|
|
ਜਦੋਂ ਦਾ ਮੈਂ ਇਸ ਦੇਸ ਵਿਚ ਆਇਆ ਹਾਂ, ਬਰਤਾਨੀਆ ਦੀ ਸਿਆਸਤ ਦੇ ਜ਼ਿਕਰੇ-ਖੈਰ
ਤੋਂ ਬਾਅਦ ਅਗਰ ਇਥੋਂ ਦੇ ਮੀਡੀਆ ਵਿਚ ਕਿਸੇ ਬਿਗਾਨੇ ਦੇਸ ਦਾ ਬਹੁਤਾ ਜ਼ਿਕਰ ਹੁੰਦਾ
ਹੈ ਤਾਂ ਉਹ ਅਮਰੀਕਾ ਦਾ ਹੀ ਹੁੰਦਾ ਹੈ। ਇਸ ਦਾ ਵਿਸ਼ੇਸ਼ ਕਾਰਨ ਇਹ ਹੈ ਕਿ ਬਰਤਾਨੀਆ
ਅਮਰੀਕਾ ਦਾ ਹਮੇਸ਼ਾ ਹੀ ਭਿਆਲ ਰਿਹਾ ਹੈ ਤੇ ਹੁਣ ਵੀ ਹੈ। ਦੂਸਰੀ ਵਜਾਹ ਇਹ ਹੈ ਕਿ
ਅਮਰੀਕਾ ਕਿਸੇ ਵੇਲੇ ਸਾਡਾ ਭਾਵ ਬਰਤਾਨੀਆ ਦਾ ਗੁਲਾਮ ਦੇਸ ਹੋਇਆ ਕਰਦਾ ਸੀ। ਮਗਰ
ਆਜ਼ਾਦੀ ਦਾ ਸੰਘਰਸ਼ ਉਥੇ ਇਸ ਕਦਰ ਜ਼ੋਰ ਫੜ ਗਿਆ ਸੀ ਕਿ ਉਨ੍ਹਾਂ ਨੇ 4 ਜੁਲਾਈ 1776
ਨੂੰ “ਡੈਕਲਾਰੇਸ਼ਨ ਔਫ ਇੰਡੀਪੈਂਡੈਂਸ” ਦਾ ਐਲਾਨ ਕਰ ਦਿੱਤਾ ਸੀ। ਉਸ ਵੇਲੇ ਇਸ
ਅਜ਼ਾਦੀ ਦੀ ਲਹਿਰ ਦੇ ਲੀਡਰ ਜੌਨ ਐਡਮਰਜ਼ ਸਨ। ਉਸ ਵੇਲੇ ਇਸ ਦੀਆਂ ਕੇਵਲ 13 ਸਟੇਟਾਂ
ਸਨ ਜਦ ਕਿ ਅਜਕਲ 52 ਹਨ। ਓਦੋਂ ਤੋਂ ਹੀ ਬਰਤਾਨੀਆ ਤੇ ਅਮਰੀਕਾ ਇਕ ਸੁਰ ਹਨ। ਇਹ
ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਬਰਤਾਨੀਆ ਨੇ ਅਮਰੀਕਾ ਦੇ “ਡੈਕਲਾਰੇਸ਼ਨ ਔਫ
ਇੰਡੀਪੈਂਡੈਂਸ” ਨੂੰ ਇਕਦਮ ਹੀ ਮਨਜ਼ੂਰੀ ਦੇ ਦਿੱਤੀ ਸੀ। ਬਲਕਿ 4 ਜੁਲਾਈ 1776 ਤੋਂ
ਦੋ ਦਿਨ ਪਹਿਲਾਂ ਹੀ ਬਰਤਾਨੀਆਂ ਨੇ ਕਹਿ ਦਿਤਾ ਸੀ ਉਹ ਅਮਰੀਕਾ ਨੂੰ ਆਜ਼ਾਦ ਕਰਦਾ
ਹੈ। ਇਹ ਆਪਣਾ ਨੱਕ ਰੱਖਣ ਵਾਲੀ ਗੱਲ ਸੀ। ਬਰਤਾਨੀਆਂ ਨੂੰ ਯਕੀਨ ਸੀ ਕਿ ਅਮਰੀਕਾ
ਦੀ ਆਜ਼ਾਦੀ-ਪਸੰਦ ਲਹਿਰ ਸੰਭਲਣ ਵਾਲੀ ਨਹੀ ਸੀ। ਇਤਿਹਾਸ ਗਵਾਹ ਹੈ ਕਿ ਉਦੋਂ ਤੋਂ
ਹੀ ਇਹ ਦੋਵੇਂ ਦੇਸ ਜੌੜੇ ਭਰਾਵਾਂ ਵਾਂਗ ਵਿਚਰ ਰਹੇ ਹਨ। ਇਨ੍ਹਾਂ ਦਾ ਨਹੁੰ ਅਤੇ
ਮਾਸ ਦਾ ਰਿਸ਼ਤਾ ਬਣਿਆਂ ਹੋਇਆ ਹੈ। ਆਖਰ ਤਾਂ ਗੋਰੇ ਅਮਰੀਕਨ ਅੰਗਰੇਜ਼ਾਂ ਦੇ ਹੀ
ਹਮਸਾਏ ਸਨ।
ਅਮਰੀਕਾ ਦੀਆਂ ਪ੍ਰਧਾਨਗੀ ਚੋਣਾ ਹਰ ਚਾਰ ਵਰ੍ਹਿਆਂ ਬਾਅਦ ਹੁੰਦੀਆਂ ਹਨ। ਉਥੋਂ
ਦਾ ਇਕ ਪ੍ਰਧਾਨ ਦੋ ਟਰਮਾਂ ਤੋਂ ਵੱਧ ਨਹੀਂ ਰਹਿ ਸਕਦਾ। ਇੰਡੀਆ ਤੋਂ ਉਲਟ ਅਮਰੀਕਾ
ਦਾ ਸਦਰ “ਚੀਫ ਐਗਜ਼ੈਕਟਿਵ” ਹੁੰਦਾ ਹੈ ਜਦ ਕਿ ਭਾਰਤ ਵਿਚ ਪ੍ਰਧਾਨ ਮੰਤਰੀ “ਚੀਫ
ਐਗਜ਼ੈਕਟਿਵ” ਹੋਇਆ ਕਰਦਾ ਹੈ। ਜਦੋਂ ਅਸੀਂ ਇਥੇ ਆਏ ਸਾਂ ਤਾਂ ਪ੍ਰਧਾਨ ਜੌਨ ਕੈਨੇਡੀ
ਅਮਰੀਕਾ ਦਾ ਪ੍ਰਦਾਨ ਸੀ ਤੇ ਉਸਦੀ ਵਾਹਵਾ ਬੱਲੇ ਬੱਲੇ ਸੀ। ਦੁਨੀਆਂ ਭਰ ਦੀ ਜਵਾਨ
ਪੀੜ੍ਹੀ ਉਸ ਦਾ ਜਵਾਨ ਅਤੇ ਸੋਹਣਾ ਹੋਣਾ ਪਸੰਦ ਕਰਦੀ ਸੀ। ਉਸ ਦੀ ਸੋਹਣੀ
ਬੀਵੀ ਵੀ ਫੈਸ਼ਨ ਦੀ ਦੁਨੀਆਂ ਵਿਚ ਚਰਚਿਤ ਸੀ। ਉਸ ਦੀ ਪ੍ਰਧਾਂਨਗੀ ਵੇਲੇ ਜਦੋਂ
ਕਿਊਬਾ ਨਾਲ ਲੜਾਈ ਦੇ ਆਸਾਰ ਪੈਦਾ ਹੋਏ ਤਾਂ ਇੰਗਲੈਂਡ ਨੇ ਹੀ ਸਭ ਤੋਂ ਪਹਿਲਾਂ
ਕੈਨੇਡੀ ਦਾ ਸਮਰਥਨ ਕੀਤਾ ਸੀ ਜਿਸ ਦੇ ਸਿੱਟੇ ਵਜੋਂ ਸੋਵੀਅਤ ਦੇਸ ਦੇ ਪ੍ਰਧਾਨ
ਨਿਕੀਤਾ ਖਰੁਸ਼ਚੇਵ ਬਰਤਾਨੀਆ ਨਾਲ ਬੜੇ ਨਾਰਾਜ਼ ਹੋਏ ਸਨ। ਕਹਿਣਾ ਮੈਂ ਇਹ ਚਾਹੁੰਦਾ
ਹਾਂ ਕਿ ਓਦੋਂ ਤੋਂ ਹੀ ਮੈਂ ਅਮਰੀਕਾ ਦੀ ਸਿਆਸਤ ਵਿਚ ਦਿਲਚਸਪੀ ਲੈਣ ਲੱਗ ਪਿਆ
ਸਾਂ। ਵੈਸੇ ਵੀ ਅਗਰ ਤੁਹਾਡੇ ਮੀਡੀਆ ਵਿਚ ਕਿਸੇ ਦੇਸ ਵਿਚਲੀ ਸਿਆਸਤ ਦਾ ਵਧੇਰੇ ਹੀ
ਜ਼ਿਕਰ ਹੋਵੇ ਤਾਂ ਇਹ ਕੁਦਰਤੀ ਗੱਲ ਹੈ ਕਿ ਤੁਸੀਂ ਉਸ ਵੱਲ ਰੁਚਿਤ ਹੋ ਜਾਂਦੇ ਹੋ।
1962 ਤੋਂ ਬਾਅਦ ਜੌਨ ਕੈਨੇਡੀ, ਲਿੰਡਨ ਜੋਨਸਨ, ਰਿਚਰਡ ਨਿਕਸਨ, ਜੈਰਲਡ ਫੋਰਡ,
ਜਿੰਮੀ ਕਾਰਟਰ, ਰੋਨਾਲਡ ਰੇਗਨ, ਜੌਰਜ ਐਚ ਡਬਲਯੂ ਬੁਸ਼, ਬਿੱਲ ਕਲਿੰਟਨ, ਜੌਰਜ
ਡਬਲਯੂ ਬੁਸ਼ ਤੋਂ ਬਾਅਦ ਅੱਜਕੱਲ੍ਹ ਬਰਾਕ ਓਬਾਮਾ ਪ੍ਰਧਾਨ ਹਨ, ਜਿਨ੍ਹਾਂ ਦੀ ਟਰਮ
ਇਸੇ ਸਾਲ ਖਤਮ ਹੋ ਜਾਣੀ ਹੈ। ਨਵਾਂ ਪ੍ਰਧਾਨ ਜਨਵਰੀ 2017 ਵਿਚ ਸਹੁੰ ਚੁੱਕੇਗਾ।
ਇਸ ਵੇਰ ਮੈਦਾਨ ਵਿਚ ਨਿੱਤਰੇ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਡੋਨਲਡ ਟਰੰਪ
ਅਤੇ ਡੈਮੋਕਰੈਟ ਪਾਰਟੀ ਦੀ ਹਿਲਰੀ ਕਲਿੰਟਨ ਹਨ। ਇਨ੍ਹਾਂ ਵਿਚਕਾਰ ਇੰਨੀ ਕਸ਼ਮਕਸ਼
ਪੈਦਾ ਹੋਈ ਹੋਈ ਹੈ ਕਿ ਮੈਂ ਪਿਛਲੇ ਪਚਵੰਜਾ ਵਰ੍ਹਿਆਂ ਵਿਚ ਇਹੋ ਜਿਹੀ ਗਰਮ
ਲਫ਼ਜ਼ੀ ਜੰਗ ਨਹੀਂ ਦੇਖੀ। ਅੱਠ ਨਵੰਬਰ 2016 ਵਾਲੇ ਦਿਨ ਜਾਂ ਉਸ ਤੋਂ ਇਕ ਦੋ ਦਿਨ
ਬਾਅਦ ਹੀ ਸਾਨੂੰ ਇਲਮ ਹੋ ਜਾਵੇਗਾ ਕਿ ਅਮਰੀਕਾ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ।
ਮਗਰ ਇਕ ਗੱਲ ਯਕੀਨੀ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਜਿੱਤੇ, ਹਿਸਟਰੀ ਜ਼ਰੂਰੀ ਇਕ
ਨਵੇਂ ਮੋੜ ਉਤੇ ਆ ਖੜੀ ਹੋਵੇਗੀ। ਅਗਰ ਡੋਨਲਡ ਟਰੰਪ ਜਿੱਤਦੇ ਹਨ ਤਾਂ ਇਹ ਪਹਿਲੀ
ਵੇਰ ਹੋਵੇਗਾ ਕਿ ਕੋਈ ਨੌਨ ਪੁਲੀਟੀਕਲ ਤੇ ਕਰੋੜਪਤੀ ਬੰਦਾ ਦੇਸ ਦਾ ਪ੍ਰਧਾਨ
ਬਣੇਗਾ। ਅਗਰ ਹਿਲਰੀ ਕਲਿੰਟਨ ਜਿੱਤਦੇ ਹਨ ਤਾਂ ਤਦ ਵੀ ਇਹ ਗੱਲ ਇਤਿਹਾਸਕ ਮੀਲ
ਪੱਥਰ ਹੋਵੇਗੀ। ਉਹ ਇਸ ਲਈ ਕਿ ਹਿੱਲਰੀ ਕਲਿੰਟਨ ਅਮਰੀਕਾ ਦੀ ਪਹਿਲੀ ਮਹਿਲਾ
ਪ੍ਰਧਾਨ ਹੋਵੇਗੀ। ਅਮਰੀਕਾ ਵਿਚ ਹਮੇਸ਼ਾ ਮਰਦ ਪ੍ਰਧਾਨਾਂ ਦਾ ਹੀ ਦੌਰ ਰਿਹਾ ਹੈ।
ਇੰਗਲੈਂਡ ਵਿਚ ਇਹ ਰਵਾਇਤ ਮਾਰਗਰੇਟ ਥੈਚਰ ਨੇ ਤੋੜੀ ਸੀ। ਭਾਰਤ ਵਿਚ ਇੰਦਰਾ ਗਾਂਧੀ
ਨੇ, ਇਜ਼ਰਾਈਲ ਵਿਚ ਗੋਲਡਾ ਮਈਆਰ ਨੇ, ਪਾਕਿਸਤਾਨ ਵਿਚ ਬੇਨਜ਼ੀਰ ਭੁੱਟੋ ਨੇ ਤੇ
