ਮੇਰੇ ਦਾਦਾ ਜੀ ਚਾਰ ਭਰਾ ਸਨ। ਚਾਰੇ ਹੀ 1914 ਦੇ ਵਿਸ਼ਵ ਯੁੱਧ ਵੇਲੇ ਫੌਜ
ਵਿੱਚ ਸਨ। ਦਾਦਾ ਜੀ ਉਨ੍ਹਾਂ ਵਿੱਚੋਂ ਸੱਭ ਤੋਂ ਵੱਡੇ ਸਨ। ਵੱਡੋ ਤਿੰਨ ਭਰਾ ਇੱਸੇ
ਮਹਾਂ ਯੁੱਧ ਵਿੱਚ ਕੰਮ ਆਏ। ਦਾਦੀ ਜੀ ਜਵਾਨ ਉਮਰ ਵਿੱਚ ਹੀ ਵਿਧਵਾ ਹੋ ਗਏ। ਦਾਦਾ
ਜੀ ਜਦੋਂ ਆਖਰੀ ਛੁੱਟੀ ਕੱਟ ਕੇ ਗਏ ਉਦੋਂ ਮੇਰੇ ਪਿਤਾ ਜੀ ਕੁੱਖ ਵਿੱਚ ਸਨ। ਮੇਰੇ
ਪਿਤਾ ਜੀ ਨੂੰ ਆਪਣਾ ਬਾਪ ਵੇਖਣਾ ਨਸੀਬ ਨਾ ਹੋਇਆ। ਦਾਦੀ ਨੂੰ ਦਾਦਾ ਜੀ ਦੇ ਇੱਸ
ਯੁੱਧ ਵਿੱਚ ਸੇਵਾ ਬਦਲੇ ਪੈਨਸ਼ਨ ਲੱਗੀ ਅਤੇ ਜੰਗੀ ਇਨਾਮ ਵੀ ਆਉਣ ਵਾਲੀਆਂ ਤਿੰਨ
ਪੀੜ੍ਹੀਆਂ ਤੱਕ ਮਿਲਿਆ। ਮੈਂ ਆਪਣੇ ਘਰ ਵਿੱਚ ਕਿਤੇ ਵੀ ਦਾਦਾ ਜੀ ਦੀ ਫੋਟੋ ਲੱਗੀ
ਨਹੀਂ ਵੇਖੀ। ਦਾਦਾ ਕਿਹੋ ਜਿਹਾ ਹੋਵੇ ਗਾ ਮੈਂ ਬਾਪੂ ਦੇ ਕੱਦ ਕਾਠ, ਨਕਸ਼ ਨੈਣ ਤੋਂ
ਅਤੇ ਫੌਜੀਆਂ ਵਰਗੀ ਚੁਸਤੀ ਫੁਰਤੀ ਤੋਂ ਦਾਦਾ ਜੀ ਬਾਰੇ ਅੰਦਾਜ਼ਾ ਲਾਉਣ ਦਾ ਹੀ ਯਤਨ
ਕਰਦਾ ਰਹਿੰਦਾ ਸਾਂ।
ਦਾਦੇ ਦੀ ਫੌਜ ਵਿੱਚ ਸੇਵਾ ਬਦਲੇ ਦਾਦੀ ਨੂੰ 16 ਰੁਪੈ ਮਹੀਨਾ ਪੈਨਸ਼ਨ ਵਜੋਂ
ਅਤੇ 5 ਰੁਪੈ ਮਹੀਨਾ ਜੰਗੀ ਇਨਾਮ ਵਜੋਂ ਮਿਲਣ ਲੱਗਾ, ਉੱਨ੍ਹਾਂ ਵੇਲਿਆਂ ਵਿੱਚ ਇਹ
ਵੱਡੀ ਰਕਮ ਸੀ। ਹੋਰ ਵੀ ਬਹੁਤ ਸਾਰੇ ਤਗਮੇ ਵਿਕਟੋਰੀਆ ਕਰਾਸ, ਮਿਲੇ ਜੋ ਦਾਦੀ ਨੇ
ਸੰਭਾਲ ਕੇ ਰੱਖੇ ਹੋਏ ਸਨ। ਹੋਰ ਕੋਈ ਬਹੁਤੀ ਜਾਇਦਾਦ ਸਿਰਫ ਇੱਕ ਘਰ ਤੋਂ ਇਲਾਵਾ
ਨਹੀਂ ਸੀ। ਬਾਪੂ ਦਾਦਾ ਜੀ ਦੇ ਮਰਨ ਬਾਅਦ ਪੈਦਾ ਹੋਇਆ। ਦਾਦੀ ਦੇ ਪੇਕੇ ਜਮੀਨ
ਜਇਦਾਦ ਵਾਲੇ ਸਨ , ਕੁੱਝ ਦਿਨ ਅਫਸੋਸ ਕਰਨ ਲਈ ਆਏ, ਤੇ ਵਾਪਿਸ ਚਲੇ ਗਏ ਉਦੋਂ
ਉਨ੍ਹਾਂ ਦੇ ਘਰ ਵੀ ਕੋਈ ਔਲਾਦ ਨਹੀਂ ਸੀ। ਕੁੱਝ ਹੀ ਦਿਨਾਂ ਦੇ ਬਾਅਦ ਮੇਰੇ ਬਾਪੂ
