WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ


  

1952 ਦੀ ਦੀਵਾਲੀ ਸਮੇਂ ਸ੍ਰੀ ਦਰਬਾਰ ਸਾਹਿਬ ਜੀ ਦੀ ਉਤਰੀ ਬਾਹੀ ’ਤੇ ਸਜੇ ਦੀਵਾਨ ਅੰਦਰ, ਸ਼ਾਮ ਦੇ ਸਮੇ ਢਾਡੀ ਜਥੇ ਪਾਸੋਂ ਵੈਸਾਖੀ ਦਾ ਪ੍ਰਸੰਗ ਸੁਣਨ ਤੋਂ ਲੈ ਕੇ 1958 ਵਿਚ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਪਾਸੋਂ ਸੁਣੇ ਜ਼ਬਾਨੀ ਬਿਰਤਾਂਤ ਤਕ, ਤੇ ਉਸ ਉਪ੍ਰੰਤ ਹੁਣ ਤੱਕ ਜੋ ਇਸ ਪ੍ਰਸੰਗ ਸਬੰਧੀ ਸੁਣਦੇ ਤੇ ਪੜ੍ਹਦੇ ਆ ਰਹੇ ਹਾਂ; ਉਸ ਸਾਰੀ ਜਾਣਕਾਰੀ ਦਾ ਸਾਰ, ਕੁਝ ਸਾਲ ਪਹਿਲਾਂ ਮੇਰੇ ਵੱਲੋਂ ਲਿਖੇ ਗਏ ਇਕ ਛੋਟੇ ਜਿਹੇ ਲੇਖ 'ਵੈਸਾਖੁ ਭਲਾ .....' ਵਿਚ ਆ ਗਿਆ ਹੈ।

ਹੁਣ ਥੋਹੜਾ ਹੀ ਸਮਾ ਪਹਿਲਾਂ 'ਗੁਰ ਕੇ ਬੇਟੇ' ਨਾਂ ਵਾਲੀ ਨਵੀਂ ਪੁਸਤਕ ਮੇਰੇ ਹੱਥ ਲੱਗੀ ਹੈ, ਜਿਸ ਦੇ ਵਿਦਵਾਨ ਲੇਖਕ, ਸ. ਜਸਵੰਤ ਸਿੰਘ ਜੀ ਹਨ। ਇਸ ਪੁਸਤਕ ਵਿਚ ਲੇਖਕ ਨੇ ਭਾਈ ਜੀਵਨ ਸਿੰਘ (ਭਾਈ ਜੈਤਾ) ਵੱਲੋਂ ਲਿਖੀ ਗਈ ਪੁਸਤਕ, "'ਸ੍ਰੀ ਗੁਰ ਕਥਾ' ਕ੍ਰਿਤ ਕਵੀ ਬਾਬਾ ਜੀਵਨ ਸਿੰਘ (ਭਾਈ ਜਯਤਾ)" ਦੇ ਮੂਲ ਪਾਠ ਨੂੰ ਵੀ ਅਰਥਾਂ ਸਮੇਤ ਸ਼ਾਮਲ ਕੀਤਾ ਹੈ। ਇਹ ਦੁਰਲਭ ਪੁਸਤਕ ਭਾਸ਼ਾ ਵਿਭਾਗ ਪਟਿਆਲਾ ਨੇ, ਮੇਰੇ ਪਰਮ ਮਿੱਤਰ ਡਾ. ਗੁਰਮੁਖ ਸਿੰਘ ਟ੍ਰਿਪਲ ਐਮ. ਏ., ਪੀ. ਐਚ. ਡੀ., ਪਟਿਆਲਾ, ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ, ਪਾਸੋਂ ਸੰਪਾਦਤ ਕਰਵਾ ਕੇ ਪ੍ਰਕਾਸ਼ਤ ਕੀਤੀ ਹੈ।

ਭਾਈ ਜੀਵਨ ਸਿੰਘ ਜੀ ਦੇ ਅੱਖੀਂ ਵੇਖ ਕੇ ਵਰਨਣ ਕੀਤੇ ਵਾਕਿਆ ਨੂੰ ਜਾਨਣ ਉਪ੍ਰੰਤ ਸ਼ਾਇਦ ਅਸੀਂ ਉਸ ਵਾਦ ਵਿਵਾਦ ਤੋਂ ਕੁਝ ਰਾਹਤ ਪਾ ਲਵਾਂਗੇ, ਜੋ ਹਰੇਕ ਵਿਦਵਾਨ ਵਿਅਕਤੀ ਵੱਲੋਂ, ਇਸ ਵਾਕਿਆ ਦਾ ਵਰਨਣ ਕਰਨ ਸਮੇ, ਤੇ ਬਹੁਤੀ ਵਾਰੀਂ ਜਾਣ ਬੁਝ ਕੇ ਖ਼ੁਦ ਨੂੰ ਵੱਡਾ ਵਿਦਵਾਨ ਸਾਬਤ ਕਰਨ ਲਈ, ਪੈਦਾ ਕੀਤਾ ਜਾਂਦਾ ਹੈ।

ਇਸ ਤੋਂ ਅੱਗੇ ਪੜ੍ਹੋ ਸ. ਜਸਵੰਤ ਸਿੰਘ ਜੀ ਲਿਖਤ ਕਿਤਾਬ 'ਗੁਰੂ ਕੇ ਬੇਟੇ' ਵਿਚ ਪੰਨਾ 424 ਤੋਂ 429 ਤੱਕ ਵਰਨਣ ਕੀਤਾ ਗਿਆ ਬਿਰਤਾਂਤ :

ਆਪ (ਭਾਈ ਜੀਵਨ ਸਿੰਘ ਜੀ) ਆਪਣੀ ਰਚਨਾ ਵਿਚ ਸਮਕਾਲੀ ਇਤਿਹਾਸ ਬਾਰੇ ਭਰੋਸੇਯੋਗ ਤੇ ਅੱਖੀਂ ਡਿਠੀ ਜਾਣਕਾਰੀ ਦੇਣ ਵਾਲੇ ਮੋਢੀ ਇਤਿਹਾਸਕਾਰ ਹਨ। ਆਪ ਨੇ ਗੁਰੂ ਸਾਹਿਬਾਨ ਤੇ ਇਸ ਸਮੇਂ ਵਿਚ ਹੋਈਆਂ ਜੰਗਾਂ, ਸਮਾਜਕ ਵਿਵਸਥਾ, ਰਾਜਨੀਤਕ ਕੁਟਿਲਤਾ ਅਤੇ ਧਾਰਮਿਕ ਕੱਟੜਵਾਦ ਬਾਰੇ ਮੁੱਢਲੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕੀਤੀ ਹੈ। ਔਰੰਗਜ਼ੇਬ ਦੀ ਰਾਜਨੀਤਕ ਕੁਟਿਲਤਾ ਅਤੇ ਧਾਰਮਿਕ ਕੱਟੜਵਾਦ ਅਤੇ ਉਸ ਦੇ ਜੀਵਨ ਮੰਤਵ ਤੇ ਮਨੋਰਥ ਬਾਰੇ ਵੀ ਵਿਸ਼ੇਸ਼ ਜਾਣਕਾਰੀ ਹਾਸਲ ਹੁੰਦੀ ਹੈ। ਉਹ ਮਨੋਰਥ ਇਹ ਸੀ ਕਿ ਸਾਰੇ ਭਾਰਤ ਵਿਚ ਇਕ ਹੀ ਧਰਮ ਕਰਨਾ ਹੈ - ਇਸਲਾਮ। ਔਰੰਗਜ਼ੇਬ ਨੇ ਇਸਲਾਮ ਦੇ ਪ੍ਰਚਾਰ ਅਤੇ ਪਸਾਰ ਲਈ ਹਰ ਹੀਲਾ ਵਰਤਿਆ - ਲਾਲਚ, ਡਰ, ਤਸ਼ੱਦਦ ਤੇ ਕਤਲਿਆਮ। ਕਸ਼ਮੀਰੀ ਪੰਡਿਤਾਂ ਨੇ ਫ਼ਰਿਆਦ ਕੀਤੀ। ਸਤਿਗੁਰੂ ਜੀ ਨੇ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਰੱਖਿਆ ਕਰਨ ਦਾ ਅਹਿਮ ਫ਼ੈਸਲਾ ਲਿਆ। ਦਿੱਲੀ ਪੁੱਜ ਗਏ। ਔਰੰਗਜ਼ੇਬ ਵੱਲੋਂ ਰੱਖੀਆਂ ਦੋ ਸ਼ਰਤਾਂ ਠੁਕਰਾ ਦਿੱਤੀਆਂ। ਤੀਜੀ ਸ਼ਰਤ ਮੌਤ ਮਨਜ਼ੂਰ ਕੀਤੀ। ਹਕੂਮਤ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰਨ ਦਾ ਆਦੇਸ਼ ਦਿੱਤਾ ਗਿਆ। ਸਤਿਗੁਰੂ ਜੀ ਨੇ ਸਾਕਾ ਕਰ ਵਿਖਾਇਆ। ਸਤਿਗੁਰੂ ਦੇ ਸੀਸ ਨੂੰ ਅਨੰਦਪੁਰ ਸਾਹਿਬ ਲਿਆਉਣ ਦੇ ਜੋਖਮ ਭਰੇ ਕਾਰਜ ਦੀ ਜ਼ਿੰਮੇਵਾਰੀ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਸਿਰ ਲਈ। ਸ਼ਾਹੀ ਹੰਕਾਰ ਦਾ ਸਿਖ਼ਰ ਸੀ ਕਿ ਚਾਂਦਨੀ ਚੌਕ ਵਿਚ ਸੀਸ ਤੇ ਧੜ ਪਿਆ ਰਹਿਣ ਦਿੱਤਾ ਤੇ ਢੰਡੋਰਾ ਪਿਟਵਾ ਦਿੱਤਾ ਕਿ ਜੇਕਰ ਕੋਈ ਗੁਰੂ ਦਾ ਸਿੱਖ ਹੈ ਤਾਂ ਉਹ ਸੀਸ ਤੇ ਧੜ ਉਠਾ ਲਵੇ। ਸਰਕਾਰੀ ਤਸ਼ੱਦਦ ਤੋਂ ਡਰਦੇ ਕਿਸੇ ਨੇ ਗੁਰੂ ਜੀ ਦੇ ਧੜ ਤੇ ਸੀਸ ਨੂੰ ਉਠਾਉਣ ਦੀ ਹਿੰਮਤ ਨਾ ਕੀਤੀ ਤੇ ਸਭ ਸਿੱਖ ਆਪਣੇ ਆਪ ਨੂੰ ਰਾਮ ਭਗਤ ਅਖਵਾ ਕੇ ਜਾਨ ਬਚਾ ਰਹੇ ਸਨ।

