ਸੰਗੀਤ ਆਰੰਭ ਤੋ ਹੀ ਮਨੁੱਖੀ ਇਤਿਹਾਸ ਦਾ ਅਹਿਮ ਅੰਗ ਬਣਿਆ ਰਿਹਾ ਹੈ।ਸੰਗੀਤ
ਮਨੁੱਖੀ ਹਿਰਦੇ ਦੇ ਵਲਵਲਿਆਂ ਦੀ ਇਕ ਅਜਿਹੀ ਭਾਸ਼ਾ ਹੈ ਜੋ ਸਾਰੇ ਦੇਸ਼ ,ਕੌਮ ਅਤੇ
ਸਭਿਆਤਾਵਾਂ ਦੀ ਸੀਮਾਵਾਂ ਤੋਂ ਮੁਕਤ ਹੈ।ਸੰਗੀਤ ਕਲਾ ਦੀ ਉਤਪਤੀ ਕਦੋਂ, ਕਿਵੇਂ
ਅਤੇ ਕਿਥੇ ਹੋਈ ,ਇਸ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਮੱਤ ਮਿਲਦੇ ਹਨ।
ਧਾਰਮਿਕ ਵਿਚਾਰਧਾਰਾ ਅਨੁਸਾਰ ,ਭਾਰਤੀ ਸੰਗੀਤ ਦਾ ਆਰੰਭ ਬ੍ਰਹਮਾ ਜੀ
ਦੁਆਰਾ ਹੋਇਆ, ਜਿਨ੍ਹਾਂ ਵੇਦਾਂ ਦੀ ਰਚਨਾ ਕੀਤੀ।
ਉਨ੍ਹਾਂ ਤੋਂ ਇਹ ਕਲਾ ਸ਼ਿਵ ਨੂੰ ਪ੍ਰਾਪਤ ਹੋਈ।
ਫਿਰ ਸ਼ਿਵ ਤੋਂ ਪਾਰਵਤੀ ਨੂੰ ਤੇ ਉਨ੍ਹਾਂ ਪਾਸੋਂ ਇਹ ਕਲਾ ਨਾਰਦ ਨੂੰ ਮਿਲੀ।
ਨਾਰਦਮੁਨੀ ਨੇ ਅੱਗੇ ਇਸ ਕਲਾ ਦਾ ਵਿਕਾਸ ਗੰਧਰਵਾਂ,
ਕਿਨੰਰਾਂ, ਅਪਸਰਾਵਾਂ,
ਭਰਤ ਤੇ ਹਨੁਮਾਨ ਰਾਹੀਂ ਕੀਤਾ।
ਸਿੰਧਘਾਟੀ ਦੀ ਸਭਿਅਤਾ ਦੇ ਪ੍ਰਾਪਤ ਅਵਸ਼ੇਸ਼ਾਂ ਤੋਂ ਪ੍ਰਾਚੀਨ ਭਾਰਤੀ ਸੰਗੀਤ ਦੇ
ਪ੍ਰਮਾਣ ਮਿਲਦੇ ਹਨ। ਵੈਦਿਕ ਗ੍ਰੰਥਾਂ ,
ਰਾਮਾਇਣ, ਮਹਾਭਾਰਤ,
ਜੈਨ ਅਤੇ ਬੁੱਧ ਧਰਮ ਦੇ ਗ੍ਰੰਥਾਂ ਅਤੇ
ਪੁਰਾਤਨ ਸੰਗੀਤ ਗ੍ਰੰਥਾਂ ਵਿਚ ਅਨੇਕ ਸਾਜ਼ਾਂ ਅਤੇ ਗਾਇਣ ਸ਼ੈਲੀਆਂ ਦਾ ਵਿਵਰਣ ਮਿਲਦਾ
ਹੈ। ਪੱਛਮੀ ਦੇਸ਼ਾਂ ਦੀ ਇਕ ਵਿਚਾਰਧਾਰਾ ਅਨੁਸਾਰ
‘ਕਾਕੇਸ਼ੀਆਂ’ ਪਰਬਤ ਤੇ ਵਸਣ ਵਾਲੇ ‘ਮੋਸ਼ੀਕਾਰ’ ਨਾਮ ਦੇ ਪੰਛੀ ਦੀ ਚੁੰਜ ਵਿਚੋਂ
ਉਤਪੰਨ ਹੋਈਆਂ ਵੱਖ ਵੱਖ ਧੁਨੀਆਂ ਜਾਂ ਨਾਦ ਦੀਆਂ ਲਹਿਰਾਂ ਹੀ ਸੰਗੀਤ ਦਾ ਪਿਛੋਕੜ
