21 ਜੂਨ ਦਿਨ ਐਤਵਾਰ ਨੂੰ ਪ੍ਰਗਤੀਸ਼ੀਲ ਲਿਖਾਰੀ ਸਭਾ, ਗ. ਬ. ਅਤੇ ਭਾਰਤੀ
ਮਜ਼ਦੂਰ ਸਭਾ ਗ.ਬ. ਵਲੋਂ ਦਲਵੀਰ ਕੌਰ ਦੇ ਕਾਵਿ ਸੰਗ੍ਰਹਿ ‘ਹਾਸਿਲ’ ਤੇ ਕਾਵਿ
ਚਰਚਾ ‘ਬਰਟਵੀਲੀਅਮ ਲੈਯਰ ਸੈਂਟਰ ਬਿਲਸਟਨ’ ਵਿਖੇ ਕਰਵਾਈ ਗਈ।
ਸਭਾ ਦੇ ਪ੍ਰਧਾਨ ਦਿਆਲ ਬਾਗੜੀ ਜੀ ਨੇ ਇੰਗਲੈਂਡ ਭਰ ਤੋਂ ਪਹੁੰਚੇ ਲੇਖਕਾਂ
ਤੇ ਖਾਸ ਤੌਰ ਤੇ ਭਾਰਤ ਤੋਂ ਆਏ ਡਾਕਟਰ ਸੁਖਦੇਵ ਸਿੰਘ ਸਿਰਸਾ ( ਇੰਨਚਾਰਜ
ਪੰਜਾਬੀ ਵਿਭਾਗ, ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ, ਅਤੇ ਪ੍ਰਧਾਨ ਪੰਜਾਬੀ
ਸਾਹਿਤ ਅਕੈਡਮੀ ਲੁਧਿਆਣਾ) ਜੀ ਦਾ ਧੰਨਵਾਦ ਕੀਤਾ ਅਤੇ ਸ੍ਰੀ ਅਵਤਾਰ ਸਾਦਿਕ
ਤੇ ਮਿਸਿਜ਼ ਦਲਵੀਰ ਕੌਰ ਨੂੰ ਪੈਨਲ ਵਿੱਚ ਬੈਠਣ ਦਾ ਸੱਦਾ ਦਿੱਤਾ ਅਤੇ ਭਾਰਤੀ
ਮਜ਼ਦੂਰ ਸਭਾ ਜੋ 1938 ਵਿੱਚ ਸਥਾਪਤ ਹੋਈ ਦੇ ਇਤਿਹਾਸ ਬਾਰੇ ਸਰੋਤਿਆਂ ਨਾਲ
ਜਾਣਕਾਰੀ ਸਾਂਝੀ ਕੀਤੀ। ਉਪਰੰਤ ਡਾਕਟਰ ਜਗਜੀਤ ਸਿੰਘ ਟੌਂਕ (MBE.
DL) ਅਤੇ ਸ਼੍ਰੀ ਮਤੀ ਸਤਿੰਦਰ ਕੌਰ ਟੌਂਕ(OBE.
