਰ ਨੇ, ਸੱਭ ਤੋਂ ਵੱਧ 10 ਵਿਕਟਾਂ ਸ਼੍ਰੀਲੰਕਾ ਦੇ ਗੇਂਦਬਾਜ਼ ਮੁੱਟੀਆਹ ਮੁਰਲੀਧਰਨ ਦੇ ਹਿੱਸੇ ਰਹੀਆਂ ।

2004 ਦਾ ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਟੂਰਨਾਮੈਂਟ ਇੰਗਲੈਂਡ ਵਿੱਚ 10 ਤੋਂ 25 ਸਤੰਬਰ ਤੱਕ 12 ਟੀਮਾਂ ਨੇ ਤਿੰਨ ਕ੍ਰਿਕਟ ਮੈਦਾਨਾਂ ਇਜ਼ਬੈਸਟਨ, ਰੋਜ਼ ਬਾਊਲ, ਓਵਲ ਵਿੱਚ 15 ਮੈਚ 16 ਦਿਨ ਤੱਕ ਖੇਡੇ । ਚਾਰਾਂ ਗਰੁੱਪਾਂ ਦੀਆਂ ਸੈਮੀਫਾਈਨਲ ਵਿੱਚ ਅਪੜੀਆਂ 4 ਟਾਪਰ ਟੀਮਾਂ ਨੂੰ 4-4 ਦੀ ਬਜਾਏ ਮੈਚ ਜੇਤੂ ਬਣਨ ‘ਤੇ 2-2 ਅੰਕ ਦਿੱਤੇ ਗਏ । ਆਸਟਰੇਲੀਆ,ਵੈਸਟ ਇੰਡੀਜ਼, ਪਾਕਿਸਤਾਨ, ਇੰਗਲੈਂਡ ਨੇ ਸੈਮੀਜ਼ ਵਿੱਚ ਦਾਖਲਾ ਪਾਇਆ । ਭਾਰਤ ਪਾਕਿਸਤਾਨ ਤੋਂ ਹਾਰਨ ਕਰਕੇ ਮੁਕਾਬਲੇ ਤੋਂ ਬਾਹਰ ਹੋ ਗਿਆ ।

ਪਹਿਲਾ ਸੈਮੀਫਾਈਨਲ 21 ਸਤੰਬਰ ਨੂੰ ਇਜ਼ਬੈਸਟਨ ਬਰਮਿੰਘਮ ਵਿੱਚ ਇੰਗਲੈਂਡ ਨੇ ਆਸਟਰੇਲੀਆ ਤੋਂ 6 ਵਿਕਟਾਂ ਨਾਲ,ਦੂਜਾ ਸੈਮੀਜ਼ ਵੈਸਟ ਇੰਡੀਜ਼ ਨੇ ਪਾਕਿਸਤਾਨ ਤੋਂ ਰੋਜ਼ ਬਾਊਲ ਸਾਊਥੈਂਪਟਨ ਮੈਦਾਨ ਵਿੱਚ 7 ਵਿਕਟਾਂ ਨਾਲ ਜਿੱਤਿਆ । ਫਾਈਨਲ ਭੇੜ ਵਿੱਚ 25 ਸਤੰਬਰ ਨੂੰ ਵੈਸਟ ਇੰਡੀਜ਼ ਨੇ ਟਾਸ ਜਿੱਤ ਕਿ ਫੀਲਡਿੰਗ ਕਰਦਿਆਂ ਖਚਾ ਖੱਚ ਭਰੇ ਓਵਲ ਸਟੇਡੀਅਮ ਵਿੱਚ ਮਾਰਕੋਜ਼ ਦੀਆਂ 104 ਦੌੜਾਂ ਦੀ ਮਦਦ ਨਾਲ 217 ਰਨ ਬਣਾਏ । ਜਵਾਬ ਵਿੱਚ ਵੈਸਟ ਇੰਡੀਜ਼ ਟੀਮ 218/8 ਰਨ ਬਣਾ ਕੇ ਪਹਿਲੀ ਵਾਰੀ 2 ਵਿਕਟਾਂ ਨਾਲ ਜੇਤੂ ਬਣੀ।ਮੈਨ ਆਫ਼ ਦਾ ਮੈਚ ਵੈਸਟ ਇੰਡੀਜ਼ ਦਾ ਇਆਂਨ ਬਰਾਡਸ਼ਾ ਬਣਿਆਂ । ਇਸ ਵਾਰੀ ਦੀ ਆਈ ਸੀ ਸੀ ਚੈਪੀਅਨਜ਼ ਟਰਾਫ਼ੀ ਵਿੱਚ ਸੱਭ ਤੋਂ ਵੱਧ 261 ਦੌੜਾਂ ਮਾਰਕੋਜ਼ ਟਰਿੱਸਕੌਥਿਕ ਨੇ ਅਤੇ ਸੱਭ ਤੋਂ ਵੱਧ 9 ਵਿਕਟਾਂ ਐਡਰਿਊ ਫਿਲਟੌਫ਼ ਨੇ ਲਈਆਂ ।

