WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ


  

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹਾਲੇ ਭਾਵੇਂ ਪੂਰਾ ਇਕ ਸਾਲ ਪਿਆ ਹੈ ਪਰ ਸੂਬੇ ਦੀ ਸਿਆਸੀ ਫਿਜ਼ਾ ਅੰਦਰ ਗੱਠਜੋੜ ਤੇ ਮਹਾਂਗੱਠਜੋੜ ਦੇ ਚਰਚੇ ਸੁਣਨ ਨੂੰ ਮਿਲਣ ਲੱਗੇ ਹਨ। ਇਸ ਨੂੰ ਭਾਵੇਂ ਬਿਹਾਰ ਚੋਣਾਂ ਦਾ ਅਸਰ ਆਖ ਲਉ ਤੇ ਭਾਵੇਂ ਸਿਆਸੀ ਮਜਬੂਰੀ। ਉਂਝ ਬਿਹਾਰ ਚੋਣਾਂ ਤਾਂ ਇਕ ਰਾਹ ਦਿਖਾਉਣ ਵਾਲੀ ਹੀ ਗੱਲ ਹੈ ਤੇ ਮੁੱਖ ਕਾਰਨ ਤਾਂ ਸਿਆਸੀ ਮਜਬੂਰੀ ਹੀ ਹੈ ਜੋ ਆਮ ਆਦਮੀ ਪਾਰਟੀ (ਆਪ) ਨੇ ਪੈਦਾ ਕੀਤੀ ਹੈ। ਜਿੱਤ ਦੇ ਘੋੜੇ ਉਤੇ ਸਵਾਰ ਇਹ ਪਾਰਟੀ ਤਾਂ ਗੱਠਜੋੜ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਪਰ ਇਸ ਦੀ ਚੜ੍ਹਤ ਨੇ ਸੂਬੇ ਦੀਆਂ ਦੋਵੇਂ ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਹੁਣੇ ਤੋਂ ਗੱਠਜੋੜ ਲਈ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ।

ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ ਤੇ ਸੂਬਾ ਤਿੰਨ ਖਿੱਤਿਆਂ ਮਾਝਾ, ਮਾਲਵਾ ਤੇ ਦੁਆਬਾ ਵਿੱਚ ਵੰਡਿਆ ਹੋਇਆ ਹੈ। ਖੇਤਰੀ ਵੰਡ ਅਨੁਸਾਰ ਮਾਝੇ ਵਿੱਚ 27, ਮਾਲਵੇ ਵਿੱਚ 65 ਅਤੇ ਦੁਆਬੇ ਵਿੱਚ 25 ਵਿਧਾਨ ਸਭਾ ਹਲਕੇ ਹਨ। 2012 ਵਿਧਾਨ ਸਭਾ ਚੋਣਾ ਵਿੱਚ ਕੁੱਲ਼ 1 ਕਰੋੜ 40 ਲੱਖ ਵੋਟਰ ਸਨ, ਜਿਹੜੇ ਪੰਜਾਬ ਦੇ 19841 ਪੋਲਿੰਗ ਸਟੇਸ਼ਨਾਂ ਉਪੱਰ ਵੰਡੇ ਹੋਏ ਹਨ। ਅੰਦਾਜੇ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ਤੇ ਔਸਤ 900 ਦੇ ਕਰੀਬ ਵੋਟਰ ਹਨ। ਪੰਜਾਬ ਉਪਰ 2007 ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦਾ ਰਾਜ ਹੈ। ਕਾਂਗਰਸ ਜਮਾਤ ਸੱਤਾ ਲਈ ਤਰਲੋ ਮੱਛੀ ਹੋਈ ਪਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਵਿੱਚ ਨਵਾਂ ਜੋਸ਼ ਤੇ ਨਵਾਂ ਹੁਕਾਂਰ ਵੀ ਹੈ। 2014 ਵਿੱਚ ਆਮ ਆਦਮੀ ਪਾਰਟੀ ਦਾ ਉਭਾਰ ਅਤੇ ਚਾਰ ਮੈਂਬਰ ਪਾਰਲੀਮੈਂਟ ਜਿੱਤਣਾ ਅਤੇ 2015 ਦੇ ਅੰਤ ਤੱਕ ਪੰਜਾਬ ਦੇ ਵੋਟਰਾਂ ਵਿੱਚ ਅਣਕਿਆਸੀ ਆਪ ਮੁਹਾਰੀ ਲਹਿਰ ਵੀ ਪੰਜਾਬ ਦੀ ਰਾਜਨੀਤੀ ਦਾ ਨਵਾਂ ਸਿੱਖਰ ਹੈ।

2014 ਲੋਕ ਸਭਾ ਚੋਣਾਂ ਵਿੱਚ ਆਪ ਪਾਰਟੀ ਨੂੰ 30.8% ਵੋਟਾਂ ਸ਼੍ਰੋਮਣੀ ਅਕਾਲੀ ਦਲ 30.8%, ਭਾਜਪਾ 15.4% ਅਤੇ ਕਾਂਗਰਸ ਨੇ 23.10% ਵੋਟਾਂ ਪ੍ਰਪਾਤ ਕੀਤੀਆਂ। ਜਦੋਂ ਕਿ 2012 ਦੀਆਂ ਵਿਧਾਨ ਸਭਾ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 41.91% ਵੋਟਾਂ, ਕਾਂਗਰਸ ਨੂੰ 40.9% ਵੋਟਾਂ ਪ੍ਰਾਪਤ ਹੋਈਆਂ। ਤੀਜੀ ਧਿਰ ਵਜੋਂ 2012 ਵਿੱਚ ਕੋਈ ਵੀ ਪਾਰਟੀ ਨਜਰ ਨਹੀਂ ਆਈ ਪ੍ਰੰਤੂ 'ਪੀਪਲਜ ਪਾਰਟੀ ਆਫ ਪੰਜਾਬ' ਨੂੰ ਪਈਆਂ 5.4% ਅਤੇ ਬਹੁਜਨ ਸਮਾਜ ਪਾਰਟੀਆਂ ਦੀਆਂ 4.3% ਵੋਟਾਂ ਕਿਸੀ ਵੀ ਤਰ੍ਹਾਂ ਨਾਲ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ ਜੋ ਕਿ ਮਹਾਂਗਠਜੋੜ ਵਿੱਚ ਮੁੱਖ ਰੋਲ ਅਦਾ ਕਰਦੀਆਂ ਹਨ। ਇਸੀ ਤਰ੍ਹਾਂ 2012 ਵਿਧਾਨ ਸਭਾ ਵਿੱਚ ਕਮਿਉਨਿਸਟਾਂ ਸੀ.