ਜਰਮਨੀ ਵਿਚ ਐਂਗਲਾ ਮਰਕਲ ਨੇ।
ਬੁੱਧਵਾਰ 19 ਅਕਤੂਬਰ ਨੂੰ ਹਿੱਲਰੀ ਕਲਿੰਟਨ ਅਤੇ ਡੋਨਲਡ ਟਰੰਪ ਵਿਚਕਾਰ ਤੀਜੀ
ਤੇ ਅਖੀਰਲੀ ਡੀਬੇਟ ਹੋਈ ਸੀ। ਦੋਹਾਂ ਧਿਰਾਂ ਨੇ ਇਕ ਦੂਜੇ ਉਤੇ ਇਲਜ਼ਾਮ ਵੀ ਲਗਾਏ
ਅਤੇ ਇਕ ਦੂਜੇ ਦੇ ਸਿਆਸੀ ਏਜੰਡੇ ਦੀ ਵੀ ਚੰਗੀ ਤਰ੍ਹਾਂ ਪੁਣਛਾਣ ਕੀਤੀ ਸੀ। ਪਰੈਸ
ਵਿਚ ਅਤੇ ਇਨ੍ਹਾਂ ਡੀਬੇਟਾਂ ਪਿੱਛੋਂ ਹੋਏ ਸਰਵੇਖਣ ਸੰਕੇਤ ਦਿੰਦੇ ਹਨ ਕਿ ਅਮਰੀਕਾ
ਦੀ ਰਹਿ ਚੁੱਕੀ ਸੈਕਟਰੀ ਔਫ ਸਟੇਟ ਅਤੇ ਸਾਬਕਾ ਫਸਟ ਲੇਡੀ ਹਿੱਲਰੀ ਕਲਿੰਟਨ ਹੀ
ਅਮਰੀਕਾ ਦੀ ਅਗਲੀ ਸਦਰ ਬਣੇਗੀ ਪਰ ਡੋਨਲਡ ਟਰੰਪ ਦੇ ਸਮਰਥਕ ਕਹਿੰਦੇ ਹਨ ਕਿ
ਉਨ੍ਹਾਂ ਦੇ ਕੈਂਡੀਡੇਟ ਉਤੇ ਬੇਹੱਦ ਚਿੱਕੜ ਉਛਾਲਣ ਦੇ ਬਾਵਜੂਦ ਵੀ ਜਿੱਤ ਉਨ੍ਹਾਂ
ਦੀ ਹੀ ਹੋਵੇਗੀ। ਇਨ੍ਹਾਂ ਸਤਰਾਂ ਦੇ ਲਿਖਣ ਵੇਲੇ ਤੀਕ ਡੋਨਲਡ ਟਰੰਪ ਦੇ ਹੱਕ ਵਿਚ
40% ਲੋਕ ਹਨ ਅਤੇ ਹਿੱਲਰੀ ਕਲਿੰਟਨ ਦੇ ਹੱਕ ਵਿਚ 45% ਹਨ। ਭਾਵ ਸਾਰੇ ਸੰਕੇਤ ਇਹੋ
ਕਹਿੰਦੇ ਹਨ ਕਿ ਜਿੱਤ ਹਿਲਰੀ ਕਲਿੰਟਨ ਦੀ ਹੀ ਹੋਵੇਗੀ। ਪਰ ਸਿਆਸਤ ਇਕ ਅਜਿਹੀ ਖੇਡ
ਹੈ ਕਿ ਫੈਸਲਾਕੁੰਨ ਦਿਨ ਤੀਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਸਤਰਾਂ ਦੇ
ਲਿਖ਼ਣ ਵੇਲੇ ਹਿੱਲੀ ਕਲਿੰਟਨ ਦੇ ਈ ਮੇਲ ਸਕੈਂਡਲ ਵਾਰੇ ਏਨਾ ਰੌਲਾ ਪੈ ਗਿਆ ਹੈ ਕਿ
ਹਾਲਾਤ ਕਿਸੇ ਪਾਸੇ ਵਲ ਵੀ ਝੁੱਕ ਸਕਦੇ ਹਨ। ਇਨ੍ਹਾਂ ਈ ਮੇਲਾਂ ਵਾਰੇ ਆਪਾਂ ਅੱਗੇ
ਜਾਕੇ ਗੱਲ ਕਰਾਂਗੇ।
ਡੋਨਲਡ ਟਰੰਪ ਉਤੇ ਸਭ ਤੋਂ ਵੱਡਾ ਦੋਸ਼ ਇਹ ਲੱਗਦਾ ਹੈ ਕਿ ਉਹ ਔਰਤਾਂ ਨੂੰ
ਨੀਵਿਆਂ ਵਿਖਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਹੁਣ ਤੀਕ ਘੱਟੋ ਘੱਟ ਦਸ ਅਜਿਹੀਆਂ
ਔਰਤਾਂ ਪ੍ਰੈਸ ਵਿਚ ਬਿਆਨ ਦੇ ਚੁੱਕੀਆਂ ਹਨ ਤੇ ਸੌਹਾਂ ਖਾ ਚੁੱਕੀਆਂ ਹਨ ਕਿ ਡੋਨਲਡ
ਟਰੰਪ ਨੇ ਉਨ੍ਹਾਂ ਨਾਲ ਜਿਸਮਾਨੀ ਛੇੜਖਾਨੀ ਕੀਤੀ ਸੀ। ਡੋਨਲਡ ਟਰੰਪ ਨੇ ਇਨ੍ਹਾਂ
ਗੱਲਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਔਰਤਾਂ ਨੂੰ ਉਹ ਉੱਕਾ ਹੀ ਨਹੀਂ
ਜਾਣਦੇ ਤੇ ਇਹ ਸਿਰਫ ਮੁਫਤ ਦੀ ਮਸ਼ਹੂਰੀ ਪ੍ਰਾਪਤ ਕਰਕੇ ਪ੍ਰੈਸ ਅਤੇ ਟੀ ਵੀ ਵਾਲਿਆਂ
ਨੂੰ ਇੰਟਰਵਿਊ ਦੇ ਕੇ ਪੈਸਾ ਕਮਾਉਣਾ ਚਾਹੁੰਦੀਆਂ ਹਨ। ਉਸ ਨੇ ਇਹ ਵੀ ਧਮਕੀ ਦਿਤੀ
ਹੈ ਕਿ ਉਹ ਇਨ੍ਹਾਂ ਇਲੈਕਸ਼ਨਾਂ ਤੋਂ ਬਾਅਦ ਇਨ੍ਹਾਂ ‘ਝੂਠੀਆਂ’ ਔਰਤਾਂ ਉਤੇ ਇਜ਼ਤ
ਹੱਤਕ ਦਾ ਦਾਅਵਾ ਕਰੇਗਾ। ਡੋਨਲਡ ਟਰੰਪ ਉਤੇ ਇਹ ਵੀ ਦੋਸ਼ ਲੱਗਦਾ ਹੈ ਕਿ ਉਹ
ਮੁਸਲਮਾਨਾਂ ਦੇ ਖਿਲਾਫ ਹਨ। ਇਕ ਪ੍ਰੈਸ ਸਟੇਟਮੈਂਟ ਵਿਚ ਉਨ੍ਹਾਂ ਨੇ ਕੁਝ ਅੱਤਵਾਦੀ
ਮੁਸਲਮਾਨਾਂ ਦੀਆਂ ਅੱਤਵਾਦੀ ਗਤੀਵਿਧੀਆਂ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਅਗਰ ਉਹ
ਪ੍ਰਧਾਨ ਬਣ ਗਏ ਤਾਂ ਉਹ ਕਿਸੇ ਵੀ ਮੁਸਲਮਾਨ ਨੂੰ ਦੇਸ ਅੰਦਰ ਦਾਖਲ ਨਹੀਂ ਹੋਣ
ਦੇਣਗੇ। ਭਾਵੇਂ ਕਿ ਬਾਅਦ ਵਿਚ ਆਪ ਨੇ ਕਿਹਾ ਸੀ ਕਿ ਬਾਹਰੋਂ ਆਉਣ ਵਾਲੇ
ਮੁਸਲਮਾਨਾਂ ਬਾਰੇ ਡੂੰਘੀ ਛਾਣਬੀਣ ਕੀਤੀ ਜਾਇਆ ਕਰੇਗੀ। ਡੋਨਲਡ ਟਰੰਪ ਇਲੀਗਲ
ਇਮੀਗਰੇਸ਼ਨ ਦੇ ਸਖਤ ਖਿਲਾਫ ਹਨ। ਇਸ ਵੇਲੇ ਅਮਰੀਕਾ ਵਿਚ 11 ਮਿਲੀਅਨ ਇਲੀਗਲ
ਇਮੀਗਰਾਂਟ ਕਹਿੰਦੇ ਹਨ। ਇਨ੍ਹਾਂ ਲੋਕਾਂ ਨੂੰ ਅਨਡਾਕੂਮੈਂਟਡ ਇਮੀਗਰਾਂਟਸ ਕਿਹਾ
ਜਾਂਦਾ ਹੈ। ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਕਦਾਚਿਤ ਇਨ੍ਹਾਂ ਗਿਆਰਾਂ ਮਿਲੀਅਨ
ਲੋਕਾਂ ਨੂੰ ਜਨਰਲ ਐਮਨੈਸਟੀ ਨਹੀਂ ਦੇਣਗੇ। ਜਦ ਕਿ ਡੈਮੋਕਰੈਟ ਪਾਰਟੀ ਦੀ
ਕੈਂਡੀਡੇਟ ਹਿੱਲਰੀ ਕਲਿੰਟਨ ਕਹਿ ਰਹੀ ਹੈ ਕਿ ਉਹ ਬਰਾਕ ਓਬਾਮਾ ਦੀ ਪਾਲਸੀ ਨੂੰ
ਅੱਗੇ ਵਧਾਂਦਿਆਂ ਹੋਇਆਂ ਇਨ੍ਹਾਂ ਲੋਕਾਂ ਨੂੰ ਜਨਰਲ ਐਮਨੈਸਟੀ ਹੀ ਨਹੀਂ ਅਮਰੀਕਨ
ਨਾਗਰਿਕਤਾ ਵੀ ਦੇ ਦੇਵੇਗੀ। ਡੋਨਲਡ ਟਰੰਪ ਦਾ ਇਹ ਵੀ ਕਹਿਣਾ ਹੈ ਕਿ ਉਹ ਅਮਰੀਕਾ
ਦੇ ਬਾਰਡਰ ਬਹੁਤ ਸੁਰੱਖਿਅਤ ਕਰ ਦੇਣਗੇ। ਇਸ ਕੰਮ ਵਾਸਤੇ ਉਹ ਮੈਕਸੀਕੋ ਦੇ ਬਾਰਡਰ
ਉਤੇ ਇਕ ਬਹੁਤ ਉਚੀ ਦੀਵਾਰ ਖੜੀ ਕਰਨਗੇ। ਇਸ ਦੀਵਾਰ ਉਤੇ ਵੀਹ ਬਿਲੀਅਨ ਡਾਲਰ
ਲੱਗਣਗੇ। ਹਿਲਰੀ ਕਲਿੰਟਨ ਦਾ ਕਹਿਣਾ ਹੈ ਕਿ ਛੇਕੜ ਨੂੰ ਇਸ ਦੀਵਾਰ ਉਤੇ ਤੀਹ
ਬਿਲੀਅਨ ਡਾਲਰਾਂ ਤੀਕ ਵੀ ਲੱਗ ਸਕਦੇ ਹਨ। ਡੋਨਲਡ ਟਰੰਪ ਦਾ ਕਹਿਣਾ ਹੈ ਕਿ ਇਸ
ਦੀਵਾਰ ਦੇ ਖਰਚੇ ਲਈ ਉਹ ਮੈਕਸੀਕੋ ਤੇ ਪ੍ਰਧਾਨ ਨੂੰ ਮਜਬੂਰ ਕਰਨਗੇ ਜਦ ਕਿ ਉਸ ਦੇਸ
ਦੇ ਪ੍ਰਧਾਨ ਐਨਰੀਕ ਪੇਨਾ ਨੀਅਤੋ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਇਹ ਖਰਚਾ
ਕਦਾਚਿਤ ਨਹੀਂ ਦੇਣਗੇ। ਲੋਕਾਂ ਨੂੰ ਸਭ ਤੋਂ ਵਧੇਰੇ ਇਤਰਾਜ਼ ਡੋਨਲਡ ਟਰੰਪ ਵਲੋਂ
ਵਰਤੀ ਜਾਂਦੀ ਸ਼ਬਦਾਵਲੀ ਬਾਰੇ ਹੈ। ਟਰੰਪ ਨੇ ਮੈਕਸੀਕਨਾਂ ਬਾਰੇ ਕਿਹਾ ਸੀ ਕਿ ਉਹ
ਆਮ ਤੌਰ 'ਤੇ ਚੋਰ ਅਤੇ ਰੇਪਿਸਟ ਹੁੰਦੇ ਹਨ। ਉਨ੍ਹਾਂ ਦਾ ਕਇਣਾ ਹੈ ਕਿ ਮੈਕਸੀਕੋ
ਦੀ ਸਰਕਾਰ ਇੱਲੀਗਲਾਂ ਨੂੰ ਅਮਰੀਕਾ ‘ਚ ਦਾਖਲ਼ ਹੋਣੋ ਨਹੀਂ ਰੋਕਦੀ ਬਲਕਿ ਵਾਹਵਾ
ਹੱਲਾ ਸ਼ੇਰੀ ਦਿੰਦੀ ਹੈ। ਇਸ ਲਈ ਮੈਕਸੀਕੋ ਅਤੇ ਅਮਰੀਕਾ ਵਿਚਕਾਰ ਇਕ ਦੀਵਾਰ
