ਜਦੋਂ ਜਸਟਿਸ ਨਾਨਾਵਤੀ ਦੀਆਂ ਸਿਫਾਰਿਸ਼ਾਂ ਦੇ ਅਧਾਰ ’ਤੇ ਨਵੰਬਰ-84 ਦੇ ਸਿੱਖ
ਕਤਲੇਆਮ ਦੇ ਮੁੱਖ ਦੋਸ਼ੀਆਂ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਆਦਿ ਦੇ ਵਿਰੁਧ ਨਵੇਂ
ਸਿਰੇ ਤੋਂ ਕੇਸ ਦਰਜ ਕਰ, ਸੀ ਬੀ ਆਈ ਵਲੋਂ ਉਨ੍ਹਾਂ ਦੇ ਵਿਰੁਧ ਜਾਂਚ ਸ਼ੁਰੂ ਕੀਤੀ
ਗਈ ਸੀ ਤਾਂ ਉਸ ਸਮੇਂ ਇੱਕ ਲੰਮੇਂ ਸਮੇਂ ਤੋਂ ਬਾਅਦ ਨਵੰਬਰ-84 ਦੇ ਪੀੜਤਾਂ ਅਤੇ
ਆਮ ਸਿੱਖਾਂ ਦੇ ਦਿਲ ਵਿੱਚ ਇਨਸਾਫ ਮਿਲਣ ਦੀ ਆਸ ਦੀ ਉਹ ਕਿਰਣ ਮੁੜ ਚਮਕ ਉਠੀ ਸੀ,
ਜੋ ਅਦਾਲਤਾਂ ਵਲੋਂ ਇੱਕ ਤੋਂ ਬਾਅਦ ਇੱਕ ਕਰਕੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ
ਨੂੰ ਲਗਾਤਾਰ ਦੋਸ਼-ਮੁਕਤ ਕੀਤੇ ਜਾਣ ਦੇ ਦਿੱਤੇ ਜਾ ਰਹੇ ਫੈਸਲਿਆਂ ਕਾਰਣ
ਧੁੰਦਲਾਂਦੀ ਚਲੀ ਜਾ ਰਹੀ ਸੀ। ਉਹੀ ਆਸ ਦੀ ਕਿਰਣ ਉਸ ਸਮੇਂ ਮੁੜ ਧੁੰਦਲਾ ਗਈ,
ਜਦੋਂ ਕੜਕੜਡੂਮਾ ਅਦਾਲਤ ਨੇ ਸਿੱਖ ਕਤਲੇਆਮ ਦੇ ਇੱਕ ਮੁੱਖ ਦੋਸ਼ੀ, ਸੱਜਣ ਕੁਮਾਰ
ਨੂੰ ਸਿੱਖ ਕਤਲੇਆਮ ਨਾਲ ਸਬੰਧਤ ਉਨ੍ਹਾਂ ਸਾਰੇ ਦੋਸ਼ਾਂ ਤੋਂ ਮੁਕਤ ਕਰਾਰ ਦੇ
ਦਿੱਤਾ, ਜੋ ਉਸ ਪੁਰ ਲਾਏ ਗਏ ਹੋਏ ਸਨ।
ਇਸ ਫੈਸਲੇ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ
ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਪੀੜਤਾਂ
ਤੇ ਆਮ ਸਿੱਖਾਂ ਨੂੰ ਹੀ ਭਾਰੀ ਨਿਰਾਸ਼ਾ ਨਹੀਂ ਹੋਈ, ਸਗੋਂ ਸਾਰੇ ਇਨਸਾਫ-ਪਸੰਦ
ਲੋਕਾਂ ਨੂੰ ਵੀ ਨਿਰਾਸ਼ਾ ਹੋਈ ਹੈ ਅਤੇ ਉਨ੍ਹਾਂ ਨੂੰ ਡੂੰਘਾ ਧੱਕਾ ਲਗਾ ਹੈ।
ਉਨ੍ਹਾਂ ਕਿਹਾ ਕਿ ਤੀਹ ਵਰ੍ਹੇ ਬੀਤ ਜਾਣ ਤੇ ਵੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ
ਵਿਚੋਂ ਕਿਸੇ ਇਕ ਨੂੰ ਵੀ ਸਜ਼ਾ ਨਾ ਮਿਲ ਪਾਣਾ ਅਤੇ ਇਸ ਕਤਲੇਆਮ ਦੇ ਪੀੜਤਾਂ,
ਜਿਨ੍ਹਾਂ ਨੇ ਇਸ ਕਤਲੇਆਮ ਦੌਰਾਨ ਨਾ ਕੇਵਲ ਆਪਣੇ ਘਰ-ਘਾਟ ਹੀ ਲੁਟਵਾਏ ਤੇ ਤਬਾਹ
ਕਰਵਾਏ, ਸਗੋਂ ਆਪਣੇ ਪਰਿਵਾਰਕ ਜੀਆਂ ਨੂੰ ਵੀ ਆਪਣੀਆਂ ਅੱਖਾਂ ਸਾਹਮਣੇ ਸਾੜੇ ਅਤੇ
ਕਤਲ ਕੀਤੇ ਜਾਂਦਿਆਂ ਵੇਖਿਆ, ਨੂੰ ਇਨਸਾਫ ਨਾ ਮਿਲ ਪਾਣਾ, ਇੱਕ ਤਰ੍ਹਾਂ ਨਾਲ
ਉਨ੍ਹਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕਰ ਦਿੱਤਾ ਜਾਣਾ ਹੈ। ਉਨ੍ਹਾਂ ਹੋਰ ਕਿਹਾ
ਕਿ ਹੇਠਲੀ ਅਦਾਲਤ ਦੇ ਇਸ ਫੈਸਲੇ ਵਿਰੁਧ ਪੀੜਤ ਸਿੱਖ ਹਾਈਕੋਰਟ ਅਤੇ ਸੁਪ੍ਰੀਮ
ਕੋਰਟ ਤਕ ਵੀ ਜਾਣਗੇ, ਉਥੋਂ ਉਨ੍ਹਾਂ ਨੂੰ ਇਨਸਾਫ ਮਿਲ ਸਕੇਗਾ, ਇਸ ਸਮੇਂ ਇਸ ਸਬੰਧ
ਵਿੱਚ ਕੁਝ ਕਿਹਾ ਜਾ ਸਕਣਾ ਬਹੁਤ ਮੁਸ਼ਕਿਲ ਹੈ, ਫਿਰ ਵੀ ਇਸ ਆਸ ਨਾਲ ਉਚ ਅਦਾਲਤ
ਵਿਚ ਪਹੁੰਚ ਕੀਤੀ ਜਾਇਗੀ ਸ਼ਾਇਦ ਉਥੋਂ ਇਨਸਾਫ ਮਿਲ ਜਾਏ। ਉਨ੍ਹਾਂ ਕਿਹਾ ਕਿ ਉਹ ਇਹ
ਵੀ ਚਾਹੁੰਦੇ ਹਨ ਕਿ ਕਿਸੇ ਸੇਵਾ-ਮੁਕਤ ਸੁਪ੍ਰੀਮ ਕੋਰਟ ਦੇ ਜੱਜ ਪਾਸੋਂ ਇਸ ਗਲ ਦੀ
ਨਿਰਪੱਖ ਅਤੇ ਉਚ-ਪੱਧਰੀ ਜਾਂਚ ਕਰਵਾਈ ਜਾਏ ਕਿ ਆਖਿਰ ਉਹ ਕਿਹੜੇ ਕਾਰਣ ਜਾਂ ਤੱਥ
ਰਹੇ ਹਨ ਜਿਨ੍ਹਾਂ ਦੇ ਚਲਦਿਆਂ ਨਵੰਬਰ-84 ਦੇ ਸਿੱਖ-ਕਤਲੇਆਮ ਅਰਥਾਤ ਸਿੱਖ
ਨਸਲਕੁਸ਼ੀ ਦੇ ਲਈ ਜ਼ਿਮੇਂਦਾਰ ਉਨ੍ਹਾਂ ਗਿਣੇ-ਚੁਣੇ ਛੋਟੇ-ਮੋਟੇ ਦੋਸ਼ੀਆਂ ਨੂੰ ਤਾਂ
ਸਜ਼ਾ ਮਿਲ ਰਹੀ ਹੈ, ਜਿਨ੍ਹਾਂ ਵੱਡੇ ਮਗਰਮੱਛਾਂ ਦੇ ਉਕਸਾਣ ਅਤੇ ਇਸ਼ਾਰਿਆਂ ਤੇ
ਬੇਗੁਨਾਹ ਅਤੇ ਮਾਸੂਮ ਸਿੱਖਾਂ ਦਾ ਕਤਲ ਕੀਤਾ, ਉਨ੍ਹਾਂ ਦੀਆਂ ਜਾਇਦਾਦਾਂ ਲੁਟੀਆਂ
ਅਤੇ ਸਾੜੀਆਂ, ਪ੍ਰੰਤੂ ਉਹ ਮਗਰਮੱਛ ਆਪ ਲਗਾਤਾਰ ਅਦਾਲਤਾਂ ਵਲੋਂ ਦੋਸ਼-ਮੁਕਤ ਕਰਾਰ
ਦਿਤੇ ਜਾਂਦੇ ਚਲੇ ਆ ਰਹੇ ਹਨ, ਜੋ ਇਸ ਕਤਲੇਆਮ ਦੇ ਲਈ ਮੁੱਖ ਰੂਪ ਵਿੱਚ ਜ਼ਿਮੇਂਦਾਰ
