ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਸਦ ਵਿੱਚ ਰਾਸ਼ਟਪਤੀ ਦੇ ਭਾਸ਼ਣ ਪੁਰ ਹੋਈ
ਬਹਿਸ ਦਾ ਜਵਾਬ ਦਿੰਦਿਆਂ, ਜੋ ਕੁਝ ਕਿਹਾ, ਜੇ ਉਸਦੀ ਘੋਖ ਕੀਤੀ ਜਾਏ ਤਾਂ ਇਹ ਗਲ
ਉਭਰ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਰਾਸ਼ਟਰਪਤੀ ਦੇ
ਸੰਸਦ ਵਿੱਚ ਦਿੱਤੇ ਗਏ ਭਾਸ਼ਣ ਦੀ ਗਲ ਤਾਂ ਸ਼ਾਇਦ ਹੀ ਕੀਤੀ ਹੋਵੇਗੀ। ਉਨ੍ਹਾਂ ਦੇ
ਪੂਰੇ ਭਾਸ਼ਣ ਵਿੱਚ ਉਨ੍ਹਾਂ ਦਾ ਮੁੱਖ ਨਿਸ਼ਾਨਾ ਵਿਰੋਧੀਆਂ ਦੀ ਤਿੱਖੀ ਅਲੋਚਨਾ ਕਰ,
ਉਨ੍ਹਾਂ ਨੂੰ ਨੀਵਾਂ ਵਿਖਾਣਾ ਹੀ ਰਿਹਾ। ਵਿਰੋਧੀ ਧਿਰਾਂ ਨਾਲ ਅਜਿਹਾ ਵਿਹਾਰ
ਕਰਦਿਆਂ ਹੋਇਆਂ ਵੀ, ਉਨ੍ਹਾਂ ਨਾਲ ਸ਼ਿਕਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸੰਸਦ
ਦਾ ਕੰਮ-ਕਾਜ ਸੁਚਾਰੂ ਰੂਪ ਵਿੱਚ ਚਲਣ ਦੇਣਾ ਚਾਹੀਦੈ, ਸੰਸਦ ਵਿੱਚ ਮੁੱਦਿਆਂ ਪੁਰ
ਬਹਿਸ ਹੋਣੀ ਚਾਹੀਦੀ ਹੈ। ਜਾਪਦੈ ਉਨ੍ਹਾਂ ਵਲੋਂ ਇਹ ਸ਼ਿਕਵਾ ਕੀਤੇ ਜਾਣ ਦਾ ਮੁੱਖ
ਕਾਰਣ ਇਹ ਸੀ ਕਿ ਸੰਸਦ ਦੇ ਪਿਛਲੇ ਇਜਲਾਸ ਦੌਰਾਨ ਸ਼ੁਰੂ ਹੋਇਆ ਗਤੀਰੋਧ ਅਜੇ ਤਕ
ਖਤਮ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ। ਇਹ ਗਲ ਇਥੇ ਵਰਨਣਯੋਗ ਹੈ ਕਿ ਯੂਪੀਏ ਦੇ
ਪਿਛਲੇ ਪੰਜ ਵਰ੍ਹਿਆਂ ਦੇ ਕਾਰਜ-ਕਾਲ ਦੌਰਾਨ ਭਾਜਪਾ ਅਤੇ ਉਸਦੀਆਂ ਸਹਿਯੋਗੀ
ਪਾਰਟੀਆ ਨੇ ਹੀ ਸੰਸਦ ਦੇ ਕੰਮ-ਕਾਜ ਵਿੱਚ ਰੁਕਾਵਟਾਂ ਪਾਣ ਦੀ ਪਿਰਤ ਪਾਈ ਸੀ,
ਜਿਸਦੇ ਚਲਦਿਆਂ ਯੂਪੀਏ ਸਰਕਾਰ ਲੋਕ-ਹਿਤ ਨਾਲ ਸੰਬੰਧਤ ਕਈ ਬਿਲ ਪਾਸ ਕਰਵਾਣ ਵਿੱਚ
ਸਫਲ ਨਹੀਂ ਸੀ ਹੋ ਸਕੀ।
ਜਾਪਦਾ ਹੈ ਕਿ ਉਸੇ ਪਿਰਤ ਨੂੰ ਹੀ ਇਸ ਵਾਰ ਕਾਂਗ੍ਰਸ, ਵਿਰੋਧੀ ਧਿਰ ਵਜੋਂ ਅਗੇ
ਵਧਾਉਂਦੀ ਚਲੀ ਆ ਰਹੀ ਹੈ। ਪ੍ਰਧਾਨ ਮੰਤਰੀ ਦਾ ਇਸ ਸਥਿਤੀ ਤੋਂ ਚਿੰਤਤ ਹੋਣਾ
ਸੁਭਾਵਕ ਹੀ ਹੈ, ਪਰ ਉਨ੍ਹਾਂ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅੱਜ ਦੇਸ਼ ਦੇ ਹਿੱਤ
ਭਾਜਪਾ ਅਤੇ ਕਾਂਗ੍ਰਸ ਸਹਿਤ ਕਿਸੇ ਵੀ ਰਾਜਸੀ ਪਾਰਟੀ ਦੇ ਏਜੰਡੇ ਵਿੱਚ ਨਹੀਂ ਹਨ।
ਹਰ ਰਾਜਸੀ ਪਾਰਟੀ ਰਾਜਸੀ ਸੁਆਰਥ ਦੇ ਰੰਗ ਵਿੱਚ ਰੰਗੀ ਹੋਈ ਹੈ। ਸ਼ਾਇਦ ਅਗੋਂ ਵੀ
ਇਹੀ ਕੁਝ ਚਲਦਾ ਰਹੇਗਾ।
ਪਿਛਲੇ ਦਿਨੀਂ ਇੱਕ ਪਤ੍ਰਕਾਰ ਨੇ ਸਲਾਹ ਦਿੱਤੀ ਸੀ ਕਿ ਜੇ ਪ੍ਰਧਾਨ ਮੰਤਰੀ
ਨਰੇਂਦਰ ਮੋਦੀ ਚਾਹੁੰਦੇ ਹਨ ਕਿ ਲੋਕ-ਹਿਤ ਵਿੱਚ ਸੰਸਦ ਦਾ ਕੰਮ-ਕਾਜ ਸੁਚਾਰੂ ਰੂਪ
ਵਿੱਚ ਚਲੇ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਿਛਲੇ ਸੰਸਦੀ ਕਾਲ ਦੌਰਾਨ ਆਪਣੀ
ਪਾਰਟੀ ਵਲੋਂ ਸੰਸਦ ਵਿੱਚ ਕੀਤੇ ਜਾਂਦੇ ਰਹੇ ‘ਗੁਨਾਹ’ ਲਈ ਮੁਆਫੀ ਮੰਗਣ ਤੇ ਅਗੋਂ
ਲਈ ਵਿਰੋਧੀਆਂ ਪਾਸੋਂ ਸਹਿਯੋਗ ਦੀ ਮੰਗ ਕਰਨ। ਸੰਭਵ ਹੈ ਕਿ ਇਸ ਨਾਲ ਸਮੱਸਿਆ ਹਲ
ਹੋ ਜਾਏ ਅਤੇ ਸੰਸਦ ਦਾ ਕੰਮ ਸਹੀ ਲੀਹਾਂ ਪੁਰ ਆ ਜਾਏ। ਭਾਜਪਾ ਦੇ ਇੱਕ ਆਗੂ ਵਲੋਂ
