ਸਿੱਖਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਕਦੀਂ ਵੀ ਸਿੱਖ ਆਪ ਹੀ ਗੰਭੀਰ ਨਹੀਂ
ਹੁੰਦੇ, ਸਗੋਂ ਛੋਟੇ-ਛੋਟੇ ਸਿਆਸੀ ਫਾਇਦਿਆਂ ਕਰਕੇ ਆਪਣੇ ਨਿੱਜੀ ਹਿੱਤਾਂ ਨੂੰ
ਤਰਜੀਹ ਦਿੰਦੇ ਰਹਿੰਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਸਿੱਖਾਂ ਨੂੰ ਇੱਕ
ਪਲੇਟਫਾਰਮ ਤੇ ਇਕੱਠੇ ਹੋ ਕੇ ਗੰਭੀਰਤਾ ਨਾਲ ਪਾਰਟੀਬਾਜੀ ਤੋਂ ਉਪਰ ਉਠਕੇ ਵਿਚਾਰਨਾ
ਚਾਹੀਦਾ ਹੈ। ਸੰਸਦ ਵਿਚ ਕਾਫੀ ਲੰਮੇਂ ਸਮੇਂ ਤੋਂ ਲਟਕਦਾ ਆ ਰਿਹਾ ਸਹਿਜਧਾਰੀ
ਵੋਟਰਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਵੋਟ ਪਾਉਣ ਦੇ
ਹੱਕ ਦਾ ਮਸਲਾ ਸੰਵਿਧਾਨ ਵਿਚ ਸੋਧ ਕਰਕੇ ਹਲ ਕਰ ਦਿੱਤਾ ਗਿਆ ਹੈ। ‘‘ਸਿੱਖ
ਗੁਰਦੁਆਰਾ ਸੋਧ ਬਿਲ 2016’’ ਦੇ ਪਾਸ ਹੋਣ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀ ਹੋਣ ਵਾਲੀ ਚੋਣ ਵਿਚ ਸਹਿਜਧਾਰੀ ਵੋਟਰ ਹੁਣ ਵੋਟ ਨਹੀਂ ਪਾ ਸਕਣਗੇ।
1925 ਵਿਚ ਬਣੇ 91 ਸਾਲ ਪੁਰਾਣੇ ਗੁਰਦੁਆਰਾ ਐਕਟ ਵਿਚ ਸੋਧ ਕਰਕੇ ਜਿਥੇ ਅਕਾਲੀ
ਦਲ ਵੱਲੋਂ ਸਿੱਖਾਂ ਦੀ ਪੁਰਾਣੀ ਮੰਗ ਪੂਰੀ ਹੋਣ ਦਾ ਸੁਆਗਤ ਕੀਤਾ ਜਾ ਰਿਹਾ ਹੈ,
ਉਥੇ ਵਿਰੋਧੀ ਧੜੇ ਸਹਿਜਧਾਰੀਆਂ ਦਾ ਵੋਟ ਪਾਉਣ ਦਾ ਹੱਕ ਖੋਹਣ ਦਾ ਅਕਾਲੀਆਂ ਤੇ
ਇਲਜ਼ਾਮ ਲਗਾ ਰਹੇ ਹਨ ਕਿ ਉਨਾਂ ਨੇ ਵੋਟ ਬੈਂਕ ਨੂੰ ਮੁੱਖ ਰੱਖਕੇ ਇਹ ਬਿਲ ਪਾਸ
ਕਰਵਾਇਆ ਹੈ। ਜਿਤਨੇ ਵੋਟਰ ਘੱਟ ਹੋਣਗੇ ਉਤਨਾ ਸ਼ਰੋਮਣੀ ਗੁਰਦੁਆਰਾ ਕਮੇਟੀ ਜੋ
ਅਕਾਲੀ ਦਲ ਲਈ ਚੋਣਾਂ ਵਿਚ ਪੈਸਾ ਵਰਤਣ ਲਈ ਸੁੰਡ ਦੀ ਗੱਠੀ ਹੈ, ਉਪਰ ਕਬਜ਼ਾ ਕਰਨਾ