ਉਸਾਰਨੀ ਜ਼ਰੂਰੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਦੀਵਾਰ ਦੀ ਉਸਾਰੀ ਤੋਂ ਬਾਅਦ ਉਥੇ
ਹਥਿਆਰਬੰਦ ਫੌਜੀ ਤਾਇਨਾਤ ਕੀਤੇ ਜਾਣਗੇ।
ਇਮੀਗਰੇਸ਼ਨ ਦੇ ਸਵਾਲ ਬਾਰੇ ਇਨ੍ਹਾਂ ਇਲੈਕਸ਼ਨਾਂ ਦੌਰਾਨ ਬੇਹੱਦ ਦਿਲਚਸਪੀ ਵਿਖਾਈ
ਜਾ ਰਹੀ ਹੈ। ਅਸਾਇਲਮ ਸੀਕਰਾਂ ਵਾਰੇ ਵੀ ਜ਼ਬਰਦਸਤ ਬਹਿਸ ਹੋ ਰਹੀ ਹੈ। ਡੋਨਲਡ
ਟਰੰਪ ਦਾ ਕਹਿਣਾ ਹੈ ਕਿ ਅਸਾਇਲਮ ਸੀਕਰਾਂ ਨੂੰ ਅੰਦਰ ਵਾੜਨ ਤੋਂ ਪਹਿਲਾਂ ਉਨ੍ਹਾਂ
ਦੀ ਪੂਰੀ ਛਾਣਬੀਣ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਿੱਲਰੀ ਕਲਿੰਟਨ ਅਤੇ ਬਰਾਕ
ਓਬਾਮਾ 'ਤੇ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਨੇ ਈਰਾਕ, ਸੀਰੀਆ, ਲਿਬੀਆ,
ਅਫਗਾਨਿਸਤਾਨ ਤੇ ਯਮਨ ਵਿਚ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਉਥੋਂ ਦੇ ਲੋਕ
ਹੁਣ ਇਧਰ ਨੂੰ ਦੌੜੇ ਆ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਅਗਰ ਅਸੀਂ ਇਲੀਗਲ
ਇਮੀਗਰੇਸ਼ਨ ਰੋਕ ਦੇਈਏ ਤਾਂ ਅਸੀਂ ਉਨ੍ਹਾਂ ਲੋਕਾਂ ਦੇ ਹੱਕ ਬਹਾਲ ਕਰ ਸਕਦੇ ਹਾਂ
ਜਿਹੜੇ ਦੂਸਰਿਆਂ ਮੁਲਕਾਂ ਤੋਂ ਸਹੀ ਤੌਰ 'ਤੇ ਅਮਰੀਕਾ ਆਉਣਾ ਚਾਹੁੰਦੇ ਹਨ। ਕਈ
ਅਨੇਕਾਂ ਸਾਲਾਂ ਤੋਂ ਲੰਮੀਆਂ ਲਾਈਨਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ
ਉਹ ਅਗਰ ਪ੍ਰਧਾਨ ਬਣ ਗਏ ਤਾਂ ਉਹ ਕੇਵਲ ਹੁਨਰਮੰਦ ਲੋਕਾਂ ਨੂੰ ਹੀ ਅੰਦਰ ਵੜਨ
ਦੇਣਗੇ। ਜਦੋਂ ਪੁੱਛਿਆ ਗਿਆ ਕਿ ਨੌਨ ਸਕਿੱਲਡ ਕੰਮ ਕੌਣ ਕਰੇਗਾ ਤਾਂ ਉਨ੍ਹਾਂ ਨੇ
ਕਿਹਾ ਕਿ ਅਮਰੀਕਨ ਵਿਹਲੜਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਨੇ
ਦੋਸ਼ ਲਾਇਆ ਕਿ ਅਗਰ ਹਿੱਲਰੀ ਕਲਿੰਟਨ ਦੇਸ ਦੀ ਪ੍ਰਧਾਂਨ ਬਣ ਗਈ ਤਾਂ ਹਰ ਕਿਸੇ ਨੂੰ
ਅੰਦਰ ਆਉਣ ਲਈ ਬੂਹੇ ਖੋਲ੍ਹ ਦੇਵੇਗੀ ਤੇ ਇਮੀਗਰੇਸ਼ਨ ਵਾਰੇ ਓਪਨ ਡੋਰ ਪਾਲਿਸੀ
ਅਖਤਿਆਰ ਕਰੇਗੀ।
ਹਿੱਲਰੀ ਕਲਿੰਟਨ ਉਤੇ ਸਭ ਤੋਂ ਵੱਡਾ ਦੋਸ਼ ਇਹ ਲੱਗ ਰਿਹਾ ਹੈ ਕਿ ਉਸ ਨੇ ਆਪਣੇ
ਸੈਕਟਰੀ ਔਫ ਸਟੇਟ ਦੇ ਦੌਰ ਵੇਲੇ ਘੱਟੋ ਘੱਟ 33,000 ਈ–ਮੇਲਾਂ ਆਪਣੇ ਜ਼ਾਤੀ
ਅਕਾਊਂਟ ਤੋਂ ਭੇਜੀਆਂ ਅਤੇ ਵਸੂਲ ਕੀਤੀਆਂ ਸਨ। ਰੀਪਬਲਿਕਨ ਪਾਰਟੀ ਮੁਤਾਬਿਕ ਇਹ
ਏਨੀ ਸੰਜੀਦਾ ਗੱਲ ਹੈ ਕਿ ਇਸ ਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ।
ਹਿੱਲਰੀ ਕਲਿੰਟਨ ਨੇ ਮੰਨਿਆ ਹੈ ਤੇ ਮੁਆਫੀ ਵੀ ਮੰਗੀ ਕਿ ਉਸ ਤੋਂ ਅਚੇਤ ਹੀ ਇਹ
ਕੁਝ ਹੋ ਗਿਆ ਸੀ ਪਰ ਰੀਪਬਲਿਕਨ ਪਾਰਟੀ ਦਾ ਕਹਿਣਾ ਹੈ ਕਿ ਅਜਿਹੀਆਂ ਈ–ਮੇਲਾਂ ਵਿਚ
ਟੌਪ ਦੇ ਸਟੇਟ ਸੀਕਰਟ ਵੀ ਹੋ ਸਕਦੇ ਹਨ। ਭਾਵ ਅਗਰ ਇਹ ਈ–ਮੇਲਾਂ ਅਮਰੀਕਾ ਦੇ ਕਿਸੇ
ਦੁਸ਼ਮਣ ਦੇ ਹੱਥ ਲੱਗ ਜਾਂਦੀਆਂ ਹਨ ਤਾਂ ਦੇਸ਼ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਵਰਗੇ ਦੇਸ਼ ਕੋਲ ਇਹ ਗੁਪਤ ਈ–ਮੇਲਾਂ ਸ਼ਾਇਦ ਪਹੁੰਚ
ਵੀ ਗਈਆਂ ਹੋਣਗੀਆਂ। ਡੋਨਲਡ ਟਰੰਪ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹਿੱਲਰੀ ਕਲਿੰਟਨ
ਦੇ ਸਰਮਾਏਦਾਰ ਸਮਰਥਕ ਪੂਰਾ ਟੈਕਸ ਨਹੀਂ ਦਿੰਦੇ। ਉਸਨੇ ਇਹ ਗੱਲ ਉਦੋਂ ਆਖੀ ਜਦੋਂ
ਕਲਿੰਟਨ ਨੇ ਦੋਸ਼ ਲਗਾਇਆ ਕਿ ਡੋਨਲਡ ਟਰੰਪ ਆਪਣੀਆਂ ਟੈਕਸ ਰੀਟਰਨਾਂ ਛਾਇਆ ਕਿਉਂ
ਨਹੀਂ ਕਰਦੇ? ਟਰੰਪ ਨੇ ਕਿਹਾ ਕਿ ਉਹ ਅਤੇ ਹੋਰ ਸਰਮਾਏਦਾਰ ਲੋਕ ਟੈਕਸ ਦੇ ਖੇਤਰ
ਵਿਚਲੀਆਂ ਕਮਜ਼ੋਰ ਮੱਦਾਂ ਦਾ ਫਾਇਦਾ ਉਠਾਉਂਦੇ ਹਨ। ਉਹ ਵਧੀਆ ਅਕਾਊਂਟੈਂਟ ਰੱਖ ਕੇ
ਲੀਗਲ ਤੌਰ 'ਤੇ ਘੱਟ ਟੈਕਸ ਦਿੰਦੇ ਹਨ। ਇਸ ਵਿਚ ਕਮਜ਼ੋਰੀ ਹਿੱਲਰੀ ਅਤੇ ਬਾਰਾਕ
ਓਬਾਮਾ ਵਰਗੇ ਲੋਕਾਂ ਦੀ ਹੈ ਜਿਹੜੇ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤੇ
ਟੈਕਸ ਦੇ ਲੂਪ ਹੋਲ ਬੰਦ ਨਹੀਂ ਕਰਦੇ। ‘ਬਾਰਾਕ ਓਬਾਮਾ ਨੂੰ ਤਾਂ ਇਹ ਗੱਲ ਆਪਣੀ
ਪ੍ਰਧਾਨਗੀ ਵੇਲੇ ਬਿਲਕੁਲ ਹੱਲ ਕਰ ਦੇਣੀ ਚਾਹੀਦੀ ਸੀ।’ ਇਨ੍ਹਾਂ ਸਤਰਾਂ ਦੇ ਲਿਖ਼ਣ
ਵੇਲੇ ਤੀਕ ਈ ਮੇਲਾਂ ਵਾਲੀ ਗੱਲ ਹੋਰ ਵੀ ਤੂਲ ਫੜ ਗਈ ਹੈ। ਅਮਰੀਕਾ ਦੀ ਐਫ ਬੀ ਆਈ
ਦੇ ਡਾਇਰੈਟਰ ਨੇ ਕਿਹਾ ਹੈ ਕਿ ਉਨ੍ਹਾਂ ਹੱਥ ਕੁਝ ਅਜਿਹੀਆਂ ਈ ਮੇਲਾਂ ਲੱਗੀਆਂ ਹਨ
ਕਿ ਉਨ੍ਹਾਂ ਦੀ ਤਹਿ ਤੀਕ ਜਾਣਾ ਜ਼ਰੂਰੀ ਹੈ। ਹਿੱਲਰੀ ਕਲਿੰਟਨ ਨੇ ਕਿਹਾ ਹੈ ਕਿ
ਇਲੈਕਸ਼ਨਾਂ ਤੋਂ ਕੇਵਲ ਸੱਤ ਦਿਨ ਪਹਿਲਾਂ ਇਸ ਕਿਸਮ ਦਾ ਕਦਮ ਚੁੱਕਣਾ ਸਿੱਧ ਕਰਦਾ
ਹੈ ਕਿ ਦਾਲ ਵਿਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ ਤੇ ਉਸ ਖਿ਼ਲਾਫ ਇਕ ਸਾਜ਼ਸ਼ ਘੜੀ
ਜਾ ਰਹੀ ਹੈ। ਉਸ ਨੇ ਕਿਹਾ ਕਿ ਇਨ੍ਹਾਂ ਈ ਮੇਲਾਂ ਵਿਚ ਕੁਝ ਵੀ ਵਿਸ਼ੇਸ਼ ਨਹੀਂ
ਹੈ। ਪਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਮੰਗ ਕਰਨਗੇ ਉਹ ਸਾਰੀਆਂ ਡੀਲੀਟ
ਕੀਤੀਆਂ ਗਈਆਂ ਈ ਮੇਲਾਂ ਵੀ ਲੋਕਾਂ ਸਾਹਵੇਂ ਰੱਖਣ। ਡੀਲੀਟ ਕੀਤੀਆਂ ਗਈਆਂ ਈ
