‘ਪਨਾਮਾ ਲੀਕਸ’, ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰਖ ਦਿੱਤਾ ਹੈ,
ਪੁਰ ਚਰਚਾ ਕਰਦਿਆਂ, ਹਿੰਦੀ ਦੇ ਇੱਕ ਪ੍ਰਮੁੱਖ ਪਤ੍ਰਕਾਰ ਸ਼ਸ਼ੀ ਸ਼ੇਖਰ ਨੇ ਲਿਖਿਆ,
ਕਿ ਕਾਲਾ ਧਨ, ਇੱਕ ਅਜਿਹਾ ਤਲਿਸਮ ਹੈ, ਜਿਸਨੂੰ ਸੱਤਾ-ਨਾਇਕਾਂ, ਰਾਜ ਨੇਤਾਵਾਂ,
ਅਭਿਨੇਤਾਵਾਂ, ਖਿਡਾਰੀਆਂ, ਅੱਤਵਾਦੀਆਂ, ਸਮਗਲਰਾਂ ਅਤੇ ਹਰ ਜਾਇਜ਼-ਨਾਜਾਇਜ਼ ਢੰਗ
ਨਾਲ ਪੈਸਾ ਕਮਾਣ ਵਾਲੇ ਪੇਸ਼ੇਵਰ ਗੁਟਾਂ ਵਲੋਂ ਚਲਾਇਆ ਜਾਂਦਾ ਹੈ। ਇਨ੍ਹਾਂ ਦੇ
ਮਜ਼ਹਬ, ਦੇਸ਼ ਅਤੇ ਚੇਹਰੇ ਭਾਵੇਂ ਵੱਖ-ਵੱਖ ਹੁੰਦੇ ਹਨ, ਪ੍ਰੰਤੂ ਫਿਤਰਤ ਇਕੋ ਹੀ
ਹੁੰਦੀ ਹੈ। ਇਸਲਈ ਸੇਂਟਕਿਟਸ ਤੋਂ ਬਾਅਦ, ਨਵੇਂ ਅਤੇ ਅਨਜਾਣੇ ਦੇਸ਼ਾਂ ਦੇ ਨਾਂ
ਉਛਲਦੇ ਰਹੇ ਹਨ। ਕਿਸੇ ਆਮ ਵਿਅਕਤੀ ਦੇ ਸਾਹਮਣੇ, ਸੰਸਾਰ ਦਾ ਨਕਸ਼ਾ ਰੱਖ ਕੇ
ਇਨ੍ਹਾਂ ਦੇਸ਼ਾਂ ਨੂੰ ਲਭਣ ਲਈ ਕਿਹਾ ਜਾਏ, ਤਾਂ ਉਹ ਇਨ੍ਹਾਂ ਵਿਚੋਂ ਕਿਸੇ ਇੱਕ ਦੀ
ਵੀ ਦਸ ਨਹੀਂ ਦੇ ਪਾਇਗਾ, ਕਿ ਉਹ ਸੰਸਾਰ ਦੇ ਕਿਸ ਕੋਨੇ ਵਿੱਚ ਵਸਿਆ ਹੋਇਆ ਹੈ।
ਸ਼ਸ਼ੀ ਸ਼ੇਖਰ ਅਨੁਸਾਰ ਇਥੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਅਜਿਹਾ ਨਹੀਂ ਕਿ
ਉਨ੍ਹਾਂ ਦੇਸ਼ਾਂ ਦੇ ਲੋਕੀ ਦੂਸਰਿਆਂ ਦੇ ਧਨ ਦੇ ਬਲ-ਬੂਤੇ ਅਮੀਰ ਬਣੇ ਬੈਠੇ ਹੋਣ!
ਸੱਚਾਈ ਤਾਂ ਇਹ ਵੀ ਹੈ ਕਿ ਉਥੋਂ ਦੇ ਕੁਝ ਬੈਂਕ ਤਾਂ ਅਜਿਹੇ ਹਨ, ਜਿਨ੍ਹਾਂ ਨੂੰ
‘ਅਟੈਚੀ ਬੈਂਕ’ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕੇਵਲ ਪੋਸਟਲ ਐਡਰੈਸ ਹੀ ਹੁੰਦਾ
ਹੈ, ਬੈਂਕ ਦੀ ਬਾਕੀ ਸਾਰੀ ਸੰਰਚਨਾ ਦਾ ਰੱਬ ਹੀ ਮਾਲਕ ਹੈ।
ਇਹ ਗਲ ਤਾਂ ਹਰ ਕੋਈ ਸਵੀਕਾਰਦਾ ਹੈ ਕਿ ‘ਪਨਾਮਾ ਲੀਕਸ’ ਨੇ ਸਾਰੀ ਦੁਨੀਆ ਵਿੱਚ
ਹਲਚਲ ਪੈਦਾ ਕਰ ਦਿੱਤੀ ਹੈ। ਆਮ ਆਦਮੀ ਦੇ ਹਕ ਪੁਰ ਛਲ-ਕਪਟ ਨਾਲ ਕਬਜ਼ਾ ਕਰ
ਪ੍ਰਸਿੱਧਤਾ, ਦੌਲਤ ਜਾਂ ਸੱਤਾ ਦੀ ਚੋਟੀ ਤੇ ਪੁਜੇ ਲੋਕੀ ‘ਬੇ-ਪਰਦਾ’ ਹੋਣ ਤੋਂ ਡਰ
ਰਹੇ ਹਨ। ਇਸ ‘ਭਾਂਡਾ-ਭੰਨ’ ਦੇ ਪਹਿਲੇ ਸ਼ਿਕਾਰ ਆਈਸਲੈਂਡ ਦੇ ਪ੍ਰਧਾਨ ਮੰਤਰੀ
ਸਿੰਗਮੰਡਰ ਮੈਂਡਰਾ ਗੁਨਲਾਗਧਨ ਹੋਏ ਹਨ। ਇਸ ਅਨਜਾਣੇ ਦੇਸ਼ ਦੇ ਅਨਜਾਣੇ ਪ੍ਰਧਾਨ
ਮੰਤਰੀ ਦੇ ਸੁਰਖੀਆਂ ਦੇ ਸ਼ਹਿਨਸਾਹ ਤਕ ਪੁਜਣ ਦਾ ਇਹ ਸਫਰ, ਸੱਤਾ ਦੇ ਗਲਿਆਰਿਆਂ ਤਕ
ਫੈਲੇ ਭ੍ਰਿਸ਼ਟਾਚਾਰ ਦੀ ਦਲਦਲ ਦਾ ਪ੍ਰਤੀਕ ਹੈ। ਉਨ੍ਹਾਂ ਦੇ ਨਾਲ ਹੀ ਸੰਸਾਰ ਦੀਆਂ
ਹੋਰ ਵੀ ਕਈ ਨਾਮਵਰ, ਪ੍ਰਸਿੱਧ ਹਸਤੀਆਂ ਵੀ ਦਾਗਦਾਰ ਹੋ ਸਾਹਮਣੇ ਆਈਆਂ ਹਨ।
ਇਹ ਸਭ ਕੁਝ ਸਾਹਮਣੇ ਆ ਜਾਣ ਨਾਲ ਦੇ ਇਹ ਸੁਆਲ ਵੀ ਉਠਾਇਆ ਜਾ ਰਿਹਾ ਹੈ ਕਿ ਕੀ
ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ‘ਵਿਕਟ’ ਵੀ ਡਿਗ ਸਕਦੇ ਹਨ? ਇਹ ਸੁਆਲ ਉਠਾਣ
ਵਾਲੇ ਵੀ ਚਾਹੁੰਦੇ ਹਨ ਕਿ ਅਜਿਹਾ ਹੋਣਾ ਹੀ ਚਾਹੀਦੈ। ਉਹ ਮੰਨਦੇ ਹਨ ਕਿ ਜੇ
ਅਜਿਹਾ ਹੁੰਦਾ ਹੈ ਤਾਂ ਇਸ ਨਾਲ ਇੱਕ ਤਾਂ ਭ੍ਰਿਸ਼ਟ ਰਾਜ-ਨੇਤਾਵਾਂ ਨੂੰ ਸਬਕ ਮਿਲੇ
ਸਕੇਗਾ ’ਤੇ ਦੂਸਰਾ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਣਾਦਾਇਕ ਅਗਵਾਈ ਵੀ ਮਿਲ
ਸਕੇਗੀ।
‘ਪਨਾਮਾ ਲੀਕਸ’ ਵਿਚਲੀ ਸੂਚੀ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੇਮਰਨ
ਦੇ ਪਿਤਾ, ਸਊਦੀ ਅਰਬ ਦੇ ਬਾਦਸ਼ਾਹ, ਸੀਰੀਆ ਦੇ ਰਾਸ਼ਟਰਪਤੀ, ਪਾਕਿਸਤਾਨ ਦੇ ਪ੍ਰਧਾਨ
ਮੰਤਰੀ ਨਵਾਜ਼ ਸ਼ਰੀਫ ਦੇ ਨੇੜਲੇ ਰਿਸ਼ਤੇਦਾਰਾਂ ਅਤੇ ਭੁੱਟੋ ਪਰਿਵਾਰ ਦੇ ਲੋਕੀ ਵੀ
ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਅਰਜੇਂਟੀਨਾ, ਯੂਕਰੇਨ, ਇਰਾਕ, ਮਿਸਰ, ਲੀਬੀਆ ਆਦਿ
ਦੇਸ਼ਾਂ ਦੇ ਲਗਭਗ ਸਾਰੇ ਹੁਕਮਰਾਨਾਂ ਦੇ ਵੀ ਨਾਂ ਇਸ ਸੂਚੀ ਵਿੱਚ ਹਨ। ਸਾਡਾ ਦੇਸ਼
ਵੀ ‘ਪਨਾਮਾ ਲੀਕਸ’ ਦੀ ਸੂਚੀ ਵਿਚੋਂ ਬਾਹਰ ਨਹੀਂ ਰਹਿ ਸਕਿਆ। ਸਾਡੇ ਭਾਰਤ ਦੇ ਵੀ
ਅਮਿਤਾਭ ਬਚਨ ਤੇ ਐਸ਼ਵਰਿਆ ਬਚਨ, ਜਿਨ੍ਹਾਂ ਇਸ ਖੁਲਾਸੇ ਨੂੰ ਫਰੇਬ ਕਰਾਰ ਦਿੱਤਾ
ਹੈ, ਸਹਿਤ ਪੰਜ ਸੌ ਤੋਂ ਵੱਧ ਸ਼ਖਸੀਅਤਾਂ ਦੇ ਨਾਂ ਸ਼ਾਮਲ ਹਨ। ਸ਼ਸ਼ੀ ਸ਼ੇਖਰ ਦਾ ਦਾਅਵਾ
ਹੈ ਕਿ ਗਲ ਨਿਕਲੀ ਹੈ ਤਾਂ ਬਹੁਤ ਦੂਰ ਤਕ ਜਾਇਗੀ। ਕਈ ਕੁਰਸੀਆਂ ਹਿਲਣਗੀਆਂ ਅਤੇ
ਕਈ ਚੇਹਰੇ ਬਦਲਣਗੇ! ਇਸਦੇ ਨਾਲ ਹੀ ਉਸਨੇ ਸੁਆਲ ਵੀ ਉਠਾਇਆ ਕਿ ਕੀ ਕਦੀ ਅਜਿਹੀ
ਵਿਵਸਥਾ ਵੀ ਸਥਾਪਤ ਹੋ ਸਕੇਗੀ, ਜੋ ਧਨ ਦੇ ਪ੍ਰਵਾਹ ਨੂੰ ਪਾਰਦਰਸ਼ੀ ਅਤੇ ਵੱਧ ਤੋਂ
ਵੱਧ ਲੋਕਾਂ ਲਈ ਲਾਭਕਾਰੀ ਬਣਾ ਸਕੇ?
