WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

5_cccccc1.gif (41 bytes)

ਲੋਹੜੀ ਦਾ ਤਿਓਹਾਰ ਇਤਿਹਾਸਕ, ਮਿਥਿਹਾਸਕ, ਸਰਬਸਾਂਝਾ ਅਤੇ ਮੌਸਮੀ ਤਿਓਹਾਰ ਹੈ। ਇਹ ਪੋਹ-ਮਾਘ ਦੀ ਦਰਮਿਆਨੀ ਰਾਤ ਨੂੰ ਮਨਾਇਆ ਜਾਂਦਾ ਹੈ। ਭਾਵੇਂ ਅੱਜ ਇਸ ਦਾ ਪਹਿਲਾਂ ਵਾਲਾ ਵਜੂਦ ਨਹੀਂ ਰਿਹਾ ਪਰ ਫਿਰ ਵੀ ਇਸ ਦੀ ਸਾਰਥਕਤਾ ਨੂੰ ਅਜੇ ਵੀ ਝੁਠਲਾਇਆ ਨਹੀਂ ਜਾ ਸਕਦਾ। ਉਂਝ ਸਿੱਖ ਗੁਰੂ ਸਾਹਿਬਾਨ ਦੀਆਂ ਜੋ ਸਹੀ ਸੋਚਾਂ ਜਾਂ ਮੂਲ ਲਿਖਤਾਂ ਸਨ, ਉਹਨਾਂ ਵਿੱਚ ਸਮੇ ਸਮੇ ਹੋਈ ਛੇੜ-ਛਾੜ ਨੇ ਯਥਾਰਥ ਦਾ ਮੁਹਾਂਦਰਾ ਵਿਗਾੜਿਆ ਹੈ। ਮੂਰਤੀ ਪੂਜਾ, ਭੂਤਾਂ-ਪਰੇਤਾਂ, ਕਰਮ-ਕਾਂਡਾ ਦਾ ਉਹਨਾਂ ਸਖਤੀ ਨਾਲ ਵਿਰੋਧ ਕੀਤਾ ਸੀ। ਪਰ ਹੁਣ ਬਹੁਤ ਕੁੱਝ ਉਸ ਸਮੇ ਨਾਲੋਂ ਬਦਲ ਗਿਆ ਹੈ। ਚਾਲਬਾਜ਼ ਲੋਕ ਇਹ ਵੇਖਿਆ ਕਰਦੇ ਹਨ ਕਿ ਲੋਕਾਂ ਦਾ ਰੁਝਾਨ ਕਿਸ ਪਾਸੇ ਵੱਲ ਜ਼ਿਆਦਾ ਹੈ। ਉਹ ਲੋਕ ਆਪਣੀ ਕਮਾਈ ਦੇ ਜੁਗਾੜ ਲਈ ਉੱਥੇ ਹੀ ਤੰਬੂ ਲਾ ਬਹਿੰਦੇ ਹਨ। ਲੋਹੜੀ ਦਾ ਤਿਓਹਾਰ ਵੀ ਇਸ ਮਾਰ ਤੋਂ ਬਚ ਨਹੀਂ ਸਕਿਆ ਹੈ ।

