ਮੈਂ ਉਦੋਂ ਡਾਕਟਰੀ ਵਿਚ ਪੜਦੀ ਹੁੰਦੀ ਸੀ ਤੇ ਸਾਈਕੈਟਰੀ ਵਿਭਾਗ ਵਿਚ ਸਾਡੇ
ਬੈਚ ਦੀ ਡਿਊਟੀ ਸੀ। ਕਲਾਸ ਵਿਚ ਪੜਾਉਣ ਲਈ ਇਕ ਮਰੀਜ਼ ਦੀ ਹਿਸਟਰੀ ਲੈਣ ਵਾਸਤੇ
ਸਾਨੂੰ ਦੋ ਕੁੜੀਆਂ ਨੂੰ ਲਾ ਦਿੱਤਾ ਗਿਆ। ਉਸ ਮਰੀਜ਼ ਨੂੰ ਜੇਲ ਵਿੱਚੋਂ ਲਿਆਉਂਦਾ
ਗਿਆ ਸੀ ਤੇ ਉਸਦੇ ਨਾਲ ਦੋ ਪੁਲਿਸ ਵਾਲੇ ਵੀ ਸਨ। ਉਸਦੇ ਦੋਵੇਂ ਹੱਥਾਂ ਵਿਚ
ਹਥਕੜੀਆਂ ਪਾਈਆਂ ਹੋਈਆਂ ਸਨ ਕਿਉਂਕਿ ਉਹ ਛੇਤੀ ਹੀ ਮਾਰ ਕੁਟਾਈ ਕਰਨ ਲੱਗ ਪੈਂਦਾ
ਸੀ।
ਹਿਸਟਰੀ ਸ਼ੁਰੂ ਕਰਨ ਲਈ ਨਾਂ, ਉਮਰ, ਪਤਾ, ਪਿਓ ਦਾ ਨਾਂ ਆਦਿ ਪੁੱਛਣਾ ਹੁੰਦਾ
ਹੈ। ਅਸੀਂ ਵੀ ਉਜੰ ਹੀ ਸ਼ੁਰੂ ਕੀਤਾ। ਮੈਂ ਪਹਿਲਾ ਸਵਾਲ ਹੀ ਪੁੱਛਿਆ ਕਿ ਉਸਦਾ ਨਾਂ
ਕੀ ਹੈ? ਉਸਨੇ ਜਵਾਬ ਦਿੱਤਾ, ‘‘ ਨੰਬਰ 377। ’’ ਉਮਰ ਪੁੱਛਣ ਉੱਤੇ ਵੀ ਉਸ ਕਿਹਾ,
‘‘ ਪਤਾ ਨਹੀਂ। ’’ ਪਿਓ ਬਾਰੇ ਪੁੱਛਿਆ ਤਾਂ ਉਹ ਬੋਲਿਆ, ‘‘ ਪਤਾ ਨਹੀਂ। ਹਰਾਮੀ
ਲਿਖ ਲੈ। ’’ ਪੂਰੀ ਹਲੀਮੀ ਵਰਤਦੇ ਹੋਏ, ਅਸੀਂ ਮਨ ਵਿਚ ਇਹ ਸੋਚ ਕੇ, ਕਿ ਇਸਦੀ
ਦਿਮਾਗ਼ੀ ਹਾਲਤ ਠੀਕ ਨਹੀਂ ਹੈ, ਦੁਬਾਰਾ ਪੁੱਛਣ ਦਾ ਹੀਆ ਕੀਤਾ, ‘‘ ਕੋਈ ਹੋਰ
ਰਿਸ਼ਤੇਦਾਰ। ’’ ਉਸਦਾ ਜਵਾਬ ਸੀ, ‘‘ ਕੋਈ ਨਹੀਂ। ਵੇਸਵਾ ਦਾ ਪੁੱਤਰ ਆਂ। ਸਮਝ
ਨਹੀਂ ਆਉਂਦੀ, ਪਿਓ ਦਾ ਪਤਾ ਨਹੀਂ। ਕੋਈ ਸਾਲਾ ਹਰਾਮੀ ਹੋਊ ਜਿਸਨੇ ਮੈਨੂੰ ਹਰਾਮੀ
ਬਣਾਇਐ। ’’ ਮੈਨੂੰ ਇਕਦਮ ਝਟਕਾ ਜਿਹਾ ਲੱਗਿਆ। ‘‘ ਕਦੇ ਕਿਸੇ ਵੇਸਵਾ ਨੂੰ ਮਿਲੀ