ਇੱਕ ਦਿਲਚਸਪ ਗਲ ਇਹ ਵੀ ਸਾਹਮਣੇ ਆਈ ਹੈ ਕਿ ਜਿਥੇ ਭਾਰਤੀ ਅਭਿਨੇਤਾ ਅਮਿਤਾਭ
ਬਚਨ ਅਤੇ ਐਸ਼ਵਰਿਆ ਬਚਨ ਨੇ ਇਸ ਖੁਲਾਸੇ ਨੂੰ ਫਰੇਬ ਕਰਾਰ ਦਿੱਤਾ ਹੈ, ਉਥੇ ਹੀ ਰੂਸ
ਦੇ ਰਾਸ਼ਟਰਪਤੀ ਵਾਲਦਿਮੀਰ ਪੁਤਨ, ਜਿਸਦੇ ਇਕ ਬਹੁਤ ਹੀ ਨਿਕਟਵਰਤੀ ਦੋਸਤ ਦਾ ਨਾਂ
ਇਸ ਸੂਚੀ ਵਿੱਚ ਸ਼ਾਮਲ ਹੈ, ਇਸ ਸੂਚੀ ਦੀ ਸੱਚਾਈ ਨੂੰ ਸਵੀਕਾਰ ਕੀਤਾ ਹੈ, ਹਾਲਾਂਕਿ
ਉਸਨੇ ਇਸ ਖੁਲਾਸੇ ਲਈ ਅਮਰੀਕਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਵਲੋਂ
ਅਮਰੀਕਾ ਪੁਰ ਲਾਏ ਗਏ ਇਸ ਦੋਸ਼ ਦੀ ਪੁਸ਼ਟੀ ਹੋਰ ਵੀ ਕਈਆਂ ਨੇ ਕੀਤੀ ਹੈ ਤੇ ਕਿਹਾ
ਹੈ ਕਿ ਅਮਰੀਕਾ ਦੇ ਕੇਵਲ ਇੱਕੋ-ਇੱਕ ਵਿਅਕਤੀ ਦਾ ਨਾਂ ਇਸ ਸੂਚੀ ਵਿੱਚ ਹੋਣਾ ਇਸ
ਗਲ ਦੀ ਪੁਸ਼ਟੀ ਕਰਦਾ ਹੈ।
ਦੇਸ਼ ਦੇ ਬੈਂਕਾਂ ਵਿੱਚ ਵੀ ਹੈ ‘ਕਾਲਾ ਧਨ’: ਖਬਰਾਂ ਅਨੁਸਾਰ ਹਾਲ
ਵਿੱਚ ਹੀ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਆਰਟੀਆਈ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ
ਕਿ ਦੇਸ਼ ਦੇ ਭਿੰਨ-ਭਿੰਨ ਬੈਂਕਾਂ ਵਿੱਚ ਪੰਜ ਹਜ਼ਾਰ ਇੱਕ ਸੌ ਚਵ੍ਹੀ (5,124) ਕਰੋੜ
ਅਰਥਾਤ ਅਰਬਾਂ ਰੁਪਏ ਦੀ ਰਾਸ਼ੀ ਲਾਵਾਰਿਸ ਪਈ ਹੋਈ ਹੈ। ਇਸ ਖੁਲਾਸੇ ਦੇ ਅਨੁਸਾਰ ਇਹ
ਰਾਸ਼ੀ ਪੰਜ ਲੱਖ ਪੰਦ੍ਰਾਂਹ ਹਜ਼ਾਰ ਤਿੰਨ ਸੌ ਦਸ (5,15,310) ਚਾਲੂ ਖਾਤਿਆਂ, ਇੱਕ
ਕਰੋੜ ਉਨ੍ਹੀਂ ਲੱਖ ਬਹਤਰ ਹਜ਼ਾਰ ਚਾਰ (1,19,72,004) ਬਚਤ ਖਾਤਿਆਂ ਅਤੇ ਛੇ ਲੱਖ
