ਮੈਂ ਇਸ ਤਰ੍ਹਾਂ ਚਿੱਤਰ ਵਾਹੁੰਦਾ ਹਾਂ - ਜਿਵੇਂ ਕਿ ਇੱਕ ਸੁਪਨਾ ਹੋਵੇ!
- ਵੈਨ ਗੋਗ੍ਹ
ਮੈਂ ਮਰ ਕੇ ਵੀ ਜੀਊਣਾ ਚਾਹੁੰਦੀ ਹਾਂ। - ਲੇਖਕ ਐਨ ਫਰੈਂਕ
ਬਹੁਤੇ ਮਾਪੇ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ! - ਓਟੋ
ਫਰੈਂਕ (ਐਨ ਫਰੈਂਕ ਦੇ ਪਿਤਾ)
ਪ੍ਰੋਜੇਕਟ ਖ਼ੁਸ਼ੀ - ਸਰੀਰਾਂ ਦੇ ਸੰਸਾਰ ਦਾ ਪ੍ਰਦਰਸ਼ਨ (Body Worlds
Exhibition) - 20 ਮਿੰਟ ਰੋਜ਼ ਸੈਰ ਕਰੋ!
ਪਿਛਲੀਆਂ ਗਰਮੀਆਂ ਵਿੱਚ ਮੈਨੂੰ ਕੰਮ ਦੇ ਸਿਲਸਿਲੇ ਵਿੱਚ ਐਮਸਟਰਡੈਮ (ਹੌਲੈਂਡ
) ਜਾਣ ਦਾ ਮੌਕਾ ਮਿਲਿਆ ਅਤੇ ਮੈਂ ਯੂਰਪ ਦਾ ਇੱਕ ਖੂਬਸੂਰਤ ਸ਼ਹਿਰ ਵੇਖਿਆ ਜੋ ਕਿ
ਬਹੁਤ ਹੀ ਸਲੀਕੇ ਨਾਲ ਸੰਭਾਲਿਆ ਹੋਇਆ ਹੈ, ਜਿਹੜਾ ਬਹੁਤ ਹੀ ਸਾਫ਼ ਸੁਥਰਾ ਹੈ, ਜਿਸ
ਦੇ ਅੰਦਰ ਨਹਿਰਾਂ ਦਾ ਇਕ ਤਰਾਂ ਦਾ ਜਾਲ ਵਿਛਿਆ ਹੋਇਆ ਹੈ, ਜਿਥੋਂ ਦੇ ਅਜਾਇਬਘਰ,
ਕੌਫੀ ਹਾਊਸ, ਬੱਸਾਂ, ਟਰਾਮਾਂ ਅਤੇ ਰੇਲ ਯਾਤਾਯਾਤ ਸਾਧਨ, ਪੋਣ-ਚੱਕੀਆਂ ਸੰਸਾਰ
ਪ੍ਰਸਿੱਧ ਹਨ! ਮੇਰੇ ਵਾਸਤੇ ਇਹ ਬਹੁਤ ਹੀ ਮਨ ਭਾਵੁਕ ਅਨੁਭਵ ਸੀ! ਖਾਸ ਤੋਰ ਤੇ ਇਸ
ਕਰਕੇ ਕਿਓਂਕਿ ਇਹ ਸ਼ਹਿਰ ਮੇਰੇ ਪ੍ਰੇਰਣਸ੍ਰੋਤ ਚਿੱਤਰਕਾਰ ਵੈਨਗੋਗ ਅਤੇ ਲੇਖਕ ਐਨ
ਫਰੈਕ ਦਾ ਸ਼ਹਿਰ ਹੈ! ਇਥੋਂ ਦੇ ਸੰਸਾਰ ਪ੍ਰਸਿੱਧ ਅਤੇ ਮਸ਼ਹੂਰ ਅਜਾਇਬ ਘਰ, ਯਾਤਰੀਆਂ
ਨੂੰ ਆਪਣੇ ਵੱਲ੍ਹ ਆਕਰਸ਼ਿਤ ਕਰਦੇ ਹਨ – ਸਭ ਤੋਂ ਮਸ਼ਹੂਰ ਵੈਨਗੋਗ ਮਿਊਜ਼ੀਅਮ ਅਤੇ ਐਨ
ਫਰੈਂਕ ਦਾ ਘਰ ਹੈ! ਜਿਹਨਾਂ ਨੂੰ ਵੇਖਣ ਵਾਸਤੇ ਹਰ ਵਕਤ ਕਿਲੋਮੀਟਰ ਤੋਂ ਵੀ
ਲੰਮੀਆਂ ਕਤਾਰਾਂ ਲਗੀਆਂ ਰਹਿੰਦੀਆਂ ਹਨ, ਅਤੇ ਦੋ-ਤਿੰਨ ਘੰਟੇ ਦਾ ਇੰਤਜ਼ਾਰ ਕਰਨਾ
ਪੈਂਦਾ ਹੈ - ਪਰ ਇੰਟਰਨੈਟ ਤੇ ਟਿਕਟ ਖਰੀਦਣ ਨਾਲ ਬਹੁਤ ਸਮਾਂ ਵਚ ਜਾਂਦਾ ਹੈ !
ਸ਼ਹਿਰ ਦਾ ਮੋਟੋ "ਮੈਂ ਐਮਸਟਰਡਮ" (Iamsterdam) ਹੈ, ਜਿਸਨੂੰ ਵੇਖ ਕੇ ਇਸ ਸ਼ਹਿਰ
ਦਾ ਕਲਾਂ ਨਾਲ ਸੰਬੰਧ ਪ੍ਰੱਤਖ ਨਜ਼ਰ ਆਉਂਦਾ ਹੈ!
ਇਹ ਸ਼ਹਿਰ ਯੋਰਪ ਦਾ ਇਕ ਮਹਾਨ ਯਾਤਾਯਾਤ ਦਾ ਆਕਰਸ਼ਣ ਅਤੇ ਵਾਤਾਵਰਣ ਦੀ ਸੁਰਖਿੱਆ
ਅਤੇ ਸੰਭਾਲ ਨੂੰ ਪ੍ਰਮੁੱਖ ਰੱਖਦੇ ਵਪਾਰ ਦਾ ਕੇਂਦਰ ਹੋਣ ਦਾ ਮਾਣ ਮਹਿਸੂਸ ਕਰਦਾ
ਹੈ! ਇੱਥੋਂ ਦੇ ਲੋਕ ਵੱਖ ਵੱਖ ਜਾਤਾਂ ਅਤੇ ਧਰਮਾਂ ਦੇ ਹੋਣ ਕਰਕੇ ਵੀ ਅਮਨ ਪਸੰਦ
ਅਤੇ ਸੈਕੂਲਰ ਹਨ!
