ਇਟਲੀ - ਸਾਹਿਤ ਸੁਰ ਸੰਗਮ ਸਭਾ ਇਟਲੀ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਸਦਾ
ਵਚਨਬੱਧ ਹੈ ਜਿਸ ਲਈ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਮੇਂ ਸਮੇਂ ‘ਤੇ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਜਿਹਨਾਂ
ਵਿੱਚ ਇਟਲੀ ਭਰ ਦੇ ਲੇਖਕਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨਾ, ਕਵੀ ਦਰਬਾਰਾਂ
ਦਾ ਆਯੋਜਨ ਕਰਨਾ, ਨਵੀਆਂ ਛਪ ਰਹੀਆਂ ਸਾਹਿਤਕ ਕਿਤਾਬਾਂ ਨੂੰ ਪਾਠਕਾਂ ਦੇ
ਰੂਬਰੂ ਕਰਨਾ ਅਤੇ ਲੋਕ ਅਰਪਣ ਕਰਨਾ, ਪੰਜਾਬੀ ਗਾਇਕੀ ਵਿੱਚ ਵੱਧ ਤੋਂ ਵੱਧ
ਚੰਗੇ ਗੀਤਾਂ ਦਾ ਪ੍ਰਸਾਰ ਕਰਨਾ, ਵਧੀਆ ਤੇ ਉਸਾਰੂ ਸੋਚ ਵਾਲੇ ਗੀਤਕਾਰਾਂ,
ਗਾਇਕਾਂ, ਲੇਖਕਾਂ, ਕਵੀਆਂ ਅਤੇ ਪਾਠਕ ਤੇ ਸਰੋਤਾ ਵਰਗ ਨੂੰ ਉਤਸ਼ਾਹਿਤ ਕਰਨਾ
ਆਦਿ ਕਾਰਜ ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਮੁੱਖ ਏਜੰਡਾ ਹਨ।
ਇਸ ਰਸਤੇ ਉੱਪਰ ਚੱਲਦੇ ਹੋਏ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸ਼ਾਇਰ
ਤੇ ਗੀਤਕਾਰ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ
ਅਰਪਣ ਕੀਤਾ ਗਿਆ। ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਿੰਦਰ
ਕੋਲੀਆਂਵਾਲ ਦੀ ਕਿਤਾਬ ਨੂੰ ਲੋਕ ਅਰਪਣ ਕਰਦੇ ਸਮੇਂ ਸਾਹਿਤ ਸੁਰ ਸੰਗਮ ਸਭਾ
ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ “ਸੋਚ ਮੇਰੀ” ਕਾਵਿ ਸੰਗ੍ਰਹਿ
ਬਿੰਦਰ ਕੋਲੀਆਂਵਾਲ ਦੀ ਸੋਚ ਨੂੰ ਪੇਸ਼ ਕਰਦਾ ਹੈ ਜਿਸ ਵਿੱਚ ਬਿੰਦਰ
ਕੋਲੀਆਂਵਾਲ ਨੇ ਆਪਣੇ ਅੰਦਰਲੇ ਇਨਸਾਨ ਦੇ ਹਾਵ ਭਾਵ ਪ੍ਰਗਟ ਕੀਤੇ ਹਨ।
ਇਸ ਸਮੇਂ ਹਾਜ਼ਰ ਦਿਲਬਾਗ ਖਹਿਰਾ ਨੇ ਕਿਹਾ ਕਿ ਬਿੰਦਰ ਕੋਲੀਆਂਵਾਲ ਦੀ
ਸ਼ਾਇਰੀ ਸਮਾਜ ਨੂੰ ਸੇਧ ਦੇਣ ਵਾਲੀ ਸ਼ਾਇਰੀ ਹੈ। ਜਿਸ ਤੋਂ ਬਹੁਤ ਕੁਝ ਸਿੱਖਣ
ਨੂੰ ਮਿਲਦਾ ਹੈ। ਇਸ ਸਮੇਂ ਗਾਇਕ ਅਮਨ ਸੋਹੀ, ਸੰਦੀਪ ਸਿੰਘ ਬੱਲ, ਰਣਜੀਤ
ਸਿੰਘ ਅਤੇ ਬਿੰਦਰ ਰੋਪੜ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏ।