ਛੇ ਜੂਨ ਦੇ ਖੂਨੀ ਸਾਕੇ ਵੇਲੇ ਮੈਂ ਕਸਟੋਡੀਅਨ ਵਿਭਾਗ ਵਿੱਚ ਕੰਮ
ਕਰਦਾ ਸਾਂ। ਮੇਰਾ ਦਫਤਰ ਸ਼ਹਿਰ ਦੇ ਇੱਕ ਤੰਗ ਜਿਹੇ ਬਾਜ਼ਾਰ ਦੇ ਚੌਕ ਤੋਂ ਮੁੜਨ
ਵਾਲੀ ਗਲੀ ਦੇ ਨੁੱਕਰ ਵਾਲੀ ਬਿਲਡਿੰਗ ਵਿੱਚ ਸੀ। ਇਹ ਬਿਲਡਿੰਗ
ਮਹਿਕਮੇ ਨੇ ਇੱਸ ਤੇ ਕਿਸੇ ਨਾਜਾਇਜ਼ ਕਾਬਜ਼ ਕੋਲੋਂ ਖਾਲੀ ਕਰਵਾ ਕੇ ਕਸਟੋਡੀਅਨ
ਦੇ ਦਫਤਰ ਵਜੋਂ ਰੱਖੀ ਹੋਈ ਸੀ। ਇੱਸ ਦਫਤਰ ਦੇ ਸਾਰੇ ਸਟਾਫ ਵਿੱਚ ਮੈਂ ਇੱਕਲਾ ਹੀ
ਸਿੱਖ ਕਰਮਚਾਰੀ ਸਾਂ। ਦਫਤਰ ਦਾ ਬੌਸ ਇੱਕ ਬਹੁਤ ਹੀ ਸੁਲਝਿਆ ਹੋਇਆ
ਸ਼ਖਸ ਸੀ। ਉੱਸ ਕੋਲ ਸ਼ਹਿਰੀ ਨਿਕਾਸੀ ਜਾਇਦਾਦਾਂ ਦੀ ਅਲਾਟ ਮੈਂਟਾਂ
ਅਤੇ ਨੀਲਾਮੀ ਦੇ ਇਲਾਵਾ ਪੇਂਡੂ ਨਿਕਾਸੀ ਜ਼ਮੀਨਾਂ ਦੀ ਟ੍ਰਾਂਸਫਰ
ਨੀਲਾਮੀ ਅਤੇ ਅਲਾਟ ਮੈਂਟ ਦਾ ਕੰਮ ਵੀ ਸੀ। ਉਹ ਬਹੁਤ ਹੀ ਈਮਾਨਦਾਰ
ਅਤੇ ਕਾਨੂੰਨ ਅਨੁਸਾਰ ਕੰਮ ਕਰਨ ਵਾਲਾ ਅਫਸਰ ਸੀ। ਥੋੜ੍ਹੀ ਕੀਤਿਆਂ ਉਹ ਗਲਤ ਕੰਮ
ਨਹੀਂ ਸੀ ਕਰਦਾ ਅਤੇ ਨਾ ਹੀ ਗਲਤ ਕੰਮ ਕਰਨ ਵਾਲੇ ਕਿਸੇ ਮਾਤਹਿਤ ਦਾ ਲਿਹਾਜ਼ ਕਰਦਾ
ਸੀ। ਚੰਗਾ ਕੰਮ ਕਰਨ ਵਾਲੇ ਮਿਹਣਤੀ ਅਹਿਲਕਾਰ ਦੀ ਉਹ ਪੂਰੀ ਕਦਰ ਵੀ ਕਰਦਾ ਸੀ।
ਮੇਰੀ ਬਹੁਤੀ ਨੌਕਰੀ ਇੱਸੇ ਮਹਿਕਮੇ ਦੀ ਹੈ। ਨਿਕਾਸੀ ਜ਼ਮੀਨਾਂ ਦੀ ਨੀਲਾਮੀ ਅਤੇ
ਉਸ ਵੇਲੇ ਦੀ ਸਰਕਾਰੀ ਪਾਲਸੀ ਅਨੁਸਾਰ ਕਬਜ਼ੇ ਦੇ ਆਧਾਰ ਤੇ ਨਿਕਾਸੀ ਜ਼ਮੀਨਾਂ
ਅਲਾਟ ਕਰ ਦੇ ਸਿਲਸਲੇ ਵਿੱਚ ਬਾਹਰ ਪਿੰਡਾਂ ਵਿੱਚ ਵੀ ਜਾਣਾ ਪੈਂਦਾ
ਸੀ। ਬਾਰਡਰ ਦਾ ਜ਼ਿਲਾ ਹੋਣ ਕਰਕੇ ਅਤੇ ਬਹੁਤੀਆਂ ਨਿਕਾਸੀ ਜ਼ਮੀਨਾਂ
ਬਾਰਡਰ ਜਾਂ ਦਰਿਆ ਬਿਆਸ ਦੇ ਨੇੜੇ ਹੋਣ ਕਰਕੇ ਪੰਜਾਬ ਦੇ
ਖਾੜਕੂਵਾਦ ਦੇ ਦੌਰ ਵੇਲੇ ਬਾਹਰ ਅੰਦਰ ਵੀ ਆਣਾ ਜਾਣਾ ਪੈਂਦਾ ਸੀ। ਪਰ ਰੱਬ ਦਾ
ਸ਼ੁਕਰ ਹੈ ਕਿ ਕਿਸੇ ਮਾੜੀ ਘਟਨਾਂ ਤੋਂ ਬਚਾਅ ਹੀ ਰਿਹਾ। ਕਿਉਂ ਜੋ ਕਿਸੇ ਦਾ ਕੁੱਝ
ਵਿਗਾੜਨ ਨਾਲੋਂ ਸੁਆਰਣ ਦਾ ਹੀ ਯਤਨ ਹੀ ਕੀਤਾ ਸੀ। ਨੇੜੇ ਤੇੜੇ ਦੇ ਪਿੰਡਾਂ ਵਿੱਚ
ਕਾਫੀ ਵਾਕਫੀ ਵੀ ਸੀ। ਫਿਰ ਵੀ ਬੜੇ ਹੀ ਧਿਆਨ ਨਾਲ ਨੌਕਰੀ ਕਰਨ ਦੇ ਦਿਨ ਸਨ।
ਦਫਤਰ ਦਾ ਅਫਸਰ ਵੀ ਬਾਹਰ ਦੇ ਮਾੜੇ ਹਾਲਾਤ ਕਰਕੇ ਸਾਰੇ
ਸਟਾਫ ਨੂੰ ਉਹ ਸੱਭ ਬਾਹਰੋਂ ਆਉਣ ਵਾਲੇ ਲੋਕਾਂ ਨਾਲ ਨਰਮੀ ਨਾਲ ਪੇਸ਼
ਆਉਣ ਲਈ ਪੱਕੀ ਕਰਦਾ ਰਹਿੰਦਾ ਸੀ। ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਥੋੜ੍ਹੀ
ਸੀ। ਜਿੱਸ ਦਿਨ ਬਲਿਊ ਸਟਾਰ ਦਾ ਇਹ ਘਿਨਾਉਣੀ ਕਾਰਵਾਈ ਮੌਕੇ ਦੀ
ਸਰਕਾਰ ਵੇਲੇ ਸਿੱਖ ਕੌਮ ਦੇ ਜਾਨੋਂ ਵੱਧ ਪਿਆਰੇ ਸਿੱਖ ਕੌਮ ਦੀ ਸਰਵ ਉੱਚ ਅਦਾਲਤ
'ਅਕਾਲ ਤਖਤ' ਤੇ ਆਪਣੇ ਹੀ ਫੌਜਾਂ ਨਾਲ ਤੋਪਾਂ ਨਾਲ ਤਹਿਸ ਨਹਿਸ ਕੀਤਾ ਜਾ ਰਿਹਾ
ਸੀ। ਸਾਰੇ ਸ਼ਹਿਰ ਵਿੱਚ ਕ੍ਰਫਿਊ ਲੱਗਾ ਹੋਇਆ ਸੀ। ਦਫਤਰ ਦਾ ਛੁੱਟੀ ਦਾ
ਟਾਈਮ ਹੋਣ ਤੇ ਬਾਹਰ ਨਿਕਲਣਾ ਔਖਾ ਹੀ ਨਹੀਂ ਸਗੋਂ ਭੰਗ ਭਾੜੇ ਜਾਣ ਗੁਆਉਣਾ ਵੀ
ਸੀ। ਦਫਤਰ ਵਿੱਚ ਅਜੀਬ ਸੁਨ ਸਮਾਣ ਤੇ ਸੰਨਾਟਾ ਸੀ। ਕੋਈ ਕਿਸੇ ਨਾਲ ਕਿਸੇ ਵੀ
