ਸਤੰਬਰ 1972 ਵਿਚ ‘ਆਰਸੀ’ ਵਿਚ ਛਪਿਆ ਇਹ ਲੇਖ਼ ਬੜਾ
ਸਲਾਹਿਆ ਗਿਆ ਸੀ। ਇਕ ਸਾਹਿਤਕ ਇਤਿਹਾਸਕ ਦਸਤਾਵੇਜ਼ ਵਜੋਂ ਇਹ ਫੇਰ ਹਾਜ਼ਰ ਹੈ। ਇਸ
ਮੁਸ਼ਾਇਰੇ ਵਿਚ ਸਟੇਜ ਤੋਂ ਕਵਿਤਾਵਾਂ ਪੜ੍ਹਨ ਵਾਲੇ ਬਹੁ ਗਿਣਤੀ ਸ਼ਾਇਰ ਸਾਡੇ
ਵਿਚਕਾਰ ਨਹੀਂ ਰਹੇ। ਉਨ੍ਹਾਂ ਦੀ ਯਾਦ ਨੂੰ ਵੀ ਇਹ ਸਮਰਪਤ ਹੈ। ਇਸ ਲੇਖ਼ ਵਿਚੋਂ
ਤੁਹਾਨੂੰ ਇਹ ਵੀ ਦਿਸੇਗਾ ਕਿ ਉਨ੍ਹੀਂ ਦਿਨੀਂ ਯੂ ਕੇ ਵਿਚ ਸਾਡੇ ਲੋਕਾਂ ਨੂੰ ਕਵੀ
ਦਰਬਾਰ ਅਟੈਂਡ ਕਰਨ ਦਾ ਕਿੰਨਾ ਸ਼ੌਕ ਹੁੰਦਾ ਸੀ। ਅਜਕਲ ਭਾਵੇਂ ਆਪਣੇ ਲੋਕਾਂ ਦਾ
ਇੰਗਲੈਂਡ ਵਿਚ ਜਿਵੇਂ ਹੜ੍ਹ ਹੀ ਆ ਗਿਆ ਹੈ ਪਰ ਮੁਸ਼ਾਰਿਆਂ ਵਿਚ ਢਾਈ ਟੋਟਰੂ ਹੀ
ਹਾਜ਼ਰੀ ਭਰਦੇ ਹਨ- ਨਵੀਂ ਪੀੜ੍ਹੀ ਦੇ ਲੋਕ ਤਾਂ ਬਿਲਕੁਲ ਹੀ ਨਹੀਂ। ਇਥੇ ਇਹ ਗੱਲ
ਮੈਂ ਬੜੇ ਦੁੱਖ ਨਾਲ ਦੱਸ ਰਿਹਾ ਹਾਂ ਕਿ ਮਿੱਤਰ ਪਿਆਰਾ ਸੁਰਜੀਤ ਵਿਰਦੀ ਬਰਮਿੰਘਮ
ਤੋਂ ਪਰਤਣ ਤੋਂ ਕੇਵਲ ਦੋ ਦਿਨਾਂ ਬਾਅਦ ਹਾਰਟ ਅਟੈਕ ਨਾਲ ਸਾਨੂੰ ਸਦਾ ਲਈ ਛੱਡ ਗਿਆ
ਸੀ। ਤਾਅਜੁਬ ਇਹ ਵੀ ਸੀ ਕਿ ਇਹ ਲੇਖ਼ ਮੈਂ ਹੁਣੇ ਹੁਣੇ ਹੀ ‘ਦੇਸ ਪਰਦੇਸ’ ਲਈ ਡਾਕ
ਵਿਚ ਪਾ ਕੇ ਆਇਆ ਸਾਂ।
18 ਮਾਰਚ 1972 ਵਾਲੇ ਦਿਨ ਬਰਮਿੰਘਮ ਦੇ ਡਿਗਬਥ ਹਾਲ (ਇਸ ਹਾਲ ਦਾ ਨਾਮ ਸਾਡੇ
ਲੋਕਾਂ ਨੇ ‘ਡਿਗ ਬਾਥ ਵਿਚ’ ਰੱਖਿਆ ਹੋਇਆ ਸੀ) ਵਿਚ ਹੋਏ ਇਕ ਮੁਸ਼ਾਇਰੇ ਵਿਚ
ਸ਼ਾਮਲ ਹੋਣ ਲਈ ਮੈਨੂੰ ਪ੍ਰਬੰਧਕਾਂ ਵਲੋਂ ਬੜੀਆਂ ਤਾਕੀਦਾਂ ਕੀਤੀਆਂ ਗਈਆਂ ਕਿ ਮੈਂ
ਜ਼ਰੂਰ ਹੀ ਹਾਜ਼ਰੀ ਭਰਾਂ ਤੇ ਘੜੀ ਮੁੜੀ ਇਸ ਦਾਅਵਤ ਦੀ ਯਾਦ ਦਿਲਾਈ ਗਈ ਸੀ ਤੇ ਇਹ
ਵੀ ਕਿਹਾ ਗਿਆ ਸੀ ਕਿ ਤੁਹਾਡਾ ਨਾ ਆਉਣਾ ਸਾਨੂੰ ਚੰਗਾ ਨਹੀਂ ਲੱਗਣਾ। ਮੇਰੇ ਕੋਲ
ਕਾਰ (ਟਰਾਇੰਫ) ਤਾਂ ਸੀ ਪਰ ਪੁਰਾਣੀ ਹੋਣ ਕਾਰਨ ਉਸ ਦੇ ਰਾਹ ਵਿਚ ਖਰਾਬ ਹੋਣ ਦੇ
ਕਾਫੀ ਚਾਂਸਜ਼ ਸਨ। ਨੌਰਥ ਲੰਡਨ
ਤੋਂ ਉਹ ਬਰਮਿੰਘਮ ਸੁੱਖੀ ਸਾਂਦੀ ਲੈ ਵੀ ਜਾਵੇਗੀ ਜਾਂ ਨਹੀਂ ਇਸ ਵਾਰੇ ਵੀ ਮੇਰੇ
ਮਨ ਵਿਚ ਕਾਫੀ ਸੰਦੇਹ ਸੀ। ਪਰ ਏਨੇ ਰੂਹਦਾਰ ਬੰਦਿਆਂ ਨੂੰ ਨਾਂਹ ਵੀ ਕਿਵੇਂ ਕੀਤੀ
ਜਾ ਸਕਦੀ ਸੀ? ਸੋ ਜਾਣਾ ਜ਼ਰੂਰੀ ਸੀ। ਆਪਣੇ ਵਧੀਆ ਸਾਥ ਲਈ ਮੈਂ ਆਪਣੇ ਮਿੱਤਰ
ਪਿਆਰੇ ਸੁਰਜੀਤ ਵਿਰਦੀ (ਜੀਤੀ) ਨੂੰ ਤਿਆਰ ਕਰ ਲਿਆ। ਉਹ ਕਹਾਣੀ ਲੇਖ਼ਕ ਤਾਂ ਸੀ
ਪਰ ਕਵੀ ਨਹੀਂ ਸੀ। ਪਰ ਮੁਸ਼ਾਇਰਿਆਂ ਵਿਚ ਅਕਸਰ ਹੀ ਸਾਡੇ ਨਾਲ ਟੁਰ ਪੈਂਦਾ ਸੀ।
ਸੋ ਅੱਜ ਵੀ ਮੈਂ ਉਸ ਨੂੰ ਈਸਟ ਲੰਡਨ ਤੋਂ ਪਿੱਕ ਕਰ ਲਿਆ ਤੇ ਲੰਮੇ ਸਫਰ ‘ਤੇ ਟੁਰਨ
ਤੋਂ ਪਹਿਲਾਂ ਵਾਪਸ ਐਡਮਿੰਟਨ ਆ ਕੇ ਖਾਣਾ ਖਾਧਾ। ਮੇਰੀ ਪਤਨੀ ਨੂੰ ਪਤਾ ਸੀ ਕਿ ਉਹ
ਦੁਧ ਦਹੀਂ ਸਮੇਤ ਕਈ ਸਬਜ਼ੀਆਂ ਵੀ ਨਹੀਂ ਸੀ ਖਾਂਦਾ ਹੁੰਦਾ। ਖ਼ੈਰ ਯਸ਼ ਨੇ ਜੀਤੀ
ਦਾ ਮਨ ਪਸੰਦ ਖਾਣਾ ਤਿਆਰ ਕਰ ਲਿਆ ਹੋਇਆ ਸੀ। ਸੁਰਜੀਤ ਵਿਰਦੀ ਨਿਹਾਇਤ ਵਧੀਆ
ਲਤੀਫੇਬਾਜ਼ ਸੀ। ਅਸੀਂ ਸਾਰਾ ਰਾਸਤਾ ਹੱਸਦੇ ਹਸਾਉਂਦੇ ਬਰਮਿੰਘਮ ਪੁੱਜਣ ਵਾਲੇ ਹੀ
ਸਾਂ ਕਿ ਕਾਰ ਅਚਾਨਕ ਖੜ੍ਹ ਗਈ। ਧੱਕੇ ਦੇ ਕੇ ਅਸੀਂ ਇਹਨੂੰ ਇਕ ਗੈਰਾਜ ਤੀਕ ਲੈ
ਗਏ। ਚੰਗੇ ਗੋਰੇ ਨੇ ਕੁਝ ਹੀ ਦੇਰ ਵਿਚ ਇਸ ਨੂੰ ਚੱਲਦੀ ਕਰ ਦਿੱਤਾ ਪਰ ਉਨੀ ਦੇਰ
ਤੀਕ ਅਸੀਂ ਇਕ ਘੰਟਾ ਲੇਟ ਹੋ ਗਏ ਤੇ ਡਿਗਬਥ ਹਾਲ ਤੀਕ ਪੁੱਜਦਿਆਂ ਮੁਸ਼ਾਇਰਾ
ਸ਼ੁਰੂ ਹੋ ਚੁੱਕਿਆ ਸੀ। ਸਾਨੂੰ ਲੇਟ ਪੁਜਣ ਦੀ ਸਜ਼ਾ ਇਹ ਮਿਲੀ ਕਿ ਹਾਲ ਦੇ ਬੂਹੇ
ਬੰਦ ਪਾਏ ਗਏ। ਕੇਵਲ ਬੰਦ ਹੀ ਨਹੀਂ ਜਿੰਦਰੇ ਵੀ ਵੱਜੇ ਹੋਏ ਸਨ। ਹੱਥ ਵਿਚ ਚਾਬੀਆਂ
ਦਾ ਗੁੱਛਾ ਲਈ ਖੜੋਤਾ ਕੁੰਢੀਆਂ ਮੁੱਛਾਂ ਵਾਲਾ ਗੋਰਾ ਦਰਬਾਨ ਮੱਥੇ ਤਿਊੜੀਆਂ ਪਾਈ
ਅੰਦਰ ਦਾਖ਼ਲ ਹੋਣ ਲਈ ਹੱਥ ਪੈਰ ਮਾਰਦੇ ਹਜੂਮ ਨੂੰ ਘੁਰ ਰਿਹਾ ਸੀ ਤੇ ਵਾਰ ਵਾਰ
ਧਮਕੀਆਂ ਦੇ ਰਿਹਾ ਸੀ ਕਿ ਤੁਹਾਨੂੰ ਵੀਹ ਵੇਰ ਕਿਹਾ ਹੈ ਕਿ ਅੰਦਰ ਹੋਰ ਜਗ੍ਹਾ
ਨਹੀਂ ਹੈ ਤੇ ਪਹਿਲਾਂ ਹੀ ਜ਼ਰੂਰਤ ਨਾਲੋਂ ਵੱਧ ਲੋਕ ਅੰਦਰ ਦਾਖਲ ਹੋ ਚੁੱਕੇ ਹਨ।
ਇਥੇ ਫਾਇਰ ਦਾ ਖ਼ਤਰਾ ਪੈਦਾ ਹੋ ਜਾਵੇ ਤਾਂ ਕਹਿਰ ਵਾਪਰ ਸਕਦਾ ਹੈ। ਫਿਰ ਹੋਰ ਵੀ
ਕਰੜੀ ਆਵਾਜ਼ ਵਿਚ ਉਹ ਆਖ਼ਦਾ ਕਿ ਅਗਰ ਬਹੁਤਾ ਖੌਰੂ ਪਾਇਆ ਤਾਂ ਪੁਲੀਸ ਬੁਲਾ ਲਈ
ਜਾਵੇਗੀ। ਉਹਦੀ ਤਿਊੜੀ ਨਾ ਝੱਲ ਸਕਣ ਵਾਲੇ ਕਿਰਨਮ ਕਿਰਨੀ ਨਾਲ ਦੇ ਪੱਬਾਂ ਵੱਲ ਹੋ
ਟੁਰੇ ਪਰ ਸਾਡੇ ਵਰਗੇ ਢੀਠ ਉਥੇ ਹੀ ਖੜ੍ਹੇ ਰਹੇ ਤੇ ਕਿਸੇ ਨਾ ਕਿਸੇ ਢੰਗ ਨਾਲ
ਅੰਦਰ ਲੰਘਣ ਦਾ ਯਤਨ ਕਰਦੇ ਰਹੇ। ਮੈਂ ਤੇ ਸੁਰਜੀਤ ਵਿਰਦੀ ਦਰਬਾਨਾਂ ਤੋਂ ਅੱਖ
ਬਚਾਉਂਦੇ ਹੋਏ ਉਪਰਲੀ ਬਾਲਕੋਨੀ ਤੋਂ ਹੁੰਦੇ ਹੋਏ ਹਾਲ ਦੀ ਖ਼ਚਾ ਖ਼ੱਚ ਭਰੀ ਹੋਈ
ਗੈਲਰੀ ਅੰਦਰ ਜਾ ਵੜੇ। ਜੀਤੀ ਹੱਸੀ ਜਾ ਰਿਹਾ ਸੀ,” ਇਸ ਸਾਲੇ ਦਰਬਾਨ ਨੂੰ ਇਹ
ਨਹੀਂ ਪਤਾ ਕਿ ਜਿਹੜੇ ਬੰਦੇ ਸੱਤ ਸਮੁੰਦਰੋਂ ਪਾਰ ਕਰਕੇ ਇੰਗਲੈਂਡ ਆ ਸਕਦੇ ਹਨ, ਉਹ
ਆਹ ਅੰਦਰ ਆਉਣ ਦੀ ਗੱਲ ਨੂੰ ਭਲਾ ਕੀ ਸਮਝਦੇ ਆ?” ਸਾਹਮਣੇ ਹੇਠਾਂ ਸਟੇਜ ਉੱਤੇ
ਕਤਰੀ ਹੋਈ ਦਾਹੜੀ ਤੇ ਪੀਚਵੀਂ ਨੀਲੀ ਪੱਗ ਵਾਲਾ ਸਟੇਜ ਸਕੱਤਰ ਲੋਕਾਂ ਨੂੰ ਚੁੱਪ
ਦਾ ਦਾਨ ਬਖ਼ਸ਼ਣ ਲਈ ਇੰਝ ਬੇਨਤੀਆਂ ਕਰ ਰਿਹਾ ਸੀ ਜਿਵੇਂ ਉਹ ਡਿਗਬਥ ਹਾਲ ਵਿਚ
ਨਹੀਂ ਬਲਕਿ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਬੋਲ ਰਿਹਾ ਹੋਵੇ। ਪਹਿਲੇ ਸ਼ਾਇਰ ਨੇ
ਸ਼ਹੀਦੀ ਗੀਤਾਂ ਤੋਂ ਬਾਅਦ ਫੇਰ ਚੁਪ ਦਾ ਦਾਨ ਬਖ਼ਸ਼ਣ ਦੀ ਬੇਨਤੀ ਕੀਤੀ ਤਾਂ ਇਕ
ਜਣੇ ਨੇ ਫੇਰ ਆਵਾਜ਼ਾ ਕੱਸਿਆ,” ਉਇ ਵੱਡਿਆ ਗਿਆਨੀਆਂ ਦੱਬਕਾ ਮਾਰ ਇਨ੍ਹਾਂ ਨੂੰ।
ਆਪੇ ਚੁੱਪ ਕਰ ਜਾਣਗੇ।” ਸਟੇਜ ਸਕੱਤਰ ਬੋਲੀ ਜਾ ਰਿਹਾ ਸੀ ਹਾਜ਼ਰ ਕਵੀਆਂ ਦਾ ਨਾਮ
ਲੈਂਦਿਆਂ ਹੋਇਆਂ ਮੇਰੇ ਵਰਗੇ ਗ਼ੈਰਹਾਜ਼ਰਾਂ ਵਾਰੇ ਵੀ ਕਹਿ ਰਿਹਾ ਸੀ ਕਿ ਦੇਖੋ ਜੀ
ਅਗਰ ਕਵੀ ਹੀ ਐਪੁਆਂਟਮੈਂਟ ਨਹੀਂ
ਰਖਦੇ ਤਾਂ ਔਰਡੀਨਰੀ ਬੰਦਿਆਂ ਨੂੰ
ਕੀ ਕਹਿ ਸਕਦੇ ਆਂ?” ਸੁਰਜੀਤ ਵਿਰਦੀ ਬੋਲਿਆ,” ਬੈਠਾ ਐਥੇ ਮੇਰੇ ਕੋਲ ਸਾਥੀ ਪਰ ਆਹ
ਪਤੰਦਰ ਡੋਰ ‘ਤੇ ਖ਼ੜ੍ਹਾ ਗਾਰਡ
ਨਹੀ ਸੀ ਲੰਘਣ ਦਿੰਦਾ” ਲੇਕਿਨ ਹਾਲ ਵਿਚ ਏਨੀ ਕਾਵਾਂ ਰੌਲ਼ੀ ਪਈ ਹੋਈ ਸੀ ਕਿ ਜੀਤੀ
ਦੀ ਆਵਾਜ਼ ਆਲ਼ੇ ਦੁਆਲ਼ੇ ਦੇ ਦੋ ਚਾਰ ਦੇ ਕੰਨਾਂ ਵਿਚ ਹੀ ਪਈ ਹੋਵੇਗੀ। ਉਦੋਂ ਤੀਕ
ਮੈਂ ਵੀ ਜੀਤੀ ਨੂੰ ਕਹਿ ਦਿਤਾ,” ਛੱਡ ਯਾਰ ਕਵਿਤਾਵਾਂ ਤਾਂ ਪੜ੍ਹਦੇ ਹੀ ਰਹੀਦਾ। ਆ
ਅੱਜ ਹਾਜ਼ਰੀਨੇ- ਮੁਸ਼ਾਇਰਾ ਦੀਆਂ ਗੱਲਾਂ ਸੁਣੀਏ।” ਜੀਤੀ ਮੰਨ ਗਿਆ ਤੇ ਨਾਲ ਹੀ
ਕਹਿ ਗਿਆ,” ਚੱਲ ਤੂੰ ਮੈਨੂੰ ਸੁਣਾ ਲਈਂ ਆਪਣੀਆਂ ਕਵਿਤਾਵਾਂ ਰਾਤ ਨੂੰ ਪਰ ਪਹਿਲਾਂ
ਮੈਨੂੰ ਰੱਜ ਕੇ ਪੀ ਲੈਣ ਦੇਈਂ। ਸੋਫ਼ੀ ਬੰਦਾ ਕਵਿਤਾ ਕਿਥੇ ਸੁਣ ਸਕਦਾ?” ਮੈਂ
ਉਹਦੇ ਹੁੱਝ ਮਾਰੀ ਤਾਂ ਉਸ ਨੇ ਹਾਸੇ ਦੀਆਂ ਕਿਲਕਾਰੀਆਂ ਛੱਡੀਆਂ।
ਸਟੇਜ ਸਕੱਤਰ ਨੇ ਨਿਰੰਜਣ ਸਿੰਘ ਨੂਰ ਦਾ ਨਾਮ ਬੋਲਿਆ। ਹਾਲ ‘ਚ ਖ਼ੂਬ ਤਾਲੀਆਂ
ਵੱਜੀਆਂ। ਲਗਦਾ ਸੀ ਕਿ ਮਿੱਡਲੈਂਡ ਦੇ ਏਰੀਏ ਵਿਚ
ਨੂਰ ਦਾ ਸਿੱਕਾ ਚੱਲਿਆ ਹੋਇਆ ਸੀ। ਪੰਜਾਬ ਵਿਚ ਉਹ ‘ਨਾਕਿਸ’ ਦੇ ਨਾਂ ਨਾਲ ਜਾਣਿਆਂ
ਜਾਂਦਾ ਸੀ। ਯੂ ਕੇ ‘ਚ ਆਕੇ ਉਸ ਨੇ ਆਪਣੇ ਆਪ ਨੂੰ ਪਰੋਮੋਸ਼ਨ
ਦੇ ਲਈ ਸੀ ਤੇ ਨਾਕਿਸ ਤੋਂ ਨੂਰ ਬਣ ਗਿਆ
ਸੀ ਜਾਂ ਕਹਿ ਲਓ ਕਿ ਉਸ ਨੂੰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੇ ਪਰੋਮੋਸ਼ਨ
ਦੇ ਦਿਤੀ। ਦਾਰ ਜੀ ਜਦੋਂ ਸੱਠਵਿਆਂ ਵਿਚ
ਇੰਗਲੈਂਡ ਆਏ ਸਨ ਤਾਂ ਉਨ੍ਹਾਂ ਨੇ ਨਿਰੰਜਣ ਸਿੰਘ ਨਾਕਿਸ ਨੂੰ ਜਦੋਂ ਸੁਣਿਆਂ ਤਾਂ
ਕਿਹਾ ਕਿ ਬਈ ਤੂੰ ਅੱਜ ਤੋਂ ਨਾਕਿਸ (ਨਾਚੀਜ਼)
