ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ, ਕਹਾਣੀ ਵਿਚਾਰ ਮੰਚ ਟੋਰਾਂਟੋ ਵਲੋਂ
ਸਾਲ 2015 ਦੀ ਆਖਰੀ ਤ੍ਰੈਮਾਸਿਕ ਮਿਲਣੀ ਦਾ ਆਯੋਜਨ, ਕਹਾਣੀਕਾਰ ਕੁਲਜੀਤ ਮਾਨ
ਦੇ ਨਿਵਾਸ ਤੇ ਕੀਤਾ ਗਿਆ। ਇਸ ਮੌਕੇ ਲੇਖਕਾਂ ਪਾਠਕਾਂ ਅਤੇ ਅਲੋਚਕਾਂ ਦਾ
ਭਰਵਾਂ ਇਕੱਠ ਹੋਇਆ ਜਿਸ ਵਿੱਚ ਸੱਤ ਕਹਾਣੀਆਂ ਪੜ੍ਹੀਆਂ ਅਤੇ ਵਿਚਾਰੀਆਂ ਗਈਆਂ
ਅਤੇ ਇਹ ਮੀਟਿੰਗ ਹਰ ਪੱਖੋਂ ਹੀ ਬੇਹੱਦ ਸਫਲ ਹੋ ਨਿੱਬੜੀ।
ਮੀਟਿੰਗ ਦੀ ਸ਼ੁਰੂਆਤ ਸੰਚਾਲਕ ਮੇਜਰ ਮਾਂਗਟ ਵਲੋਂ ਆਏ ਲੇਖਕਾਂ ਦੇ ਸੁਆਗਤ
ਨਾਲ ਹੋਈ। ਸਭ ਤੋਂ ਪਹਿਲਾਂ ਭਾਰਤ ਵਿੱਚ ਲੇਖਕਾਂ ਤੇ ਹੋ ਰਹੇ ਹਮਲੇ ਅਤੇ
ਲਿਖਣ ਬੋਲਣ ਦੀ ਖੋਹੀ ਜਾ ਰਹੀ ਆਜਾਦੀ ਦੀ ਭਰਪੂਰ ਨਿਖੇਧੀ ਕਰਦਿਆਂ ਇਸ
ਧੱਕੇਸ਼ਾਹੀ ਦੇ ਵਿਰੋਧ ਵਿੱਚ, ਅਤੇ ਲੇਖਕਾਂ ਬੁੱਧੀਜੀਵੀਆਂ ਵਲੋਂ ਮਾਣ ਸਨਮਾਨ
ਵਾਪਿਸ ਕਰਕੇ ਕੀਤੇ ਜਾ ਰਹੇ ਰੋਸ ਦੀ ਹਮਾਇਤ ਵਿੱਚ, ਕਹਾਣੀ ਵਿਚਾਰ ਮੰਚ
ਟੋਰਾਂਟੋ ਦੇ ਸਮੂਹ ਮੈਂਬਰਾਂ ਵਲੋਂ ਇੱਕ ਮਤਾ ਪਾਇਆ ਗਿਆ।
ਇਸੇ ਪ੍ਰਕਾਰ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਤੇ ਚਿੰਤਾ ਜਾਹਰ ਕਰਦਿਆਂ
ਕਿਸਾਨਾਂ ਮਜਦੂਰਾਂ ਅਤੇ ਕਰਮਾਚੀਆਂ ਦੇ ਮਸਲਿਆਂ ਵਲ ਪੰਜਾਬ ਸਰਕਾਰ ਤੇ
ਪ੍ਰਸਾਸ਼ਨ ਨੂੰ ਤੁਰੰਤ ਧਿਆਨ ਦੇਣ ਲਈ ਕਿਹਾ ਗਿਆ। ਇਹ ਵੀ ਕਿਹਾ ਗਿਆ ਕਿ
ਦੁਨੀਆਂ ਭਰ ਵਿੱਚ ਰਚੇ ਜਾ ਰਹੇ ਸਾਹਿਤ ਦਾ ਸਬੰਧ ਲੇਖਕਾਂ ਦੇ ਮੂਲ ਸਥਾਨ
ਪੰਜਾਬ ਨਾਲ ਹੈ ਅਤੇ ਸਰਕਾਰ ਨੂੰ ਚਾਹੀਦਾ ਕਿ ਉਹ ਪੰਜਾਬ ਹਾਲਾਤ ਤੁਰੰਤ
ਸੁਖਾਵੇਂ ਬਣਾਵੇ ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਵੀ
ਗ੍ਰਿਫਤਾਰ ਕੀਤਾ ਜਾਵੇ। ਇਕਤੱਤਰਤ ਲੇਖਕਾਂ ਵਲੋਂ ਪੰਜਾਬ ਦੇ ਲੋਕਾਂ ਨੂੰ
ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ। ਇਸਦੇ ਨਾਲ ਨਾਲ ਕੇਂਦਰੀ
ਪੰਜਾਬੀ ਲੇਖਕ ਸਭਾ ਵਲੋਂ ਫਰਵਰੀ 2016 ਵਿੱਚ ਕੀਤੀ ਜਾਣ ਵਾਲੀ ਕਾਨਫਰੰਸ ਦੀ
ਜਾਣਕਾਰੀ ਦਿੱਤੀ ਗਈ ਤੇ ਇਸ ਨੂੰ ਭਰਪੂਰ ਸਹਿਯੋਗ ਦੇਣ ਅਤੇ ਇਸ ਵਿੱਚ ਸ਼ਾਮਲ
ਹੋਣ ਦੀ ਅਪੀਲ ਵੀ ਕੀਤੀ ਗਈ।
ਇਸ ਮੀਟਿੰਗ ਦੀ ਸਭ ਤੋਂ ਪਹਿਲੀ ਕਹਾਣੀ ਤ੍ਰਲੋਚਨ ਸਿੰਘ ਔਜਲਾ ਵਲੋਂ
ਪੜ੍ਹੀ ਗਈ। ਇਸ ਕਹਾਣੀ ਦਾ ਵਿਸ਼ਾ ਪੂੰਜੀਵਾਦੀ ਨਿਜਾਮ ਅੰਦਰ ਰਿਸ਼ਤਿਆਂ ਦਾ
ਤਿੜਕਣਾ ਸੀ। ਜਿਸ ਕਰਕੇ ਇਸ ਦਾ ਨਾਂ ਵੀ ‘ਤਿੜਕਦੇ ਰਿਸ਼ਤੇ’ ਸੀ। ਇਸ ਕਹਾਣੀ
ਵਿੱਚ ਦੱਸਿਆ ਗਿਆ ਸੀ ਕਿ ਕੈਨੇਡਾ ਦੇ ਇੱਕ ਸੂਤਰੀ ਪਰਿਵਾਰ ਵਾਲੇ ਮਹੌਲ ਵਿੱਚ
ਮਾਪਿਆਂ ਨੂੰ ਵਿਆਹੇ ਵਰੇ ਬੱਚਿਆਂ ਦੇ ਪਰਿਵਾਰ ਦਾ ਹਿੱਸਾ ਨਹੀਂ ਸਮਝਿਆ
ਜਾਂਦਾ ਤੇ ਨਾਂ ਹੀ ਕਿਸੇ ਗੱਲ ਵਿੱਚ ਉਨ੍ਹਾਂ ਦਾ ਦਖਲ ਬ੍ਰਦਾਸ਼ਤ ਕੀਤਾ ਜਾਂਦਾ
ਹੈ। ਪਰ ਜੇ ਉਨ੍ਹਾਂ ਮਾਪਿਆਂ ਦਾ ਜੀਵਨ ਸਾਥ ਟੁੱਟ ਜਾਵੇ ਅਤੇ ਆਪਣੀ ਇਕੱਲਤਾ
ਨੂੰ ਭਰਨ ਲਈ ਉਹ ਕੋਈ ਨਵਾਂ ਸਾਥ ਲੱਭ ਲੈਣ ਤਾਂ ਹਰ ਕਿਸੇ ਨੂੰ ਹੱਥਾਂ ਪੈਰਾਂ
ਦੀ ਪੈ ਜਾਂਦੀ ਹੈ ਕਿ ਜਮੀਨ ਜਾਇਦਾਦ ਵੀ ਕਿਤੇ ਹੋਰ ਨਾ ਚਲੀ ਜਾਵੇ। ਲੇਖਕ
ਵਲੋਂ ਇਸ ਕਹਾਣੀ ਵਿੱਚ ਇਨ੍ਹਾਂ ਤਿੜਕਦੇ ਰਿਸ਼ਤਿਆਂ ਨੂੰ ਬਾਖੂਬੀ ਬਿਆਨਿਆ ਗਿਆ
ਸੀ।
ਕਹਾਣੀ ਬੈਠਕ ਦੀ ਦੂਸਰੀ ਕਹਾਣੀ ਬਲਜੀਤ ਕੌਰ ਧਾਲੀਵਾਲ ਨੇ ਪੜ੍ਹੀ ਜਿਸ ਦਾ
ਸਿਰਲੇਖ ਸੀ ‘ਨਜਾਇਜ ਹਥਿਆਰ’ ਇਹ ਕਹਾਣੀ 1947 ਵਿੱਚ ਵਾਪਰੇ ਦੰਗਿਆਂ ਦਾ
ਮਹੌਲ ਅਤੇ ਦਹਿਸ਼ਤ ਪੇਸ਼ ਕਰਦੀ ਸੀ। ਇਹ ਕਹਾਣੀ ਲੇਖਿਕਾ ਦਾ ਦਾਦਾ ਉਸ ਨੂੰ
ਸੁਣਾਉਂਦਾ ਹੈ ਕਿ ਉਨ੍ਹਾਂ ਹਾਲਾਤਾਂ ਵਿੱਚ ਕਿਵੇਂ ਇੱਕ ਸਧਾਰਨ ਬੰਦਾ ਆਪਣੀ
ਸਵੈ ਰੱਖਿਆ ਲਈ ਪਿੰਡ ਦੇ ਮਿਸਤਰੀ ਨਾਲ ਮਿਲ ਕੇ ਇੱਕ ਦੇਸੀ ਪਸਤੌਲ ਬਣਾਉਣ
ਵਿੱਚ ਕਾਮਯਾਬ ਹੋ ਜਾਂਦਾ ਹੈ। ਪਰ ਜਦੋਂ ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ
ਉਸ ਨੇ ਤਾਂ ਗਲਤ ਕੰਮ ਕਰ ਲਿਆ ਹੈ ਤੇ ਜੇ ਇਸਦਾ ਸਰਕਾਰ ਨੂੰ ਪਤਾ ਲੱਗ ਗਿਆ
ਤਾਂ ਗੰਭੀਰ ਸਿੱਟੇ ਨਿੱਕਲਣਗੇ ਤਾਂ ਉਹ ਬਹੁਤ ਡਰ ਜਾਂਦਾ ਹੈ। ਇਹ ਕਹਾਣੀ ਉਸ
ਵਕਤ ਦਾ ਮਹੌਲ ਬਿਆਨਣ ਵਾਲੀ ਅਤੇ ਨਿਵੇਕਲੇ ਵਿਸ਼ੇ ਨੂੰ ਲੈ ਕੇ ਲਿਖੀ ਖੂਬਸੂਰਤ
ਕਹਾਣੀ ਸੀ ਜਿਸ ਦੀ ਭਰਪੂਰ ਪ੍ਰਸ਼ੰਸ਼ਾ ਹੋਈ।
ਅਨੂਪ ਬਾਵਰਾ ਭਾਵੇਂ ਇਸ ਕਹਾਣੀ ਬੈਠਕ ਵਿੱਚ ਨਵਾਂ ਨਾਮ ਸੀ, ਪਰ ਜਿਸ
ਅੰਦਾਜ ਅਤੇ ਪਰਪੱਕਤਾ ਨਾਲ ਇਹ ਲੇਖਿਕਾ ਨੇ ਕਹਾਣੀ ਪੇਸ਼ ਕੀਤੀ ਉਹ ਬਾਕਮਾਲ
ਸੀ। ਇਸ ਕਹਾਣੀ ਦਾ ਨਾਂ ਸੀ ‘ਠੰਢਾ ਸਮੋਸਾ’ ਤੇ ਵਿਸ਼ਾ ਸੀ ਕਿ ਸਾਡੀ ਸੋਚ
ਇਹਨਾਂ ਮੁਲਕਾਂ ਵਿੱਚ ਆ ਕੇ ਵੀ ਕਿਉਂ ਨਹੀਂ ਬਦਲਦੀ। ਕਿਵੇਂ ਅਸੀਂ ਦੂਸਰੇ ਦੇ
ਨਿੱਜ ਨੂੰ ਤਾਰਪੀਡੋ ਕਰਕੇ ਉਸਦੇ ਅੰਦਰ ਘੁਸਣਾ ਚਾਹੁੰਦੇ ਹਾਂ ਤੇ ਨੀਵਾਂ
ਦਿਖਾਉਣਾ ਚਾਹੁੰਦੇ ਹਾਂ। ਖਾਸ ਕਰਕੇ ਜੇ ਕੋਈ ਔਰਤ ਇਕੱਲੀ ਰਹਿੰਦੀ ਹੈ ਤਾਂ
ਭਾਸ਼ਨ ਦੇਣ ਵਾਲਿਆਂ ਦਾ ਹੀ ਤਾਂਤਾ ਨਹੀ ਮੁੱਕਦਾ। ਅਸੀਂ ਘਰ ਸੱਦਕੇ ਲੋਕਾਂ ਦੀ
ਬੇਇਜਤੀ ਕਰਨੀ ਖੂਬ ਜਾਣਦੇ ਹਾਂ ਪਰ ਜੀਵਨ ਦੇ ਤੌਰ ਤਰੀਕਿਆਂ ਤੋਂ ਅਸਲੋਂ
ਕੋਰੇ ਹਾਂ। ਏਹੋ ਸਵਾਲ ਛੱਡਦੀ ਇਹ ਕਹਾਣੀ ਸਮਾਪਤ ਹੁੰਦੀ ਹੈ। ਜਿਸਦਾ ਗਹਿਰਾ
ਪ੍ਰਭਾਵ ਮਹਿਸੂਸ ਕਰਦਾ ਹਰ ਕੋਈ ਵਾਹ ਵਾਹ ਕਹਿੰਦਾ ਰਿਹਾ।
ਚਾਹ ਤੇ ਵਕਫੇ ਤੋਂ ਬਾਅਦ ਮੀਟਿੰਗ ਫੇਰ ਜੁੜਦੀ ਹੈ ਤੇ ਚੌਥੀ ਕਹਾਣੀ
ਪੜ੍ਹਨ ਲਈ ਪਾਕਿਸਤਾਨੀ ਮੂਲ ਦੀ ਲੇਖਿਕਾ ਤਲਤ ਜਾਹਰਾ ਨੂੰ ਕਿਹਾ ਜਾਂਦਾ ਹੈ।
ਕਹਾਣੀ ਭਾਵੇਂ ਉਰਦੂ ਵਿੱਚ ਪੜ੍ਹੀ ਜਾਂਦੀ ਹੈ, ਪਰ ਵਿਸ਼ਾ ਅਜਿਹਾ ਹੈ ਕਿ ਸਭ
ਨੂੰ ਬੰਨ ਲੈਂਦਾ ਹੈ। ਇੱਕ ਲੜਕੀ ਕੌਮਾ ਵਿੱਚ ਹੈ ਉਸਦੇ ਅਚੇਤ ਮਨ ਵਿੱਚ
ਦੱਬੀਆਂ ਯਾਦਾਂ ਮਨ ਦੇ ਚਿੱਤਰਪੱਟ ਤੇ ਉਭਰਦੀਆਂ ਹਨ। ਉਸ ਦਾ ਪ੍ਰੇਮੀ, ਜੋ ਉਸ
ਦੀ ਇਸ ਦਸ਼ਾ ਲਈ ਜਿੰਮੇਵਾਰ ਹੈ, ਉਸ ਬੰਦੇ ਨਾਲ ਲੜਕੀ ਦਾ ਅਵਚੇਤਨ ਸੰਵਾਦ
ਰਚਾਉਦਾਂ ਹੈ। ਇਸ ਕਹਾਣੀ ਦਾ ਨਾਮ ਸੀ ‘ਤੁਮ ਕੌਨ ਹੋ’ ਜੋ ਕਿ ਅਵਚੇਤਨਾ
ਪ੍ਰਵਾਹ ਵਿੱਚ ਲਿਖੀ ਖੂਬਸੂਰਤ ਕਹਾਣੀ ਸੀ, ਜਿਸ ਨੂੰ ਸਭ ਨੇ ਖੂਬ ਸਲਾਹਿਆ।
ਪੰਜਵੀ ਕਹਾਣੀ ਚਿੱਤਰਕਾਰਾ ਤੇ ਲੇਖਿਕਾ ਪ੍ਰਵੀਨ ਕੌਰ ਦੀ ਸੀ, ਜਿਸ ਦਾ
ਨਾਂ ਸੀ ‘ਪਰ ਕਿਉਂ’ ਕਹਾਣੀ ਦਾ ਧਰਾਤਲ ਪੱਛਮੀ ਸੱਭਿਆਚਾਰ, ਪੂੰਜੀਵਾਦੀ
ਵਿਕਾਸ ਮਾਡਲ ਦੀ ਪਦਾਇਸ਼ ਸਮਾਜਿਕ ਢਾਂਚਾ ਅਤੇ ਮਾਨਸਿਕਤ ਉਲਾਰਤਾ ਸੀ, ਜਿੱਥੇ
ਭਾਵੇਂ ਪੂੰਜੀ ਹੀ ਰਿਸ਼ਤੇ ਤਹਿ ਕਰਦੀ ਹੈ, ਜਿੱਥੇ ਭਾਵਨਾਵਾਂ ਜਾਂ ਸੂਖਮ ਸੋਚ
ਦਾ ਮਤਲਬ ਹੀ ਕੋਈ ਨਹੀਂ। ਪਰ ਏਥੇ ਮਾਨਸਿਕ ਆਪੰਗ ਲੋਕਾਂ ਦੀ ਵੀ ਕੋਈ ਕਮੀ
ਨਹੀਂ, ਜੋ ਈਰਖਾ ਅਤੇ ਸਾੜੇ ਨਾਲ ਭਰੇ ਰਹਿੰਦੇ ਹਨ। ਇਹ ਵੀ ਇੱਕ ਅਜਿਹੇ ਹੀ
ਵਿਅੱਕਤੀ ਦੀ ਕਹਾਣੀ ਜਿਸ ਲਈ ਪਿਆਰ ਸਿਰਫ ਕਬਜਾ ਹੈ ਅਤੇ ਉਸਦੀ ਸੋਚ ਹੈ ਕਿ
ਜੇ ਮੇਰੀ ਪ੍ਰੇਮਕਾ ਮੇਰੀ ਨਹੀਂ ਹੋ ਸਕਦੀ, ਤਾਂ ਕਿਸੇ ਦੀ ਵੀ ਨਹੀਂ ਹੋ ਸਕਦੀ
ਤੇ ਉਸ ਦਾ ਕਤਲ ਵੀ ਕੀਤਾ ਜਾ ਸਕਦਾ ਹੈ। ਮੁੱਖ ਪਾਤਰ ਦਾ ਇਹ ਹੀ ਸਵਾਲ ਹੈ ਪਰ
ਕਿਉਂ? ਇਹ ਵੀ ਇੱਕ ਵਧੀਆ ਕਹਾਣੀ ਹੋ ਨਿੱਬੜੀ।
ਅਜਾਇਬ ਟੱਲੇਵਾਲੀਆ ਵੀ ਲੰਬੇ ਅਰਸੇ ਤੋਂ ਬਾਅਦ ਆਪਣੀ ਨਵੀਂ ਲਿਖੀ ਕਹਾਣੀ
ਨਾਲ, ਇਸ ਬੈਠਕ ਵਿਚ ਸ਼ਾਮਲ ਹੋਇਆ। ਉਸਦੀ ਕਹਾਣੀ ਦਾ ਨਾਂ ਸੀ ‘ਰਿਸ਼ਤੇ’।
ਰਿਸ਼ਤੇ ਜੋ ਸਿਰਫ ਲੋੜਾਂ, ਲਾਲਚ ਤੇ ਤੇ ਹਉਮੈ ਦੀ ਪੂਰਤੀ ਬਣ ਕੇ ਰਹਿ ਗਏ ਹਨ।
ਇਹ ਕਹਾਣੀ ਕੈਨੇਡਾ ਦੇ ਇੱਕ ਪਤਨੀ ਪੀੜਿਤ ਮਰਦ ਦੀ ਕਹਾਣੀ ਸੀ ਜਿਸ ਦੀ ਪਤਨੀ
ਨੂੰ ਪ੍ਰਫੈਕਸ਼ਨ ਦਾ ਅਜਿਹਾ ਰੋਗ ਹੈ ਕਿ ਉਹ ਸਭ ਦਾ ਜੀਣਾ, ਖਾਸ ਕਰਕੇ ਪਤੀ ਦਾ
ਜੀਣਾ ਦੁੱਭਰ ਕਰੀਂ ਰੱਖਦੀ ਹੈ। ਪਰ ਇਹ ਵੀ ਨਹੀਂ ਕਿ ਉਹ ਸਿਰਫ ਲੜਾਕੀ ਤੇ
ਸਨਕੀ ਔਰਤ ਹੀ ਹੈ, ਉਸ ਵਿੱਚ ਕੁੱਝ ਗੁਣ ਵੀ ਹਨ। ਇਹ ਗੱਲ ਮੁੱਖ ਪਾਤਰ ਨੂੰ
ਉਦੋਂ ਮਹਿਸੂਸ ਹੁੰਦੀ ਹੈ ਜਦੋਂ ਉਹ ਲੜ ਕੇ ਆਪਣੇ ਮਾਪਿਆਂ ਦੇ ਘਰ ਚਲੀ ਜਾਂਦੀ
ਅਤੇ ਘਰ ਵਿੱਚੋਂ ਰੌਣਕ ਹੀ ਗਾਇਬ ਹੋ ਜਾਂਦੀ ਹੈ। ਕੋਈ ਲੜ੍ਹਨ ਵਾਲਾ ਨਹੀਂ,
ਕੋਈ ਰੋਕਣ ਵਾਲਾ ਅਤੇ ਆਪਣਾ ਹੱਕ ਜਮਾਉਣ ਵਾਲਾ ਨਹੀ। ਘਰ ਵਿੱਚ ਸੁੰਨ ਸਰਾਂ
ਹੈ ਅਘੜ ਦੁੱਗੜ ਜਾਂ ਬੇਤਰਤੀਬੀ ਹੈ, ਜਿਸ ਤੋਂ ਇਹ ਪਾਤਰ ਉਕਤਾ ਜਾਂਦਾ ਹੈ ਤੇ
ਚਾਹੁੰਦਾ ਹੈ ਕਿ ਪਤਨੀ ਜਲਦੀ ਘਰ ਮੁੜ ਆਵੇ। ਦੋ ਭਾਡਿਆ ਦਾ ਖੜਕਣਾ ਹੀ ਉਸ
ਨੂੰ ਜੀਵਨ ਦਾ ਸੰਗੀਤ ਜਾਪਣ ਲੱਗਦਾ ਹੈ। ਇਹ ਅਜਿਹੀ ਕਹਾਣੀ ਸੀ ਜੋ ਮਰਦ ਮਨ
ਦੀ ਵੇਦਨਾ ਨੂੰ ਪੇਸ਼ ਕਰਦੀ ਹੋਈ ਇੱਕ ਖੂਬਸੂਰਤ ਕਹਾਣੀ ਵਜੋਂ ਸਲਾਹੀ ਗਈ।
ਮੀਟਿੰਗ ਦੀ ਅੰਤਿਮ ਕਹਾਣੀ ਚੰਡੀਗੜ੍ਹ ਪੰਜਾਬ ਤੋਂ ਪਹੁੰਚੇ ਮੁੱਖ ਮਹਿਮਾਨ
ਤੇ ਚਰਚਿਤ ਲੇਖਕ ਗੋਵਰਧਨ ਗੱਬੀ ਵਲੋਂ ਪੇਸ਼ ਕੀਤੀ ਗਈ ਜਿਸ ਦਾ ਸਿਰਲੇਖ ਸੀ
‘ਤਿੰਨ ਤੀਏ ਸੱਤ’ ਇਹ ਕਹਾਣੀ ਜੀਵਨ ਦੀ ਬੇਸੁਰਤਾ ਦਾ ਬਿਆਨ ਸੀ। ਇਸ ਵਿੱਚ
ਦੱਸਿਆ ਗਿਆ ਸੀ ਕਿ ਕਿਵੇਂ ਆਧੁਨਿਕ ਜੀਵਨ ਜਾਂਚ ਨੇ ਸਾਰਾ ਕੁੱਝ ਬਦਲ ਕੇ ਰੱਖ
ਦਿੱਤਾ ਹੈ ਜਾਂ ਕਿਵੇਂ ਇੱਕ ਮਨੁੱਖ ਮੰਡੀ ਦੀ ਵਸਤੂ ਅਤੇ ਸਿਸਟਮ ਦਾ ਟੂਲ ਬਣ
ਕੇ ਰਹਿ ਗਿਆ ਹੈ। ਕਿਵੇਂ ਬਿਜਲਈ ਉਪਕਰਨਾ ਨੇ ਰਿਸ਼ਤਿਆਂ ਨੂੰ ਨਿੱਘਲ ਲਿਆ ਹੈ
ਅਤੇ ਕਿਵੇਂ ਮਨੁੱਖ ਇਸ ਭੀੜ ਵਿੱਚ ਬਿਲਕੁੱਲ ਇਕੱਲਾ ਪੈ ਗਿਆ ਹੈ ਤੇ ਰਿਸ਼ਤੇ
ਮਰ ਰਹੇ ਹਨ। ਇਸ ਕਹਾਣੀ ਵਿੱਚ ਅਜੋਕੇ ਮਨੁੱਖ ਦੀ ਕਥਾ ਨੂੰ ਬਾਖੂਬੀ ਬਿਆਨਿਆ
ਗਿਆ ਸੀ। ਥਾਂ ਥਾਂ ਕਲਾਤਮਿਕ ਛੋਹਾਂ ਤੇ ਹਾਸਵਿਅੰਗ ਵੀ ਸੀ। ਸਭ ਨੇ ਇਸ
ਕਹਾਣੀ ਨੂੰ ਵੀ ਖੂਬ ਮਾਣਿਆ ਤੇ ਭਰਪੂਰ ਪ੍ਰਸੰਸ਼ਾ ਕੀਤੀ।
ਮੀਟਿੰਗ ਦੌਰਾਨ ਪੜ੍ਹੀਆਂ ਗਈਆਂ ਸੱਤ ਕਹਾਣੀਆਂ ਤੇ ਪੈਂਤੀ ਦੇ ਕਰੀਬ
ਇਕੱਤਰ ਹੋਏ ਲੇਖਕਾਂ ਨੇ ਖੂਬ ਵਿਚਾਰ ਚਰਚਾ ਕੀਤੀ। ਸੋਧਾਂ ਸੁਝਾਅ, ਅਲੋਚਨਾ
ਤੇ ਬਹਿਸ ਵੀ ਨਾਲੋ ਨਾਲ ਚੱਲਦੇ ਰਹੇ। ਹਰ ਲੇਖਕ ਨੂੰ ਆਪਣਾ ਪੱਖ ਪੇਸ਼ ਕਰਨ ਦਾ
ਮੌਕਾ ਦਿੱਤਾ ਜਾਂਦਾ ਰਿਹਾ। ਇਸ ਸਮਾਗਮ ਦਾ ਸਾਰਾ ਪ੍ਰਬੰਧ ਤੇ ਖਾਣ ਪੀਣ ਦਾ
ਇੰਤਜਾਮ ਕੁਲਜੀਤ ਮਾਨ, ਸਰਬਜੀਤ ਮਾਨ ਦੇ ਪਰਿਵਾਰ ਵਲੋਂ ਬੜੀ ਹੀ ਰੂਹ ਨਾਲ
ਕੀਤਾ ਗਿਆ। ਇਹ ਮਿਲਣੀ ਦੁਪਹਿਰੇ ਦੋ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ
ਚੱਲੀ ਅਤੇ ਯਾਦਗਾਰੀ ਹੋ ਨਿੱਬੜੀ। ਜਿਸ ਨੂੰ ਪੱਤਰਕਾਰ ਹਰਜੀਤ ਬਾਜਵਾ ਨੇ
ਆਪਣੇ ਕੈਮਰੇ ਅਤੇ ਕਲਮ ਨਾਲ ਬਾਖੂਬੀ ਸੰਭਾਲਿਆ।
ਜਿਨ੍ਹਾਂ ਸਖਸ਼ੀਅਤਾ ਨੇ ਇਸ ਮੌਕੇ ਤੇ ਹਾਜਰੀ ਭਰੀ, ਉਨ੍ਹਾਂ ਵਿੱਚ ਸਰਵ
ਸ੍ਰੀ ਸੁਰਜਨ ਜੀਰਵੀ, ਮਨਮੋਹਣ ਗੁਲਾਟੀ, ਬਰਜਿੰਦਰ ਗਲਾਟੀ, ਤ੍ਰਲੋਚਨ ਸਿੰਘ
ਔਜਲਾ, ਗੁਰਦਿਆਲ ਬੱਲ, ਰਾਜ ਕੌਸ਼ਲ, ਬਲਜੀਤ ਧਾਲੀਵਾਲ, ਬਲਰਾਜ ਚੀਮਾ, ਬਲਵੀਰ
ਸੰਘੇੜਾ, ਪ੍ਰਵੀਨ ਕੌਰ, ਪਰਮਜੀਤ ਦਿਓਲ, ਮਿਨੀ ਗਰੇਵਾਲ, ਸੁਰਜੀਤ ਕੌਰ,
ਗੋਵਰਧਨ ਗੱਬੀ, ਲਾਲ ਸਿੰਘ ਸੰਘੇੜਾ, ਅਜਾਇਬ ਟੱਲੇਵਾਲੀਆ, ਬਲਦੇਵ ਦੂਹੜੇ,
ਕੁਲਜੀਤ ਮਾਨ, ਮੇਜਹ ਮਾਂਗਟ, ਕਮਲਜੀਤ ਨੱਤ ਤੇ ਮਿਸਟਰ ਨੱਤ, ਜਤਿੰਦਰ
ਰੰਧਾਵਾ, ਅਰਵਿੰਦਰ ਕੌਰ, ਰਾਜਵੰਤ ਬਾਜਵਾ, ਸਰਬਜੀਤ ਮਾਨ, ਜੈਸੀ ਮਾਨ, ਅਨੂਪ
ਬਾਵਰਾ, ਤਲਤ ਜਾਹਰਾ ਦੇ ਨਾਂ ਵਰਨਿਣਯੋਗ ਹਨ। ਇਹ ਸਾਲ 2015 ਦੀ ਆਖਰੀ
ਮੀਟਿੰਗ ਸੀ।
ਹੁਣ ਸਾਲ 2016 ਜਨਵਰੀ ਮਹੀਨੇ ਦੀ ਪਹਿਲੀ ਮਿਲਣੀ ਡਾ: ਜਤਿੰਦਰ ਰੰਧਾਵਾ
ਦੇ ਘਰ ਹੋਣੀ ਨਿਸਚਿਤ ਹੋਈ ਹੈ। ਜਿੱਥੇ ਮਿਲਣ ਦੀ ਆਸ ਨਾਲ ਤੇ ਨਵੀਆਂ
ਕਹਾਣੀਆਂ ਦੀ ਉਡੀਕ ਵਿੱਚ, ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਇਹ ਤ੍ਰੈ ਮਾਸਿਕ
ਮਿਲਣੀ ਬੜੇ ਹੀ ਖੁਸ਼ਗਵਾਰ ਮਹੌਲ ਵਿੱਚ ਢੇਰ ਸਾਰੇ ਰੰਗ ਬਿਖੇਰਦੀ ਅਤੇ ਯਾਦਾਂ
ਛੱਡਦੀ ਸਮਾਪਤ ਹੋ ਗਈ।