ਵਿਸ਼ੇ ਤੇ ਗੱਲ ਕਰਨ ਦੀ ਬਜਾਏ ਚੁੱਪ ਰਹਿਣਾ ਹੀ ਠੀਕ ਸਮਝਦਾ ਸੀ। ਦਫਤਰ ਦੇ ਕੁਝ
ਕਰਮਚਾਰੀ ਵਿਹਲੇ ਬੈਠਣ ਦੀ ਬਜਾਏ ਦਫਤਰੀ ਫਾਈਲਾਂ ਨੂੰ ਉਥਲ ਪੁਥਲ ਕਰਨ ਵਿੱਚ ਲੱਗੇ
ਹੋਏ ਸਨ।
ਦਫਤਰ ਦਾ ਮੇਨ ਦਰਵਾਜ਼ਾ ਸਵੇਰ ਤੋਂ ਹੀ ਬੰਦ ਸੀ ਨਾ ਹੀ ਕੋਈ
ਕੰਮ ਵਾਲਾ ਆਇਆ ਤੇ ਨਾ ਹੀ ਇੱਸ ਨੂੰ ਖੋਲ੍ਹਣ ਦੀ ਲੋੜ ਪਈ ਦਫਤਰ ਵਿੱਚ ਉਦੋਂ ਕੋਈ
ਟੈਲੀਫੋਨ ਵੀ ਨਹੀਂ ਸੀ ਅਤੇ ਨਾ ਹੀ ਕਿਸੇ ਕੋਲ ਕੋਈ ਟ੍ਰਾਂਜ਼ਿਜ਼ਟਰ
ਵਗੈਰਾ ਵੀ ਨਹੀਂ ਸੀ। ਸਾਰਾ ਸਟਾਫ ਹੀ ਇੱਸ ਕਹਿਰ ਦੇ ਵਰਤਾਰੇ ਤੇ
ਚੁੱਪ ਤੇ ਹੈਰਾਨ ਸੀ ਪਰ ਕੋਈ ਵੀ ਕਿਸੇ ਨਾਲ ਕੋਈ ਗੱਲ ਬਾਤ ਕਰਨ ਤੋਂ ਸੰਕੋਚ ਕਰਦਾ
ਸੀ। ਦੂਰ ਦੁਰਾਡੇ ਘਰਾਂ ਨੂੰ ਜਾਣ ਵਾਲੇ ਕ੍ਰਮਚਾਰੀ ਵੀ ਘਰਾਂ ਨੂੰ ਜਾਣ ਦੀ ਉਡੀਕ
ਕਰ ਰਹੇ ਸਨ। ਦਿਨ ਚੜ੍ਹ ਗਿਆ ਕ੍ਰਫਿਊ ਵਿੱਚ ਕੁਝ ਢਿਲ ਹੋਣ ਤੇ
ਸਾਰੇ ਹੀ ਕਰਮਚਾਰੀ ਆਪਣੇ-2 ਘਰਾਂ ਨੂੰ ਚਲੇ ਗਏ ।
ਬੇਸ਼ੱਕ ਇੱਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਥੋੜ੍ਹੀ ਸੀ, ਪਰ ਫਿਰ ਵੀ
ਕਿਸੇ ਮਾੜੀ ਘਟਨਾ ਤੋਂ ਬਚਾਅ ਹੀ ਰਿਹਾ। ਮੈਂ ਜਦ ਘਰ ਪਹੁੰਚਿਆ ਤਾਂ ਘਰ ਵਾਲਿਆਂ
ਨੇ ਸੁੱਖ ਦਾ ਸਾਹ ਲਿਆ। ਪਿੰਡ ਦੇ ਦਰਬਾਰ ਸਾਹਿਬ ਬਾਰੇ ਲੋਕ ਖਬਰਾਂ ਸੁਣ ਕੇ ਬਹੁਤ
ਦੁਖੀ ਹੋਏ ਜਾਪ ਰਹੇ ਸਨ, ਬੇਬੇ ਦੀਆਂ ਅੱਖਾਂ ਅਕਾਲ ਤਖਤ ਤੇ ਫੌਜਾਂ ਦੀ ਤੋਪਾਂ
ਡਾਹ ਕੇ ਢਹਿ ਢੇਰੀ ਹੋਣ ਦੀਆਂ ਖਬਰਾਂ ਸੁਣ ਕੇ ਹੰਝੂਆਂ ਨੂੰ ਰੋਕ ਨਹੀਂ ਸਕੀਆਂ।
