ਕਿਸੇ ਵੀ ਗੁਰੂ ਸਾਹਿਬਾਨ ਦੀ ਉੱਚੀ ਸੁੱਚੀ ਸੋਚ ਦੀ ਉਡਾਰੀ ਬਾਰੇ ਕਿਆਸ ਲਾਉਣਾ
ਜਾਂ ਉਸ ਸੋਚ ਨੂੰ ਮਨੋਵਿਗਿਆਨਿਕ ਪੱਖੋਂ ਘੋਖ ਕੇ ਸ਼ਬਦੀ ਰੂਪ ਦੇਣਾ ਕਿਸੇ ਇਨਸਾਨ
ਲਈ ਸੰਭਵ ਨਹੀਂ। ਏਸੇ ਲਈ ਮੈਂ ਉਹ ਪੱਖ ਉੱਕਾ ਹੀ ਪਰਾਂ ਰਖ ਦਿੱਤਾ ਹੈ। ਮੈਂ ਗੱਲ
ਕਰਨੀ ਚਾਹੀ ਹੈ-ਗੁਰੂ ਸਾਹਿਬ ਵੱਲੋਂ ਮਿਲੇ ਥਾਪੜੇ ਦਾ ਇਨਸਾਨੀ ਮਨ ਉੱਤੇ ਕਿਵੇਂ
ਅਸਰ ਪਿਆ ਹੋਵੇਗਾ! ਸਭ ਚੋਟੀ ਦੇ ਇਤਿਹਾਸਕਾਰਾਂ ਅਤੇ ਬੰਦਾ ਸਿੰਘ ਬਹਾਦਰ ਜੀ ਬਾਰੇ
ਘੋਖਵੀਂ ਖੋਜ ਕਰਨ ਵਾਲੇ ਸਤਿਕਾਰਯੋਗ ਸਵ: ਸ੍ਰ. ਗੰਡਾ ਸਿੰਘ ਜੀ ਅਤੇ ਹਰਚੰਦ ਸਿੰਘ
ਸਰਹੰਦੀ ਜੀ ਤੋਂ ਖਿਮਾਂ ਮੰਗਦੀ ਹੋਈ ਮੈਂ ਇਤਿਹਾਸ ਨੂੰ ਛੇੜੇ ਬਗ਼ੈਰ ਸਿਰਫ਼ ਮਾਨਸਿਕ
ਪੱਖ ਛੋਹਣੇ ਚਾਹੇ ਹਨ ਜੋ ਹਾਲੇ ਤਕ ਸ਼ਾਇਦ ਮੇਰੀ ਜਾਚੇ ਛੋਹੇ ਨਹੀਂ ਗਏ।
ਭਲਾ ਕਿਸ ਤਰਾਂ ਦਾ ਮਾਹੌਲ ਸਿਰਜਿਆ ਗਿਆ ਹੋਵੇਗਾ ਅਤੇ ਮਾਨਸਿਕ ਸਥਿਤੀ ਬਣੀ
ਹੋਵੇਗੀ, ਜਿਸ ਨੇ ਇਕ ਵੈਰਾਗੀ ਨੂੰ ਜਾਂਬਾਜ਼ ਬੰਦਾ ਸਿੰਘ ਬਹਾਦਰ ਬਣਾ ਦਿੱਤਾ?
ਕੁੱਝ ਸਵਾਲਾਂ ਵੱਲ ਧਿਆਨ ਕਰੀਏ:
1. ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਵਿੱਚੋਂ ਕਿਸੇ ਇਕ ਨੂੰ
ਸਿੱਖਾਂ ਦੀ ਕਮਾਨ ਫੜਾਉਣ ਦੀ ਥਾਂ ਇਕ ਵੈਰਾਗੀ ਚੁਣਿਆ!
2. ਗੁਰੂ ਜੀ ਨਾਲ ਲਗਭਗ ਇਕ ਮਹੀਨੇ ਦੇ ਸਾਥ ਦੌਰਾਨ ਬੰਦਾ ਸਿੰਘ ਨੂੰ ਸਿੰਘਾਂ ਦਾ
ਜਰਨੈਲ ਬਣਾਉਣ ਦੀ ਸੋਚ ਤਹਿਤ ਇਹ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਸਨੂੰ ਨਿਰੋਲ
ਦੁਸ਼ਮਨੀ ਨਿਭਾਉਣ ਜਾਂ ਬਦਲਾਲਊ ਭਾਵਨਾ ਪਾਲ ਕੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ
ਤਿਆਰ ਨਹੀਂ ਸੀ ਕੀਤਾ ਗਿਆ! ਉਸ ਨੂੰ ਇਕ ਖ਼ਾਲਸ ਰਾਜ ਸਥਾਪਤ ਕਰਨ ਲਈ ਭੇਜਿਆ ਗਿਆ
ਸੀ। ਉਦੇਸ਼ ਸੀ ਕਿ ਪੰਜਾਬ ਦੇ ਕਿਸਾਨ ਅੱਤਿਆਚਾਰੀ ਤੇ ਬੇਇਨਸਾਫ਼ੀ ਰਾਜ ਤੋਂ ਮੁਕਤ
ਹੋਣ!