ਐਂ? ਪਤੈ ਉਸਦੀ ਜ਼ਿੰਦਗੀ ਬਾਰੇ? ਪਤੈ ਹਰਾਮੀ ਅਖਵਾਉਣਾ ਕਿਵੇਂ ਲੱਗਦੈ? ਮੈਂ ਲੰਘਾਏ
ਨੇ ਅੱਠ ਸਾਲ ਉੱਥੇ। ਮੈਂ ਵੇਖੀ ਹੈ ਮਰਦਾਂ ਦੀਆਂ ਅੱਖਾਂ ਦੀ ਹਵਸ। ਮੈਂ ਵੇਖਿਐ
ਆਪਣੀ ਮਾਂ ਨੂੰ ਨੁਚਦੇ ਹੋਏ ਰੋਜ਼। ਇਸ ਤੋਂ ਬਾਅਦ ਮੇਰੇ ਕੋਲੋਂ ਹੋਰ ਨਹੀਂ ਸਿਹਾ
ਗਿਆ। ਹਰ ਮਰਦ ਏਥੇ ਹਰਾਮੀ ਹੈ। ਸਵੇਰੇ ਇਹ ਲੋਕ ਹੋਰ ਹੁੰਦੇ ਨੇ ਤੇ ਸ਼ਾਮੀ ਇਨਾਂ
ਦੀਆਂ ਮੂਰਤਾਂ ਬਦਲ ਜਾਂਦੀਆਂ ਨੇ। ਸਾਰੇ ਮਰਦਾਂ ਨੂੰ ਮਾਰ ਦੇਣਾ ਚਾਹੀਦੈ। ਇਹ ਸਭ
ਇੱਕੋ ਜਿਹੇ ਨੇ, ਬਿਲਕੁਲ ਇੱਕੋ ਜਿਹੇ। ਭੁੱਖੇ ਬਘਿਆੜ। ਉਹ ਸੜਾਂਦ ਮਾਰਦੇ, ਮੂੰਹ
’ਚੋਂ ਸ਼ਰਾਬ ਤੇ ਸਿਗਰਟਾਂ ਦੀ ਬੋਅ ਛੱਡਦੇ ਮੇਰੀ ਮਾਂ ਉੱਤੇ ਟੁੱਟ ਪੈਂਦੇ ਸਨ, ’’
ਉਹ ਇੱਕੋ ਸਾਹੇ ਬੋਲਣ ਲੱਗ ਪਿਆ ਸੀ ਤੇ ਅਸੀਂ ਦੋਵੇਂ ਪੂਰੀ ਤਰਾਂ ਸੁੰਨ ਹੋ ਕੇ
ਸੁਣ ਰਹੀਆਂ ਸੀ, ‘‘ ਮੇਰੀ ਮਾਂ ਆਪ ਵੀ ਸ਼ਾਮ ਨੂੰ ਅੱਧੀ ਬੋਤਲ ਗਟਕ ਜਾਂਦੀ ਸੀ ਤੇ
ਚੱਪਾ ਮੇਰੇ ਅੰਦਰ ਸੁੱਟ ਦਿੰਦੀ ਸੀ ਤਾਂ ਜੋ ਮੈਂ ਵੀ ਸੁੱਤਾ ਰਵਾਂ ਤੇ ਉਸਦੇ ਨੋਚੇ
ਜਾ ਰਹੇ ਜਿਸਮ ਤੋਂ ਉਹਲੇ ਰਹਾਂ।’’
ਮੇਰੇ ਕੋਲੋਂ ਇਹ ਸਭ ਸੁਣਿਆ ਨਹੀਂ ਸੀ ਜਾ ਰਿਹਾ। ਅਸੀਂ ਦੋਵੇਂ 20 ਵਰਿਆਂ
ਦੀਆਂ, ਅਣਵਿਆਹੀਆਂ ਤੇ ਅੱਗੋਂ ਸਾਰੇ ਸਾਡੇ ਨਾਲ ਦੇ ਬੈਚ ਵਿਚਲੇ ਹੋਰ ਮੁੰਡੇ
ਕੁੜੀਆਂ ਅੱਗੇ ਅਸੀਂ ਕਿਹੋ ਜਿਹੀ ਹਿਸਟਰੀ ਸੁਣਾਉਣੀ ਸੀ? ਕੀ ਆਪਣੇ ਡਾਕਟਰ ਉਸਤਾਦ
ਕੋਲੋਂ ਸਿੱਖਣਾ ਸੀ? ਇਹ ਮਰੀਜ਼ ਤਾਂ ਸਾਨੂੰ ਵੈਸੇ ਹੀ ਬਹੁਤ ਕੁੱਝ ਸਿਖਾ ਰਿਹਾ ਸੀ!
