|
|
ਨੌਸਟਾਲਜੀਆ ਭਾਵ ਭੂਹੇਰਵਾ ਜਾਂ ਕਹਿ ਲਓ ਕਿ ਪਿਛਾਂਹ ਛੱਡ ਕੇ ਆਏ
ਸਮਾਜ ਤੇ ਦੇਸ ਲਈ ਝੂਰਨਾ ਇਕ ਕੁਦਰਤੀ ਮਨੁੱਖ਼ੀ ਕਰਮ ਹੈ।
ਇਸ ਦਾ ਸਿੱਧਾ ਸੰਬੰਧ ਅਤੀਤ ਨਾਲ਼ ਹੈ। ਇਹ
ਸ਼ਬਦ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੇ ਬੀਤ ਗਏ ਜ਼ਾਤੀ ਅਤੇ ਦੇਸ਼
ਵਿਆਪਕ ਲਮਹਿਆਂ ਲਈ ਝੂਰਦੇ ਰਹਿੰਦੇ ਹਨ। ਇਹ ਲਮਹੇ
ਕੇਵਲ ਖ਼ੁਸ਼ੀ ਵਾਲ਼ੇ ਹੀ ਹੁੰਦੇ ਹਨ। ਪਰਦੇਸਾਂ ਵਿਚ
ਬੈਠੇ ਲੋਕ ਉਨ੍ਹਾਂ ਜਗ੍ਹਾਵਾਂ ਨੂੰ ਆਪਣਿਆਂ ਮਨਾਂ ਵਿਚ ਚਿਤਵਦੇ ਰਹਿੰਦੇ ਹਨ ਜਿਥੇ
ਉਨ੍ਹਾ ਦੀ ਜ਼ਿੰਦਗ਼ੀ ਵਿਚ ਕੁਝ ਨਾ ਕੁਝ ਚੰਗਾ ਵਾਪਰਿਆ ਹੁੰਦਾ ਹੈ। ਅਸੀਂ ਲੋਕ ਜਿਸ
ਭੁੱਖਮਰੀ ਅਤੇ ਤੰਗਦਸਤੀ ਕੋਲੋਂ ਭੱਜ ਕੇ ਇੱਥੇ ਆਏ ਸਾਂ, ਉਸ ਵਾਰੇ ਸੋਚਣ ਤੋਂ
ਅਸੀਂ ਕੰਨੀਂ ਕਤਰਾਉਂਦੇ ਹਾਂ। ਸਾਨੂੰ ਬੀਤ ਚੁੱਕੇ
ਚੰਗੇ ਪਲ ਹੀ ਮਹਿਬੂਬ ਹਨ। ਜਰਮਨ ਯਹੂਦੀ ਭਲਾ ਐਕਟਰਮੀਨੇਸ਼ਨ ਕੈਂਪਾਂ ਕਰਕੇ
ਜਰਮਨੀ ਨੂੰ ਕਿਉਂ ਯਾਦ ਕਰਨਗੇ? ਉਹ ਇਜ਼ਰਾਈਲ ਜਾਂ
ਹੋਰਨੀਂ ਦੇਸੀਂ ਵਸਦੇ ਕੇਵਲ ਉਹੋ ਹੀ ਪਲ ਯਾਦ ਕਰਦੇ ਹਨ ਜਿਹੜੇ ਨਾਜ਼ੀਵਾਦ ਤੋਂ
ਪਹਿਲਾਂ ਵਾਲ਼ੇ ਜਰਮਨੀ ਵਿਚ ਹੋਇਆ ਕਰਦੇ ਸਨ। ਉਹ
ਕੇਵਲ ਆਪਣੇ ਅਤੀਤ ਦੇ ਵਸਦੇ ਰਸਦੇ ਘਰਾਂ ਦਾ ਹੀ ਜ਼ਿਕਰ ਕਰਦੇ ਹਨ ਤੇ ਉਨ੍ਹਾਂ ਦੇ
ਖ਼ੁਸ ਜਾਣ ਦਾ ਹੀ ਦੁੱਖ਼ ਮਨਾਉਂਦੇ ਹਨ। ਸੋ ਮਨੁੱਖੀ
ਮਨ ਦੀ ਇਹ ਅਵਸਥਾ ਦੇਸਾਂ ਤੇ ਨਸਲਾਂ ਦੀਆਂ ਹੱਦਾ ਟੱਪ ਕੇ ਹਰ ਪਰਵਾਸੀ ਉੱਤੇ
ਢੁੱਕਦੀ ਹੈ। 1947 ਦੇ ਵਟਵਾਰੇ ਦੇ ਦੁੱਖ਼ ਨਾਲੋਂ
ਇੰਡੀਅਨ ਅਤੇ ਪਾਕਿਸਤਾਨੀਆਂ ਨੂੰ ਉਸ ਤੋਂ ਪਹਿਲਾਂ ਦਾ ਦੌਰ ਵਧੇਰੇ ਚੇਤੇ ਆਉਂਦਾ
ਹੈ। ਉਹ 1947 ਦੇ ਦੌਰ ਦੇ ਦਰਦ ਨੂੰ ਚਿਤਵਣੋਂ
ਡਰਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾ ਲੋਕਾਂ ਨੇ ਅਗਰ ਆਪਣੇ ਦੇਸੀਂ ਬਹੁਤ
ਦੁੱਖ ਦੇਖ਼ੇ ਹੋਣਗੇ ਉਹ ਦੇਸ ਨੂੰ ਘੱਟ ਯਾਦ ਕਰਦੇ ਹਨ ਤੇ ਜਿਨ੍ਹਾਂ ਦੀਆਂ ਯਾਦਾਂ
ਚੰਗੇ ਪਲਾਂ ਨਾਲ਼ ਲਬਰੇਜ਼ ਹੁੰਦੀਆਂ ਹਨ, ਉਹ ਪਿਛਾਂਹ ਰਹਿ ਗਏ ਦੇਸ ਲਈ ਵਧੇਰੇ
ਝੂਰਦੇ ਹਨ।
ਨੌਸਟਾਲਜੀਆ ਜਾਂ ਭੂਹੇਰਵਾ ਇਕ
ਅਜਿਹੀ ਚੀਜ਼ ਹੈ ਜਿਹੜੀ ਕਈ ਵੇਰ ਵਰਤਮਾਨ ਦੇ ਚੰਗੇ ਪਲਾਂ ਨੂੰ ਵੀ ਨਹੀਂ ਮਾਨਣ
ਦਿੰਦੀ। ਇਸ ਦੀ ਪੁਸ਼ਟੀ ਇਕ ਅਮਰੀਕਨ ਚਿੰਤਕ ਅੱਲੀ
ਕੌਂਡੀ ਇੰਝ ਕਰਦੀ ਹੈ, "ਜਿਹੜਾ ਇਨਸਾਨ ਅਤੀਤ ਨਾਲ਼ ਚੰਬੜਿਆ ਰਹਿੰਦਾ ਹੈ ਉਹ
ਵਰਤਮਾਨ ਦਾ ਲੁੱਤਫ਼ ਵੀ ਨਹੀਂ ਮਾਣ ਸਕਦਾ।" ਜਦੋਂ ਇਨਸਾਨ ਬਹੁਤ ਦੁੱਖ ਵਿਚੀਂ ਗੁਜ਼ਰ
ਰਿਹਾ ਹੁੰਦਾ ਹੈ ਤਾਂ ਉਹ ਆਪਣੇ ਚੰਗੇ ਪਲਾਂ ਨੂੰ ਯਾਦ ਕਰਕੇ ਹੋਰ ਵੀ ਦੁਖ਼ੀ ਹੁੰਦਾ
ਹੈ। ਅਸੀਂ ਇਨ੍ਹਾਂ ਠੰਡਿਆਂ ਦੇਸਾਂ ਵਿਚ ਰਹਿ ਕੇ
ਆਪਣੇ ਦੇਸ ਦੇ ਸੁਹਾਵਣੇ ਮੌਸਮ ਨੂੰ ਯਾਦ ਕਰਦੇ ਹਾਂ।
ਪੰਜਾਬ ਵਿਚ ਹਰ ਮੌਸਮ ਦੀਆਂ ਆਪਣੀਆਂ ਚੰਗਿਆਈਆਂ ਹਨ।
ਸਾਨੂੰ ਠੁਰ ਠੁਰ ਕਰਦਿਆਂ ਨੂੰ ਪਿਛਾਂਹ ਰਹਿ ਗਏ ਦੇਸ ਦੀ ਕਹਿਰ ਦੀ ਗਰਮੀ
ਵੀ ਚੰਗੀ ਲਗਦੀ ਹੈ। ਮੈਨੂੰ ਯਾਦ ਹੈ ਕਿ ਜਦੋਂ
ਮੈਂ ਢਾਈ ਕੁ ਦਹਾਕੇ ਪਹਿਲਾਂ ਰੇਡੀਓ ਉੱਤੇ ਪ੍ਰੋਗਰਾਮ ਦੇਣ ਲੱਗਾ ਸਾਂ ਤਾਂ ਮੈਨੂੰ
ਅਜਿਹੇ ਗੀਤਾਂ ਦੀ ਬਹੁਤ ਫ਼ਰਮਾਇਸ਼ ਆਇਆ ਕਰਦੀ ਸੀ ਜਿਸ ਵਿਚ ਆਪਣੇ ਦੇਸ ਦੇ ਮੌਸਮ
ਨਾਲ਼ ਸੰਬੰਧ ਰਖ਼ਦੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੁੰਦਾ ਸੀ। ਜਿਵੇਂ
"ਵੇ ਲੈ ਦੇਹ ਮੈਨੂੰ ਮਖ਼ਮਲ ਦੀ ਪੱਖ਼ੀ ਘੁੰਗਰੂਆਂ
ਵਾਲ਼ੀ", "ਮੱਛਰ
ਨੇ ਖ਼ਾ ਲਈ ਤੋੜ ਕੇ, ਗੁੜ ਖ਼ਾਂਦੀ ਤੇ ਨਾਲੇ ਗੰਨੇ ਚੂਪਦੀ",
"ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ ਗੋਰੀਏ",
"ਸੌਣ ਦਾ ਮਹੀਨਾ ਯਾਰੋ, ਸੌਣ ਦਾ ਮਹੀਨਾ ਏ",
"ਕਿੱਥੇ ਚੱਲੀ ਏਂ ਸਰ੍ਹੋਂ ਦਾ ਫ਼ੁੱਲ ਬਣ ਕੇ
ਕੁੜੀਏ ਬਦਾਮੀ ਰੰਗੀਏ", "ਏਧਰ
ਕਣਕਾਂ ਓਧਰ ਕਣਕਾਂ" ਆਦਿ ਅਤੇ
"ਜੁੱਤੀ ਕਸੂਰੀ ਪੈਰੀਂ ਨਾ ਪੂਰੀ",
"ਸਾਨੂੰ ਨਹਿਰ ਵਾਲ਼ੇ ਪੁਲ਼ 'ਤੇ ਬੁਲਾ ਕੇ",
"ਕਪਾਹਾਂ ਵਿਚ ਆ ਜਾ ਗੋਰੀਏ",
"ਵੇ ਪਿਪਲ਼ਾ ਸੱਜਣਾ ਦੇ ਪਿੰਡ ਦਿਆ ਤੂੰ ਭੇਤ ਛੁਪਾ
ਕੇ ਰੱਖ਼ੀਂ", "ਕਾਲਾ
ਡੋਰੀਆ ਕੁੰਡੇ ਨਾਲ਼ ਅੜਿਆ ਈ ਉਇ" ਆਦਿ ਵਰਗੀ
ਗਾਇਕੀ ਨੌਸਟਾਲਜੀਆ ਦੀ ਤਰਜਮਾਨੀ
ਹੀ ਤਾਂ ਕਰਦੀ ਸੀ।
ਨੌਸਟਾਲਜੀਆ ਗਰੀਕ ਸ਼ਬਦ
ਨੋਸਤੋਸ ਅਲਗੌਸ ਤੋਂ ਬਣਿਆ ਹੈ।
ਨੋਸਤੋਸ ਦਾ ਸਿੱਧਾ ਮਾਅਨਾ ਘਰ ਵਾਪਸੀ ਹੈ ਅਤੇ ਅਲਗੌਸ
ਦਾ ਮਤਲਬ ਘਰ ਵਾਪਸ ਨਾ ਪਰਤਣ ਵਿਚਲੀ
ਪੀੜ ਹੈ। ਹੇਰਵੇ ਦੀ ਇਸ ਕੰਡੀਸ਼ਨ ਨੂੰ
ਸਤ੍ਹਾਰਵੀਂ ਸਦੀ ਵਿਚ ਮੈਡੀਕਲ ਕੰਡੀਸ਼ਨ ਦੇ
ਤੌਰ ਤੇ ਵੀ ਲਿਆ ਜਾਂਦਾ ਸੀ। ਇਹ ਉਨ੍ਹਾ
