ਦੀਵਾਲੀ ਸ਼ਬਦ ਦੀਪਾਵਾਲੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਦੀਵਿਆਂ ਦੀਆਂ
ਮਾਲਾਵਾਂ ਜਾਂ ਕਤਾਰਾਂ। ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ।
ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਣਾ, ਪਿਆਰ ਦੇ ਅਹਿਸਾਸਾਂ ਨੂੰ
ਜਗਾਉਂਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ ‘ਤੇ ਇਹ ਨਵੰਬਰ
ਵਿਚ ਆਉਂਦਾ ਹੈ। ਵੈਸੇ ਇਸ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ
ਹੋਈਆਂ ਹਨ ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ
ਤਿਉਹਾਰ ਮਨਾਉਂਦੇ ਆ ਰਹੇ ਹਨ। ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ
ਕੰਧਾਂ, ਬਨੇਰਿਆਂ ਤੇ ਗੇਟਾਂ ਉੱਤੇ ਤੇਲ ਦੇ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਸਨ
ਤੇ ਫੇਰ ਬਿਜਲੀ ਆ ਗਈ ਤਾਂ ਲੋਕ ਬਿਜਲੀ ਦੇ ਬਲਬ ਆਦਿ ਜਗਾਉਂਦੇ ਹਨ। ਪਰ ਪਿਛਲੇ
ਕੁਝ ਸਾਲਾਂ ਤੋਂ ਚੀਨ ਦੀਆਂ ਬਣੀਆਂ ਲੜੀਆਂ ਨੇ
ਦੀਵੇ ਤੇ ਮੋਮਬੱਤੀਆਂ ਖ਼ਤਮ ਹੀ ਕਰ ਦਿੱਤੀਆਂ ਹਨ। ਸਿਰਫ਼ ਰਸਮ ਪੂਰੀ ਕਰਨ ਲਈ ਹੀ
ਕੁਝ ਘਰਾਂ ਵਿਚ ਪੰਜ ਸੱਤ ਦੀਵੇ ਜਗਾਏ ਜਾਂਦੇ ਹਨ। ਦੀਵਾਲੀ ਵਾਲੇ ਦਿਨ ਦੀਵੇ ਰੌਸ਼ਨ
ਕਰਨੇ ਜਿੱਤ ਜਾਂ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਂਗ ਹੈ। ਦੀਵੇ ਆਪ ਜਲ ਕੇ ਦੂਸਰਿਆਂ
ਦਾ ਮਾਰਗ ਰੋਸ਼ਨ ਕਰਦੇ ਹਨ ਜੋ ਸਾਨੂੰ ਆਪਣਾ ਆਪ ਵਾਰ ਕੇ ਦੂਸਰਿਆਂ ਦੇ ਕੰਮ ਆਉਣ ਦੀ
ਪ੍ਰੇਰਨਾ ਦਿੰਦੇ ਹਨ। ਸਮੇਂ ਦੇ ਅਨੁਸਾਰ ਭਾਵੇਂ ਤਿਓਹਾਰ ਮਨਾਉਣ ਦੇ ਰੰਗ-ਢੰਗ ਬਦਲ
ਗਏ ਹਨ ਪਰ ਮੂਲ ਰਿਵਾਇਤਾਂ ਉਸੇ ਤਰਾਂ ਬਰਕਰਾਰ ਰਹਿੰਦੀਆਂ ਹਨ।
ਪੁਰਾਤਨ ਰਿਵਾਇਤ ਅਨੁਸਾਰ ਅੱਜ ਵੀ ਦੀਵਾਲੀ ਮੌਕੇ ਮਿਠਾਈਆਂ ਵੰਡੀਆਂ ਜਾਂਦੀਆਂ
ਹਨ ਪਰ ਮਿਠਾਈ ਘਰ ਨਹੀਂ ਬਣਾਈ ਜਾਂਦੀ, ਹਲਵਾਈਆਂ ਤੋਂ ਖਰੀਦੀ ਜਾਂਦੀ ਹੈ।
ਸਕੇ-ਸੰਬੰਧੀਆਂ ਨੂੰ ਵਧਾਈਆਂ ਭੇਜੀਆਂ ਜਾਂਦੀਆਂ ਹਨ ਪਰ ਹੁਣ ਵਧਾਈ ਗਰੀਟਿੰਗ ਕਾਰਡ
ਦੀ ਬਜਾਏ ਈ-ਮੇਲ ਰਾਹੀ ਭੇਜੀ ਜਾਦੀ ਹੈ। ਘਰਾਂ ਨੂੰ ਰੋਸ਼ਨ ਕੀਤਾ ਜਾਦਾ ਹੈ ਪਰ
ਦੀਵਿਆਂ, ਮੋਮਬੱਤੀਆਂ ਦੀ ਥਾਂ ਟਿਊਬ ਲਾਈਟਾਂ ‘ਤੇ ਬਲਬਾਂ ਦੀਆਂ ਲੜੀਆਂ ਲਗਾਈਆਂ