ਬਿਆਲੀ ਹਜ਼ਾਰ ਸੱਤ ਸੌ ਨੋਂ (6,42,709) ਮਿਆਦੀ ਜਮ੍ਹਾਂ ਖਾਤਿਆਂ ਵਿੱਚ ਜਮ੍ਹਾ
ਹੈ। ਦਿਲਚਸਪ ਗਲ ਇਹ ਵੀ ਹੈ ਕਿ ਬੈਂਕਾਂ ਨੇ ਲੰਬੇ ਸਮੇਂ ਤੋਂ ਬੰਦ ਚਲੇ ਆ ਰਹੇ
ਇਨ੍ਹਾਂ ਖਾਤਿਆਂ ਦੇ ਧਾਰਕਾਂ ਜਾਂ ਉਨ੍ਹਾਂ ਦੇ ਵਾਰਸਾਂ ਨਾਲ ਸੰਪਰਕ ਕਰਨ ਦੀ ਕੋਈ
ਲੋੜ ਨਹੀਂ ਸਮਝੀ। ਰੀਜ਼ਰਵ ਬੈਂਕ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਚਾਰ ਲੱਖ ਛੇ ਹਜ਼ਾਰ
ਅਤੇ ਕਰਨਾਟਕਾ ਵਿੱਚ ਲਗਭਗ ਤਿੰਨ ਲੱਖ ਛਿਆਲੀ ਹਜ਼ਾਰ ਖਾਤਿਆਂ ਵਿੱਚ ਲੋਕਾਂ ਦਾ
ਪੈਸਾ ਬੇਕਾਰ ਪਿਆ ਹੈ। ਅਰਥਾਤ ਉਨ੍ਹਾਂ ਦਾ ਕੋਈ ਦਾਅਵੇਦਾਰ ਸਾਹਮਣੇ ਨਹੀਂ ਅਇਆ।
ਇਹ ਵੀ ਦਸਿਆ ਗਿਐ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ ਇੰਡੀਆ ਗਰੁਪ
ਕੋਲ ਲਗਭਗ ਇੱਕ ਹਜ਼ਾਰ ਦੋ ਸੌ ਸੱਤਰ ਕਰੋੜ ਰੁਪਿਆ ਬਿਨਾਂ ਕਿਸੇ ਦਾਅਵੇਦਾਰ ਦੇ ਪਿਆ
ਹੋਇਆ ਹੈ। ਇਸਤੋਂ ਬਿਨਾਂ ਇਹ ਵੀ ਦਸਿਆ ਗਿਐ, ਕਿ ਪ੍ਰਾਈਵੇਟ ਬੈਂਕ ਆਈਸੀਆਈਸੀਆਈ
ਕੋਲ ਵੀ 127 ਕਰੋੜ ਰੁਪਿਆ ਅਜਿਹਾ ਹੀ ਲਾਵਾਰਿਸ ਜਮ੍ਹਾ ਪਿਆ ਹੈ। ਇਥੇ ਇੱਕ ਗਲ ਇਹ
ਵੀ ਵਰਨਣਯੋਗ ਹੈ ਕਿ ਰੀਜ਼ਰਵ ਬੈਂਕ ਨੇ ਇਹ ਅੰਕੜੇ 31 ਦਸੰਬਰ 2013 ਤੱਕ ਦੇ ਹੀ
ਉਪਲਬੱਧ ਕਰਵਾਏ ਹਨ। ਉਸ ਵਲੋਂ ਇਸ ਤੋਂ ਬਾਅਦ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਮੰਗਤੇ ਨੇ : ਖਬਰਾਂ ਅਨੁਸਾਰ ਦੁਬਈ ਵਿੱਚ ਇੱਕ ਅਜਿਹਾ ਭਿਖਾਰੀ
ਪਕੜਿਆ ਗਿਆ ਹੈ, ਜੋ ਹਰ ਮਹੀਨੇ, 2.70 ਲੱਖ ਦਿਰਮ ਅਰਥਾਤ 48.98 ਲੱਖ ਭਾਰਤੀ