ਮਾਘੀ ਇਸ਼ਨਾਨ ਵੀ ਇਸ ਰੁੱਤ ਅਤੇ ਇਸ ਮੌਕੇ ਨਾਲ ਸਬੰਧਤ ਨਹੀਂ ਹੈ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਪ੍ਰੈਲ ਦਾ ਹੈ, ਇਵੇਂ ਹੀ ਮਾਘੀ ਦੇ ਦਿਨ ਦਾ ਵੀ ਫ਼ਰਕ ਹੈ। ਜਦੋਂ ਇਹ ਦਿਨ ਮਨਾਇਆ ਜਾਣਾ ਸ਼ੁਰੂ ਹੋਇਆ ਉਦੋਂ ਮੌਸਮੀ ਹਾਲਾਤ ਅਤੇ ਪਾਣੀ ਦੀ ਬਹੁਤ ਸਮੱਸਿਆ ਸੀ। ਮਗਰੋਂ ਇਹ ਦਿਨ ਹੀ ਪੱਕਾ ਹੋ ਗਿਆ। ਲੋਹੜੀ ਦੇ ਤਿਓਹਾਰ ਦਾ ਸਬੰਧ ਵੀ ਮੂਲ ਰੂਪ ਵਿੱਚ ਮੌਸਮ ਨਾਲ ਹੈ। ਭਾਵੇਂ ਇਸ ਨਾਲ ਕਈ ਦੰਦ –ਕਥਾਵਾਂ ਵੀ ਜੁੜ ਗਈਆਂ ਹਨ। ਵੈਦਿਕ ਧਰਮ ਅਨੁਸਾਰ ਤਿਲ+ਰੋੜੀ = ਤਿਲੋੜੀ = ਲੋਹੜੀ ਬਣਿਆਂ ਹੈ। ਵੈਦਿਕ ਕਾਲ ਵਿੱਚ ਲੋਕ ਦੇਵਤਿਆਂ ਦੀ ਪੂਜਾ ਸਮੇ ਤਿਲ, ਗੁੜ ਅਤੇ ਘਿਓ ਆਦਿ ਚੀਜ਼ਾਂ ਦੀ ਵਰਤੋਂ ਨਾਲ ਹਵਨ ਕਰਿਆ ਕਰਦੇ ਸਨ। ਲੋਹੜੀ ਨਾਮਕਰਣ ਸਬੰਧੀ ਉਪ-ਭਾਸ਼ਾ ਲੂਰੀ, ਦੇਵੀ ਲੋਹਨੀ ਆਦਿ ਨੂੰ ਵੀ ਕੁੱਝ ਲੋਕ ਇਸ ਨਾਲ ਜੋੜਦੇ ਹਨ।

ਇਸ ਤਿਓਹਾਰ ਦਾ ਸਬੰਧ ਮੁਗਲ ਕਾਲ ਵਿੱਚ ਹੋਏ ਬਹਾਦਰ ਅਤੇ ਗਰੀਬਾਂ-ਮਜ਼ਲੂਮਾਂ ਦੇ ਹਿਤੈਸ਼ੀ ਦੁੱਲੇ ਭੱਟੀ ਨਾਲ ਵੀ ਜੋੜਿਆ ਜਾਂਦਾ ਹੈ ਜੋ ਲੁਕ-ਛੁਪ ਕੇ ਦਿਨ ਕਟਦਾ ਸੀ ਕਿਓਂਕਿ ਸਰਕਾਰੀ ਭਾਸ਼ਾ ਵਿੱਚ ਉਹ ਖ਼ਤਰਨਾਕ ਡਾਕੂ ਸੀ। ਉਹ ਅਹਿਲਕਾਰਾਂ ,ਅਮੀਰਾਂ ਨੂੰ ਲੁੱਟਦਾ-ਕੁਟਦਾ ਸੀ ਜੋ ਗਰੀਬਾਂ ਦਾ ਨਪੀੜਨ ਕਰਨ ਵਾਲੇ ਸਨ। ਪਰ ਇਸ ਤਰਾਂ ਕੀਤੀ ਲੁੱਟ ਨੂੰ ਗਰੀਬਾਂ-ਲੋੜਵੰਦਾਂ ਵਿੱਚ ਵੰਡ ਦਿੰਦਾ ਸੀ। ਇੱਕ ਵਾਰ ਕੀ ਹੋਇਆ ਕਿ ਅਕਬਰ ਦੇ ਰਾਜ ਵਿੱਚ ਇੱਕ ਪ੍ਰੋਹਿਤ ਦੀਆਂ ਦੋ ਅਤਿ ਸੁੰਦਰ ਲੜਕੀਆਂ ਸੁੰਦਰੀ ਅਤੇ ਮੁੰਦਰੀ ਮੁਗਲ ਅਹਿਲਕਾਰ ਦੀ ਨਜ਼ਰ ਚੜ ਗਈਆਂ। ਉਸ ਨੇ ਪੰਡਤ ਤੋਂ ਮੰਗ ਕਰ ਦਿੱਤੀ, ਪਰ ਪੰਡਤ ਨੇ ਕਿਹਾ ਕਿ ਇਹ ਤਾਂ ਮੰਗੀਆਂ ਹੋਈਆਂ ਹਨ। ਅਹਿਲਕਾਰ ਨੇ ਲੜਕੇ ਵਾਲਿਆਂ ਨੂੰ ਡਰਾ ਕੇ ਇਹ ਰਿਸ਼ਤੇ ਤੁੜਵਾ ਦਿੱਤੇ। ਪੰਡਤ ਜਦ ਦੁੱਲੇ ਭੱਟੀ ਕੋਲ ਜਾ ਫ਼ਰਿਆਦੀ ਹੋਇਆ ਤਾਂ ਉਸ ਨੇ ਲੜਕੇ ਵਾਲਿਆਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਅ ਲਿਆ ਅਤੇ ਬਾਹਰ ਵਾਰ ਜੰਗਲ ਵਿੱਚ ਲਿਜਾਕੇ ਕੱਖ – ਕਾਨਾਂ ਨਾਲ ਅੱਗ ਬਾਲ ਕੇ ਉਸ ਦੁਆਲੇ ਉਹਨਾਂ ਦੇ ਵਿਆਹ ਰਸਮਾਂ ਨਾਲ ਕਰ ਦਿੱਤੇ। ਦੁੱਲੇ ਕੋਲ ਉਸ ਸਮੇ ਉਹਨਾਂ ਨੂੰ ਦੇਣ ਲਈ ਸਿਰਫ਼ ਸ਼ੱਕਰ ਸੀ। ਜਿਸ ਨਾਲ ਉਸਨੇ ਮੂੰਹ ਮਿੱਠਾ ਕਰਵਾ ਕੇ ਸ਼ਗਨ ਪੂਰਾ ਕਰਿਆ। ਸੁੰਦਰੀ ਮੁੰਦਰੀ ਵਾਲੀ ਗੱਲ ਸਬੰਧੀ ਲੋਹੜੀ ਵਾਲੇ ਦਿਨ ਦੁੱਲੇ ਭੱਟੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ;-

