WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ


  

10 ਦਸੰਬਰ 1948 ਨੂੰ ਯੂਨਾਈਟਿਡ ਨੇਸ਼ਨਜ਼  ਨੇ ਅੰਤਰਰਾਸ਼ਟਰੀ ਪੱਧਰ ਉੱਤੇ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਬਿੱਲ ਬਣਾ ਕੇ ਨੇ ਨੀਂਹ ਪੱਥਰ ਰੱਖਣ ਦਾ ਕੰਮ ਕੀਤਾ। ਇਸ ਵਿਚ ਪੂਰੀ ਦੁਨੀਆਂ ਵਿਚਲੇ ਹਰ ਮਨੁੱਖ ਦਾ ਸੱਭਿਆਚਾਰ, ਉਸਦੀ ਰੱਖਿਆ, ਇੱਜ਼ਤ, ਮਾਣ, ਸਵੈਮਾਨ, ਰੋਜ਼ੀ ਰੋਟੀ ਆਦਿ ਦਾ ਖ਼ਿਆਲ ਰੱਖਣ ਦੀ ਗੱਲ ਕੀਤੀ ਗਈ ਕਿ ਜਦੋਂ ਵੀ ਕਿਸੇ ਥਾਂ, ਕਿਸੇ ਦੇ ਹੱਕ ਖੋਹੇ ਜਾਣਗੇ ਤਾਂ ਅੰਤਰਰਾਸ਼ਟਰੀ ਪੱਧਰ ਉੱਤੇ ਗੱਲ ਚੁੱਕ ਕੇ ਉਸ ਨੂੰ ਨਿਆਂ ਦਿਵਾਇਆ ਜਾਵੇਗਾ। ਰਾਸ਼ਟਰੀ ਪੱਧਰ ਉੱਤੇ ਵੀ ਹਰ ਮੁਲਕ ਵਿਚ ਇਸ ਬਾਰੇ ਕਾਨੂੰਨ ਲਾਗੂ ਕਰਨ ਦੀ ਗੱਲ ਕੀਤੀ ਗਈ।

ਮਕਸਦ ਇਹ ਸੀ ਕਿ ਜੇ ਕਿਸੇ ਦੇ ਮਨੁੱਖੀ ਅਧਿਕਾਰਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਹੋਵੇ, ਭਾਵੇਂ ਉਹ ਜੰਗ ਵਿਚਲੇ ਬੰਦੀ ਹੋਣ ਜਾਂ ਧਾਰਮਿਕ ਕੱਟੜਤਾ ਦੇ ਸ਼ਿਕਾਰ ਹੋਏ ਹੋਣ, ਜੇ ਉਨਾਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਕੋਈ ਮੁਲਕ ਆਪਣਾ ਰੋਲ ਅਦਾ ਕਰਨ ਵਿਚ ਫੇਲ ਹੋ ਜਾਂਦਾ ਹੈ ਤਾਂ ਘੱਟੋ-ਘੱਟ ਅੰਤਰਰਾਸ਼ਟਰੀ ਪੱਧਰ ਉੱਤੇ ਗੁਹਾਰ ਲਾਉਣ ਨਾਲ ਉਸਦੇ ਹੱਕਾਂ ਦੀ ਰਾਖੀ ਦੇ ਜਤਨ ਆਰੰਭੇ ਜਾਣ!

ਇਹ ਕਾਨੂੰਨ ਬੱਚਿਆਂ, ਔਰਤਾਂ, ਬਜ਼ੁਰਗਾਂ ਤੇ ਅੰਗਹੀਣਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਰਾਖੀ ਕਰਨ ਲਈ ਵਚਨਬੱਧ ਹੈ।

ਅੱਜ ਦੀ ਗ਼ੱਲ ਕਰਨ ਤੋਂ ਪਹਿਲਾਂ ਆਓ ਕੁੱਝ ਪਿਛੋਕੜ ਵਿਚ ਝਾਤ ਮਾਰੀਏ ਕਿ ਕੀ ਸੰਨ 1948 ਤੋਂ ਪਹਿਲਾਂ ਵੀ ਕਿਸੇ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਬਾਰੇ ਅਵਾਜ਼ ਚੁੱਕੀ ਸੀ?