ਬਾਬਾ ਜੀਵਨ ਸਿੰਘ ਜੀ ਉਸ ਦੇ ਪਿਤਾ ਭਾਈ ਸਦਾ ਨੰਦ ਜੀ ਅਤੇ ਤਾਇਆ ਭਾਈ ਆਗਿਆ ਰਾਮ ਜੀ ਨੇ ਸੀਸ ਅਤੇ ਧੜ ਚੁੱਕਣ ਦੀ ਵਿਉਂਤ ਬਣਾ ਲਈ। ਵਿਉਂਤ ਮੁਤਾਬਿਕ ਭਾਈ ਸਦਾ ਨੰਦ ਨੇ ਆਪਣਾ ਸੀਸ ਆਪਣੀ ਹੀ ਤਲਵਾਰ ਨਾਲ ਕੱਟ ਦਿੱਤਾ। ਧੰਨ ਸਿੱਖੀ, ਧੰਨ ਗੁਰੂ ਦਾ ਪਿਆਰ! ਗੁਰੂ ਜੀ ਦੀ ਪ੍ਰੀਤ ਹਿਤ ਪਿਤਾ ਵਾਰ ਦਿੱਤਾ ਅਤੇ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਗਏ। ਸਤਿਗੁਰੂ ਜੀ ਦਾ ਸੀਸ ਵੇਖ ਕੇ ਸੰਗਤਾਂ ਵਿਆਕੁਲ ਹੋ ਗਈਆਂ। ਉਹਨਾਂ ਦੇ ਮਨ ਵਿਚ ਕ੍ਰੋਧ ਇਉਂ ਪੈਦਾ ਹੋ ਗਿਆ ਜਿਵੇਂ ਅੰਦਰ ਜ਼ਹਿਰ ਦੇ ਰੁੱਖ ਉਗ ਆਏ ਹੋਣ।

ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਰੱਖਣ ਦਾ ਉਪਦੇਸ਼ ਦਿੱਤਾ ਤੇ ਬਾਬਾ ਜੀ ਨੂੰ ਗਲਵੱਕੜੀ ਵਿਚ ਲੈ ਆਪਣਾ ਬੇਟਾ ਆਖਿਆ।

ਗੁਰੂ ਜੀ ਦੇ ਸੀਸ ਦਾ ਸਸਕਾਰ ਗੁਰ ਮਰਯਾਦਾ ਅਨੁਸਾਰ ਕਰਨ ਉਪ੍ਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਮਨ ਵਿਚ ਵਿਚਾਰਾਂ ਕੀਤੀਆਂ ਕਿ ਇਹ ਸਭ ਕੁਝ ਕਿਉਂ ਹੋਇਆ? ਸਿੱਖਾਂ ਨੇ ਸਤਿਗੁਰੂ ਦੇ ਪਾਵਨ ਸੀਸ ਨੂੰ ਓਥੋਂ ਉਠਾਉਣ ਤੇ ਆਦਰ ਸਹਿਤ ਸਸਕਾਰ ਕਰਨ ਲਈ ਕਿਉਂ ਹਿੰਮਤ ਨਾ ਕੀਤੀ? ਤੁਰਕਾਂ ਨੇ ਸਿੱਖਾਂ ਨੂੰ ਕਿਉਂ ਨਹੀਂ ਪਛਾਣਿਆ? ਸਿੱਖਾਂ ਦੇ ਮਨ ਵਿਚ ਕਿਉਂ ਸ਼ਰਮ ਪੈਦਾ ਨਹੀਂ ਹੋਈ? ਇਤਿਆਦਿ।

ਗੁਰੂ ਜੀ ਨੇ ਫਿਰ ਫ਼ੈਸਲਾ ਕੀਤਾ ਕਿ ਮੈਂ ਸਿੱਖੀ ਸਰੂਪ ਵਿਚ ਅਜਿਹੀ ਅਹਿਮ ਤਬਦੀਲੀ ਕਰਾਂਗਾ ਕਿ ਜਿਸ ਦੀ ਪਛਾਣ ਲੱਖਾਂ ਕ੍ਰੋੜਾਂ ਵਿਚੋਂ ਆਪ ਮੁਹਾਰੇ ਹੋਇਆ ਕਰੇਗੀ ਕਿ ਉਹ ਗੁਰੂ ਦਾ ਸਿੱਖ ਹੈ।

ਕਿੰਨੇ ਦਿਨ ਦਮਦਮੇ ਵਿਚ ਬੈਠ ਕੇ ਸਤਿਗੁਰੂ ਜੀ ਨੇ ਵਿਚਾਰ ਕਰਨ ਉਪ੍ਰੰਤ ਘਿਓ ਆਦਿ ਸਮੱਗਰੀ ਨੂੰ ਅਗਨੀ ਦਿੱਤੀ। ਅੱਗ ਦੀ ਲਾਟ ਬਹੁਤ ਉਚੀ ਉਠੀ। ਗੁਰੂ ਜੀ ਨੰਗੀ ਤਲਵਾਰ ਹੱਥ ਵਿਚ ਲੈ ਕੇ ਦਮਦਮੇ ਵਿਚੋਂ, "ਜੈ ਤੇਗੰ, ਜੈ ਤੇਗੰ" ਉਚਾਰਦੇ ਦੀਵਾਨ ਵਿਚ ਆ ਗਏ ਤੇ ਕਹਿਣ ਲੱਗੇ, "ਇਕ ਸੀਸ ਦੀ ਜ਼ਰੂਰਤ ਹੈ।" ਇਕ ਸੇਵਕ ਹੱਥ ਜੋੜ ਕੇ ਖੜ੍ਹਾ ਹੋ ਗਿਆ। ਆਪ ਉਸਨੂੰ ਬਾਂਹ ਤੋਂ ਪਕੜ ਕੇ ਤੰਬੂ ਵਿਚ ਲੈ ਗਏ ਤੇ ਫਿਰ ਇਵੇਂ ਹੀ ਪੰਜ ਸਿੱਖਾਂ ਨੂੰ ਤੰਬੂ ਵਿਚ ਲੈ ਗਏ। ਕਾਫ਼ੀ ਦੇਰ ਤਕ ਸਤਿਗੁਰੂ ਤੇ ਕੋਈ ਸਿੱਖ ਤੰਬੂ ਤੋਂ ਬਾਹਰ ਨਾ ਨਿਕਲਿਆ ਤਾਂ ਸਿੱਖਾਂ ਵਿਚ ਘੁਸਰ-ਮੁਸਰ ਹੋਣ ਲੱਗੀ ਕਿ ਸਤਿਗੁਰੂ ਨੇ ਪੰਜ ਸਿੱਖ ਮਾਰ ਮੁਕਾਏ ਹਨ।

ਫਿਰ ਹੌਲੀ ਹੌਲੀ ਕੱਚੇ ਸਿੱਖ ਬਾਹਰ ਖਿਸਕਣ ਲੱਗੇ ਪਰ ਸਿਦਕਵਾਨ ਟਿਕੇ ਰਹੇ। ਫਿਰ ਮੰਚ ’ਤੇ ਸਤਿਗੁਰੂ ਜੀ ਸਿੱਖਾਂ ਨੂੰ ਸਿੰਘ ਸਜਾ ਕੇ ਲੈ ਆਏ।

ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਵਿਚ ਬੈਠ ਕੇ ਉਹਨਾਂ ਸਿੱਖਾਂ ਨੂੰ ਰਹਿਤਾਂ-ਕੁਰਹਿਤਾਂ ਬਾਰੇ ਸਮਝਾਇਆ। ਸਤਿ ਸੰਗਤ ਵਿਚ ਬੈਠੇ ਸਿੱਖ ਦੁਚਿੱਤੀ ਵਿਚ ਸਨ ਕਿ ਇਹ ਸਿੱਖ ਮੁੜ ਜੀਵਤ ਕਿਵੇਂ ਹੋ ਗਏ! ਪਰ ਇਹ ਰਹੱਸ ਹੈ। ਗੁਰੂ ਜੀ ਦੇ ਕੌਤਕ ਦਾ ਭੇਦ ਕੌਣ ਪਾ ਸਕਦਾ ਹੈ?