DL
) ਅਤੇ ਸਭਾ ਦੇ ਮੁੱਖ ਮੈਂਬਰਾਂ ਵਲੋਂ ਡਾਕਟਰ ਸਿਰਸਾ ਦਾ ਫੁੱਲਾਂ ਦੇ
ਗੁਲਦਸਤੇ ਨਾਲ ਸੁਆਗਤ ਕੀਤਾ ਗਿਆ।
ਭਾਰਤੀ ਮਜ਼ਦੂਰ ਸਭਾ ਅਤੇ ਪ੍ਰ. ਲਿ. ਸ. ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ
ਸਦਿਕ ਨੇ ਲਿਖਾਰੀ ਸਭਾ ਦੀ ਸਥਾਪਨਾਂ ਤੇ ਹੁਣ ਤੱਕ ਦੇ ਇਤਿਹਾਸ ਤੇ ਚਾਨਣਾਂ
ਪਾਂਦਿਆਂ ਦੱਸਿਆ ਕਿ ਭਾਰਤੀ ਮਜ਼ਦੂਰ ਸਭਾ ਦੇ ਸੰਘਰਸ਼ ਵਿਚੋਂ ਹੀ ਇਹ ਸਭਾ 1969
ਵਿੱਚ ਨੈਸ਼ਨਲੀ ਸਥਾਪਤ ਕੀਤੀ ਗਈ ਤੇ ਇਸ ਸਭਾ ਨੇ ਸੰਗੀਤਕਾਰ/ਗੀਤਕਾਰ/ਲੇਖਕ
/ਉਘੇ ਕਵੀ ਹੀ ਨਹੀਂ ਪੈਦਾ ਕੀਤੇ ਸਗੋਂ ਉਨਾਂ ਦੀ ਰਹਿਨੁਮਾਈ ਵੀ ਕੀਤੀ। ਅੱਗੇ
ਅਵਤਾਰ ਸਾਦਿਕ ਨੇ ਅਖਿਆ ਕਿ ਸਾਨੂੰ ਏਸ ਗੱਲ ਦੀ ਅਤੀ ਖੁਸ਼ੀ ਹੈ ਕਿ ਸਾਡੀ ਸਭਾ
ਦਲਵੀਰ ਕੌਰ ਦਾ ਤੀਜਾ ਕਾਵਿ ਸੰਗ੍ਰਹਿ ‘ਹਾਸਿਲ’ ਉਤੇ ਕਾਵਿ ਗੋਸ਼ਟੀ ਦਾ
ਪ੍ਰਬੰਧ ਕਰ ਸਕੀ।
ਪ੍ਰੋਗਰਾਮ ਦੀ ਸ਼ੁਰੂਆਤ ਮਰਹੂਮ ਨਿਰੰਜਨ ਸਿੰਘ ਨੂਰ ਦੀ ਗਜ਼ਲ ‘ ਦੀਵਾਂ ਬਾਲ
ਕੇ ਰੱਖੀਂ’ ਦਾ ਗਾਇਨ ਡਾਕਟਰ ਦਵਿੰਦਰ ਕੌਰ ਜੀ ਦੁਆਰਾ ਕੀਤਾ ਗਿਆ।
ਉਪਰੰਤ ਡਾਕਟਰ ਸੁਖਦੇਵ ਸਿਰਸਾ ਨੇ ਕੌਮਨਿਸਟ ਲਹਿਰ ਦੇ ਸਿਖਰਲੇ ਨੇਤਾ
ਕਾਮਰੇਡ ਜਗਜੀਤ ਸਿੰਘ ਅਨੰਦ ਦੇ ਸਮੁੱਚੇ ਜੀਵਨ ਤੇ ਚਾਨਣਾਂ ਪਾਇਆ ਤੇ ਉਨਾਂ
ਦੀ ਮੌਤ ਬਾਰੇ ਸਭਾ ਵਲੋਂ ਸ਼ੋਕ ਮਤਾ ਪਾਸ ਕੀਤਾ ਗਿਆ। ਕਾਮਰੇਡ ਜਗਜੀਤ ਸਿੰਘ
ਅਨੰਦ ਦੀ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਵਿਦਿਆਰਥੀ ਲਹਿਰ, ਅਮਨ ਲਹਿਰ