ਇਤਿਹਾਸ ਵਿਚ ‘ਮਰਦ-ਏ-ਕਾਮਿਲ’ ਦਾ ਜ਼ਿਕਰ ਮਿਲਦਾ ਹੈ! ਬਾਬਰ ਦੇ ਅਤਿ ਦੇ ਜ਼ੁਲਮ ਵੇਖਦੇ ਹੋਏ, ਇਨਸਾਨੀਅਤ ਦੇ ਹਕ ਵਿਚ ਨੰਗੇ ਧੜ ਆਵਾਜ਼ ਚੁੱਕਦੇ ਹੋਏ ਉਸ ਸਮੇਂ ਦੇ ਤਾਕਤਵਰ ਹੁਕਮਰਾਨ ਨੂੰ ‘ਜਾਬਰ’ ਤੱਕ ਕਹਿ ਦੇਣਾ ਆਪਣੇ ਆਪ ਇਕ ਵਿਲੱਖਣ ਕਦਮ ਹੈ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਚੁੱਕੀ ‘ਲਗਭਗ’ ਪਹਿਲੀ ਨਿਧੜਕ ਬੁਲੰਦ ਆਵਾਜ਼! ਮਨੁੱਖਤਾ ਦੇ ਭਲੇ ਵਾਸਤੇ ਗੂੰਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਵਿਚਲੀ ਵਿਚਾਰਧਾਰਾ ਤੇ ਸੱਚਾਈ, ਮਨੁੱਖੀ ਹੱਕਾਂ ਦੀ ਰਾਖੀ ਵਾਲੇ ਧਰਮ ਦੀ ਨੀਂਹ ਰੱਖ ਗਈ।

ਇਸ ਨੀਂਹ ਵਿਚ ਇੱਟ ਨਾਲ ਇੱਟ ਜੁੜਦੀ ਗਈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਇਸੇ ਕੜੀ ਦਾ ਹਿੱਸਾ ਸੀ। ਕਿਸੇ ਵੀ ਮਨੁੱਖ ਦੇ ਧਰਮ ਦੀ ਸੁਤੰਤਰਤਾ ਤੇ ਉਸ ਦੇ ਹੱਕਾਂ ਨੂੰ ਮਿੱਝਣਾ ਗੁਰੂ ਸਾਹਿਬ ਨੂੰ ਮਨਜ਼ੂਰ ਨਹੀਂ ਸੀ। ਉਨਾਂ ਦੀ ਸੋਚ ਤੋਂ ਸਪਸ਼ਟ ਹੁੰਦਾ ਹੈ ਕਿ ਭਾਵੇਂ ਹਿੰਦੂ, ਮੁਸਲਮਾਨ ਜਾਂ ਈਸਾਈ, ਕਿਸੇ ਵੀ ਧਰਮ ਦੇ ਬੰਦੇ ਉੱਤੇ ਸੰਕਟ ਪਿਆ ਹੁੰਦਾ, ਗੁਰੂ ਸਾਹਿਬ ਦੀ ਉੱਚ ਪੱਧਰੀ ਸੋਚ ਅਨੁਸਾਰ ਉਸ ਸਮੇਂ ਗੁਰੂ ਸਾਹਿਬ ਦੂਜੇ ਧਰਮ ਦੇ ਲੋਕਾਂ ਲਈ ਵੀ ਡਟ ਕੇ ਖਲੋਣ ਲਈ ਤਿਆਰ ਸਨ। ਵਿਚਾਰਧਾਰਕ ਵਿਰੋਧੀਆਂ ਦੇ ਹੱਕਾਂ ਦੀ ਰਾਖੀ ਕਰਦਿਆਂ ਜੋ ਮਿਸਾਲ ਆਪਾ ਵਾਰ ਕੇ ਗੁਰੂ ਸਾਹਿਬ ਨੇ ਸਮੂਹ ਲੋਕਾਈ ਅੱਗੇ ਰੱਖੀ, ਉਸਤੋਂ ਏਨੀ ਕੁ ਗੱਲ ਤਾਂ ਮਨੁੱਖੀ ਹੱਕਾਂ ਦੇ ਹਿਤੈਸ਼ੀਆਂ ਦੀ ਸਮਝ ਵਿਚ ਆ ਹੀ ਜਾਂਦੀ ਹੈ।