ਇਸ ਤਰ੍ਹਾਂ ਸਤਿਗੁਰੂ ਜੀ ਨੇ ਖ਼ਾਲਸਾ ਸਾਜਣ ਦਾ ਕੌਤਕ ਕੀਤਾ। ਖ਼ਾਲਸਾ ਸਾਜਣ ਵੇਲੇ ਬਾਬਾ ਜੀ ਗੁਰੂ ਜੀ ਦੇ ਕੌਤਕ ਨੂੰ ਕੌਤਕ ਵਜੋਂ ਪੇਸ਼ ਕਰਦਿਆਂ ਡੂੰਘੇ ਰਹੱਸਵਾਦੀ ਮਹਾਂਪੁਰਸ਼ ਨਜ਼ਰੀਂ ਪੈਂਦੇ ਹਨ। ਪੰਜ ਸਿੱਖਾਂ ਨੂੰ ਤੰਬੂ ਵਿਚ ਲਿਜਾਣ ਅਤੇ ਮੁੜ ਜੀਵਤ ਕਰਨ ਬਾਰੇ ਲੋਕਾਂ ਨੇ ਕਈ ਕਲਪਨਾਵਾਂ ਕੀਤੀਆਂ ਹਨ। ਪਰ ਗੁਰੂ ਦਰਬਾਰ ਵਿਚ ਹਾਜ਼ਰ ਅਤਿ ਪਿਆਰਾ, ਨਿਕਟਵਰਤੀ, ਗੁਰੂ ਕਾ ਬੇਟਾ ਪ੍ਰਚੱਲਤ ਵਿਚਾਰਾਂ ਨਾਲੋਂ ਵੱਖਰੀ ਗੱਲ ਕਰਦਾ ਹੈ। ਇਹ ਤਾਂ ਗੁਰੂ ਦਾ ਕੌਤਕ ਸੀ। ਇਸ ਦਾ ਥਹੁ ਕੌਣ ਪਾ ਸਕਦਾ ਹੈ! ਬਾਬਾ ਜੀ ਦੱਸਦੇ ਹਨ ਕਿ ਗੁਰੂ ਸਾਹਿਬ ਦੀ ਸਿਰਾਂ ਦੀ ਮੰਗ ਚਿੰਨ੍ਹਾਤਮਿਕ ਸੀ, ਜਿਸ ਦਾ ਇਹ ਭਾਵ ਸੀ ਕਿ ਗੁਰੂ ਲੇਖੇ ਲੱਗਾ ਸੀਸ ਤਲਵਾਰ ਲੇਖੇ ਲੱਗਾ ਸੀਸ ਜਾਣਿਆ ਜਾਵੇ। ਇਸ ਤੋਂ ਆਪ ਦੀ ਗੁਰੂ ਸ਼ਰਧਾ ਤੇ ਲੰਮੀ ਨਦਰ ਦਾ ਅਹਿਸਾਸ ਹੁੰਦਾ ਹੈ। ਬਾਬ ਜੀ ਨੇ ਗੁਰੂ ਦਰਬਾਰ ਵਿਚ ਰਹਿੰਦਿਆਂ ਸਭ ਕੁਝ ਅੱਖੀਂ ਵੇਖਿਆ। ਉਹਨਾਂ ਨੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਆਪਣੀ ਰਚਨਾ ਵਿਚ ਅੰਕਤ ਕੀਤੀ ਹੈ ਜੋ ਹਮੇਸ਼ਾਂ ਸਤਿਕਾਰੀ ਜਾਵੇਗੀ। ਆਪ ਨੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਬਾਰੇ ਦੱਸਦਿਆਂ ਅੱਖਾਂ ਸਾਹਮਣੇ ਇਕ ਚਿੱਤਰ ਹੀ ਬਣਾ ਕੇ ਰੱਖ ਦਿੱਤਾ ਹੈ। ਇਹ ਇਤਿਹਾਸਕ ਪੱਖੋਂ ਅਹਿਮ ਜਾਣਕਾਰੀ ਹੈ।

ਅੰਮ੍ਰਿਤ ਤਿਆਰ ਕਰਨ ਦੀ ਵਿਧੀ:
ਬਾਬਾ ਜੀ ਨੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਇਉਂ ਲਿਖੇ ਅਨੁਸਾਰ ਵਰਨਣ ਕੀਤੀ ਹੈ: ਜਦੋਂ ਅੰਮ੍ਰਿਤ ਛਕਣ ਦੇ ਅਭਿਲਾਖੀ ਸਿੱਖ ਆਉਣ ਤਾਂ ਪੰਜ ਅੰਮ੍ਰਿਤਧਾਰੀ ਸਿੱਖਾਂ ਨੂੰ ਚੁਣਨਾ ਚਾਹੀਦਾ ਹੈ ਜੋ ਅੰਮ੍ਰਿਤ ਤਿਆਰ ਕਰਨ। ਉਹ ਸਣੇ ਕੇਸੀਂ ਇਸ਼ਨਾਨ ਕਰਨ; ਸਵੱਛ ਬਸਤਰ ਧਾਰਨ ਕਰਨ। ਫਿਰ ਧਰਤੀ ਉਪਰ ਕੰਬਲ ਵਿਛਾਇਆ ਜਾਵੇ ਜਿਸ ਉਪਰ ਉਹ ਪੰਜੇ ਆਸਣ ਗ੍ਰਹਿਣ ਕਰਨ। ਲੋਹੇ ਦਾ ਬਾਟਾ ਉਸ ਕੰਬਲ ਉਪਰ ਰੱਖ ਕੇ ਉਸ ਵਿਚ ਜਲ ਪਾ ਲੈਣ ਤੇ ਆਪਣੀ ਨਜ਼ਰ ਉਸ ਬਾਟੇ ਵਿਚ ਟਿਕਾਉਣ। ਅੰਮ੍ਰਿਤ ਅਭਿਲਾਸ਼ੀ ਸਿੱਖਾਂ ਨੂੰ ਪੰਜ ਕਕਾਰ ਪਵਾ ਕੇ ਸਾਹਮਣੇ ਬਿਠਾ ਲੈਣ ਤੇ ਸਰਬਲੋਹ ਦੇ ਬਾਟੇ ਵਿਚ ਜਲ ਵਿਚ ਪਤਾਸੇ ਪਾ ਕੇ ਬੀਰ ਆਸਣ ਗ੍ਰਹਿਣ ਕਰੇ ਹੱਥ ਵਿਚ ਖੰਡਾ ਲੈ ਕੇ ਇਕ ਸਿੰਘ ਬਾਟੇ ਵਿਚ ਖੰਡਾ ਫੇਰੇ ਤੇ ਨਾਲ ਨਾਲ ਜਪੁਜੀ ਸਾਹਿਬ ਦਾ ਪਾਠ ਕਰੇ। ਦੂਜਾ ਹੱਥ ਬਾਟੇ ਉਪਰ ਰੱਖੇ। ਪੰਜਾਂ ਵਿਚੋਂ ਜੋ ਦੂਸਰੇ ਚਾਰੇ ਹਨ ਉਹ ਵੀ ਬਾਟੇ ’ਤੇ ਹੱਥ ਰੱਖਣ ਤੇ ਆਪਣੀ ਆਪਣੀ ਵਾਰੀ ਤੇ ਪੰਜਾਂ ਬਾਣੀਆਂ ਦਾ ਪਾਠ ਕਰਨ। ਉਹ ਪੰਜ ਬਾਣੀਆਂ ਹਨ - ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਈਏ, ਚੌਪਈ ਅਤੇ ਅਨੰਦ ਸਾਹਿਬ। ਇਉਂ ਪੰਜ ਬਾਣੀਆਂ ਦੇ ਪਾਠ ਸੰਪੂਰਨ ਹੋਣ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਂਦਾ ਹੈ। ਫਿਰ ਹਰ ਅੰਮ੍ਰਿਤ ਅਭਿਲਾਖੀ ਦੇ ਪੰਜ ਚੁਲੇ ਮੂੰਹ ਵਿਚ, ਪੰਜ ਚੁਲੇ ਕੇਸਾਂ ਵਿਚ, ਪੰਜ ਚੁਲੇ ਅੱਖਾਂ ਵਿਚ ਪਾਏ ਜਾਣ। ਹਰ ਵਾਰ ਚੁਲੇ ਨਾਲ ਅੰਮ੍ਰਿਤ ਜਾਚਕ ਵਾਹਿਗੁਰੂ ਜੀ ਕੀ ਫ਼ਤਿਹ ਗੱਜਾਵੇ। ਇਕੋ ਬਾਟੇ ਵਿਚੋਂ ਸਾਰੇ ਅੰਮ੍ਰਿਤ ਛਕਣ। ਫਿਰ ਉਹਨਾਂ ਪੰਜਾਂ ਸਿੰਘਾਂ ਵਿਚੋਂ ਇਕ ਜਾਂ ਮੁਖੀ ਸਿੰਘ ਅੰਮ੍ਰਿਤ ਪਾਨ ਕਰਨ ਵਾਲਿਆਂ ਨੂੰ ਰਹਿਤ ਮਰਯਾਦਾ ਬਾਰੇ ਦੱਸੇ। ਇਸ ਉਪ੍ਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਫਿਰ ਸਭ ਨੂੰ ਇਕੱਠੇ ਬਿਠਾ ਕੇ ਇਕ ਬਰਤਨ ਵਿਚ ਲੰਗਰ ਪਾਣੀ ਛਕਾਇਆ ਜਾਵੇ।

ਪੰਜ ਕਕਾਰ:
ਬਾਬਾ ਜੀਵਨ ਸਿੰਘ ਜੀ ਸਿੱਖ ਧਰਮ ਵਿਚ ਪੰਜ ਦੀ ਮਹੱਤਤਾ ਸਵੀਕਾਰ ਕਰਦੇ ਹਨ। ਪੰਚ ਪਰਵਾਨ ਤੇ ਪੰਚ ਪਰਧਾਨ; ਤੇ ਫਿਰ ਦੱਸਦੇ ਹਨ ਪੰਜ ਕਕਾਰ ਸਿੱਖ ਹਰ ਹਾਲਤ ਵਿਚ ਧਾਰਨ ਕਰੇ। ਉਹ ਕਕਾਰ ਹਨ: ਕ੍ਰਿਪਾਨ, ਕੜਾ, ਕੱਛ (ਕਛਹਿਰਾ), ਕੇਸ ਤੇ ਕੰਘਾ। ਇਹ ਪੰਜ ਕਕਾਰ ਜੋ ਸਤਿਗੁਰੂ ਨੇ ਦਿੱਤੇ ਹਨ, ਇਹ ਪੰਜ ਵਿਕਾਰਾਂ ਦਾ ਨਾਸ ਕਰਦੇ ਹਨ ਤੇ ਸਤਿਗੁਰੂ ਜੀ ਨੂੰ ਇਹ ਪੰਜ ਕਕਾਰ ਬੜੇ ਹੀ ਪਿਆਰੇ ਹਨ।

ਰਹਿਤ ਮਰਯਾਦਾ:
ਬਾਬਾ ਜੀਵਨ ਸਿੰਘ ਜੀ ਨੇ ਸਿੱਖਾਂ ਦੀ ਰਹਿਤ ਬਾਰੇ ਬੜੇ ਹੀ ਵਿਸਥਾਰ ਨਾਲ ਲਿਖਿਆ ਹੈ ਤੇ ਪੂਰਨ ਗੁਰਸਿੱਖ ਜਾਂ ਖ਼ਾਲਸਾ ਬਣਨ ਲਈ ਕੇਹੜੇ ਕੇਹੜੇ ਨਿਯਮ ਅਪਣਾਏ ਜਾਣੇ ਚਾਹੀਦੇ ਹਨ, ਉਹਨਾਂ ਦੀ ਵਿਆਖਿਆ ਕੀਤੀ ਹੈ।