ਸਿਪਾਹੀਆਂ ਲਈ ਵਰਤਿਆ ਜਾਂਦਾ ਸੀ ਜਿਹੜੇ ਲਾਮ 'ਤੇ ਗਏ ਹੋਏ ਕਈ ਕਈ ਵਰ੍ਹੇ ਵਾਪਸ
ਘਰ ਨਹੀਂ ਸਨ ਪਰਤਦੇ। ਉਹ ਮਾਂ ਬਾਪ ਭੈਣਾ ਭਰਾਵਾਂ
ਅਤੇ ਪ੍ਰੇਮਕਾਵਾਂ ਤੇ ਪਤਨੀਆ ਤੇ ਬੱਚਿਆਂ ਨੂੰ ਯਾਦ ਕਰ ਕਰ ਕੇ ਨੀਮ ਪਾਗਲ ਹੋ
ਜਾਇਆ ਕਰਦੇ ਸਨ। ਸਾਡੇ ਕਈ ਲੋਕ ਵੀ ਦੇਸ ਲਈ
ਝੂਰਦੇ ਲੋਕਾਂ ਨੂੰ ਕਮਲਪੁਣੇ ਨਾਲ਼ ਜੋੜ ਦਿੰਦੇ ਹਨ, ਅਖ਼ੇ ਬਸ ਜੀ ਦੇਸ ਨੂੰ ਯਾਦ ਕਰ
ਕਰਕੇ ਸ਼ੁਦਾਈ ਹੋ ਗਿਆ ਹੈ। ਦਰਅਸਲ ਚਾਹੀਦਾ ਇਹ ਹੈ
ਕਿ ਮਾਜ਼ੀ ਭਾਵ ਭੂਤਕਾਲ ਚੋਂ ਕੁਝ ਸਿੱਖ ਕੇ ਇਸ ਨੂੰ ਵਿਸਾਰ ਦੇਣਾ ਚਾਹੀਦਾ ਹੈ।
ਇਸ ਨਾਲ਼ ਚੰਬੜੇ ਰਹਿਣ ਨਾਲ਼ ਤੁਸੀਂ ਵਾਕਈ ਸ਼ੁਦਾਈ ਹੋ ਸਕਦੇ ਹੋ।
ਪਰ ਮੈਂ ਸਮਝਦਾ ਹਾਂ ਕਿ ਵਕਤ ਦੇ ਗ਼ੁਜ਼ਰਨ ਨਾਲ਼ ਨੌਸਟਾਲਜੀਆ
ਘਟਦਾ ਰਹਿੰਦਾ ਹੈ। ਜਿਓਂ ਜਿਓਂ
ਸਾਡੀਆਂ ਜੜ੍ਹਾਂ ਓਪਰੇ ਦੇਸ ਦੀ ਮਿੱਟੀ ਵਿਚ ਪੱਕੀਆਂ ਤੇ ਗੜੁੱਚ ਹੁੰਦੀਆਂ
ਜਾਂਦੀਆਂ ਹਨ ਤਿਵੇਂ ਤਿਵੇਂ ਹੇਰਵੇ ਦਾ ਦੌਰ ਧੁੰਦਲ਼ਾ ਹੁੰਦਾ ਰਹਿੰਦਾ ਹੈ।
ਪਰ ਚਾਲ ਧੀਮੀ ਹੈ।
ਰੋਟੀ ਰੋਜ਼ੀ ਖ਼ਾਤਰ ਹੀ ਬੰਦਾ ਆਪਣਾ ਘਰ ਛੱਡਦਾ ਹੈ ਬਿਲਕੁੱਲ ਉਸੇ ਤਰ੍ਹਾਂ ਜਿਸ
ਤਰ੍ਹਾਂ ਇਕ ਪਰਿੰਦਾ ਚੋਗਾ ਚੁਗਣ ਦੀ ਜ਼ਰੂਰਤ ਕਰਕੇ ਇਕ ਟਾਹਣੀ ਤੋਂ ਦੂਜੀ ਤੀਕ
ਉਡਦਾ ਹੈ। ਵਤਨ ਨੂੰ ਛੱਡਣਾ ਇਕ ਬਹੁਤ ਵੱਡੀ
ਕੁਰਬਾਨੀ ਹੈ। ਆਪਣੇ ਦੇਸ ਵਰਗੀਆਂ ਪ੍ਰਸਥਿਤੀਆਂ
ਪਰਦੇਸਾਂ ਵਿਚ ਲੱਭਣ ਲਈ ਅਸੀਂ ਲਗਾਤਾਰ ਯਤਨਸ਼ੀਲ ਰਹਿੰਦੇ ਹਾਂ।
ਸਾਡੀ ਮਾਨਸਕ ਅਵਸਥਾ ਹਰ ਵੇਲੇ ਇਕ ਅਕਿਹ ਦਰਦ ਵਿਚੀਂ ਗ਼ੁਜ਼ਰਦੀ ਹੈ।
ਏਸ ਲਈ ਘਰ ਦੀ ਸ਼ਤੀਰੀ ਚੁੱਕ ਮੋਢੇ,
ਤੁਰ ਪਏ ਸਨ ਯਾਰ ਕੁਝ ਪਰਦੇਸ ਵੱਲ ਨੂੰ।
- ਅਵਤਾਰ ਜੰਡਿਆਲਵੀ
ਦਿਲ 'ਚ ਇਕ ਸਹਿਰਾ ਬਾਹਾਂ ਖ਼ੋਲ੍ਹਦਾ ਸੀ
ਰੋਜ਼ ਊਠਾਂ ਵਾਲ਼ਿਆਂ ਨੂੰ ਟੋਲ੍ਹਦਾ ਸੀ। -
ਅਵਤਾਰ ਜੰਡਿਆਲਵੀ
ਕਈਏਂ ਥਾਈਂ ਦੁਚਿਤੀ ਵੀ ਹੁੰਦੀ ਹੈ ਕਿਉਂਕਿ ਵਾਪਸ ਪਰਤਣਾ ਵੀ ਸੌਖਾ ਨਹੀਂ
ਹੁੰਦਾ:-
ਦੋ ਦੇਸਾਂ ਵਿਚਕਾਰ ਜਿੰਦ ਜਿਓਂ, ਸਾਗ਼ਰ ਦੇ ਵਿਚ ਬਹਿ ਗਈ।
ਦੇਸਣ ਤੇ ਪਰਦੇਸਣ ਹੋ ਕੇ ਦੋ ਦੋ ਦੁੱਖ਼ੜੇ ਸਹਿ ਗਈ।
- ਅਵਤਾਰ ਜੰਡਿਆਲਵੀ
ਜਦੋਂ ਕੋਈ ਆਪਣਾ ਦੇਸ ਛੱਡ ਕੇ ਬਿਗ਼ਾਨੇ ਮੁਲਕੀਂ ਜਾਂਦਾ ਹੈ ਤਾਂ ਉਹ ਅਕਸਰ ਇਹ
ਸੋਚਦਾ ਹੈ ਕਿ ਜਿਓਂ ਹੀ ਉਸ ਕੋਲ਼ ਲੋੜੀਂਦਾ ਸਰਮਾਇਆ ਹੋਇਆ ਉਹ ਵਾਪਸ ਆਪਣੇ ਦੇਸ
ਪਰਤ ਜਾਵੇਗਾ ਪਰ ਲੰਮਾ ਸਮਾਂ ਬਿਦੇਸ਼ਾਂ ਵਿਚ ਰਹਿ ਕੇ ਉਹ ਉਸ ਪੰਛੀ ਵਰਗਾ ਹੋ
ਜਾਂਦਾ ਹੈ ਜਿਹੜਾ ਪਿੰਜਰਾ ਛੱਡਣੋਂ ਡਰਨ ਲੱਗ ਪੈਂਦਾ ਹੈ।
ਉਹ ਇਸ ਪਿੰਜਰੇ ਵਿੱਚੋਂ ਸਿਕਿਉਰਿਟੀ ਭਾਲਣ
ਲੱਗ ਪੈਂਦਾ ਹੈ ਤੇ ਉਸ ਨੂੰ ਬਾਹਰਲੀ ਦੁਨੀਆਂ ਅਸੁਰੱਖਿਅਤ ਲੱਗਣ ਲੱਗ ਪੈਂਦੀ ਹੈ।
ਸਾਡੇ ਲੋਕਾਂ ਨੂੰ ਹੁਣ ਤੀਕ ਇਹ ਵੀ ਅਹਿਸਾਸ ਹੋਣ ਲੱਗ ਪਿਆ ਹੈ ਕਿ
ਪਿਛਾਂਹ ਰਹਿ ਗਏ ਰਿਸ਼ਤੇਦਾਰ ਵੀ ਬਦਲ ਗਏ ਹਨ ਤੇ ਉੱਥੋਂ ਦੀਆਂ ਕਦਰਾਂ ਕੀਮਤਾਂ ਵੀ
ਬਦਲ ਗਈਆਂ ਹਨ।
ਪਰਤ ਕੇ ਜਾ ਜਾਵੋਗੇ ਕਿੱਥੇ ਉਸ ਜਗ੍ਹਾ ਤਾਂ ਘਰ ਨਹੀਂ।
ਛੱਤ ਨਹੀਂ ਬਾਰੀ ਨਹੀਂ ਸਜਦਾ ਕਰਨ ਲਈ ਦਰ ਨਹੀਂ।
ਕਿਸ ਤਰ੍ਹਾਂ ਬੈਠੋਗੇ ਜਾ ਕੇ, ਹੁਣ ਬੇਗ਼ਾਨੀ ਸ਼ਾਖ਼
'ਤੇ,
ਉੱਡਣ ਦੀ ਵੀ ਤਾਂਘ ਨਹੀਂ, ਮਜ਼ਬੂਤ ਵੀ ਹੁਣ ਪਰ
ਨਹੀਂ। -
ਸਾਥੀ ਲੁਧਿਆਣਵੀ
ਮੈਂ ਟੋਲ੍ਹਣ ਆਇਆ ਹਾਂ
ਤੇਰੇ ਮੇਰੇ ਰਿਸ਼ਤੇ ਦੀ ਕੋਈ ਸਿਆਣ
ਮੈਂ ਪਰਖ਼ਣ ਆਇਆ ਹਾਂ ਕਿ ਸ਼ਾਇਦ ਕੋਈ
ਰਿਸ਼ਤਿਆ ਦੀ ਸਲੀਬ 'ਤੇ ਟੰਗੀ ਹੋਈ ਹੇਕ ਮਿਲ ਜਾਏ
ਜਾਂ ਕਿੱਲਾਂ 'ਚ ਠੁਕੀ ਕੋਈ ਨਿਕਰਮਣ ਲੇਰ
ਜਾਂ ਫ਼ਿਰ ਦਾਰਾਂ 'ਤੇ ਲਟਕਦੀ
ਕੋਈ ਨਿਰਮਾਣ ਆਹ -
ਸੰਤੋਖ਼ ਧਾਲੀਵਾਲ
ਏਸ ਦੇਸ ਦੇ ਮੌਸਮ ਦਾ ਵੀ ਕੀ ਭਰਵਾਸਾ।
ਭਾਵੇਂ ਚਰਬੀ ਦਾ ਮੁੱਲ ਪੈਂਦਾ ਖਾਸਾ।
ਏਸ ਦੇਸ ਵਿਚ ਨਿੰਦਿਆ ਜਾਂਦਾ ਸਾਡਾ ਹਾਸਾ।
ਮੁੜ ਜਾਵਾਂਗੇ ਮੁੜ ਜਾਵਾਂਗੇ
ਅਗਲੇ ਸਾਲ ਜਾਂ ਰੁੱਤ ਫ਼ਿਰੀ ਤੇ ਮੁੜ ਜਾਵਾਂਗੇ।
- ਅਵਤਾਰ ਜੱਡਿਆਲਵੀ
ਮੇਰੇ
ਪਿੰਡ, ਤੂੰ ਮੇਰੇ ਪਰਤ ਆਉਣ ਤੱਕ ਵਸੀਂ
ਤੇਰੇ ਤੋਂ ਬਿਨਾਂ ਮੇਰਾ ਕੋਈ ਥਾਂ ਨਹੀਂ
ਤੇਰੇ ਤੋਂ ਬਿਨਾਂ ਸਭ ਦੇਸ ਜੁਗਰਾਫ਼ੀਆ ਹਨ
ਤੇਰੇ ਤੋਂ ਬਿਨਾਂ ਮੇਰਾ ਕੋਈ ਥਾਂ ਨਹੀਂ।
ਤੇਰੇ ਤੋਂ ਬਿਨਾਂ ਮੇਰੀ ਕੋਈ ਮਾਂ ਨਹੀਂ। - ਅਵਤਾਰ ਜੰਡਿਆਲਵੀ
ਮੇਰੇ ਪਰਤ ਆਉਣ ਤੱਕ
ਪਿੰਡ ਦੇ ਬੂਹਿਆਂ 'ਚ ਪਿੱਠਾਂ ਦੀ ਕੰਧ ਹੋਏਗੀ
ਹਰ ਗਲ਼ੀ ਮੇਰੇ ਲਈ ਬੰਦ ਹੋਏਗੀ। - ਅਵਤਾਰ ਜੰਡਿਆਲਵੀ
ਕਈ ਵੇਰ ਬਾਹਰਲੇ ਮਨੁੱਖ ਦੀ ਹਾਲਤ ਹਵਾ ਵਿਚ ਲਟਕਦੇ ਇਕ ਮਨੁੱਖ ਵਰਗੀ ਹੋ
ਜਾਂਦੀ ਤੇ ਉਹ ਇਨਡੀਸਾਇਸਿਵ ਭਾਵ ਫ਼ੈਸਲਾ ਕਰਨ ਤੋਂ ਅਸਮਰਥ ਹੋ
ਜਾਂਦਾ ਹੈ ਤੇ ਅਪਣੀ ਦੋਚਿਤੀ ਵਾਲ਼ੀ ਸਥਿਤੀ ਨੂੰ ਸਵੀਕਾਰ ਕਰ ਲੈਂਦਾ ਹੈ।
ਬਾਹਰ ਦਾ ਉਹ ਆਦਮੀ