ਸੌਖਾ ਹੋਵੇਗਾ। ਅਸਲ ਵਿਚ ਇਹ ਬਿਲ ਅਕਾਲੀ ਦਲ ਬਾਦਲ ਵੱਲੋਂ ਪਾਸ ਕਰਾਉਣਾ ਆਉਣ
ਵਾਲੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਕੱਟੜ ਪੰਥੀ
ਸਿੱਖਾਂ ਦੀਆਂ ਵੋਟਾਂ ਵਟੋਰਨ ਦੀ ਚਾਲ ਕਹੀ ਜਾ ਸਕਦੀ ਹੈ। ਪ੍ਰੰਤੂ ਇਹ ਬਿਲ ਵੀ
ਅਕਾਲੀ ਦਲ ਲਈ ਦੋਧਾਰੀ ਤਲਵਾਰ ਦਾ ਕੰਮ ਕਰ ਸਕਦਾ ਹੈ ਕਿਉਂਕਿ ਇੱਕ ਕਿਸਮ ਨਾਲ
ਸਿੱਖ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਗਈ ਹੈ। ਅੰਮ੍ਰਿਤਧਾਰੀ ਬਹੁਤੇ ਸਿੱਖ ਬਾਦਲ ਦਲ
ਨਾਲ ਨਹੀਂ ਹਨ। ਅਕਾਲੀ ਦਲ ਦੇ ਬਾਕੀ ਧੜਿਆਂ ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ
ਦੇ ਸਿੱਖਾਂ ਨੂੰ ਇਕਮੁਠਤਾ ਦਾ ਸਬੂਤ ਦੇਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਦੇ
ਇੱਕ ਧੜੇ ਦਾ ਚਲਿਆ ਆ ਰਿਹਾ ਕਬਜ਼ਾ ਹਟਾਇਆ ਜਾ ਸਕੇ ਪ੍ਰੰਤੂ ਦੁੱਖ ਦੀ ਗੱਲ ਹੈ ਕਿ
ਉਹ ਸਾਰੇ ਆਪੋ ਆਪਣੀ ਹਓਮੈ ਕਰਕੇ ਇਕੱਠੇ ਨਹੀਂ ਹੁੰਦੇ।
ਸਭ ਤੋਂ ਪਹਿਲਾਂ ਇਹ ਫੈਸਲਾ ਕਰਨਾ ਹੋਵੇਗਾ ਕਿ ਸਿੱਖ ਕੌਣ ਹੈ, ਕੀ ਜਿਹੜਾ ਸਿਰ
ਤੇ ਕੇਸ ਅਤੇ ਦਾਹੜੀ ਦੇ ਵਾਲ ਰੱਖਣ ਵਾਲਾ ਜਾਂ ਅੰਮ੍ਰਿਤਧਾਰੀ ਜਾਂ ਪਗੜੀਧਾਰੀ
ਸਿੱਖ ਹੈ?
ਜਦੋਂ ਗੁਰੂ ਗੋਬਿੰਦ ਸਿੰਘ ਨੇ ਵਿਸਾਖੀ 1699 ਨੂੰ ਜਿਹੜਾ ਸਿੱਖ ਸਾਜਿਆ ਸੀ,
ਪਗੜੀ ਉਸਦੀ ਵੱਖਰੀ ਪਛਾਣ ਬਣਾਈ ਗਈ ਸੀ। ਗੁਰੂ ਗੋਬਿੰਦ ਸਿੰਘ ਨੇ ਬਨਾਰਸ ਉਚ ਪੜਾਈ
ਲਈ ਜਿਹੜੇ ਵਿਅਕਤੀ ਗਿਆਨ ਪ੍ਰਾਪਤ ਕਰਨ ਲਈ ਭੇਜੇ ਸੀ, ਉਹ ਸਾਰੇ ਨਿਰਮਲੇ ਕਹਾਏ।
ਜਿਹੜੇ ਸਿੰਧੀ ਗੁਰੂ ਦੇ ਸਿੱਖ ਹਨ ਕੀ ਉਹ ਹੁਣ ਗੁਰੂ ਤੋਂ ਮੁਨਕਰ ਹੋ ਜਾਣਗੇ?
