ਹੁਣ ਮਾਵਾਂ ਨੂੰ ਦੁਰਗਾ ਦਾ ਰੂਪ ਧਾਰਨ ਕਰਨਾ ਪੈਣਾ ਹੈ!
ਭਾਰਤ ਵਿਚ ਬੱਚਿਆਂ ਉੱਤੇ ਹੋ ਰਹੇ ਜੁਰਮਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦਰਜ
ਹੋ ਰਹੇ ਕੇਸਾਂ ਅਨੁਸਾਰ ਹਰ ਘੰਟੇ ਵਿਚ 10 ਬੱਚੇ ਜਿਸਮਾਨੀ ਵਧੀਕੀ ਦੇ ਸ਼ਿਕਾਰ ਹੋ
ਰਹੇ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਨੇ ਸੰਨ 2014 ਵਿਚ ਇਹ
ਅੰਕੜੇ ਜਗ ਜ਼ਾਹਿਰ ਕੀਤੇ ਸਨ। ਪਰ, ਉਸੇ ਸੰਸਥਾ ਅਨੁਸਾਰ ਰਿਪੋਰਟ ਹੋ ਰਹੀ ਇਹ
ਗਿਣਤੀ ਲਗਭਗ ਨਾ-ਮਾਤਰ ਹੀ ਹੈ ਕਿਉਂਕਿ ਅਸਲ ਵਿਚ ਇਨਾਂ ਕੇਸਾਂ ਦੀ ਗਿਣਤੀ ਲਗਭਗ
41 ਪ੍ਰਤੀਸ਼ਤ ਦੇ ਨੇੜੇ-ਤੇੜੇ ਜਾਂ ਸ਼ਾਇਦ ਇਸ ਤੋਂ ਵੀ ਵੱਧ ਹੋਵੇ। ਉਹ ਇਸ ਲਈ,
ਕਿਉਂਕਿ ਬਹੁਗਿਣਤੀ ਬੱਚੇ ਜਾਂ ਬੱਚੀਆਂ ਕਿਸੇ ਨੇੜੇ ਦੇ ਰਿਸ਼ਤੇਦਾਰ, ਚਾਚੇ, ਤਾਏ,
ਭਰਾ ਜਾਂ ਪਿਓ ਹੱਥੋਂ ਸ਼ਿਕਾਰ ਹੋਏ ਹੁੰਦੇ ਹਨ, ਜਿਸ ਕਰਕੇ ਇਹ ਕੇਸ ਰਿਪੋਰਟ ਨਹੀਂ
ਹੋ ਰਹੇ। ਨਿੱਕੇ ਬੱਚੇ ਆਪ ਇਸ ਕਾਬਲ ਨਹੀਂ ਹੁੰਦੇ ਕਿ ਉਹ ਆਪਣੇ ਉੱਤੇ ਹੁੰਦੇ ਜਬਰ
ਬਾਰੇ ਆਪ ਰਿਪੋਰਟ ਦਰਜ ਕਰਵਾਉਣ।
ਅੱਗੇ ਦੱਸਿਆ ਕੇਸ ਉੱਤਰ ਪਰਦੇਸ ਦੇ ਜ਼ਿਲੇ ਜਲੌਨ ਦੇ ਪਿੰਡ ਕੁਠੋਂਡ ਦਾ ਹੈ।
