ਜਿਵੇਂ ਸਮੁੰਦਰ ਦੀਆਂ ਲਹਿਰਾਂ ਦਾ ਕੋਈ ਟਿਕਾਉ ਨਹੀਂ,
ਇਸ ਤਰਾਂ ਇਨਸਾਨ ਦੇ ਅੰਦਰ ਤਰਾਂ-ਤਰਾਂ ਦੇ ਖਿਆਲ ਪਾਣੀ ਦੇ ਬੁਲਬੁਲੇ ਵਾਂਗ ਬਣਦੇ
ਤੇ ਟੁੱਟਦੇ ਹਨ। ਕਿਸੇ ਫੈਂਸਲੇ ਲਈ ਵਿਚਾਰ ਕਦੀਂ ਸਕਾਰਤਮਿਕ ਤੇ ਕਦੇ ਨਕਾਰਤਮਕ
ਸਮੇਂ ਅਨੁਸਾਰ ਕਿਸੇ ਮਕਸਦ ਲਈ ਟੁੱਟਦੇ ਤੇ ਜੁੜਦੇ ਰਹਿੰਦੇ ਹਨ। ਹਰ ਇਕ ਦੀ ਸੋਚ
ਵੱਖੋ-ਵੱਖ ਹੁੰਦੀ ਹੈ। ਨੇਤਾ, ਦੁਕਾਨਦਾਰ, ਵਪਾਰੀ, ਅਫ਼ਸਰ, ਵਕੀਲ, ਡਾਕਟਰ,
ਕਿਸਾਨ, ਮਜ਼ਦੂਰ ਆਦਿ ਆਪਣੇ ਕਿੱਤੇ ਅਨੁਸਾਰ ਆਪਣੀ-ਆਪਣੀ ਸੋਚ ਰੱਖਦੇ ਹਨ। ਪਸੰਦ
ਆਪਣੀ-ਆਪਣੀ, ਕੋਈ ਛੋਟੀ ਲਕੀਰ ਨੂੰ ਪਸੰਦ ਕਰਦਾ ਹੈ ਤੇ ਕੋਈ ਵੱਡੀ ਨੂੰ। ਆਪਣੀ
ਫ਼ਿਤਰਤ ਅਨੁਸਾਰ ਕੋਈ ਗਿਲੇ-ਸ਼ਿਕਵੇ ਕਰਦਾ, ਕੋਈ ਗੁੱਸੇ ਹੁੰਦਾ, ਕੋਈ ਲੜਦਾ ਹੈ ਤੇ
ਕੋਈ ਸਬਰ ਸੰਤੋਖ਼ੀ, ਸ਼ਾਂਤਮਈ ਸੁਭਾਅ ਦਾ ਹੁੰਦਾ ਹੈ। ਸਮਾਜ ਵਿੱਚ ਵਿਚਰਦਿਆਂ, ਇਕ
ਦੂਜੇ ਨਾਲ ਵਾਸਤਾ ਪੈਂਦਿਆਂ ਵਿਚਾਰ ਕਿਵੇਂ ਬਦਲਦੇ ਹਨ? ਆਓ ਵੇਖੀਏ,
ਵਿਚਾਰਾਂ ਦੇ ਤਾਣੇ-ਬਾਣੇ ਵਿੱਚ ਕਿਹੜਾ ਸਹੀ ਹੈ ਤੇ ਕਿਹੜਾ ਗਲਤ।
ਕਿਸੇ ਸੰਸਥਾ ਵੱਲੋਂ ਕੋਈ ਫੰਕਸ਼ਨ ਤੇ
ਆਉਣ ਲਈ ਸਭ ਨੂੰ ਸੱਦਾ-ਪੱਤਰ ਦਿੱਤਾ ਜਾਂਦਾ ਹੈ। ਵੱਖ-ਵੱਖ ਵਰਗ ਦੇ ਲੋਕ ਆਉਂਦੇ
ਹਨ। ਇਕ ਬਜ਼ੁਰਗ ਬਖ਼ਤੌਰ ਸਿੰਘ, ਉਸ ਨਾਲ ਘੱਟ ਉਮਰ ਦਾ ਸਰਵਿਸਮੈਨ
ਨਵਦੀਪ, ਦੋਵੇਂ ਮਿੱਤਰ ਗੱਲਾਂ ਕਰਦੇ ਆ
ਰਹੇ ਹਨ। ਪੰਡਾਲ ਵਿੱਚ ਖਾਣੇ-ਪੀਣੇ ਦਾ ਪ੍ਰਬੰਧ ਵੀ ਆਪਣੇ ਢੰਗ ਨਾ ਕੀਤਾ ਹੋਇਆ
