WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ


  

ਗੱਲ 2 ਦਸੰਬਰ ਸੰਨ 2015 ਦੀ ਹੈ। ਸਵੇਰੇ-ਸਵੇਰੇ ਘਰ ਵਿਚ ਮਿਲਣ ਲਈ ਇਕ ਸੱਜਣ ਆਏ ਜਿਨਾਂ ਨੂੰ ਮੈਂ ਉੱਕਾ ਹੀ ਨਹੀਂ ਸੀ ਜਾਣਦੀ। ਉਨਾਂ ਨੇ ਬਿਨਾਂ ਜਾਣ-ਪਛਾਣ ਕਰਵਾਏ ਸਿੱਧਾ ਹੀ ਗੱਲ ਸ਼ੁਰੂ ਕਰ ਦਿੱਤੀ, ‘‘ਮੈਂ ਤੁਹਾਡੇ ਪਿਤਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਦੇ ਘਰ ਸੰਨ 1956-57 ਦੇ ਲਾਗੇ ਬਰਾਂਡੇ ਦੀ ਪਰਛੱਤੀ ਪਾਈ ਸੀ ਜਿਹੜੀ ਪਹਿਲੇ ਮਿਸਤਰੀ ਵੱਲੋਂ ਪਾਈ ਤ੍ਰੇੜੀ ਗਈ ਸੀ।’’

ਮੇਰੇ ਲਈ ਇਹ ਜਾਣ-ਪਛਾਣ ਬਥੇਰੀ ਸੀ ਕਿ ਉਨਾਂ ਦੀ ਚੰਗੀ ਆਓ ਭਗਤ ਕੀਤੀ ਜਾਵੇ। ਬਹਿੰਦਿਆਂ ਹੀ ਕਹਿਣ ਲੱਗੇ, ‘‘ਮੇਰਾ ਨਾਂ ਇੰਦਰ ਸਿੰਘ ਕੰਬੋਜ ਹੈ। ਮੈਂ ਰਾਜਗੀਰੀ ਦਾ ਕੰਮ ਕਰਦਾ ਸੀ। ਮੈਨੂੰ ਬਲਬੀਰ ਸਿੰਘ ਜੀ ਨੇ ਤੁਹਾਡੇ ਪਿਤਾ ਜੀ ਨਾਲ ਗੱਲਬਾਤ ਕਰਵਾਈ ਸੀ। ਤੁਹਾਡੇ ਪਿਤਾ ਜੀ ਨੇ ਮੈਨੂੰ ਮੁੱਛਫੁਟ ਨੂੰ ਵੇਖਦੇ ਈ ਕਿਹਾ ਕਿ ਇਹ ਮੁੰਡੂ ਜਿਹਾ ਜਿਵੇਂ ਕੰਮ ਕਰ ਲਵੇਗਾ, ਜਦ ਪਹਿਲਾ ਤਗੜਾ ਮਿਸਤਰੀ ਨਹੀਂ ਕਰ ਸਕਿਆ। ਬਲਬੀਰ ਸਿੰਘ ਜੀ ਦੇ ਜ਼ੋਰ ਪਾਉਣ ਉ¤ਤੇ ਉਹ ਮੰਨ ਗਏ ਤੇ ਮੈਨੂੰ ਕੰਮ ਸੌਂਪ ਦਿੱਤਾ।’’

‘‘ਅੱਜ ਇੱਧਰ ਕਿਵੇਂ ਆਉਣਾ ਹੋਇਆ,’’ ਮੈਂ ਵਿੱਚੋਂ ਗੱਲ ਟੋਕ ਕੇ ਪੁੱਛਿਆ?
‘‘ਮੇਰੀ ਪੂਰੀ ਗੱਲ ਤਾਂ ਸੁਣੋ,’’ ਉਨਾਂ ਅੱਗੋਂ ਗੱਲ ਜਾਰੀ ਰੱਖੀ, ‘‘ਉਸ ਸਮੇਂ ਮੈਂ ਦਿਹਾੜੀ ਦੀ ਗੱਲ ਕੀਤੀ ਤਾਂ ਪ੍ਰੋਫੈ¤ਸਰ ਸਾਹਿਬ ਕਹਿਣ ਲੱਗੇ, ਏਨਾ ਟਾਈਮ ਉਨਾਂ ਕੋਲ ਹੈ ਨਹੀਂ, ਤੁਸੀਂ ਠੇਕਾ ਈ ਕਰ ਲਵੋ। ਮੈਂ ਸਤਾਰਾਂ ਰੁਪੈ ’ਚ ਠੇਕਾ ਕਰ ਲਿਆ। ਉਨਾਂ ਇੱਕ ਵਾਰ ਵੀ ਨਾ ਨੁਕਰ ਨਈਂ ਕੀਤੀ। ਝਟਪਟ ਕੰਮ ਕਰਨ ਨੂੰ ਕਹਿ ਦਿੱਤਾ। ਉਨਾਂ ਨਾ ਮੈਨੂੰ ਕਦੇ ਟੋਕਿਆ ਨਾ ਸਿਰ ਉ¤ਤੇ ਖਲੋਤੇ। ਉਨਾਂ ਦੁਆਲੇ ਉਨਾਂ ਦੇ ਵਿਦਿਆਰਥੀਆਂ ਦਾ ਝੁਰਮਟ ਪਿਆ ਹੁੰਦਾ ਤੇ ਤੁਹਾਡੇ ਮਾਤਾ ਜੀ ਲਗਾਤਾਰ ਕੁੱਝ ਨਾ ਕੁੱਝ ਖਾਣ ਪੀਣ ਨੂੰ ਪਰੋਸਣ ਵਿਚ ਲੱਗੇ ਰਹਿੰਦੇ।’’

ਮੈਂ ਉਦੋਂ ਜੰਮੀ ਵੀ ਨਹੀਂ ਸੀ, ਇਸੇ ਲਈ ਮੈਨੂੰ ਵੀ ਗੱਲ ਸੁਣਨ ਦੀ ਉਤਸੁਕਤਾ ਸੀ, ਪਰ ਚਾਹ ਪਾਣੀ ਤਾਂ ਪੁੱਛਣਾ ਹੀ ਸੀ।

ਉਨਾਂ ਨਾ ਵਿਚ ਸਿਰ ਹਿਲਾ ਕੇ ਕਿਹਾ, ‘‘ਤੁਹਾਡੀ ਮਾਤਾ ਨਿਰੀ ਪੁਰੀ ਦੇਵੀ ਸੀ। ਕਦੇ ਮੂੰਹੋਂ ਕੋਈ ਸ਼ਬਦ ਨਹੀਂ ਕੱਢਿਆ। ਦੋ ਦੀ ਥਾਂ ਚਾਰ-ਚਾਰ ਵਾਰ ਮੈਨੂੰ ਖਾਣ ਪੀਣ ਨੂੰ ਦਿੰਦੇ। ਕਦੇ ਉਨਾਂ ਦੇ ਮੱਥੇ ਉ¤ਤੇ ਸ਼ਿਕਨ ਵੇਖਣ ਨੂੰ ਨਹੀਂ ਮਿਲੀ। ਲਗਾਤਾਰ ਕੰਮ ਕਰਦੇ ਤਾਂ ਅਸੀਂ ਵੀ ਥੱਕ ਜਾਂਦੇ ਸੀ, ਪਰ ਉਹ ਤਾਂ ਖਿੜੇ ਮੱਥੇ ਪੂਰਾ ਦਿਨ ਕੰਮ ਕਰਨ ਲੱਗੇ ਰਹਿੰਦੇ ਤੇ ਆਏ ਗਏ ਦੀ ਪੂਰੀ ਸੇਵਾ ਕਰਦੇ। ਮੇਰੀ ਉਮਰ ਉਦੋਂ ਸ਼ਾਇਦ 18 ਜਾਂ ਵੀਹ ਵਰੇ ਹੋਵੇਗੀ। ਮੇਰਾ ਤਾਂ ਬਿਲਕੁਲ ਮਾਂ ਵਾਂਗ ਸਿਰ ਪਲੋਸਦੇ ਸਨ।’’

