ਬਰੈਂਪਟਨ :- ਕੈਨੇਡਾ ਦਾ ਇਹ ਸ਼ਹਿਰ ਮਿਨੀ ਪੰਜਾਬ ਵਜੋਂ ਜਾਣਿਆਂ ਜਾਂਦਾ
ਹੈ, ਜਿੱਥੇ ਵੱਡੀ ਤਦਾਦ ਵਿੱਚ ਪੰਜਾਬੀ ਵਸੇਂ ਹੋਏ ਹਨ। ਏਥੇ ਪੰਜਾਬੀ ਵਪਾਰਕ
ਅਦਾਰੇ, ਗੁਰਦੁਵਾਰੇ ਮੰਦਿਰ ਅਤੇ ਪੰਜਾਬੀਆਂ ਦੇ ਕਾਰੋਬਾਰ ਹਰ ਪਾਸੇ ਦਿਖਾਈ
ਦਿੰਦੇ ਨੇ। ਜੇ ਕਲਾ ਪੱਖ ਤੋਂ ਵੇਖੀਏ ਤਾਂ ਏਥੇ ਸਾਹਿਤ, ਚਿਤਰਕਾਰੀ,
ਰੰਗਮੰਚ, ਫਿਲਮ ਪ੍ਰੋਡਕਸ਼ਨ ਤੇ ਪੰਜਾਬੀ ਮੀਡੀਆ ਦਾ ਵੀ ਚੋਖਾ ਪ੍ਰਭਾਵ ਹੈ,
ਜਿਸ ਨੇ ਵਿਸ਼ਵ ਪੱਧਰ ਤੇ ਆਪਣੀ ਪਛਾਣ ਸਥਾਪਤ ਕੀਤੀ ਹੈ। ਇਸੇ ਪ੍ਰਕਾਰ
ਕੈਨੇਡੀਅਨ ਪੰਜਾਬੀ ਕਹਾਣੀ ਨੇ ਵੀ ਆਪਣੀ ਪਛਾਣ ਬਣਾਈ ਹੈ, ਜਿਸ ਲਈ ਸਾਰੇ
ਕਹਾਣੀਕਾਰ ਨਿੱਜੀ ਅਤੇ ਸਮੂਹਿਕ ਤੌਰ ਤੇ ਯਤਨਸ਼ੀਲ ਰਹੇ ਹਨ। ਗਰੇਟਰ ਟੋਰਾਂਟੋ
ਏਰੀਏ ਵਿੱਚ ਕਹਾਣੀ ਵਿਧਾ ਨੂੰ ਪ੍ਰਫੁੱਲਤ ਕਰਨ ਲਈ, ‘ਕਹਾਣੀ ਵਿਚਾਰ ਮੰਚ
ਟੋਰਾਂਟੋ’ ਦਾ ਭਰਪੂਰ ਯੋਗਦਾਨ ਰਿਹਾ ਹੈ, ਜੋ ਪਿਛਲੇ ਲੰਬੇ ਅਰਸੇ ਤੋਂ
ਤ੍ਰੈਮਾਸਿਕ ਮੀਟਿੰਗਾਂ ਦੀ ਲੜ੍ਹੀ ਚਲਾ ਰਹੀ ਹੈ। ਇਸੇ ਲੜੀ ਅਧੀਨ 9 ਮਈ 2015
ਵਾਲੀ ਮੀਟਿੰਗ ਮੇਜਰ ਮਾਂਗਟ ਦੇ ਘਰ, ਸ਼ਹਿਰ ਬਰੈਂਪਟਨ ਵਿੱਚ ਆਯੋਜਤ ਕੀਤੀ ਗਈ,
ਜਿਸ ਵਿੱਚ ਵੀਹ ਦੇ ਕਰੀਬ ਕਹਾਣੀਕਾਰ ਅਤੇ ਅਲੋਚਕ ਸ਼ਾਮਲ ਹੋਏ। ਇਸ ਮੌਕੇ ਛੇ
ਕਹਾਣੀਆਂ ਪੜ੍ਹੀਆਂ ਗਈਆਂ ਜਿਨ੍ਹਾਂ ਤੇ ਭਰਪੂਰ ਵਿਚਾਰ ਚਰਚਾ ਹੋਈ।
ਮੀਟਿੰਗ ਦੇ ਸ਼ੁਰੂ ਵਿੱਚ ਭਾਰਤ ਤੋਂ ਪਰਤੇ ਚਾਰ ਲੇਖਕਾਂ ਦੇ ਉਥੋਂ ਦੇ
ਗ੍ਰਹਿਣ ਕੀਤੇ ਪ੍ਰਭਾਵ ਸੁਣੇ ਗਏ। ਸਭ ਤੋਂ ਪਹਿਲਾਂ ਚਰਚਿਤ ਕਹਾਣੀਕਾਰ
ਕੁਲਜੀਤ ਮਾਨ ਜੀ ਨੇ ਆਪਣਾ ਪੰਜਾਬ ਦੌਰਾ ਬਿਆਨ ਕੀਤਾ। ਕੁਲਜੀਤ ਮਾਨ ਦੀਆਂ