ਪਤ੍ਰਕਾਰ ਦੀ ਇਸ ‘ਸੁਚਜੀ’ ਸਲਾਹ ਨੂੰ ਤੁਰੰਤ ਹੀ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ
ਗਿਆ। ਨਤੀਜਾ ਸਾਹਮਣੇ ਹੈ।
ਦਸਿਆ ਜਾਂਦਾ ਹੈ ਕਿ ਜਦੋਂ ਕਦੀ ਚੰਗੇ ਮਾਹੌਲ ਵਿੱਚ ਰਾਜਸੀ ਪਾਰਟੀਆਂ ਦੇ ਮੁਖੀ
ਮਿਲ-ਬੈਠਦੇ ਹਨ ਤਾਂ, ਗਲਬਾਤ ਦੌਰਾਨ ਉਹ ਆਪਣੇ ਵਲੋਂ ਸੰਸਦ ਦੀ ਕਾਰਵਾਈ ਚਲਣ ਦੇਣ
ਦੀ ਚਾਹਤ ਪ੍ਰਗਟ ਕਰਦੇ ਹਨ, ਪਰ ਜਿਉਂ ਹੀ ਸੰਸਦ ਵਿੱਚ ਪਹੁੰਚਦੇ ਹਨ, ਇਸ ਚਾਹਤ
ਨੂੰ ਭੁਲਾ, ਇੱਕ-ਦੂਸਰੇ ਪੁਰ ਤਿੱਖੇ ਹਮਲੇ ਕਰਨ ਤੋਂ ਆਪਣੇ-ਆਪਨੂੰ ਰੋਕ ਨਹੀਂ
ਪਾਂਦੇ। ਬੀਤੇ ਕੁਝ ਸਮੇਂ ਦੌਰਾਨ ਇਕ-ਦੂਸਰੇ ਪੁਰ ਜ਼ਾਤੀ ਹਮਲੇ ਅਤੇ ਕੜਵਾਹਟ ਭਰੀ
ਅਲੋਚਨਾ ਕਰਨ ਦੀ ਜੋ ਰੁਚੀ ਵੇਖਣ ਅਤੇ ਸੁਣਨ ਦੀ ਸਾਹਮਣੇ ਆਈ ਹੈ, ਉਸਤੋਂ ਅਜਿਹਾ
ਨਹੀਂ ਜਾਪਦਾ ਕਿ ਕਦੀ ਸੰਸਦ ਦਾ ਵਾਤਾਵਰਣ ਸਹਿਯੋਗ ਅਤੇ ਮਿਤ੍ਰਤਾ ਭਰਿਆ ਬਣ
ਸਕੇਗਾ। ਬੀਤੇ ਕੁਝ ਸਮੇਂ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਵਿੱਚ ਕੜਵਾਹਟ,
ਅਵਿਸ਼ਵਾਸ ਅਤੇ ਦੂਰੀ ਵਧੀ ਹੀ ਹੈ।
ਮੰਨਿਆ ਜਾਂਦਾ ਹੈ ਕਿ ਸਾਂਸਦਾਂ ਦੀ ਉਹ ਪੀੜੀ ਆਹਿਸਤਾ-ਆਹਿਸਤਾ ਖਤਮ ਹੁੰਦੀ
ਚਲੀ ਜਾ ਰਹੀ ਹੈ, ਜਿਸਨੂੰ ਆਜ਼ਾਦੀ ਦੀ ਲੜਾਈ ਦਾ ਅਨੁਭਵ ਸੀ ਅਤੇ ਉਸ ਅਨੂਭਵ ਦੇ
ਆਧਾਰ ਤੇ ਸੰਸਦੀ ਪ੍ਰਕ੍ਰਿਆ ਦੀ ਜੋ ਸਿਖਿਆ ਆਜ਼ਾਦੀ ਤੋਂ ਬਾਅਦ ਦੇ ਵੀਹ-ਪੰਝੀ
ਵਰ੍ਹਿਆਂ ਦੌਰਾਨ ਹਾਸਲ ਹੋਈ, ਉਸੇ ਦੇ ਸਹਾਰੇ ਸੀਨੀਅਰ ਆਗੂਆਂ ਨੇ ਸੰਸਦੀ
ਪਰੰਪਰਾਵਾਂ ਕਾਇਮ ਕਰਨ ਲਈ ਕਰੜੀ ਮਿਹਨਤ ਕੀਤੀ।
ਪੁਰਾਣੀ ਪੀੜੀ ਦੇ ਸਜਣ ਦਸਦੇ ਹਨ ਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ
ਨਹਿਰੂ ਸੰਸਦ ਦੀ ਸਮੁਚੀ ਕਾਰਵਾਈ ਵਿੱਚ ਸ਼ਾਮਲ ਰਹਿੰਦੇ ਤੇ ਹੋ ਰਹੀਆਂ ਬਹਿਸਾਂ ਨੂੰ
ਧਿਆਨ ਨਾਲ ਸੁਣਦੇ। ਨਵੇਂ ਸਾਂਸਦਾਂ ਦੇ ਵਿਚਾਰਾਂ ਨੂੰ ਮਹਤੱਤਾ ਦਿੰਦੇ ਸਨ। ਉਹ ਇਹ
ਵੀ ਦਸਦੇ ਹਨ ਕਿ ਉਸ ਸਮੇਂ ਦੇ ਨੇਤਾ ਰਾਜਸੀ ਮਤਭੇਦਾਂ ਦੇ ਬਾਵਜੂਦ ਨਿਜੀ ਰਿਸ਼ਤੇ
ਬਣਾਈ ਰਖਦੇ ਸਨ, ਜਿਸਦਾ ਲਾਭ ਇਹ ਹੁੰਦਾ ਸੀ ਕਿ ਲੋੜ ਪੈਣ ਤੇ ਉਹ ਇੱਕ-ਦੂਸਰੇ ਨੂੰ
ਸਹਿਯੋਗ ਦੇਣ ਲਈ ਤਿਆਰ ਹੋ ਜਾਂਦੇ ਸਨ। ਸਮੇਂ ਦੇ ਬੀਤਣ ਨਾਲ ਉਸ ਪੀੜੀ ਦੇ ਵਿਛੋੜਾ
ਦੇ ਜਾਣ ਤੋਂ ਬਾਅਦ ਅਜਿਹੇ ਆਗੂ ਟਾਂਵੇਂ-ਟਾਵੇਂ ਹੀ ਰਹਿ ਗਏ ਹਨ, ਜਿਨ੍ਹਾਂ ਦੇ
ਦੌਸਤਾਂ-ਮਿਤਰਾਂ ਦਾ ਦਾਇਰਾ ਵਸੀਹ ਹੋਵੇ ਅਤੇ ਜੋ ਪਾਰਟੀ ਨੀਤੀਆਂ ਤੋਂ ਉਪਰ ਉਠ,
ਆਪਸ ਵਿੱਚ ਸਹਿਯੋਗ ਕਰਨ ਲਈ ਤਿਆਰ ਹੋ ਸਕਣ ਜਾਂ ਇੱਕ-ਦੂਸਰੇ ਪਾਸੋਂ ਸਹਿਯੋਗ ਮੰਗ
ਸਕਣ। ਜ਼ਰੂਰੀ ਇਹ ਹੈ ਕਿ ਦੇਸ਼ ਹਿਤ ਵਿੱਚ ਇਹ ਗਲ ਸਵੀਕਾਰ ਕਰ ਲਈ ਜਾਏ ਕਿ
ਰਾਜਨੈਤਿਕ ਵਿਰੋਧੀ ਹੋਣ ਦਾ ਮਤਲਬ ਜ਼ਾਤੀ ਦੁਸਮਣ ਹੋਣਾ ਨਹੀਂ ਹੁੰਦਾ। ਇਸਦੇ ਨਾਲ
ਇਹ ਵੀ ਜ਼ਰੂਰੀ ਹੈ ਕਿ ਦੇਸ਼ ਹਿਤ ਵਿੱਚ ਇਸ ਗਲ ਨੂੰ ਵੀ ਸਵੀਕਾਰ ਕਰ ਲਿਆ ਜਾਏ ਕਿ