ਅਤੇ ਕੌਮਨਿਸਟ ਲਹਿਰ ਪ੍ਰਤੀ ਅਦੁਤੀ ਯੋਗਦਾਨ ਦਾ ਜ਼ਿਕਰ ਕਰਦਿਆਂ ਡਾ: ਸੁਖਦੇਵ
ਸਿੰਘ ਸਿਰਸਾ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਕਾਮਰੇਡ ਅਨੰਦ ਦੇ
ਤੁਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨਾਂ ਕਿਹਾ ਕਿ ਭਾਵੇਂ
ਜਗਜੀਤ ਸਿੰਘ ਅਨੰਦ ਦੀ ਕਰਮਭੂਮੀ ਸਰਗਰਮ ਰਾਜਨੀਤੀ ਸੀ ਪਰ ਉਨਾਂ ਪੰਜਾਬੀ
ਵਾਰਤਕ ਦਾ ਨਵਾਂ ਠੁੱਕ ਬੰਨਿਆ ਤੇ ਪੰਜਾਬੀ ਪਤ੍ਰਕਾਰੀ ਅਤੇ ਅਨੁਵਾਦ ਦੇ ਖੇਤਰ
‘ਚ ਉਨਾਂ ਦਾ ਕੋਈ ਸਾਨੀ ਨਹੀਂ।
ਦਲਵੀਰ ਕੌਰ ਦੇ ਨਵੇਂ ਕਾਵਿ ਸੰਗ੍ਰਹਿ ‘ਹਾਸਿਲ’ ਤੇ ਵਿਸਥਾਰਿਤ ਪਰਚਾ ਪੇਸ਼
ਕਰਦਿਆਂ ਡਾ: ਸੁਖਦੇਵ ਸਿਰਸਾ ਨੇ ਕਿਹਾ ਕਿ ਭਾਵੇਂ ਲੇਖਿਕਾ ਪੰਜਾਬੀ ਦੀ ਨਾਰੀ
ਕਵਿਤਾ ਤੇ ਪ੍ਰਵਾਸੀ ਕਵਿਤਾ ਵਿੱਚ ਨਵੇਂ ਆਯਾਮ ਜੋੜਦੀ ਹੈ ਪਰ ਉਸਦੀ ਕਵਿਤਾ
ਨੂੰ ਨਾਰੀ ਕਾਵਿ, ਪ੍ਰਵਾਸੀ ਕਾਵਿ, ਪੰਜਾਬੀ ਪਰਵਾਸੀ ਨਾਰੀ ਕਾਵਿ ਵਿੱਚ ਨਹੀ
ਬੰਨਿਆ ਜਾ ਸਕਦਾ। ਦਲਵੀਰ ਕੌਰ ਦੀ ਕਵਿਤਾ ਦੇ ਕੇਂਦਰੀ ਬਿੰਬ ਸ਼ੀਸ਼ੇ ਤੋਂ ਪਾਰ
ਝਾਕਦੇ ਜਾਂ ਅਣਦੱਸੇ ਰਾਹਾਂ ਦੀ ਤਲਾਸ਼ ਵਿੱਚ ਤੁਰਦੇ ਵਿਅਕਤੀ ਦੇ ਹਨ।ਦਲਵੀਰ
ਕੌਰ ਵਿਅਕਤੀਆਂ, ਵਸਤਾਂ ਤੇ ਵਰਤਾਰਿਆਂ ਨੂੰ ਨਵੀਂ ਦ੍ਰਿਸ਼ਟੀ ਨਾਲ ਦੇਖਣ ਦੀ
ਸੋਝੀ ਦੇਂਦੀ ਹੈ। ਉਸਨੇ ਪੰਜਾਬੀ ਕਵਿਤਾ ਦੇ ਵਸਤੂ ਨਜ਼ਰੀਏ ਤੇ ਸ਼ਿਲਪ ਵਿੱਚ