ਹੈ। ਕੁਝ ਲੋਕ ਇਕ ਪਾਸੇ ਤੇ ਕੁਝ ਦੂਜੇ ਪਾਸੇ ਖਾਣਾ ਖਾ ਰਹੇ ਹਨ। ਜਦੋਂ ਬਖ਼ਤੌਰ
ਸਿੰਘ ਤੇ ਨਵਦੀਪ ਪੰਡਾਲ ਵਿੱਚ ਪੁੱਜਦੇ ਹਨ ਤਾਂ ਇਕ ਸੇਵਾਦਾਰ ਨਵਦੀਪ ਦੇ ਮੋਢੇ
ਹੱਥ ਰੱਖ ਇਕ ਪਾਸੇ ਜਾਣ ਲਈ ਕਹਿੰਦਾ ਹੈ। ਬਖ਼ਤੌਰ ਸਿੰਘ ਨੂੰ ਦੂਜੇ ਪਾਸੇ ਭੇਜ
ਦਿੰਦਾ ਹੈ। ਇਸ ਪ੍ਰਤੀਕਿਰਿਆ ਤੇ ਦੋਹਾਂ ਦੇ ਖਿਆਲ ਸਪੱਸ਼ਟੀਕਰਨ ਲਈ ਉਭਰਦੇ ਹਨ।
ਨਵਦੀਪ ਆਪਣੇ ਕੋਲ ਬੈਠੇ ਸਾਥੀਆਂ ਤੋਂ ਪੁੱਛਦੈ, ‘‘ਭਾਈ ਸਾਹਿਬ,
ਇਹ ਕੀ ਮਾਮਲਾ ਹੈ? ਕੀ ਖ਼ਾਣੇ ਦਾ ਵੱਖਰਾ-ਵੱਖਰਾ ਪ੍ਰਬੰਧ ਹੈ? ਕੀ ਇਥੇ ਖਾਣਾ ਹੋਰ
ਹੈ ਤੇ ਉੱਥੇ ਹੋਰ? ਇਹ ਭਿਨ-ਭੇਦ ਕਿਉਂ? ਮੇਰਾ ਮਿੱਤਰ ਕੀ ਸੋਚੇਗਾ। ਮੈਂ ਤਾਂ
ਉਸਨੂੰ ਆਪਣੇ ਨਾਲ ਹੀ ਰੱਖਣਾ ਚਹੁੰਦਾ ਸੀ।" ਜੁਆਬ ਮਿਲਿਆ, "ਨਹੀਂ ਜੀ !
ਖਾਣਾਂ ਤਾਂ ਇਕੋ ਜਿਹਾ ਹੈ ਪਰ ਸਰਵਿਸਮੈਨ ਇਕ ਪਾਸੇ ਕੀਤੇ ਹਨ, ਦੂਜੇ
ਦੂਜੇ ਪਾਸੇ।" ਨਵਦੀਪ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ‘‘ਏਦਾਂ ਨਹੀ ਹੋਣਾ
ਚਾਹੀਦਾ, ਜਦੋਂ ਪਾਰਟੀ ਇਕੋ ਥਾਂ ਰੱਖੀ ਹੋਵੇ ਤਾਂ ਭਿੰਨ-ਭੇਦ ਕਿਉਂ?’’ ਕੋਲ ਬੈਠਾ
ਸਾਥੀ ਕਹਿੰਦਾ, ’’ਜੋ ਇਨਾਂ ਨੇ ਕੀਤਾ ਹੈ ਠੀਕ ਹੈ। ਅਸਾਂ ਲੈਣਾ ਵੀ ਕੀ ਹੈ।’’
ਕੁਝ ਕੁ ਨੇ ਨਵਦੀਪ ਦਾ ਸਾਥ ਦਿੱਤਾ,’’ ਵਾਕਿਆ ਹੀ ਚੰਗਾ ਨਹੀ ਹੋਇਆ, ਉਹ ਨਾਲ ਆ
ਜਾਂਦਾ ਤਾਂ ਕੀ ਫ਼ਰਕ ਪੈ ਜਾਣਾ ਸੀ।’’
ਓਧਰ ਬਖ਼ਤੌਰ ਸਿੰਘ ਸੋਚ ਰਿਹਾ ਸੀ ਕਿ ਨਵਦੀਪ ਮੇਰੇ ਮਿੱਤਰ ਨੇ ਮੇਰੇ ਬਾਰੇ ਵੀ