2006 ਦੀ ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਭਾਰਤ ਦੀ ਸਰਜ਼ਮੀਂ ‘ਤੇ 7 ਅਕਤੂਬਰ ਤੋਂ 5 ਨਵੰਬਰ ਤੱਕ 8 ਟੀਮਾਂ ਦਰਮਿਆਂਨ ਖੇਡੀ ਗਈ । ਇਸ ਤੋਂ ਪਹਿਲਾਂ ਇਹ ਟਰਾਫ਼ੀ 2002 ਵਿੱਚ ਟੈਕਸ ਝਮੇਲੇ ਸਦਕਾ ਭਾਰਤ ਵਿੱਚ ਨਹੀਂ ਸੀ ਹੋ ਸਕੀ । ਸ਼ਾਮਲ 8 ਟੀਮਾਂ ਦੇ ਦੋ ਪੂਲ ਸਨ । ਸੈਮੀਫਾਈਨਲ ਵਿੱਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪੀ ਸੀ ਏ ਸਟੇਡੀਅਮ ਮੁਹਾਲੀ ਵਿਖੇ ਇੱਕ ਵਿਕਟ ਨਾਲ ਮਾਤ ਦਿੱਤੀ । ਦੂਜੇ ਸੈਮੀਜ਼ ਵਿੱਚ ਵੈਸਟ ਇੰਡੀਜ਼ ਨੇ ਦੱਖਣੀ ਅਫਰੀਕਾ ਨੂੰ ਮਾਤ ਦੇ ਕੇ ਫਾਈਨਲ ਪ੍ਰਵੇਸ਼ ਪਾਇਆ । ਆਸਟਰੇਲੀਆ ਦਾ ਪਹਿਲਾ ਅਤੇ ਵੈਸਟ ਇੰਡੀਜ਼ ਦਾ ਇਹ ਚੌਥਾ ਫਾਈਨਲ ਸੀ । ਬਰਾਬੌਰਨ ਸਟੇਡੀਅਮ ਮੁੰਬਈ ਵਿੱਚ 5 ਨਵੰਬਰ ਦੇ ਇਸ ਖਿਤਾਬੀ ਮੈਚ ਵਿੱਚ ਵੈਸਟ ਇੰਡੀਜ਼ ਨੇ 138/10 ਰਨ ਬਣਾਏ,ਅਸਟਰੇਲੀਆ ਨੇ 116/2 ਰਨ,ਪਰ ਡੱਕ ਵਰਥ ਲੂਈਸ ਨਿਯਮ ਤਹਿਤ ਆਸਟਰੇਲੀਆ ਪਹਿਲੀ ਵਾਰੀ 8 ਵਿਕਟਾਂ ਨਾਲ ਟਾਈਟਲ ਜੇਤੂ ਰਿਹਾ ।