ਹਿਰਦੇ ਨੂੰ ਵਲੂੰਧਰ ਦੇਣ ਵਾਲਾ ਰਿਪੋਰਟ ਹੋਇਆ ਇਹ ਕੇਸ ਅਸਲ ਹਾਲਾਤ ਤੋਂ ਬਾਖੂਬੀ
ਵਾਕਫ਼ ਕਰਵਾ ਦਿੰਦਾ ਹੈ।
‘‘ਖ਼ਬਰ 16 ਮਾਰਚ 2016 ਦੀ ਹੈ। ਸਮੂਹ ਹਿੰਦੁਸਤਾਨੀਆਂ ਨੇ ਇਕ ਨਾਮਵਰ ਅਖ਼ਬਾਰ
ਵਿਚ ਛਪੀ ਇਹ ਖ਼ਬਰ ਪੜੀ ਹੋਵੇਗੀ! ਅਫ਼ਸੋਸ ਕਿ ਇਕ ਸੌ ਪੰਝੀ ਕਰੋੜ ਆਬਾਦੀ ਵਿੱਚੋਂ
ਕੋਈ ਇਕ ਵੀ ਜੇਰਾ ਨਹੀਂ ਕਰ ਸਕਿਆ ਕਿ ਮੇਰੇ ਲਈ ਆਵਾਜ਼ ਚੁੱਕੇ! ਮੇਰੇ ਵਰਗੀ ਦਾ ਇਹ
ਪਹਿਲਾ ਕੇਸ ਨਹੀਂ ਹੈ ਜਿੱਥੇ ਪਿਓ ਨੇ ਆਪਣੀ ਜਿਸਮਾਨੀ ਭੁੱਖ ਮਿਟਾਉਣ ਲਈ ਗੋਦ ਵਿਚ
ਖੇਡ ਰਹੀ ਆਪਣੀ ਹੀ ਮਾਸੂਮ ਬੱਚੀ ਦੇ ਜਿਸਮ ਨੂੰ ਛਲਣੀ ਕਰ ਦਿੱਤਾ ਹੋਵੇ। ਪਰ,
ਯਕੀਨਨ ਮੇਰਾ ਪਹਿਲਾ ਕੇਸ ਹੈ ਜਿੱਥੇ ਮੈਨੂੰ ਆਪਣੇ ਪਿਓ ਹੱਥੋਂ ਪੱਤ ਲੁਟਾਏ ਜਾਣ
ਦਾ ਸਬੂਤ ਇਕੱਠਾ ਕਰਨਾ ਪਿਆ।
‘‘ਚੌਦਾਂ ਵਰਿਆਂ ਦੀ ਸੀ ਜਦੋਂ ਮੇਰੇ ਪਿਓ ਨੇ ਮੈਨੂੰ ਪੁਚਕਾਰ ਦੁਲਾਰ ਕੇ
ਮੋਟਰਸਾਈਕਲ ਸਿਖਾਉਣ ਲਈ ਘਰੋਂ ਬਾਹਰ ਲਿਜਾਉਣ ਲਈ ਮਨਾ ਲਿਆ। ਮੈਨੂੰ ਸਿੱਧਾ ਖੇਤਾਂ
ਵਿਚ ਲਿਜਾ ਕੇ ਉਸ ਨੇ ਮੇਰਾ ਸਤਭੰਗ ਕੀਤਾ। ਉਹੀ ਪਿਓ ਜੋ ਮੇਰਾ ਸਿਰ ਪਲੋਸਦਾ ਸੀ,