ਇਹ ਕੁਰਬਾਨੀ ਆਪਣੇ ਆਪ ਵਿਚ ਇਕ ਵਿਲੱਖਣ ਮਿਸਾਲ ਇਸ ਲਈ ਵੀ ਹੈ ਕਿ ਲੜ ਮਰਨ ਦਾ ਹੋਕਾ ਦਿੰਦਿਆਂ ਹਮੇਸ਼ਾ ਹੋਰਨਾਂ ਨੂੰ ਉਕਸਾ ਕੇ ਨਾਲ ਜਾਂ ਅੱਗੇ ਲਾ ਦਿੱਤਾ ਜਾਂਦਾ ਹੈ। ਇਹੋ ਇੱਕੋ ਇਕ ਮਿਸਾਲ ਹੈ, ਸਮੂਹ ਧਰਮਾਂ ਵਿਚਲੀਆਂ ਉਦਾਹਰਣਾਂ ਵਿੱਚੋਂ, ਜਿੱਥੇ ਕਿਸੇ ਹੋਰ ਧਰਮ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਿਸੇ ਦੂਜੇ ਧਰਮ ਦੇ ਗੁਰੂ ਨੇ ਆਪ ਅੱਗੇ ਲੱਗ ਕੇ ਆਪਣੀ ਜਾਨ ਵਾਰ ਦਿੱਤੀ ਹੋਵੇ ਤੇ ਉਹ ਵੀ ਸ਼ਾਂਤਮਈ ਵਿਰੋਧ ਜਤਾ ਕੇ!

ਜ਼ੁਲਮ ਦਾ ਬਦਲਾ ਜ਼ੁਲਮ ਜਾਂ ਦੜ ਵਟ ਕੇ ਸਹਿਣਾ ਜਾਂ ਖ਼ੁਦਕੁਸ਼ੀ ਕਰ ਜਾਣਾ ਨਹੀਂ ਹੁੰਦਾ, ਬਲਕਿ ਆਪਣੇ ਹਿੱਤਾਂ ਤੋਂ ਉਤਾਂਹ ਉੱਠ ਕੇ ਟਾਕਰਾ ਕਰਨ ਦੀ ਲੋੜ ਹੁੰਦੀ ਹੈ। ਜਿਹੋ ਜਿਹੀ ਕਾਬਲੀਅਤ ਦੀ ਮਿਸਾਲ ਗੁਰੂ ਸਾਹਿਬ ਸਭ ਅੱਗੇ ਬਣੇ, ਉਹੋ ਜਿਹੀ ਨਾ ਕਦੇ ਪਹਿਲਾਂ ਵੇਖਣ ਨੂੰ ਮਿਲੀ ਸੀ ਤੇ ਨਾ ਹੀ ਅੱਗੋਂ ਕਦੇ ਮਿਲਣ ਦੀ ਆਸ ਹੈ। ਅੱਜ ਦੇ ਦਿਨ ਤਾਂ ਰਤਾ ਮਾਸਾ ਔਖਾ ਸਮਾਂ ਝੱਲਣਾ ਵੀ ਕਿਸੇ ਨੂੰ ਬਰਦਾਸ਼ਤ ਨਹੀਂ ਤੇ ਝਟਪਟ ਖ਼ੁਦਕੁਸ਼ੀ ਕਰ ਕੇ ਕੰਮ ਤਮਾਮ ਕਰ ਲਿਆ ਜਾਂਦਾ ਹੈ।

ਪਰ, ਸੋਚਣ ਦੀ ਗ਼ੱਲ ਇਹ ਹੈ ਕਿ ਕੀ ਏਨੀ ਵੱਡੀ ਕੁਰਬਾਨੀ ਦੀ ਮਿਸਾਲ ਹੋਣ ਦੇ ਬਾਅਦ ਮਨੁੱਖੀ ਹੱਕਾਂ ਦਾ ਘਾਣ ਹੋਣਾ ਬੰਦ ਹੋ ਚੁੱਕਿਆ ਹੈ? ਕੀ ਅੰਤਰਰਾਸ਼ਟਰੀ ਪੱਧਰ ਉੱਤੇ ਜਦੋਂ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਹੈ ਤਾਂ ਪਹਿਲੇ ਨੰਬਰ ਉੱਤੇ ਇਹ ਮਿਸਾਲਾਂ ਨਹੀਂ ਆਉਣੀਆਂ ਚਾਹੀਦੀਆਂ?

ਦੁਨੀਆਂ ਭਰ ਵਿਚ ਅੱਜ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਪਿਆ ਹੈ ਤੇ ਉਸ ਵਿਰੁੱਧ ਆਵਾਜ਼ਾਂ ਵੀ ਸਮੇਂ-ਸਮੇਂ ਸਿਰ ਉਠਦੀਆਂ ਰਹਿੰਦੀਆਂ ਹਨ।

ਮੈਂ ਅੱਜ ਗੱਲ ਕਰਨ ਲੱਗੀ ਹਾਂ, ਉਨਾਂ ਦੇ ਮਨੁੱਖੀ ਅਧਿਕਾਰਾਂ ਦੀ ਜਿਨਾਂ ਨੂੰ ਹਾਲੇ ਮਨੁੱਖ ਹੋਣ ਦਾ ਦਰਜਾ ਵੀ ਨਸੀਬ ਨਹੀਂ ਹੋਇਆ ਤਾਂ ਫੇਰ ਉਨਾਂ ਦੇ ਅਧਿਕਾਰਾਂ ਬਾਰੇ ਕੌਣ ਚਿੰਤਿਤ ਹੋ ਸਕਦਾ ਹੈ?

ਇਹ ਅਧਿਕਾਰ ਵਿਹੂਣੇ ਹਨ- ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਬੱਚੇ ਤੇ ਉਨਾਂ ਦੀਆਂ ਵਹੁਟੀਆਂ ਅਤੇ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕੇ, ਘਰ ਬਾਰ ਵੇਚ ਚੁੱਕਿਆਂ ਦੇ ਟੱਬਰ!

ਸਾਡਾ ਸਮਾਜ ਅਜਿਹੀ ਨਿਵਾਣ ਤਕ ਪਹੁੰਚ ਚੁੱਕਿਆ ਹੈ ਜਿੱਥੇ ਔਰਤ ਦੀ ਪਤ ਲੁੱਟ ਕੇ ਆਪਣੀ ਹਉਮੈ ਨੂੰ ਪੱਠੇ ਪਾਉਣਾ ਇਕ ਆਮ ਜਿਹੀ ਘਟਨਾ ਬਣ ਕੇ ਰਹਿ ਗਈ ਹੈ। ਅਜਿਹੀ ਹਾਲਤ ਵਿਚ ਉਹ ਔਰਤ ਜਿਸ ਦਾ ਪਤੀ ਕਰਜ਼ੇ ਨਾ ਲਾਹ ਸਕਣ ਕਾਰਨ ਖ਼ੁਕਕੁਸ਼ੀ ਕਰ ਗਿਆ ਹੋਵੇ, ਘਰ ਬਾਰ ਗਿਰਵੀ ਹੋਵੇ ਜਾਂ ਵਿਕ ਚੁੱਕਿਆ ਹੋਵੇ, ਦੋ ਵੇਲੇ ਦੀ ਰੋਟੀ ਦਾ ਕੋਈ ਜੁਗਾੜ ਨਾ ਹੋਵੇ, ਜਵਾਨ ਧੀ ਨਾਲ ਹੋਵੇ ਤਾਂ ਅਜਿਹੀਆਂ ਮਜਬੂਰ ਔਰਤਾਂ ਨਾਲ ਸਾਡਾ ਸਮਾਜ ਕੀ ਵਤੀਰਾ ਕਰਦਾ ਹੈ, ਇਸ ਵਿਚ ਕੋਈ ਦੋ ਰਾਇ ਨਹੀਂ!