ਫਾਈਨਲ ਮੈਚ ਉਪਰੰਤ ਟਰਾਫ਼ੀ ਪ੍ਰਾਪਤੀ ਸਮੇ ਫੋਟੋ ਕਰਨ ਦੌਰਾਂਨ ਬੀਸੀਸੀਆਈ ਪ੍ਰਧਾਨ ਸ਼ਰਦ ਪਵਾਰ ਨੂੰ ਧੱਕਾ ਵੀ ਵੱਜ ਗਿਆ ਅਤੇ ਰਿੱਕੀ ਪੌਂਟਿੰਗ ਵੱਲੋਂ ਕੀਤੇ ਇਸ਼ਾਰੇ ਦਾ ਵੀ ਨੋਟਿਸ ਲਿਆ ਗਿਆ । ਪਵਾਰ ਨੇ ਬਿਆਂਨ ਵਿੱਚ ਕਿਹਾ ਕਿ ਇਹ ਸਾਰਾ ਕੁੱਝ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤਾ ਹੈ । ਪਰ ਕੁੱਝ ਪਾਰਟੀਆਂ ਦੇ ਲੋਕਾਂ ਨੇ ਸੜਕਾਂ ਤੇ ਨਿਕਲਦਿਆਂ ਨਾਹਰੇਬਾਜ਼ੀ ਵੀ ਕੀਤੀ । ਆਸਟਰੇਲੀਆ ਦੇ ਦੂਤਾਵਾਸ ਨੂੰ ਸ਼ਿਕਾਇਤ ਕਰਨ ਤੱਕ ਵੀ ਗੱਲ ਪਹੁੰਚੀ । ਭਾਰਤ ਦੇ ਕੁੱਝ ਨਾਮੀ ਖਿਡਾਰੀਆਂ ਨੇ ਵੀ ਇਸ ਘਟਨਾ ਦਾ ਬੁਰਾ ਮਨਾਇਆ ।ਰਿੱਕੀ ਪੌਂਟਿੰਗ ਨੇ ਵੀ ਅਫਸੋਸ ਦਾ ਪ੍ਰਗਟਾਵਾ ਕਰਿਆ ।

ਇਸ ਟਰਾਫ਼ੀ ਸਮੇ ਵੈਸਟ ਇੰਡੀਜ਼ ਦਾ ਕਰਿਸ ਗੇਲ ਛਾਇਆ ਰਿਹਾ । ਇਹੀ ਬੱਲੇਬਾਜ਼ ਮੈਨ ਆਫ਼ ਦਾ ਸੀਰੀਜ਼ ਅਤੇ ਸੱਭ ਤੋਂ ਵੱਧ 474 ਰਨ ਦਾ ਰਿਕਾਰਡ ਆਪਣੇ ਨਾਅ ਦਰਜ ਕਰਵਾਉਂਣ ਵਿੱਚ ਸਫ਼ਲ ਹੋਇਆ । ਇਸ ਟਰਾਫ਼ੀ ਸਮੇ ਤਿੰਨ ਸੈਂਕੜੇ ਵੀ ਕਰਿਸ ਨੇ ਹੀ ਬਣਾਏ । ਸੱਭ ਤੋਂ ਵੱਧ 13 ਵਿਕਟਾਂ ਲੈਣ ਦਾ ਰਿਕਾਰਡ ਵੀ ਵੈਸਟ ਇੰਡੀਜ਼ ਦੇ ਹੀ ਜੇ ਈ ਟੇਲਰ ਨੇ ਆਪਣੇ ਨਾਅ ਦਰਜ ਕਰਵਾਇਆ ।