ਮੇਰੇ ਕੋਲ ਘੁੰਮਣ – ਫਿਰਨ ਵਾਸਤੇ ਸਿਰਫ ਦੋ ਦਿਨ ਹੀ ਸਨ! ਸ਼ੁਕਰਵਾਰ ਸ਼ਾਮ ਨੂੰ
ਅਸੀਂ ਰੇਲ ਗਡੀ ਦੇ ਰਾਹੀਂ ਸ਼ਹਿਰ ਦੇ ਸੈਂਟਰਲ ਸਟੇਸ਼ਨ ਪਹੁੰਚੇ, ਜੋ ਕਿ ਸਤਾਰਵੀਂ
ਸਦੀ ਦਾ ਬਣਿਆ ਹੋਇਆ, ਆਪਣੇ ਆਪ ਵਿਚ ਇੱਕ ਇਤਿਹਾਸਕ ਸਥਾਨ ਹੈ! ਸਟੇਸ਼ਨ ਤੋਂ ਬਾਹਰ
ਨਿੱਕਲਦਿਆਂ, ਫੈਲਿਆ ਹੋਇਆ ਸ਼ਹਿਰ ਵਿਖਾਈ ਦਿੰਦਾ ਹੈ, ਜੋ ਕਿ ਆਧੁਨਿਕ ਡੱਚ ਭਵਨ
ਨਿਰਮਾਣ ਕਲਾ ਦਾ ਮੁਜੱਸਮਾ ਹੈ, ਆਪਦਾ ਸਵਾਗਤ ਕਰਦਾ ਹੈ! ਆਲੇ ਦੁਆਲੇ ਨਜ਼ਰ
ਫੇਰਦਿਆਂ ਹੀ – ਸੱਜੇ ਪਾਸੇ ਵਿਕਟੋਰੀਆ ਹੋਟਲ, ਵਿਚਕਾਰ ਕੇਂਦਰੀ ਨਹਿਰ ਅਤੇ ਟਰਾਮ
ਲਾਈਨ, ਸਾਇਕਲਾਂ ਲਈ ਅਲੱਗ ਸੜਕ, ਮੁੱਖ ਸੜਕ ਅਤੇ ਖੱਬੇ ਪਾਸੇ ਪੁਰਾਣਾ ਚਰਚ ਨਜ਼ਰ
ਆਉਂਦਾ ਹੈ! ਹਰ ਪਾਸੇ ਸਾਇਕਲ ਹੀ ਸਾਇਕਲ ਵਿਖਾਈ ਦਿੰਦੇ ਨੇ – ਲੋਕਾਂ ਵਾਸਤੇ ਜੋ
ਯਾਤਾਯਾਤ ਦਾ ਮੁੱਖ ਅਤੇ ਮਨਪਸੰਦ ਸਾਧਨ ਹੈ – ਕਿਉਂਕਿ ਉਹ ਆਪਣੇ ਸ਼ਹਿਰ ਨੂੰ
ਪ੍ਰਦੂਸ਼ਣ ਤੋਂ ਮੁਕਤ ਰਖਣਾ ਚਾਹੁੰਦੇ ਨੇ! ਇੱਕ ਜਗ੍ਹਾ ਹਜ਼ਾਰਾਂ ਹੀ ਸਾਇਕਲ ਖੜੇ
ਹੋਏ ਸਨ – ਅਤੇ ਮਨ ਇਹ ਸੋਚਣ ਲਗਦਾ ਹੈ ਕਿ ਸਾਇਕਲ ਦਾ ਮਾਲਕ ਜਦੋਂ ਵਾਪਸ ਆਪਣਾ
ਸਾਇਕਲ ਲੈਣ ਆਉਂਦਾ ਹੁੰਦਾ ਹੋਵੇਗਾ ਤਾਂ ਉਹ ਹਜ਼ਾਰਾਂ ਸਾਇਕਲਾਂ ਵਿਚੋਂ ਆਪਣਾ
ਸਾਇਕਲ ਕਿਵੇਂ ਲੱਭਦਾ ਹੋਏਗਾ?
ਅਸੀਂ ਨਹਿਰਾਂ ਦਾ ਜਾਲ ਅਤੇ ਉਹਨਾਂ ਦੇ ਅੰਦਰ ਭਿੰਨ-ਭਿੰਨ ਤਰ੍ਹਾਂ ਦੇ ਅਤੇ
ਰੰਗਬਰੰਗੇ ਖੂਬਸੂਰਤ ਸ਼ਿਕਾਰੇ (ਬੋਟ ਹਾਊਸ, Boat
Houses), ਕਿਨਾਰੇ ਉੱਸਰੇ ਛੋਟੇ-ਵੱਡੇ ਇੱਕ ਕਤਾਰ ਵਿਚ ਉਸਾਰੇ ਹੋਏ ਦਿਲ-ਖਿੱਚਵੇਂ
ਮਕਾਨ ਦੇਖਦੇ ਹੋਏ ਪੂਰੇ ਡਾਊਨ-ਟਾਊਨ ਦਾ ਚੱਕਰ ਲਗਾਇਆ ਅਤੇ ਨਹਿਰ ਦੇ ਕਿਨਾਰੇ
ਬਾਹਰ ਖੁੱਲ੍ਹੀ ਫਿਜ਼ਾ ਦੇ ਵਿਚ ਬੈਠਕੇ ਬਹੁਤ ਹੀ ਸਵਾਦੀ ਇਟਾਲੀਅਨ ਖਾਣੇ ਦਾ ਅਨੰਦ
ਮਾਣਿਆ! ਸਾਇਕਲ ਤੇ ਜਾਂਦੇ ਹੋਏ ਲੋਕਾਂ ਦਾ ਸਾਇਕਲ ਚਲਾਉਣ ਦਾ ਅਭਿਆਸ ਦੇਖਕੇ ਬਹੁਤ
ਹੈਰਾਨੀ ਹੋ ਰਹੀ ਸੀ – ਕਿਸ ਤਰ੍ਹਾਂ ਉਹ ਤੇਜ਼ੀ ਨਾਲ ਸਾਇਕਲ ਚਲਾਉਂਦੇ ਹੋਏ,
ਰਾਹਗੀਰਾਂ ਦੀ ਭੀੜ ਵਿਚੋਂ ਬੜੀ ਸਫ਼ਾਈ ਨਾਲ ਨਿੱਕਲ ਰਹੇ ਸਨ ! ਮੈਂ ਕਿਤੇ ਵੀ ਕੋਈ
ਸਾਇਕਲ ਵਾਲਾ ਡਿਗਦਾ ਨਹੀਂ ਵੇਖਿਆ ! ਸਾਇਕਲ ਵੀ ਬੜੇ ਅਲੱਗ – ਅਲੱਗ ਤਰੀਕੇ ਦੇ ਸਨ
– ਕੈਰੀਅਰ ਅਤੇ ਬਿਨਾ ਕੈਰੀਅਰ ਤੋਂ, ਤਿੰਨ ਪਹੀਆਂ ਵਾਲੇ ਅਤੇ ਟੋਕਰੀਆਂ ਵਾਲੇ।
ਟੋਕਰੀਆਂ ਵਾਲੇ ਸਾਇਕਲ ਬਹੁਤ ਸੋਹਣੇ ਸਨ (ਟੋਕਰੀਆਂ ਹਿੰਦੁਸਤਾਨ ਦੇ ਸਾਇਕਲਾਂ ਤੋਂ
ਅਲੱਗ ਕਿਸਮ ਦੀਆਂ ਸਨ)। ਮੋਪਡਾਂ ਅਤੇ ਸਕੂਟਰ ਵੀ ਨਜ਼ਰ ਆ ਰਹੇ ਸਨ! ਇੰਨੇ ਅਲੱਗ
ਕਿਸਮ ਦੇ ਸਾਇਕਲ ਵੇਖ ਕੇ ਮਨ ਬਹੁਤ ਪ੍ਰਸੰਨ ਹੋਇਆ ਅਤੇ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ
ਗੱਲ ਦੀ ਹੋਈ ਕਿ ਕਿੰਝ ਉਹ ਸ਼ਹਿਰ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾ ਰਹੇ ਹਨ!
