WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਯਾਦਾਂ ਦੀ ਪਟਾਰੀ ਵਿੱਚੋਂ
ਨਲਕੇ ਵਾਲੀ ਦੁਕਾਨ
ਰਵੇਲ ਸਿੰਘ, ਇਟਲੀ


 

ਗੁਰਦਾਸਪੁਰ ਸ਼ਹਿਰ ਇੱਕ ਛੋਟਾ ਜਿਹਾ ਸ਼ਹਿਰ ਹੈ ਜਿੱਸ ਵਿੱਚ ਮੇਨ ਬੱਜ਼ਾਰ , ਸਦਰ ਬਾਜ਼ਾਰ, ਹਨੂੰਮਾਨ ਚੌਕ, ਅਮਾਮ ਵਾੜਾ ਚੌਕ, ਬਾਟਾ ਚੌਕ, ਗਾਂਧੀ ਚੌਕ, ਕੁੱਝ ਗਿਣੇ ਮਿਥੇ ਚੌਕ ਹਨ । ਬਾਟਾ ਚੌਂਕ ਦੇ ਨਾਲ ਹੀ ਇੱਕ ਬਹੁਤ ਤੰਗ ਜਿਹਾ ਪਰ ਬਹੁਤ ਪੁਰਾਣਾ ਬਾਜ਼ਾਰ, ਜੋ ਅੰਦਰੂਨੀ ਬਾਜ਼ਾਰ ਦੇ ਨਾਲ ਜਾਣਿਆ ਜਾਂਦਾ ਹੈ। ਇੱਸ ਦੀ ਹੱਦ ਕਬੂਤਰੀ ਗੇਟ ਤੱਕ ਹੈ, ਜੋ ਉਪਰੋਂ ਕਿਸੇ ਡਿੳੜ੍ਹੀ ਵਾਂਗ ਛੱਤਿਆ ਹੋਇਆ ਹੈ ਜਿੱਸ ਦੇ ਹੇਠਾਂ ਇੱਕ ਪਾਸੇ ਨਾਲ ਹੀ ਇੱਕ ਛੋਟਾ ਜਿਹਾ ਪਰ ਬੜਾ ਪਰਾਣਾ “ਰੂੜਾ, ਬੂੜਾ” ਨਾਂ ਦਾ ਮੰਦਰ ਹੈ। ਇਹ ਰੂੜਾ ਬੂੜਾ ਨਾਂ ਦੇ ਇਸੇ ਅੰਦਰੂਨੀ ਬਾਜ਼ਾਰ ਦੇ ਦੋ ਬਜ਼ੁਰਗ ਸਨ ਜਿਨ੍ਹਾਂ ਦੀ ਯਾਦ ਵਿੱਚ ਇੱਹ ਮੰਦਰ ਬਣਿਆ ਹੋਇਆ ਹੈ। ਇੱਸ ਭੀੜ ਭੜੱਕੇ ਤੰਗ ਬਾਜਾਰ ਵਿੱਚੇਂ ਗੱਡੀ ਮੋਟਰ ਤਾਂ ਕੀ ਸਕੂਟਰ ਮੇਟਰ ਸਾਈਕਲ ਤੇ ਵੀ ਜਾਣਾ ਬੜਾ ਔਖਾ ਹੈ। ਇੱਸ ਨਿੱਕੇ ਜਿਹੇ ਭੀੜ ਭੜੱਕੇ ਵਾਲੇ ਤੰਗ ਬਾਜ਼ਾਰ ਵਿੱਚ ਹਰ ਕਿਸਮ ਦੀਆ ਦੁਕਾਨਾਂ ਹਨ, ਪਰ ਬਹੁਤੀਆਂ ਦੁਕਾਨਾਂ ਸੁਰਾਫਾਂ ਦੀਆਂ ਭਾਵ ਸੁਨਿਆਰਿਆਂ ਦੀਆਂ ਹਨ।

ਬਾਟਾ ਚੌਕ ਦੇ ਵਾਲੇ ਪਾਸਿਓਂ ਇੱਸ ਬਜ਼ਾਰ ਵਿੱਚ ਵੜਦਿਆਂ ਹੀ ਕੋਈ ਦੱਸ ਕੁ ਦੁਕਾਨਾਂ ਛੱਡ ਕੇ ਜਗਦੀਸ਼ ਰਾਜ ਨਾਂ ਦੇ ਇੱਕ ਬੜੇ ਹੈ ਹੀ ਹਸਮੁਖੇ ਜਿਹੇ ਸੁਭਾ ਦੇ ਸੁਨਿਆਰੇ ਦੀ ਦੁਕਾਨ ਹੈ, ਇਹ ਦੁਕਾਨ ਪਹਿਲਾਂ ਕਦੇ ਬੜੀ ਛੋਟੀ ਜਿਹੀ ਹੁੰਦੀ ਸੀ ਜਿੱਸ ਦੇ ਅੱਗੇ ਨਲਕਾ ਲੱਗਾ ਹੋਣ ਕਰਕੇ ਇੱਸ ਦੁਕਾਨ ਦਾ ਨਾਂ ਨਲਕੇ ਵਾਲੀ ਦੁਕਾਨ ਹੀ ਪੈ ਗਿਆ ਜਿੱਥੇ ਹਰ ਵੇਲੇ ਛੋਟੇ ਮੋਟੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਸੀ । ਦੁਕਾਨ ਦਾ ਸਾਰਾ ਕੰਮ ਵੀ ਉਹ ਆਪੇ ਹੀ ਕਰਦਾ ਹੁੰਦਾ ਸੀ ।ਉੱਸ ਦੇ ਬਹੁਤੇ ਗਾਹਕ ਨੇੜਲੇ ਪਿੰਡਾਂ ਦੇ ਹੁੰਦੇ ਸਨ ਜਿਨ੍ਹਾਂ ਦੀਆਂ ਬਹੁਤੀਆਂ ਲੋੜਾਂ ਆਮ ਤੌਰ ਤੇ ਛੋਟੇ ਮੋਟੇ ਗਹਿਣੇ ,ਜਿਵੇਂ ਚਾਂਦੀ ਦੇ ਛਾਪਾਂ ਛੱਲੇ ਮੁੰਦੀਆਂ, ਕੜੇ, ਪੰਜੇਬਾਂ, ਤਵੀਤ ਕਲੀਚੜੀਆਂ ਕਾਂਟੇ ਵਾਲੀਆਂ ,ਕੋਕੇ ਤੀਲੀਆਂ, ਝੁਮਕੇ, ਵਗੈਰਾ ਹੀ ਹੁੰਦੇ ਸਨ । ਉੱਸ ਦੀ ਦੁਕਾਨ ਤੇ ਹਰ ਵੇਲੇ ਗਾਹਕਾ ਦੀ ਭੀੜ ਲੱਗੀ ਰਹਿੰਦੀ ਸੀ । ਔਖ ਸੌਖ ਵੇਲੇ ਕਈ ਵਾਰ ਕਈ ਗਾਹਕ ਆਪਣੀ ਗਰਜ਼ ਪੂਰੀ ਕਰਨ ਲਈ ਉੱਸ ਕੋਲ ਗਹਿਣੇ ਰੱਖ ਕੇ ਲੋੜ ਅਨੁਸਾਰ ਰਕਮ ਵਿਆਜ ਤੇ ਵੀ ਲੈ ਜਾਂਦੇ ਸਨ । ਸਮਾ ਬਦਲਦੇ ਦੇਰ ਨਹੀਂ ਲਗਦੀ, ਇੱਸ ਦੁਕਾਨ ਦੇ ਨਾਲ ਕੁੱਝ ਥਾਂ ਕਸਟੋਡੀਅਨ ਵਿਭਾਗ ਦੀ ਉੱਸ ਦੇ ਕਬਜ਼ੇ ਹੇਠ ਖਾਲੀ ਪਈ ਸੀ ਇੱਸ ਕਬਜ਼ੇ ਵਾਲੀ ਥਾਂ ਨੂੰ ਉੱਸ ਨੂੰ ਪੱਕੇ ਤੌਰ ਤੇ ਟ੍ਰਾਂਸਫਰ ਹੋਣ ਤੇ ਉੱਸ ਥਾਂ ਨੂੰ ਵਿੱਚ ਰਲਾ ਕੇ ਉੱਸ ਨੇ ਪੁਰਾਣੀ ਦੁਕਾਨ ਢਾ ਕੇ ਹੁਣ ਵਾਹਵਾ ਖੁਲ੍ਹੀ ਦੁਕਾਨ ਬਨਾ ਲਈ ਸੀ । ਉਦੋਂ ਇੱਸ ਕੰਮ ਲਈ ਮੇਰੇ ਦਫਤਰ ਵਿੱਚ ਆਉਣ ਜਾਣ ਕਰਕੇ ਉਹ ਮੇਰਾ ਚੰਗਾ ਵਾਕਫ ਹੋ ਗਿਆ ਸੀ। ਜਦੋਂ ਵੀ ਮੈਂ ਕਦੇ ਉੱਸ ਦੀ ਦੁਕਾਨ ਅੱਗਿਓਂ ਲੰਘਦਾ ਤਾਂ ਉਹ ਮੈਨੂੰ ਆਵਾਜ਼ ਮਾਰ ਕੇ ਅੰਦਰ ਆਉਣ ਲਈ ਜ਼ਰੂਰ ਕਹਿੰਦਾ। ਵੈਸੇ ਵੀ ਉਹ ਬੜਾ ਮਿਲਣ ਸਾਰ ਬੰਦਾ ਸੀ । ਉੱਚੇ ਲੰਮੇ ਭਰਵੇਂ ਕੱਦ ਕਾਠ ਵਾਲਾ ਕਨਕ ਵੰਨੇ ਰੰਗ ਦੇ ਇੱਸ ਹੰਸੂ 2 ਕਰਦੇ ਚਿਹਰੇ ਵਾਲੇ ਜਗਦੀਸ਼ ਰਾਜ ਦੀ ਵਾਕਫੀ ਹੁਣ ਮੇਰੇ ਨਾਲ ਗੂੜ੍ਹੀ ਮਿਤਰਤਾ ਵਿੱਚ ਬਦਲ ਗਈ ਸੀ ਜਿੱਸ ਦਾ ਮੁਖ ਕਾਰਣ ਉੱਸ ਦਾ ਖੁਲ੍ਹ ਦਿਲਾ, ਸਹਿਣ ਸ਼ੀਲ ਅਤੇ ਆਪਣੇ ਗਾਹਕਾਂ ਪ੍ਰਤੀ ਸਹੀ ਸਲਾਹ ਦੇਣੀ ਅਤੇ ਹਮਦਰਦੀ ਸੀ । ਇੱਸ ਦੇ ਨਾਲ ਹੀ ਉਹ ਵਹਿਮ ਪਖੰਡ ਅਤੇ ਅੰਧ ਵਿਸ਼ਵਾਸ ਦੇ ਬੜਾ ਵਿਰੁੱਧ ਸੀ ।

ਜਦ ਵੀ ਕਦੇ ਮੈਂ ਉੱਸ ਕੋਲ ਕਿਸੇ ਛੋਟੇ ਮੋਟੇ ਕੰਮ ਲਈ ਜਾਂਦਾ ਤਾਂ ਕੁੱਝ ਵਿਹਲ ਵੇਲੇ ਉਹ ਮੇਰੇ ਨਾਲ ਕੁੱਝ ਹਾਸੇ ਠੱਠੇ ਵਾਲੀਆਂ ਗੱਲਾਂ ਵੀ ਕਰਦਾ ਹੁੰਦਾ ਸੀ। ਸ਼ੂਗਰ ਦਾ ਮਰੀਜ਼ ਹੋਣ ਕਰਕੇ ਉਹ ਚਾਹ ਫਿੱਕੀ ਹੀ ਪੀਂਦਾ ਹੁੰਦਾ ਸੀ । ਜਦ ਵੀ ਮੈਂ ਉੱਸ ਕੋਲ ਕਿਸੇ ਛੋਟੇ ਮੋਟੇ ਕੰਮ ਲਈ ਜਾਂਦਾ ਤਾਂ  ਮੇਰੇ ਆਉਣ ਤੇ ਝੱਟ ਹੀ ਉਹ ਸਾਮ੍ਹਣੇ ਵਾਲੀ ਦੁਕਾਨ ਦੇ ਚਾਹ ਵਾਲੇ ਮੁੰਡੂ ਨੂੰ ਆਪਣੇ ਹੱਥ ਦੀਆਂ ਦੋ ਉੰਗਲਾਂ ਦੀ ਵੀ ਜਿਹੀ ਬਨਾ ਕੇ ਕਹਿੰਦਾ” ਓਏ ਛੌਟੂ ਚਾਹ ਦੇ ਦੋ ਕੱਪ ਇੱਕ ਫਿੱਕਾ ਅਤੇ ਇੱਕ ਮਿੱਠੇ ਵਾਲਾ ਲੈ ਕੇ ਆ “। ਇੱਕ ਦਿਨ ਛੋਟੂ ਚਾਹ ਦੇ ਦੋਵੇਂ ਕੱਪ ਦੇ ਕਾ ਕਾਹਲੀ 2 ਪਰਤ ਗਿਆ ਤਾਂ ਜਗਦੀਸ਼ ਮੈਨੂੰ ਕਹਿਣ ਲੱਗਾ ਚੱਖ ਕੇ ਵੇਖ ਲਈਂ ਯਾਰ ਉਹ ਕਾਹਲੀ 2 ਵਿੱਚ ਦੱਸ ਹੀ ਨਹੀਂ ਗਿਆ ਕਿ ਫਿੱਕਾ ਕਿਹੜਾ ਹੈ ਤੇ ਮਿੱਠਾ ਕਿਹੜਾ ਹੈ, ਮੈਂ ਕਿਹਾ ਕਿ ਚੱਲ ਦੋਵੇਂ ਹੀ ਚੱਖ ਕੇ ਵੇਖ ਲੈਂਦੇ ਹਾਂ ਆਪੇ ਪਤਾ ਲੱਗ ਜਾਵੇਗਾ । ਘੁੱਟ ਭਰਦਿਆਂ ਹੀ ਪਤਾ ਲੱਗਾ ਕਿ ਦੋਵੇਂ ਕੱਪ ਹੀ ਮਿੱਠੇ ਵਾਲੀ ਚਾਹ ਵਾਲੇ ਹਨ । ਉਹ ਆਪਣੇ ਕੱਪ ਵਾਲੀ ਚਾਹ ਨਾਲੀ ਵਿੱਚ ਡੋਲ੍ਹਦਾ ਹੋਇਆ ਚਾਹ ਵਾਲੇ ਮੁੰਡੇ ਨੂੰ ਆਵਾਜ਼ ਦਿੰਦਾ ਹੋਇਆ ਬੋਲਿਆ” ਓਏ ਛੋਟੂ ਇੱਕ ਕੱਪ ਚਾਹ ਦਾ ਫਿੱਕਾ ਲਿਆਵੀਂ ਇੱਸ ਵਿੱਚ ਮੱਖੀ ਪੈ ਗਈ ਸੀ, ਨਾਲ ਹੀ ਮੇਰੇ ਵੱਲ ਵੇਖ ਕੇ ਕਹਿਣ ਲੱਗਾ “ਬੱਚਾ ਹੈ ਕਈ ਵਾਰ ਗਲਤੀ ਹੋ ਹੀ ਜਾਂਦੀ ਹੈ , ਐਵੇਂ ਵਿਚਾਰੇ ਨੂੰ ਝਿੜਕਾਂ ਪੈਣਗੀਆਂ “। ਅਸੀਂ ਚਾਹ ਦੀਆਂ ਚੁਸਕੀਆਂ ਲੈਂਦੇ ਕਿਸੇ ਗਾਹਕ ਦੇ ਆਉਣ ਤੱਕ ਗੱਪ ਸ਼ੱਪ ਕਰਦੇ। ਨਵੀਂ ਬਣੀ ਦੁਕਾਨ ਅਤੇ ਇੱਕ ਵਧੀਆ ਕਾਰੀਗਰ ਤੇ ਠੰਡੇ ਸੁਭਾ ਅਤੇ ਪੁਰਾਣੀ ਵਾਕਫੀ ਹੋਂਣ ਕਰਕੇ ਹੁਣ ਉੱਸ ਦੀ ਦੁਕਾਨ ਤੇ ਕਈ ਵੇੱਡੇ ਗਾਹਕ ਵੀ ਆਉਣ ਜਾਣ ਲੱਗ ਪਏ ਸਨ । ਇੱਕ ਦਿਨ ਉੱਸ ਨੇ ਮੈਨੂੰ ਬੜੀ ਹਾਸੇ ਵਾਲੀ ਗੱਲ ਸੁਨਾਈ , ਕਹਿਣ ਲੱਗਾ ਕਿ ਇੱਕ ਦਿਨ ਦੀ ਗੱਲ ਹੈ ਕਿ ਕਿਸੇ ਚੰਗੇ ਵੱਡੇ ਅਫਸਰ ਦੀ ਮੇਮ ਸਾਬ੍ਹ ਜਿੱਸ ਦਾ ਉੱਸ ਦੀ ਦੁਕਾਨ ਤੇ ਪਹਿਲਾਂ ਵੀ ਆਉਣ ਜਾਣ ਸੀ ਇੱਕ ਦਿਨ ਉੱਸ ਦੀ ਦੁਕਾਨ ਤੇ ਆ ਕੇ ਅਪਣੇ ਪਰਸ ਵਿੱਚੋਂ ਇੱਕ ਜੰਤਰ ਫੜਾਉਂਦੀ ਹੋਈ ਕਹਿਣ ਲੱਗੀ ਕਿ ਮੈਂ ਜ਼ਰਾ ਅੱਗੇ ਕੰਮ ਚੱਲੀ ਹਾਂ , ਇੱਸ ਨੂੰ ਚਾਂਦੀ ਦੇ ਤਵੀਤ ਵਿੱਚ ਮੜ੍ਹ ਦਵੀਂ ਮੈਂ ਵਾਪਸੀ ਤੇ ਲੈਂਦੀ ਹਾਂ । ਗਾਹਕਾਂ ਦੀ ਭੀੜ ਕਰਕੇ ਮੈਨੂੰ ਇੱਸ ਕੰਮ ਦਾ ਚੇਤਾ ਹੀ ਭੁੱਲ ਗਿਆ ਪਰ ਥੋੜ੍ਹੀ ਦੇਰ ਬਾਅਦ ਉਹ ਮੇਮ ਸ੍ਹਾਬ ਮੇਰੀ ਦੁਕਾਨ ਤੇ ਕਾਹਲੀ 2 ਆਈ ਤੇ ਆ ਕੇ ਮੈਨੂੰ ਕਹਿਣ ਲੱਗੀ ਜਗਦੀਸ਼ ਮੇਰਾ ਕੰਮ ਕਰ ਦਿੱਤਾ , ਕਹਿਣ ਲੱਗਾ ਤੁਸਾਂ ਮੰਨਣਾ ਨਹੀਂ, ਇਹ ਸੁਣਕੇ ਸੱਚ ਜਾਣਿਓ ਇੱਕ ਵਾਰ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ। ਮੈਂ ਕਿਹਾ ਮੁਆਫ ਕਰਨਾ ਬੀਬੀ ਜੀ ਚਾਂਦੀ ਦੇ ਤਵੀਤ ਮੁੱਕੇ ਹੋਏ ਸਨ । ਹੁਣੇ ਹੀ ਆਏ ਹਨ ,ਜਰਾ ਕੁ ਬੈਠੋ ਮੈਂ ਹੁਣੇ ਮੜ੍ਹ ਦਿੰਦਾ ਹਾਂ । ਉਹ ਚੁੱਪ ਚਾਪ ਮੱਥੇ ਤੇ ਤਿਊੜੀਆਂ ਜਿਹੀਆਂ ਪਾ ਕੇ ਬੈਠ ਤਾਂ ਗਈ ਪਰ ਮੇਰੇ ਲਈ ਇੱਕ ਨਵੀਂ ਮੁਸੀਬਤ ਹੋਰ ਖੜੀ ਹੋ ਗਈ। ਮੈਨੂੰ ਕਾਹਲੀ 2 ਵਿੱਚ ਕਿਤੇ ਰੱਖਿਆ ਉਹ ਜੰਤਰ ਨਾ ਲੱਭੇ ,ਮੈਂ ਮਨ ਵਿੱਚ ਸੋਚਿਆ ਜੇ ਮੈਡਮ ਨੂੰ ਇੱਸ ਜੰਤਰ ਦੇ ਗੁਆਚਣ ਬਾਰੇ ਮੈਂ ਦੱਸਿਆ ਤਾਂ ਇੱਕ ਵੇਰਾਂ ਤਾਂ ਮੇਰੀ ਚੰਗੀ ਕੁੱਤੇ ਖਾਣੀ ਕਰ ਕੇ ਇਹ ਜਾਏਗੀ ਹੀ ,ਪਰ ਨਾਲ ਹੀ ਇੱਕ ਗਾਹਕ ਵੀ ਹੱਥੋਂ ਜਾਂਦਾ ਰਹੇਗਾ। ਅਚਾਣਕ ਮੇਰਾ ਦਿਮਾਗ ਕੰਮ ਕਰ ਗਿਆ ਮੈਂ ਆਪਣੇ ਬੈਠਣ ਵਾਲੀ ਸੀਟ ਕੋਲ ਹੇਠਾਂ ਨੀਵੀਂ ਪਾਈ , ਕਾਹਲੀ 2 ਇੱਕ ਕਾਗਜ਼ ਦੇ ਛੋਟਾ ਜਿਹਾ ਟੁਕੜਾ ਜਿੱਸ ਤੇ ਗਾਹਕਾਂ ਦੇ ਗਹਿਣੇ ਵਗੈਰਾ ਦੇ ਹਿਸਾਬ ਜਹੇ ਲਿਖੇ ਹੁੰਦੇ ਹਨ , ਲੈ ਕੇ ਤਹਿ ਕਰਕੇ ਤਵੀਤ ਵਿੱਚ ਮੁੜ੍ਹ ਕੇ ਉੱਸ ਨੂੰ ਫੜਾ ਕੇ ਸੁੱਖ ਦਾ ਸਾਹ ਲਿਆ।

ਕੁੱਝ ਹੀ ਦਿਨਾਂ ਬਾਅਦ ਉਹੀ ਮੈਡਮ ਫਿਰ ਕਿਸੇ ਹੋਰ ਸਹੇਲੀ ਨੂੰ ਨਾਲ ਲੈ ਮੇਰੀ ਦੁਕਾਨ ਤੇ ਆਈ । ਉਨ੍ਹਾਂ ਨੂੰ ਵੇਖ ਕੇ ਮੇਰੇ ਤਾਂ ਇੱਕ ਵਾਰ ਇਹ ਸੋਚ ਕੇ ਸਾਹ ਹੀ ਖੁਸ਼ਕ ਹੋ ਗਏ ਕਿ ਸ਼ਾਇਦ ਉਸ ਨੂੰ ਤਵੀਤ ਦੀ ਅਸਲੀਅਤ ਦਾ ਕਿਤੇ ਪਤਾ ਹੀ ਨਾ ਲੱਗ ਗਿਆ ਹੋਵੇ । ਤੈਨੂੰ ਪਤਾ ਹੀ ਹੈ ਕਿ ਇੱਹ ਵੱਡੇ ਘਰਾਂ ਦੀਆਂ ਔਰਤਾਂ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਸਿਰੇ ਦੀਆਂ ਵਹਿਮੀ ਤੇ ਸ਼ੱਕੀ ਵੀ ਹੁੰਦੀਆਂ ਹਨ। ਖੈਰ ਮੈਂ ਕਿਹਾ ਕਿ ਆਓ ਬੈਠੋ ਭੇਣ ਜੀ ਕੋਈ ਸੇਵਾ ਦੱਸੋ । ਉਹ ਕਹਿਣ ਲੱਗੀ ਕਿ ਇਹ ਭੈਣ ਜੀ ਮੇਰੇ ਕਾਲਜ ਵੇਲੇ ਦੀ ਸਹੇਲੀ ਹੈ । ਇਹ ਵੀ ਉਸੇ ਬਾਬਾ ਜੀ ਪਾਸ ਮੇਰੇ ਨਾਲ ਗਈ ਸੀ ਤੇ ਇਸ ਨੂੰ ਵੀ ਉਨ੍ਹਾਂ ਇੱਕ ਜੰਤਰ ਦਿੱਤਾ ਹੈ । ਇੱਸ ਨੂੰ ਵੀ ਉਸੇ ਤਰ੍ਹਾਂ ਹੀ ਮੜ੍ਹ ਦੇ, ਮੈਂ ਆਈ ਬਲਾ ਟਲ਼ੀ ਸਮਝ ਕੇ ਰੱਬ ਦਾ ਸ਼ੁਕਰ ਮਨਾਇਆ ਤੇ ਉੱਸ ਨੂੰ ਵੀ ਬਿਨਾਂ ਕਿਸੇ ਦੇਰੀ ਕੀਤਿਆਂ ਤਵੀਤ ਮੜ੍ਹ ਕੇ ਉਨ੍ਹਾਂ ਦੇ ਹਵਾਲੇ ਕੀਤਾ । ਪਰ ਇੱਕ ਗੱਲ ਮੈਂ ਇਹ ਕੰਮ ਕਰਦੇ 2 ਬੜਾ ਹੌਸਲਾ ਕਰਕੇ ਉੱਸ ਨੂੰ ਪੁੱਛ ਹੀ ਲਈ ਕਿ ਬੀਬੀ ਜੀ ਹੁਣ ਬਾਬਾ ਜੀ ਦੇ ਤਵੀਤ ਨਾਲ ਆਪ ਦੀਆਂ ਮੁਸ਼ਕਲਾਂ ਤੇ ਸਾਰੇ ਘਰ ਦੇ ਕਲਾ ਕਲੇਸ਼ ਅਤੇ ਹੋਰ ਮੁਸ਼ਕਲਾਂ ਜਰੂਰ ਖਤਮ ਹੋ ਗਈਆਂ ਹੋਣਗੀਆਂ । ਉਹ ਸੁਣ ਕੇ ਕਹਿਣ ਲੱਗੀ ਕਿ ਬਾਬਾ ਜੀ ਦੀ ਕੀ ਸਿਫਤ ਕਰੀਏ ਬੜੇ ਹੀ ਕਮਾਲ ਦੇ ਮਹਾਤਮਾ ਹਨ। ਜਦ ਦਾ ਉਹ ਤਵੀਤ ਗਲ਼ ਵਿੱਚ ਪਾਇਆ ਹੈ ਸੱਭ ਠੀਕ ਠਾਕ ਹੋ ਗਿਆ ਹੈ ਪੈਸੇ ਦੀ ਪੰਜ ਦੱਸ ਹਜ਼ਾਰ ਦੀ ਕਿਹੜੀ ਗੱਲ ਹੈ । ਇਸੇ ਲਈ ਹੀ ਤਾਂ ਉਨ੍ਹਾਂ ਬਾਰੇ ਮੇਰੇ ਗੱਲ ਕਰਨ ਤੇ ਇਹ ਵੀ ਮੇਰੇ ਨਾਲ ਉਨ੍ਹਾਂ ਪਾਸ ਗਏ ਤੇ ਉਨ੍ਹਾਂ ਨੇ ਇਹ ਜੰਤਰ ਇੱਸ ਨੂੰ ਦਿੱਤਾ । ਮੈਂ ਵਿੱਚੋ ਵਿੱਚ ਹੈਰਾਨ ਅਤੇ ਹਸਦਾ ਸੋਚ ਰਿਹਾ ਸੀ ਕਿ ਇਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਸੱਭ ਕੁੱਝ ਠੀਕ ਕਰਨ ਵਾਲਾ ਅਸਲ ਬਾਬਾ ਤਾਂ ਮੈਂ ਹੀ ਹਾਂ। ਸੱਚ ਮੰਨਿਉ ਉੱਸ ਰਾਤ ਮੈਨੂੰ ਇੱਸ ਹੋਈ ਬੀਤੀ ਗੱਲ ਤੇ ਇਨ੍ਹਾਂ ਪੜ੍ਹਿਆਂ ਲਿਖਿਆਂ ਲੋਕਾਂ ਦੇ ਵਹਿਮੀ ਤੇ ਅੰਧ ਵਿਸ਼ਵਾਸ਼ੀ ਸੋਚ ਹੋਣ ਬਾਰੇ ਵੇਖ ਸੁਣ ਕੇ ਬੜੀ ਹੈਰਾਣਗੀ ਅਤੇ ਹਾਸਾ ਵੀ ਆਉਂਦਾ ਰਿਹਾ ।

ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਦਿਲਚਸਪ ਤੇ ਹਾਸੇ ਭਰੀਆਂ ਵਹਿਮੀ ਲੋਕਾਂ ਦੀਆਂ ਗੱਲਾਂ ਵੀ ਉਹ ਮੈਨੂੰ ਸੁਨਾਇਆ ਕਰਦਾ ਸੀ। ਹੁਣ ਉਸ ਦੇ ਪੜ੍ਹੇ ਲਿਖੇ ਦੋਵੇਂ ਬੇਟੇ ਜਵਾਨ ਕੇ ਵਿਆਹੇ ਵਰੇ ਜਾ ਕੇ ਹੁਣ ਉੱਸ ਦੀ ਦੁਕਾਨ ਤੇ ਬੈਠੇ ਬ੍ਰਾਬਰ ਕੰਮ ਕਰਦੇ ਹਨ । ਹੁਣ ਇੱਸ ਦੁਕਾਨ ਤੇ ਨਲਕਾ ਅਤੇ ਦੁਕਾਨ ਤੇ ਜਗਦੀਸ਼ ਰਾਜ ਸਰਾਫ ਐਂਡ ਸਨਜ਼ “ ਦਾ ਲੱਗਾ ਹੋਇਆ ਫੱਟਾ ਵੀ ਹੁਣ ਇੱਸ ਦੁਕਾਨ ਦੀ ਪਛਾਣ ਵਿੱਚ ਵਾਧਾ ਕਰ ਚੁੱਕਿਆ ਹੈ । ਮੈਂ ਜਦੋਂ ਵੀ ਪੰਜਾਬ ਜਾਂਦਾ ਹਾਂ ਉਚੇਚੇ ਤੌਰ ਤੇ ਉੱਸ ਨੂੰ ਮਿਲਣ ਲਈ ਜ਼ਰੂਰ ਜਾਂਦਾ ਹਾਂ। ਉਹ ਬੜੇ ਹੀ ਪਿਆਰ ਨਾਲ ਕੋਲ ਬਿਠਾ ਕੇ ਕਈ ਪੁਰਾਣੀਆਂ ਯਾਦਾਂ ਦੀ ਸਾਂਝ ਮੇਰੇ ਨਾਲ ਪਾਉਂਦਾ ਅਤੇ ਨਵੇਂ ਸਾਲ ਦਾ ਕੋਈ ਵਧੀਆ ਜਿਹਾ ਕਲੰਡਰ ਜਾਂ ਕੀ ਰਿੰਗ ਵਗੈਰਾ ਦੇ ਕੇ ਮੈਨੂੰ ਕਹਿੰਦਾ ਕਿ ਯਾਰ ਵਿਦੇਸ਼ ਵੇਖਣਾ ਤਾਂ ਸਾਡੇ ਨਸੀਬਾਂ ਵਿੱਚ ਨਹੀਂ , ਪਰ ਇਹ ਕਲੰਡਰ ਜ਼ਰੂਰ ਨਾਲ ਲੈ ਜਾਂਵੀ ਨਾਲੇ ਕਿਤੇ ਇੱਸੇ ਬਹਾਨੇ ਹੀ ਸਾਨੂੰ ਕਿਤੇ ਯਾਦ ਵੀ ਕਰ ਲਿਆ ਕਰੀਂ।

ਮੈਂ ਕੁੱਝ ਸਮਾਂ ਪਿੱਛੇ ਜਦੋਂ ਪੰਜਾਬ ਗਿਆ ਤਾਂ ਇੱਕ ਦਿਨ ਉੱਸ ਨੂੰ ਮਿਲਣ ਲਈ ਜਦ ਉੱਸ ਦੀ ਦੁਕਾਨ ਤੇ ਗਿਆ ਤਾਂ ਦੁਕਾਨ ਤੇ ਉੱਸ ਦੇ ਦੋਵੇਂ ਬੇਟੇ ਕੰਮ ਕਰ ਰਹੇ ਸਨ ਪਰ ਜਗਦੀਸ਼ ਰਾਜ ਦੁਕਾਨ ਤੇ ਨਹੀਂ ਸੀ । ਉਹ ਮੈਨੂੰ ਬੜੇ ਪਿਆਰ ਸਤਿਕਾਰ ਨਾਲ ਮਿਲੇ । ਜਦ ਮੈਂ ਪੁੱਛਿਆ ਕਿ ਬੇਟਾ ਡੈਡੀ ਕਿੱਥੇ ਹਨ ਤਾਂ ਉਹ ਕਹਿਣ ਲੱਗੇ ਕਿ ਅੰਕਲ ਕੀ ਦੱਸੀਏ ਕਿ ਡੈਡੀ ਕਿੱਥੇ ਹਨ । ਅਚਣਚੇਤ ਹੀ ਜਦ ਮੇਰੀ ਨਜ਼ਰ ਸਾਮ੍ਹਣੇ ਕੰਧ ਤੇ ਲੱਗੀ ਜਗਦੀਸ਼ ਦੀ ਫੁੱਲਾਂ ਦੇ ਹਾਰ ਵਾਲੀ ਤਸਵੀਰ ਤੇ ਪਈ ਤਾਂ ਪਤਾ ਲੱਗਾ ਕਿ ਇਹ ਮੇਰਾ ਹਸ ਮੁਖਾ ਮਿੱਤਰ ਜਗਦੀਸ਼ ਹੁਣ ਜਿੰਦਗੀ ਦੀ ਖੇਡ ਖਤਮ ਕੇ ਪਤਾ ਨਹੀਂ ਕਿਸ ਲੋਕ ਵਿੱਚ ਜਾ ਚੁਕਾ ਹੈ। ਕੁਝ ਹੀ ਚਿਰਾਂ ਵਿੱਚ ਮੁੰਡੇ ਨੇ ਚੁੱਪ ਤੋੜੀ ਤੇ ਹੰਝੂ ਵਹਾਉਂਦੇ ਨੇ ਪਿਓ ਦੀ ਅਚਾਣਕ ਗਲੇ ਦੇ ਕੈਂਸਰ ਦੇ ਇਲਾਜ ਦੀ ਅਖੀਰ ਤੱਕ ਦੀ ਕਹਾਣੀ ਹਟਕੋਰੇ ਹਉਕੇ ਭਰਦਿਆਂ ਸੁਨਾਈ ਤਾਂ ਸੁਣਕੇ ਮਨ ਉਦਾਸ ਹੋ ਗਿਆ । ਮੁੰਡੇ ਚਾਹ ਪੀਣ ਦੀ ਜ਼ਿੱਦ ਕਰਨ ਲੱਗੇ, ਪਰ ਹੁਣ ਨਹੀਂ ਕਿਤੇ ਫਿਰ ਸਹੀ ਕਹਿ ਕੇ ਮੈਂ ਘਰ ਮੁੜ ਆਇਆ।

ਬੇਸ਼ੱਕ ਨਲਕੇ ਵਾਲੀ ਦੁਕਾਨ ਅੱਗੇ ਨਲਕਾ ਅਤੇ ਦੁਕਾਨ ਤੇ “ਜਗਦੀਸ਼ ਰਾਜ ਸਰਾਫ ਐਂਡ ਸਨਜ਼ “ ਦਾ ਲੱਗਾ ਫੱਟਾ ਸੱਭ ਕੁੱਝ ਉਸੇ ਤਰ੍ਹਾਂ ਹੀ ਹੈ, ਪਰ ਜਦੋਂ ਕਿਤੇ ਪੰਜਾਬ ਜਾਣ ਵੇਲੇ ਕਿਸੇ ਛੋਟੇ ਮੋਟੇ ਕੰਮ ਲਈ ਉੱਸ ਦੀ ਦੁਕਾਨ ਤੇ ਜਾਈਦਾ ਹੈ ਤਾਂ ਉੱਸ ਪਿਆਰੇ ਜਿਹੇ ਹਸਮੁਖੇ ਸਦਾ ਲਈ ਵਿਛੜ ਚੁਕੇ ਮਿੱਤਰ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ।

ਰਵੇਲ ਸਿੰਘ +3272382827

29/09/2016

 
ਯਾਦਾਂ ਦੀ ਪਟਾਰੀ ਵਿੱਚੋਂ
ਨਲਕੇ ਵਾਲੀ ਦੁਕਾਨ
ਰਵੇਲ ਸਿੰਘ, ਇਟਲੀ
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com