ਜਾਦੀਆਂ ਹਨ। ਤੋਹਫ਼ਿਆਂ ਦਾ ਵੀ ਆਦਾਨ ਪ੍ਰਦਾਨ ਹੁੰਦਾ ਹੈ ਪਰ ਕੋਰੀਅਰ ਜਾਂ ਪਾਰਸਲ
ਰਾਹੀ। ਖੁਦ ਚੱਲ ਕੇ ਜਾਣ ਦਾ ਅੱਜ ਕਿਸੇ ਕੋਲ ਟਾਇਮ ਹੀ ਨਹੀ ਹੈ। ਦੀਵਾਲੀ ਮਨਾਉਣ
ਦੇ ਰੰਗ-ਢੰਗ ਤਾਂ ਚਾਹੇ ਬਦਲ ਗਏ ਹਨ ਪਰ ਦੀਵਾਲੀ ਦਾ ਇਤਿਹਾਸਕ ਪਿਛੋਕੜ, ਮੰਤਵ ਤੇ
ਰਿਵਾਇਤਾ ਹਮੇਸ਼ਾ ਉਸੇ ਤਰਾ ਬਰਕਰਾਰ ਰਹਿਣਗੀਆਂ।
ਵੈਸੇ ਦੀਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ
ਮੌਕੇ ਤੋਂ ਹੀ ਜੁੜਿਆ ਹੋਇਆ ਹੈ ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਬਣਿਆ ਹੈ
ਜਦੋਂ ਸੰਨ 1619 ਨੂੰ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ
ਜੀ ਮੁਗ਼ਲ ਹਾਕਮ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਹੋ ਕੇ
ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਮੁਕਤ ਕਰਵਾ
ਕੇ ਅੰਮ੍ਰਿਤਸਰ ਪਰਤੇ। ਜਹਾਗੀਰ ਨੇ ਕਾਜੀਆ ਦੀਆ ਗੱਲਾਂ ਚ ਆ ਕਿ ਗੁਰੂ ਹਰਗੋਬਿੰਦ
ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਜਦੋ ਸਾਂਈ ਮੀਆਂ ਮੀਰ ਜੀ ਨੇ ਗੁਰੂ ਜੀ
ਬਾਰੇ ਸਾਰੀ ਸਚਾਈ ਜਹਾਗੀਰ ਨੂੰ ਦੱਸੀ ਤਾਂ ਜਹਾਗੀਰ ਬਾਦਸ਼ਾਹ ਨੇ ਗੁਰੂ ਜੀ ਨੂੰ
ਸਤਿਕਾਰ ਨਾਲ ਰਿਹਾਅ ਕਰ ਦਿੱਤਾ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਰਿਹਾਈ
ਉਨਾਂ ਚਿਰ ਸਵੀਕਾਰ ਨਹੀਂ ਕੀਤੀ ਜਿਨਾਂ ਚਿਰ ਜਹਾਗੀਰ ਨੇ ਗੁਰੂ ਸਾਹਿਬ ਦੇ ਨਾਲ
ਬਵੰਜਾਂ ਹਿੰਦੂ ਰਾਜਿਆਂ ਨੂੰ ਰਿਹਾਅ ਕਰਨ ਦਾ ਹੁਕਮ ਨਹੀਂ ਦਿੱਤਾ। ਜਹਾਗੀਰ ਨੇ
ਬਾਕੀ ਨਜਰਬੰਦ ਰਾਜਿਆਂ ਨੂੰ ਰਿਹਾਅ ਕਰਨਾ ਇਸ ਸ਼ਰਤ ਤੇ ਮੰਨਿਆ ਕਿ ਜਿੰਨੇ ਰਾਜੇ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੜਕੇ ਬਾਹਰ ਆ ਸਕਦੇ ਹਨ ਉਨਾਂ
ਨੂੰ ਨਾਲ ਲੈ ਆਉਣ, ਤਾਂ ਗੁਰੂ ਜੀ ਬਵੰਜਾਂ ਕਲੀਆਂ ਵਾਲਾ ਚੋਲਾ ਬਣਵਾ ਕੇ ਚਿਰਾਂ
ਤੋ ਨਰਕ ਭੋਗ ਰਹੇ ਇਹਨਾਂ ਬਵੰਜਾ ਰਾਜਿਆ ਨੂੰ ਰਿਹਾਅ ਕਰਵਾ ਕੇ ਨਾਲ ਲੈ ਕੇ ਆਏ।
ਇਸ ਖੁਸ਼ੀ ਵਿਚ ਬਾਬਾ ਬੁੱਢਾ ਜੀ ਅਤੇ ਮਾਤਾ ਗੰਗਾ ਜੀ ਨੇ ਘਿਓ ਦੇ ਦੀਵੇ ਜਗਾ ਕੇ
ਦੀਪਮਾਲਾ ਕੀਤੀ ਸੀ। ਇਸੇ ਕਰਕੇ ਅੱਜ ਕੱਲ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਤੌਰ
ਤੇ ਵੀ ਮਨਾਇਆ ਜਾਂਦਾ ਹੈ। ਪ੍ਰਸਿੱਧ ਇਤਿਹਾਸਕਾਰ ਬਾਬਾ ਕਾਹਨ ਸਿੰਘ ਮਹਾਨ ਕੋਸ਼
ਅਨੁਸਾਰ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਸਿੰਘ ਜੀ ਨੇ ਸ਼ੁਰੂ ਕੀਤੀ ਸੀ।
ਹਿੰਦੂ ਧਰਮ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕੱਟ ਕੇ
ਲੰਕੇਸ਼ਵਰ ਰਾਵਣ ਤੇ ਉਸਦੀ ਸੈਨਾ ਨੂੰ ਮਾਰ ਕੇ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ
ਆਏ। ਉਨਾਂ ਦੀ ਆਮਦ ਦੀ ਖੁਸ਼ੀ ਵਿਚ ਘਰਾਂ ਦੀਆਂ ਛੱਤਾਂ ਉੱਤੇ ਦੀਵੇ ਜਗਾਏ ਗਏ।
ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ
ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ। ਬੁੱਧ ਧਰਮ ‘ਚ
ਵੀ ਦੀਵਾਲੀ ਸਮਰਾਟ ਅਸ਼ੋਕ ਵਲੋਂ ਬੁੱਧ ਧਰਮ ਧਾਰਨ ਕਰਨ ਦੇ ਦਿਵਸ ਵਜੋਂ ਮਨਾਈ
ਜਾਂਦੀ ਹੈ।
ਦੀਵਾਲੀ
ਸਬੰਧੀ ਉਪਰੋਕਤ ਤਵਾਰੀਖ ਨੂੰ ਬਹੁੱਤੇ ਵਿਦਵਾਨ ਨਹੀ ਮੰਨਦੇ ਉਨਾ ਅਨੁਸਾਰ ਇਹ ਸਭ
ਕੁਝ ਮਨ ਘੜਤ ਹੈ। ਦੀਵਾਲੀ ਸਬੰਧੀ ਬਹੁਤ ਰਾਇ ਹਨ ਇਸ ਘਚੋਲੇ ਨੂੰ ਸਮਝਣਾ ਦੂਰ ਦੀ
ਗੱਲ ਹੈ। ਇਕ ਲੇਖਕ ਦੀ ਰਚਨਾ ਪੜੀ ਸੀ ਕਿ ਘੋੜਿਆਂ ਦੀਆਂ ਕਾਠੀਆਂ ਤੇ ਬਸੇਰਾ ਕਰਨ
ਵਾਲੇ ਖਾਲਸੇ ਨੇ ਮਿਸਲਾਂ ਦੇ ਦਿਨੀਂ ਫੈਸਲਾ ਕੀਤਾ ਕਿ ਸਾਲ ‘ਚ ਦੋ ਵਾਰ ਸਰਬੱਤ
ਖਾਲਸਾ ਇਕੱਠਾ ਹੋਇਆ ਕਰੇਗਾ। ਇੱਕ ਦਿਨ ਵਿਸਾਖੀ ਵਾਲਾ ਮਿੱਥ ਲਿਆ ਗਿਆ ਤੇ ਦੂਜਾ
ਸ਼ਾਇਦ ਖੁਸ਼ਗਵਾਰ ਮੌਸਮ ਦੀ ਸਹੂਲਤ ਜਾਣ ਕੇ ਦੀਵਾਲੀ ਮਿਥ ਲਿਆ ਗਿਆ ਹੋਵੇਗਾ।
ਅੰਮ੍ਰਿਤਸਰ ਸਾਹਿਬ ਸਣੇ ਸਾਰੇ ਇਤਿਹਾਸਕ ਗੁਰਦਵਾਰਿਆ ਦਾ ਪ੍ਰਬੰਧ ਨਿਰਮਲੇ, ਉਦਾਸੀ
ਆਦਿ ਮਹੰਤ ਸ੍ਰੇਣੀਆਂ ਕਰਦੀਆਂ ਸਨ ਹੋ ਸਕਦਾ ਫੈਸਲੇ ਤੇ ਇਨਾਂ ਦਾ ਪ੍ਰਭਾਵ ਵੀ
ਰਿਹਾ ਹੋਵੇ। ਪਰ ਸਿੱਖਾਂ ਦੀ ਦੀਵਾਲੀ ਕੇਵਲ ਸਰਬੱਤ ਖਾਲਸੇ ‘ਚ ਜੁੜ ਕੇ ਪੰਥਕ
ਚਣੌਤੀਆ ਹੱਲ ਕਰਨ ਲਈ ਵਿਚਾਰ ਚਰਚਾ ਤੱਕ ਹੀ ਸੀਮਤ ਹੁੰਦੀ ਸੀ।
ਗੁਰਦਵਾਰਿਆਂ ਤੇ ਸਿੱਖਾਂ ਦੇ ਘਰੀਂ ਦੀਵੇ ਜਗਣੇ ਮਹਾਰਾਜਾ ਰਣਜੀਤ ਸਿੰਘ
ਦੇ ਰਾਜ ਕਾਲ ‘ਚ ਹਿੰਦੂ ਸਿੱਖ ‘ਏਕਤਾ‘ ਦੀ ਨੀਤੀ ਕਾਰਨ ਸ਼ੁਰੂ ਹੋਏ, ਜੋ ਕਿ ਮੰਡੀ
ਤੇ ਸ਼੍ਰੋਮਣੀ ਕਮੇਟੀ ਦੇ ਦੌਰ ‘ਚ ਸ਼ੁਰਲੀਆਂ ਪਟਾਕਿਆਂ ਤੱਕ ਪਹੁੰਚ ਗਏ।ਠ ਵੈਸੇ ਇਹ
ਤਿਉਹਾਰ ਸਰਦੀ ਰੁੱਤ ਦੇ ਆਗਮਨ ਦਾ ਵੀ ਸੂਚਕ ਹੈ।
ਦੀਵਾਲੀ ਵੈਸੇ ਭਾਰਤ ਵਿੱਚ ਤਾਂ ਹਰ ਸ਼ਹਿਰ ਵਿਚ ਮਨਾਈ ਜਾਂਦੀ ਹੀ ਹੈ ਹੁਣ ਤਾਂ