ਨਹੀਂ ਰਿਹਾ, ਨੂਰ ਬਣ ਗਿਆ ਹੈਂ। ਸੋ ਨਿਰੰਜਣ ਸਿੰਘ ਨੇ ਉਸੇ ਦਿਨ ਤੋਂ ਆਪਣੇ ਆਪ
ਨੂੰ ਨੂਰ ਲਿਖ਼ਣਾ ਤੇ ਕਹਿਣਾ ਸ਼ੁਰੂ ਕਰ ਦਿਤਾ। ਦੇਸ ‘ਚ ਉਹ ਕਰਤਾਰ ਸਿੰਘ ਬਲੱਗਣ,
ਭਗਤ ਰਾਮ ਪਤੰਗਾ, ਬਿਸ਼ਨ ਸਿੰਘ ਉਪਾਸ਼ਕ, ਵਿਧਾਤਾ ਸਿੰਘ ਤੀਰ ਤੇ ਨੰਦ ਲਾਲ
ਨੂਰਪੁਰੀ ਆਦਿ ਵਰਗੇ ਹੰਢੇ ਹੋਏ ਸ਼ਾਇਰਾਂ ਦੀ ਢਾਣੀ ਦਾ ਕਵੀ ਸੀ ਤੇ ਹੁਣ ਉਸਨੇ
ਇੰਗਲੈਂਡ ਵਿਚ ਆਪਣੇ ਝੰਡੇ ਗੱਡ ਦਿਤੇ ਸਨ। ਉਹ ਮੇਰਾ ਇੰਡੀਆ
ਤੋਂ ਗੂੜ੍ਹਾ ਮਿੱਤਰ ਚਲਿਆ ਆ ਰਿਹਾ ਸੀ।
ਇੰਡੀਆ ਵਿਚ ਨਿਰੰਜਣ ਸਿੰਘ ਨੂਰ ਪੱਗ ਬਨ੍ਹਦਾ ਹੁੰਦਾ ਸੀ ਤੇ ਸਰੀਰ ਦਾ ਕਹਿਰਾ ਸੀ।
ਇਥੇ ਆ ਕੇ ਉਸ ਨੇ ਵਾਲ ਕਟਾ ਲਏ ਤਾਂ ਹੋਰ ਵੀ ਛੀਂਟਕਾ ਜਿਹਾ ਲੱਗਣ ਲੱਗ ਪਿਆ ਸੀ
ਬਲਕਿ ਬਹੁਤ ਹੀ ਮਾੜਚੂ ਜਿਹਾ ਲਗਦਾ ਸੀ। ਅੱਜ ਡਿਗਬੈਥ ਹਾਲ ਵਿਚ ਜਦੋਂ ਉਹ ਸਟੇਜ
‘ਤੇ ਆਇਆ ਤਾਂ ਦਰਸ਼ਕਾਂ ਦਾ ਉਤਸ਼ਾਹ ਦੇਖ਼ਣ ਵਾਲਾ ਹੀ ਸੀ। ਜੋਸ਼ੀਲੇ ਹਾਜ਼ਰੀਨੇ-
ਮੁਸ਼ਾਇਰਾ ਉਹਦੇ ਇਕ ਇਕ ਸ਼ੇਅਰ ‘ਤੇ ਤਾਲੀਆਂ ਵਜਾ ਰਹੇ ਸਨ। ਇਕ ਬੰਦਾ ਤਾਂ ਏਨਾ
ਖ਼ੁਸ਼ ਹੋਇਆ ਕਿ ਸਟੇਜ ਉਤੇ ਹੀ ਚੜ੍ਹ ਆਇਆ ਤੇ ਨੂਰ ਦੀ ਜੇਬ ਵਿਚ ਇਕ ਪੌਂਡ ਦਾ
ਨੋਟ ਤੁੰਨ੍ਹਦਿਆਂ ਉਹਦੇ ਹੱਥੋਂ ਮਾਈਕ ਖੋਹ ਕੇ ਬੋਲਿਆ,” ਨੂਰ ਸਿਆਂ ਕਵਿਤਾ ਤਾਂ
ਤੂੰ ਸੁਹਣੀ ਲਿਖਦਾਂ ਪਰ ਐਸ ਪੌਂਡ ਦੀ ਪਹਿਲਾਂ ਬੀਅਰ ਪੀ ਕੇ ਆ ਤੇ ਸਿਹਤ ਬਣਾ।
ਫੇਰ ਤੈਨੂੰ ਕਵਿਤਾ ਉਤਰੂ ਹੋਰ ਵੀ ਫਟਾ ਫੱਟ।” ਸਾਰਾ ਹਾਲ ਤਾਲੀਆਂ ਨਾਲ ਗੂੰਜ
ਉਠਿਆ। ਪਰ ਨੂਰ ਦੇ ਸਟੇਜ ਤੋਂ ਜਾਣ ਤੋਂ ਬਾਅਦ ਸਟੇਜ ਸਕੱਤਰ ਨੇ ਪੌਂਡ ਦੇਣ ਵਾਲੇ
ਨੂੰ ਕਰੜੀ ਭਾਸ਼ਾ ਵਿਚ ਝਿੜਕ ਦਿਤਾ ਤੇ ਕਿਹਾ ਕਿ ਇਸ ਕਿਸਮ ਦੀ ਟਿੱਪਣੀ ਦੀ
ਇਜਾਜ਼ਤ ਨਹੀਂ ਦਿਤੀ ਜਾਵੇਗੀ। ਬਲਕਿ ਉਸ ਨੇ ਹਾਜ਼ਰੀਨਾਂ ਨੂੰ ਕਵੀ ਜਨਾਂ ਨੂੰ
ਪੈਸੇ ਨਾ ਦੇਣ ਦੀ ਹਦਾਇਤ ਹੀ ਕਰ ਦਿਤੀ। ਸਾਡੇ ਚੋਂ ਇਕ ਸ਼ਰਾਬੀ ਕਿਸਮ ਦਾ ਬੰਦਾ
ਬੋਲਿਆ,” ਉਇ ਤੇਰਾ ਕੀ ਢਿੱਡ ਦੁਖ਼ਦਾ ਜੇ ਕਵੀਸ਼ਰਾਂ ਨੂੰ ਬੀਅਰ ਬੱਤੇ ਜੋਗੇ ਪੈਸੇ
ਮਿਲ਼ ਜਾਣ?” ਇਕ ਜਣਾ ਹੋਰ ਬੋਲਿਆ,” ਸਾਲਾ ਜੈਲਸ ਆ।”
ਹੁਣ ਮੈਨੂੰ ਮਹਿਸੂਸ ਹੋਣ ਲਗ ਪਿਆ ਸੀ ਕਿ ਹਾਜ਼ਰੀਨੇ -ਮੁਸ਼ਾਇਰਾ ਵਿਚ ਬੈਠਣ
ਦਾ ਹੋਰ ਹੀ ਮਜ਼ਾ ਹੈ। ਸਟੇਜ ‘ਤੇ ਬਾਕੀ ਸ਼ਾਇਰਾਂ ਨਾਲ਼ ਬੈਠ ਕੇ ਤਾਂ ਚੁੱਪ ਚਾਪ
ਮੋਮ ਦੇ ਬੁੱਤ ਬਣਕੇ ਬੈਠਣਾ ਪੈਂਦਾ ਹੈ। ਕੁਝ ਸ਼ਾਇਰਾਂ ਦੀ ਘਟੀਆ ਤੋਂ ਘਟੀਆ
ਸ਼ਾਇਰੀ ਦੀ ਵੀ ਦਾਦ ਦੇਣੀ ਪੈਂਦੀ ਹੈ ਤੇ ਹਾਜ਼ਰੀਨੇ ਮੁਸ਼ਾਇਰਾ ਦੀਆਂ ਨਜ਼ਰਾਂ
ਵਿਚ ਚੰਗਾ ਚੰਗਾ ਲੱਗਣਾ ਪੈਂਦਾ ਹੈ। ਸਟੇਜ ਉਤੇ ਬੈਠੇ ਕਈ ਸ਼ਾਇਰ ਆਪਣੇ ਅੰਦਰਲੇ
ਕਾਂਬੇ ਉਤੇ ਕਾਬੂ ਪਾਉਣ ਦੇ ਆਹਰ ਵਿਚ ਹੁੰਦੇ ਹਨ। ਅਗਰ ਉਨ੍ਹਾਂ ਤੋਂ ਪਹਿਲਾਂ ਦੇ
ਸ਼ਾਇਰ ਦੀ ਹੂਟਿੰਗ ਹੋ ਜਾਵੇ ਤਾਂ ਇਹ ਹੋਰ ਵੀ ਡਰ ਜਾਂਦੇ ਹਨ। ਕਈ ਬਾਕੀ
ਦੇ ਸ਼ਾਇਰਾਂ ਨੂੰ ਉਂਝ ਤਾਂ ਟਿੱਚ ਨਹੀਂ ਸਮਝਦੇ ਪਰ ਉਸ ਦੇ ਮੂੰਹ ‘ਤੇ ਕਹਿੰਦੇ
ਹਨ,” ਖ਼ੂਬ ਰਹੀ ਬਈ। ਕਮਾਲ ਦੀ ਨਜ਼ਮ ਹੈ ਬਈ।” ਪਰੰਤੂ ਜੇਕਰ ਕਿਸੇ ਦੀ ਨਜ਼ਮ
ਵਾਕਈ ਹੀ ਹਿੱਟ ਹੋ ਜਾਵੇ ਤਾਂ ਕਹਿਣਗੇ,” ਕਵਿਤਾ ਤਾਂ ਈਹਦੀ ਕੌਡੀ ਦੀ ਵੀ ਨਹੀਂ
ਸੀ ਪਰ ਐਵੇਂ ਹੀ ਆਪਣੀ ਆਵਾਜ਼ ਦੀ ਬੁਲੰਦੀ ਨਾਲ ਲੋਕਾਂ ‘ਤੇ ਰੋਅਬ ਪਾ ਗਿਐ।”
ਸਰੋਤਿਆਂ ਵਿਚਕਾਰ ਖ਼ਲੋ ਕੇ ਤੁਸੀਂ ਸਰੋਤਿਆਂ ਵਰਗੇ ਹੀ ਹੋ ਜਾਂਦੇ ਹੋ ਤੇ
ਤੁਹਾਨੂੰ ਆਮ ਲੋਕਾਂ ਵਰਗਾ ਅਹਿਸਾਸ ਵੀ ਹੁੰਦਾ ਹੈ ਤੇ ਇਹ ਤੁਹਾਡੇ ਮਨ ਵਿਚ ਇਕ
ਹੁਲਾਸ ਲਿਆਉਂਦਾ ਹੈ। ਸਟੇਜ ‘ਤੇ ਬੈਠੇ ਹੋਏ ਤੇ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ
ਤੁਸੀਂ ਇਕ ਕਿਸਮ ਦੇ ਪਰੈਸ਼ਰ ਵਿਚ ਹੁੰਦੇ ਹੋ ਪਰ ਸਰੋਤਿਆਂ ਵਿਚ ਬੈਠੇ ਤੁਸੀਂ
ਬੇਪਰਵਾਹ ਤੇ ਫੁੱਲਾਂ ਵਰਗੇ ਹੌਲੇ ਮਹਿਸੂਸ ਕਰਦੇ ਹੋ। ਤੁਸੀਂ ਜੋ ਚਾਹੋ ਬੋਲ ਸਕਦੇ
ਹੋ। ਜੋ ਦਿਲ ਕਰੇ, ਟਿੱਪਣੀ ਕਰ ਸਕਦੇ ਹੋ। ਬਸ ਇਹੋ ਇਕ ਅਹਿਸਾਸ ਸੀ ਜਿਹੜਾ
ਬਰਮਿੰਘਮ ਦੇ ਇਸ ਸਮਾਗਮ ਵਿਚ ਵਿਚ ਮੈਨੂੰ ਪਹਿਲੀ ਵੇਰ ਹੋਇਆ ਸੀ। ਇਸੇ ਲਈ ਮੈਂ ਇਸ
ਆਮ ਲੋਕਾਂ ਦੇ ਸਮੁੰਦਰ ਨੂੰ ਲੰਘ ਕੇ ਸਟੇਜ ਉਤੇ ਬੈਠੇ ਸ਼ਾਇਰਾਂ ਵਿਚਕਾਰ ਬੈਠਣ ਦਾ
ਵਿਚਾਰ ਛੱਡ ਦਿਤਾ ਸੀ।
ਸੁਰਜੀਤ ਹਾਂਸ ਮਾਈਕਰੋਫੋਨ ਅੱਗੇ ਆਇਆ ਤਾਂ ਕਿਸੇ ਨੇ ਸਰੋਤਿਆਂ ਚੋਂ ਜੈਕਾਰਾ
ਛੱਡਿਆ,” ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫਤਿਹ।” ਹਾਲ ਵਿਚੋਂ
ਬਹੁਤਿਆਂ ਨੇ ਮੋੜਵਾਂ ਜੈਕਾਰਾ ਛੱਡ ਦਿਤਾ। ਮੈਨੂੰ ਨਹੀਂ ਲਗਦਾ ਕਿ ਇਨ੍ਹਾਂ ਚੋਂ
ਬਹੁਤੇ ਜਣੇ ਸੁਰਜੀਤ ਹਾਂਸ ਨੂੰ ਜਾਣਦੇ ਵੀ ਹੋਣਗੇ। ਸ਼ਾਇਦ ਇਨ੍ਹਾਂ ਜੈਕਾਰਿਆਂ
ਵਿਚ ਇਹ ਭਾਵਨਾ ਵੀ ਹੋਵੇ ਕਿ ਹਾਂਸ ਸਾਬਿ ਨੇ ਖ੍ਹੂਬ ਘੋਟ ਕੇ ਪੱਗ ਤੇ ਦਾੜ੍ਹੀ
ਇੰਝ ਬੰਨ੍ਹੀ ਹੋਈ ਸੀ ਜਿਵੇਂ ਉਹ ਤਾਜ਼ੇ ਤਾਜ਼ੇ ਹੀ ਕਿਸੇ ਗੁਰਦੁਆਰੇ ਦੇ ਗ੍ਰੰਥੀ
ਨਿਯੁਕਤ ਹੋਏ ਹੋਣ। ਅਸੀਂ ਵੀ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋਏ ਕਿਉਂਕਿ ਅਜੇ ਕੁਝ
ਮਹੀਨੇ ਪਹਿਲਾਂ ਹੀ ਤਾਂ ਉਨ੍ਹਾਂ ਨੇ ਰਾਬਿੰਦਰਾ ਨਾਥ ਟੈਗੋਰ ਵਰਗੀ ਦਾੜ੍ਹੀ ਰੱਖੀ
ਹੋਈ ਸੀ। ਸਿਰ ਦੇ ਲੰਮੇ ਵਾਲ ਖ੍ਹੁੱਲ੍ਹੇ ਰੱਖੇ ਹੋਏ ਸਨ। ਹਾਂਸ ਸਾਹਿਬ ਦੇ ਮਾਈਕ
ਸਾਹਮਣੇ ਆਉਣ ਉਪਰੰਤ ਛੱਡੇ ਜੈਕਾਰੇ ਤੇ ਮੋੜਵੇਂ ਜੈਕਾਰਿਆਂ ਨੇ ਸਟੇਜ ਸਕੱਤਰ ਦਾ
ਮੂਡ ਖ਼ਰਾਬ ਕਰ ਦਿਤਾ। ਉਹ ਬਹੁਤ ਖਿਝ ਗਿਆ ਸੀ। ਆਪਣੀ ਪੱਗ ਨੂੰ ਪਲੋਸਦਿਆਂ ਉਸ ਨੇ
ਹਾਂਸ ਮੂਹਰਿਓਂ ਮਾਈਕ ਖਿੱਚਦਿਆਂ ਕਿਹਾ,” ਜੈਕਾਰਾ ਛੱਡਣ ਵਾਲੇ ਨੂੰ ਸ਼ਰਮ ਆਉਣੀ
ਚਾਹੀਦੀ ਹੈ। ਦਸ਼ਮੇਸ਼ ਪਿਤਾ ਦੇ ਇਸ ਜੈਕਾਰੇ ਦਾ ਮਤਲਬ ਐਵੇਂ ਕਿਵੇ ਨਹੀਂ ਹੁੰਦਾ।
ਇਸ ਦੀ ਬੜੀ ਇੰਪੌਰਟੈਂਸ ਹੈ। ਇਸ
ਵਿਚ ਬੜਾ ਜੋਸ਼ ਹੈ ਤੇ ਖਾਲ਼ਸੇ ਦਾ ਜਲੌ ਹੈ ਇਸ ਵਿਚ। ਇਹ ਗੁਰੁ ਘਰਾਂ ਵਿਚ ਹੀ
ਸੋਭਦਾ ਹੈ। ਐਦਾਂ ਦੇ ਕਵੀ ਦਰਬਾਰਾਂ ਵਿਚ ਨਹੀਂ ਜਿਥੇ ਇਸ਼ਕ ਮੁਸ਼ਕ ਦੀਆਂ
ਕਵਿਤਾਵਾਂ ਪੜ੍ਹੀਆਂ ਜਾਂਦੀਆ ਹਨ।” ਹਾਲ ਵਿਚ ਉਹਦੀਆਂ ਗੱਲਾਂ ਕਾਰਨ ਆਵਾਜ਼ੇ ਕੱਸੇ
ਜਾਣ ਲੱਗੇ। ਜੀਤੀ ਨੇ ਕਿਹਾ,” ਇਸ ਕਮਲੇ ਨੇ ਲੋਕਾਂ ਨੂੰ ਇਹ ਗੱਲਾਂ ਕਹਿ ਕੇ ਪੰਗਾ
ਲੈ ਲਿਆ ਹੈ। ਇਥੇ ਤਾਂ ਲਗਦਾ ਜੁੱਤੀ ਖੜਕੂ।” ਪਰ ਲੋਕਾਂ ਦਾ ਰੌਲ਼ਾ ਸੁਣਕੇ ਸਟੇਜ
ਸਕੱਤਰ ਨੇ ਚੈਲੰਜ ਕਰ ਦਿਤਾ,” ਲਓ
ਫੇਰ ਮਿੱਤਰੋ ਮੈਂ ਵੀ ਇਸ ਜੈਕਾਰੇ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਤੁਹਾਨੂੰ
ਚੁੱਪ ਹੋਣਾ ਹੀ ਪਵੇਗਾ।”
ਇਹ ਸਰੋਤਿਆਂ ਨੂੰ ਸਟੇਜ ਤੋਂ ਚੈਲੰਜ ਸੀ। ਰੌਲ਼ਾ ਮੱਠਾ ਨਾ ਪਿਆ। ਸਟੇਜ ਦੇ
ਪਿਛਲੇ ਪਾਸੇ ਕਵੀਆਂ ਲਾਗੇ ਘੁਸਕੇ ਆਏ ਇਕ ਅਣਖ਼ੀਲੇ ਸਿੰਘ ਨੇ ਉੱਚੀ ਉੱਚੀ ਜੈਕਾਰੇ
ਛੱਡਣੇ ਸ਼ੁਰੂ ਕਰ ਦਿਤੇ। ਬਲਕਿ ਉਸ ਨੇ ਕਵੀ ਦਰਬਾਰ ਖ਼ਤਮ ਹੋਣ ਤੀਕ ਹਰੇਕ ਸ਼ਾਇਰ
ਦੀ ਕਵਿਤਾ ਦੇ ਖ਼ਤਮ ਹੋਣ ਪਿੱਛੋਂ ਜੈਕਾਰਾ ਛੱਡਿਆ। ਸਾਡੇ ਲਾਗੇ ਬੈਠੀ ਇਕ ਤ੍ਰੀਮਤ
ਨੇ ਆਪਣਾ ਦੁਪੱਟਾ ਠੀਕ ਕਰਦਿਆਂ ਖਿਝ ਕੇ ਕਿਹਾ,” ਜਾਏ ਖਾਣੇ ਸਾਡੇ ਲੋਕ ਚੁੱਪ
ਕਰਕੇ ਤਾਂ ਬੈਠ ਹੀ ਨਹੀਂ ਸਕਦੇ। ਇਥੇ ਚਾਰ ਗੋਰੇ ਗੋਰੀਆਂ ਬੈਠੇ ਹੁੰਦੇ ਤਾਂ
ਇਂਨ੍ਹਾਂ ਨੂੰ ਸੱਪ ਸੁੰਘ ਜਾਣਾ ਸੀ।”
ਮੇਰੇ ਮਿੱਤਰ ਜੀਤੀ ਨੇ ਹੱਸਦਿਆਂ ਕਿਹਾ।” ਭੈਣ ਜੀ, ਜਿਨ੍ਹਾਂ ਲੋਕਾਂ ਦੇ ਸਾਰੇ
ਕੰਮ ਹੀ ਜੈਕਾਰਿਆਂ ਨਾਲ ਸ਼ੁਰੂ ਹੁੰਦੇ ਹੋਣ, ਉਹ ਚੁੱਪ ਕਿਵੇਂ ਰਹਿ ਸਕਦੇ ਹਨ?”