ਰੁਪਏ ਕਮਾਂਦਾ ਹੈ। ਖਬਰਾਂ ਅਨੁਸਾਰ ਦੁਬਈ ਨਗਰ ਨਿਗਮ ਦੇ ਅਧਿਕਾਰੀਆਂ ਨੇ 59
ਭਿਖਾਰੀਆਂ ਨੂੰ ਪਕੜਿਆ ਹੈ। ਇਨ੍ਹਾਂ ਵਿਚੋਂ ਇੱਕ ਭਿਖਾਰੀ ਅਜਿਹਾ ਵੀ ਹੈ, ਜੋ ਹਰ
ਮਹੀਨੇ 2.70 ਲੱਖ ਦਿਰਮ ਜੁਟਾ ਲੈਂਦਾ ਸੀ। ਦਸਿਆ ਗਿਆ ਹੈ ਕਿ ਕੁਝ ਭਿਖਾਰੀਆਂ
ਪਾਸੋਂ ਪਾਸਪੋਰਟ ਅਤੇ ਵਪਾਰਕ ਅਤੇ ਟੂਰਿਸਟ ਵੀਜ਼ੇ ਵੀ ਮਿਲੇ ਹਨ। ਦਸਿਆ ਗਿਆ ਹੈ ਕਿ
ਇਹ ਭਿਖਾਰੀ ਜੁਮ੍ਹੇ (ਸ਼ੁਕਰਵਾਰ) ਦੇ ਦਿਨ ਮਸਜਿਦਾਂ ਦੇ ਬਾਹਰ ਲਾਈਨਾਂ ਲਗਾ ਕੇ
ਖੜੇ ਰਹਿੰਦੇ ਹਨ। ਜਿਥੇ ਨਮਾਜ਼ ਪੜ੍ਹਨ ਲਈ ਆਉਣ ਵਾਲੇ ਲੋਕੀ ਉਨ੍ਹਾਂ ਨੂੰ ਪੈਸੇ
ਦਿੰਦੇ ਹਨ। ਇਹੀ ਦਿਨ ਉਨ੍ਹਾਂ ਦੀ ਸਭ ਤੋਂ ਵੱਧ ਕਮਾਈ ਦਾ ਹੁੰਦਾ ਹੈ।
ਦੇਸ਼ ਭਗਤੀ ਦਾ ਪੱਕਾ ਸੂਤ੍ਰ : ਇੱਕ ਵਿਅੰਗਕਾਰ ਦੀਆਂ ਨਜ਼ਰਾਂ ਵਿੱਚ
‘ਦੇਸ਼ ਭਗਤੀ ਦੀ ਆਪੋ-ਆਪਣੀ ਪ੍ਰੀਭਾਸ਼ਾ ਹੈ। ਬਾਬਾ ਰਾਮ ਦੇਵ ਜਦੋਂ ਇਹ ਆਖਦਾ ਹੈ ਕਿ
‘ਜੇ ਕਾਨੂੰਨ ਦਾ ਲਿਹਾਜ਼ ਨਾ ਹੁੰਦਾ ਤਾਂ ਉਹ ‘ਭਾਰਤ ਮਾਤਾ ਦੀ ਜੈ’ ਨਾ ਬੋਲਣ
ਵਾਲਿਆਂ ਦੀਆਂ ਗਰਦਨਾਂ ਉਤਾਰ ਜ਼ਮੀਨ ਤੇ ਵਿਛਾ ਦਿੰਦਾ’, ਤਾਂ ਇਹ ਗਲ ਸਾਹਮਣੇ ਆ
ਜਾਂਦੀ ਹੈ ਕਿ ਜੇ ਬਾਬਾ ਰਾਮਦੇਵ ਅਜਿਹਾ ਕਰਦਾ ਤਾਂ ਜ਼ਰੂਰ ਉਹ ਕਨਖਲ ਵਿੱਚ ਨਾ
ਕਰਦਾ, ਕਿਉਂਕਿ ਇੱਕ ਤਾਂ ਉਥੇ ਇਤਨੀਆਂ ਗਰਦਨਾਂ ਨਹੀਂ ਸੀ ਮਿਲਣੀਆਂ, ਤੇ ਦੂਸਰਾ
ਉਥੇ ਮੀਡੀਆ ਵੀ ਨਹੀਂ ਸੀ ਹੋਣਾ, ਜਿਸ ਕਰਕੇ ਉਸਦਾ ਪ੍ਰਚਾਰ ਨਹੀਂ ਸੀ ਹੋ ਪਾਣਾ।
ਇਸ ਲਈ ਜ਼ਰੂਰੀ ਹੈ ਕਿ ਅਜਿਹਾ ਕਾਰਾ ਕਰਨ ਲਈ ਬਾਬਾ ਰਾਮਦੇਵ ਨੇ ਦਿੱਲੀ ਨੂੰ ਹੀ
ਚੁਣਨਾ ਸੀ, ਕਿਉਂਕਿ ਇਥੇ ਉਸਨੂੰ ਲਾਹੁਣ ਲਈ ਗਰਦਨਾਂ ਵੀ ਅਨੇਕਾਂ ਮਿਲ ਜਾਣੀਆਂ ਸਨ
ਤੇ ਪ੍ਰਚਾਰ ਲਈ ਮੀਡੀਆ ਵੀ। ਫਿਰ ਇਤਿਹਾਸ ਵੀ ਤਾਂ ਇਸ ਗਲ ਦਾ ਗੁਆਹ ਹੈ ਕਿ ਸਦੀਆਂ
ਤੋਂ ਗਰਦਨਾਂ ਉਤਾਰਨ ਵਾਲਿਆਂ ਦਾ ਮੁੱਖ ਕੇਂਦਰ ਦਿੱਲੀ ਹੀ ਰਿਹਾ ਹੈ। ਦਿੱਲੀ ਵਿੱਚ
18ਵੀਂ ਸਦੀ ਦੇ ਨਾਦਰ ਸ਼ਾਹ ਤੋਂ ਲੈ ਕੇ 20ਵੀਂ ਤਕ ਨਾ ਤਾਂ ਗਰਦਨਾਂ ਉਤਾਰਨ
ਵਾਲਿਆਂ ਦੀ ਲੜੀ ਹੀ ਮੁੱਕੀ ਤੇ ਨਾ ਹੀ ਗਰਦਨਾਂ।
...ਅਤੇ ਅੰਤ ਵਿੱਚ : ਅੱਜਕਲ ਦੇਸ਼ ਭਗਤੀ ਦਾ ਇੱਕ ਸਰਲ ਪੈਮਾਨਾ,
‘ਭਾਰਤ ਮਾਤਾ ਕੀ ਜੈ’ ਲੋਕਾਂ ਨੂੰ ਮਿਲ ਗਿਆ ਹੈ। ਇਸਨੂੰ ਦੇਸ਼ ਭਗਤੀ ਦਾ ਆਈਐਸਆਈ
(ਪਾਕਿਸਤਾਨ ਦੀ ਖੁਫੀਆ ਏਜੰਸੀ ਨਹੀਂ, ਸਗੋਂ ਸ਼ੁਧਤਾ ਦੀ ਭਾਰਤੀ ਗਰੰਟੀ ਦਾ ਪ੍ਰਤੀਕ
ਮਾਰਕ) ਜਾਂ ਐਗਮਾਰਕ ਮੰਨਿਆ ਗਿਆ ਹੈ। ਮਹਾਰਾਸ਼ਟਰ ਵਿੱਚ ਭਾਰੀ ਅਕਾਲ ਪਿਆ ਹੋਇਆ
ਹੈ, ਪਰ ਉਥੋਂ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਜੋ ‘ਭਾਰਤ ਮਾਤਾ ਦੀ ਜੈ’ ਨਹੀਂ
ਬੋਲਦੇ, ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਮਤਲਬ ਇਹ ਕਿ ‘ਦੇਸ਼
ਭਗਤ’ ਹੋਣ ਲਈ ‘ਭਾਰਤ ਮਾਤਾ ਕੀ ਜੈ’ ਬੋਲਣਾ ਜ਼ਰੂਰੀ ਹੈ, ਅਕਾਲ ਦਾ ਕੀ ਹੈ, ਉਹ
ਤਾਂ ਆਉਂਦਾ-ਜਾਂਦਾ ਹੀ ਰਹਿੰਦਾ ਹੈ।
Jaswant Singh ‘Ajit’, 64-C, U&V/B, Shalimar Bagh, DELHI-110088
Mobile : + 91 95 82 71 98 90 E-mail :
jaswantsinghajit@gmail.com
|