ਜੀ ਨੇ ਜਨਮ ਲਿਆ। ਜਦ ਬਾਪੂ ਕੁੱਝ ਵੱਡਾ ਹੋਇਆ ਤਾਂ ਦਾਦੀ ਦਾ ਭਰਾ ਆਇਆ ਤੇ ਦਾਦੀ
ਤੇ ਬਾਪੂ ਨੂੰ ਆਪਣੇ ਪਿੰਡ ਲੈ ਗਿਆ। ਬਾਪੂ ਨਾਣਕਿਆਂ ਦੇ ਘਰ ਹੀ ਪਲਿਆ ਪੋਸਿਆ ਤੇ
ਜਵਾਨ ਹੋਇਆ। ਕੁੱਝ ਹੀ ਸਮੇਂ ਪਿੱਛੋਂ ਜਦ ਬਾਪੂ ਦੇ ਮਾਮੇ ਦੇ ਘਰ ਵੀ ਔਲਾਦ ਹੋ ਗਈ
ਤਾਂ ਬਾਪੂ ਅਣ ਗੌਲਿਆ ਜਾਣ ਲੱਗਾ। ਜਿਹੜੇ ਕਿਹੰਦੇ ਹੁੰਦੇ ਸਨ ਇੱਸੇ ਦੇ ਬਿਨਾ
ਸਾਡਾ ਹੋਰ ਕੌਣ ,ਜੋ ਕੁੱਝ ਹੈ ਸੱਭ ਕੁੱਝ ਇੱਸੇ ਦਾ ਹੀ ਹੈ ਉਨ੍ਹਾਂ ਨੂੰ ਹੀ ਹੁਣ
ਬਾਪੂ ਕੰਡੇ ਵਾਂਗ ਚੁੱਭਦਾ ਸੀ , ਬਾਪੂ ਦੱਸਦਾ ਹੁੰਦਾ ਸੀ ਕਿ ਉੱਸ ਨੇ ਨਾਣਕਿਆਂ
ਦੇ ਘਰ ਬਹੁਤ ਔਖਾ ਸਮਾਂ ਯਤੀਮਾਂ ਵਾਂਗ ਹੀ ਕੱਟਿਆ। ਕਿਸੇ ਨੂੰ ਬਾਪੂ ਦੀ ਪ੍ਰਵਾਹ
ਨਹੀਂ ਸੀ ਹਲ ਵਾਹੁਣ ਤੋਂ ਲੈ ਕੇ ਡੰਗਰ ਚਾਰਨ ਤੱਕ ਬਾਪੂ ਕਰਦਾ ਤੇ ਝਿੜਕ ਝੰਭ ਦਾ
ਨਾਲ ਵਾਧੂ ਹੁੰਦਾ।
ਉੱਸ ਸਮੇਂ ਜਿਮੀਂਦਾਰ ਘਰਾਂ ਵਿੱਚ ਅਨਾਜ ਤਾਂ ਹੁੰਦਾ ਸੀ ਪਰ ਪੈਸੇ ਕਿਸੇ
ਵਿਰਲੇ ਦੇ ਘਰ ਹੀ ਹੁੰਦੇ ਸਨ। ਓਦੋਂ ਇੱਕ ਰੁਪਈਏ ਦੀ ਵੀ ਬੜੀ ਕੀਮਤ ਹੁੰਦੀ ਸੀ।
ਇਸ ਲਈ ਦਾਦੀ ਦੀ ਪੈਨਸ਼ਨ ਉੱਸ ਦੇ ਭਰਾਂਵਾਂ ਲਈ ਵੱਡੀ ਖਿੱਚ ਤੇ ਲਾਲਚ ਸੀ। ਇਸੇ
ਕਰਕੇ ਹੀ ਉਹ ਦਾਦੀ ਨੂੰ ਘਰ ਰੱਖਣਾ ਚਾਹੁੰਦੇ ਸਨ ,ਪਰ ਬਾਪੂ ਤੋਂ ਨੌਕਰਾਂ ਵਾਂਗ
ਕੰਮ ਲਿਆ ਜਾਂਦਾ ਸੀ। ਜ਼ਰਾ ਜਿੰਨੀ ਗਲਤੀ ਤੇ ਝਿੜਕਾਂ ਵੀ ਸਹਿਣੀਆਂ ਪੈਂਦੀਆਂ ਸਨ।
ਕਦੇ ਕਦੇ ਧੱਫਾ ਧਰੌਲ ਵੀ ਕਰਦੇ ਸਨ। ਹੁਣ ਬਾਪੂ ਲਈ ਇਹ ਸੱਭ ਕੁਝ ਸਹਿਣਾ ਦਿਨੋ
ਦਿਨ ਔਖਾ ਹੋਈ ਜਾ ਰਿਹਾ ਸੀ। ਬਾਪੂ ਨਾਲ ਘਰ ਵਿੱਚ ਹਰ ਤਰ੍ਹਾਂ ਨਾਲ ਬਾਕੀਆਂ
ਨਾਲੋਂ ਵਿਤਕਰਾ ਕੀਤਾ ਜਾਂਦਾ ਸੀ। ਜਦ ਬਾਪੂ ਆਪਣੀ ਮਾਂ ਕੋਲ ਸ਼ਿਕਾਇਤ ਕਰਦਾ ਤਾਂ
ਦਾਦੀ ਕਿਹੰਦੀ ਕੋਈ ਨਹੀਂ ਪੁੱਤ ਤੇਰਾ ਪਿਓ ਜੁ ਨਹੀਂ , ਬਾਪੂ ਸੁਣ ਕੇ ਹੋਰ ਉਦਾਸ
ਹੋ ਜਾਂਦਾ ਪਰ ਉੱਸ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਇੱਕ ਦਿਨ ਬਾਪੂ ਨੇ ਅੱਕ ਕੇ
ਦਾਦੀ ਨੂੰ ਕਹਿ ਹੀ ਦਿੱਤਾ ਬੇਬੇ ਮੈਂ ਨਹੀਂ ਰਹਿਣਾ ਹੁਣ ਇਨ੍ਹਾਂ ਕੋਲ , ਮੈਨੂੰ
ਆਪਣੇ ਪਿੰਡ ਲੈ ਚੱਲ , ਸਾਡੇ ਕੋਲ ਬਾਪੂ ਦੀ ਲੱਗੀ ਹੋਈ ਪੈਨਸ਼ਨ ਜੁ ਹੈ। ਮੈਂ ਆਪ
ਵੀ ਘਰ ਜਾ ਕੇ ਕੋਈ ਕੰਮ ਕਾਰ ਕਰਾਂਗਾ ਪਰ ਮਾਮਿਆਂ ਦੀਆਂ ਝਿੜਕਾਂ ਹੁਣ ਮੈਥੋਂ
ਸਹੀਆਂ ਨਹੀਂ ਜਾਂਦੀਆਂ। ਇੱਕ ਦਿਨ ਦਾਦੀ ਨੇ ਆਪਣੇ ਘਰ ਵਾਪਸ ਚਲੇ ਜਾਣ ਦੀ ਇੱਛਾ
ਜਦ ਜ਼ਾਹਰ ਕੀਤੀ ਤਾਂ ਪੈਨਸ਼ਨ ਦੀ ਰਕਮ ਜਾਂਦੀ ਵੇਖ ਕੇ ਅਤੇ ਘਰ ਦਾ ਇੱਕ ਮੁਫਤ ਦਾ
ਕਾਮਾ ਜਾਂਦਾ ਵੇਖ ਕੇ ਸਾਰੇ ਘਰ ਦੇ ਐਵੇਂ ਅਲੇ ਟਾਲੇ ਕਰਨ ਲੱਗੇ। ਬਾਪੂ ਦੀ ਜ਼ਿੱਦ
ਵੇਖ ਕੇ ਇੱਕ ਦਿਨ ਦਾਦੀ ਦਾ ਵੱਡਾ ਭਰਾ ਦਾਦੀ ਅਤੇ ਬਾਪੂ ਨੂੰ ਦਾਦੀ ਦੇ ਘਰ ਛੱਡ
ਗਿਆ। ਬਾਪੂ ਦਸਦਾ ਹੁੰਦਾ ਸੀ ਕਿ ਉੱਸ ਦਿਨ ਮੈਨੂੰ ਘਰ ਆਕੇ ਇਵੇਂ ਲਾਗਾ ਜਿਵੇਂ
ਮੈਂ ਸਦੀਆਂ ਦੀ ਗੁਲਾਮੀ ਤੇ ਰੋਜ਼ 2 ਦੀਆਂ ਝਿੜਕਾਂ ਝੰਬਾਂ ਤੋਂ ਆਜ਼ਾਦ ਹੋਇਆ
ਹੋਵਾਂ।
ਦਾਦੀ ਨੇ ਵੀ ਜਿਵੇਂ ਸੁੱਖ ਦਾ ਸਾਹ ਲਿਆ, ਦੂਜੇ ਦਿਨ ਹੀ ਪਿੰਡ ਤੋਂ ਥੋੜ੍ਹੀ
ਦੂਰ ਦੇ ਡਾਕਖਾਨੇ ਜਾ ਕੇ ਪੈਨਸ਼ਨ ਲੈ ਆਈ .ਦਾਦੀ ਨੇ ਪਹਿਲੀ ਵਾਰ ਪੈਨਸ਼ਨ ਦੇ 16
ਰਪੈ ਅਤੇ ਜੰਗੀ ਇਨਾਮ ਦੇ ਪੰਜ ਰੁਪੈ ਜਦ ਵੇਖੇ ਤਾਂ ਦਾਦੀ ਦੀ ਅੱਖਾਂ ਵਿੱਚ ਖੁਸ਼ੀ
ਦੇ ਗਮੀ ਦੇ ਹੰਜੂ ਭਰ ਆਏ ,ਜਦੋਂ ਉੱਸ ਦੀਆਂ ਅੱਖਾਂ ਸਾਹਮਣੇ ਆਪਣੇ ਛੇ ਫੁੱਟ ਲੰਮੇ