ਹੁਣੇ ਹੀ ਦੋ ਪੁਸਤਕਾਂ ਛਪ ਕੇ ਆਈਆਂ ਨੇ, ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ
‘ਝੁਮਕੇ’ ਅਤੇ ਨਿਬੰਧ ਸੰਗ੍ਰਹਿ ‘ਆਕਾਸ਼ ਗੰਗਾ’ ਹਨ। ਉਨ੍ਹਾਂ ਪੰਜਾਬ ਵਸੇ ਅਤੇ
ਪਰਵਾਸੀ ਲੇਖਕਾਂ ਦੀ ਆਪਸੀ ਸਾਂਝ, ਮਾਨਸਿਕ ਵਖਰੇਵਾਂ ਅਤੇ ਬਦਲਦੀ ਵਿਚਾਰਧਾਰਾ
ਤੇ ਖੁੱਲ ਕੇ ਚਰਚਾ ਕੀਤੀ।
ਮਿੰਨੀ ਗਰੇਵਾਲ ਜੀ ਨੇ ਪੰਜਾਬੀ ਪ੍ਰਕਾਸ਼ਨਾ ਤੇ ਲੇਖਕਾਂ ਵਿੱਚ ਤਾਲਮੇਲ ਦੀ
ਕਮੀ ਅਤੇ ਦੁਸ਼ਵਾਰੀਆਂ ਦਾ ਵਰਨਿਣ ਕੀਤਾ। ਇਸ ਉਪਰੰਤ ਪ੍ਰਵੀਨ ਕੌਰ ਨੇ ਦੱਸਿਆ
ਹੈ ਕਿ ਉਨ੍ਹਾਂ ਦਾ ਦੌਰਾ ਭਾਵੇ ਨਿੱਜੀ ਸੀ ਪਰ ਜੇ ਲੇਖਕ ਉਥੋਂ ਦੇ ਲੇਖਕਾਂ
ਜਾਂ ਸੰਚਾਰ ਮਾਧਿਅਮਾਂ ਨਾਲ ਸੰਪਰਕ ਨਾ ਕਰੇ ਤੇ ਉਸ ਤੱਕ ਕੋਈ ਵੀ ਪਹੁੰਚ
ਨਹੀਂ ਕਰਦਾ, ਜਦੋਂ ਕਿ ਕੈਨੇਡਾ ਵਿੱਚ ਪੰਜਾਬੋਂ ਆਏ ਲੇਖਕਾਂ ਨਾਲ ਇਸ ਤਰ੍ਹਾਂ
ਨਹੀ ਹੁੰਦਾ। ਬਲਬੀਰ ਸੰਘੇੜਾ ਜੀ ਨੇ ਆਪਣੇ ਤੇ ਹੋਏ ਸਮਾਗਮਾਂ ਦੀ ਅਤੇ ਨਿੱਜੀ
ਤਜਰੁਬਿਆਂ ਦੀ ਸਾਂਝ ਪਾਈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਫੀ ਸਾਰੇ ਵਿਦਿਆਰਥੀ
ਪ੍ਰਵਾਸੀ ਸਾਹਿਤ ਤੇ ਖੋਜ ਕਾਰਜ ਕਰ ਰਹੇ ਹਨ। ਇਸ ਸੈਸ਼ਨ ਵਿੱਚ ਬਲਰਾਜ ਚੀਮਾਂ,
ਮੇਜਰ ਮਾਂਗਟ, ਸੁਰਜਣ ਜੀਰਵੀ, ਨੀਰੂ ਅਸੀਮ ਅਤੇ ਬਰਜਿੰਦਰ ਗੁਲਾਟੀ ਨੇ
ਡਿਸਕਸ਼ਨ ਅਤੇ ਸੁਆਲ ਜਵਾਬ ਕਰਨ ਵਿੱਚ ਭਾਗ ਲਿਆ।
ਦੂਸਰੇ ਦੌਰ ਵਿੱਚ ਛੇ ਕਹਾਣੀਆਂ ਪੜ੍ਹੀਆਂ ਗਈਆਂ। ਪਹਿਲੀ ਕਹਾਣੀ ਬਰਜਿੰਦਰ
ਗੁਲਾਟੀ ਦੀ ‘ਰਿਸ਼ਤਿਆਂ ਦੀ ਮਹੀਨ ਡੋਰ’ ਸੀ। ਇਸ ਕਹਾਣੀ ਦਾ ਵਿਸ਼ਾ ਵਸਤੂ
ਦੁਨੀਆਂ ਵਿੱਚ ਪਨਪ ਰਹੇ ਮਿਲਗੋਭਾ ਸੱਭਿਆਚਾਰ ਜਾਂ ਮਿਕਸਡ ਬਰੀਡ ਦੀਆਂ