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਅਕਾਲੀ ਦਲ ਬਾਦਲ ਸਿੱਖੀ ਦਾ ਪਾਸਾਰ ਕਰਨਾ
ਚਾਹੁੰਦਾ ਹੈ ਜਾਂ ਉਸਨੂੰ ਸੰਕੋੜਨਾ ਚਾਹੁੰਦਾ ਹੈ। ਪਿੰਡਾਂ ਵਿਚ ਜਿਤਨੇ ਗੁਰੂ ਦੇ
ਸਿੱਖ ਹਨ, ਉਹ ਆਪਣੇ ਪਰਿਵਾਰਾਂ ਨੂੰ ਪਾਲਣ ਹਿੱਤ ਆਪਣੀ ਖੇਤੀ ਜਾਂ ਮਜ਼ਦੂਰੀ ਕਰਦੇ
ਹਨ, ਮਿੱਟੀ ਨਾਲ ਮਿੱਟੀ ਹੁੰਦੇ ਹਨ, ਇਸ ਲਈ ਉਹ ਸਿਰ ਅਤੇ ਦਾੜੀ ਦੇ ਵਾਲ ਕਟਵਾ
ਲੈਂਦੇ ਹਨ। 20-25 ਸਾਲ ਪਹਿਲਾਂ ਇਹ ਆਮ ਰਿਵਾਜ ਹੁੰਦਾ ਸੀ ਕਿ ਪਿੰਡਾਂ ਦੇ ਲੋਕ
ਗਰਮੀ ਕਰਕੇ ਆਪਣੇ ਸਿਰ ਦੇ ਵਾਲ ਵਿਚਕਾਰ ਤੋਂ ਕਟਵਾ ਲੈਂਦੇ ਸਨ, ਆਲੇ ਦੁਆਲੇ ਦੇ
ਕੇਸਾਂ ਦਾ ਜੂੜਾ ਬਣਾ ਲੈਂਦੇ ਸਨ। ਹੌਲੀ ਹੌਲੀ ਸਮੇਂ ਦੀ ਤਬਦੀਲੀ ਨਾਲ ਹੁਣ
ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨ ਆਮ ਤੌਰ ਤੇ ਸਾਰੇ ਵਾਲ ਕਟਵਾਕੇ ਕਲੀਨ ਸ਼ੇਵਨ
ਬਣ ਰਹੇ ਹਨ। ਜਿਹੜੇ ਸਿੱਖ ਪਰਿਵਾਰ ਵਿਚ ਜਨਮੇ ਹਨ, ਕੀ ਉਹ ਸਿੱਖ ਨਹੀਂ ਹਨ? ਹੁਣ
ਉਹ ਲੋਕ ਵੋਟ ਨਹੀਂ ਪਾ ਸਕਣਗੇ। ਸਿੱਖੀ ਦਾ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਹੋ
ਚੁੱਕਿਆ ਹੈ, ਜਿਹੜਾ ਰਹਿੰਦਾ ਸੀ, ਉਹ ਇਸ ਸੋਧ ਨੇ ਪੂਰਾ ਕਰ ਦਿੱਤਾ।
ਤੁਸੀਂ ਆਮ ਤੌਰ ਤੇ ਵੇਖਦੇ ਹੋ ਕਿ ਗੁਰਦੁਆਰਾ ਸਾਹਿਬਾਨ ਵਿਚ ਹਿੰਦੂ ਸ਼ਰਧਾਲੂ
ਬਹੁਤ ਜ਼ਿਆਦਾ ਹੁੰਦੇ ਹਨ, ਖ਼ਾਸ ਤੌਰ ਤੇ ਪਰਵਾਸੀ ਪੰਜਾਬੀ ਬਹੁਤੇ ਕਲੀਨ ਸ਼ੇਵਨ
ਹਨ, ਹਰ ਦੁੱਖ ਸੁੱਖ ਦੇ ਮੌਕੇ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ
ਕਰਵਾਉਂਦੇ ਹਨ। ਜੇ ਅਕਾਲੀ ਦਲ ਦਾ ਇਹੀ ਰੋਲ ਰਿਹਾ ਤਾਂ ਉਹ ਅਕਾਲੀ ਦਲ ਬਾਦਲ ਤੋਂ
ਤਾਂ ਬੇਮੁੱਖ ਹੋ ਜਾਣਗੇ ਪ੍ਰੰਤੂ ਗੁਰੂ ਨਾਲ ਜੁੜੇ ਰਹਿਣ ਲਈ ਆਪੋ ਆਪਣੇ ਘਰਾਂ ਵਿਚ
ਦਰਬਾਰ ਸਾਹਿਬ ਰੱਖਣ ਨੂੰ ਤਰਜੀਹ ਦੇਣਗੇ। ਇਥੇ ਇੱਕ ਹੋਰ ਮਹੱਤਵਪੂਰਨ ਨੁਕਤੇ ਤੇ
ਵਿਚਾਰ ਕਰਨ ਦੀ ਲੋੜ ਹੈ, ਉਹ ਇਹ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਬਹੁਤੇ ਪਰਿਵਾਰਾਂ ਦੇ ਲੜਕੇ ਕਲੀਨ ਸ਼ੇਵਨ ਹਨ, ਉਹ ਤਾਂ ਉਨਾਂ ਨੂੰ
ਸਿੱਖੀ ਨਾਲ ਜੋੜਕੇ ਰੱਖ ਨਹੀਂ ਸਕੇ। ਪਹਿਲਾਂ ਆਪਣਾ ਘਰ ਤਾਂ ਅਕਾਲੀ ਦਲ ਸੰਭਾਲ
ਲਵੇ, ਫਿਰ ਆਮ ਲੋਕਾਂ ਬਾਰੇ ਸੋਚ ਲੈਣ। ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ
ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਲੈਣ। ਉਹ ਜੇਕਰ ਕਲੀਨ ਸ਼ੇਵਨ ਸਿੱਖਾਂ
ਨੂੰ ਦੂਰ ਕਰ ਦੇਣਗੇ ਤਾਂ ਸਿੱਖੀ ਦਾ ਕੀ ਬਣੇਗਾ? ਕੀ ਅਸੀਂ ਪੰਜਾਬ ਵਿਚ ਵੀ ਕਿਤੇ
ਘੱਟ ਗਿਣਤੀ ਵਲ ਨੂੰ ਨਹੀਂ ਜਾ ਰਹੇ? ਭਾਰਤ ਵਿਚ ਸਿੱਖਾਂ ਦੀ ਆਬਾਦੀ 1 ਕਰੋੜ 75
ਲੱਖ ਦੇ ਕਰੀਬ ਹੈ। ਇਸ ਵਿਚੋਂ 70 ਲੱਖ ਸਿੱਖ ਕਲੀਨ ਸ਼ੇਵਨ ਹਨ।
ਅੰਮ੍ਰਿਤਧਾਰੀ ਤਾਂ 10 ਫ਼ੀ ਸਦੀ ਸਿੱਖ ਹੀ ਹਨ, ਕੁਝ ਸਾਬਤ ਸੂਰਤ ਸਿੱਖ ਹਨ ਬਾਕੀ
ਤਾਂ ਪਤਿਤ ਸਿੱਖ ਕਹੇ ਜਾ ਸਕਦੇ ਹਨ ਪ੍ਰੰਤੂ ਹਨ ਤਾਂ ਉਹ ਵੀ ਸਿੱਖ ਹੀ। ਜਾਣੀ ਕਿ
ਪੰਜਾਬ ਵਿਚ ਸਿੱਖ ਬਹੁਮਤ ਵਿਚ ਹਨ, ਜੇਕਰ ਇਸ ਨਵੇਂ ਸੋਧ ਬਿਲ ਅਨੁਸਾਰ ਵੇਖਿਆ
ਜਾਵੇਗਾ ਤੇ ਮਰਦਮ ਸ਼ੁਮਾਰੀ ਵਿਚ ਇਨਾਂ ਕਲੀਨ ਸ਼ੇਵਨ ਨੂੰ ਸਿੱਖ
ਨਹੀਂ ਗਿਣਿਆਂ ਜਾਵੇਗਾ ਤਾਂ ਆਪਣੇ ਆਪ ਪੰਜਾਬ ਵਿਚ ਹੀ ਸਿੱਖ ਘੱਟ ਗਿਣਤੀ ਵਿਚ ਰਹਿ
ਜਾਣਗੇ। ਇਸ ਤੋਂ ਪਹਿਲਾਂ ਪੰਜਾਬੀ ਹਿੰਦੂ ਪਰਿਵਾਰਾਂ ਵੱਲੋਂ ਪੰਜਾਬੀ ਨੂੰ ਮਾਂ
ਬੋਲੀ ਨਾ ਲਿਖਵਾਉਣ ਦਾ ਸੰਤਾਪ ਅਸੀਂ ਭੋਗ ਚੁੱਕੇ ਹਾਂ। ਇੱਕ ਪਾਸੇ ਸਿੱਖ ਹੋਮ
ਲੈਂਡ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਲੀਨ ਸ਼ੇਵਨ ਨੂੰ
ਸਿੱਖਾਂ ਵਿਚੋਂ ਕੱਢਿਆ ਜਾ ਰਿਹਾ ਹੈ? ਕੀ ਸਿੱਖੀ ਵਿਚੋਂ ਕੱਢਣ ਦਾ ਅਧਿਕਾਰ ਸਾਡੇ
ਗੁਰੂ ਨੂੰ ਹੈ ਜਾਂ ਸਾਨੂੰ? ਅਸੀਂ ਹਰ ਰੋਜ ਹਰ ਗੁਰਦੁਆਰੇ ਅਤੇ ਆਪੋ ਆਪਣੇ ਘਰਾਂ