ਸੁਹਣੇ ਸੁਣੱਖੇ ਪਤੀ ਦੀ ਫੌਜੀ ਵਰਦੀ ਵਿੱਚ ਆਖਰੀ ਛੁੱਟੀ ਕੱਟ ਕੇ ਜਾਂਦੇ ਪਤੀ ਦੀ
ਤਸਵੀਰ ਜੋ ਜੰਗ ਤੋਂ ਘਰ ਨਹੀਂ ਪਰਤਿਆ ਅੱਖਾਂ ਸਾਮ੍ਹਣੇ ਘੁੰਮ ਗਈ। ਉਸ ਨੇ ਆਪਣੇ
ਜਵਾਨ ਹੋਏ ਪੁੱਤਰ (ਮੇਰੇ ਬਾਪੂ ਨੂੰ ) ਨੂੰ ਆਪਣੀ ਛਾਤੀ ਵਿੱਚ ਘੁੱਟ ਲਿਆ। ਦਾਦੀ
ਨੂੰ ਸ਼ਾਇਦ ਇੱਸ ਤਰ੍ਹਾਂ ਦਾ ਅਹਿਸਾਸ ਅੱਜ ਪਹਿਲੀ ਵਾਰੀ ਹੀ ਹੋਇਆ। ਕਿਉਂ ਜੋ
ਪਹਿਲਾਂ ਤਾਂ ਇੱਸ ਰਕਮ ਤੇ ਦਾਦੀ ਦੇ ਭਰਾ ਦਾਦੀ ਦੀ ਪੂਰੀ ਨਜ਼ਰ ਪੈਣ ਤੋਂ ਪਹਿਲਾਂ
ਹੀ ਸਾਰੀ ਪੈਨਸ਼ਨ ਆਪਣੀਆਂ ਜੇਬਾਂ ਵਿੱਚ ਪਾ ਕੇ ਘਰ ਨੂੰ ਆ ਜਾਂਦਾ ਸੀ।ਦਾਦੀ ਤਾਂ
ਬੱਸ ਅੰਗੂਠਾ ਲਾਉਣ ਦੀ ਚੋਰ ਹੀ ਹੁੰਦੀ ਸੀ ,ਪਰ ਅੱਜ ਤਾਂ ਉੱਸ ਦੇ ਨਾਲ ਉੱਸ ਦਾ
ਦੇ ਜਵਾਨ ਪਤੀ ਦੀ ਪੂਰੀ ਨੁਹਾਰ ਵਾਲਾ ਪੁੱਤਰ ਵੀ ਨਾਲ ਸੀ। ਘਰ ਵਾਪਸੀ ਤੇ ਦਾਦੀ
ਘਰ ਦਾ ਸਾਰਾ ਲੋੜੀਂਦਾ ਸੌਦਾ ਸੂਤ ਵੀ ਲੈ ਆਈ।ਫਿਰ ਵੀ ਕਿੰਨੀ ਰਕਮ ਪੈਨਸ਼ਨ ਵਿੱਚੋਂ
ਬਚ ਗਈ। ਘਰ ਆ ਕੇ ਦਾਦੀ ਨੇ ਘਰ ਦਾ ਸਾਰਾ ਮਾੜਾ ਮੋਟਾ ਸਮਾਨ ਟਿਕਾਣੇ ਸਿਰ ਰੱਖਿਆ
, ਬਾਪੂ ਵੀ ਹੁਣ ਨਾਲ ਕੁੱਝ ਮਦਦ ਕਰਨ ਜੋਗਾ ਹੋ ਗਿਆ ਸੀ।
ਬਾਪੂ ਨੇ ਇੱਕ ਟਰੰਕ ਵਿੱਚ ਪਏ ਆਪਣੇ ਪਿਤਾ ਦੇ ਸਾਰੇ ਤਮਗੇ ਕੱਢ ਕੇ ਬਨਾ
ਸੁਵਾਰ ਕੇ ਰੱਖੇ ਜਿਨ੍ਹਾਂ ਵਿੱਚ ਦਾਦਾ ਜੀ ਦੇ ਕੁੱਝ ਬਹਾਦਰੀ ਦੇ ਤਮਗੇ ਵੀ ਸਨ
ਅਤੇ ਇੱਕ ਫੋਟੋ ਵੀ ਉੱਸ ਸਮੇਂ ਦੀ ਮਲਕਾ ਵਕਟੋਰੀਆ ਦੀ ਸੀ ਜਿਸ ਹੇਠ ਕੁੱਝ ਅੱਖਰ
ਉੱਸ ਵੱਲੋਂ ਇੱਸ ਮਹਾਂ ਯੁੱਧ ਦੀ ਜਿੱਤ ਤੋਂ ਬਾਅਦ ਸ਼ਹੀਦ ਹੋਏ ਸੈਨਕਾਂ ਦੀ ਬਹਾਦਰੀ
ਦੇ ਤੌਰ ਤੇ ਲਿਖਿਆ ਹੋਇਆ ਬੜੀ ਸੁੰਦਰ ਮਲਕਾ ਵਿਕਟੋਰੀਆਂ ਦੀ ਫੋਟੋ ਵਾਲੀ ਚਿੱਠੀ
ਵੀ ਸੀ। ਜਿੱਸ ਨੂੰ ਬਾਪੂ ਨੇ ਆਪਣੇ ਹੱਥੀਂ ਆਪਣੇ ਘਰ ਦੇ ਵੱਡੇ ਕਮਰੇ ਦੀ ਸਾਮ੍ਹਣੀ
ਕੰਧ ਤੇ ਟੰਗਿਆ। ਬਾਪੂ ਨੇ ਮਾਮਿਆਂ ਦੇ ਘਰ ਯਤੀਮਾਂ ਵਰਗੀ ਜ਼ਿੰਦਗੀ ਤੋਂ ਬਹੁਤ
ਕੁੱਝ ਸਿਖਿਆ , ਬਾਪੂ ਨੇ ਛੋਟੇ ਮੋਟੇ ਕੰਮ ਸਿੱਖੇ ਕਦੇ ਦਰਜ਼ੀ ਦਾ ਕੰਮ ਕਦੇ
ਅਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ,ਕਦੇ ਵਾਜੇ ਨਾਲ ਕੀਰਤਨ ਕਰਨਾ
ਤੇ ਹੋਰ ਵੀ ਕਈ ਕੁੱਝ, ਪਰ ਬਾਪੂ ਵਿੱਚ ਫੌਜੀ ਪਿਓ ਦਾ ਲਹੂ ਸੀ .ਉਹ ਵੀ ਪਿਓ ਵਾਂਗ
ਫੌਜ ਦੀ ਨੌਕਰੀ ਹੀ ਪਸੰਦ ਕਰਦਾ ਸੀ।
ਫਿਰ 1944-45 ਦੀ ਬਰਮਾ ਜੰਗ ਵੇਲੇ ਬਾਪੂ ਦੀ ਸੁਣੀ ਗਈ। ਉਹ ਫੋਜ ਵਿੱਚ ਬਤੌਰ
ਡਰਾਈਵਰ ਭਰਤੀ ਹੋ ਗਿਆ , ਪਰ ਥੋੜ੍ਹੀ ਹੀ ਨੌਕਰੀ ਵਿੱਚ ਅੱਖਾਂ ਖਰਾਬ ਹੋਣ ਕਰਕੇ
ਬੋਰਡ ਦੀ ਪੈਨਸ਼ਨ ਆ ਗਿਆ। ਪਰ ਘਰ ਆਕੇ ਬਾਪੂ ਵਿਹਲੇ ਬਹਿਣ ਵਾਲਿਆਂ ਵਰਗਾ ਨਹੀਂ ਸੀ
,ਭਾਂਵੇਂ ਪੈਨਸ਼ਨ ਦਾਦੀ ਦੀ ਵੀ ਸੀ ਤੇ ਬਾਪੂ ਦੀ ਵੀ ਸੀ ਪਰ ਬਾਪੂ ਨੂੰ ਇੱਕ ਸੁਘੜ
ਸਿਆਣੀ ਤੇ ਉੱਦਮੀ ਤੇ ਮਿਹਣਤੀ ਪਤਨੀ ਭਾਵ ਮੇਰੀ ਬੇਬੇ ਦੇ ਸਾਥ ਨੇ ਉੱਸ ਦੀ
ਗ੍ਰਿਸਥ ਗੱਡੀ ਨੂੰ ਵੱਡਾ ਪਰਿਵਾਰ ਹੁੰਦੇ ਹੋਏ ਵੀ ਡਾਂਵਾਂ ਡੋਲ ਨਹੀਂ ਹੋਣ
ਦਿੱਤਾ। 1947 ਦੀ ਦੇਸ਼ ਦੀ ਵੰਡ ਵੇਲੇ ਬਾਪੂ ਲਾਹੌਰ ਸਰਕਾਰੀ ਨੌਕਰੀ ਕਰਦਾ ਸੀ
ਮਾੜੇ ਹਾਲਾਤ ਕਰਕੇ ਬਾਪੂ ਨੌਕਰੀ ਛੱਡ ਕੇ ਘਰ ਆ ਗਿਆ ਦੇਸ਼ ਦੀ ਕੁਲਹਿਣੀ ਵੰਡ ਵੇਲੇ
ਆਖਰ ਜਦੋਂ ਅੱਧੀ ਰਾਤ ਤੋਂ ਬਾਅਦ ਅਸੀਂ ਭਰਿਆ ਭਰਾਇਆ ਘਰ ਛੱਡਿਆ ਤਾਂ ਇੱਕ ਵਾਰ
ਤਾਂ ਹਾਲ ਟੱਪਰੀ ਵਾਸਾਂ ਤੋਂ ਵੀ ਮਾੜਾ ਹੋ ਗਿਆ। ਉਦੋਂ ਮੇਰੀ ਉਮਰ ਮਸਾਂ ਨੌਂ ਕੁ
ਸਾਲ ਦੀ ਹੋਵੇ ਗੀ। ਹੱਦ ਪਾਰ ਕਰਨ ਵੇਲੇ ਰਾਹ ਵਿੱਚ ਲੁੱਟ ਖੋਹ ਕਰਨ ਵਾਲੇ ਧਾੜਵੀ
ਟੋਲਿਆਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਦਾ ਬਚਾਂਦਾ, ਸਾਰਾ ਟੱਬਰ ਖੇਰੂੰ ਖੇਰੂੰ
ਹੋ ਗਿਆ। ਮੈਂ ਤੇ ਮੇਰੀ ਵੱਡੀ ਭੈਣ ਦਾਦੀ ਦੀ ਉਂਗਲ ਫੜੀ ਆਪਣੇ ਬਾਕੀ ਪਿੰਡ ਦੇ
ਲੋਕਾਂ ਨਾਲ ਦੇਸ਼ ਦੀ ਨਵੀਂ ਹੱਦ ਪਾਰ ਕੀਤੀ ਤਾਂ ਉੱਸ ਵੇਲੇ ਦੇ ਦੁਖਾਂਤ ਨੂੰ ਕਿਤੇ
ਫਿਰ ਲਿਖਾਂਗਾ ਕਿਉਂ ਜੋ ਇੱਥੇ ਸੰਘਰਸ਼ੀ ਬਾਪੂ ਬਾਰੇ ਹੀ ਗੱਲ ਹੀ ਕਰਨੀ ਹੈ। ਇੱਸ
ਤੋਂ ਬਾਅਦ ਸਾਡੇ ਪੈਰ ਨਾ ਲੱਗੇ ,ਦੱਸ ਸਾਲ ਤੱਕ ਪੰਜ ਟਿਕਾਣੇ ਬਦਲੇ ,ਨਾਲ ਹੀ
ਬਾਪੂ ਦੀ ਘਰ ਗ੍ਰਹਿਸਥੀ ਵੀ ਵੱਡੇ ਪ੍ਰਿਵਾਰ ਵਿੱਚ ਬਦਲ ਚੁਕੀ ਸੀ।
ਆਖਿਰ ਥਾਂ ਥਾਂ ਫਿਰਦੇ ਫਿਰਾਂਦੇ ਇੱਸ ਪਿੰਡ ਜਿੱਥੇ ਹੁਣ ਸਾਡਾ ਬਹੁਤ ਵੱਡਾ ਘਰ
ਬਣਿਆ ਹੋਇਆ ਹੈ , ਦੱਸ ਕੁ ਮਰਲੇ ਦਾ ਇੱਕ ਤੌੜ ਬਾਪੂ ਨੇ ਭੱਜ ਦੌੜ ਕਰਕੇ ਅਲਾਟ
ਕਰਾ ਲਿਆ ਤੇ ਬੜੀ ਹਿੰਮਤ ਕਰਕੇ ਇੱਸ ਖਾਲੀ ਤੌੜ ਵਿੱਚ ਕੱਚੀਆਂ ਇੱਟਾਂ ਨਾਲ ਕੰਧਾਂ
ਬਨਾ ਕੇ ਉੱਪਰ ਕੁੱਝ ਸ਼ਤੀਰ ਤੇ ਬਾਲੇ ਤੇ ਕੱਖ ਕਾਨੇ ਪਾਕੇ ਦੋ ਕੱਚੇ ਕਮਰੇ ਅਤੇ
ਇੱਕ ਰਸੋਈ ਵੀ ਬਨਾ ਲਈ ਤੇ ਬਾਹਰ ਕਾਨਿਆਂ ਦੀ ਵਾੜ ਦੇ ਕੇ ਇੱਕ ਲਕੜਾਂ ਦਾ ਫਾਟਕ
ਲਾ ਲਿਆ। ਬੇਸ਼ੱਕ ਸਸਤੇ ਸਮੇਂ ਸਨ ਪਰ ਏਨੇ ਨਾਲ ਹੀ ਹੱਥ ਹੋਰ ਵੀ ਤੰਗ ਹੋ ਗਿਆ।
ਮੈਨੂੰ ਯਾਦ ਹੈ ਕੇ ਜਿੱਸ ਦਿਨ ਅਸੀਂ ਉੱਸ ਆਲ੍ਹਣੇ ਵਰਗੇ ਘਰ ਵਿੱਚ ਸਾਰੇ ਬੈਠੇ
ਸਾਂ ਉਹ ਦਿਨ ਸਾਡੇ ਲਈ ਕਿਸੇ ਵੱਡੀ ਖੁਸ਼ੀ ਵਾਲੇ ਦਿਨ ਤੋਂ ਘੱਟ ਨਹੀਂ ਸੀ। ਬੇਬੇ
ਦਾ ਵੀ ਬਾਪੂ ਵਾਂਗ ਘਰ ਗ੍ਰਿਹਸਥੀ ਨੂੰ ਚਲਾਉਣ ਵਿੱਚ ਪੂਰਾ ਯੋਗ ਦਾਨ ਸੀ। ਬਾਪੂ
ਦਾ ਸੁਭਾ ਫੌਜੀ ਹੋਣ ਕਰਕੇ ਕੁੱਝ ਕੌੜਾ ਸੀ ਪਰ ਬੇਬੇ ਨੇਕ ਸਲਾਹ ਨੂੰ ਬਾਪੂ