ਪੱਤ ਲੁਹਾ ਕੇ ਢਿੱਡ ਭਰਨ, ਭੈੜੀਆਂ ਨਜ਼ਰਾਂ ਤੇ ਟਿੱਚਰਾਂ ਦਾ ਸ਼ਿਕਾਰ ਬਣਨ ਜਾਂ ਗਿੱਦੜਾਂ ਤੇ ਗਿਰਝਾਂ ਕੋਲੋਂ ਨੋਚੇ ਜਾਣ ਤੋਂ ਬਚਣ ਲਈ ਕੀ ਅਜਿਹੀਆਂ ਲਾਚਾਰ ਔਰਤਾਂ ਆਪ ਵੀ ਖ਼ੁਦਕੁਸ਼ੀ ਕਰ ਜਾਣ! ਆਖ਼ਰ ਕੀ ਰਸਤਾ ਛੱਡਿਆ ਹੈ ਉਨਾਂ ਬੇਕਸੂਰਾਂ ਲਈ? ਕੀ ਸਮਾਜ ਵਿਚ ਕਿਸੇ ਕੋਲ ਇਨਾਂ ਬਾਰੇ ਸੋਚਣ ਦੀ ਵਿਹਲ ਹੈ?

ਨਸ਼ਿਆਂ ਦੀ ਦਲਦਲ ਵਿਚ ਧਸ ਕੇ, ਘਰ ਬਾਰ ਵੇਚ ਕੇ, ਇੱਥੋਂ ਤਕ ਕਿ ਆਪਣੀਆਂ ਧੀਆਂ ਵੀ ਵੇਚ ਕੇ, ਜੋ ਸੜਕਾਂ ਕਿਨਾਰੇ, ਨਾਲੀਆ ਵਿਚ ਮੂਧੇ ਪਏ ਜਾਂ ਹਸਪਤਾਲਾਂ ਵਿਚ ਏਡਜ਼  ਦਾ ਸ਼ਿਕਾਰ ਹੋਏ ਆਖ਼ਰੀ ਸਾਹਾਂ ਗਿਣ ਰਹੇ ਹਨ, ਉਨਾਂ ਦੀਆਂ ਲਾਚਾਰ ਪਤਨੀਆਂ ਨੂੰ ਕੀ ਸਮਾਜ ਸਿਰਾਂ ਉੱਤੇ ਬਿਠਾ ਰਿਹਾ ਹੈ?

ਕਿਸੇ ਨੂੰ ਚਿੰਤਾ ਹੈ ਕਿ ਉਨਾਂ ਦਾ ਉਜਾੜਾ ਕਿਵੇਂ ਹੋ ਰਿਹਾ ਹੈ? ਉਹ ਬੇਸਹਾਰਾ ਕਿਸ ਤਰਾਂ ਦਾ ਨਰਕ ਭੁਗਤ ਕੇ ਰੋਜ਼ੀ ਰੋਟੀ ਦਾ ਜੁਗਾੜ ਕਰ ਰਹੀਆਂ ਹਨ? ਉਨਾਂ ਦੀਆਂ ਵਿਕ ਚੁੱਕੀਆਂ ਨਾਬਾਲਗ ਧੀਆਂ ਦੀ ਕੋਈ ਆਵਾਜ਼ ਬਣਿਆ ਹੈ?

ਮੈਨੂੰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਉਸ ਥਾਂ ਉੱਤੇ ਲਾਚਾਰ ਬਣਾਈਆਂ ਜਾ ਚੁੱਕੀਆਂ ਔਰਤਾਂ ਦੇ ਮਨੁੱਖੀ ਹੱਕਾਂ ਦੇ ਘਾਣ ਦੀ ਗ਼ੱਲ ਕਰ ਰਹੀ ਹਾਂ, ਜਿੱਥੇ ਮਨੁੱਖਾਂ ਨਾਲੋਂ ਵੱਧ ਤਰਜੀਹ ਬੱਸਾਂ ਨੂੰ ਦਿੱਤੀ ਜਾਣ ਲੱਗ ਪਈ ਹੈ। ਲਗਭਗ ਰੋਜ਼ ਦੀ ਹੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਹ ਚੱਲਦਿਆਂ ਨੂੰ ਰਸੂਖਵਾਨਾਂ ਦੀਆਂ ਘਾਤਕ ਬੱਸਾਂ ਦਰੜ ਕੇ ਲੰਘ ਜਾਂਦੀਆਂ ਹਨ ਤੇ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਲਾਸ਼ ਬਣ ਜਾਣ ਤੋਂ ਪਹਿਲਾਂ ਹਸਪਤਾਲਾਂ ਵਿਚ ਪਹੁੰਚਾਉਣ ਨਾਲੋਂ ਘਾਤਕ ਬੱਸਾਂ ਦੀ ਸੁਰੱਖਿਆ ਵੱਲ ਵੱਧ ਧਿਆਨ ਦਿੱਤਾ ਜਾਣ ਲੱਗ ਪਿਆ ਹੈ ਜਿਸ ਨਾਲ ਰਸੂਖਵਾਨਾਂ ਦੀ ਹਊਮੈ ਤੇ ਹੈਂਕੜ ਨੂੰ ਪੱਠੇ ਪੈਂਦੇ ਰਹਿੰਦੇ ਹਨ।