ਪੀ.ਆਈ. 0.82% ਅਤੇ ਸੀ.ਪੀ.ਐਮ.0.16% ਵੋਟਾਂ ਪ੍ਰਪਾਤ ਹੋਈਆਂ। ਲੋਕ ਜਨ ਸ਼ਕਤੀ ਪਾਰਟੀ ਨੂੰ ਕੁੱਲ ਪ੍ਰਾਪਤ ਵੋਟਾਂ 14,229, ਸ਼੍ਰੋਮਣੀ ਅਕਾਲੀ ਦਲ(ਮਾਨ) ਨੂੰ ਕੁੱਲ ਪ੍ਰਾਪਤ ਵੋਟਾਂ 39106, ਸੀ.ਪੀ.ਆਈ.(ਐਮ.ਐਲ.) ਨੂੰ 13758, ਬੀ.ਐਸ.ਪੀ.(ਅੰਬੇਡਕਰ) ਨੂੰ 11903 ਆਦਿ ਛੋਟੀਆਂ ਪਾਰਟੀਆਂ ਦੀਆਂ ਵੋਟਾਂ ਹਨ ਜਿਹਨਾਂ ਨੂੰ ਮਹਾਂਗਠਜੋੜ ਬਣਾਉਣ ਵੇਲੇ ਅਣਡਿੱਠ ਕਰਕੇ ਛੱਡਿਆ ਜਾ ਸਕਦਾ ਹੈ। ਹੁਣ ਪਹਿਲੀ ਬੱਚਦੀ ਪੀ.ਪੀ.ਪੀ.  ਬਨਾਮ ਮਨਪ੍ਰੀਤ ਬਾਦਲ ਪਿਛਲੇ ਪੰਜਾ ਸਾਲਾਂ ਤੋਂ ਗੈਰ-ਸਰਗਰਮ ਹਨ ਤੇ 2012 ਵਿੱਚ ਪਾਰਟੀ ਕਰੀਬ 7 ਲੱਖ ਦੇ ਕਰੀਬ ਵੋਟਾਂ (5.04%) ਵੀ ਖਿੰਡੀਆਂ ਪੁੰਡੀਆਂ ਪਈਆਂ ਹਨ। ਦੂਜੀ ਬੱਚਦੀ ਬਹੁਜਨ ਸਮਾਜ ਪਾਰਟੀ ਹੈ ਜੋ ਮਹਾਂਗਠਜੋੜ ਵਿੱਚ ਮੁੱਖ ਰੋਲ ਅਦਾ ਕਰਦੀ ਨਜਰ ਆ ਰਹੀ ਹੈ, ਜਿਸਨੇ ਪਿਛਲੇ ਸਮਿਆਂ ਵਿੱਚ ਅਕਤੂਬਰ ਮਹੀਨੇ ਵਿੱਚ ਆਪਣੇ ਸਾਧਨਾ ਪਰ ਦੁਆਬੇ ਵਿੱਚ ਵੱਡੀ ਰੈਲੀ ਕੀਤੀ ਹੈ ਜੋ ਕਿ ਉਸਦੀ ਮੁੜ ਤੋਂ ਉਭਰਨ ਦੀ ਨਿਸ਼ਾਨੀ ਵਜੋਂ ਲਈ ਜਾ ਸਕਦੀ ਹੈ। ਇੰਝ ਹੀ ਕਮਿਉਨਿਸਟ ਪਾਰਟੀਆਂ ਵੀ ਮਹਾਂਗਠਜੋੜ ਵਿੱਚ ਇੱਕਾ ਦੁੱਕਾ ਰੋਲ ਅਦਾ ਕਰਦੀਆਂ ਨਜਰ ਆਉਂਦੀਆਂ ਹਨ।

ਲੇਕਿਨ 2014 ਵਿੱਚ ਅਗਰ 'ਆਮ' ਆਦਮੀ ਪਾਰਟੀ ਦਾ ਉਭਾਰ ਵੀ ਤੀਜੀ ਧਿਰ ਵਜੋਂ ਪੰਜਾਬ ਵਿੱਚ ਨਵੇਂ ਸਮੀਕਰਨਾਂ ਨੂੰ ਜਨਮ ਦਿੰਦਾ ਹੈ,'ਜਿਸਦਾ ਕਿ ਕਿਸੀ ਵੀ ਪਾਰਟੀ ਨਾਲ ਗਠਜੋੜ ਨਹੀਂ ਹੋਣਾ ਅਜਿਹੀ ਸੰਭਾਵਨਾ ਹੈ।'