ਰਾਜਸੀ ਵਿਰੋਧ ਦੇ ਆਧਾਰ ਤੇ ਇਕ-ਦੂਜੇ ਦੀਆਂ ਕਮਜ਼ੋਰੀਆਂ ਗਿਣਾਉਣ ਦੀ ਥਾਂ ਇਹ
ਸਵੀਕਾਰ ਕਰ ਲਿਆ ਜਾਏ ਕਿ ਜੋ ਕਮਜ਼ੋਰੀਆਂ ਵਿਰੋਧੀ ਵਿੱਚ ਹਨ, ਉਹ ਜਾਂ ਉਨ੍ਹਾਂ
ਵਿਚੋਂ ਹੀ ਕਈ, ਆਪਣੇ ਵਿੱਚ ਵੀ ਹੋ ਸਕਦੀਆਂ ਹਨ।
ਦੇਸ਼-ਧ੍ਰੋਹ ਬਨਾਮ ਦੇਸ਼ ਭਗਤੀ : ਬੀਤੇ ਦਿਨੀਂ ਦਿੱਲੀ ਸਥਿਤ ਜਵਾਹਰ
ਲਾਲ ਨਹਿਰੂ ਯੁਨੀਵਰਸਿਟੀ ਵਿੱਚ ਵਾਪਰੀ ਇੱਕ ਘਟਨਾ ਨੂੰ ਲੈ ਕੇ ਦੇਸ਼-ਧ੍ਰੋਹ ਅਤੇ
ਦੇਸ਼-ਭਗਤ ਦੇ ਮੁੱਦੇ ਨੂੰ ਲੈ ਕੇ ਬਹੁਤ ਤਿੱਖੀ ਚਰਚਾ ਹੋ ਰਹੀ ਹੈ। ਇਸਦਾ ਕਾਰਣ ਇਹ
ਹੈ ਕਿ ਇਸ ਯੂਨੀਵਰਸਿਟੀ ਵਿੱਚ ਹੋਏ ਸਮਗਮ ਦੌਰਾਨ ਇੱਕ ਨੇਤਾ ਵਲੋਂ ਭਾਸ਼ਣ ਕਰਦਿਆਂ
ਅਤੇ ਕੁਝ ਵਿਦਿਆਰਥੀਆਂ ਵਲੋਂ ਨਾਹਰੇ ਲਾਉਂਦਿਆਂ ਦਾ ਇੱਕ ਅਜਿਹਾ ਵੀਡੀਓ ਵਾਇਰਲ
ਹੋਇਆ, ਜਿਸ ਵਿੱਚ ਲਾਏ ਦਸੇ ਗਏ ਨਾਹਰਿਆਂ ਨੂੰ ਦੇਸ਼ ਵਿਰੋਧੀ ਕਰਾਰ ਦੇ ਕੁਝ
ਵਿਦਿਆਰਥੀ ਮੁੱਖੀਆਂ ਵਿਰੁਧ ਦੇਸ਼-ਧ੍ਰੋਹ ਦਾ ਮੁਕਦਮਾ ਦਰਜ ਕਰ, ਉਨ੍ਹਾਂ ਨੂੰ
ਗ੍ਰਿਫਤਾਰ ਕਰ ਲਿਆ ਗਿਆ। ਦਸਿਆ ਜਾਂਦਾ ਹੈ ਕਿ ਦਿੱਲੀ ਸਰਕਾਰ ਵਲੋਂ ਜਾਂਚ ਕਰਵਾਏ
ਜਾਣ ਤੇ ਸਾਬਤ ਹੋ ਗਿਆ ਕਿ ਉਸ ਵੀਡੀਓ ਨਾਲ ਛੇੜ-ਛਾੜ ਕੀਤੀ ਗਈ ਹੈ। ਦੂਸਰਾ ਇਕ
ਵਿਦਿਆਰਥੀ ਨੇਤਾ, ਕਨ੍ਹਈਆ ਨੂੰ ਜਦੋਂ ਇਸੇ ਦੋਸ਼ ਵਿਚ ਅਦਾਲਤ ਵਿੱਚ ਪੇਸ਼ ਕੀਤਾ ਗਿਆ
ਤਾਂ ਪੁਲਿਸ ਅਦਾਲਤ ਦੇ ਇਸ ਸੁਆਲ ਦਾ ਕੋਈ ਤੱਸਲੀ-ਬਖਸ਼ ਜਵਾਬ ਨਾ ਦੇ ਸਕੀ ਕਿ ਕੀ
ਉਸਨੂੰ ਪਤਾ ਹੈ ਕਿ ਦੇਸ਼-ਧ੍ਰੋਹ ਹੁੰਦਾ ਕੀ ਹੈ?