ਸਾਡੇ ਆਲ਼ੇ ਦੁਆਲੇ ਦੇ ਲੋਕ ਮਹਸਕਰਾਏ।
ਸਟੇਜ ਸਕੱਤਰ ਨੇ ਫੇਰ ਚੁੱਪ ਰਹਿਣ ਦਾ ਦਾਨ ਬਖ਼ਸ਼ਣ ਦੀ ਬੇਨਤੀ ਕੀਤੀ ਪਰ ਹੁਣ
ਉਹ ਕੁਝ ਨਰਮ ਬੋਲ ਰਿਹਾ ਸੀ। ਸ਼ਾਇਦ ਪਤਾ ਲੱਗ ਗਿਆ ਸੀ ਕਿ ਉੱਚੀ ਤੇ
ਚੈਲੰਜਿੰਗ ਸ਼ਬਦ ਬੋਲਣ ਨਾਲ ਗੱਲ
ਬਿਗੜ ਸਕਦੀ ਹੈ।
ਇਨਕਲਾਬੀ ਕਵੀ ਗੁਰਨਾਮ ਢਿੱਲੋਂ ਨੇ ਭਾਰਤ ਦੀਆਂ ਚੋਣਾ ਵਿਚ ਪਤਾਲ਼ੇ ਲੱਗ ਗਏ
ਕੁਝ ਕਾਮਰੇਡ ਲੀਡਰਾਂ ਦੇ ਮਰਸੀਏ ਗਾਏ ਤੇ ਬਾਹਵਾਂ ਉੱਚੀਆਂ ਕਰਕੇ ਅਗਲੀਆਂ ਚੋਣਾਂ
ਵਿਚ ਕਾਂਗਰਸ ਨੂੰ ਚਿੱਤ ਕਰਨ ਦੀ ਚਣੌਤੀ ਦਿਤੀ। ਲਗਦਾ ਸੀ ਕਿ ਉਸਦਾ ਨਜ਼ਲਾ ਇਥੇ
ਬੈਠੇ ਲੋਕਾਂ ‘ਤੇ ਵੀ ਗਿਰ ਰਿਹਾ ਸੀ। ਸਰੋਤਿਆਂ ਚੋਂ ਕਿਸੇ ਦੀ ਆਵਾਜ਼ ਆਈ,”
ਕਾਮਰੇਡਾਂ ਅਸੀਂ ਕਿਹੜਾ ਭਰਾਵਾ ਇੰਡੀਆ ਜਾ ਕੇ ਵੋਟ ਪਾਈ ਆ। ਸਾਡੇ ਕੋਲ ਤਾਂ ਮਾਂ
ਨੂੰ ਦੇਖ਼ਣ ਜਾਣ ਦਾ ਹਵਾਈ ਜਹਾਜ਼ ਦਾ ਭਾੜਾ ਵੀ ਹੈ ਨੀ, ਵੋਟਾਂ ਲਈ ਕਿਥੇ ਜਾ
ਹੋਣਾ ਸੀ?” ਇਕ ਹੋਰ ਨੇ ਕਾਮਰੇਡ ਸ਼ਾਇਰ ਵਾਰੇ ਟਿੱਪਣੀ ਕੀਤੀ। ਭੇਜੋ ਓਇ ਈਹਨੂੰ
ਰੂਸ।” ਇਕ ਹੋਰ ਨੇ ਕਿਹਾ,” ਉਇ ਉਤਾਰੋ ਈਹਨੂੰ ਸਟੇਜ ਤੋਂ। ਲੱਗਾ ਈ ਸਾਨੂੰ ਮੱਤਾਂ
ਦੇਣ।” ਕਿਸੇ ਹੋਰ ਨੇ ਇਹ ਕੁਮੈਂਟ ਕਰਨ ਵਾਲੇ ਨੂੰ ਮੋੜਵਾਂ ਉੱਤਰ
ਦਿਤਾ।” ਕਿਹੜਾ ਉਇ ਕਾਮਰੇਡ ਨੂੰ ਬੁਰਾ ਭਲਾ ਆਖ਼ਣ ਵਾਲਾ? ਸਾਨੂੰ ਢਿੱਲੋਂ ਸਾਹਬ
ਦਾ ‘ਥੈਂਕ ਜੂ’ ਕਰਨਾ ਚਾਹੀਦਾ ਜੀਹਨੇ ਸਭ ਤੋਂ ਪਹਿਲਾਂ ਇਲੈਕਸ਼ਨਾਂ
ਵਾਰੇ ਕਵਿਤਾ ਲਿਖੀ ਹੈ ਤੇ ਹੈ ਵੀ ਮੌਕੇ ਦੀ।” ਇਨ੍ਹਾਂ ਦੋਹਾਂ ਸਰੋਤਿਆਂ ਨੇ ਇਕ
ਦੂਜੇ ਨੂੰ ਇੰਝ ਘੂਰਿਆ ਜਿਵੇ ਇਕ ਦੂਜੇ ਨਾਲ ਹੱਥੋ ਪਾਈ ਹੋਏ ਕਿ ਹੋਏ। ਉਹ ਡਾਂਗੋ
ਸੋਟੀ ਸ਼ਾਇਦ ਹੋ ਵੀ ਸਕਦੇ ਸਨ ਅਗਰ ਸਟੇਜ ਸਕੱਤਰ ਉਨ੍ਹਾਂ ਨੂੰ ਸਿੱਧਿਆਂ ਚੁੱਪ
ਰਹਿਣ ਲਈ ਨਾ ਕਹਿੰਦਾ। ਜੀਤੀ ਹੌਲ਼ੀ ਦੇ ਕੇ ਮੇਰੇ ਕੰਨ ਵਿਚ ਬੋਲਿਆ,” ਬਲਿਹਾਰੇ
ਜਾਈਏ ਬਈ ਗੁਰਨਾਮ ਢਿੱਲੋਂ ਦੇ ਜੀਹਦੇ ਪਿੱਛੇ ਏਨੇ ਲੋਕ ਡਾਂਗੋ ਸੋਟੀ ਹੋਣ ਨੂੰ
ਫਿਰਦੇ ਨੇ।”
ਸਟੇਜ ਸਕੱਤਰ ਨੇ ਲੋਕਾਂ ਦੇ ਮੂਡ ਨੂੰ ਤਾੜ ਲਿਆ ਲਗਦਾ ਸੀ। ਉਸ ਨੇ ਗਰਮ ਗਰਮ
ਅਨਾਊਂਸਮੈਂਟ ਕੀਤੀ,” ਹੁਣ ਤੁਹਾਡੇ ਸਾਹਮਣੇ ਬਹੁਤ ਹੀ ਸੁੰਦਰ
ਡਾਂਸਰ ਮਿਸ……।ਡਾਂਸ ਕਰੇਗੀ।” ਵਾਕਈ ਅੱਗ ਵਰਗੀ ਕੁੜੀ ਸਟੇਜ ’ਤੇ ਆ ਕੇ ਇਕ ਫਿਲਮੀ
ਧੁੰਨ ‘ਤੇ ਡਾਂਸ ਕਰਨ ਲੱਗੀ। ਲੋਕਾਂ ਦੇ ਮੂੰਹ ਟੱਡੇ ਗਏ। ਇਕ ਤਾਂ ਕੁੜੀ ਬੜੀ
ਸੁਨੱਖੀ ਸੀ ਤੇ ਦੂਜਾ ਫਿਲਮ ਨਾਗਿਨ ਦਾ ਗੀਤ ‘ਮਨ ਡੋਲੇ ਮੇਰਾ ਤਨ ਡੋਲੇ, ਮੇਰੇ
ਦਿਲ ਕਾ ਗਯਾ ਕਰਾਰ ਰੇ’ ਕਹਿਰਾਂ ਦਾ ਸੀ। ਕੁੜੀ ਨੇ ਲੋਕਾਂ ਨੂੰ ਸੱਪਾਂ ਵਾਂਗੂੰ
ਝੂੰਮਣ ਲਾ ਦਿਤਾ। ਮੈਨੂੰ ਬਾਕੀ ਰਹਿੰਦੇ ਸ਼ਾਇਰਾਂ ‘ਤੇ ਤਰਸ ਆਇਆ ਕਿ ਇਨ੍ਹਾਂ ਨੂੰ
ਹੁਣ ਕੌਣ ਸੁਣੂ? ਸਾਥੋਂ ਅਗਲੀਆਂ ਸੀਟਾਂ ‘ਤੇ ਇਕ ਪੰਜਾਬਣ ਨਾਲ ਸ਼ਾਇਦ ਉਤਸੁਕਤਾ
ਵਜੋਂ ਇਕ ਗੋਰੀ ਵੀ ਆਈ ਹੋਈ ਸੀ। ਮੈਨੂੰ ਨਹੀਂ ਲਗਦਾ ਸੀ ਕਿ ਉਸ ਨੂੰ ਕਵੀਆਂ ਦੀਆਂ
ਕਵਿਤਾਵਾਂ ਦਾ ਇਕ ਵੀ ਸ਼ਬਦ ਸਮਝ ਆਇਆ ਹੋਵੇਗਾ ਪਰ ਇਸ ਕੁੜੀ ਨੂੰ ਦੇਖ ਕੇ ਉਹ ਝੱਟ
ਬੋਲੀ,” ਇਜ਼ੰਟ ਸ਼ੀ ਬਿਊਟੀਫੁੱਲ!”
ਸਾਡੇ ਪਿੱਛੇ ਬੈਠੇ ਇਕ ਭਾਰੇ ਜਿਹੇ ਬੰਦੇ ਨੇ ਕੰਨਾਂ ਉਤੇ ਖੁਰਕ ਕਰਦਿਆਂ ਤੇ
ਆਪਣੀ ਸੁਰਖ਼ ਟਾਈ ਦਾ ਨਾਟ ਢਿੱਲਿਆਂ ਕਰਦਿਆਂ ਭਾਰੀ ਅਵਾਜ਼ ਵਿਚ ਡਾਂਸਰ ਕੁੜੀ
ਵਾਰੇ ਆਖਿਆ,” ਬਈ ਬੜੀ ਟੌਪ ਦੀ ਰੰਨ ਹੈ।”
ਪਰ੍ਹਾਂ ਬੈਠੀ ਇਕ ਬੀਬੀ ਨੇ ਉਸ ਦੀ ਇਸ ਲੁੱਚੀ ਗੱਲ ਨੂੰ ਸੁਣ ਕੇ ਉਸ ਵੱਲ ਘੁਰ
ਕੇ ਵੇਖਿ਼ਆ।
“ਸਾਲੀ ਪੰਜਾਬੀ ਵੀ ਬੜੀ ਅੱਥਰੀ ਜ਼ਬਾਨ ਏ,” ਜੀਤੀ ਨੇ ਕਿਹਾ,” ਅੰਗਰੇਜ਼ੀ ਵਿਚ
ਬੜਾ ਪੜਦਾ ਹੈ।”
“ਤੂੰ ਬਿਲਕੁਲ ਠੀਕ ਕਹਿੰਨਾ ਏਂ।” ਮੈਂ ਕਿਹਾ,” ਪਰ ਪੰਜਾਬੀ ਪੰਜਾਬੀ ਵਿਚ ਵੀ
ਤਾਂ ਫਰਕ ਹੈ ਨਾ। ਅਗਰ ਇਹ ਬੰਦਾ ਆਖ਼ ਦਿੰਦਾ ਕਿ ਕੁੜੀ ਬੜੀ ਸੁੰਦਰ ਹੈ ਤਾਂ ਕਿਸੇ
ਨੂੰ ਕੋਈ ਇਤਰਾਜ਼ ਨਾ ਹੁੰਦਾ। ਇਸ ਨੇ ਤਾਂ ਉਹ ਗੱਲ ਕੀਤੀ ਏ ਕਿ ਇਕ ਪੰਜਾਬੀ ਬੰਦਾ
ਕਹੇਗਾ ਕਿ ਤੇਰੇ ਪਿਤਾ ਜੀ ਮਿਲੇ ਸਨ ਤੇ ਦੂਜਾ ਆਖੇਗਾ ਕਿ ਤੇਰੀ ਮਾਂ ਦਾ ਖ਼ਸਮ
ਮਿਲਿਆ ਸੀ। ਮਤਲਬ ਦੋਹਾਂ ਦਾ ਇਕੋ ਹੈ ਪਰ ਇਕ ਨੇ ਨਫਾਸਤ ਵਾਲੇ ਸ਼ਬਦ ਵਰਤੇ ਪਰ
ਦੂਜੇ ਨੇ ਕਰੂਡ।ਇਥੇ ਅਸੀਂ ਦੋਹਾਂ ਕਿਸਮਾਂ ਦੇ ਪੰਜਾਬੀਆਂ ‘ਚ ਬੈਠੇ ਆਂ।”
“ਅੱਜ ਅੱਖੜ ਲੋਕ ਚੰਗੇ ਲਗਦੇ ਹਨ।” ਜੀਤੀ ਨੇ ਆਖਿਆ।
“ਅੱਖੜ ਵੀ ਤਾਂ ਯਾਰ ਸਾਡੇ ਹੀ ਲੋਕ ਨੇ। ਜਿਹੜਾ ਕੋਈ ਵੀ ਲੋਕਾਂ ਨੂੰ ਪਿਆਰ ਕਰੂ,
ਉਹਨੂੰ ਅੱਖੜ ਵੀ ਪਰਵਾਨ ਕਰਨੇ ਹੀ ਪੈਣਗੇ।” ਮੇਰਾ ਉਤਰ ਸੀ।
ਅਗਲਾ ਸ਼ਾਇਰ ਸਟੇਜ ੳਤੇ ਆਇਆ ਤੇ ਉਸ ਨੇ ਆਉਂਦਿਆਂ ਹੀ ਆਖਿਆ,” ਦੋਸਤੋ ਸ਼ੇਅਰ
ਅਰਜ਼ ਹੈ।”
ਕਵੀਜਨਾਂ ਚੋਂ ਇਕ ਨੇ ਆਖਿਆ,” ਅਰਸ਼ਾਦ।”
ਸਾਡੇ ਲਾਗਿਓਂ ਫਿਰ ਕਿਸੇ ਨੇ ਚਕੂੰਧਰ ਛੱਡੀ,” ੳਇ ਹੁਣੇ ਕਾਹਨੂੰ ਪਰਸ਼ਾਦ ਦਾ
ਰੌਲ਼ਾ ਪਾਉਣ ਡਹਿ ਪਏ ਹੋ। ੳਇ ਯਾਰੋ ਚਾਰ ਕੁ ਸ਼ੇਅਰ ਤਾਂ ਸੁਣ ਲੈਣ ਦਿਓ
ਪਹਿਲਾਂ।”
ਕਾਮਰੇਡ ਨਰਿੰਦਰ ਦੋਸਾਂਝ ਸਟੇਜ ‘ਤੇ ਆ ਕੇ ਤੇ ਜੈ ਲੈਨਿਨ ਤੇ ਜੈ ਮਾਓ ਦਾ
ਜੈਕਾਰਾ ਛੱਡਕੇ ਆਪਣੀ ਪਹਿਲਾਂ ਵੀ ਕਈ ਵੇਰ ਸੁਣਾਈ ਹੋਈ ਤੇ ਇਕੋ ਇਕ ਗ਼ਜ਼ਲ ਗਾ ਕੇ
ਸੁਣਾਉਣ ਲੱਗਾ,” ਅੱਜ ਸ਼ਹਿਰ ਤੇਰੇ ਦੀਆਂ ਗਲ਼ੀਆਂ ਵਿਚ ਅਸੀਂ ਰਾਤ ਗ਼ੁਜ਼ਾਰੀ
ਭਟਕਦਿਆਂ।” ਕਿਸੇ ਨੇ ਫੇਰ ਛੁਰਲੀ ਛੱਡ ਦਿਤੀ,” ਇਸ ਵੱਡੇ ਕਾਮਰੇਡ ਨੂੰ ਪਹਿਲਾਂ
ਦੇਸੀ ਘਿਓ ਦਾ ਕੜਾਹ ਖਿ਼ਲਾਓ। ਇਹਦਾ ਸੰਘ ਤਾਂ ਪਹਿਲਾਂ ਠੀਕ ਹੋਵੇ।” ਦਰਅਸਲ
ਨਰਿੰਦਰ ਦੋਸਾਂਝ ਦਾ ਗਲ਼ਾ ਹਰ ਅਕਸਰ ਬੈਠਿਆ ਹੀ ਰਹਿੰਦਾ ਸੀ। ਘੜੀ ਮੁੜੀ ਦੀ ਸੁਣੀ
ਗ਼ਜ਼ਲ ਵਾਰੇ ਕਿਸੇ ਨੇ ਹੋਰ ਪਟਾਕਾ ਮੈਦਾਨ ਵਿਚ ਸੁੱਟ ਦਿਤਾ,” ਕਾਮਰੇਡ ਦੀ ਤਾਂ
ਸੂਈ ਘਸੀ ਹੋਈ ਲਗਦੀ ਹੈ।” ਕਿਸੇ ਨੇ ਇਕਦਮ ਮੋੜਵੀਂ ਗੱਲ ਕਹਿ ਦਿਤੀ,” ਤਾਂ
ਰੀਕਾਰਡ ਨੂੰ ਕਿਹੜਾ ਚੰਦ ਚੜ੍ਹਿਆ ਹੋਇਆ?”
ਇਕ ਲੰਮੀ ਝੰਮੀ ਚਿੱਟੇ ਦੁੱਧ ਵਰਗੀ ਸਾਹੜੀ ਵਿਚ ਲਿਪਟੀ ਕਵਿਤਰੀ ਸਟੇਜ ‘ਤੇ
ਆਈ। ਹਾਲ ਵਿਚ ਚੁੱਪ ਛਾ ਗਈ। ਸਟੇਜ ਸਕੱਤਰ ਨੇ ਦੌੜ ਕੇ ਮਾਈਕ ਨੂੰ ਉਹਦੇ ਕੱਦ ਦੇ
ਹਾਣ ਦਾ ਕਰ ਦਿਤਾ। ਹਲਕੇ ਜਿਹੇ ਅੰਦਾਜ਼ ਨਾਲ ਕਵਿਤ੍ਰੀ ਨੇ ਆਪਣਾ ਗਲ਼ਾ ਸਾਫ ਕੀਤਾ
ਤੇ ਆਪਣਾ ਲਿਖਿ਼ਆ ਹੋਇਆ ਗੀਤ ਗਾਉਣ ਲੱਗੀ। ਉਸ ਦੀ ਆਵਾਜ਼ ਵਿਚ ਸੋਜ਼ ਸੀ ਤੇ ਗੀਤ
ਦੇ ਸ਼ਬਦਾਂ ਵਿਚ ਦਰਦ ਸੀ ਬਲਕਿ ਘੜੀ ਮੁੜੀ ‘ਪੀੜ’ ਸ਼ਬਦ ਆ ਰਿਹਾ ਸੀ। ਸਾਡੇ
ਪਿੱਛੇ ਬੈਠਾ ਇਕ ਬੰਦਾ ਹੌਲੀ ਹੌਲੀ ਗੁਣਗਣਾਉਣ ਲੱਗਾ,” ਮੇਰੇ ਪੀੜ ਪੀੜ ਮੇਰੇ ਪੀੜ
ਹੁੰਦੀ ਏ। ਤੇਰੇ ਕਿਥੇ ਹੁੰਦੀ ਏ, ਨੀ ਤੇਰੇ ਕਿਥੇ ਹੁੰਦੀ ਏ?”
ਇਕ ਇਸਤ੍ਰੀ ਖਿਝ ਗਈ। ਉਸ ਨੇ ਆਪਣੇ ਖਾਬੰਦ ਨੂੰ ਕਿਹਾ,” ਜਾਏ ਖਾਣੇ ਆਪਣੇ ਲੋਕ
ਤਾਂ ਬਿਲਕੁਲ ਬੇਸ਼ਰਮ ਨੇ। ਜੋ ਮੂੰਹ ਵਿਚ ਆਉਂਦਾ, ਬਕੀ ਜਾਂਦੇ ਨੇ। ਸੱਚੀ ਗੱਲ ਆਂ
ਸਾਡੀ ਤਾਂ ਕੋਈ ਤੀਮੀਂ ਸਟੇਜ ਉਤੇ ਚੜ੍ਹੇ ਹੀ ਨਾ? ਮੋਏ ਜ਼ਲੀਲ ਕਰਕੇ ਰੱਖ ਦਿੰਦੇ
ਨੇ।” ਪਰ ਸਾਡੇ ਨੇੜੇ ਬੈਠੀ ਇਕ ਖ਼ੁਬਸੂਰਤ ਨਵਵਿਆਹੀ ਕੁੜੀ, ਜਿਸ ਨੇ ਸੂਹਾ ਚੂੜਾ
ਪਾਇਆ ਹੋਇਆ ਸੀ, ਹਲਕਾ ਜਿਹਾ ਮੁਸਕਰਾਈ। ਜੀਤੀ ਨੇ ਮੇਰੇ ਹੁੱਝ ਮਾਰੀ। ਮੈਂ ਹਲਕਾ
ਜਿਹਾ ਝਿੜਕ ਦਿੱਤਾ।
“ਸਾਡੀਆਂ ਔਰਤਾਂ ਵਿਚ ਵਿਮੈਨਜ਼ ਲਿੱਬ ਕਦੋਂ ਆਊ ਸਾਥੀ?” ਜੀਤੀ ਨੇ ਕਿਹਾ। ਮੈਂ
ਘੁਸਰ ਮੁਸਟ ਆਵਾਜ਼ ਵਿਚ ਉਤਰ ਦਿਤਾ,” ਕਰਦੇ ਆਂ ਹੁਣੇ ਜਰਮੇਨ ਗਰੇਅਰ ਨੂੰ ਫੋਨ।”
“ਸਾਡੇ ਸਮਾਜ ਵਿਚ ਵੀ ਕਦੇ ਕੋਈ ਜਰਮੇਨ ਗਰੇਅਰ ਜੰਮੂੰ ਕਦੇ?” ਜੀਤੀ ਬਹਿਸ ਨੂੰ
ਲਮਕਾ ਰਿਹਾ ਸੀ।
“ਮਿੱਟੀ ਤਾਂ ਬੜੀ ਜ਼ਰਖ਼ੇਜ਼ ਹੈ ਹੈ। ਜੰਮ ਪਊ ਕਦੇ।” ਮੈਂ ਉਹਨੂੰ ਗੱਲਾਂ
ਖ਼ਤਮ ਕਰਨ ਤੇ ਸਟੇਜ ਵਲ ਧਿਆਨ ਦੇਣ ਲਈ ਇਸ਼ਾਰਾ ਕੀਤਾ।
ਸਾਡਾ ਸਾਂਝਾ ਮਿੱਤਰ ਅਵਤਾਰ ਜੰਡਿਆਲਵੀ ਬੰਗਲਾ ਦੇਸ਼ ਦੇ ਦੁਖ਼ਾਂਤ ਨੂੰ
ਦ੍ਰਿਸ਼ਟਮਾਨ ਕਰਦੀ ਹੋਈ ਇਕ ਅਤਿ ਪੀੜਤ ਨਜ਼ਮ ਪੜ੍ਹਂ ਲੱਗਾ। ਇਸ ਨਜ਼ਮ ਵਿਚ
ਪਾਕਿਸਤਾਨੀ ਸਿਪਾਹੀਆਂ ਹੱਥੋਂ ਗਰਭਵਤੀ ਹੋ ਗਈ ਇਕ ਬੰਗਾਲੀ ਕੁੜੀ ਦੀ ਦਰਦ ਭਰੀ
ਵੇਦਨਾ ਸੀ। ਜੰਡਿਆਲਵੀ ਇਹ ਗੀਤ ਨੁਮਾ ਨਜ਼ਮ ਤਰੰਨਮ ਵਿਚ ਪੜ੍ਹ ਰਿਹਾ ਸੀ। ਉਸ ਦੇ
ਉੱਚੇ ਕੱਦ ਵਾਲ਼ੇ ਬੰਦੇ ਤੋਂ ਇਹ ਉਮੀਦ ਨਹੀਂ ਸੀ। ਇਸੇ ਲਈ ਸ਼ਾਇਦ ਬਹੁਤੇ ਲੋਕ
ਹੈਰਾਨੀ ਨਾਲ ਹੀ ਚੁੱਪ ਸਨ। ਪਰ ਬਦਕਿਸਮਤੀ ਨਾਲ ਜਦੋਂ ਜੰਡਿਆਲਵੀ ਆਪਣੀ ਆਈਟਮ ਦੇ
ਅੱਧ ਕੁ ਵਿਚ ਪਹੁੰਚਾ ਤਾਂ ਕਿਸੇ ਨੇ ਨਾਅਰਾ ਛੱਡ ਦਿਤਾ,” ਇੰਦਰਾ
ਗਾਂਧੀ-ਜਿੰਦਾਬਾਦ।” ਕਵੀ ਦਾ ਸਾਢੇ ਛੇ ਫੁੱਟਾ ਕੱਦ ਆਪਣੀ ਇਕਾਗਰਤਾ ਦੀ ਖੰਡਤਾ
ਉਤੇ ਤੜਪਿਆ ਤੇ ਲਰਜਿ਼ਆ। ਮੈਨੂੰ ਲੱਗਾ ਕਿ ਕਵੀ ਉਸ ਬੰਦੇ ਨੂੰ ਸਟੇਜ ਤੋਂ ਉਤਰ ਕੇ
ਢਾਹ ਲਵੇਗਾ। ਪਰ ਇੰਝ ਨਹੀਂ ਹੋਇਆ। ਅਵਤਾਰ ਇਕ ਜੈਂਟਲ ਜਾਇੰਟ
ਵਿਅਕਤੀ ਸੀ। ਉਹ ਕੋਮਲ ਭਾਵੀ ਸ਼ਾਇਰ ਸੀ। ਉਸ ਨੇ ਇੰਝ ਨਹੀਂ ਕੀਤਾ। ਆਖ਼ਰ ਉਹ ਇਕ
ਸ਼ਾਇਰ ਸੀ-ਲੋਕਾਂ ਦਾ ਸ਼ਾਇਰ। ਪਰ ਸਾਡੇ ਲਾਗੇ ਬੈਠਾ ਇਕ ਉੱਚਾ ਲੰਮਾ ਤੇ ਕੁੰਢੀਆਂ
ਮੁੱਛਾਂ ਵਾਲਾ ਬੰਦਾ ਗੁੱਸੇ ਨਾਲ ਤੜਪ ਉਠਿਆ ਤੇ ਉਸ ਨੇ ਕਵੀ ਦਾ ਅਪਮਾਨ ਕਰਨ ਵਾਲੇ
ਨੂੰ ਵੰਗਾਰਿਆ,” ਕਿਹੜਾ ਏ ਉਇ ਇਹ ਗੰਦਾ ਆਂਡਾ। ਲ਼ਾਹਨਤ ਐ ਤੇਰੇ ਜੰਮਣ ਦੇ।”
ਅੱਗੋਂ ਨਾਅਰਾ ਛੱਡਣ ਵਾਲੇ ਨੇ ਵੀ ਉਚੀ ਆਵਾਜ਼ ਵਿਚ ਉਤਰ ਦਿੱਤਾ,” ਉਇ ਮੈਂ ਕਿਹੜਾ
ਜੰਮ ਕੇ ਤੇਰੇ ਗੰਨੇ ਭੰਨ ਲਏ ਆ? ਇੰਦਰਾ ਗਾਂਧੀ ਨਾ ਹੁੰਦੀ ਤਾਂ ਪਾਕਿਸਤਾਨੀਆਂ ਨੇ
ਬੰਗਾਲੀਆਂ ਦਾ ਤੇਲ ਕੱਢਕੇ ਰੱਖ ਦੇਣਾ ਸੀ।”
ਸਾਨੂ ਲੱਗਾ ਕਿ ਹੁਣ ਦੰਗਲ ਹੋਇਆ ਕਿ ਹੋਇਆ। ਪਰ ਸਟੇਜ ਸਕੱਤਰ ਦੇ ਇਹ ਆਖਣ ‘ਤੇ
ਕਿ ਉਹ ਪੁਲੀਸ ਨੂੰ ਬਲਾ ਲਵੇਗਾ, ਮਾਮਲਾ ਤਲਵਾਰ ਦੀ ਧਾਰ ਹੇਠ ਆਉਣੋਂ ਬਚ ਗਿਆ।
ਇਕ ਅਕਾਲੀਆਂ ਦੀ ਸਟਾਈਲ ਵਾਲੀ ਨੀਲੀ ਪੱਗ ਵਾਲਾ ਮਧਰੇ ਕੱਦ
ਕਾਠ ਵਾਲਾ ਸ਼ਾਇਰ ਸਟੇਜ ‘ਤੇ ਆਇਆ ਤੇ ਆਂਦਿਆਂ ਹੀ ਗਰਜਵੀ ਆਵਾਜ਼ ਵਿਚ ਫਤਿਹ
ਬੁਲਾਉਣ ਲੱਗਾ,” ਵਾਹਿਗੁਰੂ ਜੀ ਕਾ ਖ਼ਾਲਸਾ ਚਵਹਿਗੁਰੂ ਜੀ ਕੀ ਫਤਿਹ। ਸਾਧ ਸੰਗਤ
ਜੀ ਮੇਰੀ ਕਵਿਤਾ ਗੁਰੂਆਂ ਅਤੇ ਸ਼ਹੀਦਾਂ ਦੀ ਮਹਿਮਾਂ ਵਾਲੀ ਹੈ। ਕਿਰਪਾ ਕਰਕੇ ਉਨੇ
ਸਮੇਂ ਲਈ ਸਆਹ ਨੁੰ ਰੋਕ ਕੇ ਰੱਖਿਓ ਤੇ ਚੁੱਪ ਦਾ ਦਾਨ ਬਖ਼ਸਿਓ।” ਲੋਕੀ ਖੀ ਖੀ
ਕਰਕੇ ਹੱਸਣ ਲੱਗੇ। ਸਰੋਤਿਆਂ ਚੋਂ ਇਕ ਜਣੇ ਨੇ ਡਾਵਾਜ਼ਾ ਕੱਸਿਆਂ,” ਗਿਆਨੀ ਜੀ
ਸਾਹ ਕਿੰਨਾ ਕੁ ਚਿਰ ਰੋਕੀਏ?” ਰੌਲਾਂ ਏਨਾ ਵਧ ਗਿਆ ਕਿ ਸਟੇਜ ਸਕੱਤਰ ਨੂੰ ਦਖਲ
ਦੇਣਾ ਪਿਆ। ਕਵੀ ਮਹੋਦੈ ਆਪਣੀ ਲੰਮੀ ਤੇ ਅਕਾਊ ਕਵਿਤਾ ਪੜ੍ਹਂ ਲੱਗਿਆ। ਉਸ ਦਾ
ਅੰਦਜ਼ੇ ਬਿਆਂ ਵੀ ਕੁਝ ਇਹੋ ਜਿਹਾ ਸੀ ਜਿਵੇਂ ਉਹ ਚਲ੍ਹੇ ਦੇ ਪਾਣੀ ਵਿਚ ਲਾਠੀਆਂ
ਮਾਰ ਰਿਹਾ ਹੋਵੇ ਤੇ ਲੋਕਾਂ ਨੂੰ ਭਿਓਂ ਰਿਹਾ ਹੋਵੇ। ਕਈਆਂ ਮਿੰਟਾਂ ਪਿੱਛੋਂ ਇਕ
ਉਕਤਾਏ ਹੋਏ ਸਰੋਤੇ ਨੇ ਆਵਾਜ਼ਾ ਕੱਸਿਆ, “ੳਇ ਲਾਹ ਉਇ ਸਕੱਤਰਾ ਇਸ ਵੱਡੇ ਗਿਆਨੀ
ਨੂੰ। ਨਾ ਲਾਹ ‘ਤਾ ਈਹਨੇ।” ਭਹੁਤ ਹੀ ਰੌ਼ਲਾਂ ਰੱਪਾ ਸ਼ੁਰੂ ਹੋ ਗਿਆ। ਸਟੇਜ
ਸਕੱਤਰ ਦੀ ਵੀ ਕਿਸੇ ਨਾ ਸੁਣੀ। ਛੇਕੜ ਨੂੰ ਬਹੁਤ ਜਿ਼ਆਦਾ ਹੋ ਰਹੀ ਤੋਇ ਤੋਇ ਨਾ
ਸਹਾਰਦਾ ਹੋਇਆ ਕਵੀਜਨ ਮਾਇਕ ਤੋਂ ਕਿਨਾਰਾ ਕਰ ਗਿਆ। ਪਰ ਜਾਂਦਾ ਜਾਂਦਾ ਕਹਿ ਗਿਆ,”
ਕਵਿਤਾ ਦੀ ਬਿਜੱਤੀ ਕੀਤੀ ਆ ਤੁਸੀਂ। ਪਾਪੀਓ ਪਾਪ ਲੱਗੂ ਥੋਨੂੰ।”
‘ਬਿਜਤੀ’ ਕਰਾ ਕੇ ਗਏ ਕਵੀ ਤੋਂ ਬਾਅਦ ਇਕ ਹੋਰ ਸਿੰਘ ਮੈਦਾਨ ਵਿਚ ਨਿਤਰਿਆ। ਉਸ
ਨੇ ਆਉਂਦਿਆਂ ਹੀ ਕੌਮੀ ਸ਼ਹੀਦਾਂ ਦੀ ਜੈ ਜੈਕਾਰ ਬੁਲਾਈ ਤੇ ਸ਼ਹੀਦ ਊਧਮ ਸਿੰਘ
ਵਾਰੇ ਕਵਿਤਾ ਪੜ੍ਹਨ ਲੱਗਿਆ:-
ਸੁਣ ਉਇ ਡਾਇਰਾ ਬਿੱਲਿਆ
ਕੁਝ ਕਹਿਣ ਮੈਂ ਆਇਆਂ
ਤੇਰੀ ਲਹੂ ਨਾ’ ਲਿੱਬੜੀ ਕੁਰਸੀ ‘ਤੇ
ਮੈਂ ਬਹਿਣ ਨੀ ਆਇਆ।
ਉਹਦੀ ਆਵਾਜ਼ ਵਿਚ ਏਨਾ ਜੋਸ਼ ਸੀ ਕਿ ਡਿਗਬੈਥ ਹਾਲ ਵਿਚ ਤਕੜੀ ਗੂੰਜ ਪੈਦਾ ਹੋ
ਗਈ। ਜੇ ਕੋਈ ਟਿੱਪਣੀ ਵੀ ਕਰਦਾ ਹੋਊ ਤਾਂ ਉਹਦੀ ਆਵਾਜ਼ ਵੀ ਇਥੇ ਗੁੰਮ ਹੋ ਗਈ ਸੀ।
ਜੀਤੀ ਨੇ ਮੇਰੇ ਕੰਨ ਵਿਚ ਕਿਹਾ,” ਲੈ ਬਈ ਬਣ ਗਏ ਹੁਣ ਚੂਹੇ ਸਾਰੇ ਜਣੇ। ਏਦਾਂ ਦਾ
ਗੜ੍ਹਕਾ ਚਾਹੀਦਾ ਇਥੇ। ਇਹ ਬੰਦਾ ਕਵਿਤਾ ਵੀ ਇੰਝ ਪੜ੍ਹ ਰਿਹੈ ਜਿਵੇ ਗੱਤਕਾ ਖੇਡ
ਰਿਹਾ ਹੋਵੇ। ਇਸ ਨੂੰ ਇਸ ਖੇਡ ਵਿਚ ਪੂਰੀ ਮੁਹਾਰਤ ਹੈ ਬਈ। ਇਸ ਕਵੀ ਨੇ ਆਪਣੀ
ਦਾੜ੍ਹੀ ਨੂੰ ਫਿਕਸੋ ਨਾਲ ਪੂਰੀ ਤਰ੍ਹਾਂ ਚੁਮੇੜਿਆ ਹੋਇਆ ਸੀ ਤੇ ਫਿਰ ਧਾਗੇ ਨਾਲ
ਏਨਾ ਕੱਸ ਕੇ ਬੰਨ੍ਹਿਆਂ ਹੋਇਆ ਸੀ ਕਿ ਉਦ ਦੀਆਂ ਗੱਲ੍ਹਾਂ ਦੀਆਂ ਨਸਾਂ ਤੱਕ ਦਿਸ
ਰਹੀਆਂ ਸਨ। ਡਰੇ ਦੁਬਕੇ ਲੋਕਾਂ ਚੋਂ ਇਕ ਨੇ ਉਚੀ ਦੇ ਕੇ ਕਿਹਾ। ਇਕ ਹੋਰ ਨੇ
ਗੁਣਗੁਣਾਉਣਾ ਸ਼ੁਰੂ ਕਰ ਦਿਤਾ,” ਆਲਾ ਆਲਾ ਆਲ਼ਾ ਟੁੱਟ ਜਾਏ ਰੱਬ ਕਰਕੇ…।”
ਪਰ੍ਹਾਂ ਬੈਠੀ ਬੀਬੀ ਨੇ ਗੁੱਸਾ ਦਿਖਾਉਂਦਿਆਂ ਉੱਤਰ ਦਿਤਾ,” ਦੁਰ ਫਿੱਟੇ
ਮੂੰਹ।” ਤੇ ਆਪਣੇ ਮਾੜਕੂ ਜਿਹੇ ਤੇ ਮਧਰੇ ਕੱਦ ਵਾਲੇ ਪਤੀ ਨੂੰ ਧਰੂੰਹਦੀ ਹੋਈ
ਬਾਹਰ ਲੈ ਗਈ।
ਕਵਿਤਾ ਦੇ ਇਸ ਦੌਰ ਤੋਂ ਬਾਅਦ ਕੁਝ ਗੀਤ ਗਾਏ ਗਏ ਤੇ ਭੰਗੜਾ ਗਰੁੱਪਾਂ ਨੇ
ਰੌਣਕਾਂ ਲਾਈਆਂ ਤੇ ਇੰਝ ਇਸ ਸਮਾਗਮ ਦਾ ਅੰਤ ਹੋ ਗਿਆ। ਆਪਣੇ ਸੁਭਾਅ ਅਨੁਸਾਰ ਜੀਤੀ
ਨੇ ਹਾਲ ਤੋਂ ਬਾਹਰ ਆ ਕੇ ਹੱਸਦਿਆਂ ਕਿਹਾ,” ਕਵੀ ਯਾਰ ਸੋਚਦੇ ਹੋਣੇ ਆਂ ਕਿ ਸਾਥੀ
ਲੁਧਿਆਣਵੀ ਨਹੀਂ ਆਇਆ। ਬਚ ਗਿਆ ਸਾਲਾ ਹੂਟਿੰਗ ਤੋਂ।”
ਮੈਂ ਵੀ ਹੱਸਦਿਆਂ ਕਿਹਾ,” ਤੇ ਕਈ ਸੋਚਦੇ ਹੋਣਗੇ ਕਿ ਚੰਗਾ ਹੋਇਆ ਨਹੀਂ ਆਇਆ।
ਐਵੇਂ ਮੁਫਤ ਦੀ ਪਬਲਿਸਿਟੀ ਹੋ ਜਾਣੀ ਸੀ ਉਸਦੀ।”
…ਅਤੇ ਮੈਂ ਹਾਜ਼ਰੀਨੇ ਮੁਸ਼ਾਇਰਾ ਦਰਮਿਆਨ ਖੜੋਤਾ ਸ਼ਾਇਰੇ-ਮੁਸ਼ਾਇਰਾ ਦੀ
ਜਿੰਦਾ ਦਿਲੀ ਦੀ ਦਾਦ ਦੇ ਰਿਹਾ ਸਾਂ ਜਿਹੜੇ ਤੇਗਾਂ ਦੀ ਛਾਂ ਹੇਠ ਵੀ ਆਪ ਆਪਣੀਆਂ
ਨਜ਼ਮਾਂ ਪੜ੍ਹ ਗਏ ਸਨ ਤੇ ਮੈਨੂੰ ਯਕੀਨ ਵੀ ਸੀ ਕਿ ਉਹ ਫੇਰ ਵੀ ਇੱਦਾਂ ਦਿਆਂ
ਮੁਸ਼ਾਰਿਆਂ ਵਿਚ ਆਉਣਗੇ ਤੇ ਸਿੱਝਣਗੇ ਅੱਥਰੇ ਹਾਜ਼ਰੀਨੇ ਮੁਸ਼ਾਇਰਾ ਨੂੰ। |