ਤਿਉਹਾਰ ਕਿਸੇ ਕੌਮ ਦੀ ਪਹਿਚਾਣ ਹੁੰਦੇ ਹਨ। ਇਨਾ ਤਿਉਹਾਰਾ ਪਿੱਛੇ ਸਾਡੀਆਂ
ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆ ਹਨ। ਹਰ ਧਰਮ ਦੇ ਲੋਕ ਆਪਣੇ-ਆਪਣੇ
ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਪਰ ਤਿਉਹਾਰ
ਪਿਛੇ ਕੋਈ ਨਾ ਕੋਈ ਇਤਿਹਾਸ ਹੁੰਦਾ ਹੈ। ਸਮਾਂ ਬੀਤਣ ਦੇ ਨਾਲ ਚਾਹੇ ਉਹ ਮਕਸਦ
ਨਹੀਂ ਰਹਿੰਦਾ ਪਰ ਰੀਤੀ ਰਿਵਾਜ਼ ਉਸੇ ਤਰਾਂ ਹੀ ਚਲਦੇ ਰਹਿੰਦੇ ਹਨ। ਜੇਕਰ ਪੰਜਾਬੀ
ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ
ਬਹੁਤ ਵੱਡੀ ਅਹਿਮੀਅਤ ਰੱਖਦਾ ਹੈ।
ਵਿਸਾਖੀ ਦੇਸ਼ਾਂ-ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ
ਪੰਜਾਬ ਵਿਚ ਬਹੁਤ ਲੋਕਪ੍ਰਿਆ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ ਦੀ
ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ
ਇਤਿਹਾਸਕ ਵਿਰਸਾ ਹੁੰਦਾ ਹੈ। ਪਰੰਤੂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਧਾਰਮਿਕ
ਹੈ, ਇਤਿਹਾਸਕ ਵੀ ਹੈ ਅਤੇ ਆਰਥਿਕ ਵੀ ਹੈ।
ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ
ਕਣਕਾਂ ਝੂਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ
ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ
ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ।
ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ
ਜਾਂਦੀ ਹੈ। ਕਈ ਵਾਰ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ
ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ
ਭਰ ਸਕਦਾ। ਕਰਜਾਈ ਹੁੰਦੇ ਦੇ ਵੀ ਪੈਰ ਢੋਲ ਦੇ ਡਗੇ ਤੇ ਥਿਰਕਣ ਲੱਗਦੇ ਹਨ ਅਤੇ
ਹਾਣੀਆਂ ਨਾਲ ਭੰਗੜੇ ਅਤੇ ਬੋਲੀਆਂ ਪਾ ਕੇ ਗ਼ਮਾਂ ਨੂੰ ਭੁਲਾਕੇ ਖੁਸ਼ੀਆਂ ਮਨਾਉਣ ਦੀ
ਕੋਸ਼ਿਸ਼ ਕਰਦਾ ਹੈ।
ਵਿਸਾਖੀ ਦਾ ਦੂਜਾ ਪੱਖ ਧਾਰਮਿਕ ਹੈ। ਇਸੇ ਹੀ ਦਿਨ ਦਸਮ ਪਿਤਾ ਗੁਰੂ ਗੋਬਿੰਦ
ਸਿੰਘ ਜੀ ਨੇ ਨਿਤਾਣੀ ਤੇ ਲਿਤਾੜੀ ਹੋਈ ਕੌਮ ਨੂੰ ਅੰਮ੍ਰਿਤ ਛਕਾ ਪਾਹੁਲ ਪਿਲਾਕੇ
ਗਿਦੜੋਂ ਸ਼ੇਰ ਬਣਾ ਦਿੱਤਾ। ਪੰਜ ਪਿਆਰੇ ਸਾਜਕੇ ਕੌਮ ਨੂੰ ਇਕ ਵਿਲੱਖਣ ਸ਼ਾਨ ਦਿੱਤੀ।
ਇਹ ਪੰਜੇ ਸਿੰਘ ਵੱਖ-ਵੱਖ ਜਾਤਾਂ ਵਿਚੋਂ ਅਤੇ ਵੱਖ-ਵੱਖ ਪ੍ਰਾਂਤਾਂ ਵਿਚ ਲੈ ਕੇ
ਕੌਮ ਨੂੰ ਨਵੀਂ ਸੇਧ ਦਿੱਤੀ। ਗੁਰੂ ਜੀ ਨੇ ਜਾਤ-ਪਾਤ ਅਤੇ ਪ੍ਰਾਂਤਾਂ ਨੂੰ ਇਕੋ
ਰੂਪ ਕਰ ਦਿੱਤਾ। ਸਿੰਘ ਬਣਾ ਦਿੱਤੇ। ਇਥੇ ਹੀ ਬਸ ਨਹੀਂ ਗੁਰੂ ਜੀ ਨੇ ਪੰਜ
ਪਿਆਰਿਆਂ ਨੂੰ ਬੇਨਤੀ ਕਰਕੇ ਉਨਾਂ ਤੋਂ ਅੰਮ੍ਰਿਤ ਛਕਿਆ। ਇਸ ਤਰਾਂ ਗੁਰੂ-ਚੇਲੇ ਦੇ
ਭੇਦ ਨੂੰ ਵੀ ਖਤਮ ਕਰ ਦਿੱਤਾ। ਇਸ ਤਰਾਂ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਵੀ ਨਹੀਂ
ਮਿਲਦੀ।
ਪਰ
ਅੱਜ ਅਸੀਂ ਇਨਾਂ ਅਸੂਲਾਂ ਤੋਂ ਮੁਨਕਰ ਹੋ ਕੇ ਫਿਰ ਜਾਤਾਂ ਪਾਤਾਂ ਵਿਚ ਵੰਡੇ ਗਏ
ਹਾਂ। ਇਥੋਂ ਤੱਕ ਕਿ ਗੁਰਦੁਆਰਿਆਂ ਮੰਦਰਾਂ ਆਦਿ ਦੇ ਨਾਂ ਵੀ ਧਰਮਾਂ-ਜਾਤਾਂ-ਪਾਤਾਂ
ਦੇ ਨਾਂ ਤੇ ਰੱਖ ਲਏ ਹਨ। ਜਿਵੇਂ ਇਹ ਰਾਮਗੜੀਆਂ ਦਾ ਗੁਰਦੁਆਰਾ ਹੈ, ਇਹ
ਰਾਮਦਾਸੀਆਂ ਦਾ ਗੁਰਦੁਆਰਾ ਹੈ ਅਤੇ ਇਹ ਟਾਂਕਸ਼ਤਰੀਆਂ ਦਾ ਹੈ। ਅਸੀਂ ਵਿਸਾਖੀ ਦੇ
ਮਹੱਤਵ ਨੂੰ ਵੀ ਤਾਂ ਸਮਝ ਸਕਦੇ ਹਾਂ ਜੇਕਰ ਅਸੀਂ ਜਾਤ-ਪਾਤ ਤੋਂ ਉੱਪਰ ਉਠਕੇ ਰਲਕੇ
ਦਿਲੋਂ ਇਕ ਹੋ ਕੇ ਇਸ ਤਿਉਹਾਰ ਨੂੰ ਮਨਾਈਏ।
ਇਸ ਦਾ ਇਕ ਮਹੱਤਵ ਇਤਿਹਾਸਕ ਵੀ ਹੈ। ਇਤਫਾਕ ਨਾਲ ਇਸੇ ਹੀ ਦਿਨ ਅੰਮ੍ਰਿਤਸਰ
