|
ਮੈਂ ਪੰਜਾਬੀ ਮਾਂ ਬੋਲੀ ਦੀ ਤੁੱਛ ਸੇਵਾ ਵਿੱਚ ਹੁਣ ਤੀਕ ਜੋ ਵੀ ਲਿਖਿਆ ਉਹ
ਆਪਣੇ ਕੋਲ ਰੱਖਣ ਦੀ ਬਜਾਏ ਆਪਣੇ ਪਾਠਕਾਂ ਦੀ ਸੇਵਾ ਵਿੱਚ ਨਾਲੋ ਨਾਲ ਪਹੁੰਚਾੳਣ
ਦਾ ਯਤਨ ਵੀ ਕੀਤਾ। ਇੱਸ ਦਾ ਬਹੁਤਾ ਲਾਭ ਮੈਨੂੰ ਇਹ ਵੀ ਹੋਇਆ ਕਿ ਆਪਣੀਆਂ ਲਿਖਤਾਂ
ਛਪਣ ਤੇ ਮੇਰੀਆਂ ਬਹੁਤ ਸਾਰੀਆਂ ਉਕਾਈਆਂ ਵੇਖ ਕੇ ਮੈਨੂੰ ਹੋਰ ਸੁਚੇਤ ਹੋਣ ਦਾ
ਮੌਕਾ ਮਿਲਿਆ। ਇਸੇ ਸਮੇਂ ਵਿੱਚ ਮੇਰੀਆਂ ਕੁੱਝ ਰਚਨਾਂਵਾਂ ਵਿੱਚ ਕਈ ਸ਼ਬਦ ਜੋੜਾਂ
ਦੀਆਂ ਗਲਤੀਆਂ ਹੋਣ ਕਰਕੇ ਕਈ ਸੁਹਿਰਦ ਸੰਪਾਦਕਾਂ ਨੇ ਵੀ ਮੇਰੀਆਂ ਲਿਖਤਾਂ ਨੂੰ
ਵਾਪਿਸ ਮੋੜਨ ਦੀ ਬਜਾਏ ਕੁੱਝ ਠੀਕ ਤਰ੍ਹਾਂ ਨਾਲ ਸੋਧ ਸੁਧਾਈ ਕਰਕੇ ਅਤੇ ਮੇਰੇ
ਧਿਆਨ ਵਿੱਚ ਲਿਆ ਕੇ ਲਿਖਣ ਦਾ ਵਲ ਵੀ ਦੱਸਿਆ। ਮੈਂ ਉਨ੍ਹਾਂ ਸੁਹਿਰਦ ਵਿਦਵਾਨ
ਲੇਖਕਾਂ ਦਾ ਦਿਲੋਂ ਧੰਨਵਾਦੀ ਹਾਂ ਅਤੇ ਹਮੇਸ਼ਾਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ
ਤੇ ਕਰਦਾ ਰਹਾਂਗਾ। ਕਿਉਂ ਜੋ ਰਾਹ ਦੱਸਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ ,ਪਰ
ਰਾਹੇ ਪਾਉਣ ਵਾਲੇ ਵਿਰਲੇ ਹੀ ਹੁੰਦੇ ਹਨ। ਕਿਤੇ ਕੁੱਝ ਆਪਣਾ ਲਿਖਿਆ ਛਪਣ ਤੇ
ਪੜ੍ਹਨ ਤੇ ਮੈਂ ਪੂਰਾ ਸੰਤੁਸ਼ਟ ਨਹੀਂ ਹੁੰਦਾ, ਕਿਉਂ ਜੋ ਬੜਾ ਕੁਝ ਲਿਖਣੋਂ ਰਹਿ
ਗਿਆ ਹੁੰਦਾ ਹੈ। ਇੱਸ ਦੇ ਨਾਲ 2 ਜਿੰਨਾ ਕੁ ਸਮਾਂ ਮੈਨੂੰ ਮਿਲਦਾ ਹੈ, ਮੈਂ
ਹੋਰਨਾਂ ਲੇਖਕਾਂ ਦੀ ਰਚਨਾਂਵਾਂ ਪੜ੍ਹਨ ਤੇ ਹੋਰ ਚੰਗਾ ਲਿਖਣ ਦਾ ਯਤਨ ਕਰਦਾ ਹਾਂ।
ਉਨ੍ਹਾਂ ਤੋਂ ਕੁੱਝ ਨਵਾਂ ਸਿੱਖਣ ਦਾ ਯਤਨ ਵੀ ਕਰਦਾ ਹਾਂ। ਮੈਂ ਕਲਮ ਤੋਂ ਕੰਪਿਊਟਰ
ਤੱਕ ਹੌਲੀ 2 ਪਹੁੰਚ ਗਿਆ ਹਾਂ। ਇਹ ਮੇਰੀ ਰੀਝ ਸੀ, ਤਾਂਘ ਸੀ, ਇੱਕ ਸੁਪਨਾ ਸੀ ਜੋ
ਸਾਕਾਰ ਹੋਣ ਤੇ ਮੈਂ ਕਦੇ 2 ਗੂੰਗੇ ਵਾਂਗੋਂ ਵਿੱਚੇ ਵਿੱਚ ਮੁਸਕਾਉਂਦਾ ਹਾਂ।
ਮੈਂ ਕੋਈ ਵੱਡਾ ਵਿਦਵਾਨ ਨਹੀਂ ਹਾਂ, ਪਰ ਇੱਕ ਨਾਚੀਜ਼ ਜਿਹਾ ਨਾਮ ਧਰੀਕ ਲੇਖਕ
ਜ਼ਰੂਰ ਹਾਂ, ਸਕੂਲ ਦੀ ਪੜ੍ਹਾਈ ਵੇਲੇ ਉਰਦੂ , ਹਿੰਦੀ ਅੰਗ੍ਰੇਜ਼ੀ ਅਤੇ ਪੰਜਾਬੀ ਮਾਂ
ਬੋਲੀ ਲਿਖਣੀ ਪੜ੍ਹਨੀ ਸਿੱਖੀ , ਨੌਕਰੀ ਦੌਰਾਨ ਉਰਦੂ , ਪੰਜਾਬੀ ਅੰਗ੍ਰੇਜ਼ੀ ਵਿੱਚ
ਦਫਤਰੀ ਕੰਮ ਵਰ੍ਹਿਆਂ ਵਦੀ ਕਲਮ ਘਸਾਈ ਕਰਦਿਆਂ ਕੀਤਾ। ਪੰਜਾਬੀ ਮਾਂ ਬੋਲੀ ਨਾਲ
ਮੋਹ ਪਿਆਰ ਮੈਨੂੰ ਬੇਬੇ ਹੀ ਪਾ ਗਈ , ਉਹ ਆਪ ਭਾਵੇਂ ਥੋੜ੍ਹੀ ਪੜ੍ਹੀ ਲਿਖੀ ਸੀ ਪਰ
ਉੱਸ ਨੂੰ ਮੈਨੂੰ ਪ੍ੜ੍ਹਾਉਣ ਦੀ ਬੜੀ ਰੀਝ ਸੀ। ਮੈਨੂੰ ਯਾਦ ਹੈ ਬਾਪੂ ਜਦ ਲਾਹੌਰ
ਨੌਕਰੀ ਕਰਦਾ ਸੀ ਤਾਂ ਉਹ ਮੈਨੂੰ ਦਾਦੀ ਕੋਲ ਛੱਡ ਕੇ ਜਦ ਬਾਪੂ ਕੋਲ ਕੁੱਝ ਦਿਨ
ਰਹਿਕੇ ਬੇਬੇ ਘਰ ਪਰਤੀ ਤਾਂ ਦੋ ਧਾਰਮਿਕ ਕਿੱਸੇ, ਇੱਕ “ਸ਼ਹੀਦੀ ਗੁਰੂ ਅਰਜਨ ਦੇਵ
ਜੀ “ ਦਾ ਅਤੇ ਦੂਜਾ ਛੋਟੇ ਸਾਹਿਬਜ਼ਾਦਿਆਂ ਦਾ “ਸ਼ਹੀਦੀ ਸਾਕਾ ਸਰਹੰਦ” ਨਾਲ ਆਪਣੇ