ਦੁਸ਼ਬਾਰੀਆਂ ਬਾਰੇ ਸੀ। ਇਹ ਇੱਕ ਸਪੈਨਸ਼ ਮਾਂ ਅਤੇ ਪੰਜਾਬੀ ਪਿਉ ਤੋਂ ਪੈਦਾ
ਹੋਈ ਲੜਕੀ ਦੀ ਕਹਾਣੀ ਸੀ। ਇਸੇ ਵਿੱਚ ਕੈਂਸਰ ਨਾਲ ਜੂਝ ਰਹੀ ਮਾਨਸਿਕਤਾ ਨੂੰ
ਬਿਆਨਿਆ ਗਿਆ ਸੀ। ਜਿਸ ਤੇ ਬੋਲਦਿਆਂ ਬਲਦੇਵ ਦੂਹੜੇ ਨੇ ਕਿਹਾ ਕਿ ਪਾਤਰਾਂ
ਬਾਰੇ ਲੇਖਕ ਵਲੋਂ ਦੱਸਿਆ ਜਾ ਰਿਹਾ ਹੈ, ਇਹ ਪਾਤਰ ਖੁਦ ਨਹੀਂ ਵਿਚਰਦੇ, ਜਦ
ਕਿ ਬਿਆਨ ਕਰਨ ਦਾ ਢੰਗ ਬਹੁਤ ਅੱਛਾ ਹੈ। ਮੇਜਰ ਮਾਂਗਟ ਨੇ ਇਸ ਵਿਚਲੇ
ਖੂਬਸੂਰਤ ਦ੍ਰਿਸ਼ ਵਰਨਿਣ ਨੂੰ ਸਲਾਹਿਆ ਤੇ ਵਿਸ਼ੇ ਦੀ ਨਵੀਨਤਾ ਬਾਰੇ ਵਿਚਾਰ
ਦਿੱਤੇ। ਬਲਰਾਜ ਚੀਮਾਂ ਨੇ ਕਹਾਣੀ ਦੇ ਕਿਰਦਾਰਾਂ ਨੂੰ ਪੰਜਾਬੀ ਮਾਨਸਿਕਤਾ
ਤੋਂ ਮੁਕਤ ਕਰਨ ਲਈ ਕਿਹਾ। ਇਸ ਨੂੰ ਗਲੋਬਲੀ ਸੱਭਿਆਚਾਰ ਤੇ ਲਿਖੀ ਕਹਾਣੀ
ਮੰਨਿਦਿਆਂ ਕੁੱਝ ਸੁਝਾਅ ਵੀ ਦਿੱਤੇ ਤੇ ਕਿਹਾ ਵਿਸ਼ਾ ਤੀਖਣ ਹੋਣਾ ਚਾਹੀਦਾ ਹੈ।
ਕੁਲਜੀਤ ਮਾਨ ਨੇ ਕਿਹਾ ਕਿ ਇਹ ਨਵੇਂ ਵਿਸ਼ੇ ਤੇ ਲਿਖੀ ਇੱਕ ਵਧੀਆਂ ਕਹਾਣੀ ਹੈ,
ਪਰ ਮੁੱਖ ਪਾਤਰ ਲੰਬੇ ਸਮੇਂ ਤੱਕ ਪਾਠਕ ਜਾਂ ਸਰੋਤੇ ਨੂੰ ਦੁਬਿਧਾ ਵਿੱਚ ਪਾਈਂ
ਰੱਖਦਾ ਹੈ ਕਿ ਅਸਲ ਵਿੱਚ ਉਹ ਹੈ ਕੌਣ? ਨੀਰੂ ਅਸੀੰਮ ਨੇ ਕਿਹਾ ਕਿ ਇਸ ਤੇ
ਅਜੇ ਹੋਰ ਕੰਮ ਹੋ ਸਕਦਾ ਹੈ। ਜਦ ਕਿ ਸੁਰਜੀਤ ਨੇ ਇਸ ਨੂੰ ਵਧੀਆ ਕਹਾਣੀ
ਮੰਨਿਆ। ਕੁੱਲ ਮਿਲਾ ਕੇ ਇਸ ਕਹਾਣੀ ਦੀ ਖੂਬ ਪ੍ਰਸੰਸ਼ਾ ਹੋਈ ਅਤੇ ਬਰਜਿੰਦਰ
ਗੁਲਾਟੀ ਦੀ ਨਾਟਕੀ ਪੇਸ਼ਕਾਰੀ ਨੂੰ ਸਲਾਹਿਆ ਗਿਆ। ਬਰਜਿੰਦਰ ਗੁਲਾਟੀ ਨੇ
ਕਹਾਣੀ ਤੇ ਹੋਈ ਬਹਿਸ ਨੂੰ ਖਿੜੇ ਮੱਥੇ ਪ੍ਰਵਾਨਦਿਆਂ ਸਭ ਦੇ ਸੁਝਾਅ ਕਬੂਕ
ਕਰਦਿਆਂ, ਧਨਵਾਦ ਕੀਤਾ।
ਦੂਸਰੀ ਕਹਾਣੀ ਕੁਲਜੀਤ ਮਾਨ ਦੀ ‘ਭੁੱਬਲ ਵਿੱਚ ਤਪਦਾ’ ਸੀ। ਇਸ ਕਹਾਣੀ ਦਾ