ਇਸ ਘਟਨਾ ਨੂੰ ਲੈ ਕੇ ਇੱਕ ਵਿਅੰਗਕਾਰ ਨੇ ਕਿਹਾ ਕਿ ਦੇਸ਼ (ਭਾਰਤ) ਵਿੱਚ
ਅਦਾਲਤੀ ਕਾਨੂੰਨਾਂ ਵਿੱਚ ਸੋਧ ਕਰਨ ਦੀ ਚਰਚਾ ਬੜੇ ਕਾਫੀ ਸਮੇਂ ਤੋਂ ਕੀਤੀ ਜਾਂਦੀ
ਚਲਦੀ ਆ ਰਹੀ ਹੈ। ਪ੍ਰੰਤੂ ਇਸ ਪਾਸੇ ਅਜੇ ਤਕ ਕੁਝ ਵੀ ਨਹੀਂ ਹੋਇਆ। ਪਿਛਲੇ ਦਿਨੀਂ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ ਵਿੱਚ) ਵਿੱਚ ਜੋ ਘਟਨਾ ਵਾਪਰੀ ਹੈ,
ਉਸਤੋਂ ਇੱਕ ਸੇਧ ਮਿਲੀ ਹੈ ਕਿ ਦੇਸ਼ ਦੇ ਕਾਨੂੰਨਾਂ ਵਿੱਚ ਸੋਧ ਦੀ ਪ੍ਰਕ੍ਰਿਆ
ਕਿਥੋਂ ਸ਼ੁਰੂ ਕੀਤੀ ਜਾਏ? ਉਸ ਵਿਅੰਗਕਾਰ ਦਾ ਕਹਿਣਾ ਕਿ ਦਿੱਲੀ ਦੇ ‘ਸੰਸਾਰ’
ਪ੍ਰਸਿੱਧ ਕਮਿਸ਼ਨਰ ਭੀਮ ਸੇਨ ਬੱਸੀ ਸੇਵਾ-ਮੁਕਤ ਹੋ ਗਏ ਹਨ, ਵਰਨਾ ਉਹ ਇਸ ਮਾਮਲੇ
ਵਿੱਚ ਚੰਗਾ ਮਾਰਗ ਦਰਸ਼ਨ ਕਰ ਸਕਦੇ ਸਨ। ਪਿਛਲੇ ਦਿਨੀਂ ਕਈਆਂ ਪੁਰ ਦੇਸ਼-ਧ੍ਰੋਹ ਦੇ
ਮਾਮਲੇ ਦਰਜ ਹੋਏ ਹਨ। ਜੇ ਜੇਐਨਯੂ ਦੇ ਵਿਦਿਆਰਥੀ ਨੇਤਾਵਾਂ ਨੂੰ ਛੱਡ ਵੀ ਦਿੱਤਾ
ਜਾਏ, ਤਾਂ ਵੀ ਹਰਿਆਣਾ ਵਿੱਚ ਵੀ ਇੱਕ ਮਾਮਲਾ ਦੇਸ਼-ਧ੍ਰੋਹ ਦਾ ਦਰਜ ਹੋਇਆ ਹੈ।
ਗੁਜਰਾਤ ਵਿੱਚ ਹਾਰਦਿਕ ਪਟੇਲ ਵੀ ਇਸੇ ਤਰ੍ਹ੍ਹਾਂ ਦੇ ਮਾਮਲੇ ਨਾਲ ਜੂਝ ਰਿਹਾ ਹੈ।
ਕਈ ਵੱਡੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਪੁਰ ਵੀ ਦੇਸ਼-ਧ੍ਰੋਹ ਦਾ ਮਾਮਲਾ ਦਰਜ
ਹੋਇਆ ਹੈ। ਉਸ ਵਿਅੰਗਕਾਰ ਅਨੁਸਾਰ ਕੁਝ ਵਰ੍ਹੇ ਪਹਿਲਾਂ ਇੱਕ ਕਰਟੂਨਿਸਟ ਪੁਰ, ਇੱਕ
ਕਰਟੂਨ ਬਣਾਏ ਜਾਣ ਤੇ ਦੇਸ਼-ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ। ਕਈ ਕਰਟੂਨਿਸਟ ਅਤੇ
ਵਿਅੰਗਕਾਰ ਅਜਿਹੇ ਹਨ, ਜਿਨ੍ਹਾਂ ਦਾ ਲਿਖਿਆ-ਬਣਾਇਆ ਸਾਰਵਜਨਿਕ ਜ਼ੁਰਮ ਦੀ ਸ਼੍ਰੇਣੀ
ਵਿੱਚ ਆ ਸਕਦਾ ਹੈ। ਪਰ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕਰਨਾ ਇੱਕ ‘ਕ੍ਰਾਂਤੀਕਾਰੀ’
ਸੂਝ-ਬੂਝ ਨੂੰ ਦਰਸਾਂਦਾ ਹੈ। ਇਸ ਗਲ ਨੂੰ ਮੁੱਖ ਰਖਦਿਆਂ ਅੰਗ੍ਰੇਜ਼ਾਂ ਵਲੋਂ ਬਣਾਏ
ਕਾਨੂੰਨਾਂ ਵਿੱਚ ‘ਕ੍ਰਾਂਤੀਕਾਰੀ’ ਬਦਲਾਉ ਕੀਤਾ ਜਾ ਸਕਦਾ ਹੈ। ਉਸਦਾ ਕਹਿਣਾ ਹੈ
ਕਿ ਉਲ਼ਝੇ ਕਾਨੂੰਨਾਂ ਨੂੰ ਸਰਲ ਬਣਾਉਣ ਲਈ ਉਸ ਵਿੱਚ ਹਰ ਅਪਰਾਧ ਨੂੰ ਦੇਸ਼-ਧ੍ਰੋਹ
ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਜਾਏ। ਇਸ ਨਾਲ ਪੁਰੀ ਨਿਆਂ ਪ੍ਰਣਾਲੀ ਇੱਕ ਸਫੇ
ਦੀ ਹੋ ਜਾਇਗੀ, ਕਿਉਂਕਿ ਉਸ ਵਿੱਚ ਇਕੋ ਧਾਰਾ ਦੇਸ਼-ਧ੍ਰੋਹ ਦੀ ਹੀ ਹੋਵੇਗੀ। ਇਸ
ਨਾਲ ਪੁਲਸ ਅਫਸਰਾਂ ਅਤੇ ਵਕੀਲਾਂ ਨੂੰ ਵੀ ਅਸਾਨੀ ਹੋ ਜਾਇਗੀ। ਕਾਰਟੂਨ ਬਣਾਉਣ ਤੋਂ
ਲੈ ਕੇ ਨਾਹਰੇ ਲਾਉਣ ਤਕ ਅਤੇ ਜੇਬ ਕਟਣ ਤੋਂ ਲੈ ਕੇ ਕਤਲ ਕਰਨ ਤਕ ਸਭ ਨੂੰ
‘ਦੇਸ਼-ਧ੍ਰੋਹ’ ਮੰਨ ਲਿਆ ਜਾਇਗਾ।
ਗਲ ਅਕਾਲੀ-ਭਾਜਪਾ ਗਠਜੋੜ ਦੀ : ਬੀਤੇ ਦਿਨੀਂ ਹੀ ਸ਼੍ਰੋਮਣੀ ਅਕਾਲੀ ਦਲ
(ਬਾਦਲ) ਤੇ ਭਾਜਪਾ ਦੀ ਕੌਮੀ ਲੀਡਰਸ਼ਿਪ ਵਿੱਚਕਾਰ ਦਿੱਲੀ ਵਿੱਚ ਹੋਈ ਇੱਕ ਬੈਠਕ
ਵਿੱਚ ਆਾਪਸੀ ਸਹਿਮਤੀ ਹੋਣ ਤੋਂ ਬਾਅਦ ਦੋਹਾਂ ਧਿਰਾਂ ਵਲੋਂ ਐਲਾਨ ਕੀਤਾ ਗਿਆ ਹੈ
ਕਿ ਪੰਜਾਬ ਵਿੱਚ ਦੋਹਾਂ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ, ਦਾ
ਗਠਜੋੜ ਬਣਿਆ ਰਹੇਗਾ ਅਤੇ ਦੋਵੇਂ ਆਪਸੀ ਵਿਸ਼ਵਾਸ ਨੂੰ ਬਣਾਈ ਰਖਦਿਆਂ, ਅਗਲੇ ਵਰ੍ਹੇ
ਦੇ ਅਰੰਭ ਵਿੱਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮਿਲ ਕੇ ਲੜਨਗੀਆਂ।
ਦੋਹਾਂ ਪਾਰਟੀਆਂ ਦੇ ਮੁੱਖੀਆਂ ਵਲੋਂ ਕੀਤੇ ਗਏ ਇਸ ਸਾਂਝੇ ਐਲਾਨ ਨੇ ਉਨ੍ਹਾਂ
ਸਾਰੀਆਂ ਅਟਕਲਾਂ ਪੁਰ ਵਿਰਾਮ ਲਾ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ
ਰਿਹਾ ਸੀ ਕਿ ਲੰਮੇਂ ਸਮੇਂ ਤੋਂ, ਦੋਹਾਂ ਪਾਰਟੀਆਂ ਦੇ ਪੰਜਾਬ ਵਿਚਲੇ ਨੇਤਾਵਾਂ
ਵਲੋਂ ਇੱਕ-ਦੂਸਰੇ ਨੂੰ ਨੀਵਾਂ ਵਿਖਾਏ ਜਾਣ ਦੀ ਅਪਨਾਈ ਚਲੀ ਆ ਰਹੀ ਨੀਤੀ ਦੇ