ਸਾਡੀ ਦੋਵਾਂ ਦੀ ਅੱਖਾਂ ਹੀ ਅੱਖਾਂ ਵਿਚ ਗੱਲ ਹੋ ਗਈ ਕਿ ਜਿਹੋ ਜਿਹੇ ਮਾਹੌਲ ਵਿਚ
ਇਹ ਪਲਿਆ ਹੈ, ਉਸ ਹਾਲਤ ਵਿਚ ਕੋਈ ਵੀ ਜਣਾ ਨਾਰਮਲ ਕਿਵੇਂ ਰਹਿ ਸਕਦਾ ਸੀ। ਸਾਡੇ
ਮਨਾਂ ਵਿਚ ਉਸ ਆਦਮੀ ਪ੍ਰਤੀ ਬੜਾ ਤਰਸ ਭਰ ਗਿਆ।
‘‘ ਇਹ ਜੇਲ ਕਿਵੇਂ ਗਿਆ,’’ ਮੇਰੀ ਸਾਥਣ ਡਾਕਟਰ ਨੇ ਪੁਲਿਸ ਵਾਲੇ ਨੂੰ
ਪੁੱਛਿਆ? ‘‘ ਪਹਿਲਾਂ ਕਤਲ ਕਰ ਕੇ ਜੁਵੇਨਾਈਲ ਜੇਲ ’ਚ ਰਿਹੈ ਤੇ ਫੇਰ ਬਾਲਗ ਹੋ
ਜਾਣ ਬਾਅਦ ਦੁਬਾਰਾ ਕਾਤਲਾਨਾ ਹਮਲਾ ਕਰਨ ਦੇ ਜੁਰਮ ਵਿਚ ਹੁਣ ਵੱਡਿਆਂ ਦੀ ਜੇਲ ’ਚ
ਹੈ,’’ ਪੁਲਿਸ ਵਾਲੇ ਨੇ ਦੱਸਿਆ।
ਉਹ ਮਰੀਜ਼ ਫੇਰ ਬੋਲ ਪਿਆ, ‘‘ ਉਸ ਦਿਨ ਸਵੇਰੇ ਇਕ ਅਫ਼ਸਰ ਆਇਆ ਸੀ ਥਾਂ ਵੇਖਣ।
ਸਾਡੀ ਖੋਲੀ ਵਿਚ ਵੀ ਆਇਆ। ਉਸਨੇ ਆਪਣੇ ਨਾਲ ਦੇ ਦੋ ਬੰਦਿਆਂ ਨਾਲ ਵੱਡੀਆਂ ਵੱਡੀਆਂ
ਸੁਧਾਰ ਦੀਆਂ ਗੱਲਾਂ ਕੀਤੀਆਂ। ਸ਼ਾਮ ਨੂੰ ਉਹੀ ਅਫ਼ਸਰ ਨਸ਼ੇ ’ਚ ਧੁੱਤ ਆਇਆ ਮੇਰੀ ਮਾਂ
ਕੋਲ। ਮੈਂ ਉਸ ਦਿਨ ਸ਼ਰਾਬ ਨਹੀਂ ਸੀ ਪੀਤੀ ਹੋਈ। ਖ਼ੌਰੇ ਮਾਂ ਪਿਆਉਣਾ ਭੁੱਲ ਗਈ ਸੀ।
ਉਹ ਅਫ਼ਸਰ ਤੇ ਫੇਰ ਉਹੀ ਨਾਲ ਦੇ ਦੋ ਬੰਦੇ ਇੱਕਠੇ ਮੇਰੀ ਮਾਂ ’ਤੇ ਟੁੱਟ ਕੇ ਪੈ
ਗਏ। ਮੈਂ ਇਹ ਨਹੀਂ ਵੇਖ ਸਕਿਆ। ਪਾਸੇ ’ਤੇ ਪਈ ਸ਼ਰਾਬ ਦੀ ਬੋਤਲ ਤੋੜ ਕੇ ਉਸੇ ਨੂੰ
ਉਸ ਅਫਸਰ ਦੀ ਪਿੱਠ ’ਚ ਘੁਸੇੜ ’ਤਾ। ਛੋਟਾ ਸੀ ਨਾ, ਪੂਰੀ ਤਾਕਤ ਨਹੀਂ ਸੀ। ਨਈਂ
ਤਾਂ ਤਿੰਨਾਂ ਨੂੰ ਮਾਰ ਦਿੰਦਾ । ਉਹੀ ਸਨ ਸਾਲੇ ਮੈਨੂੰ ਹਰਾਮੀ ਬਣਾਉਣ ਵਾਲੇ।
ਉਨਾਂ ਨੂੰ ਮਰਨਾ ਹੀ ਪੈਣਾ ਸੀ। ’’
ਇਹ ਕਹਿੰਦਿਆਂ ਉਸਦੀਆਂ ਅੱਖਾਂ ’ਚ ਲਹੂ ਉਤਰ ਆਇਆ ਸੀ। ਉਸ ਮਰੀਜ਼ ਨੇ ਕੋਲ ਮੇਜ਼
ਉੱਤੇ ਪਿਆ ਪੇਪਰ ਵੇਟ ਚੁੱਕ ਕੇ ਅੱਖ ਝਪਕਣ ਦੀ ਦੇਰ ’ਚ ਹੀ ਘੁਮਾ ਕੇ ਪਰੇ ਖੜੇ ਇਕ
ਬੰਦੇ ਵੱਲ ਮਾਰਿਆ। ਸਬੱਬ ਨਾਲ ਉਹ ਬਚ ਗਿਆ ਤੇ ਪੁਲਿਸ ਵਾਲਿਆਂ ਨੇ ਝਟ ਉਸ ਮਰੀਜ਼
ਨੂੰ ਘੁੱਟ ਕੇ ਫੜ ਕੇ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕੀਤੀ। ਉਹ ਮਰੀਜ਼ ਉੱਚੀ ਉੱਚੀ
ਚੀਕਣ ਲੱਗ ਪਿਆ, ‘‘ ਸਾਲੇ ਸਾਰੇ ਦੇ ਸਾਰੇ ਹਰਾਮੀ ਖੜੇ ਨੇ ਇੱਥੇ। ਇਨਾਂ ਭੁੱਖੇ
ਬਘਿਆੜਾਂ ਨੇ ਸਾਰੀਆਂ ਔਰਤਾਂ ਚੱਬ ਜਾਣੀਆਂ ਨੇ । ਇਨਾਂ ਨੂੰ ਮੈਂ ਮਾਰ ਦੇਣੈ।
ਸਾਰਿਆਂ ਨੂੰ ਮਾਰ ਦੇਣੈ। ਇਕ ਵੀ ਨਹੀਂ ਛੱਡਣਾ। ਤੁਸੀਂ ਵੀ ਨਹੀਂ ਬਚੋਗੀਆਂ। ਬਚ
ਜਾਓ। ਭੱਜ ਜਾਓ। ਲੁਕ ਜਾਓ। ਇਹ ਤੁਹਾਨੂੰ ਵੀ ਨਈਂ ਛੱਡਣਗੇ। ’’
ਅਸੀਂ ਘਬਰਾ ਗਈਆਂ ਸੀ। ਡਰ ਨਾਲ ਹਲਕਾ ਕਾਂਬਾ ਵੀ ਮਹਿਸੂਸ ਹੋਣ ਲੱਗ ਪਿਆ ਸੀ।
ਉਹ ਪੁਲਿਸ ਵਾਲੇ ਧੱਕਦੇ ਘੜੀਸਦੇ ਉਸਨੂੰ ਪਰਾਂ ਲੈ ਗਏ। ਸਾਨੂੰ ਸਾਡੇ ਉਸਤਾਦ