ਸਿਰਫ਼ ਪੰਜ ਪਿਆਰਿਆਂ ਤੇ 20 ਸਿੱਖਾਂ ਨਾਲ 1600 ਮੀਲ ਦਾ ਸਫ਼ਰ ਤੈਅ ਕਰਕੇ ਜਾਣ
ਲਈ ਇਕ ਵੈਰਾਗੀ ਨੂੰ ਤਿਆਰ ਕਰਨਾ ਜਿਸ ਨੇ ਗੁਰੂ ਜੀ ਦੇ ਮਕਸਦ ਨੂੰ ਪੂਰਾ ਕਰਨ ਲਈ
ਬਹਾਦਰੀ ਦੇ ਝੰਡੇ ਗੱਡ ਦਿੱਤੇ ਅਤੇ ਸਿਰੇ ਦਾ ਅੱਤਿਆਚਾਰ ਵੀ ਉਸ ਨੂੰ ਟਸ ਤੋਂ ਮਸ
ਨਾ ਕਰ ਸਕਿਆ! ਇਹ ਟੀਚੇ ਪ੍ਰਤੀ ਦ੍ਰਿੜ ਇਰਾਦਾ ਜਤਾਉਂਦਾ ਹੈ।
ਆਖ਼ਰ ਕਿਹੋ ਜਿਹੀ ਗੁੜਤੀ ਮਿਲੀ ਹੋਵੇਗੀ ਉਸ ਨੂੰ ਗੁਰੂ ਸਾਹਿਬ ਤੋਂ। ਜਿੱਤ
ਪ੍ਰਾਪਤ ਕਰ ਕੇ ਵੀ ਸਿੱਖ ਸੰਗਤਾਂ ਨੂੰ ਬੰਦਾ ਸਿੰਘ ਨੇ ਹੁਕਮਨਾਮਿਆਂ ਰਾਹੀਂ ਰੱਬੀ
ਨਾਮ ਦਾ ਗੁਣ ਗਾਉਣ ਤੇ ਦਸਮ ਪਿਤਾ ਦੀ ਬਖਸ਼ੀ ਰਹਿਤ ਨੂੰ ਮੰਨਣ ਦੀ ਪ੍ਰੇਰਣਾ ਦਿੱਤੀ
ਤਾਂ ਜੋ ਸਿੱਖ ਗੁਰੂ ਦੀ ਮਿਹਰ ਪ੍ਰਾਪਤ ਕਰਨ ਲਈ ਖ਼ਾਲਸਾ ਫੌਜ ਨਾਲ ਜੁੜਦੇ ਰਹਿਣ!
ਗੁਰੂ ਸਾਹਿਬ ਤੋਂ ਸੇਧ ਲੈਣੀ ਆਪਣੇ ਆਪ ਵਿਚ ਇਕ ਵੱਡੀ ਬਖਸ਼ਿਸ਼ ਹੈ। ਗੁਰੂ
ਸਾਹਿਬ ਨੂੰ ਗਿਆਨ ਸੀ ਕਿ ਲੋਕਾਂ ਵਿਚ ਰੋਹ ਹੈ। ਲੋੜ ਹੈ ਸਿਰਫ਼ ਅਗਵਾਈ ਦੀ! ਇਕ
ਬਹਾਦਰ, ਨੇਕ ਵਿਚਾਰਾਂ ਵਾਲੀ ਅਤੇ ਦ੍ਰਿੜ ਇਰਾਦੇ ਵਾਲੀ ਦਮਦਾਰ ਸ਼ਖਸੀਅਤ ਜਿਸ ਨੂੰ
ਕੋਈ ਜਬਰ ਜਾਂ ਜ਼ੁਲਮ ਆਪਣੇ ਮਕਸਦ ਤੋਂ ਨਾ ਹਿਲਾ ਸਕੇ।
ਗੁਰੂ ਜੀ ਵੱਲੋਂ ਪ੍ਰਮਾਤਮਾ ਦੇ ਸਿਮਰਨ ਤੋਂ ਬਾਅਦ ਕੀਤੀ ਜਾਂਦੀ ਰਹੀ ਅਰਦਾਸ
ਵੱਲ ਧਿਆਨ ਕਰੀਏ। ਸਰਬੱਤ ਦਾ ਭਲਾ ਮੰਗਦੀ ਅਰਦਾਸ, ਜਿਸ ਵਿਚ ਸਭ ਨੂੰ ਵਾਹਿਗੁਰੂ
ਦਾ ਚਿਤ ਆਉਣ ਬਾਰੇ ਜ਼ਿਕਰ ਹੋਵੇ। ਉਸ ਚਿਤ ਆਉਣ ਨਾਲ ਸਭ ਖੁਸ਼ੀ ਮਹਿਸੂਸ ਕਰਨ ਅਤੇ
ਚੜਦੀਕਲਾ ਵਿਚ ਰਹਿਣ। ਉਸ ਵਿਚ ਪੰਥ ਕੀ ਜੀਤ ਅਤੇ ਹਰ ਖ਼ਾਲਸ ਇਨਸਾਨ ਦਾ ਭਲਾ ਸੋਚਿਆ
ਗਿਆ ਹੋਵੇ। ਹਰ ਚੰਗੇ ਇਨਸਾਨ ਦੀ ਰੱਖਿਆ ਦੀ ਗੱਲ ਕੀਤੀ ਹੋਵੇ। ਖ਼ਾਲਸੇ ਦੀ ਤਲਵਾਰ
ਨੂੰ ਸਦਾ ਜਿੱਤ ਮਿਲਣ ਦੀ ਅਰਦਾਸ ਹੋਵੇ। ਖ਼ਾਲਸੇ ਨੂੰ ਪਹੁੰਚਣ ਵਾਲੀ ਮਦਦ ਹਮੇਸ਼ਾ
ਜਾਰੀ ਰਹਿਣ ਦੀ ਗੱਲ ਹੋਵੇ। ਖ਼ਾਲਸਾ ਵਿਸ਼ਵ ਭਰ ਵਿਚ ਸਤਿਕਾਰਯੋਗ ਕਹਾਇਆ ਜਾਵੇ ਅਤੇ
ਹਮੇਸ਼ਾ ਪ੍ਰਫੁੱਲਿਤ ਰਹੇ! ਖ਼ਾਲਸੇ ਦਾ ਬੋਲ ਬਾਲਾ ਪੂਰੀ ਦੁਨੀਆ ਵਿਚ ਹੋਵੇ!
ਰੋਜ਼ ਏਨੀ ਉੱਚੀ ਸੁੱਚੀ ਸੋਚ ਗ੍ਰਹਿਣ ਕਰਦਿਆਂ ਬੰਦਾ ਸਿੰਘ ਬਹਾਦਰ ਹੌਲੀ ਹੌਲੀ
ਪੱਕੀ ਤਰਾਂ ਲੜ ਮਰਨ ਦਾ ਜ਼ਜ਼ਬਾ ਮਨ ਵਿਚ ਪਾਲ ਕੇ ਕੱਟੜ ਬਣਿਆ ਹੋਵੇਗਾ। ਬੰਦਾ ਸਿੰਘ
ਨੂੰ ਪਤਾ ਸੀ ਕਿ ਸਰਬੰਸ ਵਾਰੀ ਬੈਠੇ ਗੁਰੂ ਸਾਹਿਬਾਨ ਨੂੰ ਆਪਣੀ ਫ਼ਿਕਰ ਨਹੀਂ ਹੈ!
ਉਨਾਂ ਨੂੰ ਚਿੰਤਾ ਹੈ ਖ਼ਾਲਸੇ ਦੀ ਚੜਦੀ ਕਲਾ ਦੀ, ਜਾਬਰਾਂ ਨੂੰ ਮੂੰਹ ਤੋੜ ਜਵਾਬ
ਦੇ ਕੇ ਜ਼ੁਲਮ ਸਹਿ ਰਹੇ ਲੋਕਾਂ ਨੂੰ ਉਨਾਂ ਦਾ ਹੱਕ ਦਵਾਉਣ ਦੀ ਅਤੇ ਖ਼ਾਲਸਾ ਪੰਥ
ਤੁਰਦੇ ਅਤੇ ਸਾਬਤ ਸੂਰਤ ਰੱਖਣ ਦੀ!
ਮਨੋਵਿਗਿਆਨਿਕ ਪੱਖੋਂ ਇਸ ਤਰਾਂ ਦਾ ਸਿਰੇ ਦਾ ਹਲੂਣਾ ਹੀ ਕਿਸੇ ਇਨਸਾਨ ਨੂੰ
ਮਕਸਦ ਪ੍ਰਤੀ ਦ੍ਰਿੜ ਬਣਾਉਂਦਾ ਹੈ। ਉਹ ਵੀ ਕਿੰਜ ਦਾ ਦ੍ਰਿੜ ਕਿ ਜੰਬੂਰਾਂ ਨਾਲ
ਮਾਸ ਪੁੱਟੇ ਜਾਣ ਜਾਂ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਕਰਵਾਉਣ ਉੱਤੇ ਵੀ ਟਸ ਤੋਂ ਮਸ
ਨਾ ਹੋਇਆ!