ਦੀਵਾਲੀ ਬਹੁੱਤ ਸਾਰੇ ਬਾਹਰਲੇ ਮੁਲਕਾਂ ਵਿੱਚ ਵੀ ਮਨਾਈ ਜਾਣ ਲੱਗ ਪਈ
ਹੈ।ਜਿਹੜੇ-ਜਿਹੜੇ ਦੇਸ਼ ਵਿਚ ਵੀ ਸਿੱਖ ਅਤੇ ਹਿੰਦੂ ਜਾ ਵੱਸੇ ਹਨ, ਉਨਾਂ ਦੇਸ਼ਾਂ
ਵਿਚ ਦੀਵਾਲੀ ਮਨਾਈ ਜਾਂਦੀ ਹੈ। ਮੁੱਖ ਤੌਰ ‘ਤੇ ਦੀਵਾਲੀ ਭਾਰਤ ਤੋਂ ਇਲਾਵਾ
ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਮਲੇਸ਼ੀਆ,
ਸਿੰਗਾਪੁਰ, ਇੰਡੋਨੇਸ਼ੀਆ, ਫ਼ਿਜੀ, ਕੀਨੀਆ, ਅਫ਼ਰੀਕਾ, ਸ੍ਰੀਲੰਕਾ ਆਦਿ ਵਿੱਚ ਮਨਾਈ
ਜਾਦੀ ਹੈ। ਜਿਵੇ-ਜਿਵੇ ਭਾਰਤੀ ਲੋਕ ਹੋਰ ਦੇਸ਼ਾਂ ਵਿਚ ਜਾ ਕੇ ਵੱਸ ਰਹੇ ਹਨ
ਉਵੇ-ਉਵੇ ਹੀ ਦੀਵਾਲੀ ਮਨਾਉਣ ਵਾਲੇ ਦੇਸ਼ਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸ
ਤਰਾਂ ਦੀਵਾਲੀ ਕੌਮਾਂਤਰੀ ਤਿਓਹਾਰ ਬਣਦਾ ਜਾ ਰਿਹਾ ਹੈ।
ਭਾਰਤ (ਪੰਜਾਬ) ਵਿੱਚ ਅੰਮ੍ਰਿਤਸਰ ਦੀ ਦੀਵਾਲੀ ਦੀ ਸ਼ਾਨ ਵੱਖਰੀ ਹੈ।
ਪੁਰਾਤਣਂ ਚੱਲੀ ਆ ਰਹੀ ਰਵਾਇਤ ਅਨੁਸਾਰ ਦੀਵਾਲੀ ਦਾ ਤਿਉਹਾਰ ਦਰਬਾਰ
ਸਾਹਿਬ ਅੰਮ੍ਰਿਤਸਰ ਵਿੱਚ ਹਮੇਸ਼ਾਂ ਹੀ ਮਹੱਤਵਪੂਰਨ ਰਿਹਾ ਹੈ। ਅਠਾਰਵੀਂ ਸਦੀ ‘ਚ
ਬਹੁਤ ਆਰਥਿਕ ਮੰਦਹਾਲੀ ਵਿੱਚ ਵੀ ਸਿੱਖ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ
ਸਨ। ਦੀਵਾਲੀ ਦੇ ਦਿਨ ਇਕੱਠੇ ਹੋਣ ਲਈ ਉਥੇਂ ਵਿਸ਼ੇਸ਼ ਪ੍ਰੋਗਰਾਮ ਹੁੰਦਾ ਸੀ। ਜਿੱਥੇ
ਬੈਠ ਕੇ ਸਿੱਖੀ ਦੇ ਹਿੱਤਾ ਲਈ ਵਿਸ਼ੇਸ ਮਤੇ ਪਾਸ ਹੁੰਦੇ ਸਨ। ਅੱਜ ਵੀ ਲੱਖਾਂ ਲੋਕ
ਇਥੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਅੰਮ੍ਰਿਤਸਰ ਸਾਹਿਬ ਆਉਂਦੇ ਹਨ। ਅੰਮ੍ਰਿਤਸਰ
ਵਿਚ ਇਹ ਤਿਉਹਾਰ ਇਕ ਹਫ਼ਤਾ ਮਨਾਇਆ ਜਾਂਦਾ ਹੈ। ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ
ਉੱਤੇ ਰੌਸ਼ਨੀ ਦੀ ਸਜਾਵਟ ਦਾ ਬੜਾ ਸੁਹਾਵਣਾ ਦ੍ਰਿਸ਼ ਹੁੰਦਾ ਹੈ। ਰਾਤ ਨੂੰ ਆਤਸ਼ਬਾਜੀ
ਚਲਾਈ ਜਾਂਦੀ ਹੈ। ਦਰਸ਼ਨੀ ਡਿਓੜੀ ਅਤੇ ਹੋਰ
ਇਮਾਰਤਾਂ ਉਪਰੋਂ ਵੱਖ ਵੱਖ ਰੂਪਾਂ ਵਿੱਚ ਆਤਿਸ਼ਬਾਜ਼ੀ ਵੇਖਣ ਨੂੰ ਮਿਲਦੀ ਹੈ।
ਵੱਖ-ਵੱਖ ਰੰਗਾ ਦੀਆਂ ਆਤਸ਼ਬਾਜੀਆ ਸੱਚ-ਖੰਡ ਉਪਰ ਰੋਸ਼ਨੀ ਦੇ ਫੁੱਲ ਬਰਸਾਉਂਦੀਆਂ
ਜਾਪਦੀਆਂ ਹਨ। ਆਤਸ਼ਬਾਜੀ ਵੇਖਣ ਵਾਲਿਆਂ ਦੀ ਰੌਣਕ ਇੰਨੀ ਜ਼ਿਆਦਾ ਹੁੰਦੀ ਹੈ ਕਿ
ਪਰਕਰਮਾ ਵਿਚ ਖੜੇ ਹੋਣ ਦੀ ਥਾਂ ਨਹੀਂ ਮਿਲਦੀ। ਸ੍ਰੀ ਹਰਿਮੰਦਰ ਸਾਹਿਬ ਦਾ ਸਾਰਾ