ਪਿਛਲੀ 2009 ਦੀ ਛੇਵੀਂ ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਦੱਖਣੀ ਅਫਰੀਕਾ ਵਿੱਚ 22 ਸਤੰਬਰ ਤੋਂ 5 ਅਕਤੂਬਰ ਤੱਕ ਖੇਡੀ ਗਈ ।ਸ਼ਾਮਲ ਹੋਈਆਂ 8 ਟੀਮਾਂ ਨੇ ਦੋ ਗਰੁੱਪਾਂ ਵਿੱਚ ਕੁੱਲ ਮਿਲਾਕੇ 15 ਮੈਚ ਵਾਂਡਰਰਜ਼ ਸਟੇਡੀਅਮ ਅਤੇ ਸੈਂਚਰੀਅਨ ਪਾਰਕ ਵਿੱਚ ਖੇਡੇ। ਆਸਟਰੇਲੀਆ, ਪਾਕਿਸਤਾਨ, ਨਿਊਜ਼ੀਲੈਂਡ, ਇੰਗਲੈਂਡ ਨੇ ਸੈਮੀਫਾਈਨਲ ਵਿੱਚ ਦਾਖ਼ਲਾ ਪਾਇਆ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੇ ਭਾਰਤ ਦੀ ਕੋਈ ਪੀਰੀ ਨਾ ਚੱਲੀ । ਨਾਕ ਆਊਟ ਗੇੜ ਵਿੱਚ 2 ਅਕਤੂਬਰ ਦੇ ਪਹਿਲੇ ਸੈਮੀਫਾਈਨਲ ਵਿੱਚ ਸੁਪਰ ਸਪੋਰਟ ਪਾਰਕ ਸੈਂਚਰੀਅਨ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ, 3 ਅਕਤੂਬਰ ਨੂੰ ਨਿਊ ਵਾਂਡਰਰਜ਼ ਸਟੇਡੀਅਮ ਦੀ ਪਿੱਚ ‘ਤੇ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਦੂਜੀ ਵਾਰੀ ਫਾਈਨਲ ਖੇਡਣ ਦਾ ਮੌਕਾ ਹਾਸਲ ਕਰਿਆ । ਪੰਜ ਅਕਤੂਬਰ ਦੇ ਸੁਪਰ ਸਪੋਰਟ ਪਾਰਕ ਸੈਂਚਰੀਅਨ ਦੇ ਫਾਈਨਲ ਵਿੱਚ ਆਸਟਰੇਲੀਆ ਨੇ ਸ਼ੇਨ ਵਾਟਸਨ ਦੀਆਂ 105 ਅਜੇਤੂ ਦੌੜਾਂ ਦੀ ਬਦੌਲਤ 206/4 ਦੌੜਾਂ ਅਤੇ ਨਿਊਜ਼ੀਲੈਂਡ ਨੇ 200/9 ਰਨ ਸਕੋਰ ਕੀਤਾ। ਇਸ ਤਰ੍ਹਾਂ ਆਸਟਰੇਲੀਆ ਲਗਾਤਾਰ ਦੂਜੀ ਵਾਰੀ ਖ਼ਿਤਾਬ ਜਿੱਤਣ ਵਿੱਚ ਸਫ਼ਲ ਰਿਹਾ । ਇਸ ਵਾਰੀ ਜੇਤੂ ਰਹੀ ਟੀਮ ਨੇ ਕੋਈ ਵੀ ਮੈਚ ਨਹੀਂ ਸੀ ਹਾਰਿਆ। ਸੱਭ ਤੋਂ ਵੱਧ 288 ਦੌੜਾਂ ਆਸਟਰੇਲੀਆ ਦੇ ਰਿੱਕੀ ਪੌਂਟਿੰਗ ਨੇ ਬਣਾਈਆਂ,ਇਹੀ ਕ੍ਰਿਕਟਰ ਮੈਨ ਆਫ਼ ਦਾ ਸੀਰੀਜ਼ ਅਖਵਾਇਆ। ਜਦੋਂ ਕਿ ਸੱਭ ਤੋਂ ਵੱਧ 11 ਵਿਕਟਾਂ ਦੱਖਣੀ ਅਫ਼ਰੀਕਾ ਦੇ ਵਾਇਨੇ ਪਾਰਨਿੱਲ ਨੇ ਲਈਆਂ ।

