ਸ਼ਰੀਫ ਅਕੈਡਮੀ (Intl.) ਕੈਨੇਡਾ, ਕੈਲਗਰੀ ਨੇ "ਸ਼ਰੀਫ ਅਕੈਡਮੀ" ਦੀ
6ਵੀਂ ਵਰ੍ਹੇਗੰਢ 29 ਮਾਰਚ, 2015 ਨੂੰ ਮਨਾਈ। ਇਹ ਪਹਿਲੀ ਵਾਰ ਹੈ ਕਿ
ਵਰ੍ਹੇਗੰਢ ਦਾ ਸਮਾਗਮ ਕੈਨੇਡਾ ਵਿਚ ਮਨਾਇਆ ਗਿਆ। ਇੱਕ ਬਹੁ-ਭਾਸ਼ੀ ਮੁਸ਼ਾਇਰਾ
ਇਸ ਸਮਾਗਮ ਦਾ ਬਹੁਤ ਪਸੰਦ-ਦੀਦਾ ਹਿੱਸਾ ਸਾਬਤ ਹੋਇਆ।
ਸ੍ਰੀਮਤੀ ਅਮਤੁਲ ਮਤੀਨ ਖ਼ਾਨ, ਡਾਇਰੈਕਟਰ ਅਲਬਰਟਾ ਵਲੋਂ ਮੇਹਮਾਨਾਂ ਦਾ
ਨਿੱਘਾ ਸੁਆਗਤ ਕੀਤਾ ਗਿਆ। ਮਿਸ ਰੱਖਸ਼ੀ ਅਹਿਮਦ, ਸਹਾਇਕ ਡਾਇਰੈਕਟਰ ਨੇ
ਕੈਲਗਰੀ ਸ਼ਾਖਾ ਦੀ ਕਾਰਗੁਜ਼ਾਰੀ ਦੀ ਰਿਪੋਰਟ ਸਾਂਝੀ ਕੀਤੀ। ਮਾਨਯੋਗ
ਕਾਂਊਸਲਰ ਏਨਡ੍ਰੇ ਸ਼ਬੌਟ ਨੇ ਅਪਣੀ ਮੌਜੂਦਗੀ ਨਾਲ ਇਸ ਸਮਾਗਮ ਦੀ ਰੌਣਕ ਵਧਾਈ
ਅਤੇ ਇੱਕ ਛੋਟੇ ਜਿਹੇ ਭਾਸ਼ਣ ਰਾਹੀਂ ਕੈਲਗਰੀ ਬਾਰੇ ਰੋਚਕ ਜਾਨਕਾਰੀ ਵੀ ਪੇਸ਼
ਕੀਤੀ। ਜਰਮਨੀ ਤੋਂ ਅਕੈਡਮੀ ਦੇ ਮੁੱਖ ਕਾਰਜਕਾਰੀ ਅਫ਼ਸਰ (ਸੀਈਓ) ਵਲੋਂ ਜਾਰੀ
ਕੀਤਾ ਗਿਆ ਮਾਨ-ਪਤਰ (ਸਰਟੀਫਿਕੇਟ ਔਫ ਆਨਰ) ਜੱਸ ਚਾਹਲ, ਡਾਇਰੈਕਟਰ ਮੀਡੀਆ
ਨੂੰ ਭੇਂਟ ਕੀਤਾ ਗਿਆ।
ਕੇਕ ਕੱਟਣ ਦੀ ਰਸਮ ਅਕੈਡਮੀ ਦੇ ਡਾਇਰੈਕਟਰਜ਼ ਅਤੇ ਸਦਰ-ਏ-ਮੁਸ਼ਾਇਰਾ ਜਨਾਬ
ਇਕਬਾਲ ਹੈਦਰ ਦੀ ਮੌਜੂਦਗੀ ਵਿੱਚ ਹਾਜ਼ਰੀਨ ਵਿੱਚੋਂ ਸਬਤੋਂ ਛੋਟੀ ਬੱਚੀ
ਦੁਆਰਾ ਕੀਤੀ ਗਈ। ਡਾ ਮਜ਼ਹਰ ਸਿੱਦੀਕੀ ਹੋਰਾਂ ਅਕੈਡਮੀ ਦੇ 6ਵੇਂ ਜਨਮ ਦਿਨ
