|
ਕਦੇ ਸਮਾਂ ਸੀ ਜਦੋਂ ਮੈਂ ਆਪਣੀਆਂ ਲਿਖਤਾਂ ਨੂੰ ਕਈ ਵਾਰ ਕੱਟ ਵੱਢ ਕਰ ਕਰ ਕੇ
ਮੁੜ ਸਾਫ ਸੁਥਰਾ ਕਾਗਜ਼ ਤੇ ਲਿਖ ਕੇ ਕਿਸੇ ਮੈਗਜ਼ੀਨ ਜਾਂ ਅਖਬਾਰ ਨੂੰ ਭੇਜਣ ਲਈ
ਲਿਫਾਫੇ ਵਿੱਚ ਬੰਦ ਕਰਕੇ ਡਾਕਖਾਨੇ ਰਾਂਹੀਂ ਭੇਜਦਾ ਹੁੰਦਾ ਸੀ। ਮੈਂ ਥੋੜ੍ਹਾ
ਸਮਾਂ ਡੀ ਸੀ ਦਫਤਰ ਵਿੱਚ ਕਲਰਕੀ
ਵੀ ਕੀਤੀ ਹੈ । ਓਦੋਂ ਦਫਤਰੀ ਲਿਖਾ ਪੜ੍ਹਤ ਬਹੁਤੀ ਹੱਥ ਨਾਲ ਹੀ ਹੁੰਦੀ ਸੀ ,
ਉੱਪਰ ਹੇਠਾਂ ਜਾਣ ਵਾਲੀਆਂ ਚਿੱਠੀਆਂ ਭਾਂਵੇਂ ਟਾਈਪ ਕਰਕੇ ਹੀ ਭੇਜਣੀਆਂ
ਪੈਂਦੀਆਂ ਸਨ। ਪਰ ਇੱਸ ਕੰਮ ਲਈ ਇੱਕ ਵੱਖਰੀ ਟਾਈਪ ਬ੍ਰਾਂਚ ਹੁੰਦੀ ਸੀ ਜਿੱਸ ਵਿੱਚ
ਟਈਪਿੰਗ ਦਾ ਸਾਰਾ ਕੰਮ ਉਹ ਹੀ ਕਰਦੀ ਸੀ ।
ਸਰਕਾਰੀ ਚਿੱਠੀਆਂ ਦੇ ਖਰੜੇ ਹੱਥ ਲਿਖਤ ਦੇ ਖਰੜੇ ਟਾਈਪ ਕਰਨ ਲਈ ਟਾਈਪ ਬ੍ਰਾਂਚ ਦੇ
ਹਵਾਲੇ ਕਰ ਦਿਤੇ ਜਾਂਦੇ ਸਨ। ਬਹੁਤਾ ਦਫਤਰੀ ਕੰਮ ਅੰਗ੍ਰੇਜ਼ੀ ਵਿੱਚ ਹੀ ਹੁੰਦਾ ਸੀ।
ਫਿਰ ਹੌਲੀ 2 ਦਫਤਰਾਂ ਵਿੱਚ ਪੰਜਾਬੀ ਲਾਗੂ ਹੋ ਜਾਣ ਕਰਕੇ ਅੰਗਰੇਜ਼ੀ ਤੇ ਪੰਜਾਬੀ
ਵਿੱਚ ਦੋਹਾਂ ਭਾਸ਼ਾਵਾਂ ਵਿੱਚ ਲਿਖਣਾ ਪੈਂਦਾ ਸੀ। ਇੱਸ ਕੰਮ ਲਈ ਪੰਜਾਬੀ ਟਾਈਪ
ਮਸ਼ੀਨਾਂ ਪੰਜਾਬੀ ਕੀ ਬੋਰਡਾਂ ਵਾਲੀਆਂ ਵੀ ਦਫਤਰਾਂ ਵਿੱਚ ਆ ਗਈਆਂ ਸਨ। ਖਾਸ ਕਰਕੇ
ਐਕਾਉਂਟਸ ਦੇ ਕੰਮ ਅਤੇ ਉਪਰਲੇ ਦਫਤਰਾਂ ਨੂੰ ਲਿਖਾ ਪੜ੍ਹੀ ਅਤੇ ਕਈ ਦਫਤਰੀ ਸਟੇਟ
ਮੈਂਟਾਂ ਨੂੰ ਕਾਫੀ ਸਮੇਂ ਤੱਕ ਹੱਥ ਨਾਲ ਲਿਖ ਕੇ ਹੀ ਬਾਅਦ ਵਿੱਚ ਟਾਈਪ ਕੀਤਾ