ਡਾਕਟਰ ਨੇ ਹੋਰ ਹਿਸਟਰੀ ਲੈਣ ਤੋਂ ਮਨਾ ਕਰ ਦਿੱਤਾ ਕਿ ਏਨਾ ਹੀ ਬਹੁਤ ਹੈ।
ਹਾਲੇ ਕਲਾਸ ਸ਼ੁਰੂ ਹੋਣ ਵਿਚ ਵਕਤ ਸੀ। ਮੇਰਾ ਦਿਮਾਗ਼ ਕਲਾਸ ਵਿਚ ਹੈ ਹੀ ਨਹੀਂ
ਸੀ। ਮੈਂ ਤਾਂ ਉਸ ਮਰੀਜ਼ ਦੀਆਂ ਗੱਲਾਂ ਵਿਚ ਹੀ ਉਲਝੀ ਪਈ ਸੀ। ਥੋੜੇ ਚਿਰ ਬਾਅਦ
ਉਸੇ ਮਰੀਜ਼ ਦੀ ਸਿਸਕਣ ਦੀ ਆਵਾਜ਼ ਆਈ। ਉਸ ਸਿਸਕ ਵਿਚ ਬਦੋਬਦੀ ਖਿੱਚੇ ਚਲੇ ਆਉਣ ਦੀ
ਕਸ਼ਿਸ਼ ਸੀ। ਉਸਦਾ ਆਪਣਾ ਕੋਈ ਨਹੀਂ ਸੀ। ਕਿਹੋ ਜਿਹੇ ਹਾਲਾਤ ਸਨ ਉਸਦੇ। ਕਿਸਤਰਾਂ
ਦਾ ਬਚਪਨ? ਕਿਹੋ ਜਿਹੇ ਚੁਫ਼ੇਰੇ ਵਿਚ ਉਸਦਾ ਪਾਲਣ ਪੋਸ਼ਣ? ਉਸਦਾ ਕੀ ਕਸੂਰ ਸੀ? ਕੀ
ਉਹ ਵਾਕਈ ਗੁਣਾਹਗਾਰ ਸੀ? ਉਸਨੂੰ ਕਾਤਲ ਤੇ ਮਰੀਜ਼ ਬਣਾਉਣ ਲਈ ਸਮਾਜ ਜ਼ਿੰਮੇਵਾਰ ਸੀ।
ਇਹੋ ਜਿਹੇ ਕਿੰਨੇ ਹੀ ਸਵਾਲ ਮੇਰੇ ਮਨ ਵਿਚ ਉੱਠਦੇ ਰਹੇ।
ਕਲਾਸ ਸ਼ੁਰੂ ਹੋਣ ਹੀ ਲੱਗੀ ਸੀ ਤਾਂ ਉਸੇ ਮਰੀਜ਼ ਦੀ ਰੋਂਦੇ ਹੋਏ ਦੀ ਉੱਚੀ ਉੱਚੀ
ਆਵਾਜ਼ ਆਈ, ‘‘ ਮਾਂ ਕੋਲ ਜਾਣੈ। ਮੈਂ ਇਕ ਵਾਰ ਮਾਂ ਕੋਲ ਜਾਣੈ। ਇਕ ਵਾਰ ਲੈ ਜਾਓ।
ਮੈਂ ਉਸਨੂੰ ਅਜ਼ਾਦ ਕਰਵਾ ਲਿਆਵਾਂ।’’ ਮੇਰਾ ਦਿਲ ਵੀ ਰੋ ਰਿਹਾ ਸੀ। ਉਸਦਾ ਦਰਦ
ਸ਼ਾਇਦ ਮੈਂ ਪੂਰੀ ਤਰਾਂ ਮਹਿਸੂਸ ਕਰ ਚੁੱਕੀ ਸੀ ਤੇ ਹਲ ਕੱਢ ਸਕਣ ਤੋਂ ਅਸਮਰਥ!