 1. ਹਿਰਦੇ ਵਿਚ ਰੱਬ ਦਾ ਧਿਆਨ ਧਾਰਨ ਕਰੇ ਤੇ ਮਨ ਵਿਚ ਯੁੱਧ ਚਿਤਾਰੇ। ਯੁੱਧ ਤੋਂ ਭਾਵ ਧਰਮ ਯੁੱਧ ਹੈ।
 2. ਜਦੋਂ ਕੋਈ ਦੁਖੀ, ਦੀਨ, ਮਜ਼ਲੂਮ ਆ ਕੇ ਸਹਾਇਤਾ ਲਈ ਬੇਨਤੀ ਕਰੇ ਤਾਂ ਆਪਣੇ ਨਿਜੀ ਆਰਾਮ, ਸੁਖ, ਚੈਨ, ਆਨੰਦ ਨੂੰ ਤੁਰੰਤ ਤਿਆਗ ਕੇ ਉਸਦੀ ਸਹਾਇਤਾ ਲਈ ਚੱਲ ਪਵੇ।
 3. ਜਾਤ-ਸੁਜਾਤ ਦਾ ਵਿਚਾਰ ਨਾ ਕਰੇ। ਸਾਰੀ ਮਨੁੱਖ ਜਾਤੀ ਨੂੰ ਪਰਮਾਤਮਾ ਦੇ ਬੱਚੇ ਕਰਕੇ ਜਾਣੇ।
 4. ਬ੍ਰਾਹਮਣੀ ਰੀਤ ਰਿਵਾਜ ਕਰਮ ਕਾਂਡ, ਪੂਜਾ ਪਾਠ ਦਾ ਤਿਆਗ ਕਰੇ। ਗੁਰਮਤਿ ਅਨੁਸਾਰ ਚੱਲੇ। ਫਿਰ ਮੁਕਤੀ ਪ੍ਰਾਪਤ ਹੋ ਜਾਵੇਗੀ।
 5. ਸਰੀਰ ’ਤੇ ਪਿਆਰ ਸਹਿਤ ਸ਼ਸਤਰ ਸਜਾਵੇ ਜੋ ਪਰਮਾਤਮਾ ਦੇ ਸੁੰਦਰ ਚਿੰਨ੍ਹ ਹਨ। ਬਿਨਾ ਸ਼ਸਤਰ ਬੰਦਾ ਗਿੱਦੜ ਹੀ ਰਹਿ ਜਾਂਦਾ ਹੈ। ਸ਼ਸਤਰਧਾਰੀ ਖ਼ਾਲਸਾ ਜਪ, ਤਪ, ਸਤ, ਸੰਜਮ ਆਦਿ ਸ਼ਸਤਰਾਂ ਤੋਂ ਪ੍ਰਾਪਤ ਕਰਦਾ ਹੈ ਤੇ ਹਮੇਸ਼ਾਂ ਤਪ ਸਾਧਨਾ ਵਿਚ ਲੱਗਿਆ ਰਹਿੰਦਾ ਹੈ।
 6. ਕਦੇ ਆਪਣੇ ਰੋਮਾਂ ਭਾਵ ਕੇਸਾਂ ਦੀ ਬੇਅਦਬੀ ਨਾ ਕਰੇ। ਉਹ ਔਜ਼ਾਰ ਜਿਸ ਨਾਲ ਕੇਸ ਕਤਲ ਹੋ ਸਕਦੇ ਹਨ, ਨੂੰ ਕਦੇ ਕੇਸਾਂ ਨੂੰ ਨਾ ਲੱਗਣ ਦੇਵੇ।
 7. ਦਸਤਾਰ ਸਜਾ ਕੇ ਰੱਖੇ।
 8. ਨੱਕ ਕੰਨ ਨਾ ਵਿਨ੍ਹਾਵੇ।
 9. ਜਦੋਂ ਸਿੱਖ ਮਿਲੇ ਤਾਂ ਵਾਹਿਗੁਰੂ ਜੀ ਕੀ ਫ਼ਤਿਹ ਗਜਾਵੇ ਤੇ ਪ੍ਰਸ਼ਾਦਾ ਤਿਆਰ ਹੋ ਜਾਵੇ ਤਾਂ ਆਪ ਖਾਣ ਤੋਂ ਪਹਿਲਾਂ ਗ਼ਰੀਬਾਂ ਜਾਂ ਭੁੱਖਿਆਂ ਲੋਕਾਂ ਨੂੰ ਛਕਾਵੇ।
 10. ਹੁੱਕਾ, ਕੁੱਠਾ, ਚਰਸ, ਤਮਾਕੂ ਆਦਿ ਨਸ਼ੀਲੀਆਂ ਤੇ ਮਾੜੀਆਂ ਵਸਤਾਂ ਨੂੰ ਕਦੇ ਭੁੱਲ ਕੇ ਵੀ ਹੱਥ ਨਾ ਲਗਾਵੇ। ਹੁੱਕਾ ਪੀਣ ਵਾਲੇ ਨਾਲ ਸਾਂਝ ਨਾ ਬਣਾਵੇ ਤੇ ਲਾਲ ਸੂਹਾ ਕੱਪੜਾ ਅਤੇ ਨਸਵਾਰ ਨੂੰ ਹਮੇਸ਼ਾ ਲਈ ਤਿਆਗ ਦੇਵੇ।
 11. ਹਮੇਸ਼ਾਂ ਚੰਗੇ ਸਿੰਘਾਂ ਦੀ ਸੰਗਤ ਕਰੇ ਤੇ ਸਿੱਖੀ ਤੋਂ ਪਤਿਤ ਨਾਲ ਬਿਲਕੁਲ ਪਿਆਰ ਨਾ ਪਾਵੇ।
 12. ਆਪਣੀ ਪਤਨੀ ਨਾਲ ਹੀ ਪਿਆਰ ਕਰੇ। ਪਰਾਈ ਬਹੂ-ਬੇਟੀ ਨੂੰ ਆਪਣੀ ਮਾਤਾ ਭੈਣ ਸਮਾਨ ਜਾਣੇ।
 13. ਬ੍ਰਾਹਮਣੀ ਕਰਮ ਕਾਂਡ- ਅਰਪਣ, ਪੂਜਾ, ਸੁੱਖਾਂ ਮੰਗਣੀਆਂ, ਤਰਪਣ, ਪੁੱਛਾਂ ਲੈਣੀਆਂ, ਵਰਤ ਆਦਿ ਸਭ ਨੂੰ ਖ਼ਾਲਸਾ ਤਿਆਗ ਦੇਵੇ। ਸ਼ਗਨ, ਮਹੂਰਤ, ਜੰਤਰ, ਮੰਤਰ, ਤੰਤਰ ਆਦਿ ਵਿਚ ਨਾ ਭਰਮੇ। ਸ਼ਰਾਧ ਖ਼ਾਲਸੇ ਨੂੰ ਮਨ੍ਹਾ ਹਨ। ਰਾਸ਼ੀ, ਗ੍ਰਹਿ ਦਾ ਵਿਚਾਰ ਨਾ ਕਰੇ।
 14. ਝੂਠ, ਕਪਟ, ਛਲ, ਚੋਰੀ, ਜਾਰੀ, ਨਿੰਦਿਆ, ਜੂਆ ਅਨਿਆਂ ਆਦਿ ਸਭ ਦਾ ਸਿੱਖ ਤਿਆਗ ਕਰੇ।
 15. ਲੋਕ ਮੱਤ ਦੇ ਉਲਟ ਬਾਬਾ ਜੀਵਨ ਸਿੰਘ ਨੇ ਖੇਤੀ ਦੀ ਬਜਾਏ ਵਾਪਾਰ ਨੂੰ ਉਤਮ ਕਿਰਤ ਮੰਨਿਆ ਹੈ। ਵਾਪਾਰ ਵੀ ਇਮਾਨਦਾਰੀ ਨਾਲ ਕਰੇ। ਦੂਜੇ ਦਰਜੇ ਦਾ ਕੰਮ ਖੇਤੀਬਾੜੀ ਮੰਨਿਆ ਹੈ। ਸਿੱਖ ਨੂੰ ਦਸਾਂ ਨੌਹਾਂ ਦੀ ਕਿਰਤ ਕਰਨ ਲਈ ਹਦਾਇਤ ਕੀਤੀ ਹੈ। ਖ਼ਾਲਸੇ ਨੂੰ ਅੱਵਲ ਤਾਂ ਚਾਕਰ ਬਣਨਾ ਹੀ ਨਹੀਂ ਚਾਹੀਦਾ ਤੇ ਜੇਕਰ ਮਜਬੂਰੀ ਵੱਸ ਕਰਨੀ ਹੀ ਪਵੇ ਤਾਂ ਫ਼ੌਜ ਵਿਚ ਨੌਕਰੀ ਕਰੇ।
 16. ਕੇਵਲ ਅਕਾਲ ਪੁਰਖ ਨੂੰ ਮੰਨੇ ਤੇ ਉਸ ਨੂੰ ਨਮਸਕਾਰ ਕਰੇ। ਹੋਰ ਕਿਸੇ ਦੇਵੀ ਦੇਵਤੇ ਨੂੰ ਸੀਸ ਨਾ ਝੁਕਾਵੇ।
 17. ਖ਼ਾਲਸਾ ਪਰਾਏ ਧਨ, ਪਰਾਈ ਇਸਤਰੀ 'ਤੇ ਕਦੇ ਅੱਖ ਨਾ ਰੱਖੇ।
 18. ਕਿਸੇ ਹੋਰ ਦਾ ਹੱਕ ਬਿਲਕੁਲ ਨਾ ਮਾਰੇ।
 19. ਨਿਹੱਥੇ ’ਤੇ ਵਾਰ ਨਾ ਕਰੇ। ਕਿਸੇ ’ਤੇ ਪਿਛਿਉਂ ਜਾਂ ਪਿੱਠ ’ਤੇ ਵਾਰ ਨਾ ਕਰੇ।
 20. ਮੜ੍ਹੀ, ਮਸਾਣੀ, ਗੋਰ, ਕਬਰ, ਬੁੱਤ ਆਦਿ ਨੂੰ ਖ਼ਾਲਸਾ ਭੁੱਲ ਕੇ ਵੀ ਮੱਥਾ ਨਾ ਟੇਕੇ।
 21. ਜੋ ਸਿੱਖ ਆਪਣੇ ਆਪ ਨੂੰ ਪ੍ਰਿਤਪਾਲਕ ਜਾਣਦਾ ਹੈ ਉਹ ਮੂੜ੍ਹ ਹੈ; ਖ਼ਾਲਸਾ ਉਸ ਤੋਂ ਪ੍ਰਸ਼ਾਦ ਨਾ ਛਕੇ। ਆਪਣੇ ਇਸ਼ਟ ਬਿਨਾ ਕਿਸੇ ਹੋਰ ਦਾ ਪ੍ਰਸ਼ਾਦ ਨਾ ਛਕੇ ਕਿਉਂਕਿ ਅਜਿਹਾ ਕਰਨ ਨਾਲ ਮੱਤ ਭ੍ਰਿਸ਼ਟ ਹੋ ਜਾਂਦੀ ਹੈ।
 22. ਖ਼ਾਲਸਾ ਘੱਟ ਖਾਵੇ। ਘੱਟ ਸੌਵੇਂ ਤੇ ਲਾਲਚ ਵੱਸ ਕਦੇ ਵੀ ਜ਼ਿਆਦਾ ਨਾ ਛਕੇ। ਪ੍ਰਸ਼ਾਦ ਜਿਹੋ ਜਿਹਾ ਮਰਜ਼ੀ ਬਣਿਆ ਹੋਵੇ, ਸ਼ਰਧਾ ਸਹਿਤ ਛਕ ਲਵੇ ਤੇ ਕਦੇ ਭੁੱਲ ਕੇ ਵੀ ਪ੍ਰਸ਼ਾਦ ਦੀ ਨਿੰਦਿਆ ਨਾ ਕਰੇ। ਇਸ ਨੂੰ ਵਾਹਿਗੁਰੂ ਦੀ ਦੇਣ ਕਰਕੇ ਪ੍ਰਵਾਨ ਕਰੇ।
 23. ਉਹ ਖਾਣਾ-ਪੀਣਾ ਸਭ ਪਵਿੱਤਰ ਹੈ ਜੋ ਸਰੀਰ ਦੇ ਮਾਫਕ ਹੋਵੇ। ਸਭ ਅੰਨ ਪਵਿਤਰ ਹੈ।
 24. ਜਦੋਂ ਸਿੰਘ/ਖ਼ਾਲਸਾ ਸਰੀਰ ਤਿਆਗੇ ਤਾਂ ਉਸ ਦਾ ਸੋਗ ਨਾ ਮਨਾਇਆ ਜਾਵੇ ਕਿਉਂਕਿ ਇਹ ਵਾਹਿਗੁਰੂ ਦੇ ਭਾਣੇ ਵਿਚ ਹੀ ਹੁੰਦਾ ਹੈ। ਸਰੀਰ ਤਿਆਗਣ ਉਪ੍ਰੰਤ ਦੇਹ ਨੂੰ ਮੰਜੇ ’ਤੇ ਹੀ ਰਹਿਣ ਦਿੱਤਾ ਜਾਵੇ; ਭੁੰਜੇ ਧਰਤੀ ’ਤੇ ਨਾ ਲਿਟਾਇਆ ਜਾਵੇ। ਇਸ ਨੂੰ ਹਰਿ ਦਾ ਹੁਕਮ ਮੰਨੇ ਤੇ ਜਿਸ ਚੀਜ਼ ਨੂੰ ਮਨ ਮੰਨੇ, ਛਕ ਲਵੇ। ਸੂਤਕ ਪਾਤਕ ਦਾ ਵਿਚਾਰ ਨਾ ਕਰੇ। ਐਸੀ ਘੜੀ ਵਿਚ ਮਨ ਵਿਚ ਪਰਮਾਤਮਾ ਦਾ ਨਾਮ ਜਪੇ ਤੇ ਉਸ ਦੀ ਕੀਰਤੀ ਗਾਵੇ।

ਆਉ ਹੁਣ ਉਹਨਾਂ ਪੰਜ ਸਵੱਈਆਂ ’ਤੇ ਝਾਤੀ ਮਾਰੀਏ ਜਿਨ੍ਹਾਂ ਵਿਚ ਭਾਈ ਜਯਤਾ ਜੀ ਨੇ ਇਸ ਵਾਕਿਆ ਦਾ ਵਰਨਣ ਕੀਤਾ ਹੈ। ਇਹ ਉਹਨਾਂ ਦੁਆਰਾ ਰਚਿਤ ਗ੍ਰੰਥ 'ਸ੍ਰੀ ਗੁਰ ਕਥਾ' ਵਿਚ, ਸਵੱਈਏ 56 ਤੋਂ 60 ਤੱਕ ਵਿਚ ਦੱਸਿਆ ਹੈ। ਇਹ ਪੁਸਤਕ 'ਗੁਰੂ ਕੇ ਬੇਟੇ' ਪੰਨਾ 390, 392 ਉਪਰ ਅੰਕਤ ਹੈ।

1
ਆਇ ਜੁਰੇ ਦਮਦਮਹਿ ਸੁ ਸਿੱਖ ਗਨ, ਸਤਿਗੁਰ ਬੀਚ ਦੀਵਾਨ ਸੁਹਾਯੋ॥
ਧੂਹ ਕ੍ਰਿਪਾਨ ਖੋੜਿ ਤੇ ਬਾਹਰ, ਸੀਖਨ ਕਉ ਮੁੱਖ ਐਸ ਅਲਾਯੋ॥
ਕੋਊ ਸਿੱਖ ਹੋਇ ਤਉ ਦੀਜੈ, ਸੀਸ ਮੋਹਿ ਅਬ ਹੀ ਫੁਰਮਾਯੋ॥
ਦੋਇ ਕਰ ਜੋਰ ਉਠਯੋ ਇਕ ਸੇਵਕ, ਬਿਨਤੀ ਕਰ ਉਰ ਹਰਖ ਮਨਾਯੋ॥56॥

2
ਦੀਨ ਦਿਆਲ ਕ੍ਰਿਪਾ ਕੈ ਸਾਗਰ, ਮਮ ਸਿਰ ਕਉ ਨਿਜ ਲੇਖੇ ਪਾਯੋ॥
ਸਤਿਗੁਰ ਬਾਂਹਿ ਪਕਰ ਤਿਸ ਸਿਖ ਕਉ, ਨਿਕਟ ਤੰਬੂ ਮਹਿ ਜਾਇ ਬਿਠਾਯੋ॥
ਫੁਨ ਦੀਵਾਨ ਮਹਿ ਐਸ ਉਚਾਰਾ, ਅਵਰ ਏਕੁ ਕੋਇ ਸੀਸ ਲਗਾਯੋ॥
ਪੁਨ ਇਕ ਸਿੱਖ ਕਹੀ ਕਰ ਜੋਰੈ, ਸਤਿਗੁਰ ਸੇਵ ਮੋਹਿ ਏਹੁ ਭਾਯੋ॥57॥

3
ਤਿਹ ਭਿ ਸਤਿਗੁਰ ਬਾਂਹਿ ਪਕਰ ਕਰ, ਤੰਬੂ ਭੀਤਰ ਪਕਰ ਪਠਾਯੋ॥
ਈਵ ਹੀ ਸਤਿਗੁਰ ਪਾਂਚ ਸਿਖਨ ਕਉ, ਤੰਬੂ ਮਹਿ ਲੈ ਜਾਤ ਸੁਹਾਯੋ॥
ਕੇਤੀ ਬਾਰ ਭਈ ਸਤਿਗੁਰ ਤਉ, ਪੁਨ ਤੰਬੂ ਤੇ ਬਾਹਰ ਨਾ ਆਯੋ॥
ਖੁਸਰ ਮੁਸਰ ਸਿੱਖਨ ਮਹਿ ਹੋਇ ਕੈ, ਪਾਂਚਹੁ ਕੋ ਗੁਰ ਮਾਰ ਮੁਕਾਯੋ॥58॥

4
ਧੀਰੈ ਧੀਰੈ ਨਿਕਸਨ ਲਾਗੈ, ਜਿਹ ਸਿੱਖ ਕਾਚਾ ਨਾਮ ਧਰਾਯੋ॥
ਕਿਛ ਕਿਛ ਬੈਠ ਰਹਯੋ ਨਹਿ ਗਮਨੋ, ਕਿਵ ਗੁਰ ਘਰ ਮਹਿ ਮਾਨ ਰਹਾਯੋ॥
ਕਿਛ ਪੂਰੈ ਪ੍ਰੇਮੀ ਪਦ ਪੰਕਜ, ਬੈਠ ਰਹਯੋ ਨਹਿ ਬਾਰੀ ਆਯੋ॥
ਅਬ ਕੀ ਬਾਰ ਸੁ ਮੰਚ ਸੁਹਾਏ, ਪਾਂਚ ਸਿਖਨ ਕਉ ਸਿੰਘ ਸਜਾਯੋ॥59॥

5
ਬੀਚ ਸਭਾ ਮਹਿ ਬੈਠ ਕੇ ਸਤਿਗੁਰ, ਰਹਿਤ ਕੁਰਹਿਤ ਸਬਹਿ ਸਮਝਾਯੋ॥
ਤੇਜ ਲਿਲਾਟ ਨਿਹਾਰ ਸਿੰਘਨ ਕੇ, ਸਿੱਖ ਦੁਚਿਤੇ ਅਤਿ ਖੁਣਸਾਯੋ॥
ਪੁਨ ਕੈਸੇ ਸਿੱਖ ਜੀਵਤ ਭਏ ਹੈਂ, ਸਬਹਿਨ ਕੈ ਮਨ ਅਤਿ ਭਰਮਾਯੋ॥
ਸਰਧਾਹੀਨ ਭਏ ਅਤਿ ਬੌਨੇ, ਗੁਰ ਮਹਿਮਾ ਕੋ ਭੇਦ ਨ ਪਾਯੋ॥60॥

 

ਵੈਸਾਖੁ ਭਲਾ ..... ਗਿਆਨੀ ਸੰਤੋਖ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ, "ਵੈਸਾਖੁ ਭਲਾ ਸਾਖਾ ਵੇਸ ਕਰੇ॥" ਜਿਸ ਦਾ ਅਰਥ ਹੈ ਕਿ ਵੈਸਾਖ ਦਾ ਮਹੀਨਾ ਭਲਾ ਹੈ ਕਿਉਂਕਿ ਇਸ ਮਹੀਨੇ ਵਿਚ ਬਿਰਛਾਂ ਦੀਆਂ ਟਾਹਣੀਆਂ ਨਵਾਂ ਵੇਸ ਧਾਰਨ ਕਰਦੀਆਂ ਹਨ।

ਵੈਸਾਖ ਦੇ ਮਹੀਨੇ ਦੇ ਆਰੰਭ ਦੇ ਦਿਨ ਨੂੰ ਪੰਜਾਬ ਦੇ ਵਸਨੀਕ ਵੈਸਾਖੀ ਦੇ ਨਾਮ ਨਾਲ ਯਾਦ ਕਰਦੇ ਹਨ ਤੇ ਬੇਅੰਤ ਸਦੀਆਂ ਤੋਂ ਇਸ ਦਿਨ ਨੂੰ ਵਿਸ਼ੇਸ਼ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਨ। ਅੱਜ ਅਸੀਂ ਇਸ ਵਿਸਥਾਰ ਵਿਚ ਨਹੀ ਜਾਣਾ ਕਿ ਇਸ ਵੈਸਾਖੀ ਦੇ ਮੇਲੇ ਨੂੰ ਇਕ ਪੰਜਾਬੀ ਕਿਸਾਨ, ਸੁਨਹਿਰੀ ਭਾਹ ਮਾਰਦੇ ਆਪਣੇ ਖੇਤ ਵੇਖ ਕੇ, ਕਿਸ ਤਰ੍ਹਾਂ ਮਨਾਉਂਦਾ ਹੈ ਜਾਂ ਇਕ ਪੰਜਾਬੀ ਦੁਕਾਨਦਾਰ ਕਿਵੇਂ ਇਸ ਦਿਨ ਦੀ ਉਡੀਕ ਵਿਚ ਦਿਨ ਗਿਣ ਰਿਹਾ ਹੁੰਦਾ ਹੈ ਕਿ ਕਦੋਂ ਵੈਸਾਖੀ ਦਾ ਮੇਲਾ ਆਵੇ ਤੇ ਉਹ ਸੌਦੇ-ਪੱਤੇ 'ਚੋਂ ਚਾਰ ਪੈਸੇ ਖੱਟੇ। ਜਾਂ ਫਿਰ ਪੰਜਾਬੀ ਨਢੇ ਨਢੀਆਂ ਕਿਵੇਂ ਢੋਲਾਂ ਦੇ ਡੱਗੇ ਨਾਲ ਪੈਰ ਥਿਰਕਾਉਂਦੇ, ਲੱਕ ਲਚਕਾਉਂਦੇ ਜਾਂ ਤਾਲ ਨਾਲ ਜਵਾਨ ਸਰੀਰਾਂ ਦੇ ਅੰਗ ਮਟਕਾਉਂਦੇ ਹਨ; ਬਲਕਿ ਸਿੱਖ ਇਤਿਹਾਸ ਨਾਲ ਸਬੰਧਤ ਇਕ ਮਹਾਨ ਇਤਿਹਾਸਕ ਘਟਨਾ ਦਾ ਸੰਖੇਪ ਵਿਚ ਜ਼ਿਕਰ ਕਰਨਾ ਹੈ।