ਨਹੀ ਸੋਚਿਆ। ਭਾਂਵੇਂ ਕਾਰਨ ਕੋਈ ਹੋਵੇ, ਮੈਨੂੰ ਆਪਣੇ ਨਾਲ ਲੈ ਜਾਣਾ ਚਾਹੀਦਾ ਸੀ।
ਭੁੱਲ ਮੇਰੇ ਤੋਂ ਵੀ ਹੋਈ, ਮੈਨੂੰ ਉਸੇ ਟੈਮ, ਆਪਣੀ ਅਣਖ਼ ਸਾਹਮਣੇ ਰੱਖ ਤੁਰ ਜਾਣਾ
ਚਾਹੀਦਾ ਸੀ। ਇਸ ਤਰਾਂ ਤਾਂ ਮੇਰੀ ਬੇਇੱਜ਼ਤੀ ਹੋਈ। ਸੋਚ ਨੇ ਫਿਰ ਪਲਟਾ ਖਾਧਾ, ਲੋਕ
ਕੀ ਕਹਿਣਗੇ? ਪਿਆਰ ਸਹਿਤ ਸੱਦਾ ਦਿੱਤਾ ਸੀ। ਏਸ ਬੰਦੇ ਨੂੰ ਕੋਈ ਖੁਸ਼ੀ ਨਹੀਂ ਹੋਈ,
ਰੁੱਸਕੇ ਚਲਾ ਗਿਆ। ਕੋਈ ਇਹ ਵੀ ਕਹੇਗਾ, ਜਾਂਦਾ ਤਾਂ ਜਾਂਦਾ ਰਹੇ। ਕੀ ਇਸ ਬਿਨਾਂ
ਕੰਮ ਰੁਕ ਜਾਵੇਗਾ। ਯਾਰ, ਐਨਾ ਵੀ ਗੁੱਸਾ ਨਹੀ ਚਾਹੀਦਾ। ਸੋਚਾਂ ਦੇ ਤਾਣੇ-ਬਾਣੇ
ਵਿੱਚ ਫਿਰ ਸੋਚਿਆ, ਇੱਥੇ ਰਹਿਣਾ ਹੀ ਠੀਕ ਹੈ, ਵੇਖੀਏ ਤਾਂ ਸਹੀ, ਕੀ ਮਾਜਰਾ।
ਬਖ਼ਤੌਰ ਸਿੰਘ ਨੇ ਆਪਣੇ ਨਾਲ ਬੈਠੇ ਸਾਥੀਆਂ ਤੋਂ ਸਪੱਸ਼ਟੀਕਰਨ ਲੈਣਾ ਚਾਹਿਆ।
ਉਨਾਂ ਦੱਸਿਆ ਕਿ ਸਾਰੇ ਮੁਲਾਜ਼ਮਾਂ ਦੀ ਮੀਟਿੰਗ ਹੋਣੀ ਹੈ, ਇਸ ਕਰਕੇ ਉਹਨਾਂ ਨੂੰ
ਉੱਧਰ ਬਿਠਾਇਆ ਹੈ। ਇਹ ਸੁਣ ਬਖ਼ਤੌਰ ਸਿੰਘ ਨੇ ਕਿਹਾ, ‘‘ਇਹ ਕੀ ਗੱਲ ਹੋਈ। ਖਾਣੇ
ਤੋਂ ਬਾਅਦ ਮੀਟਿੰਗ ਬਾਰੇ ਦੱਸ ਦੇਂਦੇ, ਅਸਾਂ ਕੀ ਲੈਣਾ ਸੀ।’’ ਨਾਲ ਬੈਠਾ ਸਾਥੀ
ਬੋਲਿਆ, ‘‘ਤਾਂ ਯਾਰ ! ਫੇਰ ਕੀ ਹੋਇਆ। ਕੋਈ ਸਰਕਾਰੀ ਬੰਦਿਆਂ ਦੀ ਖਾਸ ਗੱਲ
ਹੋਵੇਗੀ। ਵਿੱਚੋਂ ਇਕ ਹੋਰ ਵਿਅੰਗ ਕਰਦਾ ਹੋਇਆ, ‘‘ਤਾਂ ਖਾਣਾ ਵੀ ਉਹਨਾਂ ਲਈ
ਸਪੈਸ਼ਲ ਹੋਵੇਗਾ।’’
ਕੋਲ ਬੈਠੇ ਇਕ ਹੋਰ ਨੇ ਕਿਹਾ, ‘‘ਤੁਸੀ ਕਹਿੰਦੇ ਹੋਂ ਕਿ ਉਹ ਸਾਰੇ ਮੁਲਾਜ਼ਮ