ਮੈਨੂੰ ਅਤਿ ਦੀ ਪੀੜ ਕਰ ਰਿਹਾ ਸੀ। ਜੋ ਮੇਰੀ ਇਕ ਚੀਕ ਉੱਤੇ ਭੱਜ ਕੇ ਮੈਨੂੰ
ਚੁੱਕਦਾ ਹੁੰਦਾ ਸੀ, ਉਸ ਦਿਨ ਉਸ ਉੱਤੇ ਮੇਰੀਆਂ ਚੀਕਾਂ ਦਾ ਕੋਈ ਅਸਰ ਨਹੀਂ ਸੀ ਹੋ
ਰਿਹਾ। ਮੇਰਾ ਮੂੰਹ ਉਸ ਨੇ ਘੁੱਟ ਕੇ ਬੰਦ ਕਰ ਦਿੱਤਾ ਤੇ ਉਦੋਂ ਤਕ ਮੈਨੂੰ ਮਧੋਲਦਾ
ਰਿਹਾ ਜਦੋਂ ਤਕ ਉਸ ਨੇ ਆਪਣੀ ਕਾਮ ਵਾਸਨਾ ਨੂੰ ਤ੍ਰਿਪਤ ਨਾ ਕਰ ਲਿਆ! ਫਿਰ ਮੈਨੂੰ
ਲਹੂ ਲੁਹਾਨ ਹੋਈ ਨੂੰ ਵਾਪਸ ਘਰ ਛੱਡ ਦਿੱਤਾ। ਮੈਂ ਡਰੀ ਕੰਬੀ ਮਾਂ ਦੀ ਬੁੱਕਲ ਵਿਚ
ਲੁਕਣ ਨੂੰ ਭੱਜੀ। ਉਸ ਮੈਨੂੰ ਪਿਆਰ ਕੀਤਾ। ਜਦੋਂ ਮੈਨੂੰ ਥੋੜਾ ਜਿਹਾ ਆਸਰਾ
ਮਹਿਸੂਸ ਹੋਇਆ ਤਾਂ ਮੈਂ ਮਾਂ ਨੂੰ ਸਾਰੀ ਗ਼ੱਲ ਦੱਸੀ। ਮੇਰੀ ਮਾਂ ਨੇ ਪਹਿਲੀ ਵਾਰ
ਉਸ ਦਿਨ ਰੱਜ ਕੇ ਮੈਨੂੰ ਕੁੱਟਿਆ ਤੇ ਮੇਰੀ ਗ਼ੱਲ ਨੂੰ ਝੂਠ ਮੰਨ ਕੇ ਮੈਨੂੰ ਰਾਤ ਤਕ
ਦੁਰਕਾਰਦੀ ਰਹੀ।
‘‘ਕਿਸ ਨਾਲ ਆਪਣੀ ਪੀੜ ਸਾਂਝੀ ਕਰਦੀ? ਕਿਸ ਅੱਗੇ ਆਪਣਾ ਦੁਖੜਾ ਫਰੋਲਦੀ? ਉਸ
ਰਾਤ ਦੀ ਪਿਓ ਦੀ ਖਚਰੀ ਹਾਸੀ ਮੈਨੂੰ ਅੱਜ ਤਾਈਂ ਨਹੀਂ ਭੁੱਲੀ! ਉਸ ਦੀਆਂ ਨਜ਼ਰਾਂ
ਵਿੱਚੋਂ ਮੈਨੂੰ ਸਪਸ਼ਟ ਵਹਿਸ਼ੀਆਨਾ ਝਲਕ ਦਿਸ ਰਹੀ ਸੀ। ਇੱਕੋ ਕਮਰੇ ਦੇ ਕੋਨੇ ਵਿਚ
ਵੱਸੇ ਅਸੀਂ ਚਾਰ ਜੀਅ!