6 ਜੂਨ 2013 ਤੋਂ ਸ਼ੁਰੂ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੌਰਾਂਨ ਟਰਾਫ਼ੀ ਦੀ ਸ਼ੁਰੂਆਤ ਸੋਫੀਆ ਗਾਰਡਨਜ਼ ਕਾਰਡਿਫ਼ ਮੈਦਾਨ ਵਿੱਚ ਭਾਰਤ ਵੱਲੋਂ ਦੱਖਣੀ ਅਫਰੀਕਾ ਵਿਰੁੱਧ ਖੇਡੇ ਜਾਣ ਵਾਲੇ ਉਦਘਾਟਨੀ ਮੈਚ ਨਾਲ ਹੋਣੀ ਹੈ । ਹੁਣ ਤੱਕ ਦੱਖਣੀ ਅਫਰੀਕਾ ਨੇ ਇੱਕ ਫਾਈਨਲ ਖੇਡ ਕੇ ਉਹੀ ਜਿੱਤਿਆ ਹੈ। ਇੰਗਲੈਂਡ ਨੇ ਇੱਕ ਫਾਈਨਲ ਖੇਡਿਆ ਅਤੇ ਉਹੀ ਹਾਰਿਆ ਹੈ । ਇੱਕ ਵਾਰ ਸ਼੍ਰੀਲੰਕਾ ਅਤੇ ਭਾਰਤ ਸਾਂਝੇ ਜੇਤੂ ਰਹੇ ਹਨ । ਜਦੋਂ ਕਿ ਭਾਰਤ ਨੇ ਇੱਕ ਵਾਰ ਫਾਈਨਲ ਹਾਰਿਆ ਹੈ । ਨਿਊਜ਼ੀਲੈਂਡ ਨੇ ਦੋ ਫਾਈਨਲ ਖੇਡ ਕੇ ਇੱਕ ਜਿੱਤਿਆ ਹੈ । ਵੈਸਟ ਇੰਡੀਜ਼ ਨੇ ਤਿੰਨ ਫਾਈਨਲ ਖੇਡ ਕੇ ਇੱਕ ਵਾਰੀ ਖ਼ਿਤਾਬ ਉੱਤੇ ਕਬਜ਼ਾ ਜਮਾਇਆ ਹੈ । ਆਸਟਰੇਲੀਆ ਨੇ ਪਿਛਲੇ ਦੋ ਫਾਈਨਲ ਲਗਾਤਾਰ ਜਿੱਤੇ ਹਨ ਅਤੇ ਜੇਤੂ ਹੈਟ੍ਰਿਕ ਬਨਾਉਂਣ ਦੇ ਬੂਹੇ ‘ਤੇ ਹੈ । ਆਈ ਸੀ ਸੀ ਚੈਪੀਅਨਜ਼ ਟਰਾਫ਼ੀ ਮੁਕਾਬਲਿਆਂ ਦੌਰਾਂਨ ਭਾਰਤ 1998 ਵਿੱਚ ਸੈਮੀਫਾਈਨਲ ਤੱਕ,2000 ਵਿੱਚ ਉਪ-ਵਿਜੇਤਾ,2002 ਵਿੱਚ ਸ਼੍ਰੀਲੰਕਾ ਨਾਲ ਸਾਂਝਾ ਜੇਤੂ, 2004, 2006, 2009 ਵਿੱਚ ਪਹਿਲੇ ਰਾਊਂਡ ਤੱਕ ਦਾ ਸਫ਼ਰ ਹੀ ਤੈਅ ਕਰ ਸਕਿਆ ਹੈ ।

ਭਾਰਤੀ ਟੀਮ ਵਿੱਚ ਕਈ ਖਿਡਾਰੀਆਂ ਨੂੰ ਛਾਂਟੀ ਦੀ ਮਾਰ ਪਈ ਹੈ ਅਤੇ ਕਈਆਂ ਨੂੰ ਆਈ ਪੀ ਐਲ ਸਿਕਸਰ ਪੂਰੀ ਤਰ੍ਹਾਂ ਰਾਸ ਆ ਗਿਆ ਹੈ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਅਧੀਨ ਭਾਰਤੀ ਟੀਮ ਵਿੱਚ ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ, ਮੁਰਲੀ ਵਿਜੈ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਆਰ. ਅਸ਼ਵਿਨ, ਇਰਫ਼ਾਨ ਪਠਾਨ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਅਮਿਤ ਮਿਸ਼ਰਾ ਅਤੇ ਵਿਨੈ ਕੁਮਾਰ ਸ਼ਾਮਲ ਹਨ ।

ਕਿਸ ਟੀਮ ਨੇ ਕਿਸ ਮੈਦਾਨ ਵਿੱਚ ਮੋਰਚਾ ਫਤਹਿ ਕਰਨ ਲਈ ਉਤਰਨਾ ਹੈ ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;