ਮੁੱਖ ਪਾਤਰ ਸ਼ਾਮ ਸਿੰਘ ਇੱਕ ਟਿਪੀਕਲ ਪੰਜਾਬੀ ਪਾਤਰ ਹੈ ਜੋ ਨਸ਼ਾ ਵੀ ਕਰਦਾ ਹੈ
ਤੇ ਸੰਸਕਾਰੀ ਕਦਰਾਂ ਕੀਮਤਾਂ ਦਾ ਮੁਦਈ ਵੀ ਹੈ। ਇਸ ਪਾਤਰ ਨੂੰ ਪਤਨੀ ਅਤੇ
ਸਮਾਜ ਨਾਲ ਹਮੇਸ਼ਾਂ ਕੋਈ ਨਾ ਕੋਈ ਸ਼ਕਾਇਤ ਰਹਿੰਦੀ ਹੈ ਜੋ ਇਸਦੇ ਮਾਨਸਿਕ ਰੋਗ
ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਪਾਤਰ ਦੀਆਂ ਮਾਨਸਿਕ ਪਰਤਾਂ ਦੀ ਪੇਸ਼ਕਾਰੀ
ਲੇਖਕ ਵਲੋਂ ਬਾਖੂਬੀ ਕੀਤੀ ਗਈ ਸੀ। ਜਿਸ ਤੇ ਬਹਿਸ ਦੀ ਸ਼ੁਰੂਆਤ ਕਰਦਿਆਂ
ਬਲਰਾਜ ਚੀਮਾਂ ਨੇ ਕਿਹਾ ਕਿ - ਇਸ ਵਿੱਚ ਵਿਸ਼ਾ ਤਾਂ ਬਹੁਤ ਗੰਭੀਰ ਹੈ ਪਰ
ਵਿਆਖਿਆਂ ਵਧੇਰੇ ਹੈ। ਉਨ੍ਹਾਂ ਕਿਹਾ ਕਿ ਕਹਾਣੀ ਕੋਈ ਹਦਾਇਤਨਾਮਾ ਵੀ ਨਹੀਂ
ਹੁੰਦੀ। ਇਸ ਕਹਾਣੀ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਤਾਂ ਬਹੁਤ ਪਈਆਂ ਹਨ
ਜੋ ਕਹਾਣੀ ਨੂੰ ਹੋਰ ਵੀ ਵਧੀਆ ਬਣਾ ਸਕਦੀਆਂ ਹਨ। ਨੀਰੂ ਅਸੀਮ ਦਾ ਕਹਿਣਾਂ ਸੀ
ਕਿ ਕਹਾਣੀ ਤਾਂ ਬਹੁਤ ਖੂਬਸੂਰਤ ਹੈ ਪਰ ਇਸਦੇ ਅੰਤ ਤੇ ਧਿਆਨ ਦੇਣਾ ਬਣਦਾ ਹੈ।
ਜਤਿੰਦਰ ਰਧਾਵਾ ਨੇ ਕਿਹਾ ਕਿ ਕਹਾਣੀ ਦੀ ਪਕੜ ਅੱਧ ਤੋਂ ਬਾਅਦ ਪਹਿਲਾਂ ਵਰਗੀ
ਨਹੀਂ ਰਹਿੰਦੀ। ਸੁਰਜਣ ਜੀਰਵੀ ਨੇ ਕੁੱਝ ਗੱਲਾਂ ਤੇ ਕਿੰਤੂ ਪਰੰਤੂ ਕੀਤੇ ਅਤੇ
ਸੁਝਾਅ ਵੀ ਦਿੱਤੇ। ਮੇਜਰ ਮਾਂਗਟ ਨੇ ਇਸ ਨੂੰ ਇੱਕ ਨਿਵੇਕਲੀ ਤੇ ਚੰਗੀ ਕਹਾਣੀ
ਕਿਹਾ ਜਿਸ ਵਿੱਚ ਕੀਤੀ ਮਨੋਵਿਗਿਆਨਕ ਪੇਸ਼ਕਾਰੀ ਨੂੰ ਸਲਾਹਿਆ। ਇਹ ਵੀ ਇਸ
ਮਹਿਫਲ ਦੀ ਇੱਕ ਵਧੀਆਂ ਅਤੇ ਪ੍ਰਭਾਵਸ਼ਾਲੀ ਕਹਾਣੀ ਹੋ ਨਿੱਬੜੀ ਜਿਸ ਤੇ ਲੰਬੀ