ਆਲਾ-ਦੁਆਲਾ ਜਗਮਗਾ ਉਂਠਦਾ ਹੈ। ਦੀਵਾਲੀ ਮੇਲੇ ਦੇ ਬਹਾਨੇ ਅੰਮ੍ਰਿਤਸਰ ਸਹਿਰ ਦੀ
ਚਹਿਲ-ਪਹਿਲ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੈ। ਬਜ਼ਾਰਾਂ ਦੀ ਸਜਾਵਟ ਬੜੀ ਦਿਲ
ਖਿੱਚਵੀਂ ਹੁੰਦੀ ਹੈ ਇਸੇ ਲਈ ਕਿਹਾ ਜਾਂਦਾ ਹੈ।
ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।
ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ
ਨਿੱਘ ਆਪਣਿਆਂ ਦੇ ਨਾਲ ਮਾਣਿਆ ਜਾਵੇ। ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ
ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਦੋਸਤੀ ਦਾ, ਪਿਆਰ
ਦਾ, ਮੁਹੱਬਤ ਦਾ ਹੋਵੇ। ਇਨਾਂ ਵਿਚਲੇ ਨਿੱਘ ਨੂੰ ਪੂਰੀ ਤਰਾਂ ਮਾਨਣ ਅਤੇ ਹੋਰ
ਵਧਾਉਣ ਦਾ ਯਤਨ ਕੀਤਾ ਜਾਂਦਾ ਹੈ।ਦੀਵਾਲੀ ਦੇ ਤਿਉਹਾਰ ਸਮੇਂ ਆਪਣੇ-ਆਪਣੇ ਸੱਜਣਾਂ
ਮਿੱਤਰਾਂ, ਸਕੇ-ਸਬੰਧੀਆਂ, ਛੋਟੇ ਭੈਣ ਭਰਾਵਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ।
ਤਿਉਹਾਰ ਜਿਸ ਦਾ ਪੰਜਾਬੀ ਭਾਸ਼ਾ ਵਿੱਚ ਉਚਾਰਣ ‘ਤਿਉਰ‘ ਸੀ ਇਸ ਦਾ ਅਰਥ
ਤੋਹਫ਼ਾ ਜਾਂ ਸੁਗਾਤ ਹੈ ਇਸ ਲਈ ਤਿਉਹਾਰ ਦਾ ਮਤਲਬ ਖੁਸ਼ੀ ਮੌਕੇ ਤੋਹਫ਼ਿਆਂ ਦਾ ਲੈਣ
ਦੇਣ ਹੈ। ਤੋਹਫ਼ੇ ਹਾਸਲ ਕਰਕੇ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਖੁਸ਼ੀ ਉਸ ਸਮੇਂ ਹੋਰ
ਵੀ ਦੁੱਗਣੀ ਹੋ ਜਾਂਦੀ ਹੈ ਜਦੋਂ ਕੋਈ ਸਾਡਾ ਪਿਆਰਾ ਸਿਰਫ਼ ਸਾਡੇ ਲਈ ਤੋਹਫ਼ਾ ਲੈ ਕੇ
ਆਉਂਦਾ ਹੈ। ਵੈਸੇ ਤਾਂ ਹਰ ਕੋਈ ਇਹੀ ਕੋਸ਼ਿਸ਼ ਕਰਦਾ ਹੈ ਕਿ ਆਪਣਿਆਂ ਨੂੰ ਕੀਮਤੀ
ਤੋਹਫ਼ੇ ਦਿੱਤੇ ਜਾਣ। ਇਹ ਜ਼ਰੂਰੀ ਨਹੀਂ ਕਿ ਤੋਹਫ਼ੇ ਦੀ ਕੀਮਤ ਪੈਸੇ ਵਿਚ ਜ਼ਿਆਦਾ
ਹੋਵੇ। ਕੀਮਤ ਤਾਂ ਭਾਵਨਾਵਾਂ ਦੀ ਚਾਹੀਦੀ ਹੈ, ਕਦਰ ਦੀ ਚਾਹੀਦੀ ਹੈ, ਪਿਆਰ ਦੀ
ਚਾਹੀਦੀ ਹੈ। ਸਾਡੇ ਸਮਾਜ ਵਿਚ ਬਹੁਤ ਲੋਕ ਅਜਿਹੇ ਹਨ ਜਿਹੜੇ ਤੋਹਫ਼ੇ ਦਾ ਮਤਲਬ
ਨਹੀਂ ਸਮਝਦੇ। ਤੋਹਫ਼ੇ ਨੂੰ ਇਕ ਆੜ ਸਮਝਦੇ ਹਨ।
ਇਕ ਸਾਲ ਦੀਵਾਲੀ ਵਾਲੇ ਦਿਨ ਦੀ ਗੱਲ ਹੈ। ਮੈਂ ਆਪਣੇ ਗੁਆਂਢ ਕਿਸੇ ਦੇ ਘਰ ਗਿਆ
ਉਨਾਂ ਦੀ ਬਜ਼ੁਰਗ ਮਾਤਾ ਆਪਣੀ ਧੀ ਨੂੰ ਆਖ ਰਹੀ ਸੀ, ‘‘ਕੁੜੀਏ ਖਿਆਲ ਰੱਖੀ, ਕੌਣ
ਕੀ ਦੇ ਕੇ ਗਿਆ ਏ, ਆਪਾਂ ਕਿਸੇ ਦੀ ਆੜ ਨਹੀਂ ਰੱਖਣੀ।‘‘ ਜੇਕਰ ਪਿਆਰ ਦੇ ਇਸ
ਤੋਹਫ਼ੇ ਨੂੰ ਆੜ ਸਮਝਿਆ ਜਾਵੇ, ਤੋਹਫ਼ੇ ਦਿੰਦੇ ਸਮੇਂ ਜਾਂ ਲੈਣ ਸਮੇਂ ਹੋਠਾਂ ਤੇ
ਪਿਆਰ ਭਰੀ ਮੁਸਕਾਨ ਨਾ ਹੋਵੇ ਤਾਂ ਤੋਹਫ਼ਾ ਅਰਥਹੀਣ ਹੋ ਜਾਂਦਾ ਹੈ। ਜਦੋਂ ਕੋਈ
ਸਾਨੂੰ ਤੋਹਫ਼ਾ ਦਿੰਦਾ ਹੈ ਤਾਂ ਉਹ ਤੋਹਫ਼ੇ ਦੀ ਕੀਮਤ ਪੈਸੇ ਵਿਚ ਦੇਖਣ ਦੀ ਬਜਾਏ ਉਸ
ਦੀ ਕੀਮਤ ਭਾਵਨਾ ਤੇ ਪਿਆਰ ਵਿਚ ਦੇਖੀ ਜਾਵੇ ਤਾਂ ਉਹ ਜ਼ਿਆਦਾ ਖੁਸ਼ੀ ਪ੍ਰਦਾਨ
ਕਰੇਗਾ। ਜੇਕਰ ਪੈਸੇ ਵਿਚ ਕੀਮਤੀ ਤੋਹਫ਼ੇ ਜ਼ਿਆਦਾ ਖੁਸ਼ੀ ਦਿੰਦੇ ਤਾਂ ਤੋਹਫ਼ਿਆਂ ਦਾ
ਅਦਾਨ-ਪ੍ਰਦਾਨ ਸਿਰਫ਼ ਅਮੀਰ ਲੋਕਾਂ ਤੱਕ ਹੀ ਸੀਮਤ ਰਹਿ ਜਾਣਾ ਸੀ। ਵੈਸੇ ਤਾਂ ਪਿਆਰ
ਨਾਲ ਦਿੱਤਾ ਹਰ ਤੋਹਫ਼ਾ ਕਦਰਦਾਨ ਦਿਲ ਨਾਲ ਲਾ ਕੇ ਰੱਖਦਾ ਹੈ ਪਰ ਫੇਰ ਸਾਨੂੰ
ਤੋਹਫ਼ਾ ਖਰੀਦਣ ਸਮੇਂ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਤੋਹਫ਼ਾ ਜਿਸ ਨੂੰ ਦੇ ਰਹੇ
ਹਾਂ ਇਹ ਤੋਹਫ਼ਾ ਉਸ ਵਾਸਤੇ ਕਿੰਨੀ ਕੁ ਅਹਿਮੀਅਤ ਰੱਖਦਾ ਹੈ। ਅਜਿਹਾ ਤੋਹਫ਼ਾ ਹੀ
ਖਰੀਦੋ ਜਿਸ ਨੂੰ ਪਾ ਕੇ ਤੁਹਾਡਾ ਪਿਆਰਾ ਸਾਰੀ ਉਮਰ ਤੁਹਾਨੂੰ ਯਾਦ ਰੱਖੇ।
ਜ਼ਿਆਦਾਤਰ ਦੀਵਾਲੀ ਦੇ ਮੌਕੇ ਤੇ ਪਟਾਕੇ ਤੋਹਫ਼ੇ ਦੇ ਤੌਰ ‘ਤੇ ਦਿੱਤੇ ਜਾਂਦੇ ਹਨ।
ਪਟਾਕੇ ਜਿੰਨਾ ਚਿਰ ਚਲਾਏ ਜਾਂਦੇ ਹਨ, ਓਨਾ ਚਿਰ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ।
‘ਪਰ ਰਾਤ ਗਈ ਬਾਤ ਗਈ‘ ਅਗਲੀ ਸਵੇਰ ਨੂੰ ਤੁਹਾਡੇ ਤੋਹਫ਼ੇ ਸੁਆਹ ਬਣੇ ਹੋਏ ਇਕੱਠੇ
ਕਰਕੇ ਕੂੜੇ ਵਿਚ ਸੁੱਟ ਦਿੱਤੇ ਜਾਂਦੇ ਹਨ। ਪਟਾਕਿਆਂ ਦੇ ਤਾਂ ਹੋਰ ਵੀ ਕਈ ਨੁਕਸਾਨ
ਹਨ।ਪਟਾਕਿਆਂ ਨਾਲ ਅੱਜ ਤੱਕ ਪਤਾ ਨਹੀ ਕਿੰਨੇ ਘਰ ਸੜ ਚੁੱਕੇ ਹਨ, ਬਹੁਤੀ ਬਾਰ
ਪਸ਼ੂਆ ਲਈ ਰੱਖੇ ਸੁੱਕੇ ਚਾਰੇ ਪਰਾਲੀ ਤੇ ਤੂੜੀ ਨੂੰ ਅੱਗ ਲੱਗ ਜਾਂਦੀ ਹੈ।
ਬੇ-ਜੁਆਨੇ ਭੁੱਖੇ ਰਹਿ ਜਾਦੇ ਹਨ ਤੇ ਸਾਨੂੰ ਦਰਸੀਸਾਂ ਦਿੰਦੇ ਹਨ। ਅਸੀਂ ਪਟਾਕੇ
ਚਲਾ ਕੇ ਖੁਸ਼ੀ ਮਨਾਉਦੇ ਹਾਂ ਤੇ ਕੋਈ ਦਮੇ ਦਾ ਮਰੀਜ ਸਾਡੇ ਵੱਲੋ ਚਲਾਏ ਪਟਾਕਿਆਂ
ਦੇ ਛੱਡੇ ਧੂਐ ਕਾਰਨ ਮਰ ਰਿਹਾ ਹੁੰਦਾ ਹੈ। ਅਸੀ ਆਪਣੇ ਪੈਸੇ ਦਾ ਨੁਕਸਾਨ ਕਰ ਕੇ
ਦੂਜਿਆ ਲਈ ਮੁਸੀਬਤਾਂ ਪੈਦਾ ਕਰਦੇ ਹਾਂ। ਪਟਾਕਿਆ ਦੇ ਛੱਡੇ ਧੂਐ ਕਾਰਨ ਜੀਵਨ ਦੀ
ਸਭ ਤੋ ਕੀਮਤੀ ਚੀਜ ਆਕਸੀਜਨ ਖਤਮ ਹੁੰਦੀ ਹੈ ਤੇ ਸਾਡਾ ਵਾਤਾਵਰਨ ਪ੍ਰਦੂਸ਼ਤ ਹੋ
ਜਾਦਾ ਹੈ। ਸੋ ਅਜਿਹਾ ਤੋਹਫ਼ਾ ਦਿਓ ਜੋ ਸਦਾ ਬਹਾਰ ਹੋਵੇ।
ਅਵਤਾਰ
ਸਿੰਘ ਮਿਸ਼ਨਰੀ ਅਨੁਸਾਰ ਦੀਵਾਲੀ ਸਭਿਅਕ ਢੰਗ ਮਨਾਉਣੀ ਚਾਹੀਦਾ ਹੈ। ਮਠਾਈਆਂ ਵਿੱਚ
ਰਹਿੰਦ-ਖੂਹਦ ਦੀ ਥਾਂ ਸ਼ੁੱਧ ਅਤੇ ਨਰੋਏ ਪਦਾਰਥ ਹੀ ਵਰਤਨੇ ਚਾਹੀਦੇ ਹਨ। ਇਸ ਦਿਨ
ਸ਼ਰਾਬਾਂ ਪੀਣੀਆਂ ਅਤੇ ਜੂਏ ਖੇਲਣੇ ਕਿਧਰ ਦੀ ਖੁਸ਼ੀ ਅਤੇ ਸਭਿਅਤਾ ਹੈ? ਸਿੱਖਾਂ ਨੂੰ
ਇਹ ਦਿਨ ਗਿਆਨ ਦੇ ਚਰਾਗ ਵਜੋਂ ਹੀ ਮਨਾਉਣਾ ਚਾਹੀਦਾ ਹੈ ਕਿਉਂਕਿ ਗਿਆਨ ਦੇ ਚਰਾਗ
ਹੀ ਬੁਝੇ ਹੋਏ ਮਨ ਦੇ ਦੀਵਿਆਂ ਨੂੰ ਜਗਾ ਸਕਦੇ ਹਨ। ਜਿਵੇਂ 1000 ਵਾਟ ਦੇ ਬਲਬ
ਸਾਹਮਣੇ 100 ਵਾਟ ਦੀ ਕੀ ਵੁਕਤ ਹੈ, ਚਰਾਗ ਦੀ ਥਾਂ ਛੋਟੇ ਦੀਵੇ ਦੀ, ਇਵੇਂ ਹੀ
‘‘ਗੁਰੂ ਗ੍ਰੰਥ ਰੂਪੀ ਚਰਾਗਠ ਦੀ ਥਾਂ ਹੋਰ ਕਿੱਸੇ ਕਹਾਣੀਆਂ, ਕੋਈ ਵੁਕਤ ਨਹੀਂ
ਰੱਖਦੀਆਂ। ਸਿੱਖਾਂ ਨੂੰ ਇਸ ਦਿਨ ਗੁਰਬਾਣੀ ਅਰਥਾਂ ਦੀਆਂ ਪੋਥੀਆਂ, ਫਿਲਾਸਫੀ ਦੀਆਂ
ਕਿਤਾਬਾਂ ਅਤੇ ਗੁਰਬਾਣੀ ਦੀ ਕਸਵੱਟੀ ਤੇ ਪਰਖੇ ਸ਼ੁੱਧ ਇਤਿਹਾਸ ਦੀਆਂ ਪੁਸਤਕਾਂ,
ਸੀਡੀਆਂ ਅਤੇ ਅਧੁਨਿਕ ਮੀਡੀਏ ਦੇ ਦੀਵੇ ਮਹਿੰਗੇ ਮਹਿੰਗੇ ਪਟਾਕਿਆਂ ਅਤੇ
ਵੰਨਸੁਵੰਨੀਆਂ ਮਠਿਆਈਆਂ ਦੀ ਥਾਂ ਵੰਡਣੇ ਚਾਹੀਦੇ ਹਨ। ਗੁਰਮਤਿ ਨਾਲ, ਲਛਮੀ ਪੂਜਨ
ਵਾਲੀ ਦੀਵਾਲੀ ਦਾ ਕੋਈ ਸਬੰਧ ਨਹੀਂ ਸਗੋਂ ਕਿਰਤ ਕਰਕੇ ਲਛਮੀ (ਮਾਇਆ) ਪੈਦਾ ਕਰਣੀ
ਜਾਂ ਕਮਾਉਣੀ ਚਾਹੀਦੀ ਹੈ। ਕਹਿੰਦੇ ਹਨ ਲਛਮੀ ਤਾਂ ਹੱਥਾਂ ਦੀ ਕਿਰਤ ਹੈ ਨਾਂ ਕਿ
ਕੋਈ ਮਿਥਿਹਾਸਕ ਦੇਵੀ ਜੋ ਸਾਡੇ ਰਾਤ ਨੂੰ ਘਰ ਦੇ ਦਰਵਾਜੇ ਖੁੱਲੇ ਰੱਖਣ ਨਾਲ ਹੀ
ਅੰਦਰ ਆਉਂਦੀ ਹੈ। ਐਸਾ ਹੁੰਦਾ ਹੋਏ ਤਾਂ ਗਰੀਬ ਲੋਕ ਜਿਨਾਂ ਦੇ ਕੋਈ ਘਰ ਘਾਟ ਨਹੀਂ
ਜਾਂ ਟੁੱਟੀਆਂ-ਫੁੱਟੀਆਂ ਖੁੱਲੀਆਂ ਝੁੱਗੀਆਂ ਹੀ ਹੁੰਦੀਆਂ ਹਨ, ਕਥਿਤ ਲਛਮੀ ਓਥੇ
ਪਹਿਲੇ ਕਿਉਂ ਨਹੀਂ ਜਾਂਦੀ। ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਜੀ ਗਰੀਬ ਬਿਦਰ ਦੇ ਘਰ
ਅਤੇ ਸ੍ਰੀ ਰਾਮ ਜੀ ਗਰੀਬ ਭੀਲਣੀ ਕੋਲ ਗਏ ਸਨ। ਗੁਰੂ ਨਾਨਕ ਸਾਹਿਬ ਜੀ ਦਾ ਤਾਂ
ਅਕੱਟ ਇਤਿਹਾਸ ਹੈ ਕਿ ਉਹ ਮਲਕ ਭਾਗੋ ਦੇ ਮਹਿਲ ਤੇ ਪਕਵਾਨ ਛੱਡ ਕੇ ਇੱਕ ਗਰੀਬ
ਕਿਰਤੀ ਭਾਈ ਲਾਲੋ ਦੇ ਘਰ ਗਏ ਸਨ। ਲਛਮੀ (ਧੰਨ ਦੌਲਤ) ਕੋਈ ਦੇਵੀ ਨਹੀਂ ਸਗੋਂ
ਹੱਥੀਂ ਕੀਤੀ ਕਿਰਤ ਹੈ ਜੋ ਮਿਹਨਤ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ ਨਾਂ ਕਿ ਘਰ
ਦੇ ਦਰਵਾਜੇ ਖੋਲਣ ਦੇ ਵਹਿਮ ਨਾਲ। ਖੁੱਲੇ ਦਰਵਾਜਿਆਂ ਵਿੱਚ ਤਾਂ ਸਗੋਂ ਕਈ ਵਾਰ
ਕੁੱਤੇ ਬਿੱਲੇ ਅਤੇ ਚੋਰ ਆ ਵੜਦੇ ਹਨ ਜੋ ਖਾ ਪੀ ਕੇ ਘਰ ਵਿੱਚ ਪਈ ਲਛਮੀ ਨੂੰ ਵੀ
ਲੁੱਟ ਲੈ ਜਾਂਦੇ ਹਨ। ਆਓ ਗੁਰਬਾਣੀ ਗਿਆਨ ਦੇ ਦੀਵੇ ਬਾਲ ਕੇ ਮਨ ਦੀਆਂ ਬੁਝੀਆਂ
ਪਈਆਂ ਬੱਤੀਆਂ ਨੂੰ ਬਾਲੀਏ ਜੋ ਹੋਰਨਾਂ ਨੂੰ ਵੀ ਗਿਆਨ ਦੀ ਰੋਸ਼ਨੀ ਦੇ ਸਕਣ।
ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਹੈ ਇਸ ਲਈ ਘਰੇਲ ਬੱਜਟ ਨੂੰ ਦੇਖਦੇ ਹੋਏ ਹੀ
ਖਰਚਾ ਕਰਨਾ ਚਾਹੀਦਾ ਹੈ। ਤੁਹਾਡਾ ਪਿਆਰ ਨਾਲ ਦਿੱਤਾ ਹੋਇਆ ਕਾਗਜ਼ ਦਾ ਇਕ ਟੁਕੜਾ
ਵੀ ਤੁਹਾਡੇ ਆਪਣਿਆਂ ਨੂੰ ਅਜਿਹੀ ਖੁਸ਼ੀ ਦੇ ਸਕਦਾ ਹੈ ਜਿਸ ਦੀ ਤੁਸੀਂ ਕਾਮਨਾ ਵੀ
ਨਹੀਂ ਕਰ ਸਕਦੇ। ਪਰ ਜੇ ਤੋਹਫ਼ਾ ਲੈਣ ਵਾਲਾ ਬੇਕਦਰਾ ਹੈ ਫੇਰ ਤੁਹਾਡਾ
ਹਜ਼ਾਰਾਂ-ਲੱਖਾਂ ਦਾ ਤੋਹਫ਼ਾ ਵੀ ਉਸ ਨੂੰ ਖੁਸ਼ੀ ਨਹੀਂ ਦੇ ਸਕਦਾ। ਖੁਸ਼ੀਆਂ ਤੇ
ਖੇੜਿਆਂ ਦਾ ਸੂਚਕ ਦੀਵਾਲੀ ਜਦ ਆਉਂਦੀ ਹੈ ਤਾਂ ਮਨ ਖੁਸ਼ੀ ਦੀ ਕਲਪਨਾ ਕਰਦਾ ਹੈ। ਪਰ
ਜਿਸ ਦੇ ਅੰਦਰ ਵਿਛੋੜੇ ਦਾ ਦਰਦ ਹੋਵੇ, ਜਿਸ ਦਾ ਕੋਈ ਪਿਆਰਾ ਜਿਹਾ ਭੈਣ-ਭਰਾ ਉਸ
ਨਾਲ ਕਿਸੇ ਗੱਲੋਂ ਗੁੱਸੇ ਹੋ ਗਿਆ ਹੋਵੇ, ਜਿਸ ਦਾ ਸੱਜਣ ਉਸ ਕੋਲੋਂ ਵਿਛੜ ਗਿਆ
ਹੋਵੇ। ਉਸ ਲਈ ਦੀਵਾਲੀ ਕੀ ਖੁਸ਼ੀਆਂ ਲੈ ਕੇ ਆਵੇਗੀ।
ਕੀ ਦੀਵਾਲੀਆ, ਕੀ ਨਜਾਰੇ, ਵਿਛੜ ਗਿਆ ਦੀਆਂ, ਯਾਦਾਂ ਸਹਾਰੇ।
ਰੱਬ ਅੱਗੇ ਇਹੋ ਅਰਦਾਸ ਹੈ ਕਿ ਕਿਸੇ ਲਈ ਵੀ ਅਜਿਹੀ ਦੀਵਾਲੀ ਕਦੇ ਨਾ ਆਵੇ,
ਜਿਸ ਵਿਚ ਕਿਸੇ ਦੇ ਵਿਛੋੜੇ ਦਾ ਦਰਦ ਹੋਵੇ। ਦੇਸ਼ ਦੇ ਕੋਨੇ-ਕੋਨੇ ਕੁਝ ਵਿਦੇਸ਼ਾਂ
ਵਿਚ ਮਨਾਏ ਜਾਣ ਵਾਲੇ ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਤੇ ਚਾਹੇ
ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ। ਪਰ ਇਸ ਦੇ ਬਦਲੇ ਜੋ ਬੇਅੰਤ ਖੁਸ਼ੀ ਪ੍ਰਾਪਤ
ਹੁੰਦੀ ਹੈ। ਉਸ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਸਮੂਹ ਪਾਠਕਾਂ ਦੇ ਘਰ
ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ
ਹਮੇਸ਼ਾ ਜਗਦੇ ਰਹਿਣ। ਸਭ ਦੇ ਦਿਲਾਂ ਦੀ ਨਫ਼ਰਤ ਦੂਰ ਹੋਵੇ ਤੇ ਪਿਆਰ ਦਾ ਦੀਵਾ
ਹਮੇਸ਼ਾ ਜਗਦਾ ਰਹੇ।
ਭਵਨਦੀਪ ਸਿੰਘ ਪੁਰਬਾ
E-Mail : bhawandeep@rediffmail.com
Cell : (+91)-9988-92-9988 |