ਵਿਚ ਅਰਦਾਸ ਕਰਦੇ ਹਾਂ ਕਿ ਗੁਰੂ ਮਾਨਿਓ ਗ੍ਰੰਥ। ਕੀ ਕਲੀਨ ਸ਼ੇਵਨ ਸਿੱਖ
ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਜਾਣ, ਜੋ ਕਿ ਸੰਭਵ ਹੀ ਨਹੀਂ।
ਇੱਕ ਕਿਸਮ ਨਾਲ ਸਰਕਾਰ ਨੇ ਖਾਸ ਤੌਰ ਤੇ ਅਕਾਲੀ ਦਲ ਬਾਦਲ ਨੇ ਸਿੱਖਾਂ ਵਿਚ
ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਲੰਮੇਂ ਸਮੇਂ ਵਿਚ ਸਿੱਖੀ ਦਾ
ਨੁਕਸਾਨ ਹੋਵੇਗਾ। ਇਸ ਬਿਲ ਦੇ ਪਾਸ ਹੋਣ ਨਾਲ ਆਮ ਚੋਣਾਂ ਵਿਚ ਹਿੰਦੂ ਵੋਟਰ ਅਕਾਲੀ
ਦਲ ਤੋਂ ਦੂਰ ਹੋ ਸਕਦੇ ਹਨ।
ਇੱਕ ਪਾਸੇ ਤਾਂ ਅਕਾਲੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਬਣਾਉਣ ਲਈ ਉਪਰਾਲੇ
ਕਰ ਰਿਹਾ ਹੈ। ਦੂਜੇ ਪਾਸੇ ਸਹਿਜਧਾਰੀ ਸਿੱਖਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀ ਚੋਣ ਤੋਂ ਵੱਖ ਕਰਕੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਦਮਗਜੇ ਮਾਰ
ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ
ਬਾਅਦ ਅਕਾਲੀ ਦਲ ਨੇ ਆਪਣਾ ਅਕਸ ਧਰਮ ਨਿਰਪੱਖ ਪਾਰਟੀ ਦੇ ਤੌਰ ਤੇ ਸਥਾਪਤ ਕਰਨ ਦੀ
ਕੋਸ਼ਿਸ਼ ਕੀਤੀ ਹੈ। ਨੈਸ਼ਨਲ ਸਟੂਡੈਂਟਸ ਯੂਨੀਅਨ ਅਤੇ ਅਕਾਲੀ ਦਲ ਦੇ ਯੂਥ
ਵਿੰਗ ਵਿਚ ਬਹੁਤੇ ਨੌਜਵਾਨ ਸਹਿਜਧਾਰੀ ਸਿੱਖ ਹਨ, ਇਥੋਂ ਤੱਕ ਕਿ ਅਕਾਲੀ ਦਲ
ਦਾ ਪਹਿਲੀ ਵਾਰ ਖ਼ਜਾਨਚੀ ਇੱਕ ਹਿੰਦੂ ਐਨ.ਕੇ.ਸ਼ਰਮਾ ਹੈ। ਅਕਾਲੀ ਦਲ ਦੂਹਰਾ ਮਾਪ
ਦੰਡ ਅਪਣਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਜਦੋਂ ਅਟਲ ਬਿਹਾਰੀ
ਬਾਜਪਾਈ ਦੀ ਸਰਕਾਰ ਸੀ ਤਾਂ 8 ਅਪ੍ਰੈਲ 2003 ਵਿਚ ਅਜਿਹਾ ਨੋਟੀਫੀਕੇਸ਼ਨ
ਜਾਰੀ ਕੀਤਾ ਸੀ, ਜਿਸ ਅਧੀਨ ਸਹਿਜਧਾਰੀ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਸੀ
ਪ੍ਰੰਤੂ ਬਾਜਪਾਈ ਸਰਕਾਰ ਨੇ ਫਿਰ ਆਪਣਾ ਇਹ ਸੋਚ ਕੇ ਮਨ ਬਦਲ ਲਿਆ ਸੀ ਕਿ ਸਿੱਖ ਦੀ
ਪਰੀਭਾਸ਼ਾ ਬਦਲਣਾ ਜਾਇਜ ਨਹੀਂ, ਇਸ ਕਰਕੇ ਉਨਾਂ ਸੋਧ ਬਿਲ ਪੇਸ਼ ਹੀ ਨਹੀਂ ਕੀਤਾ ਸੀ।
ਨੋਟੀਫੀਕੇਸ਼ਨ 6 ਮਹੀਨੇ ਬਾਅਦ ਆਪਣੇ ਆਪ ਖ਼ਤਮ ਹੋ ਗਿਆ ਸੀ ਕਿਉਂਕਿ ਹੁਣ
ਸਰਕਾਰ ਦੋਹਾਂ ਪਾਸੇ ਕੱਟੜਪੰਥੀਆਂ ਦੀ ਹੈ, ਇਸ ਲਈ ਇਹ ਸੋਧ ਬਿਲ ਪਾਸ ਕਰਕੇ
ਸਿੱਖਾਂ ਵਿਚ ਵੰਡੀਆਂ ਪਾ ਕੇ ਸਿਆਸੀ ਖੇਡ ਖੇਡੀ ਗਈ ਹੈ। ਭਾਰਤੀ ਜਨਤਾ ਪਾਰਟੀ
ਸਹਿਜਧਾਰੀਆਂ ਨੂੰ ਸਿੱਖਾਂ ਨਾਲੋਂ ਤੋੜ ਕੇ ਆਪਣੇ ਨਾਲ ਲਾਉਣਾ ਚਾਹੁੰਦੀ ਹੈ।
ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀ ਸਾਜ਼ਸ਼ ਦੇ ਗੁਝੇ ਨਤੀਜਿਆਂ ਬਾਰੇ ਅਜੇ ਸਮਝ
ਨਹੀਂ ਹੈ। ਪੰਜਾਬ ਨੇ 15 ਸਾਲ ਅਤਵਾਦ ਦਾ ਸੰਤਾਪ ਭੋਗਿਆ ਹੈ। ਹੁਣ ਪੰਜਾਬੀਆਂ ਵਿਚ
ਅਸੰਤੋਸ਼ ਦਾ ਵਾਤਾਵਰਨ ਪੈਦਾ ਕਰਕੇ ਉਹੀ ਹਾਲਾਤ ਬਣਾਉਣ ਦੀ ਚਾਲ ਨੂੰ ਅਕਾਲੀ ਦਲ
ਸਮਝ ਨਹੀਂ ਸਕਦਾ, ਉਹ ਤਾਂ ਸਗੋ ਸੋਧ ਕਰਕੇ ਆਪਣੀ ਜਿੱਤ ਦੇ ਡੰਕੇ ਵਜਾ ਰਿਹਾ ਹੈ।
ਸ਼ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਅਕਾਲੀ ਦਲ ਆਪਣੇ ਪੈਰੀਂ ਆਪ ਕੁਹਾੜਾ
ਮਾਰ ਰਿਹਾ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦਾ ਅਕਾਲੀ ਦਲ ਨੇ ਹੀ ਠੇਕਾ ਲਿਆ ਹੋਇਆ ਹੈ, ਬਾਕੀ ਸਿੱਖਾਂ ਦਾ ਜੋ ਹੋਰ
ਪਾਰਟੀਆਂ ਵਿਚ ਬੈਠੇ ਹਨ, ਉਨਾਂ ਦਾ ਕੋਈ ਅਧਿਕਾਰ ਨਹੀਂ? ਕੇਂਦਰੀ ਗ੍ਰਹਿ ਮੰਤਰੀ
ਰਾਜਨਾਥ ਸਿੰਘ ਨੇ ਲੋਕ ਸਭਾ ਵਿਚ ਬੋਲਦਿਆਂ ਕਿਹਾ ਹੈ ਕਿ ਸ਼ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ 2011 ਵਿਚ ਸਹਿਜਧਾਰੀਆਂ ਨੂੰ ਵੋਟ ਪਾਉਣ ਤੋਂ
ਰੋਕਣ ਲਈ ਕਿਹਾ ਸੀ। ਉਨਾਂ ਮੰਗ ਕੀਤੀ ਹੈ ਕਿ ਸਿੱਖਾਂ ਦੇ ਮਸਲਿਆਂ ਵਿਚ ਗ਼ੈਰ
ਸਿੱਖਾਂ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ। ਇਸ ਕਰਕੇ ਇਹ ਬਿਲ ਪੇਸ਼ ਕੀਤਾ ਗਿਆ