ਨਾਲ ਲਿਆਈ। ਘਰ ਆ ਕੇ ਜਦੋਂ ਬੇਬੇ ਦੇ ਪੜ੍ਹਦੀ ਦੇ ਕਦੇ 2 ਉੱਸ ਦੀਆਂ ਅੱਖਾਂ ਚੋਂ
ਹੰਝੂ ਵਹਿੰਦੇ ਵੇਖਦਾ ਤਾਂ ਬੇਬੇ ਦੇ ਗੋਡੇ ਨਾਲ ਲੱਗ ਕੇ ਬੈਠਾ ਵੇਖ ਕੇ ਮੈਂ
ਹੈਰਾਨ ਹੁੰਦਾ ਤੇ ਬੇਬੇ ਨੂੰ ਜਦ ਇੱਸ ਬਾਰੇ ਪੁੱਛਦਾ ਤਾਂ ਬੇਬੇ ਅਪਣੀਆਂ ਸੇਜਲ
ਹੋਈਆਂ ਅੱਖਾਂ ਨੂੰ ਚੁੰਨੀ ਦੇ ਪੱਲੇ ਨਾਲ ਪੂੰਝਦੀ ਮੈਨੂੰ ਜਦੋਂ ਕੁੱਝ ਦੱਸਦੀ,
ਸੁਣਕੇ ਮੈਂ ਸੋਚਾਂ ਵਿੱਚ ਪੈ ਜਾਂਦਾ। ਮੇਰਾ ਪੰਜਾਬੀ ਮਾਂ ਬੋਲੀ ਨਾਲ ਮੋਹ ਪਾਉਣ
ਵਿੱਚ ਮੇਰੀ ਬੇਬੇ ਦਾ ਨਾ ਭੁੱਲਣ ਯੋਗ ਮੋਹ ਭਰਿਆ ਵੱਡਾ ਯੋਗ ਦਾਨ ਹੈ। ਇੱਸੇ
ਪ੍ਰੇਰਣਾ ਸਦਕਾ ਹੀ ਮੈਂ ਪੰਜਾਬੀ ਮਾਂ ਬੋਲੀ ਵਿੱਚ ਲਿਖਣ ਯੋਗ ਹੋਇਆ ਹਾਂ।
ਵਿਦੇਸ਼ ਆਕੇ ਜਦੋੰ ਮੈਂ ਕੰਪਿਊਟਰ ਨਾਲ ਸਾਂਝ ਪਈ ਇੱਸ ਵਿੱਚ ਸਾਰਾ ਸਿਸਟਮ
ਇਟਾਲੀਅਨ ਭਾਸ਼ਾ ਦਾ ਹੋਣ ਕਰਕੇ ਮੇਰੇ ਨਾਲ ਤਾਂ ਬੱਸ “ ਇੱਕ ਝੱਲ ਵਲੱਲੀ ਤੇ ਦੂਜੀ
ਪੈ ਗਈ ਔਝੜੇ ਰਾਹਾਂ ਤੇ “ ਵਾਲੀ ਗੱਲ ਹੀ ਹੋ ਗਈ। ਪਰ ਹੌਲੀ 2 ਆਪਣੀਆਂ ਲਿਖਤਾਂ
ਟਾਈਪ ਕਰਕੇ 'ਸੇਵ' ਕਰਨੀਆਂ ਵੀ ਸਿੱਖ ਲਈਆਂ ਪਰ ਵੱਡਾ ਕੰਮ ਮੇਲ ਕਰਨ ਦਾ ਅਜੇ
ਬਾਕੀ ਸੀ ਕਿਉਂ ਜੋ ਮੇਲ ਕਰਨ ਦਾ ਸਾਰਾ ਕੰਮ ਇਟਾਲੀਅਨ ਭਾਸ਼ਾ ਵਿੱਚ ਹੀ ਸੀ। ਉਦੋਂ
ਮੇਰੇ ਘਰ ਤੋਂ ਥੋਂੜ੍ਹੀ ਦੂਰ ਹੀ ਇੱਕ ਚੰਡੀਗੜ੍ਹ ਦੇ ਪੰਜਾਬੀ ਬੋਲਦੇ ਵਾਹਵਾ