ਹਨ, ਪਰ ਉਨਾਂ ਵਿੱਚ ਗੈਰ ਬੰਦੇ ਵੀ ਹਨ। ਲੀਡਰ ਵੀ ਹਨ, ਕੋਈ ਵੋਟਾਂ ਦਾ ਚੱਕਰ
ਹੋਊ। ਗੁਪਤ ਮੀਟਿੰਗ ਹੋਵੇਗੀ, ਤਾਂਈਓਂ ਤਾਂ ਸਾਨੂੰ ਦੂਰ ਰੱਖਿਐ।’’ ਇਕ ਹੋਰ ਸੱਜਣ
ਬੋਲਿਆ, ‘‘ਵਿੱਚ ਧੰਨਾਂ ਵੀ ਬੈਠਾ ਹੈ, ਉਹ ਨਾਂ ਤਾਂ ਕੋਈ ਆਫ਼ੀਸਰ ਹੈ ਤੇ ਨਾਂ ਹੀ
ਕੋਈ ਲੀਡਰ।’’ ਇਕ ਹੋਰ ਧੰਨੇ ਬਾਰੇ, ‘‘ਧੰਨਾਂ ਭਾਵੇਂ ਕੁਝ ਵੀ ਹੈ, ਧੰਨਾਂ ਤਾਂ
ਧੰਨਾਂ ਹੀ ਹੈ। ਉਸਦੀ ਬੜੀ ਚਲਦੀ ਹੈ ਸਰਕਾਰੇ ਦਰਬਾਰੇ। ਸਾਰੇ ਉਸਦੀ ਗੱਲ ਸੁਣਦੇ
ਵੀ ਹਨ ਤੇ ਮੰਨਦੇ ਵੀ ਹਨ। ਉਹ ਤਾਂ ਲੀਡਰਾਂ ਤੋਂ ਵੱਧ ਕੇ ਹੈ। ਉਹ ਹੁਸ਼ਿਆਰ ਵੀ
ਬੜਾ ਹੈ ਅਤੇ ਵੈਵਤੀ ਵੀ।’’ ਇਹ ਸੁਣ ਬਖ਼ਤੌਰ ਸਿੰਘ ਨੂੰ ਲੱਗਿਆ ਕਿ ਕੋਈ ਗੱਲ
ਨਹੀਂ। ਜਾਂਦਾ ਮੈਂ ਵੀ ਨਹੀ, ਨਵਦੀਪ ਨਾਲ ਹੀ ਜਾਵਾਂਗਾ। ਮਿਲਾਂਗਾ, ਨਰਾਜ਼ ਵੀ
ਹੋਵਾਂਗਾ ਕਿ ਉਸਨੇ ਮੇਰੀ ਬਾਂਹ ਕਿਉਂ ਛੱਡੀ, ਜਦੋਂ ਘਰੋਂ ਇਕੱਠੇ ਆਏ ਸੀ ਤਾਂ
ਇਕੱਠੇ ਰਹਿਣਾ ਉਸਦਾ ਫ਼ਰਜ ਬਣਦਾ ਸੀ। ਕੀ ਗੱਲ ਹੋਈ ਹੈ। ਮੈਂ ਸਾਰਾ ਉਸਤੋਂ ਪਤਾ
ਕਰਾਂਗਾ। ਇਹ ਸੋਚ ਤਹਿਤ ਉਹ ਉਸਦੀ ਉਡੀਕ ਵਿੱਚ ਇਕ ਕਮਰੇ ਵਿੱਚ ਬੈਠ ਗਿਆ। ਪਾਣੀ
ਪਿਲਾਉਂਦੇ ਸੇਵਾਦਾਰ ਨੂੰ ਬਿੰਦੇ ਝੱਟੇ ਪੁੱਛਦਾ ਰਿਹਾ, ਕਿ ਮੀਟਿੰਗ ਕਦ ਤਕ
ਚੱਲੇਗੀ। ਇੱਕ ਘੰਟਾ ਲੰਘ ਜਾਣ ਪਿੱਛੋਂ ਨਵਦੀਪ ਆਇਆ, ਪੁੱਛਿਆ ‘‘ਨਵਦੀਪ ! ਐਸੀ
ਕਿਹੜੀ ਗੱਲ ਸੀ, ਸਾਰਾ ਦਿਨ ਮੀਟਿੰਗ ‘ਚ ਹੀ ਲਗਾ ਦਿੱਤਾ।’’ ‘‘ਨਹੀਂ ! ਨਹੀਂ !’’
ਨਵਦੀਪ ਦੱਸ ਰਿਹਾ ਸੀ, ‘‘ਕੋਈ ਖ਼ਾਸ ਗੱਲ ਨਹੀ ਸੀ। ਮੁਲਾਜ਼ਮਾਂ ਦੀਆਂ ਮੰਗਾਂ ਬਾਰੇ
ਵਿਚਾਰ ਵਟਾਂਦਰਾ ਹੋਇਆ।’’ ਬਖ਼ਤੌਰ ਸਿੰਘ ਨੇ ਫੇਰ ਪੁੱਛਿਆ, ‘‘ਕੀ ਬੰਤਾ ਲੀਡਰ ਤੇ
ਧੰਨਾ ਵੀ ਸ਼ਾਮਿਲ ਸੀ?’’ ‘‘ਨਹੀਂ ! ਨਹੀਂ ! ਪਰ ਭਾਈ ਸਾਹਿਬ ! ਤੁਸੀ ਵਾਰ-ਵਾਰ
ਕਿਉਂ ਪੁੱਛ ਰਹੇ ਹੋਂ?’’ ‘‘ਮੈਂ ਪੁੱਛਦਾਂ ਕਿ ਇਨਾਂ ਲੋਕਾਂ ਸਾਨੂੰ ਸੱਦਾ ਪੱਤਰ
ਦਿੱਤਾ ਸੀ, ਪਰ ਸਾਨੂੰ ਕੁਝ ਤਾਂ ਚਾਨਣਾ ਪਾਉਣਾ ਚਾਹੀਦਾ ਸੀ। ਕੀ ਅਸੀ ਖਾਣਾ-ਖਾਣ
ਤਾਂ ਨਹੀ ਸੀ ਆਏ। ਇਨਾਂ ਸਾਡੇ ਨਾਲ ਐਨਾ ਭੇਦ-ਭਾਵ ਕਿਉਂ ਰੱਖਿਆ? ਕੀ ਤੁਹਾਡਾ
ਸਪੈਸ਼ਲ ਪ੍ਰੋਗਰਾਮ ਸੀ? ਸਾਨੂੰ ਤਾਂ ਜਾਪਿਆ ਕੋਈ ਵੋਟਾਂ ਦਾ ਚੱਕਰ ਹੋਊ।’’ ‘‘ਨਹੀਂ
! ਨਹੀਂ ! ਭਾਈ ਸਾਹਿਬ ! ਕੋਈ ਵੋਟਾਂ ਦਾ ਚੱਕਰ ਨਹੀ ਸੀ, ਸਾਡੀ ਕਮੇਟੀ ਚੁਣੀ
ਜਾਣੀ ਸੀ। ਹੋਰ ਗੱਲ ਕੋਈ ਨਹੀਂ ਸੀ।’’
ਗੱਲ ਖ਼ਤਮ ਹੋਈ। ਦੋਵੇਂ ਵਾਪਸ ਘਰ ਆਉਦਿਆਂ ਕੁਝ ਆਦਮੀ ਬੜੇ ਗੁੱਸੇ ਵਿੱਚ ਬਿੱਕਰ
ਸਿੰਘ ਪ੍ਰਧਾਨ ਮੁਲਾਜ਼ਮ ਯੂਨੀਅਨ ਦੀ ਕੋਠੀ ਵੱਲ ਜਾਂਦੇ ਮਿਲੇ। ਪਤਾ ਲੱਗਿਆ ਕਿ ਉਹ
ਰੋਸ ਪ੍ਰਗਟ ਕਰਨ ਲਈ ਜਾ ਰਹੇ ਸਨ ਕਿ ਉਨਾਂ ਨੂੰ ਫੰਕਸ਼ਨ ਤੇ
ਬੁਲਾਇਆ ਸੀ, ਪਰ ਉਹਨਾਂ ਨੂੰ ਬੁਲਾਇਆ ਤੱਕ ਨਹੀਂ। ਫਿਰ ਸੱਦਾ ਪੱਤਰ ਦੇਣ ਦੀ ਵੀ