ਮੰਨੇ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕਤੱਰ ਜ. ਅਵਤਾਰ ਸਿੰਘ ਹਿਤ,
ਮੀਤ ਪ੍ਰਧਾਨ ਜ. ਓਂਕਾਰ ਸਿੰਘ ਥਾਪਰ, ਸੰਗਠਨ ਸਕਤੱਰ ਕੁਲਦੀਪ ਸਿੰਘ ਭੋਗਲ ਆਦਿ
ਮੁੱਖੀਆਂ ਨੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਖਾਂ
ਨੂੰ ਭਾਰੀ ਨਿਰਾਸ਼ਾ ਹੋਈ ਹੈ। ਉਨ੍ਹਾਂ ਦਾ ਇਹ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਜਦੋਂ
ਤਕ ਕਾਂਗ੍ਰਸ ਸੱਤਾ ਵਿੱਚ ਹੈ ਨਾ ਤਾਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਜ਼ਾ
ਮਿਲ ਸਕਦੀ ਹੈ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ ਮਿਲਣ ਦੀ ਆਸ ਹੀ ਰਖਣੀ ਚਾਹੀਦੀ
ਹੈ। ਬਾਦਲ ਅਕਾਲੀ ਦਲ ਦੇ ਹੋਰ ਪ੍ਰਦੇਸ਼ ਮੁੱਖੀਆਂ ਅਤੇ ਦਿੱਲੀ ਸਿੱਖ ਗੁਰਦੁਆਰਾ
ਕਮੇਟੀ ਦੇ ਅਹੁਦੇਦਾਰਾਂ, ਜ. ਮਨਜੀਤ ਸਿੰਘ, ਸ. ਮਨਜਿੰਦਰ ਸਿੰਘ ਸਿਰਸਾ, ਸ.
ਰਵਿੰਦਰ ਸਿੰਘ ਖੁਰਾਣਾ, ਸ. ਪਰਮਜੀਤ ਸਿੰਘ ਰਾਣਾ ਆਦਿ ਨੇ ਵੀ ਇਸ ਫੈਸਲੇ ਨੂੰ
ਸਿੱਖਾਂ ਵਿੱਚ ਨਿਰਾਸ਼ਾ ਅਤੇ ਨਿਆਂਪਾਲਿਕਾ ਪ੍ਰਤੀ ਅਵਿਸ਼ਵਾਸ ਪੈਦਾ ਕਰਨ ਵਾਲਾ ਕਰਾਰ
ਦਿੰਦਿਆਂ ਕਿਹਾ ਕਿ ਕਾਂਗ੍ਰਸ ਰਾਜ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਹੀ ਨਹੀਂ
ਸਕਦਾ।
ਦਿੱਲੀ ਗੁਰਦੁਆਰਾ ਕਮੇਟੀ ਵਿੱਚ ‘ਸਭ ਅੱਛਾ’ ਨਹੀਂ : ਇਉਂ ਜਾਪਦਾ ਹੈ,
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਹ
ਮੰਨ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਲਗਾਮ ਖੁਲ੍ਹੀ ਛੱਡ ਦਿੱਤੀ