ਮੁਹੰਮਦ ਅਮੀਨ ਖ਼ਾਨ ਨੇ ਅੱਖੀਂ ਵੇਖ ਇਹ ਮੰਨਿਆ ਸੀ ਕਿ ਬੰਦਾ ਸਿੰਘ ਦੇ ਹਾਵ
ਭਾਵ, ਬੁੱਧੀ ਤੇ ਨਿਆਂਪਸੰਦੀ ਮੂੰਹੋਂ ਬੋਲਦੀ ਤਸਵੀਰ ਸਨ।
ਮੁੰਤਖ਼ਾਬੂ ਅਲ ਲੁਬਾਬ, ਖਾਫ਼ੀ ਖਾਨ, 1731, ਅਨੁਸਾਰ, ਮੁਹੰਮਦ ਅਮੀਨ ਖ਼ਾਨ ਨੇ
ਜਦੋਂ ਕੈਦੀ ਬੰਦਾ ਸਿੰਘ ਨੂੰ ਪੁੱਛਿਆ ਕਿ ਬੰਦੇ ਨੇ ਇਹ ਰਾਹ ਕਿਉਂ ਚੁਣਿਆ ਹੈ ਤਾਂ
ਉਸ ਦਾ ਜਵਾਬ ਹੀ ਸਪਸ਼ਟ ਕਰ ਦਿੰਦਾ ਹੈ ਕਿ ਉਸ ਦਾ ਮਨ ਕਿੰਨਾ ਪ੍ਰਵਰਤਿਤ ਹੋ
ਚੁੱਕਿਆ ਸੀ, ‘‘ਸਭ ਧਰਮ ਜਾਤੀਆਂ ਵਿਚ ਜਦੋਂ ਵੀ ਮਨੁੱਖ ਦੁਆਰਾ ਪ੍ਰਮਾਤਮਾ ਦੀ
ਬੇਹੱਦ ਹੁਕਮ ਅਦੂਲੀ ਹੁੰਦੀ ਹੈ, ਨਿਆਂ ਦੇਣ ਵਾਲਾ ਉਹ ਸੱਚਾ ਪਰਮਾਤਮਾ ਮੇਰੇ ਜਿਹੇ
ਮਨੁੱਖ ਨੂੰ ਬਗ਼ਾਵਤ ਦਾ ਲਿਬਾਸ ਪਹਿਨਾ ਕੇ ਇਸ ਕੰਮ ਲਾਉਂਦਾ ਹੈ ਕਿ ਇਹੋ ਜਿਹੇ
ਮਨੁੱਖਾਂ ਨੂੰ ਉਨਾਂ ਦੇ ਜੁਰਮਾਂ ਦੀ ਸਜ਼ਾ ਦਿੱਤੀ ਜਾ ਸਕੇ ਤਾਂ ਜੋ ਉਸ ਧਰਮ/ਜਾਤੀ
ਤੋਂ ਉਸ ਦੇ ਮਾੜੇ ਕਰਮਾਂ ਦਾ ਬਦਲਾ ਲਿਆ ਜਾ ਸਕੇ। ਇਸ ਤੋਂ ਬਾਅਦ ਮੇਰਿਆਂ ਵਰਗਿਆਂ
ਦੀਆਂ ਭੁੱਲਾਂ ਦੀ ਸਜ਼ਾ ਦੇਣ ਦੀ ਜ਼ਿੰਮੇਵਾਰੀ ਤੇਰੇ ਵਰਗੇ ਬੰਦਿਆਂ ਸਿਰ ਪੈਂਦੀ
ਹੈ।’’
ਐਡਵਰਡ ਸਟੀਵਨਸਨ ਨੇ ਸੰਨ 1716 ਵਿਚ ਲਿਖਤੀ ਰੂਪ ਵਿਚ ਮੰਨਿਆ ਕਿ ਨਵਾਂ ਬਣਿਆ
ਧਰਮ ‘ਸਿੱਖੀ’, ਏਨਾ ਬਾਕਮਾਲ ਹੈ ਕਿ 100 ਬੰਦਿਆਂ, ਜਿਨਾਂ ਦੇ ਸਿਰ ਕਲਮ ਕੀਤੇ ਗਏ
ਅਤੇ ਮਹਾਨ ਬੰਦਾ ਸਿੰਘ ਜਿਸ ਨੂੰ ਟੱਬਰ ਸਮੇਤ ਕੈਦ ਕੀਤਾ ਗਿਆ ਅਤੇ ਤਿੱਖੇ ਕਿੱਲਾਂ
ਵਾਲੇ ਛੋਟੇ ਪਿੰਜਰੇ ਵਿਚ ਬੰਦ ਕਰ ਬੰਦੇ ਨੂੰ ਹਾਥੀ ਉੱਤੇ ਬਿਠਾ ਜ਼ੁਲਮ ਦੀ ਅਤਿ