ਦੇਰ ਤੱਕ ਬਹਿਸ ਚੱਲਦੀ ਰਹੀ ਜਿਸ ਵਿੱਚ ਬਲਦੇਵ ਦੂਹੜੇ, ਬਲਬੀਰ ਸੰਘੇੜਾ ਅਤੇ
ਮਨਮੋਹਣ ਗੁਲਾਟੀ ਨੇ ਭਾਗ ਲਿਆ। ਬਹਿਸ ਦੇ ਅੰਤ ਤੇ ਕੁਲਜੀਤ ਮਾਨ ਜੀ ਨੇ ਵੀ
ਆਪਣਾ ਪੱਖ ਰੱਖਿਆ।
ਤੀਸਰੀ ਕਹਾਣੀ ਜਤਿੰਦਰ ਰੰਧਾਵਾਂ ਨੇ ਪੜ੍ਹੀ, ਜਿਸ ਦਾ ਨਾਂ ਸੀ ‘ਬੇਰੰਗ
ਰਿਸ਼ਤੇ’। ਇਹ ਮਰਦ ਔਰਤ ਦੇ ਭਾਵੁਕ ਸਬੰਧਾ ਦੀ ਕਹਾਣੀ ਸੀ, ਪਰ ਪਿਆਰ ਦਾ ਇਹ
ਰਿਸ਼ਤਾ, ਕਿਵੇਂ ਕੰਮ ਦੇ ਬੋਝ ਅਤੇ ਮਰਦ ਦੀ ਲਾਪਰਵਾਹੀ ਹੇਠ ਚਰਮਰਾ ਜਾਂਦਾ
ਹੈ, ਇਸ ਨੂੰ ਖੂਬ ਬਿਆਨਿਆਂ ਗਿਆ ਸੀ। ਇਸ ਕਹਾਣੀ ਦੀ ਤਿੱਖੀ ਚਾਲ ਤੇ
ਗੁੰਦਵੇਂ ਪ੍ਰਭਾਵ ਨੂੰ ਲੈ ਕੇ ਬਰਜਿੰਦਰ ਗੁਲਾਟੀ, ਸੁਰਜੀਤ, ਪਰਵੀਨ ਕੌਰ ਅਤੇ
ਲਾਲ ਸਿੰਘ ਸੰਘੇੜਾ ਨੇ ਇਸ ਨੂੰ ਇੱਕ ਵਧੀਆ ਕਹਾਣੀ ਮੰਨਿਆ। ਇਸ ਕਹਾਣੀ ਦੀ
ਬੇਹਤਰੀ ਲਈ ਅਲੋਚਕਾਂ ਵਲੋਂ ਕੁੱਝ ਸੁਝਾਅ ਵੀ ਆਏ, ਜੋ ਲੇਖਿਕਾਂ ਵਲੋਂ
ਪ੍ਰਵਾਨ ਕਰਦਿਆਂ ਹੋਇਆਂ ਸਭ ਦਾ ਧਨਵਾਦ ਕੀਤਾ ਗਿਆ।
ਚੌਥੀ ਕਹਾਣੀ ਪਰਵੀਨ ਕੌਰ ਦੀ ‘ਆਈ ਵਾਅਨਟਿਡ ਟੂ ਮਾਈ ਮਦਰ’ ਸੀ। ਇਹ ਕਹਾਣੀ
ਅੰਗਰੇਜੀ ਵਿੱਚ ਲਿਖੀ ਗਈ ਸੀ। ਇੱਕ ਬੱਚੀ ਜਦੋਂ ਉਮਰ ਦੇ ਛੇ ਦਹਾਕੇ ਭੋਗ ਕੇ
ਉਨ੍ਹਾਂ ਥਾਵਾਂ ਤੇ ਜਾਂਦੀ ਹੈ ਜਿੱਥੇ ਆਪਣੀ ਮਾਂ ਨਾਲ ਉਸਨੇ ਬਚਪਨ ਗੁਜਾਰਿਆ
ਸੀ ਤਾਂ ਉਸਦੀਆਂ ਯਾਦਾਂ ਦਾ ਚਸ਼ਮਾਂ ਫੁੁੱਟ ਪੈਂਦਾ ਹੈ। ਬਲਬੀਰ ਸੰਘੇੜਾ ਦਾ
ਕਹਿਣਾ ਸੀ ਕਿ ‘ਇਹ ਕਹਾਣੀ ਐਨੀ ਸੋਹਣੀ ਲੱਗੀ ਕਿ ਉਹ ਕਹੇਗੀ ਕਿ ਪਰਵੀਨ ਨੂੰ
ਅੰਗਰੇਜੀ ਵਿੱਚ ਹੋਰ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ’ ਨੀਰੂ ਅਸੀਮ ਨੇ
ਕਹਾਣੀ ਪਸੰਦ ਕਰਨ ਦੇ ਨਾਲ ਨਾਲ ਕੁੱਝ ਸੁਝਾਅ ਵੀ ਦਿੱਤੇ ਤੇ ਬਲਦੇਵ ਦੂਹੜੇ
ਨੇ ਇਸ ਨੂੰ ਖੂਬਸੂਰਤ ਕਹਾਣੀ ਕਿਹਾ।
ਪੰਜਵੀ ਕਹਾਣੀ ਮਿਨੀ ਗਰੇਵਾਲ ਦੀ ਲਿਖੀ ‘ਹਾਦਸਾ’ ਸੀ। ਇਹ ਕਹਾਣੀ ਇੱਕ ਐਸੇ
ਟੀਨ ਏਜਰ ਦੀ ਕਹਾਣੀ ਸੀ, ਜੋ ਬਾਲਗ ਅਵਸਥਾ ਵਿੱਚ ਪ੍ਰਵੇਸ਼ ਤਾਂ ਕਰਦਾ ਹੈ, ਪਰ
ਉਸ ਦਾ ਭਾਰਤੀ ਬਾਪ ਉਸ ਨੂੰ ਸੰਸਕ੍ਰਿਤੀ ਰੂੜੀਆਂ ਦੇ ਭਾਰ ਹੇਠ ਦੱਬਣ ਲਈ
ਕਾਹਲਾ ਪੈ ਰਿਹਾ ਹੈ। ਉਹ ਲੜਕੇ ਦੇ ਅਠਾਰਵੇ ਜਨਮ ਦਿਨ ਤੇ, ਮਹਿਮਾਨਾਂ ਦੇ
ਸਾਹਮਣੇ ਹੀ ਭਾਸ਼ਨ ਝਾੜਨ ਲੱਗ ਪੈਂਦਾ ਹੈ। ਪਰ ਅਮਰ ਆਪਣਾ ਖਰਚ ਖੁਦ ਚਲਾਉਣਾ
ਤੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਹੈ। ਇਸ ਕਹਾਣੀ ਵਿੱਚ ਦੋ ਪੀੜੀਆਂ ਦੇ
ਅੰਤਰ-ਦਵੰਦ ਨੂੰ ਬਿਆਨਿਆ ਗਿਆ ਸੀ। ਇਸ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ
ਜੀਵਨ ਜਾਂ ਔਲਾਦ ਕੋਈ ਹਾਦਸਾ ਨਹੀਂ ਹੁੰਦੀ ਸਗੋਂ ਇਸ ਨੂੰ ਸਿਰਜਣ ਵਾਲਾ
ਮਨੁੱਖ ਖੁਦ ਆਪ ਹੈ। ਇਸ ਕਹਾਣੀ ਤੇ ਬੋਲਦਿਆਂ ਕੁਲਜੀਤ ਮਾਨ ਨੇ ਕਿਹਾ ਕਿ
ਕਹਾਣੀ ਤਾਂ ਚੰਗੀ ਹੈ, ਪਰ ਪਿਉ ਦਾ ਪਾਰਟੀ ਵਾਲੇ ਦਿਨ ਐਨੇ ਲੋਕਾਂ ਸਾਹਮਣੇ
ਹੀ ਲੈਕਚਰ ਦੇਣਾ ਸੁਭਾਵਕ ਨਹੀਂ ਲੱਗਦਾ। ਬਲਬੀਰ ਸੰਘੇੜਾ ਦਾ ਕਹਿਣਾ ਸੀ ਕਿ
ਕਹਾਣੀ ਵਿੱਚ ਕੁੱਝ ਅਜਿਹਾ ਨਹੀਂ ਜਾਪਿਆ ਜੋ ਇਸ ਨੂੰ ਵੱਖ਼ਰੀ ਪਛਾਣ ਦੇ ਸਕੇ।
ਮਨਮੋਹਣ ਗੁਲਾਟੀ ਨੇ ਕਿਹਾ ਕਿ ‘ਰਵਾਇਤੀ ਕਹਾਣੀ ਹੈ ਜੋ ਨਵੇਂ ਸਮੇਂ ਦੀ ਨਹੀਂ
ਲੱਗਦੀ। ਕਹਾਣੀ ਦਾ ਪਲਾਟ ਸਮੇਂ ਦੇ ਹਾਣਦਾ ਹੋਣਾ ਚਾਹੀਦਾ ਸੀ’ ਤੇ ਕਈਆਂ ਨੂੰ
ਇਹ ਕਹਾਣੀ ਬਹੁਤ ਪਸੰਦ ਆਈ। ਮਿਨੀ ਗਰੇਵਾਲ ਨੇ ਸੁਚੱਜੇ ਸੁਝਾਵਾਂ ਲਈ ਸਭ ਦਾ
ਧਨਵਾਦ ਕੀਤਾ।