ਅਸਲੋਂ ਮੌਲਿਕ ਵਾਧਾ ਕੀਤਾ ਹੈ ਤੇ ਉਸਦੀ ਕਵਿਤਾ ਬਹੁ ਤਰਫਾ ਸੰਵਾਦ ਹੈ। ਉਹ
ਆਪਣੀਆਂ ਪੁਰਬਲੀਆਂ ਧਾਰਨਾਵਾਂ ਨੂੰ ਵੀ ਵੰਗਾਰਦੀ ਹੈ। ਦਲਵੀਰ ਦੀ ਕਵਿਤਾ
ਪਿਤ੍ਰਕੀ –ਸਤਾ ਸਿਆਸਤ ਤੇ ਨਵ ਪੂੰਜੀਵਾਦ ਦੀ ਬਜ਼ਾਰ ਅਤੇ ਉਪਭੋਗਤਾ
ਸੰਸਕ੍ਰਿਤੀ ਦੇ ਸਾਹਮਣੇ ਪ੍ਰਸ਼ਨ ਚਿੰਨ ਲਾਉਂਦੀ ਹੈ।ਉਸਦੀ ਕਵਿਤਾ ਨਾਰੀ ਦੇ
ਰੁਦਨ ਦੀ ਕਵਿਤਾ ਨਹੀ ਸਗੋਂ ਚਿੰਤਨੀ ਭਾਸ਼ਾ ਵਿੱਚ ਆਧੁਨਿਕ ਮਨੁੱਖ ਦੀ ਮੁੱਕਤੀ
ਦਾ ਸੁਪਨਾਂ ਸਿਰਜਦੀ ਹੈ। ਦਲਵੀਰ ਦੀ ਕਵਿਤਾ ਵਸਤਾਂ, ਬਾਜ਼ਾਰ ਅਤੇ ਪੂੰਜੀ ਦੇ
ਸੰਮੋਹਨ ਵਿੱਚ ਚਕਾਚੌਂਧ ਹੋਏ ਆਧਨੁੱਕ ਮਨੁੱਖ ਦੇ ਅੰਤਰ ਦਵੰਧਾ ਉੱਪਰ ਕਟਾਕਸ਼
ਕਰਦੀ ਹੈ।
ਪਰਚੇ ਸੰਬੰਧੀ ਹਾਜ਼ਿਰ ਲੇਖਿਕਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਸਿਧ ਨਾਵਲਕਾਰ ਤੇ ਵਿਜ਼ਟਿੰਗ ਪ੍ਰੋਫੈਸਰ ਦਰਸ਼ਨ ਧੀਰ ਨੇ ਕਿਹਾ ਕਿ ਦਲਵੀਰ
ਦੀ ਕਵਿਤਾ ਪਾਠਕ ਨੂੰ ਬੌਧਿਕ ਸੰਤੁਸ਼ਟੀ ਪ੍ਰਦਾਨ ਕਰਦੀ ਹੈ ਤੇ ਦਲਵੀਰ ਕੌਰ ਦੀ
ਕਵਿਤਾ ਵਿੱਚ ਵਿਕਾਸ ਧਿਆਨ ਦੇਣ ਯੋਗ ਹੈ । ਡਾਕਟਰ ਦਵਿੰਦਰ ਕੌਰ ਨੇ ਸਮੁੱਚੀ
ਨਵੀਂ ਕਵਿਤਾ ਵਿੱਚ ਆ ਰਹੀ ਸੰਚਾਰ ਸਮੱਸਿਆ ਪ੍ਰਤੀ ਚਿੰਤਾ ਜ਼ਾਹਿਰ ਕੀਤੀ।
ਅਵਤਾਰ ਸਾਦਿਕ ਜੀ ਨੇ ਕਿਹਾ ਕਿ ‘ਹਾਸਿਲ’ ਕਾਵਿ ਸੰਗ੍ਰਹਿ ਦੀ ਸਭ ਤੋਂ
ਵਧੀਆ ਕਵਿਤਾ ‘ਆਜ਼ਾਦੀ?’ ਹੈ ਤੇ ‘ਹੋਸ਼’ ਨਾਮੀ ਕਵਿਤਾ ਦੀਆਂ ਸਤਰਾਂ
“ ਚਿੜੀਆਂ ਕਦ ਤੱਕ ਹੋਣਗੀਆਂ
ਬਾਜਾਂ ਦਾ ਖਾਜ
ਖਾਣਗੀਆਂ
ਚੁੰਜਾਂ ਪਹੰਚਿਆਂ ਦੀ ਮਾਰ!
ਪਰਚਮ ਹੁਣ ਕਿਸੇ ਹੱਥ ਵੀ ਹੋ ਸਕਦੈ”
ਪੜਦਿਆਂ ਕਿਹਾ ਕਿ ਇਸ ਕਵਿਤਾ ਵਿੱਚ ਦਲਵੀਰ ਕੌਰ ਨੇ ਪਰਚਮ ਦੀ ਤਲਾਸ਼
ਵਿਚਲੇ ਦਵੰਦ ਨੂੰ ਬੜੇ ਚੰਗੇ ਨਜ਼ਰੀਏ ਨਾਲ ਦ੍ਰਿਸ਼ਟੀਮਾਨ ਕੀਤਾ ਹੈ। ਅੱਗੇ
ਅਵਤਾਰ ਸਾਦਿਕ ਨੇ ਕਿਹਾ ਕਿ ਆਉਣ ਵਾਲਾ ਜੋ ਸਮਾਂ ਹੈ ਉਸਦੀ ਅਗਵਾਈ ਮਜ਼ਦੂਰ
ਵਰਗ ਕਰੇਗਾ ਭਾਵ ਪਰਚਮ ਲੁੱਟੇ ਜਾਂਦੇ, ਨਿਆਸਰੇ, ਲਿਤਾੜੇ ਜਾਂਦੇ
ਲੋਗਾਂ ਦੇ ਹੱਥ ਵਿੱਚ ਹੋਵੇਗਾ।
ਇੰਗਲੈਂਡ ਚ ਵਸਦੇ ਪ੍ਰਸਿੱਧ ਕਵੀ ਦਰਸ਼ਨ ਬੁਲੰਦਵੀ ਜੀ ਨੇ ਆਪਣੀ ਕਾਵਿ
ਰਚਨਾਂ ਸਾਂਝੀ ਕਰਨ ਉਪਰੰਤ ਕਿਹਾ ਕਿ ‘ਹਾਸਿਲ’ ਕਾਵਿ ਸੰਗ੍ਰਹਿ ਵਿੱਚ ਕੁਝ
ਇੱਕ ਸਤਰਾਂ ਅਜਿਹੀਆਂ ਨੇ ਕਿ ਇਕ ਇਕ ਸਤਰ ਤੇ ਮੁਕੰਮਲ ਲੇਖ ਲਿਖਿਆ ਜਾ ਸਕਦੈ।
ਮਨਮੋਹਨ ਸਿੰਘ ਮਹੇੜੂ ਨੇ ਪਰਚੇ ਵਿਚ ਪ੍ਰਗਟਾਏ ਸਪਸ਼ਟ ਵਿਚਾਰਾ ਦੀ ਸ਼ਲਾਘਾ
ਕੀਤੀ। ਪ੍ਰਫੈਸਰ ਸੁਰਜੀਤ ਸਿੰਘ ਖਾਲਸਾ ਨੇ ਦਲਵੀਰ ਕੌਰ ਦੀਆਂ ਰਚਨਾਵਾਂ ਨੂੰ
ਮੁਲਵਾਨ ਤੇ ਸਮਾਜ ਨੂੰ ਸੇਧ ਦੇਣ ਵਾਲੀ ਕ੍ਰਿਤ ਕਿਹਾ। ਇਸ ਤੋਂ ਇਲਾਵਾ
ਨਾਵਲਕਾਰ ਮਹਿੰਦਰ ਧਾਲੀਵਾਲ, ਕਵੀ ਕ੍ਰਿਪਾਲ ਪੂਨੀ, ਪ੍ਰੋਫੈਸਰ ਨਵਰੂਪ ਕੌਰ,
ਬਲਦੇਵ ਕੰਦੋਲਾ, ਡਾ: ਰਤਨ ਰੀਹਲ ਨੇ ਆਪਣੇ ਅਣਮੁਲੇ ਵਿਚਾਰ ਪੇਸ਼ ਕੀਤੇ।
ਦੂਜੇ ਭਾਗ ਵਿੱਚ ਸੁਰਿੰਦਰ ਪਾਲ ਸਿੰਘ, ਕੁਲਦੀਪ ਬਾਂਸਲ, ਡਾ.ਰਤਨ ਰੀਹਲ,
ਜਸਵਿੰਦਰ ਮਾਨ, ਨਿਰਮਲ ਸਿੰਘ ਜੌਹਲ, ਮਹਿੰਦਰ ਧਾਲੀਵਾਲ, ਸੁਰਜੀਤ ਸਿੰਘ
ਖਾਲਸਾ, ਅਵਤਾਰ ਸਿੰਘ ਪੂੰਨੀ , ਡਾ.ਦਵਿੰਦਰ ਕੌਰ, ਦਲਵੀਰ ਕੌਰ , ਡਾਕਟਰ
ਸੁਖਦੇਵ ਸਿਰਸਾ , ਅਵਤਾਰ ਸਾਦਿਕ, ਤੇ ਹੋਰ ਹਾਜ਼ਰ ਕਵੀਆਂ ਨੇ ਆਪਣੀਆਂ
ਵਡਮੁੱਲੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਪ੍ਰੀਤੀ ਭੋਜਨ ਉਪਰੰਤ ਹਾਜ਼ਰ ਤੇ ਨਾਂ ਪਹੁੰਚ ਸਕੇ ਸਜਣਾਂ ਦਾ ਧੰਨਵਾਦ
ਕੀਤਾ ਗਿਆ।