ਕੀਤੀ ਗਈ, ਦੀ ਬਹਾਦਰੀ ਬਾਰੇ ਕੁੱਝ ਕਹਿਣ ਨੂੰ ਸ਼ਬਦਾਂ ਦੀ ਥੁੜ ਜਾਪਦੀ ਹੈ! ਜਿਨਾਂ
ਨੇ ਬੰਦਾ ਸਿੰਘ ਉੱਤੇ ਜ਼ੁਲਮ ਹੁੰਦਿਆਂ ਅੱਖੀਂ ਵੇਖਿਆ, ਉਹ ਸਾਰੇ ਮੰਨੇ ਕਿ ਮੌਤ
ਨੂੰ ਲਾੜੀ ਦੇ ਤੁਲ ਮਨ ਕੇ, ਪ੍ਰਮਾਤਮਾ ਦਾ ਭਾਣਾ ਮੰਨ, ਪੂਰੀ ਨਿਡਰਤਾ ਨਾਲ,
ਬਿਨਾਂ ਸੀ ਕੀਤਿਆਂ ਉਸਨੇ ਸ਼ਹੀਦੀ ਪ੍ਰਾਪਤ ਕੀਤੀ। ਕੁੱਝ ਨੇ ਤਾਂ ਇੱਥੋਂ ਤਕ ਕਿਹਾ
ਕਿ ਬੰਦਾ ਸਿੰਘ ਨਾਲ ਬੰਦੀ ਸਿੰਘਾਂ ਨੇ ਜਿਸ ਸਿਦਕਦਿਲੀ ਅਤੇ ਸ਼ਾਨ ਨਾਲ ਸ਼ਹੀਦੀਆਂ
ਦਿੱਤੀਆਂ, ਉਸ ਤਰਾਂ ਦੀ ਮੌਤ ਸਿਰਫ਼ ਸਿਰੇ ਦੇ ਬਹਾਦਰ ਹੀ ਪਰਨਾਉਂਦੇ ਹਨ।
ਇਸੇ ਬਹਾਦਰੀ ਅਤੇ ਅਡੋਲਤਾ ਸਦਕਾ ਉਸ ਸਮੇਂ ਸਿੱਖਾਂ ਦੇ ਵੱਡੇ ਤੋਂ ਵੱਡੇ ਕੁੱਝ
ਵਿਰੋਧੀ ਵੀ ਮਨ ਅੰਦਰ ਸਿੱਖਾਂ ਦੀ ਪ੍ਰਸੰਸਾ ਕਰਨ ਲੱਗ ਪਏ ਸਨ।
ਬੰਦੇ ਨੇ ‘ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ’ ਨੂੰ
ਤਨ ਮਨ ਨਾਲ ਹੰਢਾਇਆ ਅਤੇ ਮੌਤ ਸਾਹਮਣੇ ਵੇਖ ਇਸਲਾਮ ਕਬੂਲ ਕਰਨ ਨੂੰ ਜ਼ਮੀਰ ਦੀ ਮੌਤ
ਮੰਨਦੇ ਹੋਏ ਸਰੀਰਕ ਮੌਤ ਨੂੰ ਮੰਗਿਆ।
ਅਣਮਨੁੱਖੀ ਤਸੀਹਿਆਂ ਨੂੰ, ਜਿਸ ਵਿਚ ਆਪਣੇ ਹੀ ਪੁੱਤਰ ਦਾ ਧੜਕਦਾ ਦਿਲ ਉਸ ਦੇ
ਮੂੰਹ ਅੰਦਰ ਤੁੰਨਿਆ ਗਿਆ, ਜਿਸ ਧੀਰਜ ਅਤੇ ਅਡੋਲਤਾ ਨਾਲ ਸਹਿਨ ਕੀਤਾ, ਉਹ ਸਪਸ਼ਟ
ਕਰਦਾ ਹੈ ਕਿ ਉੱਤੇ ਗੁਰੂ ਦੀ ਅਪਾਰ ਮਿਹਰ ਸੀ। ਗੁਰੂ ਦਾ ਲੜ ਛੱਡਣ ਤੋਂ ਇਨਕਾਰੀ
ਸਭ ਬੰਦੀ ਸਿੱਖਾਂ ਨੇ ਮਰਨਾ ਕਬੂਲ ਕਰ ਲਿਆ ਕਿਉਂਕਿ ਉਹ ਜਾਣਦੇ ਸਨ ਕਿ ਮਰਨ ਬਾਅਦ
ਉਨਾਂ ਉਸੇ ਪ੍ਰਮਾਤਮਾ ਵਿਚ ਲੀਨ ਹੋ ਜਾਣਾ ਹੈ ਜਿਸ ਦਾ ਸਿਮਰਨ ਉਹ ਰੋਜ਼ ਕਰਦੇ ਸਨ!