ਹੈ। ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਇਹੋ ਕਹਿ ਰਹੇ ਹਨ ਫਿਰ ਸੰਸਦ ਦੇ ਮੈਂਬਰ
ਵੀ ਗ਼ੈਰ ਸਿੱਖ ਹਨ, ਉਹ ਕਿਉਂ ਕਾਨੂੰਨ ਬਣਾ ਰਹੇ ਹਨ, ਜਦੋਂ ਉਨਾਂ ਨੂੰ ਸਿੱਖਾਂ ਦੇ
ਮਸਲਿਆਂ ਵਿਚ ਦਖ਼ਲ ਦੇਣ ਦਾ ਹੱਕ ਹੀ ਨਹੀਂ। ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਦੀ
ਮੈਂਬਰ ਮੀਨਾਕਸ਼ੀ ਲੇਖੀ ਵੀ ਇਹੋ ਕਹਿੰਦੇ ਹਨ ਕਿ ਜੋ ਸਿੱਖ ਧਰਮ ਦੇ ਅਸੂਲਾਂ ਨੂੰ
ਮੰਨਦਾ ਨਹੀਂ ਉਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਗੱਲ ਇਥੇ ਆ
ਕੇ ਮੁਕਦੀ ਹੈ ਕਿ ਇਸ ਦਾ ਭਾਵ ਸਰਕਾਰੀ ਤੌਰ ਤੇ ਇਹ ਹੋਇਆ ਕਿ ਸਹਿਜਧਾਰੀ ਸਿੱਖ
ਨਹੀਂ ਹਨ। ਸਰਕਾਰ ਕੌਣ ਹੁੰਦੀ ਹੈ ਕਿ ਲੋਕਾਂ ਦੇ ਧਰਮ ਦਾ ਫੈਸਲਾ ਕਰਨ ਵਾਲੀ। ਧਰਮ
ਲੋਕਾਂ ਦਾ ਨਿੱਜੀ ਮਸਲਾ ਹੈ। ਸਰਕਾਰ ਨੇ ਸਿੱਖ ਪਰਿਵਾਰਾਂ ਵਿਚ ਵੰਡੀਆਂ ਪਾ
ਦਿੱਤੀਆਂ ਹਨ। ਵੇਖੋ ਇੱਕ ਪਰਿਵਾਰ ਵਿਚ ਸਾਰੇ ਮੈਂਬਰ ਅੰਮ੍ਰਿਤਧਾਰੀ ਨਹੀਂ ਹੁੰਦੇ,
ਇਸ ਦਾ ਭਾਵ ਇਹ ਹੋਇਆ ਕਿ ਉਹ ਸਿੱਖ ਨਹੀਂ ਹਨ। ਕਿਤਨਾ ਪਰਿਵਾਰਾਂ ਵਿਚ ਪਾੜਾ ਪਾਇਆ
ਜਾ ਰਿਹਾ ਹੈ। ਹਰ ਧਰਮ ਦੇ ਅਨੁਆਈ ਚਾਹੁੰਦੇ ਹੁੰਦੇ ਹਨ ਕਿ ਉਨਾਂ ਦੇ ਧਰਮ ਦਾ
ਪਾਸਾਰ ਹੋਵੇ। ਦੁਨੀਆਂ ਦਾ ਸਭ ਤੋਂ ਵੱਡਾ ਧਰਮ ਇਸਾਈ ਹੈ, ਇਸਾਈ ਆਪਣੇ ਧਰਮ ਦੇ
ਪਾਸਾਰ ਲਈ ਹਰ ਢੰਗ ਵਰਤਦੇ ਹਨ, ਇਥੋਂ ਤੱਕ ਕਿ ਹੋਟਲਾਂ ਵਿਚ ਆਪਣੀ ਧਾਰਮਿਕ ਪੁਸਤਕ
ਬਾਈਬਲ ਅੰਗਰੇਜੀ ਤੋਂ ਬਿਨਾ ਹੋਰ ਭਾਸ਼ਾਵਾਂ ਵਿਚ ਵੀ ਰੱਖੀ ਹੁੰਦੀ ਹੈ। ਸਾਡਾ ਧਰਮ
ਦੁਨੀਆਂ ਵਿਚੋਂ ਸਭ ਤੋਂ ਆਧੁਨਿਕ ਹੈ, ਅਸੀਂ ਇਸਦੇ ਪਾਸਾਰ ਦੀ ਥਾਂ ਨਿਘਾਰ ਵਲ
ਲਿਜਾ ਰਹੇ ਹਾਂ। ਜਦੋਂ ਅਨੁਆਈ ਹੀ ਨਹੀਂ ਰਹਿਣਗੇ ਤਾਂ ਧਰਮ ਦਾ ਕੀ ਬਣੇਗਾ? ਜਿਸ
ਚੜਾਵੇ ਕਰਕੇ ਇਹ ਵੇਲਣ ਵੇਲੇ ਜਾ ਰਹੇ ਹਨ, ਜੇ ਸਹਿਜਧਾਰੀ ਗੁਰਦੁਆਰੇ ਜਾਣਾ ਬੰਦ
ਕਰ ਦੇਣ ਜਾਂ ਚੜਾਵਾ ਚੜਾਉਣਾ ਬੰਦ ਕਰ ਦੇਣ, ਫਿਰ ਚੜਾਵੇ ਦਾ ਆਨੰਦ ਕਿਵੇਂ ਲਓਗੇ?