ਇਸ ਮਿਲਣੀ ਦੀ ਅੰਤਿਮ ਅਤੇ ਛੇਵੀਂ ਕਹਾਣੀ ਬਲਜੀਤ ਧਾਲੀਵਾਲ ਨੇ ਪੜ੍ਹੀ ਜਿਸ
ਦਾ ਨਾਂ ਸੀ ‘ਕੱਫਨ’ ਇਹ ਕਹਾਣੀ ਡਰੱਗ ਤੇ ਸੀ। ਜਿਸ ਵਿੱਚ ਇੱਕ ਨਸ਼ੇੜੀ
ਨੌਜਵਾਨ ਨਸ਼ੇ ਦੀ ਲੱਤ ਕਾਰਨ, ਘਰ ਦਾ ਸਾਰਾ ਸਮਾਨ ਵੇਚ ਦਿੰਦਾ ਹੈ। ਮਾਂ
ਤੜਫਦੀ ਤੇ ਝੂਰਦੀ ਰਹਿੰਦੀ ਹੈ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਹੁਣ ਉਸ ਦੇ
ਪੁੱਤ ਦੀ ਨਸ਼ੇ ਕਾਰਨ ਮੌਤ ਹੋ ਜਾਵੇਗੀ। ਜਦੋਂ ਪੁੱਤ ਉਸਦੇ ਸੰਭਾਲ ਕੇ ਰੱਖੇ
ਕੁੱਝ ਪੈਸੇ ਵੀ ਨਸ਼ਾ ਖਰੀਦਣ ਲਈ ਖੋਹਣ ਲੱਗਦਾ ਹੈ ਤਾਂ ਉਹ ਤਰਲਾ ਕਰਦੀ ਹੈ ਕਿ
‘ਪੁੱਤ ਰਹਿਣ ਦੇ ਇਹ ਤਾਂ ਮੈਂ ਤੇਰੇ ਕੱਫਨ ਲਈ ਸੰਭਾਲ ਕੇ ਰੱਖੇ ਨੇ’ ਏਥੇ
ਆਕੇ ਕਹਾਣੀ ਦੇ ਅੰਤ ਨੇ ਸਭ ਨੂੰ ਸੁੰਨ ਕਰ ਦਿੱਤਾ ਤੇ ਕਿਸੇ ਕੋਲ ਬੋਲਣ ਲਈ
ਕੁੱਝ ਨਹੀਂ ਸੀ ਬਚਿਆ। ਇਸ ਵਿੱਚ ਬਹੁਤ ਵੱਡੇ ਮੌਜੂਦਾ ਦੁਖਾਂਤ ਨੂੰ ਇੱਕ
ਨਿੱਕੀ ਜਿਹੀ ਕਹਾਣੀ ਰਾਹੀਂ ਪੇਸ਼ ਦਿੱਤਾ ਗਿਆ ਸੀ। ਇਹ ਬਲਜੀਤ ਧਾਲੀਵਾਲ ਦੀ
ਕਿਸੇ ਸਭਾ ਵਿੱਚ ਪੜ੍ਹੀ ਪਹਿਲੀ ਕਹਾਣੀ ਸੀ ਜਿਸ ਨੂੰ ਸਭ ਵਲੋਂ ਭਰਪੂਰ ਦਾਦ
ਮਿਲੀ ਅਤੇ ਅੱਗੋਂ ਹੋਰ ਕਹਾਣੀ ਲਿਖਣ ਲਈ ਕਿਹਾ ਗਿਆ। ਕਹਾਣੀ ਲੇਖਿਕਾ ਬਲਜੀਤ
ਧਾਲੀਵਾਲ ਨੇ ਸਭ ਦਾ ਧਨਵਾਦ ਕੀਤਾ।
ਦੁਪਹਿਰੇ ਦੋ ਵਜੇ ਤੋਂ ਸ਼ੁਰੂ ਹੋ ਕੇ ਇਹ ਮਿਲਣੀ ਰਾਤ ਦੇ ਗਿਆਰਾਂ ਵਜੇ ਤੱਕ
ਨਿਰੰਤਰ ਚੱਲਦੀ ਰਹੀ। ਕਹਾਣੀਆਂ ਦਰਮਿਆਨ ਜੂਨ 13-14 ਨੂੰ ਟੋਰਾਂਟੋ ਵਿੱਚ
ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਨੁਮਾਇੰਦੇ ਵਜੋਂ ਫਰੈਂਡਜ ਕਲੱਬ ਦੇ