ਬਾਪੂ ਦੇ ਮੂਹੋਂ ਵਾਰ ਵਾਹਿਗੁਰੂ ਵਾਹਿਗੁਰੂ ਆਪ ਮੁਹਾਰੇ ਹੀ ਨਿਕਲੀ ਜਾ ਰਿਹਾ ਸੀ।
ਸਾਰੇ ਪਿੰਡ ਦੇ ਲੋਕ ਇੱਸ ਸਰਕਾਰੀ ਜਬਰੋ ਜ਼ੁਲਮ ਦੀਆਂ ਖਬਰਾਂ ਜੋ ਕਿਸੇ ਨਾ ਕਿਸੇ
ਤਰ੍ਹਾਂ ਉਨ੍ਹਾਂ ਪਾਸ ਪਹੁੰਚ ਰਹੀਆਂ ਸਨ ਸੁਣ ਕੇ ਦੁਖੀ ਹੋ ਰਹੇ ਸਨ। ਮੇਰੇ ਪਿੰਡ
ਵਿੱਚ ਹਰ ਜਾਤੀ ਦੇ ਲੋਕਾਂ ਦੀ ਵੱਸੋਂ ਸੀ ਬਹੁਤੀ ਗਿਣਤੀ ਸਿੱਖਾਂ ਦੀ ਸੀ, ਪਰ
ਸਾਰੇ ਹੀ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਸਨ। ਬੇਸ਼ੱਕ ਟੀ ਵੀ ਚੈਨਲਾਂ
ਤੇ ਅਸਲ ਤੱਥ ਨੂੰ ਲੁਕਾ ਕੇ ਖਬਰਾਂ ਨਸ਼ਰ ਹੋ ਰਹੀਆਂ ਸਨ। ਦੇਸ਼ ਦੇ ਰਾਸ਼ਟਰਪਤੀ
ਵੱਲੋਂ ਵੀ ਕੁੱਝ ਗੋਲ ਮੋਲ ਜਿਹੇ ਸੰਦੇਸ਼ ਦੇਸ਼ ਦੇ ਨਾਮ ਦਿੱਤੇ ਜਾ ਰਹੇ ਸਨ ।
ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਸਿੱਖ ਧਰਮ ਦੀ ਆਣ ਤੇ ਸ਼ਾਨ ਅਤੇ
ਜਾਨੋਂ ਵੱਧ ਪਿਆਰੇ ਹਰਿਮੰਦਰ ਦੀ ਦੁਰਦਸ਼ਾ ਅਤੇ ਬੇਅਦਬੀ ਵੇਖ ਕੇ ਸਾਰਾ ਸਿੱਖ ਜਗਤ
ਲਹੂ ਦੇ ਹੰਝੂ ਵਹਾਉਂਦਾ ਤ੍ਰਾਸ-2 ਕਰ ਰਿਹਾ ਸੀ, ਕਈ ਸਿੱਖ ਫੋਜੀ ਵੀ ਅਪਣੇ ਜਾਨੋਂ
ਵੱਧ ਪਿਆਰੇ ਅਕਾਲ ਤਖਤ ਅਤੇ ਹਰਮੰਦਰ ਸਾਹਿਬ ਦੀ ਦੇਸ਼ ਦੀ ਆਪਣੀ ਹੀ ਫੌਜ ਨਾਲ ਹੋਈ
ਬਰਬਾਦੀ ਤੇ ਬੇ ਹੁਰਮਤੀ ਅਤੇ ਵਹਿਸ਼ੀ ਪੁਣੇ ਨੂੰ ਨਾ ਸਹਾਰਦੇ ਹੋਏ ਆਪਣੀਆਂ
ਨੌਕਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀਆਂ ਬੈਰਕਾਂ ਛੱਡ ਕੇ ਜਾਨਾਂ ਤਲੀ ਤੇ