ਜਾਂਦਾ ਸੀ। ਅੰਗ੍ਰੇਸ਼ੀ ਭਾਸ਼ਾ ਦੇ ਨਾਲ 2 ਹੁਣ ਦਫਤਰਾਂ ਵਿੱਚ ਪੰਜਾਬੀ ਲਾਗੂ ਹੋ
ਜਾਣ ਕਰਕੇ ਖਾਸ ਕਰ ਕੇ ਪੰਜਾਬੀ ਦੀ ਲਿਖਾਈ ਸੌਖੀ ਤੇ ਸੁਹਣੀ ਵੀ ਹੋ ਗਈ ,ਪਰ ਟਾਈਪ
ਕਰਨ ਦਾ ਕੰਮ ਕਰਨ ਦਾ ਮੌਕਾ ਨਾ ਮਿਲਣ ਕਰਕੇ ,ਇੱਸ ਕੰਮ ਵੱਲ ਧਿਆਨ ਦੇਣ ਦੀ ਲੋੜ
ਹੀ ਨਹੀਂ ਪਈ ।
ਲੱਗ ਪਗ ਰੋਜ਼ਾਨਾ ਹੀ ਮੈਨੂੰ ਆਪਣੇ ਟਾਈਪ ਕੀਤੇ ਹੋਏ ਖਰੜੇ ਲੈਣ ਲਈ ਅਤੇ ਹੋਰ
ਕੰਮ ਦੇਣ ਲਈ ਜਦ ਮੈਨੂੰ ਟਾਈਪ ਬ੍ਰਾਂਚ ਵੱਚ ਜਾਣਾ ਪੈਂਦਾ ਸੀ । ਇਸ ਬ੍ਰਾਂਚ ਨੂੰ
ਸਾਰੇ ਮਖੌਲ ਨਾਲ ‘ਟਾਈਪ ਕੁੱਟ ਬ੍ਰਾਂਚ ‘ ਕਿਹਾ ਕਰਦੇ ਸਨ। ਉੱਸ ਬ੍ਰਾਂਚ ਵਿੱਚ
ਟਾਈਪ ਕਰਦੇ ਟਾਈਪਿਸਟਾਂ ਦਾ ਨਜ਼ਾਰਾ ਅਜੇ ਵੀ ਕਦੇ ਮੇਰੀਆਂ ਅੱਖਾਂ ਅੱਗੇ ਘੁੰਮਦਾ
ਹੈ । ਇੱਕੋ ਵੱਡੇ ਸਾਰੇ ਹਾਲ ਵਰਗੇ ਕਮਰੇ ਵਿੱਚ ਦੱਸ 2 ਪੰਦਰਾਂ 2 ਟਾਈਪ ਰਾਈਟਰ
ਮਸ਼ੀਨਾਂ ਦਾ ਖੜਾਕ ਇਵੇਂ ਲੱਗਦਾ ਜਿਵੇਂ ਟੀਨ ਦੀ ਛੱਤ ਤੇ ਜੋਰ ਦੀ ਬਾਰਸ਼ ਦੇ ਨਾਲ
ਅਹਿਰਨ ਵੀ ਪੈ ਰਹੀ ਹੋਵੇ । ਇਨ੍ਹਾਂ ਦੀ ਹਾਲਤ ਕੋਹਲੂ ਤੇ ਜੁਪੇ ਹੋਏ ਬੈਲਾਂ ਵਰਗੀ
ਜਾਪਦੀ ਸੀ। ਕਿਵੇਂ ਸਾਰਾ ਦਿਨ ਸਿਰ ਸੁਟੀ ਟਾਈਪ ਕਰਨ ਵਾਲੇ ਕਾਗਜ਼ਾਂ ਤੇ ਨਜ਼ਰਾਂ
ਗੱਡੀ ਉਹ ਲੱਗੇ ਰਹਿੰਦੇ। ਇੱਕੋ ਚਿੱਠੀ ਦੀਆਂ ਕਿੰਨੀਆਂ 2 ਕਾਪੀਆਂ ਕੱਢਣ ਲਈ ਹੇਠ
ਉੱਪਰ ਕਾਰਬਨ ਪੇਪਰ ਰੱਖ ਕੇ ਟਾਈਪ ਕਰਨ ਲਈ ਪੂਰਾ ਜੋਰ ਲਾ ਕੇ ਟਾਈਪ ਕਰਨ ਵਾਲਿਆਂ
ਦੇ ਮੋਢੇ ਵੀ ਰਾਤ ਨੂੰ ਸੌਣ ਨਹੀਂ ਦਿੰਦੇ ਹੋਣ ਗੇ ,
ਪਰ ਬੰਦਾ ਹੋ ਰਹਿੰਦਾ ਹੈ । ਕੀ ਕਰਦੇ ਕੋਈ ਹੋਰ ਚਾਰਾ ਵੀ ਤਾਂ ਉਦੋਂ ਹੋਰ
ਨਹੀਂ ਸੀ । ਇਨ੍ਹਾਂ ਵਿੱਚੋਂ ਕਈ ਤਾਂ ਕਿਸੇ ਨਾ ਕਿਸੇ ਤਰ੍ਹ੍ਹਾਂ ਇੱਥੋਂ ਜਾਨ
ਛੁਡਾ ਕੇ ਹੋਰ ਬ੍ਰਾਂਚਾਂ ਜਿੱਥੇ ਟਾਈਪ ਦਾ ਕੰਮ ਨਹੀਂ ਸੀ ਹੁੰਦਾ, ਬਦਲੀ ਕਰਵਾ ਕੇ
ਚਲੇ ਗਏ । ਪਰ ਕਈ ਐਸੇ ਵੀ ਸਨ ਜੋ ਸਾਰੀ ਨੌਕਰੀ
ਹੀ ਇਸੇ ਬ੍ਰਾਂਚ ਵਿੱਚ ਹੀ ਪੂਰੀ ਕਰ ਗਏ । ਜਿਨ੍ਹਾਂ ਵਿੱਚੋਂ ਕਈਆਂ ਨੂੰ ਸਰਵਾਈਕਲ
, ਹੱਥਾਂ ਬਾਹਵਾਂ ਤੇ ਉੰਗਲਾਂ ਦੀ ਦਰਦ ਵੀ ਸਤਾਈ ਰੱਖਦੀ ਸੀ । ਮੇਰੇ ਰੀਟਾਇਰ
ਮੈਂਟ ਤੱਕ ਇਹ ਹਾਲ ਏਦਾਂ ਹੀ ਰਿਹਾ ਪਰ ਹੌਲੀ 2 ਕੰਪਿਊਟਰਾਂ ਦੇ ਆਉਣ ਇੱਸ ਕੰਮ
ਵਿੱਚ ਬਹੁਤ ਰਾਹਤ ਮਿਲੀ।
ਮੇਰਾ ਜਨਮ ਹੁਣ ਦੇ ਪੱਛਮੀ ਪੰਜਾਬ ਵਿੱਚ ਹੋਇਆ। ਦੇਸ਼ ਦੀ ਵੰਡ ਵੇਲੇ ਮੈਂ ਚੌਥੀ
ਜਮਾਤ ਵੱਚ ਪੜ੍ਹਦਾ ਸਾਂ ਚੌਥੀ ਜਮਾਤ ਤੱਕ ਉਰਦੂ ਪੜ੍ਹਾਇਆ ਜਾਂਦਾ ਸੀ ,ਅੰਗਰੇਜ਼ੀ
ਭਾਸ਼ਾ ਪੰਜਵੀਂ ਜਮਾਤ ਤੋਂ ਪੜ੍ਹਾਈ ਜਾਂਦੀ ਸੀ । ਪਰ ਇੱਕ ਮਹਾਨ ਸ਼ਖਸੀਅਤ ਸੰਤ
ਪ੍ਰੇਮ ਸਿੰਘ ਜੀ ‘ਮੁਰਾਲਾ‘, ਧਾਰਮਕ, ਸਮਾਜ ਸੁਧਾਰਕ ਅਤੇ
ਸਿੱਖ ਦੇ ਪ੍ਰਚਾਰਕ ਹੋਣ ਦੇ ਨਾਲ 2 ਸਿਆਸਤ ਵਿੱਚ ਵੀ ਹਿੱਸਾ ਲੈਂਦੇ ਸਨ ਅਤੇ ਉਦੋਂ
ਐਮ ਐਲ ਵੀ ਸਨ। ਉਨ੍ਹਾਂ ਦੇ ਯਤਨ ਸਦਕਾ ਉਰਦੂ ਦੇ ਨਾਲ 2 ਸਕੂਲਾਂ ਵਿੱਚ ਗੁਰਮੁਖੀ
ਵੀ ਪੜ੍ਹਾਉਣ ਦਾ ਉਪਰਾਲਾ ਕੀਤਾ, ਪਰ ਮੇਰਾ ਹੱਥ ਬਹੁਤਾ ਉਰਦੂ ਤੇ ਹੀ ਚਲਦਾ ਸੀ ।