ਜੇ ਕੋਈ ਤਬਦੀਲੀ ਕਰਨੀ ਹੀ ਸੀ ਤਾਂ ਚੋਣ ਲੜਨ ਤੇ ਸ਼ਰਤਾਂ ਲਗਾ ਦਿੰਦੇ ਕਿ ਸਹਜਧਾਰੀ
ਚੋਣ ਨਹੀਂ ਲੜ ਸਕਣਗੇ, ਵੋਟ ਦਾ ਹੱਕ ਖੋਹਕੇ ਸਹਿਜਧਾਰੀਆਂ ਦੇ ਮਨਾ ਨੂੰ ਠੇਸ
ਪਹੁੰਚਾਈ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿੱਖ ਜਿਨਾਂ ਵਿਚ ਸਹਿਜਧਾਰੀ ਵੀ ਸ਼ਾਮਲ
ਹਨ, ਗੁਰੂ ਮੰਨਦੇ ਹਨ। ਸਿੱਖਾਂ ਦੇ ਦਸਵੇਂ ਗੁਰੂ ਨੇ ਸਿੰਘ ਹੀ ਖਾਲਸੇ ਦੀ ਸਾਜਨਾ
ਕੀਤੀ ਸੀ । ਉਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਹੀਂ ਹੈ। ਸ਼੍ਰੀ
ਗੁਰੂ ਗ੍ਰੰਥ ਸਾਹਿਬ ਵਿਚ ਜਿਹੜੇ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਉਹ ਸਾਰੇ
ਅਜੇ ਸਿੰਘ ਸਜੇ ਨਹੀਂ ਸਨ। ਇਸ ਤੋਂ ਇਲਾਵਾ ਜਿਹੜੇ ਸੰਤਾਂ, ਭਗਤਾਂ ਅਤੇ ਸੂਫੀਆਂ
ਦੀ ਬਾਣੀ ਦਰਜ ਹੈ, ਉਹ ਵੀ ਸਿੱਖ ਨਹੀਂ ਸਨ, ਫਿਰ ਇਹ ਝਗੜਾ ਕਿਉਂ ਪਾਇਆ ਜਾ ਰਿਹਾ
ਹੈ। ਪੰਜ ਪਿਆਰੇ ਵੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚੋਂ ਸਨ। ਸਾਰੀਆਂ ਸਿਆਸੀ
ਪਾਰਟੀਆਂ ਵਿਚ ਸ਼ਾਮਲ ਸਿੱਖਾਂ ਨੂੰ ਭਰੋਸੇ ਵਿਚ ਲੈ ਕੇ ਅਕਾਲੀ ਦਲ ਅਤੇ ਭਾਰਤੀ
ਜਨਤਾ ਪਾਰਟੀ ਨੂੰ ਸਿਆਸਤ ਤੋਂ ਉਪਰ ਉਠਕੇ ਸਿੱਖ ਵਿਚਾਰਧਾਰਾ ਅਨੁਸਾਰ ਫੈਸਲੇ ਕਰਨ
ਲਈ ਸਰਬਸੰਮਤੀ ਬਣਾਉਣੀ ਚਾਹੀਦੀ ਹੈ। ਇਕਤਰਫਾ ਫੈਸਲੇ ਹਮੇਸਾ ਬਹੁਸੰਮਤੀ ਲੋਕਾਂ ਦੇ
ਹੱਕ ਵਿਚ ਕਦੀਂ ਵੀ ਨਹੀਂ ਹੋ ਸਕਦੇ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
94178 13072
|