‘‘ਸਾਡੇ ਦੁਹਾਂ ਤੋਂ ਇਲਾਵਾ ਮੇਰੀ ਮਾਂ ਤੇ ਵੱਡੀ ਭੈਣ। ਸਭ ਨਿਸਚਿੰਤ ਹੋ ਕੇ
ਉਸ ਰਾਤ ਸੁੱਤੇ। ਪਰ ਮੈਂ ਇਕ ਪਲ ਵੀ ਸੌਂ ਨਹੀਂ ਸਕੀ। ਪੂਰੀ ਰਾਤ ਰਬ ਕੋਲ ਸ਼ਿਕਾਇਤ
ਲਾਈ ਪਰ ਉਹ ਵੀ ਨਹੀਂ ਬਹੁੜਿਆ। ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਭਰੇ ਪੂਰੇ
ਘਰ ਵਿਚ ਮੈਂ ਬਿਲਕੁਲ ਇਕੱਲੀ ਸੀ। ਪੂਰੀ ਦੁਨੀਆਂ ਵਿਚ ਇਕੱਲੀ! ਕੋਈ ਮੇਰੀ ਪੀੜ
ਸਾਂਝੀ ਕਰਨ ਵਾਲਾ ਨਹੀਂ! ਮੈਨੂੰ ਅੱਜ ਵੀ ਪੂਰੀ ਤਰਾਂ ਚੇਤੇ ਹੈ ਜਦੋਂ ਅਗਲੇ ਦਿਨ
ਸਵੇਰੇ ਨਾਸ਼ਤੇ ਵੇਲੇ ਸਕੂਲ ਜਾਣ ਤੋਂ ਪਹਿਲਾਂ ਮੇਰੇ ਪਿਓ ਨੇ ਮੇਰੇ ਸਿਰ ਉੱਤੇ ਹੱਥ
ਫੇਰਿਆ ਤੇ ਮੈਨੂੰ ਜੱਫੀ ਪਾਈ ਤਾਂ ਮੈਨੂੰ ਇੰਜ ਜਾਪਿਆ ਸੀ ਜਿਵੇਂ ਪਿਓ ਨਹੀਂ ਕੋਈ
ਕਸਾਈ ਮੇਮਣੇ ਦੇ ਡਕਰੇ-ਡਕਰੇ ਕਰਨ ਤੋਂ ਪਹਿਲਾਂ ਉਸ ਨੂੰ ਟੋਹ ਰਿਹਾ ਹੋਵੇ ਕਿ ਕਿਸ
ਤਰਾਂ ਦਾ ਨਰਮ-ਨਰਮ ਗੋਸ਼ਤ ਤਿਆਰ ਹੋਣ ਵਾਲਾ ਹੈ!
‘‘ਫੇਰ ਇੰਜ ਹੀ ਤਿੰਨ ਸਾਲ ਚੱਲਦਾ ਰਿਹਾ। ਮੇਰੀ ਵੱਡੀ ਭੈਣ ਵਿਆਹੀ ਗਈ। ਮੇਰੀ
ਸੁਣਵਾਈ ਕਿਤੇ ਨਹੀਂ ਹੋਈ। ਮੈਂ ਆਪਣੇ ਹੀ ਕਸਾਈ ਦੀ ਦੇਖ-ਰੇਖ ਵਿਚ ਕੈਦ ਸੀ ਤੇ
ਰੋਜ਼ ਹਲਾਲ ਹੋ ਰਹੀ ਸੀ। ਕੁਤਰੇ ਹੋਏ ਪਰਾਂ ਵਾਲੇ ਪੰਛੀ ਵਾਂਗ ਫੜਫੜਾਉਂਦੀ ਅਖ਼ੀਰ
ਮੈਂ ਨਰਸਿੰਗ ਦੀ ਪੜਾਈ ਕਰਨ ਲਈ ਘਰੋਂ ਬਾਹਰ 50 ਕਿਲੋਮੀਟਰ ਦੂਰ ‘ਓਰਾਈ’ ਵਿਚ ਪੜਨ
ਚਲੀ ਗਈ। ਮੈਨੂੰ ਲੱਗਿਆ ਮੈਂ ਨਰਕ ਦੀ ਸਜ਼ਾ ਪੂਰੀ ਕਰ ਲਈ ਹੈ ਤੇ ਹੁਣ ਜ਼ਿੰਦਗੀ ਜੀਅ
ਸਕਦੀ ਹਾਂ। ਪਰ ਮੇਰੀ ਸਜ਼ਾ ਹਾਲੇ ਪੂਰੀ ਨਹੀਂ ਸੀ ਹੋਈ। ਘਰੋਂ ਪਿੰਨੀਆਂ ਤੇ
ਬਿਸਕੁਟ ਲਿਆ ਕੇ ਦੇਣ ਦੇ ਬਹਾਨੇ ਮੇਰਾ ਪਿਓ ਏਥੇ ਵੀ ਮੇਰੀਆਂ ਬੋਟੀਆਂ ਵੱਢਣ ਲਈ
ਪਹੁੰਚ ਗਿਆ।
‘‘ਮੈਂ ਮਾਂ ਨੂੰ ਦੁਬਾਰਾ ਇਸ ਬਾਰੇ ਦੱਸਿਆ ਤਾਂ ਉਸਨੇ ਫਿਰ ਮੈਨੂੰ ਦੱਬ ਕੇ
ਝਿੜਕਿਆ ਤੇ ਲਾਅਨਤਾਂ ਪਾਈਆਂ ਤੇ ਮੇਰੇ ਵਿਚ ਹੀ ਕਸੂਰ ਕੱਢ ਦਿੱਤਾ। ਮੇਰੇ ਅੱਗੇ
ਹੁਣ ਕੋਈ ਰਸਤਾ ਨਹੀਂ ਸੀ। ਖ਼ੁਦਕੁਸ਼ੀ ਕਰ ਲਵਾਂ ਜਾਂ ਅਜਿਹੇ ਹੈਵਾਨ ਨੂੰ ਬੇਨਕਾਬ
ਕਰਾਂ! ਮੈਨੂੰ ਦੱਸਿਆ ਗਿਆ ਸੀ ਕਿ ਜਦ ਤਕ ਮੈਂ 18 ਵਰੇ ਪੂਰੇ ਨਹੀਂ ਕਰ ਲੈਂਦੀ,
ਮੈਂ ਬਾਲਗ ਨਹੀਂ ਕਹਾਈ ਜਾਵਾਂਗੀ ਤੇ ਨਾ ਹੀ ਆਪਣੀ ਪੈਰਵੀ ਆਪ ਕਰ ਸਕਾਂਗੀ। ਮੈਂ
ਲੜਨ ਦਾ ਫ਼ੈਸਲਾ ਕੀਤਾ! ਹੋਰਨਾਂ ਲਈ ਮਿਸਾਲ ਬਣਨ ਦਾ ਫ਼ੈਸਲਾ! ਇਸ ਫ਼ੈਸਲੇ ਵਿਚ
ਮੈਨੂੰ ਹੋਰ ਜ਼ਲੀਲ ਹੋਣਾ ਪੈਣਾ ਸੀ! ਅਤਿ ਦਾ ਜ਼ਲੀਲ! ਆਪਣੀ ਮਾਂ ਨੂੰ ਸਬੂਤ ਦੇਣ ਦੀ
ਲੋੜ ਸੀ ਕਿ ਅੱਖਾਂ ਮੀਟ ਕੇ ਜਿਸ ਨੂੰ ਰਬ ਦਾ ਦਰਜਾ ਦੇ ਕੇ ਉਹ ਬੈਠੀ ਸੀ, ਉਹ ਤਾਂ
ਹੈਵਾਨਾਂ ਦਾ ਬਾਦਸ਼ਾਹ ਸੀ! ਫੇਰ 17 ਮਾਰਚ ਸੰਨ 2016 ਨੂੰ ਮੈਂ ਇਕ ਇਤਿਹਾਸਕ
ਫ਼ੈਸਲਾ ਲਿਆ। ਮੈਂ ‘ਓਰਾਈ’ ਤੋਂ 100 ਕਿਲੋਮੀਟਰ ਦੂਰ ਝਾਂਸੀ ਵਿਖੇ ਆਪਣੀ ਸਹੇਲੀ
ਘਰ ਗਈ ਤੇ ਉੱਥੇ ਹੀ ਆਪਣੇ ਪਿਓ ਨੂੰ ਬੁਲਾਇਆ। ਉਹ ਲਾਰਾਂ ਟਪਕਾਉਂਦਾ ਰਾਤ ਨੂੰ
ਉੱਥੇ ਪਹੁੰਚ ਗਿਆ। ਮੈਂ ਆਪਣੀ ਸਹੇਲੀ ਨੂੰ ਮੋਬਾਈਲ ਫ਼ੋਨ ਫੜਾਇਆ ਤੇ ਆਪਣੇ ਕਮਰੇ