ਹੈ। ‘ਮੋਸ਼ੀਕਾਰ’ ਪੰਛੀ ਦੀਆਂ ਦਿਲ ਟੁੰਬਵੀਆਂ
ਆਵਾਜ਼ਾਂ ਤੋਂ ਹੀ ਇਸ ਕਲਾਂ ਨੂੰ ‘ਮਿਊਜ਼ਿਕ ਅਤੇ ਮੂਸਿਕੀ’ਦੇ ਨਾਮ ਨਾਲ ਜਾਣਿਆ ਜਾਣ
ਲੱਗ ਪਿਆ। ਸੰਗੀਤ ਦੇ ਪ੍ਰਚੰਡ ਵਿਦਵਾਨ ਪੰਡਿਤ
ਦਾਮੋਦਰ ਦੀ ਰਾਏ ਹੈ ਕਿ ਸੰਗੀਤ ਦੇ ਸੱਤ ਸੁਰਾਂ ਸਾ,
ਰੇ, ਗਾ,
ਮਾ, ਪਾ,
ਧਾ, ਨੀ ਆਦਿ ਦੀ ਉਤਪਤੀ,
ਮੋਰ, ਚਾਤ੍ਰਿਕ,
ਬੱਕਰਾ, ਕਾਂ,
ਕੋਇਲ, ਡੱਡੂ,
ਹਾਥੀ ਆਦਿ ਤੋਂ ਹੋਈ ,ਜਦਕਿ ਵਿਗਿਆਨਕ ਸੋਚ ਦੇ ਧਾਰਣੀ ਵਿਦਵਾਨਾਂ ਦਾ
ਕਹਿਣਾ ਹੈ ਕਿ ਸ਼੍ਰਿਸਟੀ ਦੇ ਆਰੰਭ ਨਾਲ ਹੀ ਸਹਿਜ ਸੁਭਾ ਹੋਰਨਾਂ ਕਲਾਵਾਂ ਦੇ ਨਾਲ
ਨਾਲ ਸੰਗੀਤ ਦਾ ਵੀ ਜਨਮ ਹੋਇਆ ।ਆਦਿ ਕਾਲ ਦਾ ਮਨੁੱਖ ਸ਼ਿਕਾਰ ਪ੍ਰਾਪਤੀ ਮਗਰੋਂ ਉਛਲ
ਕੁਦਕੇ , ਸਰੀਰਕ ਮੁਦਰਾਵਾਂ ਬਣਾਕੇ ਜਾਂ ਨਿਰ-ਅਰਥ
ਅਵਾਜਾਂ ਕੱਢਕੇ ਖੁਸ਼ੀ ਦਾ ਪ੍ਰਗਟਾਵਾ ਕਰਦਾ ਸੀ ।
ਹੌਲੀ ਹੌਲੀ ਮਨੁੱਖ ਨੇ ਸਵੈ ਪ੍ਰਗਟਾਵੇ ਲਈ ਅਨੇਕ ਭਾਸ਼ਾਵਾਂ ਦੀ ਸਿਰਜਨਾਂ ਕਰ ਲਈ
ਅਤੇ ਉਸਦੇ ਆਪੇ ਦੇ ਧੁਰ ਅੰਦਰਲੀ ਇਕ ਖੁਸ਼ੀ ਦੀ ਅਭੀਵਿਅਕਤੀ ਸੰਗੀਤ ਦਾ ਰੂਪ ਧਾਰਣ
ਕਰਦੀ ਗਈ।
ਸੰਗੀਤ
ਦੇ ਅਰਥ ਆਪਣੇ ਆਪ ਵਿਚ ਅਤੀ ਵਿਸ਼ਾਲ ਹਨ ,ਕੋਮਲ ਹੁਨਰਾਂ ਵਿਚ ਇਸਨੇ ਸ਼੍ਰੇਸਟ ਪਦਵੀ
ਹਸਿਲ ਕਰ ਲਈ ਹੈ ਅਤੇ ਸਮੁੱਚੇ ਵਿਸ਼ਵ ਦੇ ਲੋਕਾਂ ਨੂੰ ਇਸਨੇ ਆਪਣੇ ਕਲਾਵੇ ਵਿਚ ਲੈ
ਲਿਆ ਹੈ। ਸੁਰ,
ਲੈਅ ਅਤੇ ਤਾਲ ਦੇ ਸੰਯੋਗ ਨਾਲ ਕੰਨਾਂ ਨੂੰ ਮਧੁਰਤਾ ,
ਖੁਸ਼ੀ, ਖੇੜਾ ਅਤੇ ਮਨ ਨੂੰ ਰਸ ਪ੍ਰਦਾਨ
ਕਰਨ ਵਾਲੀ ਧੁਨੀ ਜਾਂ ‘ਨਾਦ’ ਦਾ ਨਾਮ ਸੰਗੀਤ ਹੈ,
ਜਿਸਨੂੰ ਆਪਣਾ ਉਚੱਤਮ ਰੂਪ ਗ੍ਰਹਿਣ ਕਰਨ ਲਈ ‘ਸਾਹਿਤ’ ਵਾਂਗ ਹੀ ‘ਸੱਤਯਮ ਸ਼ਿਵਮ
ਸੁੰਦਰਮ’ ਦੀ ਕਸੌਟੀ ਤੇ ਖਰਾ ਉਤਰਨਾ ਪੈਂਦਾ ਹੈ।
ਵਰਤਮਾਨ ਕਾਲ ਵਿਚ ਗਾਇਨ,ਵਾਦਨ ਅਤੇ ਨ੍ਰਿਤ ,
ਤਿੰਨੋਂ ਕਲਾਵਾਂ ਦਾ ਸਮੂਹ ਸੰਗੀਤ ਵਿਚ ਸ਼ਾਮਿਲ ਹੈ,
ਜਿਸ ਕਾਰਣ ਅੱਜ ਸੰਗੀਤ ਨੇ ਸਮਾਜ ਨਾਲ ਗਹਿਰਾ ਰਿਸ਼ਤਾ ਸਥਾਪਿਤ ਕਰ ਲਿਆ
ਹੈ। ਸੰਗੀਤ ਦੇ ਤਿੰਨੋਂ ਰੂਪਾਂ ਗਾਇਨ,
ਵਾਦਨ ਅਤੇ ਨ੍ਰਿਤ ਵਿਚ ਸਮੇਂ ਦੀ ਚਾਲ ਨੂੰ ਲੈਅ ਕਹਿੰਦੇ ਹਨ,
ਜੋ ਵਿਲੰਬਿਤ, ਮੱਧ ਅਤੇ ਦਰੁਤ ਤਿੰਨ
ਪਰਕਾਰ ਦੀ ਮੰਨੀ ਗਈ ਹੈ ਅਤੇ ਇਸਨੂੰ, ( ਸਮਾ ਜਾਂ
ਰਫਤਾਰ ਨੂੰ) ਨਾਪਣ ਦੇ ਸਾਧਨ ਨੂੰ ਤਾਲ ਕਹਿੰਦੇ ਹਨ,
ਜੋ ਵੱਖ ਵੱਖ ਮਾਤਰਾਵਾਂ ਦੇ ਹੁੰਦੇ ਹਨ। ਵਿਅਕਤੀ ਦੇ ਜਨਮ ਤੋਂ ਹੀ ਸੰਗੀਤ
ਕਿਸੇ ਨਾ ਕਿਸੇ ਰੂਪ ਵਿਚ ਉਸ ਨਾਲ ਜੁੜ ਜਾਂਦਾ ਹੈ।ਕਿਤੇ ਮਨੋਰੰਜਨ ਦੇ ਸਾਧਨ ਦੇ
ਰੂਪ ਵਿਚ, ਕਿਤੇ ਅਧਿਆਤਮਕ ਸ਼ਿਖਰਾਂ ਤੱਕ ਪਹੁੰਚਾਣ
ਲਈ ਤੇ ਕਿਤੇ ਪਰਾਪੇਗੰਡੇ ਦੇ ਸਾਧਨ ਦੇ ਰੂਪ ਵਿਚ ਸੰਗੀਤ,
ਸਮਾਜ ਵਿਚ ਆਪਣਾ ਅਹਿਮ ਰੋਲ ਨਿਭਾਉਂਦਾ ਨਜ਼ਰ ਆਉਂਦਾ ਹੈ।
ਸੰਗੀਤ ਦਾ ਆਧਾਰ ‘ਨਾਦ’ ਹੈ ,ਜੋ ਕਿ ਆਪਣੇ ਮੂਲ ਰੂਪ ਵਿਚ ਪੂਰੀ ਸ਼੍ਰਿਸਟੀ ਵਿਚ
ਵਿਰਾਜਮਾਨ ਹੈ।ਸੰਗੀਤ ਨਾਲ ਸੰਬੰਧਿਤ ਧੁਨੀ ਨੂੰ ‘ਆਹਤ ਨਾਦ’ ਕਿਹਾ ਜਾਂਦਾ ਹੈ,
ਜਿਹੜਾ ਕਿਸੇ ਆਹਤ, ਟੱਕਰ
ਜਾਂ ਸੰਗੀਤਕ ਸਾਜ਼ਾਂ ਦੇ ਖਾਸ ਆਘਾਤ ਕਰਨ ਨਾਲ ਉਤਪੰਨ ਹੁੰਦਾ ਹੈ,
ਪਰ ਸੰਗੀਤ ਦੇ ਆਚਾਰੀਆਂ ਅਤੇ ਅਧਿਆਤਮਿਕ ਖੋਜੀਆਂ ਨੇ ਇਕ ਅਜਿਹੇ ਨਾਦ ਵੱਲ
ਵੀ ਇਸ਼ਾਰਾ ਕੀਤਾ ਹੈ, ਜੋ’ਓਕਾਰ’ਜਾਂ ‘ਓਮ’ ਦੇ
ਰੂਪ ਵਿਚ ਸਮੁੱਚੀ ਕਾਇਨਾਤ ਵਿਚ ਬਿਨਾ ਕਿਸੇ ਆਘਾਤ ਜਾਂ ਸੰਘਰਸ਼ ਤੋਂ ਨਿਰੰਤਰ ਗੂੰਜ
ਰਿਹਾ ਹੈ। ਇਸ ਰਹੱਸਮਈ ਇਲਾਹੀ ਵਰਤਾਰੇ ਨੂੰ ‘ਨਾਦ
ਬ੍ਰਹਮ’ ਜਾਂ ‘ਅਨਾਹਤ ਨਾਦ’ ਵੀ ਕਿਹਾ ਜਾਂਦਾ ਹੈ।
ਨਿਯਮਤ ਤੇ ਸਥਿਰ ਅੰਦੋਲਨਾਂ ਦੁਆਰਾ ਪੈਦਾ ਹੋਈ ਧੁਨੀ ਮਧੁਰ ਤੇ ਸੰਗੀਤ ਉਪਯੋਗੀ
ਹੁੰਦੀ ਹੈ ਇਸੇ ਲਈ ਨਾਦ ਕਹਾਉਂਦੀ ਹੈ। ਇਸਦੇ ਉਲਟ
ਅਸਥਿਰ ਅੰਦੋਲਨਾਂ ਦੀ ਧੁਨੀ ਨੂੰ ਸਾਧਾਰਣ ਧੁਨੀ ਜਾਂ ਸ਼ੋਰਗੁਲ ਕਿਹਾ ਜਾਂਦਾ ਹੈ ਜੋ
ਸੰਗੀਤ ਉਪਯੋਗੀ ਨਹੀਂ। ਸੰਗੀਤ ਵਿਚ ਉਪਯੋਗੀ ਨਾਦ,
ਆਹਤ ਨਾਦ ਨੂੰ ਹੀ ਮੰਨਿਆ ਜਾਂਦਾ ਹੈ,ਜਿਸਦੀ ਅਭੀਵਿਅਕਤੀ ਸ਼ਰੁਤੀ, ਸਵਰ, ਜਾਤੀ
ਗਾਇਣ, ਥਾਟ ਅਤੇ ਅੱਗੋਂ ਰਾਗਾਂ ਦੇ ਰੂਪ ਵਿਚ ਹੋਈ
ਵੇਖਣ ਨੂੰ ਮਿਲਦੀ ਹੈ। ਰਾਗ ਸ਼ਬਦ ਦੀ ਉਤਪਤੀ
‘ਰੰਜ’ ਧਾਤੁ ਤੋਂ ਹੋਈ , ਜਿਸਦਾ ਅਰਥ ਹੈ ਪ੍ਰਸੰਨ
ਕਰਨਾ,ਖੁਸ਼ ਕਰਨਾ।ਇਕ ਨਿਸਚਿਤ ਸਵਰ ਸਮੂਹ ਦਾ ਨਾਮ ‘ਰਾਗ’ਹੈ,ਜੋ ਭਾਰਤੀ ਸ਼ਾਸਤਰੀ
ਸੰਗੀਤ ਦੀ ਆਧਾਰਸ਼ਿਲਾ ਹੈ।
ਮਾਰਗੀ
ਅਤੇ ਦੇਸ਼ੀ ਸੰਗੀਤ ਦੇ ਰੂਪ ਵਿਚ ਆਰੰਭ ਹੋਏ ਪ੍ਰਾਚੀਨ ਭਾਰਤੀ ਸੰਗੀਤ ਦਾ ਮੁਖ
ਪ੍ਰਯੋਜਨ ਲੋਕ ਸੁਹੇਲਾ ਅਤੇ ਪਰਲੋਕ ਸਫਲਾ ਬਣਾਉਣ ਨਾਲ ਹੈ।
ਗਾਂਧਰਵ ਅਤੇ ਮਾਰਗੀ ਸੰਗੀਤ ਜਿਥੇ ਜੀਵਾਂ ਨੂੰ ਪਾਰਗਾਮੀ ਖੇਤਰ ਨਾਲ ਜੋੜਨ
ਲਈ ਕਾਰਜਸ਼ੀਲ ਰਿਹਾ ਹੈ, ਉਥੇ ਲੋਕ ਸੰਗੀਤ ਵੱਖ
ਵੱਖ ਖੇਤਰਾਂ, ਵਰਗਾਂ ਅਤੇ ਸਭਿਆਚਾਰਾਂ ਦੇ ਲੋਕਾਂ
ਦੀ ਸਾਂਝ ਨੂੰ ਹੋਰ ਮਜਬੂਤ ਕਰਨ ਲਈ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ
ਹੈ।ਭਾਰਤੀ ਸ਼ਾਸਤਰੀ ਸੰਗੀਤ ਨੇ ਆਪਣੀ ਵਿਲੱਖਣ ਪਹਿਚਾਣ ਸਦਕਾ ਵਿਸ਼ਵ ਭਰ ਦੇ ਲੋਕਾਂ
ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ, ਮਨੁੱਖੀ
ਮਨਾਂ ਉਪਰ ਜਾਦੂ ਕਰਨ ਵਾਲੇ ਇਸਦੇ ਗੁੱਝੇ ਰਹੱਸ ਨੂੰ ਜਾਨਣ ਲਈ ਹਰ ਚਿੰਤਨਸ਼ੀਲ
ਵਿਅਕਤੀ ਇੱਛਕ ਹੈ,ਪਰ ਇਸ ਭੇਦ ਦਾ ਖੁਰਾ ਖੋਜ ਲ਼ੱਭਣ ਲਈ ਹਮੇਸ਼ਾਂ ਦ੍ਰਿੜ ਸ਼ੰਕਲਪ
ਅਤੇ ਕਠਿਨ ਸਾਧਨਾ ਦੀ ਜਰੂਰਤ ਪੈਂਦੀ ਹੈ। ਇਸਦੀ
ਗਹਿਰਾਈ, ਇਸ ਵਿਚ ਡੁਬਕੇ ਹੀ ਨਾਪੀ ਜਾ ਸਕਦੀ ਹੈ।
ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਸਿੰਘ ਅਨੁਸਾਰ,
ਸੰਗੀਤ ਦੀਆਂ 22 ਸ਼ਰੁਤੀਆਂ ਅਤੇ ਤਬਲੇ ਦੇ 10 ਵਰਣਾਂ ਦੀ 32 ਅੱਖਰੀ ਵਰਣਮਾਲਾ ਵਿਚ
ਭਾਰਤੀ ਸੰਗੀਤ ਦਾ ਸਾਰਾ ਰਹਸ ਛੁਪਿਆ ਹੈ।ਸੰਗੀਤ ਨਾਲ ਜੁੜੀਆਂ ਕਈ ਚਮਤਕਾਰੀ
ਸ਼ਕਤੀਆਂ ਅਤੇ ਸੰਗੀਤ ਨਾਲ ਚਕਿਤਸਾ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ,ਜਿਸਨੂੰ
ਜਾਨਣ ਲਈ ਅੱਜ ਵਿਗਿਆਨ ਵੀ ਯਤਨਸ਼ੀਲ ਹੈ।ਨਿਰਸੰਦੇਹ ਜਦ ਤੱਕ ਦੁਨੀਆਂ ਦਾ ਵਜੂਦ
ਰਹੇਗਾ,ਆਪਣੀਆਂ ਵਿਲੱਖਣ ਖੂਬੀਆਂ ਸਦਕਾ ਭਾਰਤੀ ਸੰਗੀਤ ਹਮੇਸ਼ਾ ਅਮਰ ਰਹੇਗਾ।
ਡਾ .ਰਵਿੰਦਰ ਕੌਰ ਰਵੀ
ਅਸਿਸਟੈਂਟ ਪ੍ਰੋਫੈਸਰ,ਸੰਗੀਤ ਵਿਭਾਗ
ਪੰਜਾਬੀ ਯੂਨੀਵਰਸਿਟੀ,ਪਟਿਆਲਾ
raviravinderkaur28@gmail.com |