ਖੈਰ, ਦੇਸ਼ ਦੀ ਵੰਡ ਤੋਂ ਬਾਅਦ ਜਦ ਮੈਂ
ਪੰਜਵੀਂ ਜਮਾਤ ਵਿੱਚ ਖਾਲਸਾ ਸਕੂਲ ਵਿੱਚ ਦਾਖਲ ਹੋਇਆ ਤਾਂ ਇੱਸ ਸਕੂਲ ਵਿੱਚ
ਪੰਜਾਬੀ ਤੇ ਅੰਗ੍ਰੇਜ਼ੀ ਭਾਸ਼ਾ ਹੀ ਸਨ। ਸਤਵੀਂ ਜਮਾਤ ਵਿੱਚ ਮੈਂ ਗੌਰਮੈਂਟ ਸਕੂਲ
ਵਿੱਚ ਦਾਖਲ ਹੋ ਗਿਆ ਜਿੱਥੇ ਪੰਜਾਬੀ ਅੰਗਰੇਜ਼ੀ ਦੇ ਨਾਲ 2 ਹਿੰਦੀ ਵੀ ਪੜ੍ਹਾਈ
ਜਾਂਦੀ ਸੀ। ਇਸੇ ਤਰ੍ਹਾਂ ਮੈਂ ਜਦ ਮੈਟ੍ਰਿਕ ਪਾਸ ਕੀਤੀ ਤਾਂ ਉਰਦੂ ,ਪੰਜਾਬੀ
ਅੰਗ੍ਰੇਜ਼ੀ ਹਿੰਦੀ ਚਾਰੇ ਭਾਸ਼ਾਵਾਂ ਮੈਂ ਚੰਗੀ ਤਰ੍ਹਾਂ ਪੜ੍ਹ ਲਿਖ ਸਕਦਾ ਸਾਂ।
ਸਾਲ 1958 ਵਿੱਚ ਕੈਰੋਂ ਸਰਕਾਰ ਜਦ ਪਟਵਾਰੀਆਂ ਹੜਤਾਲ ਕਰ ਦਿੱਤੀ ਤਾਂ ਉਰਦੂ
ਦੀਆਂ ਚਾਰ ਜਮਾਤਾਂ ਹੀ ਮੇਰੇ ਕੰਮ ਆਈਆਂ ਮੈਂ ਪਟਵਾਰੀ ਭਰਤੀ ਹੋ ਗਿਆ ਕਿਉਂ ਜੋ
ਮਾਲ ਵਿਭਾਗ ਦਾ ਸਾਰਾ ਕੰਮ ਕਾਜ ਉਰਦੂ ਵਿੱਚ ਹੀ ਹੁੰਦਾ ਸੀ । ਜੋ ਲਗ ਪਗ ਸਾਲ
1965 ਤੱਕ ਰਿਹਾ। ਤੇ ਸਮੇਂ ਅਨੁਸਾਰ ਕਈਆਂ ਅਹੁਦਿਆਂ ਤੇ ਕੰਮ ਕੀਤਾ । ਪੰਜਾਬੀ
ਮਾਂ ਬੋਲੀ ਨਾਲ ਮੇਰਾ ਸੱਭ ਤੋਂ ਵੱਧ ਲਗਾਅ ਸੀ ਅਤੇ ਕਵਿਤਾ ਲਿਖਣ ਦਾ ਵੀ ਬੜਾ ਸ਼ੌਕ
ਸੀ ,ਜੋ ਹੁਣ ਤੱਕ ਬਰਕਰਾਰ ਹੈ।
ਸੇਵਾ ਮੁਕਤੀ ਤੋਂ ਬਾਅਦ ਸਮਾ ਹੋਣ ਕਰਕੇ ਲਿਖਣ ਪੜ੍ਹਨ ਦਾ ਹੋਰ ਮੌਕਾ ਮਿਲਿਆ ।
ਬਹੁਤ ਸਾਰੀਆਂ ਸਾਹਿਤ ਸਭਾਂਵਾਂ ਵਿੱਚ ਆਉਣ ਜਾਣ ਦਾ ਮੌਕਾ ਵੀ ਖੂਬ ਮਿਲਿਆ
, ਲਿਖਣ ਦਾ ਸਾਰਾ ਕੰਮ ਹੱਥਾਂ ਨਾਲ ਹੀ ਕਰਨਾ ਪੈਂਦਾ ਸੀ ।ਕਿਉਂ ਜੋ ਬਹੁਤੇ