ਅਗਲੀ ਸਵੇਰ, ਸ਼ਨੀਵਾਰ ਨੂੰ, ਅਸੀਂ ਟਰਾਮ ਲੈ ਕੇ ਮਿਊਜ਼ੀਅਮ ਚੌਰਾਹੇ ਤੇ ਪਹੁੰਚੇ
- ਜਿਥੇ ਹਰ ਤਰ੍ਹਾਂ ਦੇ ਮਿਊਜ਼ਿਅਮ ਹਨ! ਰਾਈਕ ਮਿਊਜ਼ੀਅਮ (ਜੋ ਕੇ ਸਟੇਟ ਮਿਊਜ਼ੀਅਮ
ਹੈ ਅਤੇ ਸੰਸਾਰ ਦੇ ਸਭ ਤੋ ਵਡੇ ਅਜਾਇਬ ਘਰਾਂ ਵਿੱਚੋਂ ਇੱਕ ਹੈ), ਵਿੱਚ ਮੱਧ-ਕਾਲ
ਤੋਂ ਲੈ ਕੇ ਆਧੁਨਿਕ ਯੁਗ ਦੀਆਂ ਕਲਾਕ੍ਰਿਤਾਂ ਸੁਸ਼ੋਭਿਤ ਹਨ! ਜਿਨ੍ਹਾਂ ਵਿੱਚੋਂ
ਵਰਮੀਰ (ਦੋਧਣ ਪੇਂਟਿਂਗ - The Milkmaid), ਸਟੀਨ (ਖ਼ੁਸ਼ ਪਰਿਵਾਰ - The Merry
Family), ਰੈਮਬਰਾਂਟ (ਇਕ ਜੋੜੀ ਦੀ ਤਸਵੀਰ - Portrait of a Couple), ਵੈਨ
ਗੋਗ (ਸਵੈ-ਚਿਤਰ) ਆਦਿ! ਪਰ ਇਹਨਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਹੋਰ
ਬਹੁਤ ਸ਼ਾਹਕਾਰ ਜਾਂ ਮਾਸਟਰਪੀਸ ਹਨ! ਅਜਾਇਬਘਰ ਦੇ ਵਿਚ ੧੮੮੫ ਈ ਵਿਚ ਬਣੀ ਹੋਈ ਇਕ
ਵਿਸ਼ਾਲ ਲਾਇਬ੍ਰੇਰੀ ਵੀ ਹੈ, ੪੫,੦੦੦ ਤੋਂ ਵਧ ਸੰਭਾਲੀਆਂ ਹੋਈਆਂ ਕਿਤਾਬਾਂ ਦੇਖ ਕੇ
ਦਰਸ਼ਕ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਇੱਕ ਸੈਕਸ਼ਨ ਹਿੰਦੁਸਤਾਨ ਵਾਰੇ ਵੀ
ਹੈ, ਜਿੱਥੇ ਹਿੰਦੁਸਤਾਨ ਦੇ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਵੀ ਪੇਸ਼ ਹਨ! ਕਲਾਕਾਰ
ਸੁਬੋਧ ਗੁਪਤਾ ਦੁਆਰਾ ਬਣਾਇਆ ਪਿੱਤਲ ਦਾ ਪੂਰੇ ਅਕਾਰ ਦਾ ਪ੍ਰਿਆ ਸਕੂਟਰ ਮੈਨੂੰ
ਬਹੁਤ ਹੀ ਆਕਰਸ਼ਕ ਲਗਿਆ, ਜਿਸਨੂੰ ਵੇਖ ਕੇ ਬਚਪਨ ਦੀ ਤੇ ਆਪਣੇ ਸਕੂਟਰ ਦੀ ਯਾਦ
ਤਾਜ਼ਾ ਹੋ ਗਈ! ਅਸੀਂ ਸਵੈ-ਸੇਧ ਦੇਣ ਵਾਲਾ ਰਿਕਾਰਡ ਹੋਇਆ (Self-guided) ਟੂਰ
ਲਿਆ ਜੋ ਕੇ ਦਰਸ਼ਕ ਨੂੰ ਅਜਾਇਬਘਰ ਦੇ ਹਰੇਕ ਕਮਰੇ ਵਿੱਚ ਜਾਣ ਲਈ ਰਸਤਾ ਦੱਸਦਾ ਹੈ
ਅਤੇ ਉਸ ਕਮਰੇ ਦੀਆਂ ਮੁੱਖ ਕਲਾਕ੍ਰਿਤਾਂ ਵਾਰੇ ਜਾਣਕਾਰੀ ਦਿਂੰਦਾ ਹੈ! ਉਹ ਟੂਰ
ਬਹੁਤ ਹੀ ਵਿਲੱਖਣ ਅਤੇ ਜਾਣਕਾਰੀ ਭਰਪੂਰ ਸੀ!