ਹੈ, ਕਿ ਉਨ੍ਹਾਂ ਨੇ ਜਿਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਸੌਂਪੀ
ਹੈ, ਉਹ ੳਨ੍ਹਾਂ ਮਤਦਾਤਾਵਾਂ ਦੀਆਂ ਆਸ਼ਾਵਾਂ ਦੀ ਕਸੌਟੀ ਪੁਰ ਪੂਰੇ ਉਤਰਨਗੇ,
ਜਿਨ੍ਹਾਂ ਉਨ੍ਹਾਂ (ਸ. ਸੁਖਬੀਰ ਸਿੰਘ ਬਾਦਲ) ਵਲੋਂ ਕੀਤੇ ਗਏ ਵਾਇਦਿਆਂ ਪੁਰ
ਭਰੋਸਾ ਕਰ, ਉਨ੍ਹਾਂ ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਸੱਤਾ ਪ੍ਰੀਵਰਤਨ
ਵਿੱਚ ਆਪਣੀ ਮਹਤੱਵ-ਪੂਰਣ ਭੂਮਿਕਾ ਨਿਭਾਈ ਹੈ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ
ਉਨ੍ਹਾਂ (ਸ. ਸੁਖਬੀਰ ਸਿੰਘ ਬਾਦਲ) ਨੂੰ ਇਸ ਗਲ ਦਾ ਜ਼ਰੂਰ ਪਤਾ ਚਲਦਾ ਰਹਿੰਦਾ ਕਿ
ਜਿਨ੍ਹਾਂ ਹੱਥਾਂ ਵਿੱਚ ਉਨ੍ਹਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਦੀ ਜ਼ਿਮੇਂਦਾਰੀ
ਸੌਂਪੀ ਹੈ, ਉਹ ਗੁਰਦੁਆਰਾ ਪ੍ਰਬੰਧ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ‘ਅਨਾੜੀ’ ਹੋਣ
ਕਾਰਣ, ‘ਸਭ ਅੱਛਾ’ ਹੋਣ ਦਾ ਸੁਖਾਵਾਂ ਪ੍ਰਭਾਵ ਦੇਣ ਵਿੱਚ ਸਫਲ ਨਹੀਂ ਹੋ ਪਾ ਰਹੇ।
ਉਨ੍ਹਾਂ ਦੇ ਅਸਫਲ ਹੁੰਦਿਆਂ ਚਲੇ ਆਣ ਦਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਇੱਕ
ਤਾਂ ਉਹ ਗੁਰਦੁਆਰਾ ਪ੍ਰਬੰਧ ਦੇ ਮਾਮਲੇ ਵਿੱਚ ‘ਕਚੱਕੜੇ’ ਹੋਣ ਦੀ ਆਪਣੀ ਕਮਜ਼ੋਰੀ
ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ, ਦੂਸਰਾ ਜਿਵੇਂ ਕਿ ਪਹਿਲੇ ਵੀ ਸੰਕੇਤ ਦਿੱਤਾ
ਗਿਆ ਹੈ, ਕਿ ਉਹ ਇਹ ਮੰਨ ਕੇ ਕਿ ਉਨ੍ਹਾਂ ਤੋਂ ਵੱਧ ਹੋਰ ਕੋਈ ਸਮਝਦਾਰ ਹੋ ਹੀ
ਨਹੀਂ ਸਕਦਾ, ਬਦਲੇ ਦੀ ਭਾਵਨਾ ਨਾਲ ਅਤੇ ਚਾਪਲੂਸਾਂ ਦੇ ਅੱਡੇ ਚੜ੍ਹ, ਗੁਰਦੁਆਰਾ
ਕਮੇਟੀ ਅਤੇ ਉਸਦੀਆਂ ਸੰਸਥਾਵਾਂ ਦੇ ਕਰਮਚਾਰੀਆਂ ਪੁਰ ਬਦਲੀਆਂ, ਮੁਅਤਲੀਆਂ ਅਤੇ
ਸੇਵਾ-ਮੁਕਤੀਆਂ ਦੀ ਤਲਵਾਰ ਚਲਾ ਰਹੇ ਹਨ। ਉਹ ਇਹ ਸਮਝਣ ਲਈ ਤਿਆਰ ਹੀ ਨਹੀਂ ਕਿ
ਉਨ੍ਹਾਂ ਵਲੋਂ ਚਲਾਈ ਜਾ ਰਹੀ ਇਹ ਤਲਵਾਰ ਉਨ੍ਹਾਂ ਦੇ ਆਪਣੇ ਹਿੱਤਾਂ ਪੁਰ ਵੀ ਚਲ
ਸਕਦੀ ਹੈ। ਅੱਜ ਜੋ ਲੋਕੀ ਨਿਜ ਸੁਆਰਥ ਅਧੀਨ ਉਨ੍ਹਾਂ ਪ੍ਰਤੀ ਵਫਾਦਾਰੀ ਦਾ ਦੰਮ
ਭਰ, ਉਨ੍ਹਾਂ ਦੇ ਕੰਨ੍ਹ ਨਾਲ ਮੂੰਹ ਜੋੜ ਗਲਾਂ ਕਰ ਰਹੇ ਹਨ, ਉਹੀ ਉਨ੍ਹਾਂ ਦੀ
ਪਿੱਠ ਪਿੱਛੇ ਉਨ੍ਹਾਂ ਦੇ ਵਿਰੋਧੀਆਂ ਨਾਲ ਸੰਪਰਕ ਸਾਧ ਉਨ੍ਹਾਂ ਨੂੰ ਭਰੋਸਾ ਦੁਆ
ਸਕਦੇ ਹਨ ਕਿ ਉਹ ਵਰਤਮਾਨ ਪ੍ਰਬੰਧਕਾਂ ਨਾਲੋਂ ਵੱਧ ਉਨ੍ਹਾਂ ਦੇ ਵਫਾਦਾਰ ਹਨ। ਜਿਸ
ਨਾਲ ਜੇ ਸਮਾਂ ਪਾ, ਸੱਤਾ ਪ੍ਰੀਵਰਤਨ ਹੁੰਦਾ ਹੈ ਤਾਂ ਉਨ੍ਹਾਂ ਵਿਰੁਧ ਬਦਲੇ ਦੀ
ਭਾਵਨਾ ਨਾਲ ਕੋਈ ਕਾਰਵਾਈ ਨਾ ਹੋ ਸਕੇ।
ਇਸ ਸਥਿਤੀ ਦੇ ਚਲਦਿਆਂ ਹੀ, ਨਾ ਤਾਂ ਉਨ੍ਹਾਂ ਦੇ ਆਪਸੀ ਸਬੰਧ ਸੁਖਵੇਂ ਬਣ ਪਾ
ਰਹੇ ਹਨ ਅਤੇ ਨਾ ਹੀ ਉਹ ਆਪਣੀ ਪਾਰਟੀ ਦੇ ਮੈਂਬਰਾਂ ਦਾ ਵਿਸ਼ਵਾਸ ਹੀ ਜਿੱਤਣ ਵਿੱਚ
ਸਫਲ ਹੋ ਪਾ ਰਹੇ ਨੇ। ਫਲਸਰੂਪ ਉਨ੍ਹਾਂ ਦੇ ਆਪਣੇ ਸਾਥੀ ਮੈਂਬਰ ਹੀ ਨਿਰਾਸ਼ ਹੋ ਰਹੇ
ਹਨ। ਦਲ ਦੇ ਹੀ ਕਈ ਮੈਂਬਰ ਆਪੋ ਵਿੱਚ ਗਲ ਕਰਦਿਆਂ ਇਥੋਂ ਤਕ ਕਹਿੰਦੇ ਸੁਣੇ ਗਏ ਕਿ
‘ਉਹ’ (ਅਹੁਦੇਦਾਰ) ਪਾਰਟੀ ਮੈਂਬਰਾਂ ਵਿੱਚ ਇਸ ਕਰਕੇ ਅਧਿਕਾਰ ਵੰਡਣ ਤੋਂ ਕਤਰਾ
ਰਹੇ ਹਨ, ਕਿਉਂਕਿ ਉਹ ਚੋਣਾਂ ਵਿੱਚ ਕੀਤੇ ਆਪਣੇ ਖਰਚਿਆਂ ਨੂੰ ਪੂਰਿਆਂ ਕਰਨਾ
ਚਾਹੁੰਦੇ ਹਨ। ਇਸਦੇ ਨਾਲ ਹੀ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਅਹੁਦੇਦਾਰਾਂ
ਵਿਰੁਧ ਚਲ ਰਹੀ ਇਸ ਸੁਗਬੁਗਾਹਟ ਵਿੱਚ ਇਹ ਸ਼ੰਕਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ
ਇਹ ਸਭ ਕੁਝ ਸ. ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਵਿੱਚ ਲਏ ਬਿਨਾ ਸੰਭਵ ਨਹੀਂ ਹੋ
ਸਕਦਾ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀ ਦੇ ਬਾਦਲ ਅਕਾਲੀ ਦਲ ਦੇ ਹੀ
ਕਈ ਮੈਂਬਰ ਜਦੋਂ ਕਦੀ ਅਧਿਕਾਰ ਨਾ ਹੋਣ ਦਾ ਰੋਣਾ ਆਪਣੇ ਹਲਕੇ ਦੇ ਮਤਦਾਤਾਵਾਂ
ਸਾਹਮਣੇ ਰੋਂਦਿਆਂ, ਉਨ੍ਹਾਂ ਦੀਆਂ ਪੁਛਾਂ ਦਾ ਕੋਈ ਜਵਾਬ ਨਹੀਂ ਦੇ ਪਾਂਦੇ ਤਾਂ
ਉਨ੍ਹਾਂ ਨੂੰ ਇਹੀ ਸੁਣਨ ਨੂੰ ਮਿਲਦਾ ਹੈ ਕਿ ਦਿੱਲੀ ਦੇ ਸਿੱਖਾਂ ਨੇ ਬਾਦਲ ਅਕਾਲੀ
ਦਲ ਵਲੋਂ ਫੈਲਾਏ ਭਰਮ-ਜਾਲ ਵਿੱਚ ਫਸ ਗੁਰਦੁਆਰਾ ਕਮੇਟੀ ਵਿੱਚ ਸੱਤਾ ਪ੍ਰੀਵਰਤਨ ਦਾ
ਸਮਰਥਨ ਕਰ ਆਪਣੇ ਹੀ ਪੈਰਾਂ ਪੁਰ ਕੁਹਾੜਾ ਮਾਰ ਲਿਆ ਹੈ।
ਇਸ ਸਥਿਤੀ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀ ਜ਼ਿਮੇਂਦਾਰੀ ਬਣਦੀ ਹੈ ਕਿ ਉਹ
ਜਾਂ ਤਾਂ ਆਪ ਆਪਣੇ ‘ਲਿਫਾਫੇ’ ਵਿਚੋਂ ਨਿਕਲੇ ਗੁਰਦੁਆਰਾ ਕਮੇਟੀ ਦੇ ਇਨ੍ਹਾਂ
ਅਹੁਦੇਦਾਰਾਂ ਦੀ ਲਗਾਮ ਖਿੱਚ ਕੇ ਰਖਣ ਅਤੇ ਆਪਣੇ ਸਬੰਧ ਵਿੱਚ ਪ੍ਰਗਟ ਕੀਤੀ ਜਾ
ਰਹੀ ਸ਼ੰਕਾ ਦਾ ਸੇਕ ਆਪਣੇ ਤਕ ਪੁਜਣ ਤੋਂ ਰੋਕਣ ਲਈ ਸਥਿਤੀ ਨੂੰ ਸਖਤੀ ਨਾਲ
ਸੰਭਾਲਣ। ਜਾਂ ਫਿਰ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧ
ਨਾਲ ਲੰਮਾਂ ਸਮਾਂ ਸਬੰਧਤ ਰਹੇ ਸੀਨੀਅਰ ਅਕਾਲੀ ਮੁਖੀਆਂ, ਸ. ਮਹਿੰਦਰ ਸਿੰਘ
ਮਥਾਰੂ, ਜ. ਅਵਤਾਰ ਸਿੰਘ ਹਿਤ, ਸ. ਹਰਮਨਜੀਤ ਸਿੰਘ, ਸ. ਪ੍ਰਹਿਲਾਦ ਸਿੰਘ ਚੰਡੋਕ,
ਸ. ਕੁਲਮੋਹਨ ਸਿੰਘ, ਅਤੇ ਜੇ ਅਲਰਜੀ ਨਾ ਹੋਵੇ ਤਾਂ ਸ. ਗੁਰਮੀਤ ਸਿੰਘ ਸ਼ੰਟੀ ਨੂੰ
ਵੀ ਸ਼ਾਮਲ ਕਰ, ਇੱਕ ਮਾਰਗ-ਦਰਸ਼ਕ ਕਮੇਟੀ ਦਾ ਗਠਨ ਕਰ ਪੰਜਾਂ ਪਾਂਡਵਾਂ
(ਅਹੁਦੇਦਾਰਾਂ) ਦੀ ਵਾਗਡੋਰ ਉਸਨੂੰ ਸੌਂਪ ਦੇਣ।
....ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਕੁਝ ਦਿਨ ਹੋਏ, ਦਿੱਲੀ ਗੁਰਦੁਆਰਾ
ਕਮੇਟੀ ਦੇ ਮੁੱਖੀਆਂ ਦੀ ਪ੍ਰਵਾਨਗੀ ਨਾਲ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਦਿਅਕ ਸੰਸਥਾ, ਗੁਰੂ ਗੋਬਿੰਦ ਸਿੰਘ ਕਾਲਜ ਆਫ
ਕਾਮਰਸ ਵਿੱਚ ਦਿੱਲੀ ਪ੍ਰਦੇਸ਼ ਭਾਜਪਾ ਵਲੋਂ ਇੱਕ ‘ਜਲਸਾ’ ਕੀਤਾ ਗਿਆ, ਜਿਸਨੂੰ ਲੈ
ਕੇ ਜਿਥੇ ਰਾਜਧਾਨੀ ਦੇ ਵਿਦਿਅਕ ਖੇਤ੍ਰ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕੀ ਦਿੱਲੀ
ਯੂਨੀਵਰਸਿਟੀ ਨਾਲ ਸਬੰਧਤ ਕਿਸੇ ਵਿਦਿਅਕ ਸੰਸਥਾ ਵਿੱਚ ਕੋਈ ਰਾਜਨੈਤਿਕ ‘ਜਲਸਾ’ ਹੋ
ਸਕਦਾ ਹੈ? ਉਥੇ ਹੀ ਕਾਲਜ ਦੇ ਵਿਦਿਆਰਥੀਆਂ ਵਿੱਚ ਇਸ ਗਲ ਨੂੰ ਲੈ ਕੇ ਚਰਚਾ ਜ਼ੋਰ
ਪਕੜਦੀ ਜਾ ਰਹੀ ਹੈ ਕਿ ਕੀ ਉਨ੍ਹਾਂ ਦੇ ਕਾਲਜ ਕੰਪਲੈਕਸ ਵਿੱਚ ਕਿਸੇ ਰਾਜਸੀ ਪਾਰਟੀ
ਦਾ ਜਲਸਾ ਕਰਵਾਇਆ ਜਾਣਾ ਉਨ੍ਹਾਂ ਦੀ ਸੁਤੰਤਰ ਰਾਜਸੀ ਵਿਚਾਰ-ਧਾਰਾ ਪੁਰ ਛਾਪਾ
ਨਹੀਂ? ਇਸਦੇ ਨਾਲ ਹੀ ਰਾਜਧਾਨੀ ਦੇ ਸਿਖ ਇਹ ਮੰਨ ਰਹੇ ਹਨ ਕਿ ਇਉਂ ਜਾਪਦਾ ਹੈ,
ਜਿਵੇਂ ਗੁਰਦੁਆਰਾ ਚੋਣਾਂ ਵਿੱਚ ਭਾਜਪਾ ਵਲੋਂ ਦਿੱਤੇ ਗਏ ਕਥਤ ਸਹਿਯੋਗ ਦੀ ਕੀਮਤ
ਵਜੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਭਾਜਪਾ ਨੂੰ ਗੁਰਦੁਆਰਾ
ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਆਪਣੇ ਅੱਡਿਆਂ ਦੇ ਰੂਪ ਵਿੱਚ ਵਰਤਣ ਲਈ ਸੌਂਪ
ਦਿੱਤੀਆਂ ਗਈਆਂ ਹੋਈਆਂ ਹਨ!
Jaswant Singh Ajit, 64-C, U & V / B,
Shalimar Bagh, DELHI-11 00 88
Mobile : +91 98 68 91 77 31
jaswantsinghajit@gmail.com |