ਉਹ ਧਰਤੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਬੇਮਿਸਾਲ ਨੀਂਹ ਧਰੀ ਗਈ ਹੋਵੇ ਤੇ ਜਿੱਥੇ ਹੁਣ ਜਾਨਵਰਾਂ ਦੇ ਅਧਿਕਾਰਾਂ ਬਾਰੇ ਗੱਜ ਵੱਜ ਕੇ ਐਲਾਨ ਕੀਤੇ ਜਾ ਰਹੇ ਹੋਣ, ਅਵਾਰਾ ਕੁੱਤੇ ਮਾਰਨ ਉੱਤੇ ਵੀ ਪਾਬੰਦੀਆਂ ਲੱਗ ਚੁੱਕੀਆਂ ਹੋਣ ਭਾਵੇਂ ਉਹ ਰੋਜ਼ ਅਨੇਕ ਲੋਕਾਂ ਨੂੰ ਵੱਢਦੇ ਫਿਰ ਰਹੇ ਹੋਣ, ਉੱਥੇ ਜਾਨ ਨਾਲੋਂ ਸਮਾਨ ਦੀ ਸੁਰੱਖਿਆ ਬਾਰੇ ਵੱਧ ਚਿੰਤਾ ਕੀਤੀ ਜਾ ਰਹੀ ਹੋਵੇ ਤਾਂ ਕੀ ਇਹ ਸ਼ਰਮਨਾਕ ਗੱਲ ਨਹੀਂ ਹੈ?

ਬੁਢੇਪਾ ਘਰ ਤਾਂ ਬਥੇਰੇ ਬਣ ਰਹੇ ਹਨ, ਜੋ ਸੁੱਟੇ ਜਾਂ ਕੱਢੇ ਜਾ ਚੁੱਕੇ ਬਜ਼ੁਰਗ ਸਾਂਭ ਰਹੇ ਹਨ, ਪਰ ਉਨਾਂ ਔਰਤਾਂ ਤੇ ਬੱਚਿਆਂ ਦੀ ਰਾਖੀ ਲਈ ਕੀ ਪ੍ਰਬੰਧ ਹੋਏ ਹਨ, ਜਿਨਾਂ ਨੂੰ ਆਪਣਿਆਂ ਨੇ ਹੀ ਸੜਕਾਂ ਉ¤ਤੇ ਰੁਲਣ ਤੇ ਧੱਕੇ ਖਾਣ ਲਈ ਮਜ਼ਬੂਰ ਕਰ ਦਿੱਤਾ ਹੈ?