ਥੱਕੇ ਹੋਏ, ਪਰ ਚੜ੍ਹਦੀ ਕਲਾ ਵਿੱਚ, ਅਸੀਂ ਗੁੰਤਰ ਵੈਨ ਹੇਗਨ ਦੁਆਰਾ 'ਸਰੀਰਾਂ
ਦੇ ਸੰਸਾਰ' ਨਾਂ ਦੀ ਪ੍ਰਦਰਸ਼ਨੀ ਦੇਖਣ ਲਈ ਪਹੁੰਚੇ! ਮਰਨ ਉਪਰੰਤ ਲੋਕਾਂ ਦੁਆਰਾ
ਦਾਨ ਕੀਤੇ ਹੋਏ, ਮਿਰਤਕ ਸਰੀਰਾਂ ਨੂੰ ਪਲਾਸਟੀਨੇਸ਼ਨ (Plastination) ਤਕਨੀਕ ਦੇ
ਨਾਲ ਸਜਾ ਕੇ ਮਨੁੱਖੀ ਸਰੀਰਾਂ ਦਾ ਅਦਭੁਤ ਸੰਸਾਰ ਸਿਰਜਿਆ ਗਿਆ ਹੈ, ਜਿਸਨੂੰ
'ਪ੍ਰੋਜੈਕਟ ਖ਼ੁਸ਼ੀ' ਦਾ ਨਾਮ ਦਿਤਾ ਗਿਆ ਹੈ - ਜਿਸ ਵਿੱਚ ਮਨੁੱਖੀ ਸਰੀਰਾਂ ਅਤੇ
ਜੀਊਣ ਦੇ ਸੰਬੰਧ ਨੂੰ ਬੜੇ ਹੀ ਖੂਬਸੂਰਤ ਅਤੇ ਅਨੋਖੇ ਤਰੀਕੇ ਨਾਲ ਦਰਸਾਇਆ ਗਿਆ
ਹੈ, ਜਿਸ ਨੂੰ ਵੇਖ ਕੇ ਦਰਸ਼ਕ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ! ਛੇ
ਮੰਜਲਾਂ ਵਾਲ਼ੀ ਪ੍ਰਦਰਸ਼ਨੀ ਵਿੱਚ – ਸਭ ਤੋਂ ਉਪਰਲੀ ਮੰਜ਼ਿਲ ਤੇ ਦਿਮਾਗ ਤੋਂ ਸ਼ੁਰੂ
ਹੋ ਕੇ ਮਨੁੱਖੀ ਸਰੀਰ ਦੇ ਭਿੰਨ ਭਿੰਨ ਅੰਗ ਸਜਾ ਕੇ ਉਹਨਾਂ ਵਾਰੇ ਵਿਸਥਾਰ ਪੂਰਵਕ
ਦੱਸਿਆ ਗਿਆ ਹੈ! ਹਰ ਇਕ ਸਰੀਰਕ ਅੰਗ ਨਾਲ ਜੁੜੀ ਹੋਈ ਇੱਕ ਕਹਾਣੀ, ਤੱਥਾਂ ਅਤੇ
ਜੀਵਨ ਦੀ ਸਚਿਆਈ ਨੂੰ ਰੋਚਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ! ਮਨੁੱਖੀ ਸਰੀਰ ਬਾਰੇ
ਜਾਣਕਾਰੀ ਅਤੇ ਅਧਿਐਨ ਕਰਨ ਦਾ ਮੈਨੂੰ ਇਹ ਬਹੁਤ ਹੀ ਦਿਲਚਸਪ ਤਰੀਕਾ ਲੱਗਿਆ!
ਪ੍ਰਦਰਸ਼ਨੀ ਦਾ ਇਕ ਮੁੱਖ ਮੰਤਵ ਸਿਗਰਟ ਪੀਣ ਵਾਲ਼ਿਆਂ ਦੇ ਅਲੱਗ ਅਲੱਗ ਕਿਸਮ ਦੇ
ਫੇਫੜੇ ਅਤੇ ਹੋਰ ਅੰਗ ਪੇਸ਼ ਕਰਨਾ ਵੀ ਜਾਪਦਾ ਹੈ – ਸਿਗਰਟ ਪੀਣ ਵਾਲਿਆਂ ਦੇ ਕਾਲ਼ੇ
ਹੋ ਚੁਕੇ ਫੇਫੜੇ ਦੇਖ ਕੇ, ਕੋਈ ਵੀ ਸਮਝਦਾਰ ਮਨੁੱਖ ਸਿਗਰਟ ਪੀਣ ਬਾਰੇ ਸੋਚ ਵੀ
ਨਹੀਂ ਸਕਦਾ! ਉਹਨਾਂ ਫੇਫੜਿਆਂ ਦੀ ਦਸ਼ਾ ਦੇਖ ਕੇ ਦਰਸ਼ਕ ਦੀਆਂ ਅੱਖਾਂ ਖੁੱਲ੍ਹ
ਜਾਂਦੀਆਂ ਹਨ ਅਤੇ ਉਸਨੂੰ ਸਿਗਰਟ ਪੀਣ ਦੇ ਨੁਕਸਾਨ ਸਾਹਮਣੇ ਪ੍ਰਤੱਖ ਨਜ਼ਰ ਆਉਂਦੇ
ਹਨ! ਮੈਨੂੰ ਉਮੀਦ ਹੈ ਕਿ ਇਹ ਪ੍ਰਦਰਸ਼ਨੀ ਦੇਖ ਕੇ ਬਹੁਤ ਲੋਕ ਸਿਗਰਟਾਂ ਛੱਡਣ ਦਾ
ਪ੍ਰਣ ਕਰਦੇ ਹੋਣਗੇ! ਪ੍ਰਦਰਸ਼ਨੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਖਾਣ ਪੀਣ ਤੇ ਸਭ
ਤੋਂ ਜ਼ਿਆਦਾ ਖਰਚਾ ਕਿਹੜਾ ਦੇਸ਼ ਕਰਦਾ ਹੈ – ਜੋ ਕੇ ਬੇਸ਼ੱਕ ਅਮਰੀਕਾ ਹੈ! ਅਤੇ ਸਭ
ਤੋਂ ਘੱਟ ਖਰਚਾ ਹਿੰਦੁਸਤਾਨ ਵਿਚ ਹੁੰਦਾ ਹੈ ! ਯੂਰਪ, ਜਪਾਨ ਅਤੇ ਅਸਟ੍ਰੇਲੀਆ
ਵਿੱਚ ਵਿਚਾਲੇ ਆਉਂਦੇ ਹਨ! ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਹਿੰਦੁਸਤਾਨ ਵਿਚ
ਰਹਿਣੀ-ਬਹਿਣੀ ਬਹੁਤ ਅਸਾਨ ਹੈ!
ਅਗਲਾ ਦਿਨ (ਐਤਵਾਰ) ਬਹੁਤ ਹੀ ਮਹੱਤਵਪੂਰਨ ਸੀ ਕਿਉਂਕਿ ਅਸੀਂ ਐਨ ਫਰੈਂਕ
ਮਿਊਜ਼ੀਅਮ ਵੇਖਣ ਜਾਣਾ ਸੀ! ਪਰ ਉਸ ਤੋਂ ਪਹਿਲਾਂ ਮੈਂ ਉੱਥੋਂ ਦੇ ਸਥਾਨਕ ਗੁਰਦੁਆਰਾ
ਸਹਿਬ ਵਿਚ ਨਤਮਸਤਕ ਹੋਣ ਵਾਸਤੇ ਗਿਆ! ਪੰਜਾਬੀਆਂ ਨੇ ਹਰ ਦੇਸ ਵਿਚ ਮੱਲਾਂ ਮਾਰੀਆਂ
ਹੋਈਆਂ ਹਨ ਅਤੇ ਗੁਰੂਘਰ ਸਥਾਪਿਤ ਕੀਤੇ ਹੋਏ ਹਨ! ਹੌਲੈਂਡ ਵਿੱਚ ਵੀ ਨੌਂ
ਗੁਰਦੁਆਰਾ ਸਾਹਿਬ ਹਨ! ਹਿੰਦੁਸਤਾਨੀ ਭਾਈਚਾਰਾ ਵੀ ਬਹੁਤ ਹੈ – ਖਾਸ ਤੌਰ ਤੇ
ਕੰਪਿਊਟਰ ਸੌਫਟਵੇਅਰ ਇੰਜਨੀਅਰ, ਜਿਨਾਂ ਨੂੰ ਲੋਕ ਬੜੇ ਸਤਿਕਾਰ ਨਾਲ ਵੇਖਦੇ ਹਨ –
ਜਿਸ ਨਾਲ ਕਿਸੇ ਵੀ ਹਿੰਦੁਸਤਾਨੀ ਦਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ! ਲੋਕਲ
ਬੱਸਾਂ ਵਿਚ ਮੈਨੂੰ ਸਿੱਖ ਅਤੇ ਪੰਜਾਬੀ ਭਰਾ ਵੀ ਨਜ਼ਰ ਆਏ! ਇੱਕ ਫਾਸਟਫੂਡ
ਰੈਸਟੋਰੈਂਟ ਵਿੱਚ ਲਹਿੰਦੇ (ਪਾਕਿਸਤਾਨੀ) ਅਤੇ ਚੜ੍ਹਦੇ ਪੰਜਾਬ ਦੇ ਭਰਾ ਇਕਠੇ ਕੰਮ
ਕਰ ਰਹੇ ਸਨ! 'ਐਮਸਟੀਵਨ' ਸ਼ਹਿਰ ਵਿਚ ਹਿੰਦੁਸਤਾਨੀ ਲੋਕ ਬਹੁਤ ਹਨ ਅਤੇ ਉੱਥੋਂ ਦੀ
ਦੀਵਾਲੀ ਦਾ ਤਿਉਹਾਰ ਪੂਰੇ ਹੌਲੈਂਡ ਵਿਚ ਮਸ਼ਹੂਰ ਹੈ; ਜੋ ਕਿ ਸਥਾਨਕ ਲੋਕਾਂ ਲਈ
ਇੱਕ ਵੱਖਰਾ ਹੀ ਆਕਰਸ਼ਣ ਹੈ! ਹਿੰਦੁਸਤਾਨੀ ਕੰਪਨੀਆਂ ਅਤੇ ਇੰਜਨੀਅਰਾਂ ਦੀ ਮਦਦ
ਨਾਲ; ਐਮਸਟਰੈਡਮ ਕੰਪਿਉਟਰ ਵਾਤਾਵਰਣ ਅਤੇ ਹੋਰ ਖਿੱਤਿਆਂ ਵਿਚ ਬਹੁਤ ਤਰੱਕੀ ਕਰ
ਰਿਹਾ ਹੈ।
ਸ਼ਹਿਰ ਦੇ ਕੇਂਦਰੀ ਹਿੱਸੇ ਦਾ ਜੋਬਨ ਭਰਿਆ ਚਹਿਲ ਪਹਿਲ ਵਾਲ਼ਾ ਨਜ਼ਾਰਾ ਦੇਖਦੇ
ਹੋਏ, ਅਸੀਂ ਦੁਪਹਿਰ ਨੂੰ ਕਿਸ਼ਤੀ ਵਿੱਚ ਸੈਰ ਕਰਨ ਨਿੱਕਲੇ! ਐਮਸਟ੍ਰੈਡਮ ਵਿੱਚ ਹਰ
ਪਾਸੇ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ - ਜੋ ਕਿ ਸਭ ਤੋਂ ਪਹਿਲਾਂ ਸਤਾਰਵੀਂ ਸਦੀ
ਵਿੱਚ ਸੁਰੱਖਿਆ, ਪਾਣੀ ਦੇ ਪ੍ਰਬੰਧ ਤੇ ਵਸਤਾਂ ਦੀ ਢੋ-ਢੁਆਈ ਵਾਸਤੇ ਬਣਾਈਆਂ ਗਈਆਂ
ਸਨ। ਉਹਨਾਂ ਨਹਿਰਾਂ ਵਿੱਚ ਕਿਸ਼ਤੀ ਦੀ ਸੈਰ ਬਹੁਤ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ
ਹੁੰਦੀ ਹੈ! ਰੰਗ ਬਰੰਗੇ ਤਰ੍ਹਾਂ ਤਰ੍ਹਾਂ ਦੇ ਖੂਬਸੂਰਤ ਸ਼ਿਕਾਰੇ (Boat Houses)
ਅਤੇ ਸ਼ਹਿਰ ਦੀਆਂ ਹੋਰ ਮਹਤਵਪੂਰਨ ਤੇ ਦਿਲਚਸਪ ਜਗ੍ਹਾ ਵੇਖਣ ਨੂੰ ਮਿਲਦੀਆਂ ਹਨ।
ਉਸਤੋਂ ਬਾਅਦ ਅਸੀਂ ਐਨ ਫਰੈਂਕ ਦਾ ਘਰ ਵੇਖਣ ਗਏ, ਮੇਰੇ ਮਨ ਦੇ ਵਿੱਚ ਖ਼ੁਸ਼ੀ
ਭਰੀ ਪਰ ਅਜੀਬ ਜਿਹੀ ਲਹਿਰ ਉੱਠ ਰਹੀ ਸੀ। ਬਹੁਤ ਸਾਲ ਪਹਿਲਾਂ ਪੜ੍ਹੀ ਐਨ ਫਰੈਂਕ
ਦੀ ਡਾਇਰੀ ਦੀ ਯਾਦ ਤਾਜ਼ਾ ਹੋ ਰਹੀ ਸੀ। ਐਨ ਫਰੈਂਕ ਇੱਕ ਯਹੂਦੀ ਕੁੜੀ ਸੀ, ਜੋ
ਆਪਣੇ ਪਰਿਵਾਰ ਨਾਲ ਤਕਰੀਬਨ ਦੋ ਸਾਲ ਇਸ ਘਰ ਦੀ ਮਮਟੀ (attic ) ਵਿੱਚ, ਨਾਜ਼ੀ
ਸਰਕਾਰ ਤੋਂ ਬਚਦੀ ਹੋਈ, ਰਹੀ ਸੀ। ਪਰ ਅੰਤ ਨੂੰ ਉਹ ਸਭ ਫੜੇ ਗਏ ਅਤੇ ਮੌਤ ਦੇ
ਕੈਂਪ (concentration camps) ਵਿੱਚ ਕੈਦ ਕਰ ਦਿੱਤੇ ਗਏ, ਜਿੱਥੇ ਉਸਦੀ ਮੌਤ ਹੋ
ਗਈ। ਐਨ ਫਰੈਂਕ ਇੱਕ ਮਸ਼ਹੂਰ ਲੇਖਕ ਬਣਨਾ ਚਾਉਂਦੀ ਸੀ। ਉਹਨਾਂ ਦੋ ਸਾਲਾਂ ਦੌਰਾਨ
ਉਸਨੇ ਆਪਣੈ ਡਾਇਰੀ ਅਤੇ ਹੋਰ ਕਿਤਾਬਾਂ ਵੀ ਲਿਖੀਆਂ। ਉਸਦਾ ਪਿਤਾ ਓਟੋ ਫਰੈਂਕ ਹੀ
ਸਿਰਫ ਬਚ ਸਕਿਆ - ਜਦੋਂ ਉਸਨੂੰ ਆਪਣੀ ਧੀ ਦੀ ਡਾਇਰੀ ਮਿਲੀ ਤਾਂ ਉਸਨੇ ਉਸਨੂੰ
ਪ੍ਰਕਾਸ਼ਿਤ ਕਰਵਾਇਆ। ਮਰਨ ਉਪਰੰਤ, ਆਪਣੀ ਡਾਇਰੀ ਕਰਕੇ, ਉਹ ਰਾਤੋ-ਰਾਤ ਸੰਸਾਰ
ਪ੍ਰਸਿੱਧ ਲੇਖਕ ਬਣ ਗਈ!
