ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ (ਪ੍ਰਗਤੀਸ਼ੀਲ ਸਭਿਆਚਾਰਕ ਸਭਾ),
ਕੈਲਗਰੀ ਵੱਲੋਂ ਜੈਨਸਸ ਸੈਂਟਰ ਵਿੱਚ ਇਕ ਵਿਚਾਰ-ਚਰਚਾ ਕਰਵਾਈ ਗਈ ਜਿਸ ਵਿਚ
ਮੁੱਖ ਬੁਲਾਰੇ ਸੁਰਜੀਤ ਸਿੰਘ ਡੋਡ ਨੇ ਪਦਾਰਥਵਾਦ ਅਤੇ ਅਧਿਆਤਮਵਾਦ ਸਬੰਧੀ
ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਭਾਵੇਂ ਇਹ ਦੋਵੇਂ ਫਲਸਫੇ ਕੁਦਰਤ ਦੇ
ਅਨੰਤ ਭੇਦਾਂ ਨੂੰ ਖੋਜਣ ਦੀ ਗੱਲ ਕਰਦੇ ਹਨ। ਪਰੰਤੂ ਇਹਨਾਂ ਦੀ ਖੋਜ ਦਾ ਢੰਗ
ਵੱਖਰਾ-ਵੱਖਰਾ ਹੈ। ਅਧਿਆਤਮਵਾਦ ਇਹਨਾਂ ਭੇਦਾਂ ਨੂੰ ਖੋਜਦਾ ਹੋਇਆ ਸਿਰਫ
ਵਿਸ਼ਵਾਸ਼ ਕਰਨ ਤੇ ਜ਼ੋਰ ਦਿੰਦਾ ਹੈ ਅਤੇ ਇਸੇ ਨਾਲ ਸਮਾਜ ਦੀ ਭਲਾਈ ਚਾਹੁੰਦਾ
ਹੈ। ਪਰੰਤੂ ਇਸ ਨਾਲ ਮਨੁੱਖ ਵਿਸ਼ਵਾਸ਼ ਅਤੇ ਅੰਧਵਿਸ਼ਵਾਸ਼ ਦੀ ਘੁੰਮਣਘੇਰੀ
ਵਿਚ ਫਸ ਕੇ ਵਿਕਾਸ ਵਿਚ ਪਿਛਾਂਹ ਰਹਿ ਜਾਂਦਾ ਹੈ। ਪਰੰਤੂ ਪਦਾਰਥਵਾਦ ਕੁਦਰਤ
ਦੇ ਭੇਦਾਂ ਨੂੰ ਤਰਕ ਦੇ ਅਧਾਰ ਤੇ ਪਰਖਦਾ ਹੋਇਆ ਹਰ ਘਟਨਾ ਦੇ ਕਾਰਨ ਨੂੰ
ਸਮਝਣ ਦਾ ਯਤਨ ਕਰਦਾ ਹੈ। ਸਮਾਜ ਦੇ ਆਤਮਿਕ ਵਿਸ਼ਵਾਸ਼ ਨੂੰ ਪੱਕਿਆ ਕਰਕੇ
ਸਮਾਜ ਦੀ ਤਰੱਕੀ ਲਈ ਸਹਾਈ ਹੁੰਦਾ ਹੈ। ਬੁਲਾਰੇ ਨੇ ਬਹੁਤ ਹੀ ਪ੍ਰਭਾਵਸ਼ਾਲੀ
ਢੰਗ ਨਾਲ ਸੰਖੇਪ ਸ਼ਬਦਾਂ ਵਿਚ ਆਪਣੀ ਗੱਲ ਸਰੋਤਿਆਂ ਨਾਲ ਸਾਂਝੀ ਕੀਤੀ।
ਕਮਲਪ੍ਰੀਤ ਕੌਰ ਪੰਧੇਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਵੱਲੋਂ ਸਮਾਜ ਨੂੰ ਸੈਂਕੜੇ ਸਾਲ ਪਿੱਛੇ ਲਿਜਾਣ ਦੀਆਂ ਗੱਲਾਂ ਨੂੰ ਹਾਸੋਹੀਣਾ
ਦੱਸਦੇ ਹੋਏ ਕਿਹਾ ਕਿ ਸਾਇੰਸ ਦੇ ਯੁੱਗ ਵਿਚ ਮਿਥਿਹਾਸਕ ਗੱਲਾਂ ਨਾਲ ਲੋਕਾਂ
ਨੂੰ ਭਰਮਾਇਆ ਨਹੀਂ ਜਾ ਸਕਦਾ। ਮੋਦੀ ਸਰਕਾਰ ਭਗਵਾਂਕਰਨ ਦੀਆਂ ਨੀਤੀਆਂ ਲਾਗੂ
ਕਰਕੇ ਸਮਾਜਕ ਤਨਾਅ ਵਾਲੇ ਹਲਾਤ ਪੈਦਾ ਕਰ ਰਹੀ ਹੈ ਜੋ ਭਾਰਤ ਦੀ ਆਮ ਲੋਕਾਈ
ਲਈ ਖਤਰਨਾਕ ਸਾਬਤ ਹੋਣਗੇ। ਘੱਟ ਗਿਣਤੀ ਫਿਰਕੇ ਅਸੁਰੱਖਿਅਤ ਮਹਿਸੂਸ ਕਰ ਰਹੇ
ਹਨ। ਯਾਦ ਰਹੇ ਕਿ ਗੋਧਰਾਂ ਕਾਂਡ ਤੋਂ ਬਾਅਦ ਮੁਸਲਮਾਨਾਂ ਦਾ ਕਤਲੇਆਮ ਨਰਿੰਦਰ
ਮੋਦੀ ਦੀ ਸਹਿ ਨਾਲ ਹੀ ਸ਼ਾਜਿਸ ਅਧੀਨ ਹੋਇਆ ਸੀ। ਬੁੱਕਰ ਇਨਾਮ
ਜੇਤੂ ਉੱਘੀ ਲੇਖਕਾ ਅਰਧੁੰਤੀ ਰਾਏ ਦੀ ਇੰਟਰਵਿਊ ਦੇ ਹਵਾਲੇ ਨਾਲ ਉਨ੍ਹਾਂ
ਕਿਹਾ ਕਿ ਆਰ.ਐਸ.ਐਸ. ਜੋ ਦੁਨੀਆਂ ਪੱਧਰ ਦੇ ਫਾਸਿ਼ਸਟ ਹਿਟਲਰ ਨੂੰ
ਆਪਣਾ ਹੀਰੋ ਮੰਨਦੀ ਹੈ। ਮੋਦੀ ਸਰਕਾਰ ਉਸ ਜੱਥੇਬੰਦੀ ਦੀਆਂ ਨੀਤੀਆਂ ਨੂੰ
ਲਾਗੂ ਕਰ ਰਹੀ ਹੈ।
ਵਿੱਤ ਸਕੱਤਰ ਜੀਤ ਇੰਦਰਪਾਲ ਜੋ ਪਰਵਾਰ ਸਮੇਤ ਹੁਣੇ-ਹੁਣੇ ਕਿਊਬਾ ਦੇ 10
ਦਿਨਾਂ ਦੌਰੇ ਤੋਂ ਆਏ ਸਨ ਨੇ ਪ੍ਰੋਜੈਕਟਰ ਰਾਹੀਂ ਕਿਊਬਾ ਬਾਰੇ ਜਾਣਕਾਰੀ
ਸਰੋਤਿਆਂ ਨੂੰ ਦਿਖਾਈ। ਉਹਨਾਂ ਅੰਕੜਿਆਂ ਰਾਹੀ ਦੱਸਿਆ ਕਿ ਪ੍ਰਦੂਸ਼ਨ ਰਹਿਤ
ਵਾਤਾਵਰਣ ਵਿਚ ਲੋਕ ਬੜੇ ਖੁਸ਼ਗਵਾਰ ਅਤੇ ਸੰਤੁਸ਼ਟ ਜੀਵਨ ਬਤੀਤ ਕਰ ਰਹੇ ਹਨ।
ਇਸੇ ਕਰਕੇ ਉਹਨਾ ਔਸਤਨ ਉਮਰ 78.22 ਸਾਲ ਹੈ। ਹਰ ਇਕ ਦੇ ਰਹਿਣ ਲਈ ਗੁਜ਼ਾਰੇ
ਜੋਗਾ ਖਾਣ-ਪੀਣ ਅਤੇ ਰੁਜ਼ਗਾਰ ਹੈ। ਪ੍ਰਧਾਨ ਸੋਹਣ ਮਾਨ ਨੇ ਕਿਹਾ ਕਿ ਕਿਊਬਾ
ਵਿਚ ਸਭ ਲਈ ਮੁਫਤ ਸਿਹਤ (ਹੈਲਥ) ਤੇ ਸਿਖਿਆ (ਐਜੂਕੇਸ਼ਨ)
ਹੈ। ਪ੍ਰਤੀ ਮਨੁੱਖ ਡਾਕਟਰੀ ਸਹੂਲਤਾਂ ਅਮਰੀਕਾ ਨਾਲੋਂ ਵੀ ਜਿ਼ਆਦਾ ਹਨ। ਫੀਦਲ
ਕਾਸਤਰੋ ਦੀ ਅਗਵਾਈ ਵਿਚ ਕਿਊਬਾ ਦੁਨੀਆਂ ਲਈ ਇਕ ਉਦਾਹਰਨ ਹੈ। ਭਾਵੇਂ ਅਮਰੀਕਨ
ਸਾਮਰਾਜ ਨੇ ਫੀਦਲ ਕਾਸਤਰੋਂ ਨੂੰ ਕਈ ਵਾਰ ਕਤਲ ਕਰਾਉਣ ਦੀਆਂ ਅਸਫਲ ਕੋਸਿ਼ਸਾਂ
ਕੀਤੀਆਂ ਪਰੰਤੂ ਕਿਊਬਾ ਨੇ ਕਦੀ ਵੀ ਅਮਰੀਕਾ ਦੀ ਈਨ ਨਹੀਂ ਮੰਨੀ। ਨਵੇਂ
ਸਮਝੌਤੇ ਦੇ ਰੰਗ ਭਾਵੇ ਅਮਲੀ ਰੂਪ ਵਿਚ ਦੇਖਣੇ ਹਨ ਪਰੰਤੂ ਕਿਊਬਾ ਦੇ ਲੋਕ
ਸਮਾਜਵਾਦ, ਫੀਦਲ ਕਾਸਤਰੋ ਅਤੇ ਚੀ ਗਵੇਰਾ ਨੂੰ ਹਮੇਸ਼ਾਂ ਯਾਦ ਰੱਖਣਗੇ।
ਮਨਜੀਤ ਸਿੰਘ ਗਿੱਲ ਨੇ ਸੰਸਾਰ ਆਰਥਿਕਤਾ ਦੀ ਡਾਵਾਂਡੋਲਤਾ ਬਾਰੇ ਗੱਲ
ਕਰਦਿਆਂ ਕਿਹਾ ਕਿ ਪੂੰਜੀਪਤੀ ਆਪਣੀ ਲੁੱਟ ਨੂੰ ਬਰਕਰਾਰ ਰੱਖਣ ਲਈ ਬੜੇ ਸ਼ਾਤਰ
ਅਤੇ ਸ਼ਾਜਿਸ ਭਰੇ ਰੂਪ ਵਿਚ ਵਿਚਰ ਰਿਹਾ ਹੈ। ਉਹਨਾਂ ਯੂਨਾਨ (ਗਰੀਸ) ਵਿਚ
ਖੱਬੇ-ਪੱਖੀਆਂ ਦੀ ਤਾਜ਼ਾਂ ਜਿੱਤ ਬਾਰੇ ਵੀ ਗੱਲ ਕੀਤੀ। ਇੰਮੀਗਰੈਟਸ
ਸੀਨੀਅਰਜ਼ ਦੇ ਪ੍ਰਧਾਨ ਪ੍ਰਸ਼ੋਤਮ ਭਾਰਦਵਾਜ ਨੇ ਵੀ ਵਿਚਾਰ ਚਰਚਾ ਵਿਚ ਭਾਗ
ਲਿਆ। ਅਜਾਇਬ ਸਿੰਘ ਸੇਖੋਂ, ਹਰਨੇਕ ਬੱਧਨੀ, ਅਵੀ ਜਸਵਾਲ ਅਤੇ ਨਵਕਿਰਨ
ਢੁੱਡੀਕੇ ਨੇ ਕਵਿਤਾਵਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ।
ਨਵਕਿਰਨ ਢੁੱਡੀਕੇ ਨੇ ਧਰਮ ਅਤੇ ਵਿਗਿਆਨ ਦਾ ਤੁਲਨਾਤਮਕ ਨਿਰਨਾ ਸਰੋਤਿਆਂ
ਸਾਹਮਣੇ ਰੱਖਿਆ। ਮੀਡੀਆ ਹਸਤੀ ਰਿਸ਼ੀ ਨਾਗਰ ਸਮੇਤ ਹਾਜ਼ਰ ਔਰਤਾਂ/ਮਰਦਾਂ ਦੇ
ਇਕੱਠ ਨੇ ਬੁਲਾਰਿਆਂ ਦੇ ਵਿਚਾਰ ਬੜੇ ਧਿਆਨ ਨਾਲ ਸੁਣੇ। ਮੰਚ ਸੰਚਾਲਨ ਕਰ ਰਹੇ
ਮਾ. ਭਜਨ ਸਿੰਘ ਨੇ ਦੱਸਿਆ ਕਿ ਬਲਜਿੰਦਰ ਸੰਘਾ ਨੇ ਪਰੈਸ ਅਤੇ ਮੀਡੀਆ ਦੀ
ਜਿੰਮੇਵਾਰੀ ਸੰਭਾਲ ਲਈ ਹੈ। ਇਸ ਤੇ ਅਸੀਂ ਤਸੱਲੀ ਅਤੇ ਖੁਸ਼ੀ ਪ੍ਰਗਟ ਕਰਦੇ
ਹਾਂ। ਸੂਝਵਾਨ ਅਤੇ ਸਿਖਿਅਤ ਨੌਜਵਾਨ ਸਾਥੀ ਦੇ ਜਥੇਬੰਦੀ ਵਿਚ ਆਉਣ ਤੇ ਮਾਣ
ਮਹਿਸੂਸ ਕਰਦੇ ਹਾਂ।
ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਦੱਸਿਆ ਕਿ ਸਿੱਖ
ਵਿਦਵਾਨਾਂ ਡਾ.ਦਵਿੰਦਰ ਸਿੰਘ ਚਾਹਲ ਅਤੇ ਹਰਦੇਵ ਸਿੰਘ ਸ਼ੇਰਗਿੱਲ ਦੇ ਲੈਕਚਰ
11 ਅਪ੍ਰੈਲ ਨੂੰ ਟੈਂਪਲ ਕਮਿਊਨਟੀ ਹਾਲ ਵਿਚ ਇੱਕ ਤੋਂ ਚਾਰ ਵਜੇ ਤੱਕ ਹੋਣਗੇ।
ਐਸੋ਼ਸੀਏਸਨ ਦੀ ਅਗਲੀ ਮੀਟਿੰਗ ਇਕ ਮਾਰਚ ਨੂੰ ਕੋਸੋ ਹਾਲ ਕੈਲਗਰੀ ਵਿਚ ਦੋ
ਤੋਂ ਪੰਜ ਵਜੇ ਤੱਕ ਹੋਵੇਗੀ ਜੋ ਅੰਤਰਰਾਸ਼ਰਟੀ ਔਰਤ ਦਿਵਸ ਅਤੇ 23 ਮਾਰਚ ਦੇ
ਮਹਾਨ ਸ਼ਹੀਦਾਂ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਹੋਵੇਗੀ। ਵਧੇਰੇ
ਜਾਣਕਾਰੀ ਲਈ ਜਨਰਲ ਸਕੱਤਰ ਮਾ.ਭਜਨ ਸਿੰਘ ਨਾਲ 403-455-4220 ਜਾਂ ਪਰੈਸ
ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।