ਕੀ ਰੱਜੀਆਂ ਪੁੱਜੀਆਂ ਧਾਰਮਿਕ ਸੰਸਥਾਵਾਂ ਦੇ ਗੱਦੀਧਾਰੀ ਸਦਾ ਆਪਣੇ ਢਿੱਡ ਹੀ ਭਰੀ ਜਾਣਗੇ ਜਾਂ ਇਨਾਂ ਦੀ ਰਾਖੀ ਲਈ ਕੋਈ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਚੁੱਕਣ ਬਾਰੇ ਵੀ ਕਦੇ ਸੋਚਣਗੇ? ਮੋਟੀਆਂ ਕੰਧਾਂ ਵਾਲੇ ਏ.ਸੀ  ਕਮਰਿਆਂ ਅੰਦਰ ਆਪਣੀਆਂ ਦੇਹਾਂ ਨੂੰ ਨਰਮ ਗੱਦਿਆਂ ਦੇ ਹਿਲੌਰਿਆਂ ਵਿਚ ਹੂਟੇ ਲੈਂਦੇ ਹੋਏ ਆਪਣੀ ਜ਼ਮੀਰ ਨੂੰ ਹੁਕਮਰਾਨਾਂ ਅੱਗੇ ਗਿਰਵੀ ਰੱਖਣ ਵਾਲਿਆਂ ਨੂੰ ਕੀ ਪਤਾ ਕਿ ਮਾਛੀਵਾੜੇ ਦੇ ਜੰਗਲਾਂ ਵਿਚ ਨੰਗੇ ਪੈਰ ਕੌਮ ਦਾ ਦਰਦ ਮਨ ਵਿਚ ਵਸਾਉਣ ਵਾਲੇ ਨੇ ਕੌਮ ਲਈ ਕਿਹੋ ਜਿਹੇ ਸੁਫ਼ਨੇ ਸੰਜੋਏ ਸਨ ਤੇ ਉਸ ਲਈ ਪੂਰਾ ਟੱਬਰ ਕੁਰਬਾਨ ਕਿਉਂ ਕਰ ਛੱਡਿਆ ਸੀ! ਉਸੇ ਗੁਰੂ ਦਾ ਨਾਂ ਵਰਤ ਕੇ,  ਕਰੋੜਾਂ ਰੁਪੈ ਇਕੱਠੇ ਕਰ ਕੇ ਸਿਰਫ਼ ਆਪਣੀਆਂ ਤਨਖਾਹਾਂ, ਚਾਹ ਪਾਣੀਆਂ ਤੇ ਪੈਟਰੋਲਾਂ ਦੇ ਖ਼ਰਚੇ ਤਕ ਹੀ ਸੋਚ ਸੀਮਤ ਰਖ ਲੈਣੀ, ਕੀ ਵਾਜਬ ਗਿਣੀ ਜਾਣੀ ਚਾਹੀਦੀ ਹੈ?

ਕੀ ਗੁਰੂ ਸਾਹਿਬਾਨ ਇਹ ਸਹੀ ਮੰਨ ਲੈਣਗੇ ਕਿ ਮੇਰੇ ਗੁਰਦੁਆਰੇ ਦੇ ਚੁਫ਼ੇਰੇ ਸੋਨੇ ਦੀਆਂ ਪਰਤਾਂ ਜ਼ਰੂਰ ਚੜਾਈਆਂ ਜਾਂਦੀਆਂ ਰਹਿਣ ਤੇ ਦੂਜੇ ਪਾਸੇ ਮੇਰੇ ਲੋੜਵੰਦ ਪੁੱਤਰ ਧੀਆਂ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਣ ਜਾਂ ਦੋ ਵੇਲੇ ਦੀ ਰੋਟੀ ਨੂੰ ਤਰਸਦਿਆਂ ਸਰੀਰ ਨੁਚਵਾਉਣ?

ਜਾਗਰੂਕ ਲੋਕਾਂ ਦੀ ਆਵਾਜ਼ ਬਹੁਤ ਮਾਅਨੇ ਰੱਖਦੀ ਹੈ ਤੇ ਮਨੁੱਖੀ ਹੱਕਾਂ ਦੇ ਘਾਣ ਕਰਨ ਵਾਲਿਆਂ ਨੂੰ ਹਲੂਣਾ ਦੇ ਕੇ ਜਗਾਉਣ ਵਿਚ ਹਮੇਸ਼ਾ ਸਹਾਈ ਹੋਈ ਹੈ। ਹੁਣ ਵੀ ਵੇਲਾ ਜੇ ਦੜ ਵੱਟ ਕੇ ਬਹਿਣ ਨਾਲੋਂ ਗੁਰੂ ਸਾਹਿਬ ਦੀ ਸੋਚ ਅਨੁਸਾਰ ਆਵਾਜ਼ ਬੁਲੰਦ ਕਰੀਏ ਤੇ ਉਨਾਂ ਦੇ ਨਾਂ ਉੱਤੇ ਲੁੱਟਣ ਵਾਲਿਆਂ ਦੀ ਜ਼ਮੀਰ ਜਗਾ, ਕੌਮ ਵਿਚਲੇ ਤਿਲ-ਤਿਲ ਮਰਨ ਵਾਲਿਆਂ ਦੀ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਵਾਈਏ।

