ਪੰਜ ਸਾਲ ਪਹਿਲਾਂ ਭਾਰਤੀ ਸ਼ੂਟਰ ਅਭਿਨਵ ਬਿੰਦਰਾ ਨੇ 2008 ਦੀਆਂ ਬੀਜਿੰਗ
ਓਲੰਪਿਕ ਖੇਡਾਂ ਸਮੇ ਸੋਨ ਤਮਗਾ ਜਿੱਤ ਕਿ ਭਾਰਤੀ ਨਿਸ਼ਾਨੇਬਾਜੀ ਵਿੱਚ ਨਵਾਂ ਅਧਿਆਇ
ਸ਼ੁਰੂ ਕੀਤਾ ਸੀ, ਉਵੇਂ ਹੀ ਲੰਦਨ ਓਲੰਪਿਕ 2012
ਸਮੇ 12 ਵੇਂ ਸਥਾਨ’ਤੇ ਰਹੀ ਪੰਜਾਬਣ ਹਿਨਾ ਸਿੱਧੂ ਨੇ ਮਿਊਨਿਖ (ਜਰਮਨੀ) ਵਿੱਚ
ਕੁੱਝ ਦਿਨ ਪਹਿਲਾਂ ਹੀ ਖਤਮ ਹੋਏ ਆਈ ਐਸ ਐਸ ਐਫ਼ ਵਿਸ਼ਵ ਕੱਪ ਦੀ 10 ਮੀਟਰ ਏਅਰ
ਪਿਸਟਲ ਈਵੈਂਟ ਵਿੱਚੋਂ ਸੋਨ ਤਮਗਾ ਜਿੱਤ ਕੇ ਭਾਰਤੀ ਮਹਿਲਾਵਾਂ ਲਈ ਵਿਸ਼ਵ ਖੇਡ ਮੰਚ
ਤੇ ਫ਼ਖ਼ਰ ਮਹਿਸੂਸ ਕਰਨ ਦਾ ਇਤਿਹਾਸਕ ਪੰਨਾ ਸਿਰਜ ਦਿੱਤਾ ਹੈ । ਮਿਊਨਿਖ ਵਿਸ਼ਵ ਕੱਪ
ਦੌਰਾਂਨ ਹਿਨਾ ਨੂੰ ਇਸ ਈਵੈਂਟ ਵਿੱਚੋਂ ਪਹਿਲੀ ਭਾਰਤੀ ਮਹਿਲਾ ਵਜੋਂ ਪਹਿਲਾ ਸੋਨ
ਤਮਗਾ ਜਿੱਤਣ ਦਾ ਵੀ ਮਾਣ ਮਿਲਿਆ ਹੈ । ਇਸ ਜਿੱਤ ਨਾਲ ਉਹ ਅੰਜਲੀ ਭਾਗਵਤ (2003),
ਗਗਨ ਨਾਰੰਗ (2008) ਤੋਂ ਬਾਅਦ, ਸੋਨ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ ਸ਼ੂਟਰ ਬਣ
ਗਈ ਹੈ ।
ਹਿਨਾ ਸਿੱਧੂ ਨੇ 10 ਮੀਟਰ ਪਿਸਟਲ ਵਰਗ ਦੇ ਫਾਈਨਲ ਵਿੱਚ ਚੀਨ ਦੀ ਓਲੰਪਿਕ ‘ਚ
ਦੋ ਵਾਰ ਦੀ ਚੈਂਪੀਅਨ ਗੁਓ ਵੇਨਜੁਨ, ਸਰਬੀਆ ਦੀ ਵਿਸ਼ਵ ਚੈਂਪੀਅਨ ਅਰੂਨੋਵਿਚ
ਜ਼ੋਰਾਨਾ ਅਤੇ ਯੂਕਰੇਨ ਦੀ ਕਈ ਓਲੰਪਿਕ ਤਮਗਾ ਜਿੱਤਣ ਵਾਲੀ ਓਲੇਨਾ ਕੋਸਤੇਵਿਚ ਨੂੰ