ਮੇਲਾਂ ਦੀ ਗਿਣਤੀ 33 ਹਜ਼ਾਰ ਤੀਕ ਦੱਸੀ ਜਾ ਰਹੀ ਹੈ। ਐਫ ਬੀ ਆਈ ਦੇ ਡਾਇਰੈਕਟਰ
ਜੇਮਜ਼ ਕੌਮੇ ਦਾ ਕਹਿਣਾ ਹੈ ਸਾਬਕਾ ਸੈਕਟਰੀ ਔਫ ਸਟੇਟ ਨੇ ਸਰਕਾਰੀ ਈ ਮੇਲਾਂ ਲਈ
ਆਪਣੇ ਪ੍ਰਾਈਵੇਟ ਸਰਵਰ ਦੀ ਵਰਤੋਂ ਕਰਕੇ ਬੜੀ ਅਣਗਹਿਲੀ ਤੋਂ ਕੰਮ ਲਿਆ ਹੈ। ਐਫ ਬੀ
ਆਈ ਦੇ ਇਸ ਐਕਸ਼ਨ ਤੋਂ ਇਕ ਦਮ ਬਾਅਦ ਦੇ ਪੋਲ ਕਹਿੰਦੇ ਹਨ ਕਿ ਹਿੱਲਰੀ ਕਲਿੰਟਨ
ਨੂੰ 49% ਅਮਰੀਕਨ ਵੋਟ ਪਾਉਣਗੇ ਤੇ ਡੌਨਲਡ ਟਰੰਪ ਨੂੰ 46%।
ਅਮਰੀਕਾ ਦੇ ਸਿਆਸਤਦਾਨਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਦੇਸ਼ ਸਿਰ
ਚੜ੍ਹਿਆ ਹੋਇਆ ਕੌਮੀ ਕਰਜ਼ਾ ਹੁਣ 20 ਟਰਿਲੀਅਨ ਡਾਲਰਾਂ ਤੀਕ ਪਹੁੰਚ ਗਿਆ ਹੈ।
ਕਲਿੰਟਨ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਬਣ ਜਾਣ ਦੀ ਹਾਲਤ ਵਿਚ ਧਨਾਢਾਂ ਉਤੇ ਟੈਕਸ
ਵਧਾ ਦੇਣਗੇ ਤੇ ਇਹ ਪੈਸਾ ਤਾਲੀਮ, ਇਨਫਰਾਸਟਰਕਚਰ ਅਤੇ ਹੋਰ ਘਰੇਲੂ ਸਕੀਮਾਂ ਉਤੇ
ਖਰਚ ਕਰਨਗੇ ਜਦਕਿ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਜਿਸ ਤਰ੍ਹਾਂ ਖੁਦ ਇਕ ਸਫਲ
ਬਿਜ਼ਨਸਮੈਨ ਹਨ, ਉਸੇ ਤਰ੍ਹਾਂ ਉਹ ਦੇਸ਼ ਦੀ ਇਕੌਨੋਮੀ ਨੂੰ ਵੀ ਠੀਕ ਕਰ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੂਸਰੇ ਦੇਸ਼ਾਂ ਨਾਲ ਨਵੇਂ ਸਿਰੇ ਲਾਹੇਵੰਦ ਟਰੇਡ
ਸਮਝੌਤੇ ਕਰਨਗੇ। ਬਾਹਰ ਜਾਂਦੀਆਂ ਜੌਬਾਂ ਜਿਨ੍ਹਾਂ ਨੂੰ ‘ਆਊਟ ਸੋਰਸਿੰਗ' ਕਿਹਾ
ਜਾਂਦਾ , ਹੈ, ਵੀ ਵਾਪਸ ਅਮਰੀਕਾ ਵਿਚ ਲੈ ਆਉਣਗੇ। ਓਬਾਮਾ ਕੇਅਰ ਵਰਗਾ ਮਹਿੰਗਾ
ਮੈਡੀਕਲ ਸਿਸਟਮ ਤਿਆਗ ਦੇਣਗੇ ਤੇ ਉਸ ਦੀ ਥਾਂ ਉਤੇ ਇਨਸ਼ੋਰੈਂਸ ਕੰਪਨੀਆਂ ਤੋਂ ਸਸਤੇ
ਰੇਟ ਲੈਣਗੇ। ਯਾਦ ਰਹੇ ਇਸ ਵੇਲੇ ਅਮਰੀਕਾ ਵਿਚ 49 ਮਿਲੀਅਨ ਲੋਕਾਂ ਕੋਲ ਕੋਈ ਵੀ
ਮੈਡੀਕਲ ਇਨਸ਼ੋਰੈਂਸ ਨਹੀਂ ਹੈ। ਤਿੰਨ ਸੌ ਸੋਲ੍ਹਾਂ ਮਿਲੀਅਨ ਲੋਕਾਂ ਦੀ ਆਬਾਦੀ
'ਚੋਂ 100 ਮਿਲੀਅਨ ਲੋਕ ਗਰੀਬੀ ਦੀ ਰੇਖਾ ਉਤੇ ਹਨ। ਟਰੰਪ ਨੇ ਕਿਹਾ ਕਿ ਲਤੀਨੋ
ਅਤੇ ਐਫ਼ਰੋ–ਅਮੈਰੇਕਨ ਲੋਕਾਂ ਨੂੰ ਗਰੀਬੀ 'ਚੋਂ ਕੱਢਿਆ ਜਾਵੇਗਾ ਤੇ ਇੰਨਰ ਸਿਟੀ
ਇਲਾਕਿਆਂ ਵਿਚ ਵਧ ਰਹੇ ਅਪਰਾਧ ਰੋਕੇ ਜਾਣਗੇ। ਗਰੀਬ ਲੋਕਾਂ ਨੂੰ ਐਂਪਲਾਇਮੈਂਟ ਦੇ
ਮੌਕੇ ਪ੍ਰਦਾਨ ਕੀਤੇ ਜਾਣਗੇ।
ਹਿੱਲਰੀ ਕਲਿੰਟਨ ਦੀ ਚਿੰਤਾ ਇਹ ਹੈ ਕਿ ਅਮਰੀਕਾ ਦਾ ਗੰਨ ਕਲਚਰ ਆਏ ਦਿਨ ਵਧ
ਰਿਹਾ ਹੈ। ਪਿਛਲੇ ਇਕ ਸਾਲ ਵਿਚ 33 ਹਜ਼ਾਰ ਲੋਕ ਗੰਨਾਂ ਨਾਲ ਜਾਨਾਂ ਗੁਆ ਚੁੱਕੇ
ਹਨ। ਕਲਿੰਟਨ ਇਹ ਤਾਂ ਨਹੀਂ ਚਾਹੁੰਦੀ ਕਿ ਅਮਰੀਕਨਾਂ ਕੋਲੋਂ ਗੰਨ ਖਰੀਦਣ ਦੀ