ਉਹ ਘਰ ਸਿਰਫ ਘਰ ਹੀ ਨਹੀਂ ਇੱਕ ਅਜਿਹਾ ਅਜਾਇਬ ਘਰ ਹੈ ਜਿਸਦੀ ਆਪਣੀ ਇੱਕ
ਕਹਾਣੀ ਹੈ, ਜਿੱਥੇ ਜੋ ਕੁੱਝ ਵੀ ਵਾਪਰਿਆ, ਉਹ ਦਰਸ਼ਕ ਨੂੰ ਜ਼ਾਤੀ ਤੌਰ ਤੇ ਜਾਨਣ ਦਾ
ਮੌਕਾ ਮਿਲਦਾ ਹੈ। ਲੁਕਣ ਵਾਲਾ ਗੁਪਤ ਕਮਰਾ ਆਪਣੇ ਮੁੱਢਲੇ ਰੂਪ ਵਿੱਚ ਹੀ ਸੰਭਾਲਿਆ
ਗਿਆ ਹੈ - ਅਤੇ ਉਸਨੂੰ ਛਿਪਾਉਣ ਵਾਸਤੇ ਜੋ ਕਿਤਾਬਾਂ ਦੀ ਸ਼ੈਲਫ ਵਰਤੀ ਜਾਂਦੀ ਸੀ,
ਉਹ ਵੀ ਉੰਝ ਹੀ ਹੈ। ਉਸਦੀ ਅਸਲੀ ਡਾਇਰੀ ਅਤੇ ਹੋਰ ਯਾਦਗਾਰਾਂ ਵੀ ਪ੍ਰਦਰਸ਼ਿਤ
ਕੀਤੀਆਂ ਗਈਆਂ ਹਨ। ਐਨ ਫਰੈਂਕ ਅਤੇ ਹੋਰਾਂ ਦੀ ਕਹਾਣੀ ਉਸਦੀ ਡਾਇਰੀ ਵਿੱਚੋਂ ਲਈਆਂ
ਗਈਆਂ ਵੱਖ ਵੱਖ ਪੰਕਤੀਆਂ ਨਾਲ ਦਰਸਾਈ ਗਈ ਹੈ। ਅੰਤ ਵਿੱਚ ਐਨ ਫਰੈਂਕ ਦੇ ਜੀਵਨ
ਨੂੰ ਤੇ ਉਸ ਵਾਰੇ ਹੋਰ ਸਖਸ਼ੀਅਤਾਂ ਦੇ ਵਿਚਾਰ ਦਰਸਾਉਂਦੀ ਇੱਕ ਫ਼ਿਲਮ ਵੀ ਦਿਖਾਈ
ਜਾਂਦੀ ਹੈ। ਇੱਕ ਜਗ੍ਹਾ ਇੱਕ ਪੁਸਤਕ ਵਿੱਚ, ਦੂਸਰੇ ਮਹਾਂ ਯੁੱਧ ਵਿੱਚ ਮੌਤ ਦੇ
ਕੈਂਪਾਂ ਵਿੱਚ ਮਾਰੇ ਗਏ ਲੱਖ ਤੋਂ ਵੀ ਉੱਪਰ ਲੋਕਾਂ ਦੇ ਨਾਮ ਅੰਕਿਤ ਕੀਤੇ ਗਏ ਹਨ!
(ਉਸਨੂੰ ਦੇਖ ਮਨ ਵਿੱਚ ਆਇਆ ਕਿ ਕਾਸ਼ ਸਿੱਖ ਕੌਮ ਵੀ 1984 ਦੇ ਕਤਲੇਆਮ ਵਿੱਚ ਸ਼ਹੀਦ
ਹੋਏ ਲੋਕਾਂ ਦੇ ਨਾਮ ਇੱਕਠੇ ਕਰ ਕੇ ਪ੍ਰਕਾਸ਼ਿਤ ਕਰ ਸਕੇ।) ਐਨ ਫਰੈਂਕ ਦੇ ਘਰ ਦੇ
ਦਰਸ਼ਨ ਕਰਕੇ ਮੇਰਾ ਸੁਪਨਾ ਸਾਕਾਰ ਹੋ ਗਿਆ ਸੀ, ਪਰ ਉਸ ਵਿੱਚੋਂ ਨਾਜ਼ੀ ਸਰਕਾਰ
ਦੁਆਰਾ ਕੀਤੇ ਗਏ ਕਤਲੋਗ਼ਾਰਤ ਦੇ ਭਿਆਨਕ ਦ੍ਰਿੱਸ਼ ਦੇਖ ਕੇ, ਡਰ ਕੇ ਤੇ ਤ੍ਰਭਕ ਕੇ
ਉੱਠਣਾ ਪਿਆ!