ਕਾਰਣ, ਇਸ ਵਾਰ ਦੋਵੇਂ ਹੀ ਪਾਰਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕ-ਦੂਸਰੇ
ਦਾ ਪਲੂ ਛੱਡ ਇਕਲਿਆਂ ਹੀ ਆਪਣੇ ਬੂਤੇ ਆਪਣੀ ਕਿਸਮਤ ਅਜ਼ਮਾਣਗੀਆਂ।
...ਅਤੇ ਅੰਤ ਵਿੱਚ : ਇਥੇ ਇਹ ਗਲ ਵਨਣਯੋਗ ਹੈ ਕਿ ਦੋਹਾਂ ਪਾਰਟੀਆਂ
ਦੇ ਕੌਮੀ ਆਗੂਆਂ ਵਲੋਂ ਕੀਤੇ ਗਏ ਇਸ ਸਾਂਝੇ ਐਲਾਨ ਨਾਲ ਉਨ੍ਹਾਂ ਰਾਜਸੀ ਮਾਹਿਰਾਂ
ਨੂੰ ਕੋਈ ਹੈਰਾਨੀ ਨਹੀਂ ਹੋਈ, ਜੋ ਗਠਜੋੜ ਦੇ ਟੁੱਟ ਜਾਣ ਦੀਆਂ ਲਾਈਆਂ ਜਾਂਦੀਆਂ
ਚਲੀਆਂ ਆ ਰਹੀਆਂ ਅਟਕਲਾਂ ਨੂੰ ਨਜ਼ਰ-ਅੰਦਾਜ਼ ਕਰਦੇ ਚਲੇ ਆ ਰਹੇ ਸਨ। ਉਨ੍ਹਾਂ ਦਾ
ਪਹਿਲਾਂ ਵੀ ਅਤੇ ਹੁਣ ਵੀ ਇਹੀ ਮਤ ਹੈ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ
ਕਿਸੇ ਸਿਧਾਂਤ ਪੁਰ ਅਧਾਰਤ ਨਾ ਹੋ, ਮਜਬੂਰੀ ਦੇ ਸਵਾਰਥ ਪੁਰ ਅਧਾਰਤ ਹੈ। ਦੋਹਾਂ
ਪਾਰਟੀਆਂ ਦੇ ਮੁਖੀ ਸਵੀਕਾਰਦੇ ਹਨ ਕਿ ਪੰਜਾਬ ਵਿੱਚ ਅਲਗ-ਅਲਗ ਚੋਣ ਮੈਦਾਨ ਵਿੱਚ
ਉਤਰ, ਉਨ੍ਹਾਂ ਲਈ ਆਪਣੀ ਸਨਮਾਨ-ਜਨਕ ਹੋਂਦ ਕਾਇਮ ਰਖ ਪਾਣਾ ਵੀ ਸੰਭਵ ਨਹੀਂ
ਹੋਵੇਗਾ। ਕਿਉਂਕਿ ਸਿੱਖ ਮਤਦਾਤਾਵਾਂ ਦੇ ਸਹਿਯੋਗ ਲਈ ਭਾਜਪਾ ਦੀ ਨਿਰਭਰਤਾ
ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਹੈ ਅਤੇ ਹਿੰਦੂ ਮਤਦਾਤਾਵਾਂ ਦੇ ਸਾਥ ਲਈ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਨਿਰਭਰਤਾ ਭਾਜਪਾ ਪੁਰ। ਅਜਿਹੀ ਸਥਿਤੀ ਵਿੱਚ ਜੇ
ਉਹ ਇੱਕ-ਦੂਸਰੇ ਦਾ ਸਾਥ ਛੱਡ, ਚੋਣ ਮੈਦਾਨ ਵਿੱਚ ਉਤਰਦੀਆਂ ਹਨ ਤਾਂ ਉਨ੍ਹਾਂ ਲਈ
ਸਨਮਾਨ-ਜਨਕ ਪ੍ਰਦਰਸ਼ਨ ਕਰ ਪਾਣਾ ਵੀ ਸੰਭਵ ਨਹੀਂ ਹੋ ਪਾਇਗਾ। ਸੱਤਾ ਵਿੱਚ ਵਾਪਸੀ
ਦੀ ਗਲ ਤਾਂ ਬਹੁਤ ਦੂਰ ਰਹੀ।000
Mobile : + 91 95 82 71 98 90 E-mail :
jaswantsinghajit@gmail.com
Jaswant Singh ‘Ajit’, 64-C, U&V/B, Shalimar Bagh, DELHI-110088
|