ਹਰਾ ਕੇ ਸੋਨ ਤਮਗਾ ਜਿੱਤਿਆ। ਹਿਨਾ ਨੇ 198.6 ਦੇ ਮੁਕਾਬਲੇ 203.8 ਅੰਕ ਲਏ । ਆਈ
ਐਸ ਐਸ ਐਫ਼ ਵਿਸ਼ਵ ਕੱਪ ਫਾਈਨਲਜ਼ ਸਾਲ ਵਿੱਚ ਇੱਕ ਵਾਰ ਹੁੰਦਾ ਹੈ ਅਤੇ ਇਸ ਵਿੱਚ
ਦੁਨੀਆਂ ਦੇ ਸਿਖ਼ਰਲੇ 10 ਨਿਸ਼ਾਨੇਬਾਜ ਸ਼ਿਰਕਤ ਕਰਿਆ ਕਰਦੇ ਹਨ । ਹਿਨਾ ਨੇ
ਕੁਆਲੀਫਿਕੇਸ਼ਨ ਰਾਊਂਡ ਵਿੱਚ 384 ਅੰਕ ਬਣਾਏ ਅਤੇ ਯੂਕਰੇਨ ਦੀ ਓਲੇਨਾ ਤੋਂ ਬਾਅਦ
ਤੀਜੇ ਸਥਾਨ ਉੱਤੇ ਰਹੀ । ਚੀਨਣ ਗੁਓ ਦਾ 9ਵਾਂ, ਸਰਬੀਆ ਦੀ ਜ਼ੋਰਾਨਾ ਦਾ 6ਵਾਂ
ਸਥਾਨ ਸੀ । ਫਾਈਨਲ ਵਿਚ ਭਾਰਤੀ ਨਿਸ਼ਾਨੇਬਾਜ਼ ਹਿਨਾ ਦੀ ਸ਼ੁਰੂਆਤ ਚੰਗੀ ਨਾ ਰਹੀ। ਉਸ
ਨੇ 9.3 ਅਤੇ ਫਿਰ 9.3 ਦਾ ਸਕੋਰ ਬਣਾਇਆ । ਪਹਿਲੇ ਦੋ ਸ਼ਾਟ ਤੋਂ ਬਾਅਦ ਅੱਠਵੇਂ
ਸਥਾਨ ‘ਤੇ ਖਿਸਕਣ ਉਪਰੰਤ ਉਹ ਜਲਦੀ ਹੀ ਵਾਪਸ ਆਪਣੀ ਲੈਅ ਵਿੱਚ ਆ ਗਈ ਅਤੇ ਲਗਾਤਾਰ
15 ਸਟੀਕ ਨਿਸ਼ਾਨੇ ਲਗਾ ਕੇ 5.2 ਅੰਕਾਂ ਦੀ ਬੜਤ ਨਾਲ ਪਾਸਾ ਹੀ ਪਲਟ ਦਿਖਾਇਆ ।
ਜੱਦੀ ਪੁਸ਼ਤੀ ਸ਼ਾਹੀ ਸ਼ਹਿਰ ਪਟਿਆਲੇ ਰਹਿੰਦੀ ਇਸ ਭਾਰਤੀ ਮਹਿਲਾ ਸ਼ੂਟਰ ਦਾ ਜਨਮ
ਲੁਧਿਆਣਾ ਵਿੱਚ 29 ਅਗਸਤ 1989 ਨੂੰ ਰਾਜਵੀਰ ਸਿੰਘ ਸਿੱਧੂ ਈ ਟੀ ਓ ਅਤੇ ਰਮਿੰਦਰ
ਕੌਰ ਦੇ ਘਰ ਹੋਇਆ । ਕੌਮੀ ਪੱਧਰ ਦੇ ਸ਼ੂਟਰ ਰਹੇ ਰਾਜਵੀਰ ਸਿੱਧੂ ਵੱਲੋਂ,
ਹਿਨਾ ਦੇ ਚਾਚਾ ਗੰਨ ਸਮਿੱਥ ਅਤੇ ਬੰਦੂਕ ਕਸਟੋਮਾਈਜਰ ਵੱਲੋਂ, ਕੌਮੀ ਸ਼ੂਟਰ
ਭਰਾਤਾ ਕਰਨਬੀਰ ਸਿੱਧੂ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ ਰਿਹਾ ਹੈ । ਪੇਂਟਿੰਗ
ਅਤੇ ਸਕੈਚਿੰਗ ਦਾ ਸ਼ੌਂਕ ਰੱਖਣ ਵਾਲੀ ਹਿਨਾ ਸਿੱਧੂ ਨੇ ਆਪਣੇ ਸ਼ੂਟਿੰਗ ਕਰੀਅਰ ਦੀ
ਸ਼ੁਰੂਆਤ ਯਾਦਵਿੰਦਰਾ ਪਬਲਿਕ ਸਕੂਲ ਦੀ ਪਲੱਸ ਟੂ ਕਲਾਸ ਵਿੱਚ ਪੜਦਿਆਂ ਕੋਚ
ਸਵਰਨਜੀਤ ਕੌਰ ਦੀ ਮਦਦ ਨਾਲ 2006 ਤੋਂ ਕੀਤੀ ਅਤੇ ਜੂਨੀਅਰ ਵਰਗ ਵਿੱਚ ਕੌਮੀ
ਚੈਂਪੀਅਨ ਬਣੀ ।
ਉਸ ਨੇ 2007 ਤੋਂ ਵੱਖ ਵੱਖ ਸ਼ੂਟਿੰਗਜ਼ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ
ਕਰਿਆ ਅਤੇ ਕੌਮੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ । ਪਟਿਆਲਾ ਕਲੱਬ ਵੱਲੋਂ
ਹਿੱਸਾ ਲੈਣ ਵਾਲੀ ਸੱਜੇ ਹੱਥ ਦੀ ਸ਼ੂਟਰ ਹਿਨਾ ਨੇ 2009 ਦੇ ਸ਼ੂਟਿੰਗਜ਼ ਮੁਕਾਬਲਿਆਂ
ਦੌਰਾਂਨ ਬੀਜਿੰਗ ਵਿਸ਼ਵ ਕੱਪ ਸਮੇ ਚਾਂਦੀ ਦਾ, ਕੇਰਲ ਵਿੱਚ ਮਹਿਲਾਵਾਂ ਦੇ 10 ਮੀਟਰ
ਏਅਰ ਪਿਸਟਲ ਵਰਗ ਵਿੱਚੋਂ ਨੈਸ਼ਨਲ ਚੈਂਪੀਅਨ ਬਣਨ ਦਾ ਮਾਣ ਹਾਸਲ ਕਰਿਆ। ਦਿੱਲੀ
ਦੀਆਂ ਕਾਮਨਵੈਲਥ ਖੇਡਾਂ-2010 ਦੌਰਾਂਨ ਅਨੁਰਾਜ ਸਿੰਘ ਨਾਲ ਮਿਲਕੇ 10 ਮੀਟਰ ਏਅਰ
ਪਿਸਟਲ ਮੁਕਾਬਲੇ ਦੇ ਪੇਅਰ ਵਰਗ ਵਿੱਚੋਂ ਸੁਨਹਿਰੀ ਤਮਗਾ ਜਿੱਤਿਆ । ਹਿਨਾ ਨੇ 384
ਅਤੇ ਅਨੁਰਾਜ ਨੇ 375 ਅੰਕ ਲੈ ਕੇ ਭਾਰਤ ਲਈ 14 ਵਾਂ ਸੋਨ ਤਮਗਾ ਲਿਆ । ਹਿਨਾ
ਸਿੰਗਲਜ ਵਰਗ ਵਿੱਚੋਂ ਵੀ ਚਾਂਦੀ ਦਾ ਤਮਗਾ ਜੇਤੂ ਰਹੀ । ਏਸ਼ੀਆਈ ਖੇਡਾਂ ਗੁਆਂਗਜ਼ੂ
(ਚੀਨ)-2010 ਵਿੱਚੋਂ ਅਨੁਰਾਜ ਅਤੇ ਸੋਨੀਆ ਦਾ ਸਾਥ ਲੈਂਦਿਆਂ ਟੀਮ ਈਵੈਂਟਸ ਵਰਗ
ਵਿੱਚੋਂ ਚਾਂਦੀ ਦਾ ਮੈਡਲ ਜਿੱਤਿਆ । ਗੱਲ ਬੀਤੇ ਵਰੇ 2012 ਦੀ ਐ ,ਜਦ ਏਸ਼ੀਅਨ
ਚੈਂਪੀਅਨਸ਼ਿੱਪ ਵਿੱਚ ਅਜੇਤੂ ਰਹਿੰਦੀਆਂ ਆ ਰਹੀਆਂ ਚੀਨਣਾਂ ਨੂੰ ਹਿਨਾ, ਸ਼ਵੇਤਾ
ਚੌਧਰੀ ਅਤੇ ਅਨੁਰਾਜ ਸਿੰਘ ਨੇ ਹਰਾ ਕੇ ਸੋਨੇ ਦੇ ਤਮਗੇ ਨੂੰ ਗਲ ਦਾ ਹਾਰ ਬਣਾਇਆ ।
ਗਿਆਂਨ ਸਾਗਰ ਮੈਡੀਕਲ ਇੰਸਟੀਚਿਊਟ ਤੋਂ ਬੀ ਡੀ ਐਸ ਦੀ ਡਿਗਰੀ ਪ੍ਰਾਪਤ ਹਿਨਾ
ਸਿੱਧੂ ਨੇ ਪਿਸਟਲ ਸ਼ੂਟਰ ਰੌਣਕ ਪੰਡਿਤ ਨਾਲ 7 ਫਰਵਰੀ 2013 ਨੂੰ ਵਿਆਹ ਕਰਵਾ ਲਿਆ
ਅਤੇ ਗੋਰੇਗਾਓਂ ਮੁੰਬਈ ਵਿੱਚ ਰਹਿਣ ਲੱਗ ਪਈ ਹੈ । ਵਿਸ਼ਵ ਕੱਪ ਦੀ ਸੋਨ ਤਮਗਾ ਬਣਨ
‘ਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ । ਪਰ ਬਹੁਤ
ਮਹਿੰਗੀ ਇਸ ਖੇਡ ਲਈ ਬਹੁਤ ਪੈਸੇ ਦੀ ਜ਼ਰੂਰਤ ਹੈ,ਜਿਸ ਵੱਲ ਸਰਕਾਰ ਨੂੰ ਧਿਆਂਨ ਦੇਣ
ਦੀ ਬਹੁਤ ਲੋੜ ਹੈ । ਤਾਂ ਜੋ ਹੋਰਨਾਂ ਖਿਡਾਰੀਆਂ ਨੂੰ ਵੀ ਅੱਗੇ ਕਦਮ ਵਧਾਉਂਣ ਦਾ
ਸਹੀ ਪਲੇਟਫਾਰਮ ਮਿਲ ਸਕੇ। ਜਿਸ ਨਾਲ ਭਾਰਤ ਦਾ ਅਤੇ ਖ਼ਾਸ਼ਕਰ ਪੰਜਾਬ ਦਾ ਮਾਣ
ਸਿਖਰਾਂ ਛੁਹ ਸਕੇਗਾ ।
ਭਗਤਾ (ਬਠਿੰਡਾ)-151206
ਸੰਪਰਕ;98157-07232
|