ਐਨ ਫਰੈਂਕ ਦਾ ਘਰ ਦੇਖ ਕੇ ਜਦੋਂ ਅਸੀਂ ਬਾਹਰ ਨਿੱਕਲੇ ਤਾਂ ਬੂੰਦਾ-ਬਾਂਦੀ ਹੋ
ਰਹੀ ਸੀ, ਅਸੀਂ ਖ਼ੁਸ਼ ਕਿਸਮਤ ਸਾਂ ਕਿ ਪੂਰੇ ਦੋ ਦਿਨ ਮੀਂਹ ਨਹੀਂ ਪਿਆ ਸੀ, ਇੱਥੇ
ਕਦੇ ਵੀ ਮੀਂਹ ਪੈ ਸਕਦਾ ਹੈ - ਠੰਡੀਆਂ ਤੇਜ਼ ਹਵਾਂਵਾਂ ਤਾਂ ਅਕਸਰ ਚੱਲਦੀਆਂ ਹਨ।
ਕਹਿੰਦੇ ਹਨ ਜਦੋਂ ਹਵਾਂਵਾਂ ਨਹੀਂ ਚੱਲਦੀਆਂ ਤਾਂ ਵਰਖਾ ਹੁੰਦੀ ਹੈ! ਪਾਸ ਲਿਆ ਹੋਣ
ਕਰਕੇ ਅਸੀਂ ਕੇਂਦਰੀ ਸਟੇਸ਼ਨ ਜਾਣ ਲਈ ਵਾਪਿਸ ਟਰਾਮ ਤੇ ਚੜ੍ਹ ਗਏ - ਐਮਸਟਰਡੈਮ
ਘੁੰਮਣ ਲਈ ਇੱਕ ਜਾਂ ਦੋ ਦਿਨ ਦਾ ਪਾਸ ਲੈ ਲੈਣਾ ਚਾਹੀਦਾ ਹੈ, ਜੋ ਰੇਲ, ਟਰਾਮ ਅਤੇ
ਬੱਸ ਵਿੱਚ ਕਿਤੇ ਵੀ ਚੱਲਦਾ ਹੈ!
ਇਟਲੀ ਦੇ ਵਿੱਚ ਪੁਨਰ ਜਾਗ੍ਰਿਤੀ (The Renaissance in Italy)
ਪੰਦਰ੍ਹਵੀਂ ਸਦੀ ਦੇ ਸ਼ੁਰੂ ਵਿੱਚ, ਕਲਾਸੀਕਲ ਪੁਰਾਤਨ ਕਲਾਕ੍ਰਿਤੀਆਂ ਦੇ ਵਿੱਚ
ਦਿਲਚਸਪੀ ਨੂੰ ਪੁਨਰ ਜਾਗ੍ਰਿਤੀ ਜਾਂ Renaissance (ਪੁਨਰਜਨਮ ) ਕਿਹਾ ਜਾਂਦਾ ਹੈ
(ਇਸਨੂੰ Renaissance ਨਾਮ ਪਰ ਉੱਨੀਵੀਂ ਸਦੀ ਵਿੱਚ ਹੀ ਦਿੱਤਾ ਗਿਆ)। ਪੁਨਰ
ਜਾਗ੍ਰਿਤੀ ਇਟਲੀ ਦੇ ਵਿੱਚ ਪ੍ਰਾਰੰਭ ਹੋਈ, ਜਿੱਥੇ ਭਵਨ ਨਿਰਮਾਣ ਕਲਾ ਦੇ ਖੰਡਰਾਂ,
ਪੁਰਾਣੇ ਰੋਮਨ ਸਿੱਕਿਆਂ, ਗਹਿਣੇ (Cameos), ਤਾਂਬੇ ਅਤੇ ਸੰਗਮਰਮਰ ਦੇ ਬੁੱਤਾਂ
ਦੀ ਖੋਜ ਨੇ ਕਲਾਕਾਰਾਂ ਨੂੰ ਇੱਕ ਨਵੇਂ (style) ਨੂੰ ਪ੍ਰੇਰਿਤ ਕੀਤਾ, ਜਿਸਦਾ
ਮੁੱਖ ਮੰਤਵ ਕਲਾਸੀਕਲ ਪੁਰਾਤਨ ਆਕ੍ਰਿਤੀਆਂ, ਰੂਪਾਂਕਣ (motifs) ਅਤੇ ਵਿਸ਼ਿਆਂ ਤੇ
ਅਧਾਰਿਤ ਕਲਾਕ੍ਰਿਤੀਆਂ ਦਾ ਨਿਰਮਾਣ ਕਰਨਾ ਸੀ, ਜੋ ਕਿ ਯੂਨਾਨੀ ਅਤੇ ਰੋਮਨ
ਮਿਥਿਹਾਸ ਤੋਂ ਲਏ ਗਏ ਸਨ। ਸਵਿਸ ਹਿਸਟੋਰੀਅਨ ਜਾਕੋਬ ਬੁਖਾਰਡਟ, ਪ੍ਰਾਚੀਨ
ਸਭਿੱਆਚਾਰ ਦੀ ਸੰਜੀਵਤਾ ਨੂੰ ਇਤਿਹਾਸ ਦੇ ਕਾਲੇ ਯੁੱਗ (Dark Ages) ਤੋਂ ਅੱਲਗ
ਹੋਣਾ ਮੰਨਦਾ ਹੈ। ਪਰ ਕਈ ਹੋਰ ਇਸ ਨੂੰ ਆਧੁਨਿਕ ਜੁੱਗ ਵਿੱਚ ਤਬਦੀਲ ਹੌਣਾ
ਹੌਲੀ-ਹੌਲੀ ਮੰਨਦੇ ਹਨ।
ਇਸ ਕਾਲ ਦੌਰਾਨ ਹੀ, ਵਿਦਵਾਨਾਂ ਨੇ ਪ੍ਰਾਚੀਨ ਯੂਨਾਨੀ ਲੇਖਕਾਂ ਅਤੇ
ਦਾਰਸ਼ਨਿਕਾਂ (Philosophers) ਦੀਆਂ ਲਿਖਤਾਂ ਦਾ ਅਧਿਐਨ ਕੀਤਾ, ਜਿਸ ਤੋਂ
ਮਾਨਵਤਾ, ਸਮਾਜ ਅਤੇ ਧਰਮ ਪ੍ਰਤੀ ਨਵੇਂ ਅਤੇ ਤਰਕਵਾਦੀ ਖਿਆਲ ਉਤਪੰਨ ਹੋਏ -
ਪਰਿਪੇਖ ਚਿੱਤਰਕਾਰੀ (ਸਮਤਲ ਉੱਪਰ ਠੋਸ ਪਦਾਰਥਾਂ ਦਾ ਅਜਿਹਾ ਚਿੱਤਰ ਬਣਾਉਣ ਦੀ
ਕਲਾ ਕਿ ਚਿੱਤਰ ਵਿੱਚ ਉਸਦੀ ਲੋੜੀਂਦੀ ਸਥਿਤੀ ਅਤੇ ਵਿਸਤਾਰ ਹੂ-ਬਹੂ ਓਹੀ ਹੋਵੇ ਜੋ
ਕਿਸੇ ਵਿਸ਼ੇਸ਼ ਬਿੰਦੂ ਤੋਂ ਦੇਖਣ ਨੂੰ ਨਜ਼ਰ ਆਵੈ) ਵਿੱਚ ਇੱਕ ਲੋਪ ਬਿੰਦੂ ਅਤੇ ਹੋਰ