ਪੂਲ ਏ

8 ਜੂਨ ;ਇੰਗਲੈਂਡ ਬਨਾਮ ਆਸਟਰੇਲੀਆ,
9 ਜੂਨ;ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ,
12 ਜੂਨ; ਨਿਊਜ਼ੀਲੈਂਡ ਬਨਾਮ ਆਸਟਰੇਲੀਆ,
13 ਜੂਨ; ਇੰਗਲੈਂਡ ਬਨਾਮ ਸ਼੍ਰੀਲੰਕਾ,
16 ਜੂਨ; ਇੰਗਲੈਂਡ ਬਨਾਮ ਨਿਊਜ਼ੀਲੈਂਡ,
17 ਜੂਨ; ਸ਼੍ਰੀਲੰਕਾ ਬਨਾਮ ਆਸਟਰੇਲੀਆ।

ਪੂਲ ਬੀ

6 ਜੂਨ; ਭਾਰਤ ਬਨਾਮ ਦੱਖਣੀ ਅਫਰੀਕਾ,
7 ਜੂਨ;ਪਾਕਿਸਤਾਨ ਬਨਾਮ ਵੈਸਟ ਇੰਡੀਜ਼,
10 ਜੂਨ; ਪਾਕਿਸਤਾਨ ਬਨਾਮ ਦੱਖਣੀ ਅਫਰੀਕਾ,
11 ਜੂਨ; ਭਾਰਤ ਬਨਾਮ ਵੈਸਟ ਇੰਡੀਜ਼,
14 ਜੂਨ; ਵੈਸਟ ਇੰਡੀਜ਼ ਬਨਾਮ ਦੱਖਣੀ ਅਫਰੀਕਾ,
15 ਜੂਨ; ਭਾਰਤ ਬਨਾਮ ਪਾਕਿਸਤਾਨ ।
19 ਜੂਨ ਨੂੰ ਓਵਲ ਵਿੱਚ ਪਹਿਲਾ ਅਤੇ
20 ਜੂਨ ਨੂੰ ਸੋਫ਼ੀਆ ਗਾਰਡਨਜ਼ ਕਾਰਡਿਫ਼ ਵਿੱਚ ਦੂਜਾ ਸੈਮੀਫਾਈਨਲ ਹੋਣਾ ਹੈ ,

ਜਦੋਂ ਕਿ ਫਾਈਨਲ ਮੈਚ 23 ਜੂਨ ਨੂੰ ਇਜ਼ਬੈਸਟਨ ਬਰਮਿੰਘਮ ਵਿੱਚ ਖੇਡਿਆ ਜਾਣਾ ਹੈ । ਵਿਸ਼ੇਸ਼ ਗੱਲ ਇਹ ਵੀ ਰਹੇਗੀ ਕਿ ਕੀ ਆਸਟਰੇਲੀਆ ਟੀਮ ਇਹ ਫਾਈਨਲ ਜਿੱਤ ਕਿ ਜੇਤੂ ਹੈਟ੍ਰਿਕ ਬਨਾਉਂਣ ਵਿੱਚ ਸਫ਼ਲ ਹੁੰਦੀ ਹੈ ਜਾਂ ਕੋਈ ਹੋਰ ਹੀ ਛੁਪਿਆ ਰੁਸਤਮ ਬੇੜੀਆਂ ਵਿੱਚ ਬੱਟੇ ਪਾਉਂਣ ਵਾਲਾ ਬਣਦਾ ਹੈ ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232

05/06/2013

         
  6 ਜੂਨ ਤੋਂ ਸ਼ੁਰੂ ਹੋਣੀ ਹੈ
ਆਈ ਸੀ ਸੀ ਚੈਂਪੀਅਨਜ਼ ਟਰਾਫ਼ੀ ਦੀ ਰੌਚਕ ਕਹਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਤੰਗੀਆਂ-ਤੁਰਸ਼ੀਆਂ ਨਾਲ ਵੀ ਘੁਲਦਾ ਰਿਹਾ ਰੁਸਤੁਮ-ਇ-ਜ਼ਮਾਂ “ਗਾਮਾਂ“
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪਾਕਿਸਤਾਨੀ ਹਾਕੀ ਟੀਮ ਦਾ ਪਹਿਲਾ ਕਪਤਾਨ: ਏ ਆਈ ਐਸ ਦਾਰਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭਾਰਤ - ਇੰਗਲੈਂਡ ਕ੍ਰਿਕਟ ਸੀਰੀਜ਼ ਦਾ ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਹਿਲਾ ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com