ਸਿੱਖ ਇਤਿਹਾਸ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਸਾਲ ਵਿਚ ਦੋ ਇਕੱਠ, ਗੁਰੂ ਦਰਬਾਰ ਵਿਚ, ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਦੇ ਸਮੇ ਤੋਂ ਹੀ ਪ੍ਰਚੱਲਤ ਚਲੇ ਆ ਰਹੇ ਸਨ ਜਦੋਂ ਕਿ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ, ਆਪਣੇ ਆਪਣੇ ਆਗੂਆਂ ਦੀ ਅਗਵਾਈ ਵਿਚ ਸਤਿਗੁਰੂ ਸਾਹਿਬਾਨ ਦੀ ਹਜ਼ੂਰੀ ਵਿਚ ਹਾਜਰੀ ਭਰਨ ਵਾਸਤੇ ਹਾਜਰ ਹੋਇਆ ਕਰਦੀਆਂ ਸਨ। 1699 ਦੀ ਵੈਸਾਖੀ ਤੋਂ ਪਹਿਲਾਂ ਸਤਿਗੁਰੂ ਕਲਗੀਧਰ ਪਾਤਿਸ਼ਾਹ ਜੀ ਨੇ ਉਚੇਚੇ ਹੁਕਮਨਾਮੇ ਭੇਜ ਕੇ, ਇਸ ਵਾਰ ਦੀ ਵੈਸਾਖੀ ਤੇ, ਸੰਗਤਾਂ ਨੂੰ ਹਾਜਰ ਹੋਣ ਵਾਸਤੇ ਉਚੇਚੀ ਪ੍ਰੇਰਨਾ ਕੀਤੀ। ਸਤਿਗੁਰੂ ਜੀ ਦੇ ਉਚੇਚੇ ਹੁਕਮਨਾਮੇ ਪ੍ਰਾਪਤ ਕਰਕੇ ਸੰਗਤਾਂ ਹੁਮ ਹੁਮਾ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਧਾਰੀਆਂ। ਚੌਫੇਰੇ ਗਹਿਮਾ ਗਹਿਮ ਸੀ। ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਿਛੇ ਮੈਦਾਨਾਂ ਵਿਚ ਉਚੇਚੀ ਚਹਿਲ ਪਹਿਲ ਸੀ। ਹਰ ਪਾਸੇ ਬਾਣੀ ਦੀਆਂ ਸੁਰੀਲੀਆਂ ਧੁਨਾਂ ਆਲਾਪੀਆਂ ਜਾ ਰਹੀਆਂ ਸਨ। ਅੰਮ੍ਰਿਤ ਵੇਲੇ ਦਾ ਦ੍ਰਿਸ਼ ਸੱਚਖੰਡੀ ਨਜ਼ਾਰਾ ਪੇਸ਼ ਕਰਦਾ ਸੀ। ਚੰਨ ਚਾਨਣੀ ਵਿਚ ਸਬਜ਼ ਪਹਾੜੀਆਂ, ਵਹਿੰਦੀਆਂ ਆਬਸ਼ਾਰਾਂ, ਵਲੇਵੇਂ ਖਾਂਦੀਆਂ ਮੈਦਾਨਾਂ ਵੱਲ ਨੂੰ ਦੌੜਦੀਆਂ ਨਦੀਆਂ, ਸੋਨੇ ਰੰਗੀ ਭਾਹ ਮਾਰਦੀਆਂ ਪੱਕੀਆਂ ਕਣਕਾਂ ਦੇ ਸੁਹਾਵਣੇ ਦ੍ਰਿਸ਼ ਤੱਕ ਕੇ, ਪ੍ਰਭੂ ਦੇ ਭਗਤਾਂ ਦੇ ਮੁਖੜਿਆਂ 'ਚੋਂ ਆਪ ਮੁਹਾਰੇ "ਸੁਭਾਨ ਤੇਰੀ ਕੁਦਰਤ" ਨਿਕਲਦਾ ਸੀ। ਥਾਂ ਥਾਂ ਸ਼ਾਮਿਆਨੇ, ਕਨਾਤਾਂ, ਤੰਬੂ ਆਦਿ ਲੱਗੇ ਅਲੌਕਕ ਸ਼ੋਭਾ ਪਾ ਰਹੇ ਸਨ। ਸੇਵਾਦਾਰ ਭੱਜ ਭੱਜ ਕੇ ਉਤਸ਼ਾਹ ਸਹਿਤ ਸੰਗਤਾਂ ਦੀ ਸੇਵਾ ਕਰ ਰਹੇ ਸਨ।

ਅਜਿਹੇ ਸੁਹਾਵਣੇ ਸਮੇ, ਅੰਮ੍ਰਿਤ ਵੇਲੇ 'ਆਸਾ ਕੀ ਵਾਰ' ਦੇ ਕੀਰਤਨ ਉਪ੍ਰੰਤ, ਗੁਰੂ ਜੀ ਸਟੇਜ ਪਿਛੇ ਸੁਸ਼ੋਭਤ ਤੰਬੂ ਵਿਚੋਂ ਬਾਹਰ ਨਿਕਲੇ। ਹੱਥ ਵਿਚ ਨੰਗੀ ਸ੍ਰੀ ਸਾਹਿਬ ਤੇ ਚੇਹਰੇ ਉਪਰ ਅਨੋਖਾ ਜਲਾਲ। ਸਟੇਜ ਉਪਰ ਖਲੋ ਕੇ, ਜੋਸ਼ੀਲੀ ਆਵਾਜ਼ ਵਿਚ ਬੋਲੇ, "ਮੈਨੂੰ ਇਕ ਸਿਰ ਦੀ ਲੋੜ ਹੈ। ਹੈ ਕੋਈ ਗੁਰੂ ਦਾ ਪਿਆਰਾ ਜੋ ਆਪਣਾ ਸੀਸ ਭੇਟ ਕਰੇ?" ਗੁਰੂ ਜੀ ਦਾ ਇਹ ਵਿਕੋਲਿਤਰਾ ਵਰਤਾਵ ਵੇਖ ਕੇ ਪਹਿਲਾਂ ਸੰਗਤਾਂ ਵਿਚ ਸੱਨਾਟਾ ਜਿਹਾ ਛਾ ਗਿਆ। ਕਿਸੇ ਦੀ ਸਮਝ ਵਿਚ ਨਾ ਆਇਆ ਕਿ ਕੀ ਹੋ ਰਿਹਾ ਹੈ ਤੇ ਗੁਰੂ ਜੀ ਇਹ ਕੀ ਜੱਗੋਂ ਬਾਹਰੀ ਜਿਹੀ ਮੰਗ ਕਰ ਰਹੇ ਹਨ! ਜਦੋਂ ਸਮਝ ਜਿਹੀ ਆਉਣ ਲੱਗੀ ਤਾਂ ਲੋਕੀਂ ਮੂੰਹ ਵਿਚ ਉਂਗਲਾਂ ਪਾਉਣ ਲੱਗ ਪਏ। ਜਿੰਨੇ ਮੂੰਹ ਓਨੀਆਂ ਗੱਲਾਂ। ਕੋਈ ਕੁਝ ਕਹੇ ਤੇ ਦੂਜਾ ਕੁਝ ਹੋਰ ਆਖੇ ਤੇ ਤੀਜਾ ਕੋਈ ਵੱਖਰਾ ਹੀ ਰਾਗ ਆਲਾਪੇ। ਕੋਈ ਕਿਆਸ ਲਾਵੇ ਕਿ ਮਹਾਂਰਾਜ ਦੇ ਸਿਰ ਤੇ ਦੇਵੀ ਸਵਾਰ ਹੋ ਗਈ ਹੈ। ਕੋਈ ਖਿਸਕਣ ਦੀ ਸਕੀਮ ਪਿਆ ਲੜਾਵੇ ਤੇ ਮੁਖੀ ਮਸੰਦ ਮਾਤਾ ਜੀ ਨਾਲ ਸਲਾਹ ਕਰਕੇ ਗੁਰੂ ਜੀ ਨੂੰ ਗੁਰੂਸ਼ਿਪ ਤੋਂ ਦਸਤਬਰਦਾਰ ਕਰਕੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਗੁਰੂ ਥਾਪਣ ਦੀਆਂ, ਦਿਲ ਹੀ ਦਿਲ ਵਿਚ ਗਿਣਤੀਆਂ ਪਏ ਗਿਣਨ।