ਗੁਰੂ ਸਾਹਿਬ ਨੇ ਹਮੇਸ਼ਾ ਲੜੋ ਜਾਂ ਮਰੋ, ਪਿੱਠ ਨਾ ਵਿਖਾਓ ਅਤੇ ਜਿੱਤ ਹਾਸਲ
ਕਰੋ ਦਾ ਪਾਠ ਪੜਾਇਆ ਤੇ ਇਹੋ ਬੰਦਾ ਸਿੰਘ ਨੇ ਕੀਤਾ। ਉਸ ਆਪਣੇ ਸਾਥੀ ਸਿੱਖਾਂ ਨੂੰ
ਜਿੱਤਣਾ ਸਿਖਾਇਆ। ਉਸ ਜੰਗ ਦਾ ਮੈਦਾਨ ਆਪ ਚੁਣਿਆ! ਲੋਕਾਂ ਅੰਦਰ ਏਨਾ ਰੋਹ ਅਤੇ
ਜੋਸ਼ ਭਰ ਦਿੱਤਾ ਕਿ ਤੋਪਾਂ ਅੱਗੇ ਵੀ ਲੋਕ ਬਰਛੇ, ਤਲਵਾਰਾਂ, ਇਥੋਂ ਤਕ ਕਿ ਗੰਡਾਸੇ
ਲੈ ਕੇ ਵੀ ਨਿਕਲ ਪਏ! ਇਹ ਲੋਕ ਰੋਹ ਦਰਅਸਲ ਉਸ ਅਤਿ ਦੇ ਜ਼ੁਲਮ ਵਿਰੁੱਧ ਸੀ ਜਿਸ
ਵਿਚ ਲੋਕਾਂ ਨੇ ਸਾਹਿਬਜ਼ਾਦਿਆਂ ਦੇ ਕਤਲ ਨੂੰ ਆਪਣੇ ਉੱਤੇ ਸਿੱਧਾ ਵਾਰ ਮੰਨਿਆ ਅਤੇ
ਜ਼ੁਲਮ ਦੀ ਇੰਤਹਾ ਗਿਣਿਆ।
ਇਤਿਹਾਸ ਵੀ ਦਰਅਸਲ ਸੱਚੀਂ ਮੁੱਚੀਂ ਵਿਗਿਆਨ ਹੀ ਹੁੰਦਾ ਹੈ। ਜਿਹੜੀ ਗੱਲ ਦਲੀਲ
ਨਾਲ ਸਾਬਤ ਕੀਤੀ ਜਾ ਸਕੇ, ਉਹੀ ਸੱਚ ਮੰਨੀ ਜਾਂਦੀ ਹੈ।
ਸਿੱਖ ਇਤਿਹਾਸ ਏਨਾ ਪੁਰਾਣਾ ਨਹੀਂ ਹੋਇਆ ਕਿ ਇਸ ਦੇ ਹਰ ਪਹਿਲੂ ਉੱਤੇ ਪਰਦਾ ਪੈ
ਚੁੱਕਿਆ ਹੋਵੇ। ਗੁਰਿਲਾ ਲੜਾਈ ਵੀ ਇਕ ਅਜਿਹੀ ਮਿਸਾਲ ਹੈ, ਜਿੱਥੇ ਵੱਡੀ ਫੌਜ
ਵਿਰੁੱਧ ਲੜਾਈ ਸਿਰਫ ਮਨ ਦੀ ਤਾਕਤ ਨਾਲ ਜਿੱਤੀ ਜਾਂਦੀ ਹੈ। ਸਾਰਾਗੜੀ ਦੀ ਲੜਾਈ ਵੀ
ਮਨ ਦੀ ਤਾਕਤ ਨਾਲ ਲੜੀ ਜੰਗ ਦੀ ਇਕ ਵਿਲੱਖਣ ਮਿਸਾਲ ਹੈ।
ਅਜਿਹੀ ਮਾਨਸਿਕ ਤਾਕਤ ਹੀ ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਬਣਾ ਗਈ।
ਪੂਰਨ ਸਿੰਘ ਜੀ ਅਨੁਸਾਰ, ‘‘ਮੌਤ ਤੋਂ ਜੋਸ਼ ਭਰੇ ਜੀਵਨ ਵਿਚ ਉੱਠ ਕੇ ਕੋਈ ਵੀ
ਮਨੁੱਖ ਜਾਂ ਸਮਾਜ ਨਾ ਹੀ ਸਿਆਸੀ ਅਧੀਨਤਾ ਤੇ ਨਾ ਹੀ ਅਨਿਆਂਪੂਰਨ ਕਾਨੂੰਨਾਂ ਦੀ
ਸਮਾਜਿਕ ਗ਼ੁਲਾਮੀ ਕਬੂਲ ਕਰ ਸਕਦਾ ਹੈ। ਗੁਰੂ ਵਾਸਤੇ ਸਿਆਸਤ ਦਾ ਅਰਥ ਹੈ ਸਾਰੇ
ਸਮਾਜਿਕ ਅਨਿਆਂ, ਜ਼ੁਲਮਾਂ, ਗ਼ਰੀਬਾਂ ਤੋਂ ਨਾਜਾਇਜ਼ ਕਰ ਦੀ ਵਸੂਲੀ ਅਤੇ ਮਨੁੱਖ