ਦਾ ਦਰਵਾਜ਼ਾ ਖੁੱਲਾ ਹੀ ਛੱਡ ਦਿੱਤਾ। ਪਰਦੇ ਪਿੱਛੇ ਲੁਕ ਕੇ ਮੇਰੀ ਸਹੇਲੀ ਨੇ ਡੇਢ
ਘੰਟੇ ਦਾ ਮੇਰੇ ਪਿਓ ਵੱਲੋਂ ਚੂੰਢੇ ਜਾਣ ਦਾ ਵੀਡੀਓ ਤਿਆਰ ਕੀਤਾ। ਕੌਣ ਸਮਝ ਸਕਦਾ
ਹੈ ਇਹ ਪੀੜ! ਆਪਣੇ ਹੀ ਹਲਾਲ ਹੋਣ ਦਾ ਵੀਡੀਓ ਤਿਆਰ ਕਰਵਾ ਕੇ ਆਪ ਹੀ ਹੋਰ ਜ਼ਲੀਲ
ਹੋਣਾ!
‘‘ਇਹੀ ਮੋਬਾਈਲ ਕਲਿੱਪ ਮੈਂ ਸਵੇਰੇ ਲੈ ਕੇ ਆਪਣੀ ਮਾਂ ਕੋਲ ਗਈ। ਹੁਣ ਮੈਂ
ਅਠਾਰਾਂ ਵਰਿਆਂ ਦੀ ਹੋ ਗਈ ਸੀ। ਆਪਣੇ ਕੇਸ ਦੀ ਆਪ ਪੈਰਵੀ ਕਰਨ ਯੋਗ! ਮੇਰੀ ਮਾਂ
ਕੋਲੋਂ ਤਿੰਨ ਮਿੰਟ ਦਾ ਵੀਡੀਓ ਹੀ ਵੇਖਿਆ ਗਿਆ। ਉਹ ਚੱਕਰ ਖਾ ਕੇ ਡਿੱਗ ਕੇ ਬੇਹੋਸ਼
ਹੋ ਗਈ। ਉਸਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ। ਜਦੋਂ ਹੋਸ਼ ਆਈ ਤਾਂ ਉਹ ਇਕ ਪਲ ਵੀ
ਘਰ ਅੰਦਰ ਨਹੀਂ ਬਹਿ ਸਕੀ। ਸਿੱਧੀ ਮੈਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚੀ ਤੇ
ਸ਼ੇਰਨੀ ਵਾਂਗ ਗਰਜੀ-ਇਸ ਹੈਵਾਨ ਨੂੰ ਫਾਂਸੀ ਦੇ ਦਿਓ! ਰੋ-ਰੋ ਕੇ ਉਸਨੇ ਬਿਆਨ ਦਰਜ
ਕਰਵਾਏ ਕਿ ਅਜਿਹੇ ਘਿਨਾਉਣੇ ਜੁਰਮ ਬਾਰੇ ਉਹ ਸੁਫ਼ਨੇ ਵਿਚ ਵੀ ਨਹੀਂ ਸੀ ਸੋਚ ਸਕਦੀ।
ਉਸ ਦਿਨ ਉਸ ਨੂੰ ਕੋਈ ਰਿਸ਼ਤਾ ਪਵਿੱਤਰ ਨਹੀਂ ਸੀ ਜਾਪ ਰਿਹਾ। ਉਸ ਥਾਣੇ ਵਿਚ ਗੱਜ
ਕੇ ਕਿਹਾ ਕਿ ਫਾਂਸੀ ਤੋਂ ਵੱਡੀ ਕੋਈ ਸਜ਼ਾ ਹੈ ਤਾਂ ਇਸ ਹੈਵਾਨ ਨੂੰ ਉਹੀ ਮਿਲਣੀ
ਚਾਹੀਦੀ ਹੈ।
‘‘ਮੈਂ ਕਿਵੇਂ ਭੁਲਾ ਸਕਦੀ ਹਾਂ ਉਹ ਖੱਚਰੀ ਹਾਸੀ ਜੋ ਮੇਰੇ ਕਸਾਈ ਪਿਓ ਨੇ ਫੜੇ
ਜਾਣ ਉ¤ਤੇ ਹੱਸੀ ਸੀ। ਬਿਨਾਂ ਕਿਸੇ ਸ਼ਿਕਵੇ ਦੇ ਉਸ ਨੇ ਦਨਦਨਾਉਂਦੇ ਹੋਏ ਬਿਆਨ
ਦਿੱਤਾ ਕਿ ਸ਼ਰਾਬ ਦੀ ਲਤ ਨੇ ਹੀ ਉਸਨੂੰ ਅਜਿਹਾ ਮਾਸ ਚੂੰਡਣ ਉੱਤੇ ਮਜਬੂਰ ਕਰ
ਦਿੱਤਾ ਸੀ! ਇਸੇ ਲਈ ਮੈਂ ਥਾਣੇ ਵਿਚ ਸਭ ਦੇ ਸਾਹਮਣੇ ਦਲੇਰ ਹੋ ਕੇ ਕਿਹਾ ਸੀ ਕਿ
ਮੈਂ ਅਜਿਹੇ ਕਸਾਈ ਪਿਓ ਲਈ ਭਰੇ ਬਜ਼ਾਰ ਵਿਚ ਫਾਂਸੀ ਦਿੱਤੇ ਜਾਣ ਦੀ ਪ੍ਰੌੜਤਾ ਕਰਦੀ
ਹਾਂ ਤਾਂ ਜੋ ਕੋਈ ਹੋਰ ਬੱਚੀ ਅਜਿਹੇ ਨਰਕ ਵਿੱਚੋਂ ਨਾ ਲੰਘੇ ਜਿਸ ਵਿੱਚੋਂ ਮੈਂ
ਲੰਘੀ ਹਾਂ।’’
ਸੈਕਸ਼ਨ ਅਫਸਰ ਨੇ ਮੀਡੀਆ ਨੂੰ ਸਪਸ਼ਟ ਕੀਤਾ ਕਿ ਅਜਿਹਾ ਘਿਨਾਉਣਾ ਜੁਰਮ ਬਥੇਰੀ
ਥਾਈਂ ਹੋ ਰਿਹਾ ਹੈ ਪਰ ਜਿਹੜਾ ਜਿਗਰਾ ਇਸ ਬੱਚੀ ਨੇ ਵਿਖਾਇਆ ਹੈ, ਉਹ ਬੇਮਿਸਾਲ ਹੈ
ਤੇ ਆਪਣੇ ਆਪ ਵਿਚ ਵਿਲੱਖਣ ਹੈ। ਜਦੋਂ ਪਿਓ ਨੂੰ ਫੜ ਕੇ ਥਾਣੇ ਵਿਚ ਲਿਆਇਆ ਗਿਆ
ਤਾਂ ਮਾਂ ਨੇ ਥਾਣੇ ਵਿਚ ਹੀ ਸਭ ਦੇ ਸਾਹਮਣੇ ਅੱਧਾ ਘੰਟਾ ਆਪਣੀਆਂ ਚੱਪਲਾਂ ਨਾਲ
ਉਸਨੂੰ ਚੰਗਾ ਭੰਨਿਆ ਤੇ ਰੱਜ ਕੇ ਗਾਹਲਾਂ ਕੱਢ ਕੇ ਬੇਸ਼ਰਮ ਕੀਤਾ। ਪਰ, ਉਸ ਕਸਾਈ
ਉੱਤੇ ਇਸ ਦਾ ਭੋਰਾ ਅਸਰ ਨਹੀਂ ਹੋਇਆ।
ਕੀ ਇਸ ਕੇਸ ਰਾਹੀਂ ਕਿਸੇ ਹੋਰ ਦਾ ਮਨ ਵੀ ਝੰਜੋੜਿਆ ਗਿਆ ਹੈ? ਕਿਉਂ ਅਸੀਂ
ਆਪਣੇ ਆਲੇ-ਦੁਆਲੇ ਨਾਬਾਲਗਾਂ ਉ¤ਤੇ ਹੋ ਰਹੇ ਜੁਰਮਾਂ ਬਾਰੇ ਵੇਖ ਸੁਣ ਕੇ ਵੀ
ਚੁੱਪੀ ਧਾਰ ਕੇ ਬੈਠੇ ਹਾਂ? ਕਦੋਂ ਅਸੀਂ ਸਮਾਜ ਨੂੰ ਸੁਧਾਰਨ ਵਿਚ ਪਹਿਲ ਕਦਮੀ
ਕਰਾਂਗੇ?