ਇੰਝ ਪੰਜਾਬ ਵਿੱਚ ਮੁੱਖ ਪਾਰਟੀਆਂ ਬੱਚਦੀਆਂ ਹਨ ਸ਼੍ਰਮੋਣੀ ਅਕਾਲੀ ਦਲ ਤੇ ਭਾਜਪਾ ਗਠਜੋੜ,'ਕਾਂਗਰਸ ਅਤੇ ਆਮ ਆਦਮੀ ਪਾਰਟੀ।'ਜਿਹੜੀਆਂ ਕਿ ਸਾਫ ਤੇ ਸਪੱਸ਼ਟ ਤੌਰ ਤੇ ਇੱਕ ਦੂਜੇ ਨਾਲ ਸਿੱਧੀ ਲੜਾਈ ਲੜਨ ਦੇ ਰੌਂਅ ਵਿੱਚ ਹਨ।'ਬਾਕੀ ਬੱਚਦੀਆਂ ਪਾਰਟੀਆਂ ਕਮਿਉਨਿਸਟ, ਬਹੁਜਨ ਸਮਾਜ ਪਾਰਟੀ ਤੇ ਗਰਮ ਦਲ ਗਰੁੱਪ ਮਹਾਂਗਠਜੋੜ ਬਣਨ ਵਿੱਚ ਮੁੱਖ ਰੋਲ ਅਦਾ ਕਰਨਗੇ। ਗਠਜੋੜ ਦੋ ਤਰ੍ਹਾਂ ਬਣ ਸਕਦਾ ਹੈ; ਇੱਕ ਅਕਾਲੀ ਦਲ ਤੇ ਭਾਜਪਾ ਗਠਜੋੜ ਵਿੱਚ ਹੋਰ ਨਵੀਂ ਪਾਰਟੀ ਸ਼ਾਮਿਲ ਹੋ ਸਕਦੀ ਹੈ, ਦੂਜਾ ਕਾਂਗਰਸ ਦੀ ਅਗਵਾਈ ਵਿੱਚ। ਕਮਿਊਨਿਸਟਾਂ ਤੇ ਗਰਮ ਦਲੀਆਂ ਦਾ ਅਕਾਲੀ-ਭਾਜਪਾ ਨਾਲ ਦੂਰ ਦੂਰ ਦਾ ਕੋਈ ਰਿਸ਼ਤਾ ਨਜਰ ਨਹੀਂ ਆਉਂਦਾ। ਉਸ ਲਈ ਸਿਰਫ ਤੇ ਸਿਰਫ ਬਹੁਜਨ ਸਮਾਜ ਪਾਰਟੀ ਹੀ ਬੱਚਦੀ ਹੈ। ਕਾਂਗਰਸ ਲਈ ਕਮਿਊਨਿਸਟ ਗਠਜੋੜ ਤਕਰੀਬਨ ਤਕਰੀਬਨ ਹੋਇਆ ਪਿਆ ਹੈ ਜੋ ਕਿ 'ਆਪ' ਪਾਰਟੀ ਦੇ ਆਉਣ ਨਾਲ ਇਹ ਇੱਕਲਾ ਗਠਜੋੜ ਕੋਈ ਵੀ ਪ੍ਰਭਾਵਸ਼ਾਲੀ ਰੋਲ ਅਦਾ ਨਹੀਂ ਕਰ ਸਕਦਾ। ਕਾਂਗਰਸ ਮਹਾਂਗਠਜੋੜ ਲਈ ਵੀ 'ਬਸਪਾ' ਹੀ ਤੁੱਰਪ ਦਾ ਪੱਤਾ ਹੈ ਜਿਸ ਦਾ ਪੰਜਾਬ ਦੀਆਂ ਇੱਕ ਤਿਹਾਈ ਸੀਟਾਂ ਤੇ ਚੰਗਾ ਪ੍ਰਭਾਵ ਹੈ।

ਉਪਰੋਕਤ ਤੋਂ ਸਪੱਸ਼ਟ ਹੈ ਕਿ ਮਹਾਂਗਠਜੋੜ ਵਿੱਚ ਅਗਰ ਰਾਜਨੀਤੀ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਹੀ ਬੱਚਦੇ ਹਨ ਜੋ ਮਹਾਂਗਠਜੋੜ ਵੱਲ ਵੱਧਣਗੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੈਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਕੋਲ ਦੋ ਰਸਤੇ ਹਨ, ਪਹਿਲਾ ਇਹ ਕਿ ਉਹ ਅਜਿਹੇ ਹਾਲਾਤ ਪੈਦਾ ਕਰੇ ਕਿ ਬਹੁਜਨ ਸਮਾਜ ਪਾਰਟੀ ਇੱਕਲੇ ਚੋਣ ਲੜੇ। ਦੂਜਾ ਇਹ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਨੂੰ ਆਪਣੇ ਗਠਜੋੜ ਵਿੱਚ ਸ਼ਾਮਿਲ ਕਰਕੇ ਮਹਾਂਗਠਜੋੜ ਬਣਾਵੇ। ਇਸ ਹਾਲਾਤ ਵਿੱਚ ਭਾਜਪਾ ਕੋਲ 22-25 ਸੀਟਾਂ, ਬਹੁਜਨ ਸਮਾਜ ਪਾਰਟੀ ਕੋਲ 22-25 ਸੀਟਾਂ ਅਤੇ ਬਾਕੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਣ ਲੜੇ ਜੋ ਕਿ ਬਿਹਾਰ ਦੇ ਰਾਜਨੀਤਕ ਸਮੀਕਰਨਾ ਤੋਂ ਬਾਅਦ ਸੰਭਵ ਹੈ। ਪ੍ਰੰਤੂ ਇਸ ਵਿੱਚ ਮੁੱਖ ਮੁਸ਼ਕਿਲ ਉੱਤਰ ਪ੍ਰਦੇਸ਼ ਦੀਆਂ ਚੋਣਾ ਹਾਂ ਜਿਸ ਵਿੱਚ ਬਸਪਾ ਦੀ ਚੋਣ ਲੜਾਈ ਭਾਜਪਾ ਦੇ ਖਿਲਾਫ ਹੈ। ਦੂਜਾ ਰਸਤਾ ਸ਼੍ਰੋਮਣੀ ਅਕਾਲੀ ਦਲ ਲਈ ਆਪਣੀ ਸਰਕਾਰ ਦੀ ਕਾਰਗੁਜਾਰੀ ਦੀ ਨਾਕਾਰਤਮਿਕ ਵੋਟ ਨੂੰ ਰੋਕਣ ਦਾ ਤਰੀਕਾ ਇਹ ਹੈ ਕਿ ਜੇਕਰ ਭਾਜਪਾ ਇੱਕਲੀ ਚੋਣ ਲੜਦੀ ਹੈ ਤਾਂ ਬਸਪਾ ਦਾ 30 ਤੋਂ 35 ਸੀਟਾਂ ਨਾਲ ਸਮਝੌਤਾ ਸੌਖਿਆਂ ਸੰਭਵ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਛੱਡ ਕੇ ਚੋਣ ਲੜਦੀ ਹੈ ਤਾਂ ਨਾਰਾਜ ਸਿੱਖ ਵੋਟਰ ਵਾਪਸ ਪਰਤ ਸਕਦੇ ਹਨ। ਇਹ ਪੈਂਤੜਾ ਕਾਫੀ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਪੂਰਦਾ ਹੈ। ਸਿਰਫ ਭਾਜਪਾ ਦੀ ਜਗ੍ਹਾ ਬਸਪਾ ਨੇ ਆਉਣਾ ਹੈ ਤੇ ਸੀਟਾਂ ਦੀ ਵੰਡ ਨਵੇਂ ਸਿਰਓਂ ਹੋਣੀ ਹੈ।