ਵੱਲੋਂ ਮਨੁੱਖ ਦੀ ਸਭ ਤਰਾਂ ਦੀ ਅਧੀਨਤਾ ਵਿਰੁੱਧ ਲੜਾਈ। ਆਜ਼ਾਦੀ ਤੋਂ ਬਿਨਾਂ ਕਿਤੇ
ਵੀ ਨਾ ਧਰਮ ਵੱਧਦਾ ਫੁੱਲਦਾ ਹੈ ਨਾ ਕਲਾ। ਮਨੁੱਖੀ ਪ੍ਰੇਮ ਵੀ ਆਜ਼ਾਦੀ ਤੋਂ ਬਿਨਾਂ
ਭ੍ਰਿਸ਼ਟ ਹੋ ਜਾਂਦਾ ਹੈ। ਆਜ਼ਾਦੀ ਸੱਚੀ ਸੰਸਕ੍ਰਿਤੀ ਲਈ ਸਾਹਾਂ ਦਾ ਕੰਮ ਕਰਦੀ ਹੈ।
ਗੁਰੂ ਦੇ ਸਿੱਖ ਆਜ਼ਾਦੀ ਲਈ ਲੜੇ। ਆਜ਼ਾਦੀ ਦੀ ਲੜਾਈ ਗੁਰੂ ਵੱਲੋਂ ਸੁਰਜੀਤ ਕੀਤੀ ਗਈ
ਆਤਮਿਕ ਚੇਤਨਾ ਦਾ ਸਬੂਤ ਹੈ।’’
ਗੁਰੂ ਨਾਨਕ ਸਾਹਿਬ ਵੱਲੋਂ ਲਿਆਈ ਕ੍ਰਾਂਤੀ ਵੱਖਰੀ ਕਿਸਮ ਦੀ ਜੀਵਨ ਸ਼ੈਲੀ ਸੀ
ਜਿਸ ਵਿਚ ਜੀਵਨ ਵਿਚਲੇ ਰੁਝੇਵਿਆਂ ਦੇ ਨਾਲ ਅਕਾਲ ਪੁਰਖ ਦਾ ਸੁਨੇਹਾ ਦੂਰ ਤਕ
ਪਹੁੰਚਾਉਣਾ ਅਤੇ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਸਿਆਸੀ ਹੈਂਕੜਬਾਜ਼ੀ ਨਾਲ
ਨਜਿੱਠਣ ਦੇ ਯੋਗ ਬਣਾਉਣਾ ਹੀ ਟੀਚਾ ਸੀ! ਇਸ ਵਿਚ ਅਧਿਆਤਮਕ ਪੱਖ ਵਰਤਿਆ ਗਿਆ।
ਸਿੱਖ ਦ੍ਰਿਸ਼ਟੀਕੋਣ ਤੇ ਅਰਦਾਸ ਸਿੱਖਾਂ ਨੂੰ ਹਰ ਸਮੇਂ ਗੁਰੂ ਸਾਹਿਬ ਦੇ ਦਰਸਾਏ
ਮਾਰਗ ਉੱਤੇ ਚੱਲਣ ਲਈ ਪ੍ਰੇਰਦੇ ਹਨ ਤੇ ਕਦੇ ਕਿਸੇ ਦਾ ਹੱਕ ਨਹੀਂ ਮਾਰਨ ਦਿੰਦੇ।
ਏਸੇ ਲਈ ਖ਼ਾਲਸਾ ਫੌਜਾਂ ਨੇ ਉਕਸਾਏ ਜਾਣ ਬਾਅਦ ਵੀ ਕੱਟੜ ਮੁਸਲਮਾਨ ਦਾ
ਕੇਂਦਰ-ਦਰਗਾਹ ਦਾ ਨੁਕਸਾਨ ਨਹੀਂ ਕੀਤਾ ਭਾਵੇਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ
ਦਿੱਤੀ ਕਿਉਂਕਿ ਗੁਰੂ ਸਾਹਿਬ ਵੱਲੋਂ ਮਿਲੀ ਸਿੱਖਿਆ ਅਨੁਸਾਰ ਖ਼ਾਲਸਾ ਕਿਸੇ ਦੂਜੇ
ਧਰਮ ਦੇ ਪੂਜਨੀਕ ਸਥਾਨਾਂ ਦਾ ਨੁਕਸਾਨ ਨਹੀਂ ਕਰਦਾ ਅਤੇ ਹਰ ਧਰਮ ਦੀ ਆਜ਼ਾਦੀ ਦੀ
ਖੁੱਲ ਦਿੰਦਾ ਹੈ।
ਅੱਜ ਦੇ ਦਿਨ ਦੀ ਲੋੜ ਹੈ ਕਿ ਇਨਾਂ ਸ਼ਹੀਦਾਂ ਦੀ ਸੋਚ ਨੂੰ ਰਸਮਾਂ ਵਿਚ ਨਾ ਬੰਨ
ਦਿੱਤਾ ਜਾਏ! ਇਹ ਸ਼ਹੀਦ ਭਾਵੇਂ ਬੰਦਾ ਸਿੰਘ ਬਹਾਦਰ ਹੋਵੇ ਤੇ ਭਾਵੇਂ ਸ਼ਹੀਦ ਭਗਤ
ਸਿੰਘ ਤੇ ਭਾਵੇਂ ਰਾਜਗੁਰੂ ਜਾਂ ਸੁਖਦੇਵ!