ਸ: ਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਆਕੇ, ਸਭ ਨੂੰ ਵਿਸ਼ਵ
ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਾਨਫਰੰਸ ਦੀ
ਬੇਹਤਰੀ ਲਈ ਸੁਝਾਅ ਵੀ ਮੰਗੇ। ਇਸ ਸਾਰੇ ਸਮੇਂ ਦੌਰਾਨ ਲੇਖਕ ਚਾਹ ਪਾਣੀ ਜੂਸ
ਤੇ ਸਨੈਕ ਦਾ ਆਨੰਦ ਵੀ ਮਾਣਦੇ ਰਹੇ। ਰਿੰਪਲ ਤਰਿਮਨ ਤੇ ਕਰਮਨ ਨੇ ਲੇਖਕਾਂ ਦੀ
ਮਹਿਮਾਨ ਨਿਵਾਜੀ ਦਾ ਧਿਆਨ ਰੱਖਿਆ। ਕੁਲਜੀਤ ਮਾਨ ਵਲੋਂ ਫੋਟੋਗ੍ਰਾਫੀ ਦੀ
ਜਿੰਮੇਵਾਰੀ ਨਿਭਾਈ ਗਈ ਅਤੇ ਬਲਬੀਰ ਸੰਘੇੜਾ ਨੇ ਇਸ ਸਭਾ ਦਾ ਸੰਚਾਲਨ ਕੀਤਾ।
ਅੰਤ ਨੂੰ ਸਭ ਨੇ ਮਿਲ ਕੇ ਇਕੱਠਿਆਂ ਰਾਤਰੀ ਭੋਜ ਕੀਤਾ ਤੇ ਗੱਲਾਂ ਬਾਤਾਂ ਦਾ
ਸਿਲਸਿਲਾ ਵੀ ਜਾਰੀ ਰਿਹਾ। ਸਭਾ ਸੰਚਾਲਕ ਬਲਬੀਰ ਸੰਘੇੜਾ ਵਲੋਂ ਹੋਸਟ ਪਰਿਵਾਰ
ਦਾ ਧਨਵਾਦ ਕੀਤਾ ਗਿਆ। ਇਸ ਮੀਟਿੰਗ ਵਿੱਚ ਭਾਗ ਲੈਣ ਵਾਲੇ ਲੇਖਕਾਂ ਅਤੇ
ਅਲੋਚਕਾਂ ਦਾ ਵੇਰਵਾ ਇਸ ਪ੍ਰਕਾਰ ਹੈ, ਸਰਵ ਸ੍ਰੀ ਸੁਰਜਨ ਜੀਰਵੀ, ਬਲਰਾਜ
ਚੀਮਾ, ਲਾਲ ਸਿੰਘ ਸੰਘੇੜਾ, ਅਨੀਤ ਜਿੰਦਲ, ਨੀਰੂ ਅਸੀਮ, ਬਰਜਿੰਦਰ ਗੁਲਾਟੀ,
ਪ੍ਰਵੀਨ ਕੌਰ, ਬਲਬੀਰ ਸੰਘੇੜਾ, ਬੰਟੂ ਧਾਲੀਵਾਲ, ਮਿਨੀ ਗਰੇਵਾਲ, ਕੁਲਜੀਤ
ਮਾਨ, ਮਨਮੋਹਨ ਗੁਲਾਟੀ, ਬਲਦੇਵ ਦੂਹੜੇ, ਜਤਿੰਦਰ ਰੰਧਾਵਾ, ਸੁਰਜੀਤ, ਮੇਜਰ
ਮਾਂਗਟ, ਬਲਜੀਤ ਧਾਲੀਵਾਲ ਅਤੇ ਰਵਿੰਦਰ ਸਿੰਘ। ਇਸ ਬੈਠਕ ਵਿੱਚ ਛੇ ਕਹਾਣੀਆਂ
ਪੜ੍ਹੀਆਂ ਗਈਆਂ, ਜਿਨ੍ਹਾਂ ਤੇ ਭਰਪੂਰ ਵਿਚਾਰ ਚਰਚਾ ਹੋਈ। ‘ਕਹਾਣੀ ਵਿਚਾਰ
ਮੰਚ ਟੋਰਾਂਟੋ’ ਦੀ ਇਹ ਤ੍ਰੈ-ਮਾਸਿਕ ਮਿਲਣੀ ਵੀ ਇੱਕ ਸਫਲ, ਸਾਰਥਿਕ ਅਤੇ
ਸੁਖਾਵੇਂ ਮਹੌਲ ਵਿੱਚੋਂ ਹੁੰਦੀ ਹੋਈ ਬਹੁਤ ਸਾਰੀਆਂ ਯਾਦਾਂ ਛੱਡਦੀ ਸਮਾਪਤ ਹੋ
ਗਈ।