ਇਕ ਵਾਰ ਨਹੀਂ, ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਪੱਤਰਕਾਰ ਵੀਰ ਕਿਸੇ ਵਿਸ਼ੇ
ਉਤੇ ਸਹਿਮਤੀ ਨਾ ਹੋਣ 'ਤੇ ਆਪਸ ਵਿੱਚ ਹੀ ਸਿੰਝ ਫਸਾ ਕੇ ਬੈਠ ਜਾਂਦੇ ਹਨ ।
ਸੰਜੀਦਾ ਮੁੱਦੇ ਅਤੇ ਵਿਸ਼ੇ ਉਪਰ ਗੰਭੀਰਤਾ ਨਾਲ ਧਿਆਨ ਦਿੱਤੇ ਜਾਣ ਦੀ ਬਜਾਏ
ਪੱਤਰਕਾਰ ਵੀਰ ਆਪਣੇਂ ਨਿੱਜ ਕੱਦ ਅਤੇ ਆਪਣੇਂ ਰਸੂਖ ਨੂੰ ਹੀ ਅਹਿਮੀਅਤ ਦਿੰਦੇ ਹਨ
। ਪੱਤਰਕਾਰ ਵੀਰਾਂ ਦੀ ਲੱਤ ਖਿੱਚਵੀਂ ਖੇਡ ਵਿਦੇਸ਼ਾਂ ਦੇ ਪੰਜਾਬੀ ਮੀਡੀਏ 'ਚ
ਵਧੇਰੇ ਦੇਖਣ ਨੂੰ ਮਿਲਦੀ ਹੈ ।
ਵਿਦੇਸ਼ੀ ਮੀਡੀਏ ਦੇ ਪੱਤਰਕਾਰ ਵੀਰਾਂ ਦੀ ਬਹੁਤਾਤ ਗਿਣਤੀ ਉਹ ਹੁੰਦੀ ਹੈ
ਜਿਹਨਾਂ ਨੂੰ ਪੱਤਰਕਾਰੀ ਦਾ ਭੂਤ ਵਿਦੇਸ਼ਾਂ ਦੀ ਧਰਤੀ ਤੇ ਪੈਰ ਰੱਖਦਿਆਂ ਹੀ ਸਵਾਰ
ਹੋਇਆ ਹੁੰਦਾ ਹੈ । ਇਹ ਭੂਤ ਵੀ ਭਾਈਚਾਰੇ ਵਿੱਚ ਆਪਣੇਂ ਕੱਦ, ਰਸੂਖ ਨੂੰ ਵੱਡਾ
ਦਿਖਾਉਣ ਦੇ ਵਿਅਕਤੀਗਤ ਵਿਚਾਰਾਂ ਤੋਂ ਹੀ ਪ੍ਰਭਾਵਿਤ ਹੁੰਦਾ ਹੈ । ਇਹਨਾਂ
ਪੱਤਰਕਾਰ ਵੀਰਾਂ ਨੇਂ ਨਾ ਤਾਂ ਜਮੀਨੀਂ ਪੱਧਰ ਤੇ ਪੱਤਰਕਾਰੀ ਦੀ ਅਸਲੀ ਤਸਵੀਰ
ਵੇਖੀ ਹੰਦੀ ਹੈ ਅਤੇ ਨਾ ਹੀ ਇਹ ਜਾਣਿਆਂ ਹੁੰਦਾ ਹੈ ਕਿ ਇਹ ਖੇਤਰ ਬਹੁਤ ਸਾਰੀਆਂ
ਚੁਣੌਤੀਆਂ ਨਾਲ ਭਾਰ ਪਿਆ ਹੈ । ਪੱਤਰਕਾਰੀ ਨੂੰ ਇਸੇ ਕਰਕੇ ਘਰ ਫੂਕ ਤਮਾਸ਼ਾ ਦੇਖਣ
ਵਾਲੀ ਖੇਡ ਕਿਹਾ ਜਾਂਦਾ ਹੈ ।
ਪਿੱਛੇ ਪੰਜਾਬ ਵਿੱਚ ਛਪਦੇ ਕਈ ਨਾਮਵਾਰ ਅਖਬਾਰ ਵਿਦੇਸ਼ੀ ਪੱਤਰਕਾਰ ਵੀਰਾਂ ਦੀ
ਲੱਤ ਵੱਢ ਲੜਾਈ ਨੂੰ ਰਿਮੋਟ ਨਾਲ ਪੰਜਾਬ ਤੋਂ ਨਿਯੰਤਰਿਤ ਕਰਦੇ ਹਨ । ਇਹ ਸ਼ਾਤਿਰ
ਸਰਮਾਏਦਾਰ ਅਤੇ ਸਰਕਾਰਾਂ ਦੇ ਝੋਲ੍ਹੀ ਚੁੱਕ ਅਖਬਾਰਾਂ ਵਿਦੇਸ਼ਾਂ 'ਚ ਰਹਿੰਦੇ ਕਿਸੇ
ਧਨਾਢ ਨੂੰ "ਪ੍ਰਤੀਨਿਧ" ਸ਼ਬਦ ਦੇ ਨਾਮ ਅਧੀਨ ਆਪਣਾਂ ਲੰਬੜਦਾਰ ਥਾਪ ਦਿੰਦੀਆਂ ਹਨ
ਅਤੇ ਇਸ ਲੰਬੜਦਾਰ ਦਾ ਕੰਮ ਬੱਸ ਇਹ ਹੁੰਦਾ ਹੈ ਕਿ ਇਸਨੇਂ ਵਿਦੇਸ਼ 'ਚ ਪੱਤਰਕਾਰ
ਬਨਾਉਣੇਂ ਹੁੰਦੇ ਹਨ । ਹੁਣ ਜਿਸ ਬੰਦੇ ਨੇ ਆਪ ਪੱਤਰਕਾਰੀ ਦਾ ਓ ਅ ਨਹੀਂ ਸਿੱਖਿਆ
ਹੁੰਦਾ ਉਹ ਪੂਰੇ ਵਾਕ ਬਨਾਉਣ ਵਾਲੇ ਬੰਦੇ ਭਾਲ ਰਿਹਾ ਹੁੰਦਾ । ਇਹ ਲੰਬੜਦਾਰ
ਪੱਤਰਕਾਰ ਵੀ ਉਹੀ ਲੱਭਦਾ ਹੈ ਜੋ ਇਹਨਾਂ ਦੇ ਆਕਾਵਾਂ ਨੂੰ ਮੁਫਤ ਸੇਵਾ ਪ੍ਰਦਾਨ ਕਰ
ਸਕੇ । ਇਹ ਮੁਫਤ ਸੇਵਾ ਪੱਤਰਕਾਰ ਵੀਰ ਵੀ ਬਹੁਤ ਮਨ ਚਿੱਤ ਲਾ ਕੇ ਕਰਦੇ ਹਨ ।
ਵਿਦੇਸ਼ 'ਚ ਥਾਪੇ ਲੰਬੜਦਾਰ ਦਾ ਕੰਮ ਪੱਤਰਕਾਰ ਵੀਰਾਂ ਨੂੰ ਪਾੜ ਕੇ ਰੱਖਣ ਤੋਂ
ਇਲਾਵਾ ਕੁੱਝ ਨਹੀਂ ਹੁੰਦਾ ਤਾਂ ਕਿ ਪੱਤਰਕਾਰਾਂ ਦੀ ਆਪਸੀ ਖਿੱਚੋਤਾਣ 'ਚ ਇਹਨਾਂ
ਦੇ ਮਾਲਕਾਂ ਦਾ ਵਿੱਤੀ ਫਾਇਦਾ ਹੁੰਦਾ ਰਹੇ । ਪੱਤਰਕਾਰ ਵੀਰਾਂ ਦੀ ਆਪਸੀ
ਖਾਨਾਂਜੰਗੀ 'ਚ ਅਖਬਾਰਾਂ ਆਪਣਾਂ ਉੱਲੂ ਸਿੱਧਾ ਕਰ ਜਾਂਦੀਆਂ ਹਨ ਅਤੇ ਲੰਬੜਦਾਰ
ਆਪਣੀਂ ਖੇਡ ਖੇਡਦਾ ਰਹਿੰਦਾ ਹੈ ਅਤੇ ਪੱਤਰਕਾਰ ਵੀਰ ਪਿਆਦੇ ਬਣ ਕੇ ਇੱਧਰ ਓੁਧਰ
ਘੁੰਮਦੇ ਰਹਿੰਦੇ ਹਨ । ਫਿਰ ਲੰਬੜਦਾਰ ਦੇ ਇਸ਼ਾਰਿਆਂ ਤੇ ਇਹ ਦਿਨ 'ਚ ਹੀ ਦਿਵਾਲੀ
ਦੀ ਆਤਿਸ਼ਬਾਜ਼ੀ ਕਰ ਜਾਂਦੇ ਹਨ ।
ਪੱਤਰਕਾਰੀ ਮੀਡੀਆ ਦਾ ਹੀ ਅੰਗ ਹੈ । ਕਿਸੇ ਲੱਚਰ ਗਾਇਕ ਦੇ ਸ਼ੋ ਤੇ ਵਿਦੇਸ਼ੀ
ਪੱਤਰਕਾਰ ਵੀਰ ਗਲ੍ਹ 'ਚ ਮੀਡੀਆ ਪਾਸ ਲਟਕਾ ਕੇ ਗਾਇਕ ਨਾਲ ਫੋਟੋ ਖਿਚਾਉਣ ਦੀ ਖੁਸ਼ੀ
'ਚ ਫੂਕ ਨਾਲ ਪਾਟਣ ਨੂੰ ਆਏ ਪਏ ਹੁੰਦੇ ਨੇਂ ਪਰ ਮੀਡੀਆ ਕੀ ਹੈ ਅਤੇ ਇਸ ਦੀ
ਜੁੰਮੇਵਾਰੀ ਕੀ ਹੈ ਵਰਗੇ ਸਰੋਕਾਰ ਤਾਂ ਇਹਨਾ ਦੇ ਦਿਮਾਗ ਵਿੱਚ ਹੀ ਨਹੀਂ ਹੁੰਦੇ ।
ਇਹਨਾਂ ਦਾ ਮੰਤਵ ਤਾਂ ਗਲ ਵਾਲੇ ਪਾਸ ਸਹਾਰੇ ਗੰਦ ਗਾਉਣ ਵਾਲੇ ਗਾਇਕਾਂ ਨਾਲ ਫੋਟੋ
ਖਿਚਾਉਣ ਤੱਕ ਮਹਿਦੂਦ ਹੋ ਕੇ ਰਹਿ ਜਾਂਦਾ ਹੈ । ਮੀਡੀਆ ਸ਼ਬਦ ਇਕ ਬਹੁਵਚਨ ਹੈ ਜੋ
ਕਿ ਸੰਚਾਰ ਦੇ ਸਾਧਨਾਂ ਲਈ ਵਰਤਿਆ ਜਾਂਦਾ ਹੈ । ਇਸ "ਮੀਡੀਆ" ਸ਼ਬਦ ਦੇ ਅਰਥ
ਮਧਿਆਂਤਰ ਬਣਦੇ ਹਨ ਜੋ ਕਿ ਜਨਤਾ ਅਤੇ ਹਕੂਮਤ, ਪ੍ਰਣਾਲੀ ਵਿਚਕਾਰ ਮਧਿਆਂਤਰ ਦਾ
ਕੰਮ ਕਰਦੇ ਹਨ । ਜਨਤਾ ਕੀ ਚਾਹੁੰਦੀ ਹੈ ਅਤੇ ਸਰਕਾਰ ਇਹਨਾਂ ਮੰਗਾਂ ਬਾਰੇ ਕੀ ਕਰ
ਰਹੀ ਹੈ ਨੂੰ ਉਜਾਗਰ ਕਰਨ ਦਾ ਕੰਮ ਵੀ ਇਸ ਵਿਚੋਲੇ ਦਾ ਹੀ ਹੈ । ਆਰਥਿਕ,
ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਲੋਕਾਂ ਨੂੰ ਉਜਾਗਰ ਕਰਨਾਂ ਅਤੇ ਇਹਨਾਂ ਨਾਲ
ਸੰਬੰਧਿਤ ਦਰਪੇਸ਼ ਚੁਣੌਤੀਆਂ ਦੇ ਹੱਲ ਦੀ ਜੁੰਮੇਵਾਰੀ ਵੀ ਮੀਡੀਆ ਦੀ ਹੀ ਬਣਦੀ ਹੈ
।
ਸਮਾਜਿਕ ਵਿਸ਼ੇ ਨਾਲ ਸੰਬੰਧਿਤ ਜੁੰਮੇਵਾਰੀਆਂ ਵੀ ਮੀਡੀਆ ਦੇ ਸਿਪਹੇਸਲਾਰ
ਪੱਤਰਕਾਰ ਵੀਰਾਂ ਨੂੰ ਚੰਗੀ ਤਰ੍ਹਾਂ ਸਮਝਣੀਆਂ ਪੈਣਗੀਆਂ । ਆਰਥਿਕ, ਧਾਰਮਿਕ ਅਤੇ
ਰਾਜਨੀਤਿਕ ਵਿਸ਼ਿਆ ਦੀਆਂ ਗਹਿਰਾਈਆਂ ਸਮਝਣਾਂ ਵਿਦੇਸ਼ੀ ਪੱਤਰਕਾਰਾਂ ਦੇ ਤਾਂ ਵਸ ਦੀ
ਗੱਲ ਤਾਂ ਲੱਗਦੀ ਨਹੀਂ ਕਿਉਂ ਕਿ ਇਹਨਾਂ ਵਿਸ਼ਿਆਂ ਤੇ ਪੱਤਰਕਾਰੀ ਬਹੁਤ ਅਧਿਐਨ ਅਤੇ
ਮੁਹਾਰਤ ਮੰਗਦੀ ਹੈ । ਬਾਕੀ ਰਹਿ ਗਿਆ ਸਮਾਜਿਕ ਵਿਸ਼ਾ ਤਾਂ ਵਿਦੇਸ਼ੀ ਪੰਜਾਬੀ
ਪੱਤਰਕਾਰਾਂ ਦੀ ਸਭ ਤੋਂ ਵੱਧ ਜੁੰਮੇਵਾਰੀ ਬਣਦੀ ਹੈ । ਇਸ ਖੇਤਰ ਵਿੱਚ ਕਿਸੇ
ਡਿਗਰੀ ਦੀ ਲੋੜ ਵੀ ਨਹੀਂ ਕਉਂ ਕਿ ਉਹ ਇਸ ਸਮਾਜ ਦਾ ਹਿੱਸਾ ਹੋ ਕੇ ਹਰ ਸਮਾਜਿਕ
ਵਿਸ਼ੇ ਅਤੇ ਸਮੱਸਿਆ ਤੋਂ ਜਾਣੂਂ ਹਨ । ਸਮਾਜ ਦਾ ਹਿੱਸਾ ਹੁੰਦੇ ਹੋਏ ਪੱਤਰਕਾਰ ਵੀਰ
ਸਮਾਜਿਕ ਦਰਪੇਸ਼ ਚੁਣੌਤੀਆਂ ਦੀ ਚੰਗੀ ਤਰ੍ਹਾਂ ਸਮਝ ਰੱਖਦੇ ਹਨ ਪਰ ਨਾਸਮਝ ਹੋਣ ਦਾ
ਡਰਾਮਾਂ ਵੀ ਕਰਦੇ ਹਨ । ਇਹਨਾਂ ਦਰਪੇਸ਼ ਚੁਣੌਤੀਆਂ 'ਚ ਸਭ ਤੋਂ ਵੱਡਾ ਅਤੇ ਸ਼ਰਮਸਾਰ
ਕਰਨ ਵਾਲਾ ਮੁੱਦਾ ਲੱਚਰ ਗਾਇਕੀ ਦਾ ਵੀ ਹੈ ।
ਵਿਦੇਸ਼ 'ਚ ਕਈ ਪੱਤਰਕਾਰ ਵੀਰ ਗੰਦ ਗਾਉਣ ਵਾਲੇ ਗਾਇਕਾਂ ਖਿਲਾਫ ਸੋਸ਼ਲ ਮੀਡੀਆ
ਸਾਈਟਾਂ ਤੇ ਲਿਖ ਲਿਖ ਕੇ ਲੋਕਾਂ ਕੋਲੋਂ ਫੋਕੀ ਮਸ਼ਹੂਰੀ ਖੱਟੀ ਜਾ ਰਹੇ ਸਨ ਤਾਂ ਕਿ
ਲੋਕਾਂ ਨੂੰ ਵਿਖਾ ਸਕਣ ਕੇ ਉਹ ਸਮਾਜ ਪ੍ਰਤੀ ਬਹੁਤ ਚਿੰਤਤ ਹਨ । ਪਰ ਮੇਰੇ ਵੀਰ ਇਹ
ਨਹੀਂ ਜਾਣਦੇ ਕਿ ਜਨਤਾ ਬਹੁਤ ਸਿਆਣੀਂ ਹੈ । ਸੰਗਤ ਸਿਰਫ ਲੱਚਰ ਗਾਇਕੀ ਵਿਰੁੱਧ
ਸੋਸ਼ਲ ਸਾਈਟਾਂ ਤੇ ਪਿੱਟ ਪਿੱਟ ਕੇ ਕੀਤੇ ਵਿਰੋਧ ਨਾਲ ਲਾਲ ਹੋਈਆਂ ਤੁਹਾਡੀਆਂ
ਛਾਤੀਆਂ ਹੀ ਨਹੀਂ ਦੇਖਦੀ ਬਲਕਿ ਸੰਗਤ ਇਹ ਵੀ ਦੇਖਦੀ ਹੈ ਕਿ ਇਹ ਵਿਰੋਧ ਕਰਨ ਵਾਲੇ
ਲੋਕ ਹੀ ਇਹ ਗੰਦ ਗਾਉਣ ਵਾਲਿਆਂ ਨਾਲ ਜੱਫੀਆਂ ਪਾ ਕੇ ਮਾਣ ਮਹਿਸੂਸ ਕਰਦੇ ਹਨ ।
ਦਿੱਲੀ 'ਚ ਬਲਾਤਕਾਰ ਪੀੜਤ ਲੜਕੀ ਨੂੰ ਇਨਸਾਫ ਦਵਾਉਣ ਲਈ ਕੋਈ ਰਾਜਸੀ ਲੀਡਰ
ਸੜਕ੍ਹਾਂ ਤੇ ਨਹੀਂ ਉਤਰਿਆ ਸਗੋਂ ਇਹ ਸੰਗਤ ਹੀ ਸੀ ਜੋ ਸਭ ਕੁਝ ਦੇਖਦੀ ਹੈ ਤੇ
ਮੌਕਾ ਆਉਣ ਤੇ ਲੌੜੀਂਦਾ ਫਤਵਾ ਵੀ ਦੇ ਦਿੰਦੀ ਹੈ । ਲੱਚਰ ਗਾਇਕੀ ਖਿਲਾਫ ਬੋਲਣਾਂ
ਅਤੇ ਫਿਰ ਅਜਿਹਾ ਗਾਉਣ ਵਾਲਿਆਂ ਨਾਲ ਹੀ ਫੋਟੋਆਂ ਖਿਚਵਾਉਣੀਆਂ ਤੇ ਇਹਨਾਂ ਨੂੰ
ਅਪਣੱਤ ਦਿਖਾਉਣੀਂ ਦੋਹਰੇ ਮਾਪਦੰਡ ਦੀ ਨਿਸ਼ਾਨੀਂ ਹੈ । ਫਿਰ ਜਦ ਸੰਗਤ ਇਸ ਵਰਤਾਰੇ
ਨੂੰ "ਦੋਗਲਾ" ਕਹਿੰਦੀ ਹੈ ਤਾਂ ਇਸ ਵਿੱਚ ਝੂਠ ਵੀ ਕੋਈ ਨਹੀਂ । ਫਿਰ ਦੋਗਲੇ ਕਹਿਣ
ਤੇ ਪੱਤਰਕਾਰ ਵੀਰਾਂ ਦਾ ਇਹ ਵੀ ਕਹਿਣਾਂ ਹੁੰਦਾ ਹੈ ਕਿ 'ਕੋਈ ਨਹੀਂ ਕਹੀ ਜਾਣ
ਦਿਓ"
ਕੀ ਇਹ ਵੀਰ ਆਪਣੇਂ - ਆਪਣੇਂ ਜਵਾਕਾਂ ਨੂੰ " ਮੁੰਨੀਂ ਨੂੰ ਮਨਾ ਲਓ ਬਈ ਅੱਧੇ
ਪੈਸੇ ਪਾ ਲਓ ਬਈ" ਅਤੇ " ਮੈਂ ਬਲਾਤਕਾਰੀ ਹਾਂ" ਵਰਗੇ ਫਿਕਰਿਆਂ ਦੇ ਅਰਥ ਦੱਸ
ਸਕਣਗੇ । ਕੀ ਇਹ ਆਪਣੀਆਂ ਧੀਆਂ ਅਤੇ ਮਾਵਾਂ ਅੱਗੇ "ਫਰੈਸ਼ ਪੀਸ" "ਸੈਕੰਡ ਹੈਂਡ"
ਅਤੇ "ਪਰੋਪਰ ਪਟੋਲਾ" ਵਰਗੀਆਂ ਗੱਲਾਂ ਕਰ ਸਕਦੇ ਹਨ ? ਜਵਾਬ ਇਹਨਾਂ ਦੋਹਰੇ
ਮਾਪਦੰਡ ਵਾਲੇ ਲੋਕਾਂ ਨੂੰ ਵੀ ਪਤਾ ਹੀ ਹੈ । "ਵਿਰੋਧ ਵੀ ਕਰਨਾ ਅਤੇ ਪ੍ਰਮੋਟ ਵੀ
ਕਰਨਾਂ" ਦਾ ਦੋਹਰਾ ਮਾਪਦੰਡ ਤਾਂ ਫਿਰ ਇਹ "ਨਾਲੇ ਨੱਚਦੀ ਤੇ ਨਾਲੇ ਘੁੰਢ ਕੱਢ ਕੇ"
ਵਾਲੀ ਗੱਲ ਹੀ ਹੈ । ਇਕ ਪਾਸੇ ਹੋਣ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ । ਇਕ ਪਾਸੇ
ਹੋ ਕੇ ਜਾ ਤਾਂ ਫਿਰ ਪੈਰ ਘੁੰਗਰੂ ਪਾ ਕੇ ਸ਼ਰੇਆਮ ਲੱਚਰ ਗਾਇਕੀ ਦੇ ਚਕਲੇ ਤੇ ਨੱਚ
ਸਕਦੇ ਹਨ ਜਾਂ ਫਿਰ ਸ਼ਰਮ ਦਾ ਘੁੰਢ ਕੱਢ ਕੇ ਹਿੱਕ ਤਾਣ ਕੇ ਸਾਰਿਆਂ ਸਹਾਮਣੇਂ ਇਹ
ਗੰਦ ਗਾਉਣ ਵਾਲਿਆਂ ਦੀ ਵਿਰੋਧਤਾ ਕਰ ਸਕਦੇ ਹਨ । ਫਿਰ ਅਜਿਹਾ ਕਰਨ ਤੋਂ ਬਾਅਦ ਕੋਈ
ਇਤਰਾਜ਼ ਵੀ ਨਹੀਂ ਕਰੇਗਾ ।
ਗੱਲ ਇਹ ਨਹੀਂ ਕਿ ਸਭ ਇਕ ਰੱਸੇ ਬੰਨ੍ਹਣ ਵਾਲੇ ਹਨ । ਨਿਡਰ, ਨਿਧੜ੍ਹਕ ਹੋ ਕੇ
ਇਹਨਾਂ ਲੱਚਰ ਗਾਉਣ ਵਾਲਿਆਂ ਦੇ ਅੱਗੇ ਆ ਕੇ ਉਹਨਾਂ ਦੀ ਵਿਰੋਧਤਾ ਕਰਨ ਵਾਲਾ ਇਕ
ਵਿਅਕਤੀ ਅਸਟ੍ਰੇਲੀਆ 'ਚ ਮਿੰਟੂ ਬਰਾੜ ਰਹਿੰਦਾ ਹੈ । ਹਨੀਂ ਸਿੰਘ ਦੇ ਗਾਏ ਗੰਦ ਦਾ
ਵਿਰੋਧ ਉਸਨੇਂ ਹਨੀਂ ਸਿੰਘ ਅਤੇ ਉਸ ਦੇ ਹਮਾਇਤੀਆਂ ਦੇ ਸਾਹਮਣੇਂ ਆ ਕੇ ਕੀਤਾ ਅਤੇ
ਇਹ ਵੀ ਸਾਬਤ ਕੀਤਾ ਕਿ ਬੜਕਾਂ ਸੋਸ਼ਲ ਮੀਡੀਆ ਸਾਈਟਾਂ ਤੇ ਮਾਰ ਕੇ ਕਬੱਡੀ ਨਹੀਂ
ਜਿੱਤੀ ਜਾਣੀਂ । ਕਬੱਡੀ ਜਿੱਤਣ ਲਈ ਡੰਡ ਮਾਰਨੇਂ ਪੈਣੇਂ ਹਨ ਅਤੇ ਪਿੜ 'ਚ
ਉੱਤਰਨਾਂ ਪੈਣਾਂ ਹੈ ।
ਪੱਟ ਦੇਖ ਕੇ ਮਾਂ ਨੂੰ ਪੁੱਤ ਕਹਿੰਦਾ ਮਾਂ,
ਲੋਕੀ ਮੈਨੂੰ ਭਲਵਾਨ ਕਹਿੰਦੇ ।
ਪਤਾ ਲੱਗਦਾ ਵਿੱਚ ਮਦਾਨ ਅੰਦਰ
ਜਦੋਂ ਜੱਫੇ ਬੇਗਾਨਿਆਂ ਨਾਲ ਪੈਂਦੇ ।
ਮਿੰਟੂ ਬਰਾੜ ਨਾਲ ਬੇਸ਼ਕ ਮੇਰਾ ਕਈ ਵਿਸ਼ਿਆਂ ਤੇ ਮਤਭੇਦ ਹੋਵੇ ਪਰ ਜੋ ਹਨੀਂ
ਸਿੰਘ ਦੀ ਲੱਚਰਤਾ ਵਿਰੁੱਧ ਮੁਹਿੰਮ ਲੋਕਾਂ ਦੇ ਮੁੰਹ ਤੋਂ ਉੱਤਰ ਕੇ ਸੜਕਾਂ ਤੇ ਆਈ
ਉਸ ਦਾ ਸਿਹਰਾ ਮੈਂ ਸਭ ਗਿਲੇ ਸ਼ਿਕਵੇ ਇਕ ਪਾਸੇ ਰੱਖ ਕੇ ਮਿੰਟੂ ਬਰਾੜ ਦੇ ਸਿਰ
ਬੰਨ੍ਹਦਾਂ ਹਾਂ ਕਿ ਬਾਈ ਨੇਂ ਸਮਾਜ ਪ੍ਰਤੀ ਪੱਤਰਕਾਰੀ ਦਾ ਨੈਤਿਕ ਫਰਜ਼ ਅਦਾ ਕੀਤਾ
ਹੈ । ਹਾਂ ਪੱਤਰਕਾਰ ਵੀਰ ਚੰਗਾ ਗਾਓੁਣ ਵਾਲਿਆਂ ਨੂੰ ਪ੍ਰਮੋਟ ਕਰਨ ਤਾਂ ਸਾਡਾ ਕੋਈ
ਇਤਰਾਜ਼ ਨਹੀਂ । ਇਤਰਾਜ਼ ਹੈ ਤਾਂ ਬਸ ਦੋਹਰੇ ਮਾਪਦੰਡ ਨਾ ਅਪਣਾਏ ਜਾਣ ਤਾ ਹੀ ਸਮਾਜ
ਪ੍ਰਤੀ ਸਕਾਰਾਤਮਕ ਨਤੀਜੇ ਨਿਕਲ ਸਕਦੇ ਹਨ । ਇਕ ਪਾਸੇ ਹੋ ਕੇ ਹੀ ਪਤਾ ਲੱਗੂ ਕਿ
ਕੌਣ ਸ਼ੇਰ ਹੈ ਤੇ ਕੌਣ ਚੂਹਾ ਕਿਉਂ ਕਿ ਜੰਗਲ 'ਚ ਤਾਂ ਹਰ ਕਿਸਮ ਹੀ ਮਿਲ ਜਾਂਦੀ ਹੈ
।
ਜੇਕਰ ਇਹਨਾਂ ਵੀਰਾਂ ਦੇ ਵਿਵਹਾਰ ਦਾ ਕੋਈ ਵਿਰੋਧ ਕਰਦਾ ਹੈ ਤਾਂ ਇਹ ਨਾ ਕਿਹਾ
ਜਾਵੇ ਕਿ ਇਹ ਵਿਰੋਧ ਕਰਨ ਵਾਲਾ ਖਾਲਿਸਤਾਨੀਂ ਸਮਰਥਕ ਹੈ ਜਾਂ ਇਹ ਕਾਮਰੇਟ ਹੈ, ਇਸ
ਕਰਕੇ ਇਹ ਵਿਰੋਧ ਨਹੀਂ ਕਰ ਸਕਦਾ । ਜੇਕਰ ਕੋਈ ਖਾਲਿਸਤਾਨੀਂ ਲੱਚਰ ਗਾਇਕੀ ਵਿਰੁੱਧ
ਅਵਾਜ਼ ਬੁਲੰਦ ਕਰਦਾ ਹੇ ਤਾਂ ਮੈਂ ਵੀ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ
ਬੇਸ਼ਕ ਮੈ ਕਮਿਉਨਿਸਟ ਸੋਚ ਦਾ ਧਾਰਨੀਂ ਹਾ ਫਿਰ ਬੇਸ਼ਕ ਕੋਈ ਮੇਰੀ ਲੱਤ ਭੰਨ ਦੇਵੇ
ਜਾਂ ਕੋਈ ਯਾਰ ਰੁੱਸ ਜਾਵੇ ਜਾਂ ਪਰਿਵਾਰਕ ਮੈਂਬਰ। ਮੁੱਦਾ ਸਮਾਜ ਦੇ ਭਵਿੱਖ ਦਾ ਹੈ
ਫਿਰ ਬੇਸ਼ਕ ਉਸ ਪ੍ਰਤੀ ਖਾਲਿਸਤਾਨੀਂ ਚਿੰਤਤ ਹੋਣ ਜਾਂ ਕਾਮਰੇਡ ਸਾਡਾ ਸਾਥ ਦੇਣਾਂ
ਬਣਦਾ ਹੈ । ਸਹੀ ਗੱਲ ਸਹੀ ਹੀ ਰਹਿਣੀਂ ਹੈ ਤੇ ਇਹ ਫਤਵਾ ਜਨਤਾ ਨੇ ਦੇਣਾਂ ਸ਼ੁਰੂ
ਕਰ ਦਿੱਤਾ ਹੈ ।
ਲੱਚਰ ਗਾਇਕੀ ਦਾ ਵਿਰੋਧ ਅਤੇ ਗੰਦ ਗਾਉਣ ਵਾਲਿਆਂ ਨੂੰ ਜੇਕਰ ਵਿਰੋਧ ਤੋਂ
ਇਤਰਾਜ਼ ਹੈ ਤੇ ਉਹਨਾਂ ਮੁਤਾਬਿਕ ਉਹ ਸੱਚੇ ਹਨ ਤਾਂ ਸਹੀ ਗਲਤ ਦਾ ਫੈਂਸਲਾ ਸੋਸ਼ਲ
ਮੀਡੀਆ ਸਾਈਟਾਂ ਤੇ ਭੜਾਸ ਕੱਢ ਕੇ ਨਹੀਂ ਹੋਣਾਂ । ਬਾਹਰ ਰਹਿੰਦੇ ਕੁੱਝ ਪੱਤਰਕਾਰ
ਵੀਰਾਂ ਦੇ ਲੱਚਰ ਗਾਇਕੀ ਸੰਬੰਧੀ ਦੋਹਰੇ ਮਾਪਦੰਢ ਵਿਰੁੱਧ ਯੂਰਪ ਰਹਿੰਦੇ ਪੰਜਾਬੀ
ਰੇਡੀਓ ਤੇ ਕੰਮ ਕਰਦੇ ਵੀਰ ਨੇਂ ਇਤਰਾਜ਼ ਕੀਤਾ ਤਾਂ ਉਸ ਨਾਲ ਵਿਚਾਰ ਕਰਨ ਦੀ ਬਜਾਏ
ਸੋਸ਼ਲ ਮੀਡੀਆ ਸਾਈਟਾਂ ਤੇ ਇਤਰਾਜ਼ ਕਰਨ ਵਾਲੇ ਵੀਰਾਂ ਨੂੰ ਕੁੱਤੇ, ਬਿੱਲੇ ਤੇ ਚੂਹੇ
ਲਿਖ ਕੇ ਅਸਿੱਧੀਆਂ ਟਿੱਪਣੀਆਂ ਕੀਤੀਆਂ ਗਈਆਂ । ਇਤਰਾਜ਼ ਕਰਨ ਵਾਲੇ ਵੀਰ ਨੂੰ
ਧਮਕੀਆਂ ਫੇਸਬੁਕ ਤੇ ਵਿਚੋਲੇ ਪਾ ਕੇ ਪਹੁੰਚਦੀਆ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ।
ਯੂਰਪ ਵਾਲਾ ਪੱਤਰਕਾਰ ਵੀਰ ਤਾਂ ਗਲਬਾਤ ਲਈ ਦਰਵਾਜ਼ੇ ਖੋਲ ਕੇ ਬੈਠਾ ਹੈ ਕਿ ਗਰਮ
ਸੁਭਾਅ ਵਾਲੇ ਪੱਤਰਕਾਰ ਵੀਰ ਜਦ ਮਰਜ਼ੀ ਰੇਡੀਓ ਤੇ ਸੰਗਤ ਸਾਹਮਣੇਂ ਖੁੱਲ੍ਹੀ ਵਿਚਾਰ
ਚਰਚਾ ਕਰ ਸਕਦੇ ਹਨ ਪਰ ਆਪਣੇਂ ਆਪ ਨੂੰ ਸੱਚੇ ਕਹਿਣ ਵਾਲੇ ਵੀਰ ਪਤਾ ਨਹੀਂ ਫਿਰ
ਸੰਵਾਦ ਤੋਂ ਕਿਉਂ ਦੂਰ ਭੱਜ ਰਹੇ ਹਨ ।
ਜੇਕਰ ਕੋਈ ਸੱਚਾ ਹੋਵੇ ਤਾਂ ਉਹ ਹੀ ਲੋਕਾਂ ਦਾ ਸਾਹਮਣਾਂ ਕਰਨ ਲਈ ਦਰਵਾਜ਼ੇ
ਖੁਲ੍ਹੇ ਰੱਖਦਾ ਹੈ । ਆਪਣੇਂ ਬਚਾਓ ਲਈ ਗਵਾਂਢੀਆਂ ਦੇ ਘਰ ਦਾ ਦਰਵਾਜ਼ਾ ਨਹੀਂ
ਖੜਕਾਉਂਦਾ ।
ਮਨਦੀਪ ਸੁੱਜੋਂ
+61 430 432 716
Mandip Singh
E-mail mandipsujjon@hotmail.com
Moblle +61 430 432 716
Home 03 5941 6698
|