'ਤੇ ਲਿਖੀ ਅਪਣੀ ਨਜ਼ਮ ਯਾਦਗਾਰ ਦੇ ਤੌਰ ਤੇ ਫਰੇਮ ‘ਚ ਜੜਾਕੇ ਸੀਈਓ ਸ਼ਫੀਕ
ਮੁਰਾਦ ਲਈ ਭੇਂਟ ਕੀਤੀ।
ਮੁਸ਼ਾਇਰਾ ਜਨਾਬ ਇਕਬਾਲ ਹੈਦਰ, ਜੋ ਕਿ ਕੈਲਗਰੀ ਦੇ ਉੱਘੇ ਸ਼ਾਇਰ ਹਨ, ਦੀ
ਪ੍ਰਧਾਨਗੀ ਹੇਠ ਕੀਤਾ ਗਿਆ। ਸ੍ਰੀਮਤੀ ਸ਼ਾਇਸਤਾ ਰਿਜ਼ਵੀ ਨੇ ਮੁਸ਼ਾਇਰੇ ਦਾ
ਮੰਚ-ਸੰਚਾਲਨ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤਾ। ਹਾਜ਼ਿਰ ਮੇਹਮਾਨਾਂ ਨੇ
ਸ਼ਾਇਰਾਂ/ਕਵੀਆਂ ਅਤੇ ਉਹਨਾਂ ਦੇ ਕਲਾਮ ‘ਤੇ ਪੇਸ਼ਕਾਰੀ ਦੀ ਦਿਲ ਖੋਲ ਕੇ
ਤਾਰੀਫ਼ ਕੀਤੀ ਅਤੇ ਮੁਸ਼ਾਇਰੇ ਦਾ ਪੂਰਾ ਅਨੰਦ ਮਾਣਿਆ। ਇਸ ਸ਼ਾਮ ਨੂੰ ਰੰਗੀਨ
ਬਨਾਉਣ ਵਾਲੇ ਖ਼ਾਸ ਸ਼ਾਇਰ ਸਨ - ਇਕਤਿੱਦਾਰ ਅਵਾਨ, ਸ੍ਰੀਮਤੀ ਸੁਰਿੰਦਰ ਗੀਤ,
ਜਾਵਿਦ ਨਿਜ਼ਾਮੀ, ਸ਼ਾਹਿਦ ਪ੍ਰਵੇਜ਼, ਇਕਰਮ ਪਾਸ਼ਾ, ਸ੍ਰੀਮਤੀ ਅਮਤੁਲ ਮਤੀਨ
ਖ਼ਾਨ, ਜੱਸ ਚਾਹਲ, ਮੋਹਸਿਨ ਇਕਬਾਲ ਕਾਜ਼ਮੀ, ਵਲੀ ਜ਼ੈਦੀ, ਡਾ ਮਜ਼ਹਰ
ਸਿੱਦੀਕੀ, ਅਸ਼ਰਫ ਖਾਨ ਅਤੇ ਇਕਬਾਲ ਹੈਦਰ।
ਇਕ ਵਿਸ਼ੇਸ਼ ਧੰਨਵਾਦ ਜਾਂਦਾ ਹੈ ਹਾਜ਼ਰ ਸ਼ਾਇਰਾਂ ਨੂੰ ਜਿਹਨਾਂ ਕਰਕੇ ਇਹ
ਸ਼ਾਮ ਇਕ ਯਾਦਗਾਰ ਸ਼ਾਮ ਹੋ ਨਿਬੜੀ। ਹਾਜ਼ਰੀਨ ਨੇ ਡਾ: ਮਨਮੋਹਨ ਬਾਠ ਦੀ ਗਾਈ
ਇੱਕ ਗ਼ਜ਼ਲ ਦਾ ਭੀ ਅਨੰਦ ਮਾਣਿਆ।
ਇੱਕ ਸੁਆਦੀ ਡਿਨਰ ਅਤੇ ਕੇਕ ਦਾ ਪ੍ਰਬੰਧ ਕਰਨ ਲਈ ਸ੍ਰੀ ਅਲੀ ਰਾਜਪੂਤ ਅਤੇ
ਸ੍ਰੀ ਨਈਮ ਖ਼ਾਨ ਨੂੰ ਭੀ ਸ਼ੁਕਰੀਆ ਕਹਿਣਾ ਤਾਂ ਬਣਦਾ ਹੀ ਹੈ।