ਕੀ ਲੋੜ ਸੀ।’’ ਉੱਥੇ ਹੀ ਮੁਲਾਜਮ ਯੂਨੀਅਨ ਦਾ ਇਕ ਮੈਂਬਰ ਕੋਲ ਆਇਆ ਤੇ ਕਿਹਾ,
‘‘ਕਿਸ ਗੱਲ ਦਾ ਰੋਸ? ਮੁਲਾਜ਼ਮਾਂ ਦੀ ਆਪਣੀ ਮੀਟਿੰਗ ਸੀ। ਜੇ ਤੁਹਾਨੂੰ ਬੁਲਾਇਆ
ਤਾਂ ਕੀ ਲੋਹੜਾ ਆ ਗਿਆ? ਇਹ ਸੁਣ ਉਹ ਸਾਰੇ ਭੜਕ ਉੱਠੇ ਤੇ ਨਾਅਰੇ ਲਾਉਣ ਲੱਗੇ
ਮੁਲਾਜ਼ਮ ਯੂਨੀਅਨ ਮੁਰਦਾਬਾਦ ! ਮੁਲਾਜ਼ਮ ਯੂਨੀਅਨ ਮੁਰਦਾਬਾਦ ! ਬਿੱਕਰ ਪ੍ਰਧਾਨ
ਮੁਰਦਾਬਾਦ !’’ ਸਮੇਂ ਦੀ ਨਿਜਾਕਤ ਸਮਝਦਿਆਂ ਉਸ ਮੈਂਬਰ ਨੇ ਮੁਆਫੀ ਮੰਗੀ ਤੇ
ਖੈਹੜਾ ਛੁਡਵਾਇਆ।
ਨਵਦੀਪ ਤੇ ਬਖ਼ਤੌਰ ਸਿੰਘ ਇਹ ਵੇਖ ਹੈਰਾਨ ਹੋਏ। ਸਮਝ ਆਈ, ਇੱਥੋਂ ਜਾਣਾ ਹੀ
ਚੰਗਾ। ਦੋਵੇਂ ਗੱਲਾਂ ਕਰਦੇ ਹਨ, ਗੱਲ ਕੁਝ ਵੀ ਨਹੀਂ। ਐਂਵੇਂ ਬਾਤ ਦਾ ਬਤੰਗੜ ਬਣ
ਗਿਆ ਹੈ। ਨਵਦੀਪ ਨੇ ਕਿਹਾ, ਸੱਚੀ ਗੱਲ ਆ ਭਾਈ ਸਾਹਿਬ ! ਸਾਨੂੰ ਐਵੇਂ
ਨਿੱਕੀਆਂ-ਨਿੱਕੀਆਂ ਗੱਲਾਂ ਤੇ ਉਲਝਣਾ ਨਹੀਂ ਚਾਹੀਦਾ। ਸਾਨੂੰ ਹਰ ਮਸਲੇ ਨੂੰ
ਵਿਚਾਰ ਕੇ ਸੋਚ ਸਮਝ ਕੇ ਫੈਂਸਲਾ ਲੈਣਾ ਚਾਹੀਦਾ ਹੈ। ਨੈਤਿਕ ਕਦਰਾਂ ਕੀਮਤਾਂ,
ਸਿਸ਼ਟਾਚਾਰ, ਪਿਆਰ-ਸਤਿਕਾਰ, ਫ਼ਰਜ਼ ਨੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ।
ਲੇਖਕ : ਚੰਦ ਸਿੰਘ
ਸ੍ਰੀ ਮੁਕਤਸਰ ਸਾਹਿਬ
ਮੋਬਾ : 98553-54206 |