ਮੇਰਾ ਸਭ ਕੁੱਝ ਸੁਣ ਕੇ ਰੁਗ ਭਰ ਗਿਆ ਪਰ ਉਹ ਤਾਂ ਲਗਾਤਾਰ ਬੋਲਦੇ ਰਹੇ ਜਿਵੇਂ ਬੜੇ ਚਿਰਾਂ ਤੋਂ ਸਾਂਭੀਆਂ ਗੱਲਾਂ ਅੱਜ ਹੀ ਸਾਂਝੀਆਂ ਕਰਨੀਆਂ ਹੋਣ। ਕਹਿਣ ਲੱਗੇ, ‘‘ਜਦੋਂ ਪਰਛੱਤੀ ਪੂਰੀ ਹੋ ਗਈ ਤਾਂ ਮੈਂ ਢੂਲਾ ਕਈ ਦਿਨ ਨਾ ਖੋਲਿਆ। ਪ੍ਰੋਫੈ¤ਸਰ ਸਾਹਿਬ ਮਜ਼ਾਕ ਕਰਨ-ਬਈ ਪਰਛੱਤੀ ਦੇ ਡਿੱਗ ਜਾਣ ਤੋਂ ਡਰਦੈਂ? ਮੈਂ ਕਿਹਾ ਨਹੀਂ ਜੀ, ਬਸ ਮੇਰੇ ਹੱਥ ਦੀ ਕਰਾਮਾਤ ਵੇਖਿਓ। ਜਦੋਂ ਹਫ਼ਤੇ ਬਾਅਦ ਢੂਲਾ ਖੋਲਿਆ ਤਾਂ ਕੋਈ ਤ੍ਰੇੜ ਨਾ ਆਈ ਤੇ ਏਨਾ ਸਾਫ਼ ਕੰਮ ਵੇਖਦੇ ਹੋਏ ਤੁਹਾਡੇ ਪਿਤਾ ਜੀ ਨੇ ਮੈਨੂੰ 20 ਰੁਪੈ ਦੇ ਦਿੱਤੇ। ਮੈਂ ਤਿੰਨ ਰੁਪੈ ਮੋੜਨ ਲੱਗਿਆ ਤਾਂ ਉਨਾਂ ਰੱਖੇ ਨਈਂ। ਮੈਨੂੰ ਉਨਾਂ ਪੁੱਛਿਆ-ਕਿੰਨਾ ਪੜਿਐਂ? ਮੈਂ ਕਿਹਾ ਜੀ ਪੜਾਈ ਪੂਰੀ ਨਈਂ ਕਰ ਸਕਿਆ। ਪਹਿਲਾਂ ਈ ਕੰਮ ਕਰਨਾ ਪੈ ਗਿਆ। ਘਰ ਦੀਆਂ ਲੋੜਾਂ ਸਨ ਜੋ ਰਾਜਗੀਰੀ ਵੱਲ ਪੈ ਗਿਆ। ਉਨਾਂ ਅੱਗੋਂ ਕਿਹਾ-ਕਾਕਾ, ਤੇਰੀਆਂ ਕਿਤਾਬਾਂ, ਫੀਸ ਤੇ ਹੋਰ ਨਿੱਕ ਸੁੱਕ ਦਾ ਖ਼ਰਚਾ ਮੇਰੇ ਸਿਰ। ਤੂੰ ਇਸ ਦਾ ਫ਼ਿਕਰ ਛੱਡ ਕੇ ਸਿਰਫ਼ ਪੜਨ ਵੱਲ ਧਿਆਨ ਦੇ। ਅਸੀਂ ਇਕ-ਇਕ ਰੋਟੀ ਘਟ ਖਾ ਲਵਾਂਗੇ ਪਰ ਇੰਜ ਘੱਟੋ-ਘੱਟ ਇਕ ਬੱਚਾ ਹੋਰ ਪੜ ਜਾਵੇਗਾ। ਤੂੰ ਕਲ ਤੋਂ ਈ ਸਕੂਲ ਜਾਣ ਦੀ ਤਿਆਰੀ ਕਰ।’’