ਅਜਿਹੀ ਕੱਚੇ ਪਿਲਿਆਂ ਦੀ ਮਨੋ ਮਨੀ ਉਧੇੜ ਬੁਣ ਵਿਚ, ਲਾਹੌਰ ਵਾਸੀ ਭਾਈ ਦਇਆ ਰਾਮ ਉਠਿਆ ਤੇ ਸੀਸ ਹਾਜਰ ਕਰ ਦਿਤਾ। ਪਾਤਿਸ਼ਾਹ ਨੇ ਭਾਈ ਦਇਆ ਰਾਮ ਨੂੰ ਬਾਹੋਂ ਫੜਿਆ ਅਤੇ ਤੰਬੂ ਦੇ ਅੰਦਰ ਲੈ ਗਏ। ਬਾਹਰ ਬੈਠੀ ਸੰਗਤ ਨੇ ਸੁਣਿਆ ਕਿ ਤੰਬੂ ਵਿਚੋਂ ਇਉਂ ਆਵਾਜ਼ ਆਈ ਜਿਵੇਂ ਕਿ ਤਲਵਾਰ ਦੇ ਇਕੋ ਭਰਵੇਂ ਵਾਰ ਨਾਲ ਸਿਰ ਨੂੰ ਧੜ ਤੋਂ ਅਲੱਗ ਕਰ ਦਿਤਾ ਗਿਆ ਹੋਵੇ। ਖ਼ੂਨ ਦੀ ਧਤੀਰੀ ਤੰਬੂ ਚੋਂ ਨਿਕਲਦੀ ਦਿਸੀ ਜਿਸਨੂੰ ਕੁਝ ਸੰਗਤਾਂ ਵੇਖ ਕੇ ਹੋਰ ਵੀ ਭੈ ਭੀਤ ਹੋ ਗਈਆਂ। ਲਹੂ ਲਿੱਬੜੀ ਸ੍ਰੀ ਸਾਹਿਬ ਹੱਥ ਵਿਚ ਫੜੀ ਗੁਰੂ ਜੀ ਫੇਰ ਤੰਬੂ ਤੋਂ ਬਾਹਰ ਆਏ। ਓਸੇ ਤਰ੍ਹਾਂ ਕੜਕਵੀਂ ਆਵਾਜ਼ ਵਿਚ ਇਕ ਹੋਰ ਸੀਸ ਦੀ ਮੰਗ ਕੀਤੀ। ਇਸ ਵਾਰ ਦਿੱਲੀ ਦਾ ਵਸਨੀਕ, ਭਾਈ ਧਰਮ ਦਾਸ ਉਠਿਆ। ਉਸ ਨਾਲ ਵੀ ਓਹੀ ਵਰਤਾ ਹੋਇਆ ਜੋ ਭਾਈ ਦਇਆ ਰਾਮ ਨਾਲ ਹੋਇਆ ਸੀ। ਤੀਜੀ ਵਾਰੀਂ ਦਵਾਰਕਾ ਨਿਵਾਸੀ ਭਾਈ ਮੋਹਕਮ ਚੰਦ ਜੀ ਉਠੇ। ਚੌਥੀ ਵਾਰ ਬਿਦਰ ਦੇ ਵਸਨੀਕ ਭਾਈ ਸਾਹਿਬ ਚੰਦ ਤੇ ਪੰਜਵੀਂ ਵਾਰ, ਭਾਈ ਹਿੰਮਤ ਰਾਇ ਜੀ, ਜਗਨਨਾਥ ਪੁਰੀ ਦੇ ਵਾਸੀ, ਨੇ ਹਿੰਮਤ ਕੀਤੀ।

ਪੰਜਾਂ ਨਾਲ ਹੀ ਵਾਰੀ ਵਾਰੀ ਸਤਿਗੁਰੂ ਜੀ ਨੇ ਓਹੀ ਵਰਤਾ ਕੀਤਾ। ਇਸ ਵਾਰੀਂ ਸਤਿਗੁਰੂ ਜੀ ਨੇ ਤੰਬੂ ਵਿਚੋਂ ਬਾਹਰ ਆਉਣ ਵਿਚ ਦੇਰ ਲਗਾ ਦਿਤੀ ਤੇ ਇਸ ਦੌਰਾਨ ਕਈ ਕੱਚੇ ਪਿੱਲੇ ਪੱਤਰਾ ਵਾਚ ਗਏ। ਗਿਣਤੀ ਦੇ ਸਿਦਕੀ ਹੀ, ਜਾਂ ਫਿਰ ਲੋੜੋਂ ਵਧ ਡਰਪੋਕ ਹੀ ਪੰਡਾਲ ਵਿਚ ਰਹਿ ਗਏ। ਤਾਹੀਉਂ ਖ਼ਬਰ ਕਿ ਸੰਗਤਾਂ ਵੇਖ ਕੇ ਹੈਰਾਨ ਰਹਿ ਗਈਆਂ। ਪੰਜੇ ਹੀ ਉਚੇਚੇ ਬਸਤਰਾਂ ਵਿਚ ਸਜੇ ਹੋਏ, ਗੁਰੂ ਜੀ ਦੇ ਨਾਲ, ਮੁਸਕ੍ਰਾਉਂਦੇ ਚੇਹਰਿਆਂ ਨਾਲ, ਸਟੇਜ ਤੇ ਆ ਪਰਗਟ ਹੋਏ। ਹੁਣ ਕਈਆਂ ਦੇ ਮਨਾਂ ਵਿਚ ਹੁਕਮ ਨਾ ਮੰਨਣ ਦਾ ਪਛਤਾਵਾ ਵੀ ਹੋਇਆ।

ਸਤਿਗੁਰੂ ਜੀ ਨੇ, ਪੰਜ ਬਾਣੀਆਂ ਦਾ ਪਾਠ ਕਰਦਿਆਂ ਸਰਬ ਲੋਹ ਦੇ ਬਾਟੇ ਵਿਚ ਸਰਬ ਲੋਹ ਦਾ ਖੰਡਾ ਫੇਰ ਕੇ, ਅੰਮ੍ਰਿਤ ਤਿਆਰ ਕਰਕੇ, ਪਹਿਲਾਂ ਪੰਜਾਂ ਨੂੰ ਛਕਾ ਕੇ ਫੇਰ ਆਪ ਉਹਨਾਂ ਪਾਸੋਂ ਛਕਿਆ। ਰਹਿਤਾਂ ਕੁਰਹਿਤਾਂ ਦੀ ਸਿਖਿਆ ਬਖ਼ਸ਼ ਕੇ, ਉਹਨਾਂ ਪੰਜਾਂ ਨੂੰ ਖਾਲਸੇ ਸਜਾਇਆ। ਪੰਜ ਰਹਿਤਾਂ: ਕੇਸ, ਕੰਘਾ, ਕੜਾ, ਕ੍ਰਿਪਾਨ ਤੇ ਕਛਹਿਰੇ ਦੀ ਰਹਿਤ ਦਾ ਆਦੇਸ਼ ਦੇ ਕੇ ਇਹਨਾਂ ਨੂੰ ਸਦਾ ਅੰਗ ਸੰਗ ਰੱਖਣ ਦੀ ਸਿਖਿਆ ਦਿਤੀ। ਤੰਬਾਕੂ, ਕੁੱਠਾ ਮਾਸ, ਪਰ ਇਸਤਰੀ ਤੇ ਕੇਸ ਕਤਲ ਕਰਨ ਨੂੰ ਚਾਰ ਬੱਜਰ ਕੁਰਹਿਤਾਂ ਗਰਦਾਨ ਕੇ, ਆਪਣੇ ਖ਼ਾਲਸਾ ਜੀ ਨੂੰ ਇਹਨਾਂ ਤੋਂ ਸਖ਼ਤੀ ਨਾਲ ਮਨਾਹੀ ਕੀਤੀ। ਅਜਿਹੇ ਰਹਿਤਵਾਨ ਸਿੰਘ ਨੂੰ "ਖ਼ਾਲਸਾ ਮੇਰੋ ਰੂਪ ਹੈ ਖਾਸ॥" ਦੀ ਪਦਵੀ ਬਖ਼ਸ਼ੀ; ਤੇ ਏਥੇ ਹੀ ਬੱਸ ਨਾ ਕਰਦਿਆਂ, "ਖ਼ਾਲਸਾ ਮੇਰੋ ਸਤਿਗੁਰ ਪੂਰਾ॥" ਆਖ ਕੇ ਮਾਣ ਦਿਤਾ।

ਇਤਿਹਾਸਕਾਰਾਂ ਅਨੁਸਾਰ ਇਸ ਅਹਿਮ ਅਵਸਰ ਤੇ ਤਕਰੀਬਨ ਅੱਸੀ ਹਜ਼ਾਰ ਦਾ ਇਕੱਠ ਸੀ ਅਤੇ ਪਹਿਲੇ ਦਿਨ ਵੀਹ ਹਜ਼ਾਰ ਦੇ ਕਰੀਬ ਸਿੱਖ ਅੰਮ੍ਰਿਤ ਛਕ ਕੇ ਸਿੰਘ ਸਜੇ।

11/04/2016

ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com