ਕਦੋਂ ਪਾਲਣਹਾਰ ਮਾਂ, ਦੁਰਗਾ ਦਾ ਰੂਪ ਧਾਰਨ ਕਰੇਗੀ ਤੇ ਆਪਣੇ ਬੱਚਿਆਂ ਦੀ
ਰਾਖੀ ਕਰਨ ਦੇ ਸਮਰੱਥ ਬਣੇਗੀ? ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਆਪਣੀਆਂ
ਨਿੱਕੀਆਂ ਬੱਚੀਆਂ ਦੀ ਰਾਖੀ ਕਰਨ ਤੇ ਉਨਾਂ ਦੀ ਆਵਾਜ਼ ਬਣਨ ਵਿਚ ਕਿਉਂ ਫੇਲ ਹੋ
ਰਹੀਆਂ ਹਨ? ਸਮਾਜ ਸਿਰਫ਼ ਉਨਾਂ ਨੂੰ ਸਿਰ ਦਾ ਤਾਜ ਬਣਾਉਂਦਾ ਹੈ ਜੋ ਜੁਅਰਤ ਵਿਖਾ
ਸਕਣ ਯੋਗ ਹੋਣ। ਭੇਡਾਂ, ਬੱਕਰੀਆਂ ਤਾਂ ਸਿਰਫ਼ ਸ਼ਿਕਾਰ ਕਰਨ ਲਈ ਹੀ ਹੁੰਦੀਆਂ ਹਨ।
ਜੇ ਆਪਣੀਆਂ ਧੀਆਂ ਨੂੰ ਫੁੰਡੇ ਜਾਣ ਤੋਂ ਬਚਾਉਣਾ ਹੈ ਤਾਂ ਅੱਖਾਂ, ਕੰਨ ਖੋਲ ਕੇ,
ਦਿਮਾਗ਼ੀ ਸ਼ਕਤੀ ਨੂੰ ਬੁਲੰਦ ਕਰ ਕੇ ਸ਼ੇਰ ਦੀ ਸਵਾਰੀ ਕਰਨ ਯੋਗ ਹੀ ਬਣਨਾ
ਪੈਣਾ ਹੈ।
ਇਹੋ ਸਮੇਂ ਦੀ ਲੋੜ ਹੈ! ਅੱਜ ਦੇ ਸਮਾਜ ਨੂੰ ਸਾਫ਼ ਸੁਥਰਾ ਤੇ ਬੱਚੀਆਂ ਲਈ
ਸੁਰੱਖਿਅਤ ਬਣਾਉਣ ਲਈ ਮਾਂ ਦੁਰਗਾ ਦੀ ਹੀ ਲੋੜ ਹੈ! ਚਲੋ ਹੰਭਲਾ ਮਾਰੀਏ!
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|