ਰੱਖ ਕੇ ਦਰਬਾਰ ਸਾਹਿਬ ਦੀ ਸਲਾਮਤੀ ਲਈ ਉੱਸ ਵੱਲ ਦੌੜੇ ਆਏ ਰਸਤੇ ਵਿੱਚ ਹੀ ਫੜ ਕੇ
ਜੇਲ੍ਹਾਂ ਵਿੱਚ ਡੱਕ ਦਿੱਤੇ ਗਏ। ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਅਕਾਲ ਤਖਤ ਅਤੇ
ਜਾਨੋਂ ਵੱਧ ਪਿਆਰੇ ਹਰਮੰਦਰ ਸਾਹਿਬ ਲਈ ਕਿੰਨੀ ਕੁਰਬਾਨੀ ਕਰਨੀ ਪਈ ਇਹ ਵੀ ਦੁਨੀਆ
ਭਰ ਲਈ ਇੱਕ ਮਿਸਾਲ ਹੈ।
ਕੁੱਝ ਦਿਨਾਂ ਪਿੱਛੋਂ ਮੈਂ ਤੇ ਮੇਰੇ ਦਫਤਰ ਵਿੱਚ ਮੇਰੇ ਨਾਲ ਕੰਮ ਕਰਦਾ
ਕਰਮਚਾਰੀ ਜੋ ਮੇਰੇ ਪਿੰਡ ਦਾ ਰਹਿਣ ਵਾਲਾ ਹੀ ਮੈਨੂੰ ਕਹਿਣ ਲੱਗਾ ਚਲੋ ਦਰਬਾਰ
ਸਾਹਿਬ ਦਰਸ਼ਨ ਕਰਨ ਚੱਲੀਏ । ਅਸਾਂ ਦੋਹਾਂ ਨੇ ਸ੍ਰੀ ਦਰਬਾਰ ਸਾਹਿਬ ਜਾਣ ਦਾ
ਪ੍ਰੋਗ੍ਰਾਮ ਬਨਾਇਆ। ਜਾ ਕੇ ਵੇਖਿਆ ਕਿ ਦਰਸ਼ਨੀ ਡਿਓੜ੍ਹੀ ਵਾਲੇ ਪਾਸੇ ਕੁੱਝ ਸਿੱਖ
ਫੌਜੀ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰ ਰਹੇ ਸਨ। ਪਰ ਇਨ੍ਹਾਂ ਫੌਜੀਆਂ ਤੋਂ
ਜਲ ਛਕਣ ਤੋਂ ਬਿਨਾਂ ਹੀ ਉਨ੍ਹਾਂ ਵਾਲ ਘੂਰ-2 ਕੇ ਵੇਖਦੇ ਅੱਗੇ ਜਾ ਰਹੇ ਸਨ।
ਦਰਬਾਰ ਸਾਹਿਬ ਦੀਆਂ ਪ੍ਰਿਕਰਮਾਂ ਕਰਕੇ ਜਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ
ਬਾਹਰ ਆਏ ਤਾਂ ਤਾਂ ਸ਼ਰਧਾਲੂਆਂ ਦੇ ਮੂੰਹਾਂ ਤੇ ਪਹਿਲਾਂ ਵਾਲੀ ਰੌਣਕ ਦੀ ਥਾਂ ਇੱਕ
ਘੋਰ ਉਦਾਸੀ ਤੇ ਅਫਸੋਸ ਸਾਫ ਵੇਖੀ ਜਾ ਸਕਦੀ ਸੀ। ਦਰਬਾਰ ਸਾਹਿਬ ਦੇ ਅੰਦਰ ਤੇ ਹੋਰ
ਕਈ ਥਾਂਵਾਂ ਤੇ ਗੋਲੀਆਂ ਦੇ ਨਿਸ਼ਾਨ ਸਾਫ ਨਜ਼ਰ ਆਉਂਦੇ ਸਨ। ਅਕਾਲ ਤਖਤ ਦੀ ਮੁੜ
ਉਸਾਰੀ ਦੀ ਕਾਰ ਸੇਵਾ ਚਲ ਵੀ ਰਹੀ ਸੀ। ਪ੍ਰਿਕਰਮਾ ਵਿੱਚ ਜਿੱਥੇਂ ਕੜ੍ਹਾ ਪ੍ਰਸ਼ਾਦ
ਕਰਾਉਣ ਲਈ ਪਰਚੀਆਂ ਮਿਲਦੀਆਂ ਸਨ ਉੱਸ ਅਸਥਾਨ ਦੇ ਨਾਲ ਹੀ ਪ੍ਰਿਕ੍ਰਮਾ ਵਿੱਚ ਦਮ
ਦਮੀ ਟਕਸਾਲ ਦੇ ਕਾਰਜ ਕਾਰੀ ਮੁਖੀ ਬਾਬਾ ਠਾਕਰ ਸਿੰਘ ਅਕਾਲ ਤਖਤ ਦੀ ਮੁੜ ਉਸਾਰੀ
ਜਾ ਰਹੀ ਬਿਲਡਿੰਗ ਦੀ ਕਾਰ ਸੇਵਾ ਲਈ ਪ੍ਰਿਕਰਮਾ ਵਿੱਚ ਚੌਕੜਾ ਮਾਰ
ਕੇ ਕਾਰ ਸੇਵਾ ਦੀ ਮਾਇਆ ਇਕੱਤ੍ਰ ਕਰਨ ਲਈ ਬੈਠੇ ਹੋਏ ਸਨ। ਨਾਲ ਇੱਕ ਸਿੰਘ ਵੀ
ਉਨ੍ਹਾਂ ਦੇ ਨਾਲ ਬੈਠਾ ਗੁਰਬਾਣੀ ਦਾ ਪਾਠ ਕਰ ਰਿਹਾ ਸੀ। ਸੰਗਤ ਦਾ ਇੱਸ ਕਾਰ ਸੇਵਾ
ਵਿੱਚ ਹਿੱਸਾ ਪਾਉਣ ਦਾ ਨਜ਼ਾਰਾ ਵੀ ਵੇਖਣ ਯੋਗ ਸੀ। ਸਿਰਫ ਮਾਇਆ ਹੀ ਨਹੀਂ ਬਹੁਤ
ਸਾਰੇ ਸ਼ਰਧਾਲੂ ਮਾਈ ਭਾਈ ਬੀਬੀਆਂ ਆਪਣੇ ਗਹਿਣੇ ਵੀ ਕਾਰ ਸੇਵਾ ਵਾਲੇ ਰੱਖੇ ਹੋਏ
ਟੋਕਰੇ ਵਿੱਚ ਪਾਈ ਜਾ ਰਹੇ ਸਨ। ਅਸੀਂ ਦੋਵੇਂ ਅਕਾਲ ਤਖਤ ਸਾਹਿਬ ਦੀ ਮੁੜ ਤਿਆਰ
ਹੁੰਦੀ ਬਿਲਡਿੰਗ ਤੇ ਗਏ ਤੇ ਫਰਸ਼ ਤਿਆਰ ਕਰਨ ਲਈ ਕੁੱਟੀ ਜਾ ਰਹੀ
ਰੋੜੀ ਵਿੱਚ ਕੁੱਝ ਚਿਰ ਇੱਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾ ਕੇ ਫਿਰ ਸਿੱਖ
ਰੈਫ੍ਰੈਂਸ ਲਾਇਬ੍ਰੇਰੀ ਤੇ ਅਜਾਇਬ ਘਰ ਵੇਖਣ ਲਈ ਵੀ ਗਏ ।
ਲਾਇਬ੍ਰੇਰੀ ਦੀਆਂ ਪਉੜੀਆਂ ਚੜ੍ਹਦੇ ਹੋਏ ਵੀ ਕਈ ਥਾਂਵਾਂ ਤੇ ਗੋਲੀਆਂ
ਦੇ ਨਿਸ਼ਾਨ ਵੀ ਵੇਖੇ ਅੰਦਰ ਜਾ ਕੇ ਵੇਖਿਆ ਕਿ ਬਹੁਤ ਸਾਰਾ ਪਹਿਲੇ ਵਾਂਗ ਹੀ ਰੱਖਣ
ਦਾ ਯਤਨ ਤਾਂ ਕੀਤਾ ਗਿਆ ਸੀ। ਪਰ ਬਹੁਤ ਕੁੱਝ ਅੱਗੇ ਨਾਲੋਂ ਫਰਕ ਵੇਖਣ ਵਿੱਚ ਸਾਫ
ਨਜ਼ਰ ਆ ਰਿਹਾ ਸੀ । ਬਹੁਤ ਸਾਰੀਆਂ ਪੁਰਾਤਨ ਇਤਹਾਸਕ ਦਸਤਾਵੇਜ਼ਾ ਅਤੇ ਹੋਰ ਕਈ
ਯਾਦਗਾਰੀ ਦੁਰਲੱਭ ਚੀਜ਼ਾਂ ਵਸਤਾਂ ਇੱਸ ਕ੍ਰੂਰ ਜਾਲਮਾਨਾ ਕਾਰਵਾਈ ਦੀ ਭੇਟ ਚੜ੍ਹ
ਚੁਕੀਆਂ ਸਨ। ਆਖਰ ਲੰਗਰ ਛਕ ਕੇ ਬੜੇ ਹੀ ਉਦਾਸ ਮਨਾਂ ਨਾਲ ਵਾਪਸ ਪਰਤੇ , ਘਰ ਆਕੇ
ਕਈ ਦਿਨ ਇਹ ਸੀਨ ਬਾਰ-2 ਅੱਖਾਂ ਸਾਮ੍ਹਨੇ ਆਉਂਦਾ ਰਿਹਾ। ਕਈ ਬੇ
ਦੋਸ਼ੇ ਲੋਕ ਮੌਕੇ ਦੀ ਸਰਕਾਰ ਦੀ ਇੱਸ ਘਿਨਾਉਣੀ ਕਾਰਵਾਈ ਦੀ ਭੇਟ ਚੜ੍ਹ ਗਏ ।
ਦਫਤਰ ਆਉਣ ਜਾਣ ਵੇਲੇ ਸ਼ਨਾਖਤੀ ਕਾਰਡ ਜਾਰੀ ਹੋ ਚੁਕੇ ਸਨ ਕਿਉਂ ਜੋ ਪੈਰ ਤੇ
ਚੈਕਿੰਗ ਹੁੰਦੀ ਸੀ ਘਰੋਂ ਦਫਤਰ ਲਈ ਕੁੱਝ ਪਹਿਲਾਂ ਹੀ ਨਿਕਲਦਾ ਪੈਂਦਾ
ਸੀ । ਪੈਰ 2 ਤੇ ਸੀ ਆਰ ਪੀ ਦੇ ਪਹਿਰੇ ਲੱਗੇ ਹੋਏ ਸਨ ਇੱਸ ਸਮੇਂ
ਦੀਆ ਕਈ ਵੇਖੀਆਂ ਸੁਣੀਆਂ ਤੇ ਆਪਣੇ ਨਾਲ ਹੋਈ ਬੀਤੀਆਂ ਕਈ ਘਟਨਾਂਵਾਂ ਦਾ ਵਿਸਥਾਰ
ਕਰਨਾ ਬਹੁਤ ਲੰਮਾ ਸਮਾ ਮੰਗਦਾ ਹੈ। ਪੰਜਾਬ ਦੇ ਇੱਸ ਸਮੇਂ ਦੇ ਕਾਲੇ ਦੌਰ ਦੀਆਂ
ਘਟਨਾਂਵਾਂ ਜਦ ਚੇਤੇ ਆਉਂਦੀਆਂ ਹਨ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਹਨ ।
ਇਹ ਜ਼ਖਮ ਰਿਸਦੇ ਰਹਿਣਗੇ, ਭਰਦੇ ਤੇ ਫਿਸਦੇ ਰਹਿਣਗੇ.
ਜਦ ਤੀਕ ਉਸ ਸਮੇਂ ਦੇ, ਕੁੱਝ ਅਕਸ ਦਿੱਸਦੇ ਰਹਿਣ ਗੇ ।
ਜੋ ਦੇ ਗਏ ਸ਼ਹਾਦਤਾਂ , ਸਿਖੀ ਦੀ ਸ਼ਾਨ ਬਦਲੇ ,
ਉੱਸ ਖੂਨ ਦੇ ਕਸੀਦੇ , ਕਈ ਕਵੀ ਲਿਖਦੇ ਰਹਿਣਗੇ ।
ਰਵੇਲ ਸਿੰਘ +3272382827 |