ਪੜ੍ਹੇ ਲਿਖੇ ਅਤੇ ਬੜੇ ਹੀ ਨਿੱਘੇ ਸੁਭਾ ਵਾਲੇ ਸ਼ਖਸ ਜਿੱਸ ਦੀ ਇੱਕ 'ਵੈਸਟਰਨ
ਯੂਨੀਅਨ' ਦੀ ਦੁਕਾਨ ਸੀ। ਉੱਸ ਸੁਹਿਰਦ ਬੰਦੇ ਨੇ ਮੈਂਨੂੰ ਕੰਪਿਊਟਰ ਬਾਰੇ ਕੁੱਝ
ਨਾ ਕੁੱਝ ਸਮਝਾ ਕੇ ਕੰਪਿਊਟਰ ਦੀ ਲੈਂਗੂਏਜ ਵੀ ਅੰਗ੍ਰੇਜ਼ੀ ਕਰ ਦਿੱਤੀ ਤੇ ਮੈਨੂੰ ਈ
ਮੇਲ ਕਰਨ ਬਾਰੇ ਸਮਝਾ ਕੇ ਮੇਰੀ ਇੱਕ ਰਚਨਾ 'ਮੀਡੀਆਂ ਪੰਜਾਬ' ਨੂੰ ਮੇਲ ਵੀ ਕਰ
ਦਿੱਤੀ। ਬੱਸ ਫਿਰ ਕੀ ਸੀ ਮੈਂ ਕਲਮ ਦੇ ਸਫਰ ਨਾਲ 2 ਕੰਪਿਊਟਰ ਦੇ ਸਫਰ ਵਿੱਚ ਵੀ
ਪੁਲਾਂਘਾਂ ਪੁੱਟਣ ਯੋਗ ਹੋ ਗਿਆ। ਪਰ ਮੇਰੇ ਖਿਆਲ ਅਨੁਸਾਰ ਆਪਣੇ ਮਨੋਰਥ ਲਈ ਅਜੇ
ਮੇਰੇ ਲਈ ਰੂੰ ਵਿੱਚੋਂ ਗੋਹੜਾ ਕੱਤਣ ਵਾਲੀ ਗੱਲ ਸੀ। ਭਾਵ ਅਜੇ ਬਹੁਤ ਕੁੱਝ ਕਰਨਾ
ਬਾਕੀ ਸੀ। ਸੱਭ ਤੋਂ ਪਹਿਲਾ ਫੌਂਟ ਜਿਸ ਵਿੱਚ ਮੈਂ ਪੰਜਾਬੀ ਵਿੱਚ ਲਿਖਣਾ ਸਿੱਖਿਆ
ਉਹ 'ਅਮ੍ਰਿਤ' ਫੋਂਟ ਸੀ ਜਿੱਸ ਨੂੰ ਇਟਲੀ ਵਿੱਚ ਰਹਿ ਰਹੇ ਸਵਰਨ ਜੀਤ ਘੋਤੜਾ, ਜੋ
ਮੀਡੀਆਂ ਪੰਜਾਬ ਦੇ ਪ੍ਰੈਸ ਰੀਪੋਰਟਰ ਵੀ ਹਨ, ਉਨ੍ਹਾਂ ਨੇ ਇਹ ਫੌਂਟ ਮੇਰੇ
ਕੰਪਿਊਟਰ ਵਿੱਚ ਭਰ ਦਿੱਤਾ। ਬੱਸ ਫਿਰ ਕੀ ਸੀ , ਨਵੇਂ ਘੋੜੇ ਦੇ ਟਾਂਗੇ ਲਾਉਣ
ਵਾਂਗੋਂ ਮੈਂ 'ਟਾਈਪਿੰਗ ਪੈਡ' ਤੇ ਗੇੜੇ ਤੇ ਲਾਉਣੇ ਸ਼ੁਰੂ ਕਰ ਦਿੱਤੇ। ਹੌਲੀ 2
ਜਿਵੇਂ ਮੈਂ ਕੰਪਿਊਟਰ ਸਫਰ ਦੀ ਗੱਡੀ ਪਹਿਲੇ ਗੀਅਰ ਵਿੱਚ ਪਾ ਦਿੱਤੀ। ਇੱਸ ਤੋਂ
ਪਿੱਛੋਂ ਹੌਲੀ 2 ਮੈਂ ਕਾਗਜ਼ ਤੇ ਲਿਖਣਾ ਘੱਟ ਅਤੇ ਕੰਪਿਊਟਰ ਤੇ ਲਿਖਣ ਦਾ ਕੰਮ