ਮੈਂ ਭਾਪਾ ਜੀ ਦੇ ਹਾਲਾਤ ਤੋਂ ਚੰਗੀ ਤਰਾਂ ਵਾਕਿਫ਼ ਸੀ। ਏਸੇ ਲਈ ਮੈਨੂੰ ਪੂਰਾ ਇਹਸਾਸ ਸੀ ਕਿ ਕਿਵੇਂ ਘਰ ਦਾ ਖ਼ਰਚਾ ਮਸਾਂ ਪੂਰਾ ਹੁੰਦਾ ਸੀ ਕਿਉਂਕਿ ਵਿਦਿਆਰਥੀਆਂ ਦੀ ਢਾਣੀ ਦਾ ਸਾਰਾ ਖਾਣਾ ਪੀਣਾ ਤੇ ਉਨਾਂ ਦਾ ਉ¤ਪਰਲਾ ਖ਼ਰਚਾ, ਜਿਸ ਵਿਚ ਫਿਲਮਾਂ ਵੇਖਣ ਦੀਆਂ ਟਿਕਟਾਂ ਲਈ ਪੈਸੇ ਵੀ ਸ਼ਾਮਲ ਸਨ, ਉਹ ਸਾਰਾ ਭਾਪਾ ਜੀ ਹੀ ਦਿੰਦੇ ਸਨ। ਇਕੱਲੇ ਕਮਾਉਣ ਵਾਲੇ ਤੇ ਏਨੇ ਜਣੇ ਖਾਣ ਵਾਲੇ! ਟਿਊਸ਼ਨ ਦਾ ਕਦੇ ਇਕ ਆਨਾ ਵੀ ਉਨਾਂ ਨਹੀਂ ਲਿਆ ਸੀ। ਘਰ ਦੇ ਭਾਵੇਂ ਫਾਕੇ ਕੱਟਣ, ਜਿਸ ਵਿਚ ਸਭ ਤੋਂ ਵਧ ਹਿੱਸਾ ਮੇਰੀ ਮਾਂ ਨੇ ਪਾਇਆ, ਪਰ ਵਿਦਿਆਰਥੀ ਤੇ ਲੋੜਵੰਦ ਪਹਿਲਾਂ!

ਮੈਂ ਕਿਵੇਂ ਦੱਸਦੀ ਕਿ ਅਸੀਂ ਸਾਰੇ ਘਰ ਵਾਲਿਆਂ ਨੇ ਦੋ ਕਪੜਿਆਂ ਤਕ ਹੀ ਆਪਣੇ ਆਪ ਨੂੰ ਸੀਮਤ ਰੱਖਿਆ ਹੋਇਆ ਸੀ ਤੇ ਫਿਲਮਾਂ ਤਾਂ ਬਹੁਤ ਦੂਰ ਦੀ ਗੱਲ ਸੀ।

ਮੈਨੂੰ ਸੋਚਾਂ ’ਚ ਪਈ ਨੂੰ ਵੇਖ ਸ੍ਰ. ਇੰਦਰ ਸਿੰਘ ਜੀ ਕਹਿਣ ਲੱਗ, ‘‘ਮੈਂ ਤਾਂ ਧੰਨ ਹੋ ਗਿਆ ਸੀ ਅਜਿਹਾ ਇਨਸਾਨ ਵੇਖ ਕੇ! ਮੈਨੂੰ ਪੜਨ ਲਈ ਉਨਾਂ ਏਨਾ ਪ੍ਰੋਤਸਾਹਿਤ ਕੀਤਾ ਕਿ ਪੁੱਛੋ ਨਾ! ਮੇਰੀ ਹੀ ਮਜਬੂਰੀ ਸੀ ਕਿਉਂਕਿ ਮੇਰਾ ਉਦੋਂ ਹੀ ਵਿਆਹ ਹੋਇਆ ਸੀ। ਮੈਂ ਟੱਬਰ ਦੀ ਜ਼ਿੰਮੇਵਾਰੀ ਛੱਡ ਕੇ ਪੜਨ ਨਹੀਂ ਸੀ ਪੈ ਸਕਦਾ! ਸੋ ਹੱਥ ਜੋੜ ਕੇ ਪ੍ਰੋ. ਸਾਹਿਬ ਤੋਂ ਖ਼ਿਮਾ ਮੰਗੀ। ਉਨਾਂ ਦਾ ਦਿਲ ਜਿਹਾ ਟੁੱਟ ਗਿਆ। ਮੇਰੇ ਜੁੜੇ ਹੱਥਾਂ ਨੂੰ ਆਪਣੇ ਹੱਥਾਂ ’ਚ ਲੈ ਕੇ ਕਹਿਣ ਲੱਗੇ-ਚੰਗਾ ਪੁੱਤਰਾ ਇਕ ਵਾਅਦਾ ਕਰ! ਆਪਣੇ ਅੱਗੋਂ ਕਿਸੇ ਪੁੱਤਰ ਨੂੰ ਇਸ ਕੰਮ ਵਿਚ ਨਹੀਂ ਪਾਏਂਗਾ। ਉਨਾਂ ਨੂੰ ਪੜਾਏਂਗਾ ਤੇ ਅਫਸਰ ਜਾਂ ਅਧਿਆਪਕ ਬਣਾਏਂਗਾ! ਜੇ ਉਸ ਲਈ ਵੀ ਮਾਇਕ ਲੋੜ ਹੋਈ ਤਾਂ ਬੇਝਿਜਕ ਮੇਰੇ ਕੋਲ ਆ ਜਾਈਂ। ਤੇਰਾ ਇਹ ਪਿਓ ਜ਼ਰੂਰ ਮਦਦ ਕਰੇਗਾ।’’

ਮੈਂ ਹੈਰਾਨ ਸੀ ਕਿ ਇਹ ਇਨਸਾਨ ਕਿੰਨੀਆਂ ਯਾਦਾਂ ਸੰਜੋਈ ਬੈਠਾ ਹੈ ਤੇ ਬਿਨਾਂ ਰੁਕੇ ਹਰ ਨਿੱਕੀ-ਨਿੱਕੀ ਗੱਲ ਏਨੇ ਸਾਲਾਂ ਬਾਅਦ ਵੀ ਇੰਜ ਬੋਲੀ ਜਾ ਰਿਹਾ ਸੀ ਜਿਵੇਂ ਹੁਣੇ ਸਾਹਮਣੇ ਵਾਪਰੀ ਹੋਵੇ।

‘‘ਉਦੋਂ ਤਿੰਨ ਰੁਪੈ ਦਿਹਾੜੀ ਹੋਇਆ ਕਰਦੀ ਸੀ, ’’ ਉਨਾਂ ਗੱਲ ਜਾਰੀ ਰੱਖੀ, ‘‘ਮੈਂ ਅੱਜ ਤੁਹਾਨੂੰ ਉਨਾਂ ਦੇ ਤੁਰ ਜਾਣ ਬਾਅਦ ਸਿਰਫ਼ ਇਸ ਲਈ ਮਿਲਣ ਆਇਆਂ ਕਿਉਂਕਿ ਅੱਜ ਮੇਰੇ ਚਾਰੋ ਪੁੱਤਰ ਪੜ ਲਿਖ ਕੇ ਅਫਸਰ ਲੱਗ ਚੁੱਕੇ ਹੋਏ ਨੇ ਤੇ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤੈ। ਉਹ ਤਾਂ ਹੁਣ ਰਹੇ ਨਹੀਂ ਪਰ ਮੈਂ ਤੁਹਾਡੇ ’ਚੋਂ ਉਨਾਂ ਦੇ ਦਰਸ਼ਨ ਕਰਕੇ ਉਨਾਂ ਦਾ ਧੰਨਵਾਦ ਕਰਨ ਆਇਆਂ। ਏਨੀ ਉੱਚੀ ਸੁੱਚੀ ਸੋਚ ਵਾਲੇ ਮਨੁੱਖ ਦਰਵੇਸ਼ ਹੋਇਆ ਕਰਦੇ ਨੇ। ਮੈਂ ਹੁਣੇ ਉਨਾਂ ਦੇ ਬੰਦ ਘਰ ਦੇ ਬਾਹਰੋਂ ਮੱਥਾ ਟੇਕ ਕੇ ਆਇਆਂ। ਬਸ ਏਨਾ ਕੁ ਈ ਤੁਹਾਡਾ ਸਮਾਂ ਲੈਣਾ ਸੀ। ਜਦੋਂ ਪਤਾ ਲੱਗਿਆ ਕਿ ਤੁਸੀਂ ਵੀ ਕਈ ਲੋੜਵੰਦ ਕੁੜੀਆਂ ਦੀ ਫੀਸ ਭਰਦੇ ਪਏ ਓ ਤਾਂ ਮਨ ਖਿੜ ਗਿਆ ਕਿ ਕੁੱਝ ਅੰਸ਼ ਉਸ ਦਰਵੇਸ਼ ਨੇ ਤੁਹਾਡੇ ਵਿਚ ਵੀ ਭਰ ਦਿੱਤੇ ਨੇ। ਲੱਗੇ ਰਹੋ। ਮੇਰੇ ਵਾਂਗ ਖ਼ੌਰੇ ਕਿੰਨਿਆਂ ਨੂੰ ਉਸ ਦਰਵੇਸ਼ ਨੇ ਤਾਰ ਦਿੱਤਾ ਹੋਣੈ। ਸਾਡੇ ਵਰਗਿਆਂ ਦੇ ਮਨਾਂ ਵਿਚ ਉਹ ਸਦੀਆਂ ਤਕ ਜ਼ਿੰਦਾ ਰਹੇਗਾ। ਸਲਾਮ! ਪ੍ਰੀਤਮ ਸਿੰਘ ਪ੍ਰੋਫੈਸਰ ਸਾਹਿਬ ਜੀ।’’

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

12/01/2016

  ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com