ਅਣਗੌਲਿਆਂ ਨਹੀਂ ਸੀ ਕਰਦਾ। ਮੈਨੂੰ ਯਾਦ ਹੈ ਜਦੋਂ ਘਰ ਦੇ ਖਰਚੇ ਨੂੰ ਚਲਾਉਣ ਲਈ
ਬੇਬੇ ਦੀਆਂ ਵਾਲੀਆਂ ਵੇਚ ਵੱਟ ਕੇ ਇੱਕ ਮੱਝ ਲਿਆਂਦੀ ਸੀ ਤੇ ਬਾਹਰ ਅੰਦਰ ਜਾ ਕੇ
ਪੱਠੇ ਦੱਥੇ ਕੰਮ ਵਿੱਚ ਵੀ ਬਾਪੂ ਦਾ ਪੂਰਾ ਹੱਥ ਵਟਾਉਂਦੀ ਸੀ।
ਬਾਪੂ ਨੇ ਭੱਜ ਦੌੜ ਕਰਕੇ ਟਰੱਕ ਡਰਾਈਵਰੀ ਲੱਭ ਤਾਂ ਲਈ ,ਪਰ ਪੱਕੀ ਨੌਕਰੀ ਨਾ
ਹੋਣ ਕਰਕੇ ਕਈ ਵਾਰ ਤਾਂ ਮਹੀਨਾ ਪੂਰਾ ਵੀ ਨਹੀਂ ਸੀ ਹੁੰਦਾ ਕੰਮ ਛੁੱਟਣ ਤੇ ਬਾਪੂ
ਨੂੰ ਘਰ ਵਾਪਸ ਆਉਣਾ ਪੈਂਦਾ ,ਬਾਪੂ ਨੇ ਹਿੰਮਤ ਨਹੀਂ ਹਾਰੀ , ਦਾਦੀ ਪੈਨਸ਼ਨ ਬਾਪੂ
ਦੀ ਪੈਨਸ਼ਨ ਤੇ ਮੱਝ ਦਾ ਦੁੱਧ ਵੇਚ ਕੇ ਜਾਂ ਫਿਰ ਘਰ ਦਾ ਮਾੜਾ ਮੋਟਾ ਜ਼ਿਮੀਂਦਾਰਾ
ਲੋਕਾਂ ਦੀਆਂ ਪੈਲੀਆਂ ਹਿੱਸੇ ਤੇ ਲੈ ਕੇ ਵਾਹ ਕੇ ਗੁਜ਼ਾਰਾ ਹੁੰਦਾ ਰਿਹਾ ਮੈਂਨੂੰ
ਪੜ੍ਹਾਈ ਤੋਂ ਬਾਅਦ ਨੌਕਰੀ ਮਿਲ ਗਈ। ਦੋ ਭਰਾ ਵੀ ਜਵਾਨ ਹੋ ਕੇ ਫੌਜ ਵਿੱਚ ਭਰਤੀ
ਹੋਣ ਕਰਕੇ ਘਰ ਦੀ ਹਾਲਤ ਕੁੱਝ ਟਿਕਾਣੇ ਆਈ।
ਉਦੋਂ ਜ਼ਮੀਨਾਂ ਦੇ ਭਾਅ ਸਸਤੇ ਸਨ ਪਿੰਡ ਦੇ ਨਾਲ ਹੀ ਤਿੰਨ ਕਿੱਲੇ ਜ਼ਮੀਨ ਖਰੀਦ
ਤਾਂ ਲਈ ਪਰ ਹੈ ਸਨ ,ਨਿਰੇ ਟੋਏ ਟਿੱਬੇ, ਪਾਣੀ ਦਾ ਵੀ ਕੋਈ ਸਾਧਣ ਨਹੀਂ ਸੀ। ਬਾਪੂ
ਨੇ ਬੈਂਕ ਤੋਂ ਕਰਜ਼ਾ ਲੈ ਕੇ ਜ਼ਮੀਨ ਥੋੜ੍ਹੀ ਪੱਧਰੀ ਕਰ ਕੇ ਇੱਕ ਪਾਸੇ ਖੂਹੀ ਬਨਵਾ
ਕੇ ਵਿੱਚ ਬੋਰ ਕਰਵਾ ਕੇ ਇੰਜਣ ਲਗਵਾ ਕੇ ਪਾਣੀ ਦਾ ਜੁਗਾੜ ਬਨਾ ਲਿਆ ਪਰ ਘਰ ਦੇ
ਖਰਚਾਂ ਵਿੱਚੋਂ ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਕੋਈ ਸੌਖਾ ਕੰਮ ਨਹੀਂ ਸੀ। ਹੁਣ
ਇੱਕ ਘਰ ਵਿੱਚ ਅਸੀਂ ਤਿੰਨ ਭਰਾ ਨੌਕਰੀ ਵਾਲੇ ਸਾਂ ਹੌਲੀ 2 ਕਿਸ਼ਤਾਂ ਲਹਿ ਗਈਆਂ