ਵਧਾਇਆ। ਹੌਲੀ 2 ਬਹੁਤਾ ਕੁੱਝ ਕਾਗਜ਼ ਤੇ ਲਿਖਣ ਦੀ ਬਜਾਏ ਸਿੱਧਾ ਹੀ ਟਈਪ ਕਰਕੇ
ਸੇਵ ਕਰ ਕੇ ਰੱਖ ਲੈਂਦਾ ਸਾਂ। ਲੋੜ ਪੈਣ ਤੇ ਕੁੱਝ ਸੋਧ ਸੇਵ ਕੀਤੀ ਲਿਖਤ ਤੇ ਕਰ
ਲੈਂਦਾ ਸਾਂ। ਮੇਰੇ ਲਈ ਲਿਖਣ ਦਾ ਕੰਮ ਬਹੁਤ ਸੌਖਾ ਹੋ ਗਿਆ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਸੇ ਫੋਂਟ ਵਿੱਚ ਟਾਈਪ ਕੀਤੀ ਹੋਈ ਕੋਈ
ਰਚਨਾ ਜਦੋਂ 'ਮੀਡੀਆ ਪੰਜਾਬ' ਵਿੱਚ ਮੇਰੀ ਫੋਟੋ ਨਾਲ ਮੈਂ ਛਪੀ ਵੇਖੀ ਤਾਂ ਉਹ ਦਿਨ
ਮੇਰੇ ਲਈ ਕਿਸੇ ਵੱਡੀ ਖੁਸ਼ੀ ਤੋਂ ਘੱਟ ਨਹੀਂ ਸੀ। ਇੱਸ ਤੋਂ ਬਾਅਦ ਮੈਂ ਹੌਲੀ 2
ਹੋਰ ਕਈ ਫੌਂਟਾਂ ਤੇ ਹੱਥ ਅਜ਼ਮਾਇਆ 'ਅਨਮੋਲ ਲਿਪੀ' ਵਾਲਾ ਪੰਜਾਬੀ ਫੌਂਟ ਮੇਰਾ ਸੱਭ
ਤੋਂ ਅਖੀਰਲਾ ਤੇ ਹੱਥੀਂ ਚੜ੍ਹਿਆ ਫੌਂਟ ਸੀ ।
ਪਰ ਯੁਨੀਕੋਡ ਵਿੱਚ ਲਿਖਣ ਦੀ ਮੇਰੀ ਰੀਝ ਅਜੇ ਪੂਰੀ ਨਹੀਂ ਹੋਈ ਸੀ। ਮੈਂ ਵੱਖ
ਪੰਜਾਬੀ ਫੌਂਟਾਂ ਦੇ ਝਾੜੀਦਾਰ ਕੰਡਿਆਲੇ ਜੰਗਲ ਵਿੱਚ ਕਾਫੀ ਸਮਾ ਭਟਕਿਆ ਹਾਂ , ਪਰ
ਯੂਨੀਕੋਡ ਤੱਕ ਪਹੁੰਚਣ ਦੀ ਤਾਂਘ ਸਦਾ ਮੈਨੂੰ ਹੋਰ ਅੱਗੇ ਸਫਰ ਕਰਨ ਦੀ ਪ੍ਰੇਰਣਾ
ਦਿੰਦੀ ਰਹੀ। ਕੁੱਝ ਸਮੇਂ ਤੋਂ ਮੇਰੀ ਲਿਖਤੀ ਸਾਂਝ ਫਗਵਾੜੇ ਤੋਂ ਚਲਦੀ ਵੈੱਬਸਾਈਟ
ਸਕੇਪ ਪੰਜਾਬ ਨਾਲ ਪਈ ਹੋਈ ਹੈ। ਮੈਂ ਪਿੱਛੇ ਜਿਹੇ ਜਦ ਕੁੱਝ ਸਮੇਂ ਲਈ ਪੰਜਾਬ ਗਿਆ