ਵਿਚ ਜਲਿਆਂ ਵਾਲੇ ਬਾਗ ਵਿਚ ਇਕੱਠੇ ਹੋਏ ਮਾਸੂਮ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ
ਜਾ ਰਿਹਾ ਸੀ। ਇਸ ਘਟਨਾ ਦੀ ਕਲਪਨਾ ਕਰਕੇ ਇਨਸਾਨੀ ਰੂਹ ਕੰਬ ਉੱਠਦੀ ਹੈ। ਉਹ ਰਾਜ
ਕਰਨ ਦੀ ਖਾਤਰ ਲੋਕਾਂ ਤੇ ਅੱਤਿਆਚਾਰ ਕਰਦੇ ਰਹੇ। ਜੇ ਅੱਜ ਅਸੀਂ ਆਪਣੇ ਹੀ ਦੇਸ਼
ਵਿਚ ਝਾਤ ਮਾਰਦੇ ਹਾਂ ਤਾਂ ਉਸ ਤੋਂ ਵੀ ਘਿਨਾਉਣੇ ਕਾਰੇ ਹੋ ਰਹੇ ਹਨ। ਕਿਸੇ ਰੇਲ
ਗੱਡੀਆਂ ਨੂੰ ਅੱਗਾਂ ਲਾ ਕੇ ਬੇਮਸੂਮਾਂ ਨੂੰ ਜਲਾਇਆ ਜਾ ਰਿਹਾ ਹੈ ਤੇ ਕਿਸੇ ਬਦਲਾ
ਲੈਣ ਲਈ ਛੁਰਿਆਂ-ਹਥਿਆਰਾਂ ਨਾਲ ਇਕੋ ਦਿਨ ਵਿਚ ਸੈਂਕੜੇ ਆਦਮੀ ਕਤਲ ਕੀਤੇ ਜਾ ਰਹੇ
ਹਨ। ਜਾਇਦਾਦਾਂ ਫੂਕੀਆਂ ਜਾ ਰਹੀਆਂ। ਅੱਜ ਮਨੁੱਖਤਾ ਬਾਰੇ ਸੋਚਣ ਦੀ ਲੋੜ ਹੈ।
ਹੰਕਾਰ ਨੂੰ ਸਾੜਨ ਦੀ ਲੋੜ ਹੈ ਨਫ਼ਰਤ ਨੂੰ ਕਤਲ ਕਰਨ ਦੀ ਲੋੜ ਹੈ। ਆਓ ਅਸੀਂ ਪਰਨ
ਕਰੀਏ ਕਿ ਰਲ ਮਿਲਕੇ ਪਿਆਰ ਨਾਲ ਦੁੱਖ-ਸੁੱਖ ਸਾਂਝੇ ਕਰੀਏ ਤਾਂ ਜੋ ਤਿਉਹਾਰ ਦੀ
ਖੁਸ਼ੀ ਆਪਣਿਆਂ ਦੇ ਸੰਗ ਦੂਣੀ ਚੌਣੀ ਹੋ ਜਾਵੇ। ਵਿਸਾਖੀ ਦਾ ਤਿਉਹਾਰ ਗਿੱਧੇ ਅਤੇ
ਭੰਗੜੇ ਤੋਂ ਬਿਨਾਂ ਅਧੂਰਾ ਮੰਨਿਆਂ ਜਾਂਦਾ ਹੈ। ਇਹ ਤਿਉਹਾਰ ਸਾਨੂੰ ਯਾਦ ਕਰਵਾਈ
ਰੱਖਦੇ ਹਨ ਕਿ ਸਾਡਾ ਪੁਰਾਤਣ ਵਿਰਸਾ ਕਿਹੋ ਜਿਹਾ ਸੀ ਅਸੀਂ ਉਨਾਂ ਸਮਿਆਂ ਨੂੰ ਯਾਦ
ਰੱਖਿਏ ਕਿਤੇ ਅਸੀਂ ਤੇਜ਼ ਰਫਤਾਰ ਜ਼ਿੰਦਗੀ ਵਿਚ ਆਪਸੀ ਭਾਈਚਾਰਾ, ਮਿਲਵਰਤਨ ਤੇ ਅਪਨਤ
ਨੂੰ ਭੁਲਾ ਨਾ ਦੇਈਏ।
ਰੱਬ ਅੱਗੇ ਇਹੋ ਅਰਜੋਈਆਂ ਹਨ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਵਿਸਾਖੀ
ਦੇ ਮੇਲੇ ਲੱਗਦੇ ਰਹਿਣ ਤੇ ਗਿੱਧੇ ਤੇ ਭੰਗੜੇ ਪੈਂਦੇ ਰਹਿਣ।
ਭਵਨਦੀਪ ਸਿੰਘ ਪੁਰਬਾ
ਮੁੱਖ ਸੰਪਾਦਕ - ‘ਮਹਿਕ ਵਤਨ ਦੀ’
1195, ਅਜੀਤ ਨਗਰ ਮੋਗਾ
bhawandeep@rediffmail.com
ਬੇਤਾਰ: (+91) 9988 - 92 - 9988
|