ਆਜ਼ਾਦੀ ਖੋਹ ਲਈ ਜਾਵੇ ਪਰ ਉਹ ਹੋਰ ਵੀ ਵਧੇਰੇ ਸਖ਼ਤੀ ਨਾਲ ਹਥਿਆਰ ਖਰੀਦਣ ਵਾਲੇ
ਲੋਕਾਂ ਦੇ ਪਿਛੋਕੜ ਨੂੰ ਦੇਖਣਗੇ। ਉਧਰ ਟਰੰਪ ਕਹਿੰਦੇ ਹਨ ਕਿ ਉਹ ਕਿਸੇ ਕਿਸਮ ਦੇ
ਵੀ ਗੰਨ ਕੰਟਰੋਲ ਦੇ ਹੱਕ ਵਿਚ ਨਹੀਂ ਹਨ।
ਡੋਨਲਡ ਟਰੰਪ ਦਾ ਕਹਿਣਾ ਹੈ ਕਿ ਹਰ ਕੋਈ ਅਮਰੀਕਾ ਦੀ ਅਮੀਰੀ ਦਾ ਨਾਜਾਇਜ਼
ਫਾਇਦਾ ਉਠਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਂ ਸਭਾ (ਯੂ ਐਨ ਓ) ਦੇ ਅੱਧਿਓਂ ਵੱਧ
ਮੁਲਕਾਂ ਦਾ ਚੰਦਾ ਅਮਰੀਕਾ ਦਿੰਦਾ ਹੈ। ਇਸੇ ਤਰ੍ਹਾਂ ਨੌਰਥ ਐਟਲਾਂਟਿਕ ਟਰੀਟੀ
ਆਰਗੇਨਾਈਜ਼ੇਸ਼ਨ (ਨੈਟੋ) ਦਾ ਵੀ ਅਮਰੀਕਾ ਹੀ ਵਧੇਰੇ ਖਰਚਾ ਚੁੱਕਦਾ ਹੈ। ਇਸ ਨੂੰ
ਸਾਊਦੀ ਅਰੇਬੀਆ ਤੇ ਅਨੇਕਾਂ ਹੋਰ ਦੇਸ਼ਾਂ ਦੀ ਹਥਿਆਰਬੰਦ ਰਾਖੀ ਕਰਨ ਦਾ ਵੀ ਕੁਝ
ਨਹੀਂ ਮਿਲਦਾ। ਟਰੰਪ ਨੇ ਕਿਹਾ ਕਿ ਉਹ ਇਹ ਸਭ ਕੁਝ ਬੰਦ ਕਰ ਦੇਣਗੇ। ਉਸ ਨੇ
ਹਿੱਲਰੀ ਕਲਿੰਟਨ ਨੂੰ ਮਿਹਣਾ ਮਾਰਦਿਆਂ ਕਿਹਾ ਹੈ ਕਿ ਤੁਸੀਂ ਲੋਕਾਂ ਨੇ ਬਿਗਾਨੇ
ਦੇਸੀਂ ਲੜਾਈਆਂ ਛੇੜ ਕੇ ਦੇਸ਼ ਦੇ ਖਜ਼ਾਨੇ ਨੂੰ ਖੂਬ ਰਗੜਾ ਲਗਾਇਆ ਹੈ। ਮੈਂ ਇਹ ਕੁਝ
ਨਹੀਂ ਕਰਾਂਗਾ ਤੇ ਆਈੰਸਲ ਅਤੇ ਅਲਕਾਇਦਾ ਵਰਗੀਆਂ ਦਹਿਸ਼ਤਪਸੰਦ ਸੰਸਥਾਵਾਂ ਨੂੰ ਇਕੋ
ਹੱਲੇ ਨਾਲ ਤਹਿਸ਼ ਨਹਿਸ਼ ਕਰ ਦੇਣਗੇ। ਹਿੱਲਰੀ ਕਲਿੰਟਨ ਨੇ ਕਿਹਾ ਕਿ ਟਰੰਪ ਰੂਸ
ਦੇ ਪ੍ਰਧਾਨ ਵਲਾਦੀਮੀਰ ਪੂਤਿਨ ਦਾ ਸਮਰਥਕ ਹੇੈ। ਟਰੰਪ ਨੇ ਉੱਤਰ ਦਿੱਤਾ ਕਿ ਉਹ
ਪੂਤਿਨ ਨੂੰ ਜਾਣਦਾ ਤੱਕ ਨਹੀਂ ਤੇ ਨਾ ਹੀ ਕਦੇ ਉਸਨੂੰ ਮਿਲਿਆ ਹੀ ਹੈ ਪਰ ਜੇਕਰ
ਰੂਸ ਨਾਲ ਦੋਸਤੀਆਂ ਗੰਢ ਲਈਆਂ ਜਾਣ ਤਾਂ ਇਸ ਵਿਚ ਹਰਜ ਵੀ ਕੀ ਹੈ?
ਏਸ ਵੇਲੇ ਸਾਰੇ ਸੰਕੇਤ ਇਹੋ ਮਿਲ ਰਹੇ ਹਨ ਕਿ ਹਿੱਲਰੀ ਕਲਿੰਟਨ ਹੀ ਦੇਸ਼ ਦੇ
ਰਾਸ਼ਟਰਪਤੀ ਬਣਨਗੇ ਪਰ ਜਿੰਨੀ ਦੇਰ ਤੀਕ ਨਤੀਜੇ ਸਾਹਮਣੇ ਨਹੀਂ ਆਉਂਦੇ, ਕੁਝ ਵੀ
ਕਿਹਾ ਨਹੀਂ ਜਾ ਸਕਦਾ। ਪਰ ਇਕ ਗੱਲ ਯਕੀਨੀ ਹੈ ਕਿ ਅਮਰੀਕਾ ਦੇ ਲੋਕ ਸਪੱਸ਼ਟ ਤੌਰ
'ਤੇ ਦੋ ਕੈਂਪਾਂ ਵਿਚ ਵੰਡੇ ਗਏ ਹਨ। ਬਹੁਗਿਣਤੀ ਦੇ ਗੋਰੇ ਲੋਕ ਟਰੰਪ ਨਾਲ ਖੜ੍ਹੇ
ਹਨ ਜਦਕਿ ਹਿੱਲਰੀ ਕਲਿੰਟਨ ਨਾਲ ਇਮੀਗਰੇਸ਼ਨ ਅਤੇ ਲਿਬਰਲ ਕਿਸਮ ਦੇ ਲੋਕ ਹਨ। ਇਹ ਦੋ
ਗਰੁੱਪ ਇਕ ਦੂਜੇ ਦੇ ਏਨੇ ਦੁਸ਼ਮਣ ਬਣ ਗਏ ਹਨ ਕਿ ਅਗਰ ਹਿੱਲਰੀ ਕਲਿੰਟਨ ਪ੍ਰਧਾਨ ਬਣ
ਵੀ ਗਈ ਤਾਂ ਉਸ ਵਾਸਤੇ ਰਾਜ ਕਰਨਾ ਸੌਖਾ ਨਹੀਂ ਹੋਵੇਗਾ। ਇਹੋ ਗੱਲ ਪ੍ਰਧਾਨ ਬਣ
ਜਾਣ ਦੀ ਸੂਰਤ ਵਿਚ ਡੋਨਲਡ ਟਰੰਪ ਉਤੇ ਵੀ ਢੁੱਕ ਸਕਦੀ ਹੈ। |