ਤਾਂ ਉਨ੍ਹਾਂ ਨੂੰ ਉਚੇਚਾ ਮਿਲ ਕੇ ਵੀ ਆਇਆ। ਉਨ੍ਹਾਂ ਦਾ ਯੂਨੀਕੋਡ ਅਸੀਸ ਯੂਨੀ
ਕੋਡ ਤੇ ਆਧਾਰਿਤ ਜਿੱਸ ਨੂੰ ਡਾਉਨ ਲੋਡ ਕਰਕੇ ਸਾਰੇ ਪੰਜਾਬੀ ਅੱਖਰ ਅੰਗਰੇਜ਼ੀ ਕੀ
ਬੋਰਡ ਤੇ ਆਉਂਦੇ ਸਨ ਲਿਖ ਕੇ ਅਭਿਆਸ ਸ਼ੁਰੂ ਕੀਤਾ। ਕੁੱਝ ਹੀ ਦਿਨਾਂ ਬਾਅਦ '5ਆਬੀ
ਵੈੱਬ ਸਾਈਟ' ਵਾਲੇ ਮਾਨਯੋਗ ਡਾਕਟਰ ਬਲਦੇਵ ਸਿੰਘ ਕੰਦੋਲਾ ਜੀ ਦੇ ਇਸੇ ਵਿਸ਼ੇ ਤੇ
ਕੁੱਝ ਮਿੰਟਾਂ ਦੀ ਗੱਲ ਬਾਤ ਤਾਂ ਮੇਰੇ ਤੇ ਜਿਵੇਂ ਜਾਦੂ ਵਰਗਾ ਅਸਰ ਕਰ ਗਈ ।
'ਅਸੀਸ ਯੂਨੀਕੋਡ' ਦੇ ਇਲਾਵਾ 'ਅਨਮੋਲ ਯੂਨੀਕੋਡ' ਵੀ ਪ੍ਰੈਕਟਸ ਕੀਤੀ , ਕੁੱਝ ਹੋਰ
ਵੀ ਕੀਬੋਰਡਾਂ ਦੇ ਫਰਕ ਨੂੰ ਸਮਝਣ ਤੇ ਯਾਦ ਕਰਨ ਦਾ ਯਤਨ ਵੀ ਕੀਤਾ। ਮੈਂ ਉਨ੍ਹਾਂ
ਨੂੰ ਯੂਨੀਕੋਡ ਵਿੱਚ ਕੁੱਝ ਲਿਖ ਕੇ ਜਦ ਭੇਜਿਆ, ਉਨ੍ਹਾਂ ਜੋ ਹੌਸਲਾ ਅਫਜ਼ਾਈ ਮੇਰੀ
ਕੀਤੀ ਉਹ ਮੇਰੇ ਲਈ ਕਿਸੇ ਵੱਡੇ ਸਨਮਾਨ ਸਤਿਕਾਰ ਤੋਂ ਘੱਟ ਨਹੀਂ ਹੈ। ਆਸਟਰੀਆ
ਵਾਲੇ ਹਰਦੀਪ ਮਾਨ ਵਾਂਗਰ ਪੰਜਾਬ ਵਿੱਚ ਵੀ “ ਪੰਜਾਬ ਸਕੇਪ “ ਫਗਵਾੜਾ ਪੰਜਾਬ ਤੇ
ਹੋਰ ਕਈ ਹਿੰਮਤੀ ਉੱਦਮੀ ਨੌਜਵਾਨ ਵਿਦਵਾਨ ਲੋਕ ਮੋਢੇ ਨਾਲ ਮੋਢਾ ਜੋੜ ਕੇ ਨਵੀਆਂ
ਤੋਂ ਨਵੀਆਂ ਖੋਜਾਂ ਕਰਕੇ ਪੰਜਾਬੀ ਮਾਂ ਬੋਲੀ ਦੇ ਨੈਣ ਨਕਸ਼ ਸਵਾਰ ਕੇ ਇੱਸ ਦੇ
ਸਰੂਪ ਨੂੰ ਵਧੀਆ ਤੋਂ ਵਧੀਆ ਦਿੱਖ ਦੇਣ ਦੇ ਇੱਸ ਮਹਾਨ ਕਾਰਜ ਵਿੱਚ ਪੂਰੀ ਤਰ੍ਹਾਂ
ਜੁਟੇ ਹੋਏ ਹਨ। ਪੰਜਾਬੀ ਯੂਨੀਵਰਸਟੀ ਪਟਿਆਲਾ ਦਾ ਇੱਸ ਕਾਰਜ ਵਿੱਚ ਮਹਾਂ ਯੋਗਦਾਨ
ਅਤੇ ਲੋੜੀਂਦੀ ਅਗਵਾਈ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਜੋ ਕੁੱਝ ਵੀ ਹੋਵੇ ਪਰ
ਅਜੇ ਵੀ ਲੇਖਕ ਦੀ ਕਲਮ ਦੀ ਪੁਰਾਣੀ ਸਾਂਝ ਅਜੇ ਨਹੀਂ ਗਈ । ਜਿੱਸ ਤਰ੍ਹਾਂ
ਕੰਪਿਊਟਰ ਨਵੇਂ 2 ਰੂਪ ਬਦਲ ਕੇ ਨਵੇਂ ਤੋਂ ਨਵੀਆਂ ਸਹੂਲਤਾਂ ਨਾਲ ਲੈਸ ਹੋ
ਕੇ ਲੇਖਕਾਂ ਨਾਲ ਸਾਂਝ ਵਧਾਈ ਜਾ ਰਿਹਾ ਹੈ। ਇੱਸੇ ਤਰ੍ਹਾਂ ਕਲਮ ਵੀ ਆਦਿ ਕਾਲ ਤੋਂ
ਆਪਣੇ ਨਵੇਂ ਤੋਂ ਨਵੇਂ ਸਰੂਪ ਤੇ ਸਹੂਲਤਾਂ ਨਾਲ ਲੇਖਕਾਂ ਨਾਲ ਵੱਖਰੇ 2 ਢੰਗਾਂ
ਨਾਲ ਉਨ੍ਹਾਂ ਦੀਆਂ ਲਿਖਤਾਂ ਨੂੰ ਸ਼ਿੰਗਾਰਣ ਸੁਵਾਰਣ ਲਈ ਸਾਂਝ ਬਨਾਈ ਬੈਠੀ ਹੈ ।
ਪੱਥਰ ਕਾਲ ,ਧਾਤ ਕਾਲ ਤੋਂ ਕਲਮ ਕਾਗਜ਼ ਤੱਕ ਦੇ ਲੰਮੇ ਪੰਧ ਦੀ ਕਹਾਣੀ ਵੀ ਬਹੁਤ
ਹੀ ਲੰਮੇ ਸਫਰ ਦੀ ਕਹਾਣੀ ਹੈ , ਪਰ ਕਲਮ ਤੋਂ ਕੰਪਿਊਟਰ ਤੱਕ ਦੀ ਕਹਾਣੀ , ਵੀ
ਮੇਰੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਆਓ ਕਲਮ ਤੇ ਕੰਪਿਊਟਰ ਦੇ ਇੱਸ ਸਫਰ ਵਿੱਚ ਸਮੇਂ ਦੇ ਹਾਣੀ ਬਣ ਕੇ ਅਸੀਂ ਸਾਰੇ
ਇੱਕ ਕਾਫਿਲੇ ਦੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆਪਣੀਆਂ ਲਿਖਤਾਂ
ਨੂੰ ਸ਼ਿੰਗਾਰ ਸੰਵਾਰ ਕੇ ਇੱਸ ਸਫਰ ਨੂੰ ਹੋਰ ਸੁਹਾਵਣਾ ਬਨਾਈਏ ।
ਰਵੇਲ ਸਿੰਘ ਇਟਲੀ +3272382827
|