ਸੁੰਦਰੀ ਮੁੰਦਰੀ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾਭੱਟੀਵਾਲਾ ਹੋ,
ਦੁੱਲੇ ਨੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ,

ਸ਼ਾਇਦ ਏਸੇ ਕਰਕੇ ਹੀ ਅੱਗ ਬਾਲਣ-ਸੇਕਣ ਅਤੇ ਨਵੇਂ ਵਿਆਹਾਂ ਵਾਲੇ ,ਮੁੰਡਾ ਜਨਮੇ ਵਾਲੇ ਘਰ ਗੁੜ ਜਾਂ ਸ਼ੱਕਰ ਵੰਡਣ ਲੱਗੇ ਹੋਣ। ਪਰ ਹੁਣ ਅਮੀਰਾਂ ਦੇ ਚੋਝ , ਰਿਊੜੀਆਂ, ਮੂੰਗਫ਼ਲੀਆਂ ਤੋਂ ਵੀ ਕਾਫੀ ਅੱਗੇ ਜਾ ਪਹੁੰਚੇ ਹਨ। ਇੱਕ ਸਮਾਂ ਅਜਿਹਾ ਸੀ ਜਦ ਪੰਜਾਬ ਦੇ ਪਿੰਡਾਂ ਵਿੱਚ ਪੰਜਾਬੀ ਮੁਟਿਆਰਾਂ ਪੂਰਾ ਸ਼ਿੰਗਾਰ ਕਰਕੇ, ਸਿਰਾਂ ’ਤੇ ਟੋਕਰੇ ਰੱਖ ਕੇ ਪਾਥੀਆਂ ਇਕੱਠੀਆਂ ਕਰਿਆ ਕਰਦੀਆਂ ਸਨ। ਪਰ ਅੱਜ ਲੜਕੀਆਂ ਦੀ ਗਿਣਤੀ ਘਟਣ ਅਤੇ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਮੁੰਡਿਆਂ ਦੀਆਂ ਨਜ਼ਰਾਂ ਤੋਂ ਬਚਾਅ ਲਈ ਅਜਿਹਾ ਨਹੀਂ ਹੋ ਰਿਹਾ। ਸਿਰਫ਼ ਛੋਟੇ ਛੋਟੇ ਬੱਚੇ ਹੀ ਗਲੀਆਂ-ਮੁਹੱਲਿਆਂ ਵਿੱਚ ਬੋਰੀਆਂ ਘਸੀਟ ਦੇ ਇਹ ਕਹਿਕੇ ਪਾਥੀਆਂ ਇਕੱਠੀਆਂ ਕਰਦੇ ਦਿਖਾਈ ਦਿੰਦੇ ਹਨ;-

ਦੇਹ ਨੀ ਮਾਈ ਪਾਥੀ, ਤੇਰਾ ਪੁੱਤ ਚੜੂਗਾ ਹਾਥੀ,
ਚਾਰ ਕੁ ਦਾਣੇ ਖਿੱਲਾਂ ਦੇ, ਅਸੀਂ ਲੋਹੜੀ ਲੈ ਕੇ ਹਿਲਾਂਗੇ,
ਅਸੀਂ ਕਿਹੜੇ ਵੇਲੇ ਦੇ ਆਏ,
ਭੁੱਖੇ ਅਤੇ ਤਿਹਾਏ,
ਸਾਨੂੰ ਤੋਰ ਸਾਡੀਏ ਮਾਏ,

ਜੇ ਫਿਰ ਵੀ ਕੋਈ ਘਰ ਪਾਥੀਆਂ ਨਹੀਂ ਪਾਉਂਦਾ ਤਾਂ ਬੱਚੇ ਇਹ ਕਹਿਕੇ ਅੱਗੇ ਤੁਰ ਜਾਂਦੇ ਹਨ;-

ਕਹੋ ਮੁੰਡਿਓ ਹੁੱਕਾ,
ਇਹ ਘਰ ਨੰਗਾ-ਭੁੱਖਾ,

ਅੱਜ ਲੋਹੜੀ ਸ਼ਹਿਰੀ ਜ਼ਿੰਦਗੀ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ। ਪਰ ਪਿੰਡਾਂ ਵਿੱਚ ਬੱਚਿਆਂ ਵੱਲੋਂ “ਲੋਹੜੀ ਵਿਆਹੁਣਾ”, ”ਕੋਠੇ ਉੱਤੇ ਕਾਂ, ਗੁੜ ਦੇਵੇ ਮੁੰਡੇ ਦੀ ਮਾਂ”, ”ਈਸਰ ਆ, ਦਲਿੱਦਰ ਜਾਹ, ਦਲਿੱਦਰ ਦੀ ਜੜ ਚੁੱਲੇ ਪਾ”, ”ਜਿਤਣੇ ਜਿਠਾਣੀ ਤਿਲ ਸੁਟੇਸੀ, ਉਤਨੇ ਦਿਰਾਣੀ ਪੁੱਤ ਜਣੇਸੀ”, ”ਦੇਹੋ ਸਾਨੂੰ ਲੋਹੜੀ, ਥੋਡੀ ਜੀਵੇ ਬੈਲਾਂ ਦੀ ਜੋੜੀ”, ”ਆ ਵੀਰਾ ਤੂੰ ਜਾ ਵੀਰਾ, ਭਾਬੋ ਨੂੰ ਲਿਆ ਵੀਰਾ, ਰੱਤਾ ਡੋਲਾ ਚੀਕਦਾ, ਭਾਬੋ ਨੂੰ ਉਡੀਕਦਾ”, ਵਰਗੇ ਲੰਮੀਆਂ ਹੇਕਾਂ ਵਾਲੇ ਗੀਤ ਸਰਦ ਰਾਤ ਦੀ ਹਿੱਕ ‘ਤੇ ਨਿੱਘ ਲਿਆ ਰਹੇ ਹੁੰਦੇ ਹਨ।