ਗੁਰੂ ਸਾਹਿਬ ਦੀ ਸੋਚ ਇਹ ਨਹੀਂ ਸੀ ਕਿ ਰੱਜਿਆਂ ਨੂੰ ਰਜਾਈ ਜਾਓ, ਬਲਕਿ ਲੋੜਵੰਦਾਂ ਲਈ ਲੰਗਰ ਲਾ ਕੇ, ਇੱਕੋ ਪੰਗਤ ਵਿਚ ਬਹਿ, ਊਚ-ਨੀਚ ਖ਼ਤਮ ਕਰਨ ਦੀ ਸੀ। ਅਸੀਂ ਰਾਜਾ ਪਰਜਾ ਦੇ ਇਹੋ ਜਿਹੇ ਸੰਗਲਾਂ ਵਿਚ ਫਸਾਏ ਜਾ ਚੁੱਕੇ ਹਾਂ ਜਿਸ ਵਿਚ ਧਰਮ ਵਿਚਲੀ ਸੱਚੀ ਸੁੱਚੀ ਸੋਚ ਦਰੜੀ ਜਾ ਚੁੱਕੀ ਹੈ।

ਹਾਲੇ ਵੀ ਵੇਲਾ ਜੇ! ਆਪਣੀ ਬੇਦਾਵਾ ਦੇ ਰਹੀ ਸੋਚ ਨੂੰ ਸਹੀ ਰਾਹ ਪਾ ਕੇ, ਲੋੜਵੰਦਾਂ ਦੇ ਨਿਚੋੜੇ ਜਾ ਰਹੇ ਲਹੂ ਤੇ ਕਰਜ਼ਿਆਂ ਥੱਲੇ ਨਪੀੜੀਆਂ ਜਾ ਰਹੀਆਂ ਗਰਦਨਾਂ ਨੂੰ ਬਚਾ ਲਈਏ।

ਕਦੇ ਤਾਂ ਜਾਗਦੇ ਹੋਣ ਦਾ ਸਬੂਤ ਦੇਈਏ ਤੇ ਲਹੂ ਚੂਸਣ ਵਾਲੀਆਂ ਜੋਕਾਂ ਨੂੰ ਪੈਰਾਂ ਥੱਲੇ ਮਿੱਝ ਕੇ ਗੁਰੂ ਸਾਹਿਬ ਦੀ ਸੋਚ ਉੱਤੇ ਚੱਲਣ ਵਾਲੇ ਸੱਚੇ ਸਿਪਾਹੀ ਬਣ ਕੇ ਵਿਖਾਈਏ।

ਆਓ ਇਕ ਵਾਰ ਫਿਰ ਲੋੜਵੰਦਾਂ ਦੇ ਮਨੁੱਖੀ ਅਧਿਕਾਰਾਂ ਲਈ ਰਲ ਮਿਲ ਆਵਾਜ਼ ਬੁਲੰਦ ਕਰੀਏ!

ਜਦੋਂ ਤਕ ਹੁਕਮਰਾਨ ਕੋਈ ਠੋਸ ਉਪਰਾਲੇ ਕਰ ਕੇ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਬਾਰੇ ਕਿਸੇ ਨਤੀਜੇ ਉੱਤੇ ਨਹੀਂ ਅੱਪੜਦੇ, ਉਦੋਂ ਤਕ ਘੱਟੋ-ਘਟ ਇਨਾਂ ਲੋੜਵੰਦ ਔਰਤਾਂ ਤੇ ਬੱਚਿਆਂ ਲਈ ਸਹਾਰਾ ਘਰਾਂ ਦਾ ਇੰਤਜ਼ਾਮ ਤਾਂ ਕਰ ਦੇਈਏ! ਰੱਬ ਖ਼ੈਰ ਕਰੇ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
 

31/01/2016

  ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com