ਕਲਾਮਈ ਚਿੰਨ੍ਹ ਵਰਤੇ ਗਏ ਅਤੇ ਕਲਾਸੀਕਲ ਪ੍ਰਾਚੀਨ ਯੁੱਗ ਦੇ ਹੋਰ ਵਿਸ਼ਿਆਂ ਸਮੇਤ।
ਛਾਪੇ (Printing Press) ਦੀ ਖੋਜ ਨੇ ਇਸ ਵਿਚਾਰਧਾਰਾ ਨੂੰ ਪੂਰੇ ਯੂਰਪ ਵਿੱਚ
ਤੇਜ਼ੀ ਨਾਲ ਫੈਲਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ। ਚਿੱਤਰਕਾਰੀ ਵਿੱਚ ਕੁਦਰਤ ਦਾ
ਯਥਾਰਥਵਾਦੀ (Realistic) ਉਲੀਕਣ ਕਰਨ ਤੇ ਜ਼ੋਰ ਦਿੱਤਾ ਗਿਆ ਸੀ, ਕਲਾਸੀਕਲ
ਵਿਸ਼ਿਆਂ ਦੇ ਨਾਲ ਨਾਲ, ਈਸਾਈ ਦ੍ਰਿੱਸ਼ ਮਸ਼ਹੂਰ ਰਹੇ, ਜੋ ਜ਼ਿੰਦਗੀ ਨੂੰ ਨਵੇਂ
ਦ੍ਰਿਸ਼ਟੋਕੋਨ ਤੋਂ ਦਰਸਾਉਂਦੇ ਸਨ। ਭਵਨ ਨਿਰਮਾਣ ਅਤੇ ਵਿਹਾਰਿਕ ਕਲਾ (Applied
art ) ਨੇ ਰੋਮਨ ਢੰਗਾਂ ਨੂੰ ਅਪਣਾਇਆ: ਮਿਹਰਾਬ (arches), ਥੰਮ੍ਹ (columns),
ਅਤੇ ਇਮਾਰਤਾਂ ਦੇ ਤਿਕੋਣੇ ਭਾਗ (Triangular pediments - ਯੂਨਾਨੀ
ਭਵਨ-ਨਿਰਮਾਣ) । ਆਦਰਸ਼ ਪੁਨਰ-ਜਾਗ੍ਰਿਤੀ ਕਲਾਕਾਰ, ਇੱਕ ਸੰਸਾਰਿਕ ਵਿਅਕਤੀ ਸੀ, ਜੋ
ਕਿ ਕਲਾ ਅਤੇ ਵਿਗਿਆਨ ਵਿੱਚ ਨਿਪੁੰਨ ਸੀ। ਪੁਨਰ-ਜਾਗ੍ਰਿਤੀ ਦੇ ਕਲਾਕਾਰ, ਆਪਣੇ
ਵੇਲੇ ਵਿੱਚ ਵੀ ਮਸ਼ਹੂਰ ਸਨ।
ਉਦੋਂ ਕੀ ਹੁੰਦਾ ਹੈ ਜਦੋਂ, ਜਦੋਂ ਨਸ਼ੇ (Drugs) ਗ਼ੈਰਕਾਨੂੰਨੀ ਨਹੀਂ
ਹੁੰਦੇ!
ਐਨ ਫਰੈਂਕ ਦਾ ਘਰ ਦੇਖਣ ਤੋਂ ਪਹਿਲਾਂ ਥੋੜਾ ਸਮਾਂ ਅਸੀਂ ਵਿਹਲੇ ਸੀ ਅਤੇ
ਚਾਹ/ਕੌਫ਼ੀ ਦਾ ਵੀ ਵੇਲਾ ਸੀ। ਅਸੀਂ ਸਟਾਰਬਕਸ ਜਾਂ ਹੋਰ ਕੋਈ ਕੌਫ਼ੀ ਦੀ ਦੁਕਾਨ
ਲੱਭਣ ਲੱਗੇ - ਪਰ ਆਸ ਪਾਸ ਕੋਈ ਵਧੀਆ ਦੁਕਾਨ ਨਜ਼ਰ ਨਹੀਂ ਆਈ, ਇਕ ਬੇਸਮੈਂਟ ਦੇ
ਵਿਚ ਕੌਫ਼ੀ ਦੀ ਦੁਕਾਨ ਨਜ਼ਰ ਆ ਰਹੀ ਸੀ - ਪਰ ਉਹ ਕੋਈ ਆਮ ਕੌਫ਼ੀ ਸ਼ਾਪ ਨਹੀਂ ਸੀ; ਉਹ
ਸਿਰਫ਼ ਨਾਮ ਦੀ ਕੌਫ਼ੀ ਸ਼ਾਪ ਸੀ ਤੇ ਸਾਡੇ ਵਾਸਤੇ ਨਹੀਂ ਸੀ! ਹਾਲਾਂਕਿ ਹੌਲੈਂਡ ਦੀ
ਕੁੱਝ ਨਸ਼ਿਆਂ ਵਾਰੇ ਉਦਾਰਤਾ ਦੀ ਨੀਤੀ ਕਰਕੇ, "ਕੌਫ਼ੀ ਸ਼ਾਪ" ਮੈਰੀਜੁਆਨਾ
(Pot/Marijuana) ਵੇਚ ਸਕਦੀਆਂ ਹਨ, ਪਰ ਅਮਰੀਕਾ ਦੇ ਮੁਕਾਬਲੇ ਹੌਲੈਂਡ ਵਿੱਚ
ਮੈਰੀਜੁਆਨਾ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਇੱਕ ਲੀਕ ਹੋਈ
ਰਿਪੋਰਟ ਦੇ ਅਨੁਸਾਰ ਜਿਹੜੇ ਦੇਸ਼ ਨਸ਼ਿਆਂ (Drugs) ਨੂੰ ਨਿੱਜੀ ਵਰਤੋਂ ਲਈ ਜੁਰਮ
ਨਹੀਂ ਮੰਨਦੇ, ਉਹਨਾਂ ਨੇ ਨਸ਼ਿਆਂ (Drugs) ਦੇ ਵਿਰੁੱਧ ਜੰਗ ਨੂੰ ਸੰਸਾਰਿਕ ਪੱਧਰ
ਤੇ ਲੈ ਆਉਂਦਾ ਹੈ, ਪਰ ਸੰਯੁਕਤ ਰਾਸ਼ਟਰ ਦੇ ਇਸ ਸੁਝਾਅ ਨੂੰ ਬਾਅਦ ਵਿੱਚ ਡਿੱਬਾ
ਬੰਦ ਕਰ ਦਿੱਤਾ ਗਿਆ (ਨੈਨਾ ਬੇਜਕਲ, ਨਿਊਜ਼ ਵੀਕ)।
ਹਵਾਲੇ (References):
https://www.rijksmuseum.nl/
http://www.annefrank.org/
http://www.amsterdam.info/
27/07/16
|