ਮੈਗਜ਼ੀਨ, ਅਖਬਾਰ ਹੱਥਾਂ ਦਾ ਲਿਖਿਆ ਪ੍ਰਵਾਨ ਕਰ ਲੈਂਦੇ ਸਨ। ਮਨ ਵਿੱਚ ਪੰਜਾਬੀ
ਨੂੰ ਪ੍ਰਫੁੱਲਤ ਹੁੰਦੇ ਰਹਿਣ ਦੀ ਤਾਂਘ ਰਹਿੰਦੀ ਸੀ ਜੋ ਅਜੇ ਵੀ ਉਸੇ ਤਰ੍ਹਾ ਹੀ
ਹੈ।
ਕੁੱਝ ਹੀ ਸਮੇਂ ਬਾਅਦ ਮੈਂ ਆਪਣੇ ਪ੍ਰਿਵਾਰ ਕੋਲ ਵਿਦੇਸ਼ ਆ ਗਿਆ ।ਇਥੇ ਆ ਕੇ
ਮੇਰੇ ਕੋਲ ਲਿਖਣ ਪੜ੍ਹਨ ਦਾ ਕਾਫੀ ਸਮਾ ਸੀ .ਕੁੱਝ ਇਥੇ ਰਹਿੰਦੇ ਵਿਦੇਸ਼ੀ ਕਾਮੇ
ਲੇਖਕਾਂ ਨੂੰ ਮਿਲ ਕੇ ਉਨ੍ਹਾਂ ਦੀ ਪੰਜਾਬੀ ਮਾਂ ਬੋਲੀ ਦਾ ਪਿਆਰ ਵੇਖ ਕੇ ਅਸਾਂ ਰਲ
ਕੇ ’ਸਾਹਿਤ ਸੁਰਸੰਗਮ ਸਭਾ ਇਟਲੀ ‘ਦਾ ਸੰਗਠਨ
ਕੀਤਾ । ਜੋ ਅਜੇ ਬੜੇ ਹੀ ਉਤਸ਼ਾਹ ਨਾਲ ਪੰਜਾਬੀ
ਮਾਂ ਬੋਲੀ ਦੀ ਨਿਸ਼ਕਾਮ ਸੇਵਾ ਕਰ ਰਹੀ ਹੈ ਜਿਸ ਵਿੱਚ ਚੰਗੇ 2 ਪ੍ਰੋਗ੍ਰਾਮ ਸਿਰਜ
ਕੇ ਇੱਸ ਸਭਾ ਦੇ ਲੇਖਕਾਂ ਦੀਆਂ ਅਤੇ ਹੋਰ ਵੀ ਕਈ ਲੇਖਕਾਂ ਦੀ ਲਿਖੀਆਂ ਪੁਸਤਕਾਂ
ਦੀ ਘੁੰਡ ਚੁਕਾਈ ਦੇ ਨਾਲ ਕਵੀ ਦਰਬਾਰ ਵੀ ਹੁੰਦੇ ਰਹਿੰਦੇ ਹਨ।
ਪਰ ਮੇਰੇ ਲਈ ਇਥੇ ਆ ਕੇ ਕੰਪਿਊਟਰ ਹੋਣਾ ਵੀ ਮੇਰੀ ਵੱਡੀ ਲੋੜ ਸੀ। ਇਸ ਦੇ ਨਾਲ
ਇੱਸ ਦੀ ਜਾਣ ਕਾਰੀ, ਆਪਣੀਆਂ ਲਿਖਤਾਂ ਨੂੰ ਟਾਈਪ ਕਰਕੇ ਤੇ ਸੇਵ ਕਰਕੇ ਅਤੇ ਫਿਰ
ਵੱਖ 2 ਵੈਬ ਸਾਈਟਾਂ ਨੂੰ ਮੇਲ ਕਰਨਾ ਵੀ ਮੇਰੇ ਲਈ ਇੱਕ ਚੁਣੌਤੀ ਹੀ ਤਾਂ ਸੀ।
ਜਿੱਸ ਦੇ ਨਾਲ 2 ਇਥੋਂ ਦੀ ਬੋਲੀ ਨੂੰ ਜਾਨਣਾ ਤੇ ਸਮਝਣਾ ਵੀ ਸੀ। ਇੱਸ ਸਫਰ ਬਾਰੇ
ਜਦ ਮੈਂ ਕਦੇ ਸੋਚਦਾ ਹਾਂ ਤਾਂ ਆਪਣੇ ਆਪ ਵਿੱਚ ਹੈਰਾਨ ਹੁੰਦਾ ਹਾਂ ਕਿ ਇਹ ਸੱਭ
ਕੁੱਝ ਕਿਵੇਂ ਹੋ ਗਿਆ। ਜਿੱਥੋਂ ਤੱਕ ਆਪਣੀਆਂ ਲਿਖਤਾਂ ਨੂੰ ਪੰਜਾਬੀ ਦੇ ਵੱਖ 2
ਫੋਂਟਾਂ ਤੋਂ ਪੰਜਾਬੀ ਯੂਨੀ ਕੋਡ ਦੇ ਸਫਰ ਤੱਕ ਦਾ ਮੇਰਾ ਸਫਰ ਹੈ
ਮੈਂ ਇੱਸ ਬਾਰੇ ਇੱਕ ਲੇਖ
‘ਮੇਰਾ ਪੰਜਾਬੀ ਫੋਂਟਾਂ
ਤੋਂ ਯੂਨੀ ਕੋਡ ਤੱਕ ਦਾ ਸਫਰ’ ਜੋ ਵੱਖ 2 ਵੈੱਬ ਸਾਈਟਾਂ ਤੇ ਛੱਪ ਚੁਕਾ
ਹੈ , ਪਾਠਕ ਪੜ੍ਹਨ ਦੀ ਖੇਚਲ ਜ਼ਰੂਰ ਕਰਨ ।
ਜਦ ਤੀਕ ਜ਼ਿੰਦਗੀ ਹੈ , ਇਹ ਸਫਰ ਜਾਰੀ ਹੈ। ਮੁਬਾਰਕ ਹੈ ਉਨ੍ਹਾਂ ਨੂੰ ਜੋ ਇਸ
ਸਫਰ ਦੇ ਕਾਫਲੇ ਦੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਦਿਨ
ਰਾਤ ਨਵੀਆਂ ਨਵੀਆਂ ਖੋਜਾਂ ਵਿੱਚ ਜੁੱਟੇ ਹੋਏ ਹਨ ।
ਜੱਦ ਤੱਕ ਜ਼ਿੰਦਗੀ ਯਾਰੋ , ਚਲੋ ਇੱਕ ਕਾਫਲਾ ਬਣ ਕੇ ।
ਹਰ ਦਮ ਸਫਲਤਾ ਦਾ ਹੀ, ਰਹੋ ਇੱਕ ਸਿਲਸਲਾ ਬਣ ਕੇ।
ਗਿਣੋ ਨਾ ਮੀਲ ਪੱਥਰਾਂ ਨੂੰ , ਨੇ ਕਿੰਨੇ ਰਹਿ ਗਏ ਬਾਕੀ ,
ਤੁਰੋ ਕੁੱਝ ਇੱਸ ਤਰ੍ਹਾਂ ਸਾਰੇ, ਰਹੋ ਨਾ ਫਾਸਲਾ ਬਣ ਕੇ ।
ਤੁਹਾਡੇ ਕਦਮ ਚਲਦੇ ਜੱਦ , ਆਪੇ ਪੈੜ ਹੈ ਬਣਦੀ ,
ਚਲੋ ਕੁੱਝ ਇੱਸ ਤਰ੍ਹਾਂ ਯਾਰੋ ,ਰਹੋ ਇੱਕ ਆਸਰਾ ਬਣ ਕੇ।
ਉਹ ਵੇਖੋ ਬਲ ਰਿਹਾ ਦੀਵੇ , ਹਨੇਰੇ ਨਾਲ ਲੜਦਾ ਹੈ ,
ਅਖੀਰੀ ਲਾਟ ਉੱਚੀ ਕਰ ,ਹੈ ਰਹਿੰਦਾ ਹੌਸਲਾ ਬਣ ਕੇ ।
ਕਦੇ ਨਾ ਡੋਲਿਓ ਯਾਰੋ , ਕਦੇ ਨਾ ਥਿੜਿਕਓ ਯਾਰੋ ,.
ਤੁਹਾਡੇ ਕੋਲ ਹਿੰਮਤ ਜੇ , ਤਾਂ ਫਿਰ ਕੀ ਤੌਖਲਾ ਯਾਰੋ ।
ਰਵੇਲ ਸਿੰਘ ਇਟਲੀ
+ 3272382827 |