ਇਹਨਾਂ ਤੋਂ ਇਲਾਵਾ ਇਹ ਮੌਸਮੀ ਤਿਓਹਾਰ ਵੀ ਹੈ, ਗੰਨੇ, ਮੂਲੀਆਂ ,ਖੋਪਾ ਠੂਠੀਆਂ ਵਾਰ ਕੇ ਖਾਣੇ, ਭੂਤ ਪਿੰਨੇ ਖਾਣੇ, ਗੰਨੇ ਦੇ ਰਹੁ ਵਾਲੀ ਖੀਰ ਖਾਣੀ, ਪੋਹ ਰਿੱਧੀ ਮਾਘ ਖਾਧੀ ,ਵਰਗੀਆਂ ਗੱਲਾਂ ਦਾ ਵੀ ਲੋਹੜੀ ਨਾਲ ਚੋਲੀ-ਦਾਮਨ ਵਾਲਾ ਸਬੰਧ ਹੈ। ਇਸ ਦਿਨ ਤੋਂ 15 ਦਿਨ ਮਗਰੋਂ ਬਾਰੇ ਕਿਹਾ ਜਾਂਦਾ ਹੈ ਕਿ ਪਾਲਾ ਗਿਆ ਸਿੰਗਰਾਲੀਏਂ, ਅੱਧੇ ਜਾਂਦੇ ਮਾਘੂ” ( ਸਿੰਗਾਂ ਵਾਲੇ ਪਸ਼ੂਆਂ ਲਈ 15 ਦਿਨ ਬਾਅਦ ਠੰਢ ਘਟ ਜਾਵੇਗੀ)। ਪਹਿਲੋਂ ਪਹਿਲ ਜਦ ਅਬਾਦੀ ਬਹੁਤ ਘੱਟ ਸੀ ਅਤੇ ਬਾਹਰ ਜੰਗਲੀ ਖ਼ਤਰਨਾਕ ਜੀਵਾਂ ਲਈ ਲੁਕਣ ਦੀ ਵੀ ਘਾਟ ਹੋ ਜਾਇਆ ਕਰਦੀ ਸੀ ਤਾਂ ਉਹ ਅਬਾਦੀ ‘ਤੇ ਆ ਹਮਲਾ ਕਰਿਆ ਕਰਦੇ ਸਨ। ਇਸ ਤੋਂ ਬਚਾਅ ਲਈ ਸਾਂਝੇ ਤੌਰ ‘ਤੇ ਥਾਂ ਥਾਂ ਧੂਣੀਆਂ ਪਾਈਆਂ ਜਾਂਦੀਆਂ ਅਤੇ ਸੇਕੀਆਂ ਜਾਂਦੀਆਂ ਸਨ। ਅੱਗ ਤੋਂ ਡਰਦੇ ਅਤੇ ਰੌਲਾ ਪਾ ਕੇ ਇੱਕ ਧੂਣੀ ਤੋਂ ਦੂਜੀ ਤੱਕ ਸੰਦੇਸ਼ ਦੇ ਡਰ ਨਾਲ ਉਹ ਜੀਵ ਹਮਲਾ ਨਹੀਂ ਸਨ ਕਰ ਸਕਿਆ ਕਰਦੇ। ਲੋਕਾਂ ਦਾ ਇਹ ਰੌਲਾ ਗੌਲਾ ਹੀ ਸ਼ਾਇਦ ਮਗਰੋਂ ਗੀਤਾਂ ਵਿੱਚ ਬਦਲ ਗਿਆ। ਕਮਾਦ ਆਦਿ ਦੁਆਲੇ ਵੀ ਠੰਢ ਤੋਂ ਬਚਾਓ ਲਈ ਧੂਣੀਆਂ ਪਾਈਆਂ ਜਾਂਦੀਆਂ ਸਨ।

ਖ਼ੈਰ ਕਾਰਣ ਭਾਵੇਂ ਕੋਈ ਵੀ ਹੋਵੇ ਅਤੇ ਕੁੱਝ ਵੀ ਹੋਵੇ , ਇਤਿਹਾਸਕ-ਮਿਥਿਹਾਸਕ ਹੋਵੇ, ਪਰ ਲੋਹੜੀ ਦਾ ਤਿਓਹਾਰ ਸਾਡੇ ਸਭਿਆਚਾਰ ਦਾ ਅਨਿਖੜਵਾਂ ਅੰਗ ਹੈ, ਇਹ ਹਰ ਸਾਲ ਸਾਨੂੰ ਨਿੱਘੀ ਰਾਤ ਰਾਹੀਂ , ਨਿੱਘ ਅਤੇ ਮੋਹ ਨਾਲ ਰਹਿਣ ਦਾ ਨਿੱਘਾ ਸੰਦੇਸ਼ ਵੰਡ ਕੇ ਲੰਘ ਜਾਂਦਾ ਹੈ ਅਤੇ ਅਸੀਂ ਫ਼ਿਰ ਉਡੀਕ ਵਿੱਚ ਰੁੱਝ ਜਾਂਦੇ ਹਾਂ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:-98157-07232

10/01/2013

 

 

  ਸਦੀਵੀ ਨਿੱਘ ਦਾ ਪ੍ਰਤੀਕ ਤਿਓਹਾਰ; ਲੋਹੜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com