ਗੁਜ਼ਾਰਾ ਚੰਗਾ ਹੋਣ ਲੱਗਾ। ਇੱਕ ਵਾਰ ਫਸਲ ਮਾੜੀ ਹੋਣ ਕਰਕੇ ਦੋ ਕਿਸ਼ਤਾਂ ਸਿਰ ਤੇ
ਚੜ੍ਹ ਗਈਆਂ ਹੋ। ਮੈਨੂੰ ਪਤਾ ਹੈ ਕਿਸ ਤਰ੍ਹਾਂ ਬਾਪੂ ਨੇ ਬੜੀ ਦੌੜ ਭੱਜ ਕੇ ਬੈਂਕ
ਦੀਆਂ ਕਿਸ਼ਤਾਂ ਦਾ ਪ੍ਰਬੰਧ ਕਿਵੇਂ ਕੀਤਾ। ਬਾਪੂ ਅਮ੍ਰਿਤ ਧਾਰ ਸੀ , ਬਾਣੀ ਦਾ
ਨਿੱਤ ਨੇਮੀ ਸੀ ,ਸਿਦਕੀ ਤੇ ਸੰਜਮੀ ਵੀ ਸੀ ,ਨਾਲੇ ਮਿਹਣਤੀ ਵੀ ਪੂਰਾ ਸੀ। ਬਾਪੂ
ਨੇ ਇੱਕ ਸੌ ਦੱਸ ਸਾਲ ਦੀ ਲੰਮੀ ਉਮਰ ਭੋਗੀ , ਬੇਬੇ ਨੇ ਵੀ ਬਾਪੂ ਦਾ ਉਮਰ ਭਰ
ਬਾਪੂ ਦਾ ਸਾਥ ਦਿੱਤਾ ਅਤੇ ਹੀ ਇੱਕੋ ਦਿਨ ਹੀ ਸਿਰਫ ਦੋ ਤਿੰਨ ਮਿੰਟਾਂ ਦੇ ਵਕਫੇ
ਵਿੱਚ ਇੱਸ ਸੰਸਾਰ ਨੂੰ ਦੋਵੇਂ ਅਲਵਿਦਾ ਕਹਿ ਗਏ। ਦੋਵਾਂ ਦਾ ਸਸਕਾਰ ਵੀ ਨਾਲੋ ਨਾਲ
ਹੀ ਕੀਤਾ ਅਤੇ ਉਨ੍ਹਾਂ ਦੀਆਂ ਅਸਥੀਆਂ ਵੀ ਇੱਕੋ ਵੇਲੇ ਇੱਕੋ ਥਾਂ ਹੀ ਪ੍ਰਵਾਹੀਆਂ
ਗਈਆਂ। ਨੇੜੇ ਤੇੜੇ ਦੇ ਪਿੰਡਾਂ ਵਿੱਚ ਇੱਸ ਧਰਮੀ ਜੋੜੇ ਦੀ ਇੱਕੋ ਸਮੇਂ ਦੀ ਮੌਤ
ਦੀ ਲੋਕਾਂ ਵਿੱਚ ਕਾਫੀ ਦਿਨਾਂ ਤੱਕ ਚਰਚਾ ਹੁੰਦੀ ਰਹੀ। ਬਾਪੂ ਸਿਰਫ ਸਾਡਾ ਬਾਪੂ
ਹੀ ਨਹੀਂ ,ਸਗੋਂ ਉਹ ਸਾਰੇ ਪਿੰਡ ਵਿੱਚ ਬਾਪੂ ਕਰਕੇ ਹੀ ਸਤਕਾਰਿਆ ਜਾਂਦਾ ਸੀ।
ਪਿੰਡ ਦੇ ਲੋਕ ਉਨ੍ਹਾਂ ਦੀ ਇੱਸ ਅਨੋਖੀ ਮੌਤ ਨੂੰ ਵੇਖ ਸੁਣ ਕੇ ਹੈਰਾਨ ਹੋਏ ਸਨ।
ਸਮਾਜਿਕ ਰਿਸ਼ਤਿਆਂ ਵਿੱਚ ਜਿੱਥੇ ਮਾਂ ਦਾ ਮੋਹ ਭਿੱਜਾ ਰਿਸ਼ਤਾ ਸੱਭ ਤੋਂ ਉੱਚਾ
ਸੁੱਚਾ ਰਿਸ਼ਤਾ ਹੈ। ਓਥੇ ਬਾਪੂ ਭਾਵ ਪਿਓ ਦਾ ਰਿਸ਼ਤਾ ਵੀ ਜੋ ਆਪਣੀ ਔਲਾਦ ਨੂੰ ਸਾਰੀ
ਉਮਰ ਕਈ ਪਾਪੜ ਵੇਲ ਕੇ ਉੱਸ ਦਾ ਚੰਗਾ ਭਵਿੱਖ ਬਨਾਉਣ ਵਿੱਚ ਕੋਈ ਕਸਰ ਬਾਕੀਨਹੀਂ
ਛੱਡਦਾ ,ਜੋ ਕਿਸੇ ਤਰ੍ਹਾਂ ਵੀ ਅਣਗੌਲਿਆਂ ਜਾਣ ਵਾਲਾ ਰਿਸ਼ਤਾ ਨਹੀਂ।
ਰਵੇਲ ਸਿੰਘ +3272382827 |