ਉਨਾਂ ਦੀ ਸੋਚ ਉੱਤੇ ਪਹਿਰਾ ਦੇਣ ਦੀ ਲੋੜ ਹੈ। ਵੇਖਿਓ ਕਿਤੇ ਉਹੀ ਸਰਮਾਏਦਾਰ,
ਭ੍ਰਿਸ਼ਟ ਆਗੂ ਅਤੇ ਗ਼ਰੀਬਾਂ ਉੱਤੇ ਜ਼ੁਲਮ ਢਾਹੁਣ ਵਾਲੇ ਹੀ ਇਨਾਂ ਸ਼ਹੀਦਾਂ ਦੀਆਂ
ਯਾਦਗਾਰਾਂ ਉੱਤੇ ਜੱਫਾ ਮਾਰ ਕੇ ਨਾ ਬਹਿ ਜਾਣ, ਜਿਨਾਂ ਵਿਰੁੱਧ ਜੰਗ ਛੇੜ ਕੇ ਉਹ
ਜਾਨਾਂ ਵਾਰ ਗਏ ਸਨ। ਮਨੁੱਖ ਵੱਲੋਂ ਮਨੁੱਖ ਦੀ ਸਭ ਤਰਾਂ ਦੀ ਅਧੀਨਤਾ ਵਿਰੁੱਧ
ਲੜਾਈ ਅੱਜ ਵੀ ਅਸੀਂ ਜਾਰੀ ਰੱਖਣੀ ਹੈ। ਜੇ ਇਸ ਤੋਂ ਉੱਕ ਗਏ ਤਾਂ ਸਮਝੋ ਅਸੀਂ
ਗੁਰੂ ਤੋਂ ਬੇਮੁੱਖ ਹੋ ਗਏ ਹਾਂ ਤੇ ਅਨਿਆਂ ਨੂੰ ਸਹਿਣਾ ਆਤਮਿਕ ਮੌਤ ਹੀ ਮੰਨੀ
ਜਾਂਦੀ ਹੈ! ਇਸੇ ਮੌਤ ਵਿੱਚੋਂ ਨਿਕਲ ਕੇ ਜੋਸ਼ ਭਰੇ ਜੀਵਨ ਵਿਚ ਪਹੁੰਚ ਕੇ ਜ਼ਿੰਦਗੀ
ਨੂੰ ਮਕਸਦ ਦੇਣਾ ਹੀ ਸਾਨੂੰ ਖ਼ਾਲਸ ਬਣਾ ਸਕਦਾ ਹੈ ਤੇ ਗੁਰੂ ਦੇ ਲੜ ਵਾਪਸ ਲਾ ਸਕਦਾ
ਹੈ।
ਰਤਾ ਸੋਚੀਏ ਕਿ ਸਮੁੱਚੇ ਖ਼ਾਲਸੇ ਦੀ ਚੜਦੀਕਲਾ ਅਤੇ ਬਦੀ ਦੇ ਖ਼ਾਤਮੇ ਦੀ ਅਰਦਾਸ
ਅਸੀਂ ਅੱਜ ਵੀ ਰੋਜ਼ ਕਰਦੇ ਹਾਂ, ਪਰ ਅਸੀਂ ਕੋਈ ਮਕਸਦ ਨਹੀਂ ਠਾਣਿਆ ਹੋਇਆ! ਇਸੇ ਲਈ
ਉਹ ਸਿਰਫ਼ ਇਕ ਰਸਮ ਬਣ ਕੇ ਰਹਿ ਗਈ ਹੈ। ਕਾਬਲ ਆਗੂ ਹੇਠ ਆਪਣੀ ਜ਼ਿੰਦਗੀ ਨੂੰ ਸਿਰਫ਼
ਰਵਾਇਤ ਅਨੁਸਾਰ ਕਮਾ, ਖਾ, ਪੀ ਕੇ ਖ਼ਤਮ ਕਰਨ ਨਾਲੋਂ ਖ਼ਾਲਸੇ ਦੀ ਚੜਦੀ ਕਲਾ ਦਾ
ਮਕਸਦ ਮਿੱਥ ਕੇ, ਬਦੀ ਦਾ ਖ਼ਾਤਮਾ ਕਰਨ ਦੀ ਸਹੁੰ ਖਾ ਕੇ ਜੇ ਅੱਜ ਵੀ ਕੋਈ ਗੁਰੂ
ਗ੍ਰੰਥ ਸਾਹਿਬ ਤੋਂ ਰਹਿਨੁਮਾਈ ਲੈ ਕੇ ਤੁਰੇਗਾ ਤਾਂ ਯਕੀਨਨ ਇਸੇ ਸ਼ਕਤੀ ਨਾਲ ਭਰਪੂਰ
ਹੋ ਉ¤ਠੇਗਾ ਤੇ ਮੌਤ ਨੂੰ ਲਾੜੀ ਤੁਲ ਮੰਨ ਇਤਿਹਾਸ ਸਿਰਜ ਸਕੇਗਾ, ਜਿਵੇਂ ਬੰਦਾ
ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਨੇ ਸਿਰਜਿਆ ਸੀ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |