|
ਰੱਬ ਦੀ ਬਖਸ਼ਿਸ
|
ਦੁਨੀਆਂ ਦੀ ਰੌਚਿਕਤਾ ਦਾ ਮੂਲ ਅੰਸ਼ ਇਸ ਗੱਲ ਵਿੱਚ ਪਿਆ ਹੈ ਕਿ ਇੱਥੇ ਇੱਕੋ ਹੀ
ਪ੍ਰਾਣੀਜਾਤੀ ਵਿੱਚ ਵੱਖ ਵੱਖ ਕਿਸਮਾਂ ਜਾਂ ਸੁਭਾਅ ਹੁੰਦੇ ਹਨ। ਇਹ ਸੁਭਾਅ
ਵੀ ਇੱਕ ਤੋਂ ਵੱਧ ਪ੍ਰਾਣੀਆਂ ਵਿੱਚ ਹੁੰਦਾ ਹੈ। ਜਿਵੇਂ ਮੱਝਾਂ ਗਾਵਾਂ ਦੀਆਂ
ਕਿਸਮਾਂ ਅਨੁਸਾਰ ਉਹਨਾਂ ਦੇ ਗੁਣ-ਔਗੁਣ ਹੁੰਦੇ ਹਨ।
ਸਾਲ ਕੁ ਪੁਰਾਣੀ ਗੱਲ ਹੈ।
ਮੈਂ ਤੇ ਮੇਰਾ ਇੱਕ ਦੋਸਤ, ਸਰਦੀਆਂ ਦੀ ਸਵੇਰੇ ਨੂੰ ਆਪਣੀ ਕਾਰ ਵਿੱਚ ਕਿਤੇ ਜਾ
ਰਹੇ ਸੀ। ਅਸੀਂ ਆਪਣਾ ਰਸਤਾ ਪਿੰਡਾਂ ਵਿੱਚ ਦੀ ਚੁਣਿਆ ਤਾਂ ਕਿ ਰਸਤੇ ਵਿੱਚ ਕੁਝ
ਫੋਟੋਗ੍ਰਾਫੀ ਵੀ ਕਰ ਸਕੀਏ ਤੇ ਕੁਝ ਵਿਚਾਰ-ਵਟਾਂਦਰਾ ਵੀ ਮੁੱਖ ਸੜਕ ਦੀ ਤੜਕ-ਭੜਕ
ਤੋਂ ਬਚ ਕੇ ਹੀ ਹੋ ਸਕੇਗਾ। ਅਸੀਂ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ। ਛੱਪੜਾਂ ਤੋਂ
ਉੱਠਦੀ ਭਾਫ ਨੂੰ ਮਾਣਿਆ। ਚੜਦੇ ਸੂਰਜ ਦੀ ਬਦਲਦੀ ਲਾਲੀ ਬਾਰੇ ਗੱਲ ਕੀਤੀ। ਸੂਰਜ
ਦੀ ਵਿਸ਼ਾਲਤਾ ਅੱਗੇ ਚੰਨ ਦੀ ਨਿਮਰਤਾ ਦੀ ਵਡਿਆਈ ਕੀਤੀ। ਕਣਕਾਂ ਨੂੰ ਢੱਕੀ ਹੋਈ
ਤਰੇਲ ਦੇ ਲੋਪ ਹੋਣ ਦੇ ਸਮੇਂ ਦੀ ਚਿੰਤਾ ਕੀਤੀ। ਠੰਡ ਵਿੱਚ ਕੁੰਗੜੇ ਬੈਠੇ ਪੰਛੀਆਂ
ਬਾਰੇ ਸੋਚਿਆ ਤੇ ਸ਼ਿਕਾਰ ਦੀ ਭਾਲ ਵਿੱਚ ਉੱਡੇ ਫਿਰਦੇ `ਚਿੜੀ ਮਾਰ` ਨੂੰ
ਫੜਫੜਾਉਂਦੇ ਦੇਖਿਆ। ਇੰਝ ਲੱਗ ਰਿਹਾ ਸੀ ਕੁਦਰਤ ਅਣਲਿਖੇ ਅਸੂਲਾਂ ਨੂੰ ਕਾਰਜ ਸ਼ੈਲੀ
ਦੇ ਰਹੀ ਹੋਵੇ।
`ਬਾਈ ਜੀ ਇਹ ਦੱਸੋ, ਆਹ ਜਿਹੜੇ ਆਪਣੇ ਸ਼ਹਿਰ ਦੇ ਕਈ ਬੰਦੇ ਆ, ਇਹ ਕਿਹੋ ਜਿਹੇ ਹਨ?
ਜਦੋਂ ਵੀ ਕੋਈ ਬਾਹਰੋਂ ਲੀਡਰ ਜਾਂ ਮਸ਼ਹੂਰ ਬੰਦਾ ਆਉਂਦਾ ਹੈ, ਇਹ ਮੂਹਰੇ ਹੋ
ਹੋ ਕੇ ਫੋਟੋਆਂ ਖਿਚਵਾਉਂਦੇ ਆ। ਫੇਰ ਪੱਤਰਕਾਰਾਂ ਦੀ ਚਮਚੀ ਮਾਰ ਕੇ ਖਬਰ
ਛਪਵਾਉਂਦੇ ਆ। ਇਹ ਸਭ ਕੁਝ ਕਾਹਤੋਂ ਕਰਦੇ ਆ ਤੇ ਕੀ ਮਿਲਦਾ ਇਹਨਾਂ ਨੂੰ? ਮੇਰੇ
ਮਿੱਤਰ ਨੇ ਕਾਰ ਚਲਾਉਂਦੇ ਹੋਏ ਸਵਾਲ ਕੱਢ ਮਾਰਿਆ।
"ਵੀਰ ਇਹ ਤਾਂ ਇਹਨਾਂ ਨੂੰ ਰੱਬ ਦੀ ਬਖਸ਼ਿਸ਼ ਆ" `ਉਹ ਕਿਵੇਂ`- ਮੇਰਾ ਦੋਸਤ
ਹੈਰਾਨ ਹੋ ਕੇ ਪੁੱਛਣ ਲੱਗਾ।
`ਦੇਖ ਆਪਾਂ ਪਿੰਡਾਂ ਵਿੱਚ ਦੀ ਆਏ ਆਂ। ਜਦ ਵੀ ਆਪਣੀ ਕਾਰ ਕਿਸੇ ਰੂੜੀ ਆਦਿ ਕੋਲੋਂ
ਲੰਘੀ। ਪਿੰਡ ਦੇ ਕੁੱਤੇ ਆਪਣੇ ਨਾਲ ਦੌੜ ਪੈਂਦੇ ਸਨ। ਕੋਈ ਪਹਿਲਾਂ ਤਿਆਰ ਹੁੰਦਾ
ਦੌੜਨ ਲਈ ਤੇ ਕੋਈ ਮੌਕੇ ਤੇ। ਆਪਾਂ ਕਾਰ ਨਹੀਂ ਰੋਕੀ ਕਦੇ। ਉਹ ਆਪੋ-ਆਪਣੇ ਦਮ
ਅਨੁਸਾਰ ਥੋੜਾ ਬਹੁਤਾ ਦੌੜ ਕੇ ਫਿਰ ਕਿਸੇ ਹੋਰ ਕਾਰ ਦਾ ਇੰਤਜ਼ਾਰ ਕਰਨ ਲੱਗ ਪੈਂਦੇ
ਸਨ। ਇਹ ਹਰ ਪਿੰਡ ਵਿੱਚ ਹੁੰਦਾ। ਕੋਈ ਪਿੰਡੋਂ ਪਿੰਡ ਕੁੱਤਿਆਂ ਨੂੰ ਸਿਖਾਉਣ ਤਾਂ
ਨੀਂ ਜਾਂਦਾ। ਇਹ ਸਭ ਰੱਬ ਦੀ ਬਖਸ਼ਿਸ਼ ਹੈ। ਇਹ ਇੱਕ ਕਸਰਤ ਹੈ ਜੋ ਇਹਨਾਂ ਨੂੰ ਕਾਇਮ
ਰੱਖਦੀ ਹੈ। ਬੰਦੇ ਵੀ ਤਾਂ ਰੱਬ ਨੇ ਬਣਾਏ ਨੇ। ਬੰਦਿਆਂ ਨੂੰ ਵੀ ਕਸਰਤ ਦੀ ਲੋੜ
ਹੈ। ਫੇਰ ਇਹ ਸਿਰਫ ਆਪਣੇ ਸ਼ਹਿਰ ਹੀ ਨਹੀਂ, ਹਰ ਸ਼ਹਿਰ ਗਰਾਂ ਇਹ ਮਿਲ ਜਾਣਗੇ, ਰੱਬ
ਦੇ ਬਖਸ਼ੇ ਹੋਏ।` `ਬਾਕੀ, ਤੂੰ ਹੁਣ ਸਿਆਣਾ ਹੈਂ ਆਪੇ ਸਮਝ ਲੈ।`
ਜਨਮੇਜਾ ਸਿੰਘ ਜੌਹਲ
|