ਆਪਣੇ ਜੀਵਨ ਕਾਲ ਵਿਚ
ਕਈ ਵੇਰ, ਆਪਣੇ ਦੇਸ ਜਾਵੇਗਾ
ਉਸ ਦੇ ਘਰ ਤੇ ਉਸ ਦੇ ਮਕਾਨ ਦੇ ਪਤੇ ਵਾਲ਼ਾ
ਦੁਪਾਸਾ ਪਤਰਾ, ਬੈਗ਼ ਉਸ ਦੇ 'ਤੇ ਝੂਲਦਾ
ਹਰ ਵੇਰ ਉਸ ਦੇ ਨਾਲ਼ ਆਵੇਗਾ
ਉਸ ਦੀ ਖ਼ਾਨਾਬਦੋਸ਼ ਹੋਣ ਦੀ
ਹਰ ਪਲ ਉਸ ਨੂੰ ਯਾਦ ਦਿਲਾਵੇਗਾ। - ਵੀਰਿੰਦਰ ਪਰਿਹਾਰ
ਭੁਹੇਰਵੇ ਦੀ ਵਧੀਆ ਉਦਾਹਰਣ ਹੇਠ ਲਿਖ਼ੇ ਬੰਦ ਵਿਚ ਹੈ ਜਿਸ ਵਿਚ ਆਪਣੇ ਅਤੀਤ
ਨੂੰ ਯਾਦ ਕਰਦਿਆਂ ਤੇ ਹੁਣ ਦੀ ਸਥਿਤੀ ਨੂੰ ਚਿਤਵਦਿਆਂ ਕਵੀ ਕਹਿੰਦਾ ਹੈ:-
ਸ਼ਕਰਕੰਦੀ ਦੀਆਂ ਰੇੜ੍ਹੀਆਂ, ਕਿਤੇ ਨਹੀਂ ਦਿਸਦੀਆਂ
ਧੂੜ ਦੇ ਬੱਦਲ ਵਿਚ ਖ਼ੜ੍ਹਾ, ਨਿੱਕਾ ਵਰਿੰਦਰ ਰੋਂਦਾ ਹੈ।
"ਵੱਡਾ ਵਰਿੰਦਰ ਵੱਡਾ ਹੀਜੜਾ ਹੈ,
ਵੱਡਾ ਵਰਿੰਦਰ ਵੱਡੀ ਕਵਿਤਾ ਲਿਖ਼ਦਾ ਹੈ।" - ਵਰਿੰਦਰ ਪਰਿਹਾਰ
ਅਵਤਾਰ ਜੰਡਿਆਲਵੀ ਸਾਡਾ ਪ੍ਰਤੀਨਿਧ ਸ਼ਾਇਰ ਸੀ। ਆਪਣੀ ਮੁਢਲੀ ਪਰਵਾਸੀ ਜ਼ਿੰਦਗ਼ੀ
ਵਿਚ ਮੈਂ ਉਸ ਨੂੰ ਬੜਾ ਨੇੜਿਓਂ ਤੱਕਿਆ ਸੀ। ਕਿਹੜੀਆਂ ਐਸੀਆਂ ਮਜਬੂਰੀਆਂ ਸਨ
ਜਿਹੜੀਆਂ ਸਾਨੂੰ ਪਰਦੇਸੀਂ ਲੈ ਆਈਆਂ ਸਨ? ਉਹ ਕਹਿੰਦਾ ਹੈ:-
ਕੀ ਹੋਇਆ ਜੇ ਪਰਦੇਸਾਂ ਵਿਚ ਦਰਦ ਬੜਾ ਹੈ।
ਕੀ ਹੋਇਆ ਜੇ ਰੰਗ ਅੰਬਰ ਦਾ ਜ਼ਰਦ ਬੜਾ ਹੈ।
ਪਰ ਬਾਪੂ ਦੇ ਮੋਢੇ ਉੱਤੇ ਕਰਜ਼ ਬੜਾ ਹੈ। - ਅਵਤਾਰ ਜੰਡਿਆਲਵੀ
ਜਦੋਂ ਅਸੀਂ ਸੱਠਵਿਆ ਵਿਚ ਵਲਾਇਤ ਆਏ ਸਾਂ ਤਾਂ ਰਜਾਈਆਂ ਵਿਚ ਵੜਕੇ ਕਿੰਨੀ
ਕਿੰਨੀ ਦੇਰ ਤੀਕ ਆਪਣੇ ਪਿਆਰਿਆ ਨੂੰ ਯਾਦ ਕਰ ਕਰ ਕੇ ਰੋਂਦੇ ਰਹਿੰਦੇ ਹੁੰਦੇ ਸਾਂ।
ਪਤਾ ਨਹੀਂ ਇਕ ਸ਼ੇਆਰ ਮੇਰੇ ਜ਼ਿਹਨ ਵਿਚ ਕਦੋਂ ਦਾ ਅਟਕਿਆ ਹੋਇਆ ਸੀ ਕਿ ਇਥੇ ਆਉਣ
ਤੋਂ ਕਈ ਵਰ੍ਹੇ ਬਾਅਦ ਇੱਥੇ ਆਏ ਇੱਲੀਗਲ ਇੱਮੀਗਰਾਂਟਸ ਦੀ
ਤ੍ਰਾਸਦੀ ਵਾਰੇ ਲਿਖ਼ੀ ਗਈ ਇਕ ਗ਼ਜ਼ਲ ਰਾਹੀਂ ਹੀ ਬਾਹਰ ਨਿਕਲਿਆ:-
ਪੀਣਗੇ ਪੈਮਾਨਿਆ ਚੋਂ ਤਲਖ਼ੀਆਂ,
ਜ਼ਖ਼ਮ ਅੱਲ੍ਹੇ ਭਰਨਗੇ ਅੱਜ ਸ਼ਾਮ ਨੂੰ।
ਤੋੜ ਕੇ ਖ਼ਾਲੀ ਪਿਆਲੇ ਦੋਸਤੋ,
ਇੰਝ ਮਾਤਮ ਕਰਨਗੇ ਅੱਜ ਸ਼ਾਮ ਨੂੰ।
ਕਾਸ਼ ਅੱਜ ਸੁਪਨੇ 'ਚ ਮਾਂ ਆਕੇ ਮਿਲ਼ੇ
ਇਹ ਦੁਆਵਾਂ ਕਰਨਗੇ ਅੱਜ ਸ਼ਾਮ ਨੂੰ । - ਸਾਥੀ ਲੁਧਿਆਣਵੀ
ਪ੍ਰਦੇਸਾਂ ਦੇ ਦੁੱਖ਼ ਕਈ ਵੇਰ ਇਥੋਂ ਦੇ ਆਰਾਮ ਨੂੰ ਵੀ ਮਾਤ ਪਾ ਜਾਂਦੇ ਹਨ।
ਪ੍ਰਦੇਸਾਂ ਵਿਚ ਦੇਹ ਨੂੰ ਸੁੱਖ਼ ਹੈ, ਰੂਹ ਨੂੰ ਦੁੱਖ ਹੈ, ਦਿਲ ਨੂੰ ਤੰਗੀ।
ਦੇਸ਼ ਮੇਰੇ ਨੂੰ ਕੰਗਲਾਂ ਕਰ ਗਏ, ਲੁੱਟ ਕੇ ਲੈ ਗਏ ਮਾਲ ਫ਼ਰੰਗੀ। - ਚਮਨ
ਲਾਲ ਚਮਨ
ਏਸ ਦੇਸ ਵਿਚ ਮੈਨੂੰ ਬੜੇ ਆਰਾਮ ਨੇ
ਐਨੇ ਆਰਾਮ ਕਿ ਗ਼ੁਦਗ਼ੁਦੇ ਕਾਰਪੈਟਾਂ 'ਤੇ ਫ਼ਿਰ ਕੇ ਮੈਨੂੰ
ਤਰੇਲ ਭਿੱਜੇ ਘਾਅ ਤੇ ਚੱਲਣ ਦੀ ਜਾਚ ਭੁੱਲ ਗਈ ਹੈ। - ਚਮਨ ਲਾਲ ਚਮਨ
ਬਹੁਤ ਸਾਰੇ ਸਾਡੇ ਕਵੀਆਂ ਨੇ ਬਿਦੇਸ਼ਾਂ ਦੀ ਜ਼ਿੰਦਗ਼ੀ ਨੂੰ ਭਗਵਾਨ ਰਾਮ ਚੰਦਰ ਦੇ
ਬਨਵਾਸ ਨਾਲ਼ ਤੁਲਨਾ ਦਿੱਤੀ ਹੈ:-
ਜਿਸ ਦਿਨ ਤੋਂ ਦੂਰ ਦੇਸ਼ ਵਿਚ ਭਗਤਾਂ ਨੂੰ ਪਰਵਾਸ ਹੋ ਗਿਆ।
ਰਾਮ ਪ੍ਰਭੂ ਬਨਵਾਸ ਤੋਂ ਆਏ, ਭਗਤਾਂ ਨੂੰ ਬਨਵਾਸ ਹੋ ਗਿਆ। - ਚਮਨ ਲਾਲ
ਚਮਨ
ਕਿੰਨਾ ਕੁ ਕੱਟ ਲਿਆ ਏ, ਕਿੰਨਾ ਕੁ ਰਹਿ ਗਿਆ ਏ, ਪਰਵਾਸ ਜ਼ਿੰਦਗ਼ੀ ਦਾ।
ਆਪੇ ਸਹੇੜਿਆ ਏ, ਆਪੇ ਹੀ ਕੱਟ ਰਹੇ ਹਾਂ, ਬਨਵਾਸ ਜ਼ਿੰਦਗ਼ੀ ਦਾ। - ਗੁਰਸ਼ਰਨ
ਸਿੰਘ ਅਜੀਬ
ਮੇਰਾ ਹਰ ਕਦਮ ਹੀ ਮੁਥਾਜ ਬਿਗ਼ਾਨੇ ਦਰ ਦਾ ਹੈ।
ਚੌਦਾਂ ਵਰ੍ਹਿਆਂ ਦਾ ਨਹੀਂ ਬਨਵਾਸ ਉਮਰਾਂ ਭਰ ਦਾ ਹੈ। - ਸਾਧੂ ਬਿਨਿੰਗ
ਲੇਕਿਨ ਇਹ ਬਨਵਾਸ ਆਪੂੰ ਸਹੇੜਿਆ ਹੋਇਆ ਬਨਵਾਸ ਹੈ। ਰਾਮ ਦਾ ਬਨਵਾਸ ਉਸ ਉੱਤੇ
ਠੋਸਿਆ ਗਿਆ ਸੀ। ਸ਼ਾਇਦ ਕੁਝ ਦੋਸਤ ਕਹਿਣਗੇ ਕਿ ਆਖ਼ਰ ਪਰਵਾਸੀਆਂ ਉੱਤੇ ਵੀ ਤਾਂ
ਬਨਵਾਸ ਠੋਸਿਆ ਹੀ ਜਾਂਦਾ ਹੈ। ਇਹ ਬਨਵਾਸ ਠੋਸਣ ਵਾਲੀ ਹੈ ਸਾਡੇ ਦੇਸ ਦੀ
ਭੁੱਖ਼ਮਰੀ। ਪਤਾ ਨਹੀਂ ਇਹ ਗੱਲ ਕਿੰਨੀ ਕੁ ਢੁੱਕਦੀ ਹੈ ਇੱਥੇ ਜਿੱਥੇ ਜੰਗਲ਼ਾਂ ਵਿਚ
ਨਹੀ ਸਗੋਂ ਇਕ ਪੱਛਮੀ ਦੇਸ ਵਿਚ 'ਬਨਵਾਸ' ਕੱਟਿਆ ਜਾਂਦਾ ਹੈ। ਇਹੋ ਜਿਹੇ
ਬਨਵਾਸ ਲਈ ਇਸ ਪਲੈਨਟ ਦੀ ਅੱਧੀ ਦੁਨੀਆਂ ਤਰਸਦੀ ਹੈ। ਖ਼ੈਰ ਬਨਵਾਸ
ਦੀ ਗੱਲ ਮੈਂ ਖ਼ੁਦ ਕਿਸੇ ਹੋਰ ਐਂਗਲ ਤੋਂ ਕਹੀ ਹੈ:-
ਵਤਨ ਤੋਂ ਰੁਜ਼ਗ਼ਾਰ ਲਈ ਨਿਕਲ਼ੇ ਹੋ ਤਾਂ,
ਨਾ ਕਹੋ ਪਰਦੇਸ ਇਕ ਬਨਵਾਸ ਹੈ। - ਸਾਥੀ ਲੁਧਿਆਣਵੀ
ਨੌਸਟਾਲਜੀਆ ਕਾਰਨ ਕਈ ਨਵੇਂ ਆਏ ਲੋਕ ਸ਼ਰਾਬ ਪੀਣ ਵੱਲ ਵੀ
ਰੁਚਿਤ ਹੋ ਜਾਂਦੇ ਹਨ। ਦੇਸ ਦੀ ਯਾਦ ਨੂੰ ਮਨੋਂ ਭੁਲਾਉਣ ਦਾ ਇਹੋ ਉਨ੍ਹਾ ਦਾ ਇਕ
ਢੰਗ ਹੁੰਦਾ ਹੈ। ਇਹ ਗੱਲ ਸਾਡੇ ਬਹੁਤ ਸਾਰੇ ਪਰਵਾਸੀਆਂ ਨਾਲ਼ ਵਾਪਰੀ ਹੈ। ਉਨ੍ਹਾ
ਦੀ ਮਾਨਸਿਕਤਾ ਨੂੰ ਸ਼ਾਇਦ ਅੱਜ ਦੇ ਲੋਕ ਨਹੀ ਸਮਝ ਸਕਣਗੇ। ਉਸ ਵੇਲੇ ਸਮੇਂ ਬੜੇ
ਕਠੋਰ ਸਨ। ਐਟੀ ਡਿਸਕਰਿਮੀਨੇਸ਼ਨ ਲਾਅ ਵੀ ਕੋਈ ਨਹੀਂ ਸੀ। ਕਈ
ਰੇਸਿਸਟ ਗ਼ੋਰੇ ਖ਼ੁੱਲ੍ਹਮ ਖ਼ੁਲਿਆਂ ਹੀ ਰੇਸਿਸਟ
ਗਾਲ੍ਹਾਂ ਦੇ ਦਿੰਦੇ ਸਨ। ਜੌਬ ਤੋਂ ਵੀ ਬਿਨਾਂ ਨੋਟਿਸ
ਦਿੱਤਿਆਂ ਜਵਾਬ ਮਿਲ਼ ਜਾਂਦਾ ਸੀ। ਪਿਛਾਂਹ ਰਹਿ ਗਏ ਪਰਵਾਰ ਉਨ੍ਹਾਂ ਦੀ ਇਸ
ਤ੍ਰਾਸਦੀ ਦਾ ਅੰਦਾਜ਼ਾ ਨਹੀਂ ਸਨ ਲਗਾ ਸਕਦੇ। ਉਹ ਤਾਂ ਕੇਵਲ ਇੰਗਲੈਂਡੋ ਆ ਰਹੇ ਮਨੀ
ਆਰਡਰ ਹੀ ਉਡੀਕਦੇ ਹੁੰਦੇ ਸਨ। ਉਦੋਂ ਦੇ ਇੱਮੀਗਰਾਂਟਸ ਅੰਦਰੋ
ਅੰਦਰ ਗ਼ਮਗ਼ੀਨ ਰਹਿੰਦੇ ਸਨ। ਉਹ ਇਕੱਲਤਾ ਦਾ ਨਰਕ ਭੋਗਦੇ ਸਨ। ਕਈ ਸ਼ਰਾਬ ਦਾ ਸਹਾਰਾ
ਲੈਂਦੇ ਸਨ ਤੇ ਕਈ ਵੇਸਵਾਵਾਂ ਦਾ ਵੀ। ਕਈਆਂ ਨੇ ਇੱਥੇ ਗੋਰੀਆਂ ਨਾਲ਼ ਵੀ ਵਿਆਹ
ਕਰਵਾ ਲਏ ਸਨ। ਪਰਵਾਰਕ ਜੁਜ਼ ਦਾ ਵਿਛੋੜਾ ਹੀ ਸ਼ਾਇਦ ਉਨ੍ਹਾਂ ਨੂੰ ਏਸ ਪਾਸੇ ਲੈ ਗਿਆ
ਸੀ। ਆਪਣੇ ਮਨਾਂ ਨੂੰ ਟਿਕਾਣੇ ਰੱਖ਼ਣ ਲਈ ਕਈ ਇੰਡੀਆ ਤੋਂ ਮਿਊਜ਼ਕ ਦੇ ਤਵੇ
ਮੰਗਵਾਉਂਦੇ। ਉਹ ਸਹਿਗਲ, ਸ਼ਮਸ਼ਾਦ ਬੇਗ਼ਮ. ਲਤਾ ਮੰਗੇਸ਼ਕਰ ਤੇ ਮੁੰਹਮਦ ਰਫ਼ੀ ਦੇ ਦਰਦ
ਭਰੇ ਗ਼ੀਤ ਸੁਣਦੇ ਤੇ ਠੰਡੇ ਹਾਉਕੇ ਭਰਦੇ।
ਮੇਰਾ ਇਕ ਕਵੀ ਦੋਸ ਜਦੋਂ ਚੰਡੀਗੜ੍ਹੋਂ ਇੱਥੇ ਆਇਆ ਸੀ ਤਾਂ ਨਵਾਂ ਨਵਾਂ ਹੀ
ਵਿਆਹ ਕਰਾਕੇ ਆਇਆ ਸੀ। ਪਤਨੀ ਨੂੰ ਯਾਦ ਕਰ ਕਰ ਕੇ ਮੈਂ ਉਹਨੂੰ ਕਈ ਵੇਰ ਰੋਂਦਿਆ
ਤੱਕਿਆ ਸੀ। ਇਕ ਛੋਟੀ ਉਮਰ ਦਾ ਘਰ ਦਿਆਂ ਦਾ ਲਾਡਲਾ ਮੁੰਡਾ ਆਪਣੀ ਮਾਂ ਨੂੰ ਯਾਦ
ਕਰਕੇ ਧਾਹੀਂ ਰੋਂਦਾ ਹੁੰਦਾ ਸੀ। ਕਈ ਲੋਕ ਇੱਥੋਂ ਦੀ ਸਖ਼ਤ ਜ਼ਿੰਦਗ਼ੀ ਤੋਂ ਇੰਨੇ
ਦੁਖ਼ੀ ਹੋ ਜਾਂਦੇ ਸਨ ਕਿ ਹੱਥਾਂ ਦੇ ਛਾਲੇ ਵੇਖ਼ ਕੇ ਹੀ ਅੱਖ਼ਾਂ ਹੰਝੂਆਂ ਨਾਲ਼ ਭਰ
ਲੈਂਦੇ ਸਨ।
ਦੇਖ਼ ਕੇ ਹੱਥਾਂ ਦੇ ਛਾਲੇ ਰੋਣਗੇ,
ਰੇਤ ਵਾਂਗੂੰ ਭੁਰਨਗੇ ਅੱਜ ਸ਼ਾਮ ਨੂੰ।
ਤੋੜਕੇ ਖ਼ਾਲੀ ਪਿਆਲੇ ਦੋਸਤੋਂ,
ਇੰਝ ਮਾਤਮ ਕਰਨਗੇ ਅੱਜ ਸ਼ਾਮ ਨੂੰ। - ਸਾਥੀ ਲੁਧਿਆਣਵੀ
ਪਿੱਛਲ ਝਾਕ ਇਕ ਮਸਲਸਲ ਪੀੜ ਹੈ ਜਿਸ ਦਾ ਇਸ ਤੋਂ ਸਿਵਾ ਕੋਈ ਇਲਾਜ ਨਹੀਂ ਹੈ
ਕਿ ਜਾਂ ਤਾਂ ਵਾਪਸ ਪਰਤਿਆ ਜਾਵੇ ਤੇ ਜਾਂ ਫ਼ਿਰ ਆਪਣੇ ਦੇਸ ਭਾਰਤ ਵਰਗਾ ਮਹੌਲ ਇੱਥੇ
ਸਿਰਜਿਆ ਜਾਵੇ। ਅਰਨੈਸਟ ਹੈਮਿੰਗਵੇ ਦੇ ਕਹਿਣ ਵਾਂਗ ਕਿਸ਼ਤੀਆਂ ਸਾੜ ਕੇ ਹੀ ਇਥੇ
ਵਸਿਆ ਜਾ ਸਕਦਾ ਹੈ। ਪਰ ਫ਼ਿਰ ਵੀ ਅਸੀਂ ਤੜਪਦੇ ਰਹਿੰਦੇ ਹਾਂ ਪਿਛਾਂਹ ਰਹਿ ਗਏ ਦੇਸ
ਲਈ।
ਮੈਨੂੰ ਤੇ ਹੁਣ ਉੱਥੇ ਹੋਣਾ ਚਾਹੀਦਾ ਸੀ
ਜਿੱਥੇ ਬਾਲਾਂ ਦੀਆਂ ਮਾਸੂਮ ਉਂਗਲ਼ਾਂ
ਕਿਤਾਬਾਂ ਨਹੀਂ ਫ਼ਰੋਲਦੀਆਂ
ਕਾਗ਼ਜ਼ ਦੀਆਂ ਕਸ਼ਤੀਆਂ ਨਹੀਂ ਬਣਾਉਂਦੀਆਂ
ਮਸ਼ੀਨਾਂ ਚਲਾਉਂਦੀਆਂ ਨੇ
ਰੋੜੇ ਕੁੱਟਦੀਆਂ ਨੇ
ਕਾਲੀਨ ਬੁਣਦੀਆਂ ਨੇ
ਕੂੜੇ ਦੇ ਢੇਰਾਂ ਚੋਂ ਜ਼ਿੰਦਗੀ ਲੱਭਦੀਆਂ ਨੇ। - ਕੇ ਸੀ ਮੋਹਨ
ਇਸ ਗੱਲ ਦਾ ਮੋਹਨ ਨੂੰ ਵੀ ਅਹਿਸਾਸ ਹੈ ਕਿ ਉਹ ਉਹੋ ਜਿਹੀ ਜ਼ਿੰਦਗ਼ੀ ਛੱਡਣ ਲਈ
ਹੀ ਤਾਂ ਖ਼ੁਦ ਇਨ੍ਹੀਂ ਦੇਸੀਂ ਆ ਗਿਆ ਸੀ। ਉਹਨੂੰ ਇਲਮ ਹੈ ਕਿ ਉਹ ਉੱਥੇ ਜਾ ਕੇ
ਕੁਝ ਵੀ ਨਹੀਂ ਸੰਵਾਰ ਸਕੇਗਾ। ਇਕ ਵੇਰ ਭਾਰਤ ਦੇ ਪ੍ਰਧਾਨ ਮੰਤਰੀ ਮੁਰਾਰਜੀ ਡੇਸਾਈ
ਇਥੇ ਆਏ ਤਾਂ ਆਪਣੇ ਲੋਕਾਂ ਨੇ ਉਨ੍ਹਾਂ ਕੋਲ਼ ਇੰਡੀਆ ਜਾਣ ਵੇਲੇ ਬਾਬੂਆਂ ਅਥੇ ਕਸਟਮ
ਵਾਲ਼ਿਆਂ ਦੇ ਸਲੂਕ ਦੀ ਸ਼ਿਕਾਇਤ ਕੀਤੀ। ਡੇਸਾਈ ਸਭ ਅਣਗਹਿਲੀ ਜਿਹੀ ਦਿਖ਼ਾ ਕੇ ਕਹਿਣ
ਲੱਗੇ," ਅਰੇ ਭਾਈ ਆਪ ਵਹਾਂ ਆਤੇ ਹੀ ਕਿਉਂ ਹੋ? ਹਮਾਰੇ ਪਾਸ ਵਹਾਂ ਜਨਤਾ ਕੀ ਕੋਈ
ਕਮੀ ਹੈ ਕਿਆ?"। ਛੱਡੋ ।ਆਓ ਪਰਦੇਸ ਦੀ ਵਿਲੱਖ਼ਣਤਾ ਦੀ ਗੱਲ ਕਰੀਏ:-
ਪਰਾਈ ਧਰਤੀ 'ਤੇ ਪਹਿਲੀ ਵੇਰ ਜਦ ਪੈਰ ਧਰਿਆ
ਭਿੰਨ ਭਿੰਨ ਬਿਰਖ਼ ਡਿੱਠੇ
ਆਪਣੇ ਵਤਨ ਦੇ ਬਿਰਖ਼ਾਂ ਨਾਲ਼ੋਂ ਬੜੇ ਹੀ ਵਖ਼ਰੇ - ਵਰਿੰਦਰ ਪਰਿਹਾਰ
ਪਰਦੇਸ ਦੇ ਸੁਖ਼ ਆਰਾਮ ਹੋਣ ਦੇ ਬਾਵਜੂਦ ਵੀ ਇਕ ਖ਼ਲਾਅ ਹੈ ਜ਼ਿੰਦਗ਼ੀ 'ਚ:-
ਜਿੰਨਾ ਸਜਾਇਆ ਘਰਾਂ ਨੂੰ, ਵਧੀਆਂ ਨੇ ਖ਼ਾਹਸ਼ਾਂ ਓਨੀਆਂ,
ਜਿੰਨਾ ਹੈ ਘਰ ਭਰਿਆ ਗਿਆ, ਓਨਾ ਹੀ ਦਿਲ ਵੀਰਾਨ ਹੈ। - ਸਵਰਨ ਸਿੰਘ
ਪਰਵਾਨਾ
ਇਹ ਮੇਰਾ ਘਰ ਹੈ, ਕਿਰਾਏ ਦਾ ਮਕਾਨ ਹੈ
ਇਕੱਲਤਾ ਦਾ ਹਮਸਫ਼ਰ
ਸਾਹਾਂ ਦੀ ਖ਼ਾਮੋਸ਼ ਧੜਕਣ ਦੀ ਖ਼ੈਰਗਾਹ
ਚੌਰਾਹੇ ਦੀ ਭੀੜ ਚੋਂ ਬਚਾ
ਆਪਣੀ ਬੁੱਕਲ਼ 'ਚ ਸਾਂਭਦਾ
ਇਹ ਮੇਰਾ ਘਰ ਹੈ,ਕਿਰਾਏ ਦਾ ਮਕਾਨ ਹੈ। -ਡਾ. ਦੇਵਿੰਦਰ ਕੌਰ
ਭੀੜ ਵਿਚਕਾਰ ਬੈਠਾ ਵੀ, ਉਦੋਂ ਮੈਂ ਹੋ ਜਾਨਾਂ 'ਕੱਲਾ
ਵਤਨ ਦੀਆਂ ਯਾਦਾਂ ਦੀ ਬਾਰਿਸ਼ ਦਾ
ਜਦੋਂ ਮੇਰੇ ਉੱਤੇ ਹੁੰਦਾ ਹੱਲਾ। - ਜਗਤਾਰ ਢਾਅ
ਇਸ ਦੇਸ ਵਿਚਲਾ ਨਸਲਵਾਦ ਵੀ ਕੋਮਲ ਭਾਵੀ ਮਨਾਂ ਦੇ ਮਾਲਕ ਕਵੀਆਂ ਨੂੰ ਝੰਜੋੜ
ਗਿਆ ਸੀ ਜਿਸ ਕਰਕੇ ਕਈਆਂ ਨੂੰ ਇਹ ਪਰਦੇਸ ਹੋਰ ਵੀ ਚੁੱਭਣ ਲੱਗ ਪਿਆ ਸੀ।
ਜਦ ਕੁਈ ਮੈਨੂੰ ਕਾਲ਼ਾ ਕਾਲ਼ਾ ਕਹਿ ਜਾਂਦਾ ਹੈ।
ਮੇਰੀ ਰੂਹ ਵਿਚ ਜ਼ਹਿਰੀ ਖ਼ੰਜਰ ਲਹਿ ਜਾਂਦਾ ਹੈ।
