ਫ਼ਿੰਨਲੈਂਡ 21 ਜਨਵਰੀ - ਬੀਤੇ ਐਤਵਾਰ
ਵਾਨਤਾ ਦੇ ਤਿੱਕੂਰੀਲਾ ਵਿੱਚ ਪੰਜਾਬ ਕਲਚਰਲ ਸੋਸਾਇਟੀ ਵਲੋਂ ਲੋਹੜੀ ਦਾ
ਤਿਉਹਾਰ ਮਨਾਇਆ ਗਿਆ ਜਿਸ ਵਿੱਚ ਭਾਰਤੀ ਸਫਾਰਤਖਾਨੇ ਦੇ ਰਾਜਦੂਤ ਸ਼੍ਰੀ ਅਸ਼ੋਕ
ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਓਨ੍ਹਾਂ ਦੇ ਨਾਲ
ਸ਼੍ਰੀਮਤੀ ਰੀਨਾ ਸ਼ਰਮਾ, ਸ਼੍ਰੀ ਸੁਨੀਲ ਬਵੇਜਾ ਅਤੇ ਸ਼੍ਰੀਮਤੀ ਹਰਸ਼ ਬਵੇਜਾ ਵੀ
ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਦੇ ਨਾਲ ਕੀਤੀ ਗਈ।
ਇਸਤੋਂ ਬਾਅਦ ਫ਼ਿੰਨਲੈਂਡ ਦੇ ਮਸ਼ਹੂਰ ਸ਼ਾਵਾ ਬੈਂਡ ਨੇ ਪੰਜਾਬੀ ਗੀਤ ਗਾਏ
ਜਿਸ ਵਿੱਚ ਗੁੱੜ ਨਾਲੋਂ ਇਸ਼ਕ ਮਿੱਠਾ ਅਤੇ ਯਾਰਾ ਦਾ ਟਰੱਕ ਬੱਲੀਏ ਨੇ ਖ਼ੂਬ
ਰੰਗ ਬੰਨਿਆ। ਹਮੇਸ਼ਾ ਦੀ ਤਰਾਂ ਬੱਚਿਆਂ ਨੇ ਇਸ ਵਾਰ ਵੀ ਆਪਣੀ ਪ੍ਰਤਿਭਾ ਨਾਲ
ਲੋਕਾਂ ਨੂੰ ਹੈਰਾਨ ਕਰ ਦਿੱਤਾ ਜਿਥੇ ਇੱਕ ਪਾਸੇ ਭੰਗੜੇ ਵਿੱਚ ਸੋਹਣੇ ਜਿਹੇ
ਗੱਭਰੂ ਛਾਏ ਰਹੇ ਤੇ ਦੂਸਰੇ ਪਾਸੇ ਹਰਨੂਰ ਕੌਰ ਨੇ ਆਪਣੇ ਡਾਂਸ ਨਾਲ ਆਏ ਹੋਏ
ਮਹਿਮਾਨਾਂ ਨੂੰ ਕੀਲਿਆ ਤੇ ਸਾਨੀਆਂ ਨੇ ਤਾਂ ਇਕੋ ਸਾਹ ਵਿੱਚ ਪਤਾ ਨਹੀਂ
ਕਿੰਨੀਆਂ ਹੀ ਬੋਲੀਆਂ ਪਾ ਦਿੱਤੀਆਂ। ਬੱਚਿਆਂ ਨੇ ''ਸੁੰਦਰ ਮੁੰਦਰੀਏ ਹੋ''
ਦਾ ਗੀਤ ਗਾਕੇ ਲੋਹੜੀ ਮੰਗੀ ਤੇ ਫੇਰ ਆਈ ਮੁਟਿਆਰਾਂ ਦੀ ਵਾਰੀ ਜਿਨ੍ਹਾਂ ਨੇ
ਧੀਆਂ ਪੰਜਾਬ ਦੀਆਂ ਦੇ ਬਾਰੇ ਇੱਕ ਅਜਿਹਾ ਦ੍ਰਿਸ਼ ਪੇਸ਼ ਕੀਤਾ ਕਿ ਮਹੌਲ ਇੱਕ
ਵਾਰ ਸੰਜ਼ੀਦਾ ਹੋ ਗਿਆ ਤੇ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕੀ
ਧੀਆਂ ਮੁੰਡਿਆਂ ਨਾਲੋ ਕਿਸੇ ਵੀ ਪਖੋਂ ਘੱਟ ਨਹੀਂ ਹਨ। ਫ਼ੇਰ ਵਾਰੀ ਆਈ ਗਿੱਧੇ
ਅਤੇ ਭੰਗੜੇ ਦੀ ਵਾਰੀ, ਪੰਜਾਬ ਦੀਆਂ ਮੁਟਿਆਰਾਂ ਤੇ ਗੱਭਰੂਆਂ ਨੇ ਗਿੱਧੇ ਤੇ
ਭੰਗੜੇ ਨਾਲ ਸਟੇਜ਼ ਤੇ ਧੂੜਾਂ ਪੱਟ ਦਿੱਤੀਆਂ ਤੇ ਮਹਿਮਾਨਾਂ ਵਿਚੋਂ ਕੋਈ
ਵਿਰਲਾ ਹੀ ਹੋਊ ਜਿਸਨੇ ਢੋਲ ਦੀ ਤਾਲ ਤੇ ਪੱਬ ਨਾ ਚੱਕਿਆ ਹੋਵੇ।
ਮੁੱਖ ਮਹਿਮਾਨ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਅਤੇ ਸ਼੍ਰੀ ਸੁਨੀਲ ਬਵੇਜ਼ਾ ਨੇ ਵੀ
ਢੋਲ ਦੇ ਡਗੇ ਨਾਲ ਭੰਗੜਾ ਪਾਇਆ। ਅਖੀਰ ਵਿੱਚ ਪੰਜਾਬ ਕਲਚਰਲ ਸੋਸਾਇਟੀ ਦੇ
ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ, ਸ੍ਰ. ਰਣਜੀਤ
ਸਿੰਘ ਗਿੱਲ, ਸ੍ਰ. ਭੁਪਿੰਦਰ ਸਿੰਘ ਬਰਾੜ, ਸ੍ਰ. ਅਮਰਦੀਪ ਸਿੰਘ ਬਾਸੀ ਅਤੇ
ਸ਼੍ਰੀ ਮਾਨਵ ਫੁੱਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ
ਪੀ.ਸੀ.ਐਸ. ਇਹ ਕਲਚਰਲ ਪ੍ਰੋਗਰਾਮ ਸਾਰਿਆਂ ਦੇ ਸਾਂਝੇ ਉੱਦਮ ਨਾਲ ਹੀ
ਕਰਵਾਉਂਦੀ ਹੈ ਅਤੇ ਸਾਰੇ ਭਾਈਚਾਰੇ ਦੇ ਪਿਆਰ ਮਿਲਵਰਤਣ ਸਦਕਾ ਹੀ ਇਹ
ਪ੍ਰੋਗਰਾਮ ਸਫ਼ਲ ਹੁੰਦੇ ਹਨ।