|
ਏ ਆਈ ਐਸ ਦਾਰਾ |
ਪਾਕਿਸਤਾਨੀ ਹਾਕੀ ਟੀਮ ਦਾ ਪਹਿਲਾ ਕਪਤਾਨ, 10
ਵਰੇ ਸਾਂਝੇ ਭਾਰਤ ਦੀ ਟੀਮ ਵਿੱਚ ਖੇਡਣ ਵਾਲਾ,ਕਈ ਹਾਕੀ ਮੁਕਾਬਲਿਆਂ ਨੂੰ ਕਰਵਾਉਂਣ
ਦੀਆਂ ਤਜ਼ਵੀਜਾਂ ਪੇਸ਼ ਕਰਕੇ ਨੇਪਰੇ ਚਾੜਨ ਵਾਲਾ,ਏਸ਼ੀਆਈ ਹਾਕੀ , ਖ਼ਾਸ ਕਰ
ਪਾਕਿਸਤਾਨੀ ਹਾਕੀ ਨੂੰ ਨਿੱਗਰ ਲੀਹਾਂ‘ ਤੇ ਤੋਰਨ ਵਾਲਾ, ਹਾਕੀ ਖੇਡ ਦੀ ਬਿਹਤਰੀ
ਲਈ ਜਨਾਬ ਨੂਰਖ਼ਾਨ ਨਾਲ ਮਿਲਕੇ ਨਵੀਨਤਮ ਯੋਜਨਾਵਾਂ ਤਿਆਰ ਕਰਨ ਵਾਲਾ ਹੀ ਸੀ;ਕਰਨਲ
ਇਕਤਦਾਰ ਅਲੀ ਸ਼ਾਹ ਦਾਰਾ।
ਪਾਕਿਸਤਾਨ ਵਿੱਚ “ਹਾਕੀ ਦੇ ਜਾਦੂਗਰ “ਅਖਵਾਉਂਦੇ ਮੇਜਰ ਧਿਆਂਨ ਚੰਦ ਵਾਂਗ
ਪੂਜੇ ਜਾਂਦੇ ਕਰਨਲ ਏ ਆਈ ਐਸ ਦਾਰਾ ਦਾ ਜਨਮ ਪਹਿਲੀ ਅਪ੍ਰੈਲ 1915 ਨੂੰ ਫ਼ੈਸਲਾਬਾਦ
ਵਿੱਚ ਹੋਇਆ। ਧਿਆਂਨ ਚੰਦ, ਰੂਪ ਸਿੰਘ ਦਾ ਇਹ ਸਮਕਾਲੀ ਹਾਕੀ ਖਿਡਾਰੀ ਸੀ। ਬਰਲਿਨ
ਵਿੱਚ 1936 ਦੀਆਂ ਓਲੰਪਿਕ ਖੇਡਾਂ ਹੋਈਆਂ ਤਾਂ ਇਕਤਦਾਰ ਅਲੀ ਸ਼ਾਹ ਦਾਰਾ
ਹਿੰਦੁਸਤਾਨ ਦੀ ਟੀਮ ਵਿੱਚ ਮੇਜਰ ਧਿਆਂਨ ਚੰਦ ਦੀ ਕਪਤਾਨੀ ਅਧੀਨ ਖੇਡਿਆ। ਧਿਆਂਨ
ਚੰਦ ਦੇ ਬਰਾਬਰ ਖੇਡਣ ਵਾਲੇ ਫ਼ਾਰਵਰਡ ਖਿਡਾਰੀ ਦਾਰਾ ਨੇ ਵੀ ਜਰਮਨ ਵਾਸੀਆਂ ਦਾ
ਪੂਰਾ ਧਿਆਂਨ ਖਿੱਚੀ ਰੱਖਿਆ। ਇੱਥੇ ਭਾਰਤੀ ਟੀਮ ਨੇ 5 ਅਗਸਤ ਨੂੰ ਹੰਗਰੀ ਵਿਰੁੱਧ
4-0 ਨਾਲ, ਫਿਰ ਅਮਰੀਕਾ ਵਿਰੁੱਧ 7-0 ਨਾਲ, 10 ਅਗਸਤ ਨੂੰ ਜਪਾਨ ਵਿਰੁੱਧ 9-0
ਨਾਲ, ਜਿੱਤਾਂ ਦਰਜ ਕਰਕੇ ਆਪਣਾ ਲੋਹਾ ਮਨਵਾਇਆ। ਪੂਲ ਦਾ ਆਖ਼ਰੀ ਮੈਚ 12 ਅਗਸਤ ਨੂੰ
ਫਰਾਂਸ ਤੋਂ 10-0 ਨਾਲ ਜਿਤਿਆ। ਮੇਜਰ ਧਿਆਂਨ ਚੰਦ ਵਾਂਗ ਹੀ ਦਾਰਾ ਨੂੰ ਵੀ ਖ਼ੂਬ
ਤਾੜੀਆਂ ਅਤੇ ਵਾਹਵਾ ਮਿਲੀ। ਉਸ ਨੇ ਵੀ ਕਈ ਵਾਰ ਗੋਲ ਫੱਟਾ ਖੜਕਾਉਂਣ ਦਾ ਮਾਣ
ਹਾਸਲ ਕੀਤਾ।
1936 ਦੀਆਂ ਓਲੰਪਿਕ ਖੇਡਾਂ ਦਾ ਫ਼ਾਈਨਲ 14 ਅਗਸਤ ਨੂੰ ਮੀਂਹ ਪੈਣ ਕਾਰਣ 15
ਅਗਸਤ ਨੂੰ ਖੇਡਿਆ ਗਿਆ। ਭਾਰਤੀ ਟੀਮ ਨੇ ਮੇਜ਼ਬਾਨ ਜਰਮਨੀ ਨੂੰ 8-1 ਨਾਲ ਹਰਾ ਕੇ
ਓਲੰਪਿਅਨ ਅਖ਼ਵਾਈ। ਭਾਵੇਂ ਕਿ ਇੱਕ ਅਭਿਆਸੀ ਮੈਚ ਦੌਰਾਂਨ ਭਾਰਤੀ ਟੀਮ 4-1 ਨਾਲ
ਜਰਮਨ ਤੋਂ ਪਹਿਲਾਂ ਹਾਰ ਗਈ ਸੀ। ਭਾਰਤ ਵੱਲੋਂ ਕੀਤੇ 8 ਗੋਲਾਂ ਵਿੱਚ ਦੋ ਗੋਲ
ਦਾਰਾ ਦੇ ਸਨ। ਸਨ 1940 ਅਤੇ 1944 ਦੀਆਂ ਓਲੰਪਿਕ ਖੇਡਾਂ ਸੰਸਾਰ ਯੁੱਧ ਦੀ ਭੇਂਟ
ਚੜ ਗਈਆਂ ਤਾਂ 1948 ਦੀਆਂ ਲੰਡਨ ਓਲੰਪਿਕ ਸਮੇ ਉਹ ਪਾਕਿਸਤਾਨੀ ਟੀਮ ਦਾ ਕਪਤਾਨ
ਬਣਕੇ ਖੇਡਿਆ। ਭਾਰਤੀ ਟੀਮ ਕ੍ਰਿਸ਼ਨ ਲਾਲ ਦੀ ਕਪਤਾਨੀ ਦੀ ਕਪਤਾਨੀ ਅਧੀਨ ਓਲੰਪਿਅਨ
ਅਖਵਾਈ। ਪਰ ਦਾਰਾ ਦੀ ਟੀਮ ਹਾਲੈਂਡ ਹੱਥੋਂ ਹਾਰ ਕੇ ਚੌਥੇ ਸਥਾਨ ਉੱਤੇ ਰਹੀ।
1956 ਦੀਆਂ ਮੈਲਬੌਰਨ ਓਲੰਪਿਕ ਖੇਡਾਂ ਸਮੇ ਕਰਨਲ ਦਾਰਾ ਪਾਕਿਸਤਾਨੀ ਹਾਕੀ ਟੀਮ
ਦਾ ਮੈਨੇਜਰ ਸੀ। ਸਬੱਬ ਅਜਿਹਾ ਬਣਿਆਂ ਕਿ ਫਾਈਨਲ ਭਾਰਤ-ਪਾਕਿਸਤਾਨ ਦਾ ਹੀ ਹੋਇਆ
ਅਤੇ ਭਾਰਤੀ ਟੀਮ ਜੇਤੂ ਅਖਵਾਈ। ਓਲੰਪਿਕ ਇਤਿਹਾਸ ਦਾ ਰੌਚਕ ਮੁਕਾਬਲਾ 1964 ਵਿੱਚ
ਟੋਕੀਓ ਵਿਖੇ ਹੋਇਆ। ਭਾਰਤੀ ਟੀਮ ਨੇ ਜ਼ਬਰਦਸਤ ਮੁਕਾਬਲੇ ਵਿੱਚ ਪਾਕਿਸਤਾਨ ਨੂੰ 1-0
ਨਾਲ ਹਰਾ ਕੇ 1960 ਦੀ ਰੋਮ ਓਲੰਪਿਕ ਵਿਚਲੀ ਹਾਰ ਦਾ ਹਿਸਾਬ ਚੁਕਤਾ ਕਰਿਆ। ਰੋਮ
ਵਿਖੇ ਓਲੰਪਿਅਨ ਬਣੀ ਅਤੇ 1962 ਦੀਆਂ ਏਸ਼ੀਆਈ ਖੇਡਾਂ ਵਿੱਚੋਂ ਜੇਤੂ ਰਹੀ
ਪਾਕਿਸਤਾਨੀ ਟੀਮ ਦਾ ਮੈਨੇਜਰ ਅਤੇ ਪ੍ਰਬੰਧਕ ਜਨਾਬ ਦਾਰਾ ਹੀ ਸੀ। ਜਨਾਬ ਦਾਰਾ ਦੀ
1964 ਓਲੰਪਿਕ ਸਮੇ ਵੀ ਇਹੀ ਜ਼ਿੰਮੇਵਾਰੀ ਸੀ।
ਜਿਨਾਂ ਤਿੰਨ ਪਾਕਿਸਤਾਨੀ ਹਾਕੀ ਖਿਡਾਰੀਆਂ ਨੇ ਆਪਣੇ ਹਾਕੀ ਕਲਾ –ਕੌਸ਼ਲ ਨਾਲ
ਦੁਨੀਆਂ ਤੋਂ ਲੋਹਾ ਮੰਨਵਾਇਆ ਉਹਨਾਂ ਵਿੱਚੋਂ ਦਾਰਾ ਜੀ ਇੱਕ ਸਨ। ਉਹ ਪਹਿਲੇ
ਅਜਿਹੇ ਪਾਕਿਸਤਾਨੀ ਹਾਕੀ ਖਿਡਾਰੀ ਸਨ ਜਿਹੜੇ ਕੌਮਾਂਤਰੀ ਹਾਕੀ ਸੰਘ ਦੇ ਮੀਤ
ਪ੍ਰਧਾਨ ਬਣੇ। ਇਸ ਜਾਂਬਾਜ਼ ਖਿਡਾਰੀ ਨੇ ਪਾਕਿਸਤਾਨ ਵੱਲੋਂ 11 ਮੈਚ ਖੇਡੇ । ਨੌਂ
ਗੋਲ ਕਰਨ ਵਿੱਚ ਵੀ ਸਫ਼ਲਤਾ ਹਾਸਲ ਕੀਤੀ। ਹਾਕੀ ਮੈਂਬਰਾਂ ਦੀ ਗਿਣਤੀ ਕੌਮਾਂਤਰੀ
ਪੱਧਰ ਉੱਤੇ 114 ਤੋਂ ਵੱਧ ਕਰਨ ਵਿੱਚ ਵੀ ਸਫ਼ਲ ਹੋਏ।
ਹਰ ਸਮੇ ਹਾਕੀ ਦੀ ਬਿਹਤਰੀ ਲਈ ਯਤਨਸ਼ੀਲ ਰਹਿਣ ਵਾਲੇ ਕਰਨਲ ਦਾਰਾ ਨੇ ਵਿਸ਼ਵ ਕੱਪ
ਹਾਕੀ ਮੁਕਾਬਲਾ ਅਤੇ ਚੈਂਪੀਅਨਜ਼ ਟਰਾਫ਼ੀ ਕਰਵਾਉਣ ਲਈ ਦਲੀਲਾਂ ਸਹਿਤ ਪ੍ਰਸਤਾਵ ਐਫ਼
ਆਈ ਐਚ ਅੱਗੇ ਨੂਰਖ਼ਾਨ ਨੂੰ ਨਾਲ ਲੈਂਦਿਆਂ ਸਫ਼ਲਤਾ ਨਾਲ ਰੱਖੇ ਅਤੇ ਪਾਸ ਕਰਵਾਏ।
ਪਾਕਿਸਤਾਨੀ ਹਾਕੀ ਖੇਡ ਦੇ ਸਿਤਾਰੇ ਬ੍ਰਿਗੇਡੀਅਰ ਐਮ ਐਚ ਆਤਿਫ਼ ਦੀ ਹਾਕੀ ਜਗਤ ਲਈ
ਸ਼ਮੂਲੀਅਤ ਨੂੰ ਵੀ ਜਨਾਬ ਦਾਰਾ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਮੰਨਿਆਂ ਜਾਂਦਾ ਹੈ।
ਫ਼ੌਜ ਵਿੱਚ ਕਰਨਲ ਦੇ ਅਹੁਦੇ ਤੱਕ ਅਪੜਨ ਵਾਲੇ ਏ ਆਈ ਐਸ ਦਾਰਾ ਨੇ ਏਸ਼ੀਆ ਕੱਪ ਸ਼ੁਰੂ
ਕਰਨ ਦੀ ਗੱਲ ਵੀ ਆਖੀ ਸੀ। ਪਰ ਇਹ ਉਹਨਾਂ ਦੇ ਜਿਉਂਦੇ ਜੀਅ ਪੂਰੀ ਨਾਂ ਹੋ ਸਕੀ।
ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫ਼ੀ ਬਾਰੇ ਉਹ ਕਿਹਾ ਕਰਦੇ ਸਨ ਠ“ਵੇਖਣਾ ਇੱਕ ਨਾ
ਇੱਕ ਦਿਨ ਇਹ ਹਾਕੀ ਮੁਕਾਬਲੇ ਪੂਰੀ ਦੁਨੀਆਂ ਵਿੱਚ ਮਕਬੂਲ ਹੋਣਗੇ, ਪਰ ਉਦੋਂ ਮੈਂ
ਨਹੀਂ ਹੋਵਾਂਗਾ “ ਅੱਜ ਦਾਰਾ ਜੀ ਯਾਦ ਦਿਵਾਉਂਦੇ ਇਹ ਮੁਕਾਬਲੇ ਸਫ਼ਲਤਾ ਸਹਿਤ ਚੱਲ
ਰਹੇ ਹਨ। ਚੈਂਪੀਅਨਜ਼ ਟਰਾਫ਼ੀ 33 ਵਾਰ ਖੇਡੀ ਜਾ ਚੁੱਕੀ ਹੈ।
ਉਧਰ 1981 ਦੀ ਚੈਂਪੀਅਨਜ਼ ਟਰਾਫ਼ੀ ਦਾ ਫ਼ਾਈਨਲ 16 ਜਨਵਰੀ ਨੂੰ ਚੱਲੀ ਜਾ ਰਿਹਾ
ਸੀ ਅਤੇ ਇਧਰ ਦਾਰਾ ਜੀ ਆਖ਼ਰੀ ਸਾਹ ਲੈਂਦੇ ਹੋਏ ਅੱਲਾ ਨੂੰ ਪਿਆਰੇ ਹੋ ਗਏ ਸਨ। ਪਰ
ਅੱਜ ਵੀ ਹਾਕੀ ਖੇਡ ਦਾ ਨਾਂਅ ਲੈਂਦਿਆਂ, ਹਾਕੀ ਸਟਿੱਕ ਉਤੇ ਹੱਥ ਰਖਦਿਆਂ ਹੀ ਮੇਜਰ
ਧਿਆਂਨ ਚੰਦ ਵਾਂਗ ਕਰਨਲ ਦਾਰਾ ਦੀ ਯਾਦ ਵੀ ਤਰੋਤਾਜਾ ਹੋ ਜਾਇਆ ਕਰਦੀ ਹੈ। ਹਾਕੀ
ਅੰਬਰ ਵਿੱਚ ਉਹ ਅੱਜ ਵੀ ਧਰੂ ਤਾਰੇ ਵਾਂਗ ਚਮਕਦੇ-ਦਮਕਦੇ ਪ੍ਰਤੀਤ ਹੁੰਦੇ ਹਨ ਅਤੇ
ਹਮੇਸ਼ਾਂ ਇਹ ਇਵੇਂ ਹੀ ਜਾਪਦਾ ਰਹੇਗਾ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232
|