ਨਸਲਵਾਦ ਦਾ ਅੰਨ੍ਹਾਂ ਖ਼ੂਨੀ ਹੜ੍ਹ ਕੀ ਜਾਣੇ,
ਸਾਡਾ ਕੀ ਕੁਝ ਰੁੜ੍ਹਦਾ, ਕੀ ਕੁਝ ਰਹਿ ਜਾਂਦਾ ਹੈ। - ਨਿਰੰਜਨ ਸਿੰਘ ਨੂਰ
ਸਾਡੀ ਨਿਭਣੀ ਨਾ ਕਦੇ ਇਨ੍ਹਾਂ ਗੋਰਿਆ ਦੇ ਨਾਲ਼।
ਇਨ੍ਹਾਂ ਦਿਲ ਦਿਆਂ ਕਾਲ਼ਿਆਂ ਤੇ ਕੋਰਿਆ ਦੇ ਨਾਲ਼।
ਸਾਡੀ ਅਣਖ਼ ਅਤੇ ਇੱਜ਼ਤ ਦਾ ਮੁੱਲ ਕੋਈ ਨਾ,
ਕੀ ਕਰਨਾ ਹੈ ਪੌਂਡਾਂ ਦਿਆ ਬੋਰਿਆ ਦੇ ਨਾਲ਼। - ਰਣਜੀਤ ਸਿੰਘ ਰਾਏ
ਨਸਲਵਾਦ ਦੀਆਂ ਤਿੱਖੀਆਂ ਤੇਜ਼ ਕਟਾਰਾਂ ਨੇ।
ਈਸਾ ਵਾਂਗੂੰ ਸੂਲ਼ੀ 'ਤੇ ਨਿੱਤ ਟੰਗੇ ਆਂ।
ਅਸੀਂ ਵੀ ਕਿਹੜੀ ਧਰਤੀ ਉੱਤੇ ਜੰਮੇ ਆਂ।
ਰੋਟੀ ਖ਼ਾਤਰ ਹਰ ਟਾਪੂ ਚੋਂ ਲੰਘੇ ਆਂ। - ਸਾਥੀ ਲੁਧਿਆਣਵੀ
ਚਾਂਦੀ ਰੰਗੇ ਲੋਕ ਮਾਏਂ ਪਰਦੇਸ ਦੇ।
ਘੜੀ ਮੁੜੀ ਇਕ ਟਿੱਚਰ ਕਰਕੇ ਵੇਖ਼ਦੇ। - ਅਵਤਾਰ ਜੰਡਿਆਲਵੀ
ਇੱਜ਼ਤ ਮਾਣ ਅਸਾਂ ਦਾ ਕੀ ਹੈ,
ਸਾਥੋਂ ਚੰਗੇ ਬਿੱਲੀਆਂ ਕੁੱਤੇ।
ਔਖ਼ੇ ਹੋ ਹੋ ਕੰਮ ਕਰਦੇ ਹਾਂ,
ਡੰਗਰਾਂ ਵਾਂਗੂੰ ਰਹੀਏ ਜੁੱਤੇ।
ਪੌਂਡ ਕਮਾਵਣ ਆਏ ਆਵਾਸੀ,
ਪੌਂਡਾਂ ਨਾਲ਼ ਹੀ ਗਏ ਪਰੁੱਤੇ। - ਰਣਜੀਤ ਸਿੰਘ ਰਾਏ
ਬਦਮਗ਼ਜ਼ੀ ਦੇ ਆ ਗਏ ਦਿਨ।
ਰਹਿੰਦਾ ਖ਼ੂਨ ਸੁਕਾ ਗਏ ਦਿਨ।
ਵੇਖ਼ ਕੇ ਨਸਲੀ ਵਿਤਕਰਿਆ ਨੂੰ,
ਹੋਰ ਵੀ ਹੁਣ ਘਬਰਾ ਗਏ ਦਿਨ। - ਬਲਬੀਰ ਸਿੰਘ ਪਰਵਾਨਾ
ਪਰਦੇਸੀਆਂ ਦੇ ਬਹੁਤੇ ਦੁੱਖ ਜ਼ਿਹਨੀ ਇਕੱਲਤਾ ਚੋ ਪੈਦਾ ਹੋਏ ਹੋਏ ਹੁੰਦੇ ਹਨ।
ਉਨ੍ਹਾ ਨੂੰ ਉਨ੍ਹਾ ਦੇ ਵਿਚਾਰਾਂ ਨਾਲ਼ ਮੇਲ਼ ਖ਼ਾਂਦੇ ਲੋਕੀਂ ਨਹੀਂ ਲੱਭਦੇ। ਜਿਸਮਾਨੀ
ਇਕੱਲਤਾ ਨਾਲੋਂ ਇਸ ਕਿਸਮ ਦਾ ਦੁੱਖ ਵਧੇਰੇ ਮਾਰੂ ਹੁੰਦਾ ਹੈ।
ਆਪਣਾ ਆਪ ਇਕੱਲਾ ਪਾਉਂਦਾ
ਜੀਅ ਕਰਦਾ ਉੱਡ ਜਾਵਾਂ ਦੇਸੀਂ
ਛੱਡ ਦਿਆਂ ਦੋ ਨੰਬਰੀ ਜ਼ਿੰਦਗ਼ੀ
ਜੀਵਾਂ ਸਿਰ ਨੂੰ ਉੱਚਾ ਕਰਕੇ
ਕੋਈ ਨਾ ਮੇਰਾ ਰੰਗ ਪਛਾਣੇ
ਕੋਈ ਨਾ ਮੈਨੂੰ ਕਾਲ਼ਾ ਆਖੇ
ਜੀਅ ਕਰਦਾ ਉੱਡ ਜਾਵਾਂ ਦੇਸੀਂ। - ਕੇ ਸੀ ਮੋਹਨ
ਭੀੜ ਸੜਕਾਂ 'ਤੇ ਹੈ ਪਰ ਮਾਤਮ ਦਿਲਾਂ ਅੰਦਰ ਬੜਾ,
ਹਰ ਕੋਈ ਲੱਭਦਾ ਫ਼ਿਰੇ ਹੁਣ ਜ਼ਿੰਦਗ਼ੀ ਕਿੱਧਰ ਗਈ।
ਜ਼ਿੰਦਗ਼ੀ ਦਾ ਗੀਤ ਜਿਸ ਪਲ ਗਾਉਣ ਦੀ ਫ਼ੁਰਸਤ ਮਿਲ਼ੇ,
ਫ਼ੇਰ ਮੈਂ ਲੱਭਦਾ ਹਾਂ ਮੇਰੀ ਬੰਸਰੀ ਕਿੱਧਰ ਗਈ। - ਅਜ਼ੀਮ ਸ਼ੇਖ਼ਰ
ਅਜ ਕੱਲ ਇੰਡੀਆ ਵਿਚ ਰਿਵਾਜ ਹੀ ਪੈ ਗਿਆ ਹੈ ਸਾਡੇ ਵਰਗੇ ਇੰਮੀਗਰਾਂਟਸ
ਨੂੰ ਡਾਇਸਪੋਰਾ ਕਹਿਣ ਦਾ। ਇਥੋਂ ਤੀਕ ਕਿ ਭਾਰਤ ਸਰਕਾਰ ਵੀ ਆਪਣੇ
ਦਸਤਾਵੇਜ਼ਾਂ ਵਿਚ ਅਕਸਰ ਹੀ ਕਹਿੰਦੀ ਹੈ ਕਿ ਸਾਡਾ 25 ਮਿਲੀਅਨ ਦਾ
ਡਾਇਸਪੋਰਾ ਬਾਹਰ ਰਹਿੰਦਾ ਹੈ ਜਦਕਿ ਡਾਇਸਪੋਰਾ ਦੇ ਮਾਅਨੇ ਵੱਖ਼ਰੇ ਹਨ। ਇਹ
ਅਲਫ਼ਾਜ਼ ਯਹੂਦੀਆਂ ਦੇ ਮੱਧ ਪੂਰਬ ਤੋਂ ਉਜਾੜੇ ਨਾਲ਼ ਸੰਬੰਧ ਰਖ਼ਦਾ ਹੈ। ਡਾਇਸਪੋਰਾ
ਉਨ੍ਹਾਂ ਲੋਕਾਂ ਉੱਤੇ ਢੁਕਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਵਿਰੁੱਧ
ਸਮੂਹਕ ਤੌਰ ਤੇ ਉਨ੍ਹਾਂ ਦੇ ਜੱਦੀ ਘਰਾਂ ਚੋਂ ਕੱਢਿਆ ਜਾਵੇ। ਸਾਨੂੰ ਤਾਂ ਕਿਸੇ ਨੇ
ਵੀ ਉਜਾੜਿਆ ਨਹੀਂ ਸੀ। ਅਸੀਂ ਤਾਂ ਆਪਣੀ ਮਰਜ਼ੀ ਨਾਲ਼ ਦੇਸ ਛੱਡ ਕੇ ਆਏ ਸਾਂ। ਅਸੀਂ
ਆਪਣੀ ਮਰਜ਼ੀ ਨਾਲ਼ ਹੀ ਵਾਪਸ ਵੀ ਜਾ ਸਕਦੇ ਹਾਂ। ਸਾਡੀ ਮਜਬੂਰੀ ਸਾਡੀ ਆਰਥਿਕਤਾ ਸੀ
ਤੇ ਕਈਆਂ ਹਾਲਤਾਂ ਵਿਚ ਹੁਣ ਵੀ ਹੈ। ਅਸੀਂ ਆਪਣੇ ਘਰੋਂ ਤਲੀਏਂ ਅੰਨ ਧਰਨ ਵਾਸਤੇ
ਨਿਕਲ਼ੇ ਸਾਂ।
ਕਈ ਲੋਕ ਮਲਕੀਤ ਸਿੰਘ ਦੇ ਗੀਤ 'ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ
ਖ਼ਾਣ ਨੂੰ ਬੜਾ ਦਿਲ ਕਰਦਾ' ਵਾਰੇ ਵੀ ਝੱਟ ਕਹਿ ਦਿੰਦੇ ਹਨ, "ਭਲਾ ਇਹ ਵੀ ਕੀ ਗੱਲ
ਹੋਈ? ਰਾਹਦਾਰੀ ਅਤੇ ਕਿਰਾਇਆ ਖ਼ਰਚੋ ਤੇ ਮਾਂ ਨੂੰ ਇੱਥੇ ਮੰਗਵਾ ਲਵੋ। ਜਾਂ 8 ਘੰਟੇ
ਦੀ ਫ਼ਲਾਈਟ ਫ਼ੜ ਕੇ ਮਾਂ ਦੇ ਹੱਥਾ ਦੀਆਂ ਰੋਟੀਆਂ ਛਕ ਆਓ।' ਐਪਰ ਨੌਸਟਾਲਜੀਆ
ਦੇ ਦਰਦ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਆਲ੍ਹਣਾ ਛੱਡ ਆਪਣਾ ਤੇ ਬਾਹਰ ਡੇਰੇ ਲਾ ਲਏ,
ਨਾ ਰਹੇ ਹਾਂ ਘਾਟ ਦੇ ਨਾ ਹੀ ਅਸੀਂ ਘਰ ਦੇ ਰਹੇ। - ਗੁਰਸ਼ਰਨ ਸਿੰਘ ਅਜੀਬ
ਫ਼ਿਜ਼ਾ ਸੀਤ ਸਿੱਹਲੀ ਤੇ ਹੱਡਾਂ ਨੂੰ ਖ਼ਾਵੇ,
ਨਿਰਾਲੇ ਹੀ ਸੁਰਗ਼ਾਂ 'ਚ ਆ ਕੇ ਵਸੇ ਹਾਂ। - ਅਜਮੇਰ ਕਾਵੈਂਟਰੀ
ਕਾਲਿਆ ਤੋਂ ਧੌਲ਼ਿਆਂ ਦਾ ਸਫ਼ਰ ਮੁੱਕਾ ਇਸ ਨਗ਼ਰ,
ਫ਼ੇਰ ਵੀ ਮਹਿਮਾਨ ਦੇ ਮਹਿਮਾਨ ਇੱਥੇ ਰਹਿ ਗਏ। - ਗੁਰਸ਼ਰਨ ਸਿੰਘ ਅਜੀਬ
ਇਕ ਰੋਟੀ ਖ਼ਾਤਰ ਜਲਾਵਤਨ ਹੋਇਆ
ਤੇ ਛੱਡਿਆ ਏ ਭਾਈਚਾਰਾ
ਮੁੜ ਕਦੀ ਨਾ ਦੇਸ਼ ਪਰਤਿਆ
ਪਰਦੇਸੀਂ ਗ਼ੁਜ਼ਰਿਆ ਜੀਵਨ ਸਾਰਾ। - ਸ਼ਮਸ਼ੇਰ ਸਿੰਘ ਰਾਏ
ਸੀਤਲ ਪੌਣ ਪੁਰੇ ਦੀ ਵਗ਼ਦੀ ਦਿਲ ਨੂੰ ਲਾਂਬੂ ਲਾਵੇ,
ਚੇਤੇ ਕਰ ਵਤਨ ਦੀਆਂ ਰੋਵਾਂ ਠੰਡੀਆਂ ਮਸਤ ਹਵਾਵਾਂ। - ਗੁਰਸ਼ਰਨ ਸਿੰਘ
ਅਜੀਬ
ਪੀੜਾਂ ਚੋਂ ਪਰਵਾਸੀ ਪੀੜਾ ਅਜਬ ਕਿਸਮ ਦੀ ਪੀੜਾ,
ਇਹ ਪੀੜਾ ਤਨ ਮਨ ਦੇ ਉੱਤੇ ਨਿਸ ਦਿਨ ਅਸਾਂ ਸਹਾਰੀ। - ਗੁਰਸ਼ਰਨ ਸਿੰਘ
ਅਜੀਬ
ਸੀਮਤ ਹੈ ਪਰਵਾਜ਼ ਬਿਗਾਨੇ ਗ਼ਗ਼ਨਾਂ ਦੀ,
ਖ਼ੰਬਾਂ ਵਿਚ ਉਡਾਨ ਐਵੇਂ ਹੀ ਫ਼ੜਕ ਰਹੀ। - ਸ਼ਿਵਚਰਨ ਸਿੰਘ ਗਿੱਲ
ਪੂਰੀ ਹੋਈ ਆਸ ਨਹੀਂ ਹੈ।
ਜ਼ਿੰਦਗ਼ੀ ਮੇਰੀ ਖ਼ਾਸ ਨਹੀਂ ਹੈ।
ਮੁਲਕ ਪਰਾਏ ਅੰਦਰ ਰਹਿ ਕੇ,
ਦੱਸੋ ਕੌਣ ਉਦਾਸ ਨਹੀਂ ਹੈ। - ਰਣਜੀਤ ਸਿੰਘ ਰਾਏ
ਧਰਤ ਪਰਾਈ ਦੇਸ ਪਰਾਏ, ਮੈਨੂੰ ਰਾਸ ਨਾ ਆਏ
ਮੇਰੀ ਸੋਚ ਦਾ ਪੰਛੀ, ਨਿਤ ਮਾਰੇ ਵਤਨ ਉਡਾਰਾ। - ਸ਼ਮਸ਼ੇਰ ਸਿੰਘ ਰਾਏ
ਮਾਪਿਆ ਨੇ ਲਾਡ ਲਡਾ ਕੇ, ਮੱਖ਼ਣ ਦਹੀਂ ਖ਼ੂਬ ਖ਼ੁਆ ਕੇ
ਹੋਏ ਜਦ ਗਭਰੂ ਲੋਕੋ, ਬੈਠ ਗਏ ਪਰਦੇਸੀਂ ਆ ਕੇ। - ਮਨਪ੍ਰੀਤ ਸਿੰਘ
ਬਧਨੀਕਲਾਂ
ਪਰਦੇਸ ਤੋਂ ਚੰਗਾ ਸਦਾ ਹੀ ਦੇਸ ਹੁੰਦਾ ਆਪਣਾ,
ਪਰ ਝੱਜੂ ਵਾਲ਼ੇ ਆਪਣੇ ਉਹ ਚੁਬਾਰੇ ਹੋਰ ਸਨ। - ਦਰਸ਼ਨ ਸਿੰਘ ਗਿਆਨੀ
ਪਰਦੇਸਾਂ ਵਿਚ ਸੂਖ਼ਮ ਮਨੁੱਖ਼ੀ ਰਿਸ਼ਤੇ ਵੀ ਤਿੜਕ ਰਹੇ ਹਨ:-
ਪੌਂਡਾਂ ਦੀ ਇਸ ਦੁਨੀਆਂ ਅੰਦਰ ਪੌਂਡ ਹੋਇਆ ਪ੍ਰਧਾਨ,
ਕੌਣ ਲੈਂਦਾ ਹੈ ਸਾਰ ਕਿਸੇ ਦੀ ਕੌਣ ਜੀਂਦਾ ਕੌਣ ਮਰਦਾ।- ਹਰਭਜਨ ਸਿੰਘ
ਵਿਰਕ
ਆਪਣੇ ਅਪਣਾਏ ਹੋਏ ਦੇਸ ਬਰਤਾਨੀਆਂ ਨੂੰ ਕਦੇ ਆਪਣਾ ਵੀ ਕਹਾਂਗੇ?ਇਸ ਗੱਲ ਦੀ
ਡੀਬੇਟ ਹੁੰਦੀ ਹੀ ਰਹਿੰਦੀ ਹੈ। ਇਥੇ ਆਉਣ ਦਾ ਪਛਤਾਵਾ ਇਨ੍ਹਾਂ ਸ਼ੇਅਰਾਂ ਵਿਚ
ਦੇਖੋ:-
ਏਥੇ ਆਪਣੀ ਗਲ਼ੀ 'ਚ ਗ਼ੈਰ ਜਾਪੇਂ,
ਪੂਰੇ ਵਤਨ ਦੀ ਉੱਥੇ ਪਹਿਚਾਨ ਸੈਂ ਤੂੰ।
ਮੁਲਕ ਗ਼ੈਰਾਂ ਦਾ ਕਾਮਾ ਏਂ ਨਾਮ ਕੰਮੀ,
ਭਾਵੇਂ ਸੰਧੂ, ਮਲਿਕ ਜਾਂ ਖ਼ਾਨ ਏਂ ਤੂੰ।
ਭਾਵੇਂ ਰੋਸ਼ਨੀ ਰੌਣਕਾਂ ਬੜੇ ਮੇਲੇ,
ਅੰਦਰੋਂ ਬੀਆਬਾਨ ਸ਼ਮਸ਼ਾਨ ਏਂ ਤੂੰ। - ਅਮੀਨ ਮਲਿਕ
ਬੇਗ਼ਾਨੇ ਮੁਲਕ ਵਿਚ ਰਹਿਣਾ
ਬੇਗ਼ਾਨੀਆਂ ਤੇ, ਕਮੀਨਗ਼ੀ ਭਰੀਆਂ, ਨਜ਼ਰਾਂ ਨੂੰ ਸਹਿਣਾ ਹੀ
ਬੇਵਤਨੀ ਹੈ। -ਅਮਰ ਜਿਓਤੀ
ਸੰਤੋਖ਼ ਧਾਲੀਵਾਲ ਇੰਗਲੈਂਡ ਦਾ ਪ੍ਰਤੀਨਿੱਧ ਨਾਵਲਕਾਰ ਹੈ। ਪਰ ਪ੍ਰਮੁੱਖ ਤੌਰ
'ਤੇ ਉਹ ਇਕ ਵਧੀਆ ਸ਼ਾਇਰ ਹੈ। ਉਸ ਦੀ ਪੁਸਤਕ 'ਗੜਵਾ ਕੁ ਦਰਿਆ' ਵਿਚਲੀ ਕਵਿਤਾ
'ਸੰਬੰਧ' ਨੇ ਮੈਨੂੰ ਖ਼ਾਸ ਤੌਰ 'ਤੇ ਪ੍ਰਭਾਵਤ ਕੀਤਾ ਹੈ। ਭਾਵੇਂ ਇਸ ਸਮੁੱਚੀ
ਕਵਿਤਾ ਵਿਚ ਇਕ ਵਖ਼ਰੀ ਵੇਦਨਾ ਹੈ ਪਰ ਉਸ ਵਿਚਲੀ ਉਹ ਪੀੜ ਉੱਭਰ ਕੇ ਸਾਹਮਣੇ ਆਈ ਹੈ
ਜਿਹੜੀ ਪਰਦੇਸੀਂ ਰਹਿੰਦੇ ਪੁੱਤਰਾਂ (ਅਤੇ ਧੀਆਂ) ਵਿਚ ਅਕਸਰ ਹੁੰਦੀ ਹੀ ਹੈ:-
ਮਾਂ, ਹੁਣ ਬੁਹੁਤ ਬੁੱਢੀ ਹੋ ਗਈ ਹੈ
ਉਡੀਕ ਦੀ ਸਰਦਲ 'ਤੇ ਬੈਠੀ ਹਾਲੀ ਵੀ
ਇਨ੍ਹਾਂ ਦੀਵਾਰਾਂ ਤੋਂ ਬਾਹਰ ਝਾਕਦੀ ਰਹਿੰਦੀ ਹੈ, ਕਿ
ਇਕ ਦਿਨ ਉਸ ਦਾ ਜਵਾਨ ਹੋ ਗਿਆ ਪੁੱਤ ਪਰਤੇਗਾ। -ਸੰਤੋਖ਼ ਧਾਲੀਵਾਲ
ਕੁਲਵੰਤ ਕੌਰ ਢਿੱਲੋਂ ਇਕ ਹੋਰ ਕਵਿਤਰੀ ਹੈ ਜਿਹੜੀ ਬੜੀ ਬਰੀਕੀ ਨਾਲ਼ ਆਪਣੀ
ਵੇਦਨਾ ਸੁਣਾ ਜਾਂਦੀ ਹੈ।
ਉਡੀਕ ਲੈਂਦੀ ਮਾਏਂ ਨੀ ਤੂੰ
ਧੀ ਪਰਦੇਸਣ ਨੂੰ
ਲੱਖਾਂ ਦੁਖ਼ੜੇ ਫ਼ਰੋਲਣੇ ਮੈਂ ਸੀ
ਮੋਢਿਆਂ 'ਤੇ ਸਿਰ ਰੱਖ਼
ਵੀਰਿਆ ਦੇ ਰੋ ਲਿਆ
ਭਾਬੀਆਂ ਦੀਆਂ ਬੁੱਕਲਾਂ 'ਚ
ਢਹਿ ਮੈਂ ਪਈ।- ਕੁਲਵੰਤ ਕੌਰ ਢਿੱਲੋਂ
ਨੌਸਟਾਲਜੀਆ ਨੂੰ ਕਈ ਲੋਕ ਵੱਖ਼ਰੇ ਅੰਦਾਜ਼ ਵਿਚ ਵੀ ਦੇਖ਼ਦੇ ਹਨ।
ਜੀਆਂ ਮੋਰੀਓ ਦਾ ਕਹਿਣਾ ਹੈ ਕਿ ਨੌਸਟਾਲਜੀਆ ਉਹ ਸਥਿੱਤੀ ਹੈ ਜਿਸ ਵਿਚ ਇਨਸਾਨ
ਜਿਥੇ ਖ਼ੜ੍ਹਾ ਹੁੰਦਾ ਹੈ ਉਥੇ ਹੀ ਖ਼ੜ੍ਹਿਆਂ ਰਹਿਣਾ ਚਾਹੁੰਦਾ ਹੁੰਦਾ ਹੈ ਜਾਨੀ ਕਿ
ਉਹ ਤਬਦੀਲੀ ਤੋਂ ਤ੍ਰਹਿੰਦਾ ਹੈ। ਇਸੇ ਲਈ ਉਹ ਵਰਤਮਾਨ ਨੂੰ ਅਣਡਿੱਠ ਕਰਕੇ ਅਤੀਤ
ਲਈ ਝੂਰਦਾ ਰਹਿੰਦਾ ਹੈ। ਜੀਆਂ ਮੋਰੀਓ ਦਾ ਕਹਿਣਾ ਹੈ ਕਿ ਜਿਹੜੇ ਲੋਕ
ਨੌਸਟਾਲਜੀਆ ਦੇ ਗ਼ੁਲਾਮ ਹੋ ਜਾਂਦੇ ਹਨ ਉਹ ਅੱਗੇ ਨਹੀਂ ਵੱਧ ਸਕਦੇ ਹੁੰਦੇ।
ਮੈਂ ਇਕ ਵੇਰ ਲੰਡਨ ਉੱਤੇ ਕਵਿਤਾ ਲਿਖ਼ੀ ਸੀ ਜਿਸ ਵਿਚ ਕਿਹਾ ਸੀ ਕਿ "ਜੋ ਸੁਖ਼ ਝੱਜੂ
ਦੇ ਚੁਬਾਰੇ ਉਹ ਬਲਖ਼ ਨਾ ਬੁਖ਼ਾਰੇ" ਦਾ ਕੋਨਸੈਪਟ ਹੁਣ ਉਲਟ ਹੋ ਗਿਆ ਹੈ।
ਏਨੇ ਵਰ੍ਹੇ ਇਸ ਦੇਸ ਵਿਚ ਰਹਿ ਕੇ ਅਸੀਂ ਇਸ ਦੇਸ ਦੇ ਰਹਿਣ ਸਹਿਣ ਅਤੇ ਮੌਸਮ ਆਦਿ
ਦੇ ਏਨੇ 'ਯੁਜ਼ਡ ਟੂ' ਹੋ ਗਏ ਹਾਂ ਕਿ ਭਾਰਤ ਜਾਣ ਤੋਂ ਥੋੜ੍ਹੇ ਜਿਹੇ ਦਿਨਾਂ
ਪਿੱਛੋਂ ਹੀ ਸਾਨੂੰ ਵਾਪਸ ਯੂ ਕੇ ਆਉਣ ਦਾ ਚਾਅ ਚੜ੍ਹ ਜਾਂਦਾ ਹੈ। ਤਾਂ ਵੀ ਅਸੀਂ
ਪਿਛਾਂਹ ਰਹਿ ਗਏ ਦੇਸ ਨੂੰ ਯਾਦ ਕਰਨੋਂ ਨਹੀਂ ਹਟ ਸਕਦੇ।
ਟੈਲੀ 'ਤੇ ਜਦੋਂ ਆਉਂਦੇ ਨੇ ਸਮਾਚਾਰ ਦਿੱਲੀ ਦੇ।
ਸਾਡੇ ਸੁਪਨਿਆ ਵਿਚ ਉਭਰਦੇ ਆਕਾਰ ਦਿੱਲੀ ਦੇ।
ਅਸੀਂ ਲੰਡਨ, ਵਾਸ਼ਿੰਗਟਨ, ਟੋਕੀਓ ਜਿਥੇ ਵੀ ਹੋ ਆਈਏ,
ਸਾਡੀ ਯਾਦ ਚੋਂ ਨਹੀਂ ਜਾਣਗੇ ਬਾਜ਼ਾਰ ਦਿੱਲੀ ਦੇ। - ਸਾਥੀ ਲੁਧਿਆਣਵੀ
ਪਰਦੇਸਾਂ ਦੀ ਭਟਕਣ ਕਵੀ ਨੂੰ ਝੰਜੋੜਦੀ ਹੈ:-
ਘਰ ਨੂੰ ਕਿੱਦਾਂ ਜਾਈਏ ਸਾਨੂੰ ਭੂੱਲ ਗਏ ਸਰਨਾਵੇਂ।
ਹੁਣ ਤਾਂ ਸਾਨੂੰ ਖ਼ਾਈ ਜਾਂਦੇ ਆਪਣੇ ਹੀ ਪਰਛਾਵੇਂ।
ਗਲ਼ੀਆਂ ਦੇ ਵਿਚ ਅਜਬ ਜਿਹਾ ਹੀ ਹੈ ਸਰਨਾਟਾ ਛਾਇਆ,
ਥਾਵਾਂ ਵਾਲ਼ੇ ਲੋਕੀਂ ਅਜ ਕਲ ਹੋਏ ਫ਼ਿਰਨ ਨਿਥਾਵੇਂ। -ਕੇਸਰ ਸਿੰਘ ਰਾਮਪੁਰੀ
ਸੁਰਜੀਤ
ਪਾਤਰ ਨੇ ਲਿਖ਼ਿਆ ਸੀ:-
ਜੋ ਬਿਦੇਸਾਂ 'ਚ ਰੁਲ਼ਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। - ਸੁਰਜੀਤ ਪਾਤਰ
ਪਾਤਰ ਇਕ ਪਰਵਾਸੀ ਦੇ ਤੌਰ 'ਤੇ ਦੇਸੋਂ ਬਾਹਰ ਨਹੀਂ ਸੀ ਰਿਹਾ। ਉਹ ਇਸ ਸ਼ੇਅਰ
ਵਿਚ ਆਪਣੇ ਬਾਪ ਦਾ ਜਾਂ ਪਰਦੇਸੀ ਨਿਕਟਵਰਤੀਆਂ ਦਾ ਅਨੁਭਵ ਬਿਆਨ ਕਰ ਰਿਹਾ ਸੀ।
ਪਰੰਤੂ ਜਿਨ੍ਹਾਂ ਨੇ ਇਸ ਪਰਵਾਸ ਨੂੰ ਹੱਡ ਹੰਢਾਇਆ ਹੁੰਦਾ ਹੈ, ਉਨ੍ਹਾਂ ਦਾ ਅਨੁਭਵ
ਅਸਲੀਅਤ ਦੇ ਹੋਰ ਵੀ ਨੇੜੇ ਹੁੰਦਾ ਹੈ। ਜ਼ਰਾ ਮੁਲਾਹਜ਼ਾ ਫ਼ਰਮਾਓ ਹੇਠ ਲਿਖ਼ੀਆਂ
ਸਤਰਾਂ:-
ਕਿੰਨੇ ਹੀ ਸਰਾਪੇ ਪੁੱਤ, ਮਾਂ ਦੇ ਸਿਵੇ 'ਤੇ
ਦੌ ਹੰਝੂ ਕੇਰਨ ਵੀ ਨਹੀਂ ਮੁੜਦੇ
ਪਰ ਉਹ ਵੀ ਜੀਣਾ ਲੋਚਦੇ ਹਨ
ਇਸ ਅਹਿਸਾਸ ਨਾਲ਼
ਕੋਈ ਕਾਗ਼ਜ਼ ਦੀ ਦੀਵਾਰ ਵੀ
ਮਾਂ ਤੱਕ ਜਾਂਦਾ ਰਾਹ ਨਾ ਰੋਕੇ। - ਸਾਧੂ ਬਿਨਿੰਗ
ਪਿੰਡ ਦੀ ਜੂਹ ਟੱਪਿਆ ਕਿੰਨੇ ਹੀ ਵਰ੍ਹੇ ਗ਼ੁਜ਼ਰ ਗਏ ਹਨ
ਹੁਣ ਮੇਰੇ ਪਿੰਡੋਂ ਕੋਈ ਚਿੱਠੀ ਨਹੀਂ ਆਉਂਦੀ
ਹੁਣ ਤੇ ਕਦੀ ਕਦਾਈਂ ਟੈਲੀਗਰਾਮਾਂ ਹੀ ਆਉਂਦੀਆਂ ਨੇ
ਬਾਬਾ ਪੂਰਨਮਾਸ਼ੀ ਦੀ ਰਾਤ ਨੂੰ ਚੜ੍ਹਾਈ ਕਰ ਗਿਐ
ਮਾਂ ਦੀਵਾਲ਼ੀ ਤੋਂ ਦੋ ਦਿਨ ਪਹਿਲਾਂ
ਤੈਨੂੰ ਉਡੀਕਦੀ ਅੱਖ਼ਾਂ ਮੀਟ ਗਈ ਹੈ
ਬਾਪੂ ਨੂੰ ਮਲੇਰੀਏ ਦਾ ਚੌਥਾ ਹੱਲਾ ਲੈ ਗਿਆ। - ਕੇ ਸੀ ਮੋਹਨ
ਅਸੀਂ ਕਿਉਂ ਭਏ ਪਰਦੇਸ, ਨੀ ਅੰਮੀ ਮੇਰੀਏ।
ਸਾਨੂੰ ਚੰਗੀ ਸੀ ਬਾਲ ਵਰੇਸ, ਨੀਂ ਅੰਮੀ ਮੇਰੀਏ। - ਅਮਰ ਜਿਓਤੀ
ਚੜ੍ਹਦੇ ਸੂਰਜ ਨਾਲ਼, ਮੈਨੂੰ ਬੂਹੇ 'ਤੇ ਖ਼ੜ੍ਹਾ ਦੇਖ਼
ਮੇਰੇ ਦੋਸਤ, ਮੇਰਾ ਪਿੰਡ, ਮੇਰੇ ਖ਼ੇਤ
ਹੈਰਾਨ ਹੋਣਗੇ
ਉਨ੍ਹਾ ਦੇ ਚਿਹਰਿਆ 'ਤੇ
ਕਿਸ ਤਰ੍ਹਾਂ ਦੇ ਭਾਵ ਹੋਣਗੇ
ਦੇਖ਼ਣ ਲਈ ਤਿਲਮਿਲਾ ਗਿਆ ਮੈਂ। - ਸਾਧੂ ਬਿਨਿੰਗ
ਤੇ ਫ਼ਿਰ ਨਵੇਂ ਅਪਣਾਏ ਦੇਸ ਲਈ ਅਸੀਂ ਕਹਿੰਦੇ ਹਾਂ:-
ਜਿਹੜੇ ਭੁੱਲ ਨਹੀਂ ਪਾਏ ਵਤਨ ਦੀ ਮਹਿਕਦੀ ਮਿੱਟੀ,
ਉਨ੍ਹਾਂ ਨੂੰ ਮਹਿਕਦਾ ਹੋਇਆ ਵੀ ਨਾਮਨਜ਼ੂਰ ਹੈ ਲੰਡਨ।
ਬਹੁਤ ਤੜਪੇ, ਬਹੁਤ ਰੋਏ ਵਤਨ ਨੂੰ ਯਾਦ ਕਰ ਕਰ ਕੇ,
ਪਈਆਂ ਵਤਨ ਤੋਂ ਛਮਕਾਂ ਤਾਂ ਹੁਣ ਮਨਜ਼ੂਰ ਹੈ ਲੰਡਨ। - ਸਾਥੀ ਲੁਧਿਆਣਵੀ
ਨੌਸਟਾਲਜੀਆ ਜ਼ਿਹਨੀ ਅਤੇ ਜਿਸਮਾਨੀ ਇਕੱਲਤਾ ਚੋਂ ਪੈਦਾ ਹੁੰਦਾ
ਹੈ। ਕਿਸੇ ਯਾਰ ਦੋਸਤ, ਪਰੇਮੀ, ਰਿਸ਼ਤੇਦਾਰ ਵਲੋਂ ਕਦੇ ਤੁਹਾਡੇ ਬੂਹੇ ਉੱਤੇ ਨਾ ਆ
ਢੁਕਣਾ ਬੜੀ ਨਿਰਾਸਤਾ ਦਾ ਆਲਮ ਹੁੰਦਾ ਹੈ। ਫ਼ਿਰ ਇਥੋਂ ਦੀ ਇਕੱਲਤਾ?
ਬੜੀ ਬਦਤਰ ਹੈ ਜ਼ਿੰਦਗ਼ੀ ਵਿਚ ਓਪਰੇ ਵਤਨ,
ਹੋਰ ਵੀ ਬਦਤਰ ਹੈ ਇਹ ਸਜ਼ਾ ਤੇਰੇ ਬਗ਼ੈਰ।
ਅਸੀਂ ਥੇਮਜ਼ ਨੂੰ ਹੀ ਝਨਾਵ ਸਮਝ ਲੈਂਦੇ,
ਪਰ ਕੁਝ ਵੀ ਨਹੀਂ ਇਹ ਦਰਿਆ ਤੇਰੇ ਬਗ਼ੈਰ।
ਅਸੀਂ ਇਸ ਭਰੇ ਮੇਲੇ 'ਚ ਵੀ ਹਾਂ ਤਨਹਾ,
ਵਧ ਰਿਹਾ ਏ ਮਨ ਦਾ ਖ਼ਲਾਅ ਤੇਰੇ ਬਗ਼ੈਰ। - ਸਾਥੀ ਲੁਧਿਆਣਵੀ
ਅੱਗ, ਸਿਰਫ਼ ਚੁੱਲ੍ਹਿਆਂ 'ਚ ਨਹੀਂ
ਸੀਨਿਆਂ 'ਚ ਵੀ ਬਲ਼ਦੀ ਹੈ
ਬਿਨ ਦਸਤਕੋਂ ਹੀ ਰਹਿੰਦੇ ਹਨ
ਜਦੌਂ ਘਰ ਦੇ ਬੂਹੇ
ਸਰਦਲਾਂ ਗੁਆਚ ਜਾਂਦੀਆਂ ਹਨ
ਘਰ ਦੇ ਹਾਸ਼ੀਏ 'ਚ।- ਸੰਤੋਖ਼ ਧਾਲੀਵਾਲ
ਜ਼ਰਾ ਨਿਰਾਸਤਾ, ਬੇਚੈਨੀ, ਡਿਸਸੈਟਿਸਫ਼ੈਕਸ਼ਨ ਤੇ ਪਛਤਾਵੇ ਦਾ ਆਲਮ ਤਾਂ
ਦੇਖ਼ੋ:-
ਗਿਰਾਂ ਬਦਲੇ, ਸ਼ਹਿਰ ਬਦਲੇ, ਵਤਨ ਬਦਲੇ ਤੇ ਨਾਂ ਬਦਲੇ,
ਮਗ਼ਰ ਨਾ ਛੱਡਿਆ ਪਿੱਛਾ ਨਸੀਬਾਂ ਮੇਰਿਆਂ ਮੇਰਾ। -ਗੁਰਦਾਸ ਸਿੰਘ ਪਰਮਾਰ
ਨੈਣਾ ਦੇ ਖ਼ਾਰੇ ਸਮੁੰਦਰ ਨੂੰ
ਪਲਕਾਂ ਦੇ ਕਿਨਾਰਿਆਂ 'ਚ ਡੱਕੀ ਰਖ਼ਦੀ
ਫ਼ਿਰ ਜਦੋਂ ਦੋ ਪਿਆਰ ਭਿੱਜੇ ਬੋਲ
ਸੱਤ ਸਮੁੰਦਰ ਪਾਰ ਮੇਰੇ ਤੱਕ ਪਹੁੰਚਦੇ
ਮੈਂ ਆਪਣੇ ਸੁੱਤੇ ਸਤਹੀਣ ਸਾਹਾਂ ਨੂੰ
ਧੀਰਜ ਦੇਹ ਮੋਢਾ ਲਾਉਂਦੀ
ਇਹ ਮੇਰੀ ਸਾਧਨਾ ਸੀ
ਤੇਰੇ ਤੱਕ ਪਹੁੰਚਣ ਦੀ ਇਕ ਘੋਰ ਤਪੱਸਿਆ। - ਕੁਲਵੰਤ ਕੌਰ ਢਿੱਲੋਂ
ਸ਼ਾਇਦ ਇਕ ਨਾ ਇਕ ਦਿਨ ਸਾਨੂੰ ਇਹ ਮੰਨਣਾ ਪੈਣਾ ਹੈ ਕਿ
ਜਿੰਨਾ ਪਿਆਰਾ ਸਾਨੂੰ ਹਿੰਦੋਸਤਾਨ ਹੈ।
ਉੱਨਾਂ ਪਿਆਰਾ ਸਾਨੂੰ ਇੰਗਲਿਸਤਾਨ ਹੈ।
ਇਸ ਧਰਤੀ ਲਈ ਖ਼ੂਨ ਪਸੀਨਾ ਇੱਕ ਕੀਤਾ,
ਇਹ ਧਰਤੀ ਹੁਣ ਆਪਣੇ ਵਤਨ ਸਮਾਨ ਹੈ।
"ਸਾਥੀ" ਪਿਆਰੇ ਵਤਨ ਪਰਤਿਆ ਨਹੀਂ ਜਾਣਾ,
ਇਥੇ ਹੀ ਕਰੋ ਕਿਆਮ ਕਿ ਜਦ ਤੱਕ ਜਾਨ ਹੈ। - ਸਾਥੀ ਲੁਧਿਆਣਵੀ
ਤੇਜਿੰਦਰ ਸ਼ਰਮਾ ਲੰਡਨ ਰਹਿਣ ਵਾਲ਼ਾ ਪ੍ਰਸਿੱਧ ਹਿੰਦੀ ਕਵੀ ਹੈ ਜਿਹੜਾ ਪੰਜਾਬੀ
'ਚ ਵੀ ਲਿਖ਼ਦਾ ਹੈ। ਉਹ ਵੀ ਮਹਿਸੂਸ ਕਰਦਾ ਹੈ ਕਿ ਇਥੇ ਅਜ ਕਲ ਭਾਰਤ ਵਰਗੀਆਂ
ਚੀਜ਼ਾਂ ਮੁਯਸਰ ਹੋਣ ਦੇ ਬਾਵਜੂਦ ਵੀ ਆਪਣੀ ਰੋਜ਼ ਮਰ੍ਹਾ ਦੀ ਜ਼ਿੰਦਗ਼ੀ ਇਕ ਹੇਰਵੇ ਚੋਂ
ਗ਼ੁਜ਼ਰ ਰਹੀ ਹੈ ਤੇ ਇਕ ਰੁਟੀਨ ਜਿਹੀ ਵਿਚ ਟੁਰੀ ਜਾ ਰਹੀ ਹੈ:-
ਯਾਦ ਆਂਦੀ ਹੈ ਉਨ੍ਹਾਂ ਅੱਖਾਂ ਦੀ
ਜਿਹੜੀਆਂ ਟੈਲੀਫ਼ੋਨ ਦੀ ਘੰਟੀ ਵੱਜਣ 'ਤੇ
ਭਰ ਜਾਂਦੀਆਂ ਨੇ ਖ਼ੁਸ਼ੀ ਨਾਲ਼
ਮੁਹੱਲੇ ਭਰ ਨੂੰ ਦਸਦੀਆਂ ਨੇ
ਕਿ ਫ਼ੋਨ ਹੈ ਪੁੱਤਰ ਦਾ।- ਤੇਜਿੰਦਰ ਸ਼ਰਮਾ
ਰੁਕਦਾ ਹਾਂ, ਹੋਂਦਾ ਹਾਂ ਪਰੇਸ਼ਾਨ, ਸੋਚਦਾ ਹਾਂ
ਸਹਿਜੇ ਸਹਿਜੇ ਉਹੀ ਕਰਦਾ ਹਾਂ
ਜੋ ਕਿ ਕਰਦਾ ਹਾਂ ਰੋਜ਼ਾਨਾ
ਕੱਪੜੇ ਪਹਿਨਦਾ ਹਾਂ, ਜੁੱਤੇ ਕੱਸਦਾ ਹਾਂ
ਅਤੇ ਚੱਲ ਦੇਂਦਾ ਹਾਂ, ਰੇਲਵੇ ਸਟੇਸ਼ਨ ਵੱਲ ਨੂੰ।
ਤੁਸੀਂ ਪੁੱਛਦੇ ਹੋ ਮੈਨੂੰ ਆਪਣਾ ਵਤਨ
ਯਾਦ ਆਉਂਦਾ ਹੈ ਜਾਂ ਨਹੀਂ। - ਤੇਜਿੰਦਰ ਸ਼ਰਮਾ
ਜਿਸ ਵਲਾਇਤੀ ਪਾਸਪੋਰਟ ਨੂੰ ਲੈਣ ਲਈ ਲਗਭਗ ਸਾਰੀ ਦੁਨੀਆਂ ਤਰਸਦੀ ਹੈ, ਉਸ ਨੂੰ
ਹਾਸਲ ਕਰ ਕੇ ਵੀ ਨੌਸਟਾਲਜੀਆ ਦੀ ਜਿੱਲ੍ਹਣ ਚੋਂ ਨਿਕਲਿਆ ਨਹੀਂ ਜਾ ਸਕਦਾ।
ਮੇਰਾ ਪਾਸਪੋਰਟ ਨੀਲੇ ਤੋਂ ਲਾਲ ਹੋ ਗਿਆ ਹੈ
ਮੇਰੀ ਸ਼ਖ਼ਸੀਅਤ ਦਾ ਇਕ ਹਿੱਸਾ
ਜਿਵੇਂ ਕਿੱਧਰੇ ਗੁੰਮ ਗਿਆ ਹੈ।
ਮੇਰੀ ਚਮੜੀ ਦਾ ਰੰਗ ਉੱਜ ਵੀ ਉਹੀ ਹੈ
ਮੇਰੇ ਸੀਨੇ ਵਿਚ ਉਹੀ ਦਿਲ ਧੜਕਦਾ ਹੈ
ਜਨ ਗਣ ਮਨ ਦੀ ਆਵਾਜ਼, ਅੱਜ ਵੀ
ਕਰ ਦੇਂਦੀ ਹੈ ਮੈਨੂੰ ਸਾਵਧਾਨ। -ਤੇਜਿੰਦਰ ਸ਼ਰਮਾ
ਇਨ੍ਹੀਂ
ਦੇਸੀਂ ਕਿੰਝ ਅਹਿਸਾਸ ਬਦਲਦੇ ਹਨ? ਕੈਨੇਡਾ ਦੇ ਸ਼ਾਇਰ ਸਾਧੂ ਬਿਨਿੰਗ ਨੇ ਖ਼ੂਬ ਕਿਹਾ
ਹੈ:-
ਪਰ ਜੀਣਾ ਇੱਥੇ, ਜਿਵੇਂ ਚੂਪਦੇ ਹੋਈਏ ਰਸਹੀਣ ਗੰਨਾ
ਸੰਘਣਾ ਬੋਹੜ ਬਨਣ ਦੀ ਲਾਲਸਾ, ਰੋਜ਼ ਦਮ ਘੁੱਟਦੀ ਨਜ਼ਰ ਆਵੇ
ਨਵੀਂ ਟਹਿਣੀ ਜਦ ਵੀ, ਘਰੋਂ ਬਾਹਰ ਪੈਰ ਪਾਵੇ,
ਕਦੀ ਪੂਰੀ ਵਾਪਸ ਨਾ ਆਵੇ। - ਸਾਧੂ ਬਿਨਿੰਗ
ਉਹ ਜਿਹੜੇ ਸਿਰਫ਼ ਇਹੀ ਸੋਚਦੇ ਹਨ
ਕਿ ਪ੍ਰਦੇਸ ਵਿਚ ਕੋਲੇ ਹੱਥ ਲਾਇਆਂ ਹੀਰੇ ਹੋ ਜਾਣਗੇ
ਉਹ ਇਹ ਤਾਂ ਉੱਕਾ ਹੀ ਨਹੀਂ ਜਾਣਦੇ
ਕਿ ਹੀਰੇ ਪੁੱਤ ਹੀ ਬੇਗ਼ਾਨੇ ਬਣਨਗੇ ਤੇ ਖੋਹੇ ਜਾਣਗੇ। -ਬਲਦੇਵ ਬਾਵਾ
"ਗੁਆਚੇ ਘਰ ਦੀ ਤਲਾਸ਼" ਨਾਂ ਦੀ ਕਾਵਿ ਪੁਸਤਕ ਦਾ ਲੇਖ਼ਕ ਜਗਤਾਰ ਢਾਅ ਵੀ
ਇਕੱਲਤਾ ਅਤੇ ਆਈਸੋਲੇਸ਼ਨ ਦਾ ਸ਼ਿਕਾਰ ਹੈ। ਇਥੋਂ ਤੱਕ ਕਿ ਆਪਣੇ ਬੱਚਿਆ ਨਾਲ਼
ਵੀ ਕਵੀ ਦੀ ਮਾਨਸਕ ਸਾਂਝ ਨਹੀ ਹੈ:-
ਇਕੱਲਤਾ ਦੇ ਬੀਆਬਾਨ ਵਿਚ ਭਟਕਦਾ
ਮੈਂ ਬੱਚਿਆਂ ਨੂੰ ਕਹਿੰਦਾ ਹਾਂ
"ਮੇਰੇ ਪਾਸ ਰਹਿਣਾ"।
ਪਰ ਉਹ ਆਪੋ ਆਪਣੀਆਂ ਗ਼ੁਫ਼ਾਵਾਂ ਅੰਦਰ ਬੈਠ
ਕੰਪਿਊਟਰ ਨਾਲ਼ ਖ਼ੇਡਣ ਲੱਗ ਪੈਂਦੇ ਹਨ।- ਜਗਤਾਰ ਢਾਅ
ਇਥੋਂ ਦੇ ਠੰਡੇ ਮੌਸਮ ਨੇ ਸੂਖ਼ਮ ਭਾਵੀ ਰਿਸ਼ਤਿਆ ਨੂੰ ਵੀ ਠੰਡਾ ਯਖ਼ ਕਰ ਦਿਤਾ
ਹੈ:-
ਇੱਥੇ ਬਰਫ਼ਾਂ 'ਕੱਲੇ ਜਿਸਮ ਹੀ ਨਹੀਂ ਠਾਰਦੀਆਂ
ਜਿਸਮਾਂ ਵਿਚਲਾ ਹਰ ਰਿਸ਼ਤਾ ਵੀ ਠਰ ਕੇ ਮਰ ਜਾਂਦਾ ਹੈ। -ਸਾਧੂ ਬਿਨਿੰਗ
ਅਜਨਬੀ ਮੌਸਮ, ਗ਼ੁਜ਼ਾਰਾ ਕਿਸ ਤਰ੍ਹਾਂ ਹੋਵੇਗਾ ਹੁਣ,
ਅੰਗ ਰੂਹ ਦੇ ਇਸ ਸੁਨਹਿਰੀ ਧੁੱਪ ਵਿਚ ਵੀ ਠਰ ਰਹੇ। -ਗੁਰਨਾਮ ਗਿੱਲ
ਅਜ ਕਲ ਇੰਗਲੈਂਡ ਵਿਚ ਸਟੁਡੈਂਟ ਵੀਜ਼ੇ ਉੱਤੇ ਵੀ ਆਏ ਹੋਏ ਹਨ। ਇਨ੍ਹਾਂ
ਵਿਚੋਂ ਕੁਝ ਕੁ ਦਾ ਮੇਨ ਮੁੱਦਾ ਇੱਥੇ ਕੰਕਾਰ ਕਰਨਾ ਹੀ ਹੈ। ਪਰੰਤੂ ਉਨ੍ਹਾਂ ਦੀ
ਹਾਲਤ ਅਤੀ ਤਰਸਯੋਗ ਸਮੇਂ ਵਿੱਚੀਂ ਗੁਜ਼ਰ ਰਹੀ ਹੈ।
ਅੱਠ ਅੱਠ ਦਸ ਦਸ ਮੁੰਡੇ ਕੁੜੀਆਂ, ਇੱਕੋ ਘਰ ਵਿਚ ਰਹੀਏ।
ਕੰਮ ਕਾਰ ਵੀ ਕਿਤੇ ਨਹੀਂ ਮਿਲ਼ਦਾ, ਭਾੜਾ ਕਿੱਥੋਂ ਦੇਈਏ।
ਚੇਤੇ ਆਵੇ ਕਿਹਾ ਪਿਓ ਦਾ, ਮਾਣ ਜਵਾਨੀ ਬੱਲਿਆ।
ਹੌਕੇ ਭਰ ਭਰ ਮਾਂ ਨੇ ਪੁੱਤ ਨੂੰ, ਪੜ੍ਹਨ ਵਲੈਤੇ ਘੱਲਿਆ।-ਜੰਡੂ
ਲਿੱਤਰਾਂਵਾਲ਼ਾ
ਨੌਸਟਾਲਜੀਆ ਦੇ ਦੌਰ ਵਿਚੀਂ ਗ਼ੁਜ਼ਰਦਿਆ ਗ਼ੁਜ਼ਰਦਿਆਂ ਹੁਣ ਇਹ ਵਕਤ
ਵੀ ਆ ਗਿਆ ਹੈ ਕਿ ਅਸੀਂ ਪਿਛਾਂਹ ਰਹਿ ਗਿਆਂ ਦੇ ਦਰਦ ਨੂੰ ਵੀ ਪਛਾਨਣ ਲੱਗ ਪਏ
ਹਾਂ।
ਟੁਰ ਗਏ ਪਰਦੇਸ ਨੂੰ ਹਨ ਇਸ ਗਰਾਂ ਦੇ ਲੋਕ ਸੱਭ,
ਸੁੰਨੇ ਛੰਨਾਂ ਢਾਰਿਆ ਦੇ ਦਰਦ ਨੂੰ ਮਹਿਸੂਸ ਕਰ।
ਛੱਡ ਗਏ ਸੰਦੂਕ ਵਿਚ ਪੱਗਾਂ ਦੁਪੱਟੇ ਲਹਿਰੀਏ,
ਘੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
ਵੇਖ਼ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ਼,
ਮਾਂ ਦੇ ਗਏ ਸਹਾਰਿਆ ਦੇ ਦਰਦ ਨੂੰ ਮਹਿਸੂਸ ਕਰ। -ਸਾਥੀ ਲੁਧਿਆਣਵੀ
ਨੌਸਟਾਲਜੀਆ ਦਾ ਦੂਜਾ ਨਾਮ ਅਤੀਤ ਹੈ, ਭੂਤਕਾਲ ਹੈ, ਮਾਜ਼ੀ ਹੈ। ਇਹ
ਹਿਸਟਰੀ ਹੈ। ਇਹਦੇ ਕੋਲੌਂ ਕੁਝ ਸਿੱਖ਼ੋ ਤੇ ਫ਼ਿਰ ਇਸ ਨੂੰ ਵਿਸਾਰ ਦਿਓ। ਬੀਤ ਗਏ
ਨੂੰ ਤੁਸੀਂ ਮੁੜ ਕੇ ਜੀਵਤ ਨਹੀਂ ਕਰ ਸਕਦੇ। ਆਓ ਅੱਗੇ ਵਧੀਏ।
drsathi@hotmail.co.uk |