ਮਨਪ੍ਰੀਤ ਬਾਦਲ ਦਾ 'ਪੀ.ਪੀ.ਪੀ.' ਫੈਕਟਰ ਕੋਈ ਬਹੁਤਾ ਪ੍ਰਭਾਵਸ਼ਾਲੀ ਨਹੀਂ ਹੈ। ਬਦਲੇ ਦੌਰ ਵਿੱਚ 'ਪੀ.ਪੀ.ਪੀ.' ਦੀ ਪਿਛਲੇ ਪੰਜਾਂ ਸਾਲਾਂ ਵਿੱਚ ਕੋਈ ਪ੍ਰਾਪਤੀ ਵਾਲੀ ਸਰਗਰਮੀ ਨਹੀਂ ਹੈ। ਮਨਪ੍ਰੀਤ ਬਾਦਲ ਤੇ ਉਸਦੇ ਹੋਰ ਆਗੂ ਜੋ ਕਿ ਇੱਕਾ ਦੁੱਕਾ ਹੀ ਬਚੇ ਹਨ, ਦੋਚਿੱਤੀ ਵਿੱਚੋਂ ਲੰਘ ਰਹੇ ਹਨ। ਕਦੀ ਕਾਂਗਰਸ ਵੱਲ ਝਾਕ ਚੱਲਦੀ ਹੈ ਤੇ ਕਦੇ 'ਆਮ ਆਦਮੀ ਪਾਰਟੀ' ਵੱਲ਼ । ਸਨਮਾਨ ਜਨਕ ਵੋਟਾਂ ਦੀ ਪੰਡ ਜੋ 2012 ਵਿੱਚ ਇੱਕਠੀ ਹੋਈ ਸੀ ਉਹ ਕਿਸੀ ਸਥਾਪਿਤ ਵਿਚਾਰਧਾਰਾ ਦੀ ਨਹੀਂ ਸਗੋਂ ਵਕਤੀ ਉਬਾਲ ਸੀ ਤੇ ਸਥਾਨਕ ਲੀਡਰਾਂ ਦੀ ਆਪਣੀ ਜੋਰ ਅਜਾਇਸ਼ ਹੀ ਸੀ। 'ਪੀ.ਪੀ.ਪੀ.' ਕਿਸ ਪਾਸੇ ਵੱਲ਼ ਜਾਵੇ ਕੋਈ ਭਰੋਸਾ ਨਹੀਂ ਤੇ ਨਾ ਹੀ ਕੋਈ ਬਹੁਤਾ ਵਜਨ ਹੈ, ਸਿਰਫ ਇਸ ਗੱਲ਼ ਨੂੰ ਛੱਡ ਕਿ ਜਿਸ ਪਾਸੇ ਵੱਲ ਵੀ ਜਾਵੇ ਸਿਰਫ ਹਵਾ ਦੇ ਜੋਰ ਨੂੰ ਹੀ ਹੁਲਾਰਾ ਵੱਜੇਗਾ ਜੋ ਕਿ ਅਹਿਮ ਗੱਲ ਹੈ।

ਦੂਜੇ ਹਾਲਾਤਾਂ ਵਿੱਚ ਕਾਂਗਰਸ ਦੀ ਅਗਵਾਈ ਦਾ ਗਠਜੋੜ ਬਣਨ ਦੀ ਸੰਭਵਾਨਾ ਹੈ। ਇਸ ਗਠਜੋੜ ਵਿੱਚ ਕਮਿਉਨਿਸਟ ਪਾਰਟੀਆਂ ਦਾ ਸ਼ਾਮਿਲ ਹੋਣਾ ਤੈਅ ਹੈ ਪ੍ਰੰਤੂ ਬਸਪਾ ਤੋਂ ਬਿਨਾਂ ਕਾਂਗਰਸ ਗਠਜੋੜ ਦੀ ਕੋਈ ਵੀ ਮੁਕਾਬਲੇਬਾਜੀ ਨਜਰ ਨਹੀਂ ਆਉਂਦੀ । ਬਿਹਾਰ ਦੇ ਮਹਾਂਗਠਜੋੜ ਤੋਂ ਪ੍ਰੇਰਣਾ ਲੈ ਕੇ ਜੇਕਰ ਕਾਂਗਰਸ ਅੱਗੇ ਵੱਧਦੀ ਹੈ ਤਾਂ ਬਸਪਾ ਨਾਲ ਮਹਾਂ ਗਠਜੋੜ ਨਾ ਬਣੇ ਤਾਂ ਅਜਿਹੀ ਕੋਈ ਵੀ ਗੱਲ ਨਜਰ ਨਹੀਂ ਆਉਂਦੀ । ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦਾ ਬਿਆਨ ਕਿ ਜੇਕਰ ਸਨਮਾਨਜਨਕ ਸਮਝੌਤੇ ਦੀ ਗੱਲ ਕਰੇ ਤਾਂ ਮਹਾਂ ਗਠਜੋੜ ਬਣ ਸਕਦਾ ਹੈ, ਬਹੁਤ ਅਹਿਮ ਹੈ। ਅੱਜ ਤੱਕ ਬਸਪਾ ਨੇ ਹਮੇਸ਼ਾ ਆਪਣੇ ਬਲਬੂਤੇ ਤੇ ਚੋਣ ਲੜਨ ਦੀ ਗੱਲ਼ ਕੀਤੀ ਹੈ ਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਹੈ । ਅੱਜ ਜੇਕਰ ਬਸਪਾ ਨੇ ਇੱਕ ਸਾਲ ਪਹਿਲਾਂ ਹੀ ਗਠਜੋੜ ਬਣਾਉਣ ਦੀ ਗੱਲ ਕੀਤੀ ਹੈ ਤਾਂ ਦੋਹਾਂ ਮੁੱਖ ਪਾਰਟੀਆਂ ਲਈ ਵੇਲਾ ਸਾਂਭਣ ਵਾਲੀ ਗੱਲ਼ ਹੈ। ਬਿਹਾਰ ਵਿੱਚ ਨਿਤੀਸ਼ ਕੁਮਾਰ ਦਾ ਮੁੱਖ ਮੰਤਰੀ ਬਣਨ ਦਾ ਉਮੀਦਵਾਰ ਤੇ ਸਿਰਫ ਆਪਣੀ ਪਾਰਟੀ ਲਈ 100 ਸੀਟ ਲੈਣਾ (ਅੱਧ ਤੋਂ ਵੀ ਘੱਟ) ਮਹਾਂ-ਗਠਜੋੜ ਲਈ ਕਾਬਲੇ-ਗੌਰ ਹੈ। ਇੰਝ ਹੀ ਜੇਕਰ ਪੰਜਾਬ ਵਿੱਚ ਜੇਕਰ ਕਮਿਉਨਿਸਟ 5 ਸੀਟਾਂ , ਪੀ.ਪੀ.ਪੀ. 5 ਸੀਟਾਂ ਤੇ ਬਸਪਾ ਨੂੰ 30-35 ਸੀਟਾਂ ਦੇ ਕੇ ਜੇਕਰ ਕਾਂਗਰਸ 70-75 ਸੀਟਾਂ ਤੇ ਲੜਦੀ ਹੈ ਤਾਂ ਜਿੱਥੇ ਮਹਾਂ-ਗਠਜੋੜ ਵੀ ਸਫਲ ਹੋਵੇਗਾ, ਉੱਤਰ ਪ੍ਰਦੇਸ਼ ਵਿੱਚ ਵੀ ਫਾਇਦਾ ਮਿਲ ਸਕਦਾ ਹੈ। ਉੱਥੇ ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਪਾਰਟੀ ਦਾ ਹੋਵੇ, ਅਜਿਹਾ ਸਮਾਂ ਵੀ ਬਣ ਸਕਦਾ ਹੈ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਸਿਆਸਤ ਦੀ ਸ਼ਤੰਰਜ ਦੇ ਵਜੀਰ ਹਨ। ਆਉਣ ਵਾਲਾ ਸਮਾਂ ਹੀ ਮਹਾਂ-ਗਠਜੋੜ ਦੇ ਸਮੀਕਰਨਾਂ ਨੂੰ ਸੱਪਸ਼ਟ ਕਰੇਗਾ।

ਜਸਵੀਰ ਸਿੰਘ ਗੜ੍ਹੀਕਾਨੂੰਗੌ-9814970587
SBS Nagar
Punjab
 

29/01/2016

  ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com