ਕਲਾਸ ਵਿਚ ਉਸ ਮਰੀਜ਼ ਦੀ ਹਿਸਟਰੀ ਬੋਲ ਸਕਣ ਦੀ ਹਾਲਤ ਹੀ ਨਹੀਂ ਸੀ ਮੇਰੀ! ਮੈਂ
ਤਾਂ ਸਵਾਲ ਪੁੱਛਣ ਦੀ ਮਾਰੀ ਨੇ ਉਸਤਾਦ ਡਾਕਟਰ ਨਾਲ ਗੱਲ ਸ਼ੁਰੂ ਕੀਤੀ, ‘‘ ਸਰ
ਹਿਸਟਰੀ ਦੱਸਣ ਤੋਂ ਪਹਿਲਾਂ ਇਕ ਸਵਾਲ ਦਾ ਜਵਾਬ ਚਾਹੁੰਦੀ ਹਾਂ। ਹੁਣੇ ਪਿਛਲੀ
ਕਲਾਸ ਵਿਚ ਦੱਸਿਆ ਗਿਆ ਸੀ ਕਿ ਇਨਸਾਨਾਂ ਦਾ ਹਿੱਪੋਕੈਂਪਸ ਜਾਨਵਰਾਂ ਨਾਲੋਂ ਬਹੁਤ
ਵੱਡਾ ਹੁੰਦਾ ਹੈ ਜੋ ਉਸਨੂੰ ਜਾਨਵਰ ਤੋਂ ਇਨਸਾਨ ਬਣਾਉਂਦਾ ਹੈ ਤੇ ਸੋਚਣ ਸਮਝਣ ਦੀ
ਸ਼ਕਤੀ ਦਿੰਦਾ ਹੈ। ਇਕ ਗੱਲ ਜ਼ਰੂਰ ਸੋਚ -ਵਿਚਾਰ ਕਰਨ ਵਾਲੀ ਹੈ ਕਿ ਜਾਨਵਰਾਂ ਦੇ
ਹੀਟ ਵਿਚ ਆਉਣ ਲਈ ਸਮਾਂ ਫਿਕਸ ਹੈ ਤੇ ਇਕ ਮਾਦਾ ਨਾਲ ਇਕ ਨਰ ਹੀ ਸਾਥ ਮਾਣਦਾ ਹੈ।
ਇਹ ਵੱਡਾ ਹਿੱਪੋਕੈਂਪਸ ਸਾਨੂੰ ਇਨਸਾਨਾਂ ਨੂੰ ਜ਼ਿਆਦਾ ਸਮਝ ਦੇ ਕੇ ਕਿੱਧਰ ਨੂੰ
ਲਿਜਾ ਰਿਹਾ ਹੈ? ਇਹ ਮਰੀਜ਼ ਜਿਸਦੀ ਅਸੀਂ ਅੱਜ ਹਿਸਟਰੀ ਲਈ ਹੈ, ਸਮਾਜ ਦੇ ਉਸ
ਹਿੱਸੇ ਦਾ ਸ਼ੀਸ਼ਾ ਹੈ ਜਿਸ ਵੱਲ ਅਸੀਂ ਪਿੱਠ ਮੋੜ ਕੇ ਬੈਠੇ ਹਾਂ। ਇਹੋ ਜਿਹੀਆਂ
ਨਾਜਾਇਜ਼ ਔਲਾਦਾਂ ਨੂੰ ਦਿਮਾਗ਼ੀ ਤੌਰ ਉੱਤੇ ਬੀਮਾਰ ਬਣਾਉਣ ਵਾਲੇ ਅਸੀਂ ਹਾਂ। ’’
ਮੈਨੂੰ ਉਸਤਾਦ ਡਾਕਟਰ ਨੇ ਝਿੜਕ ਦਿੱਤਾ ਕਿ ਇਹੋ ਜਿਹੀਆਂ ਗੱਲਾਂ ਕਰਨੀਆਂ ਸਾਡੇ
ਡਾਕਟਰਾਂ ਦੇ ਕੋਰਸ ਵਿਚ ਨਹੀਂ। ਤੁਸੀਂ ਸਿਰਫ ਡਾਕਟਰੀ ਕਰੋ ਤੇ ਮਰੀਜ਼ ਦੀ ਬੀਮਾਰੀ
ਲੱਭ ਕੇ ਉਸਦੇ ਡਾਇਗਨੋਸਿਸ ਅਨੁਸਾਰ ਟੈਸਟ ਕਰਵਾ ਕੇ ਦਵਾਈ ਲਿਖੋ ਜਾਂ ਉਸਨੂੰ
ਬਿਜਲੀ ਲਗਾਓ। ਬਸ ਤੁਹਾਡਾ ਕੰਮ ਏਨਾ ਕੁ ਹੀ ਹੈ।
ਕਲਾਸ ਤਾਂ ਖ਼ਤਮ ਹੋ ਗਈ ਪਰ ਮੈਂ ਕਲਾਸ ਵਿਚ ਬਹੁਤਾ ਕੁੱਝ ਸੁਣਿਆ ਹੀ ਨਹੀਂ
ਕਿਉਂਕਿ ਮੈਂ ਕਿਸੇ ਹੋਰ ਸੋਚ ਵਿਚ ਸੀ। ਡਾਕਟਰੀ ਦਾ ਅਸੂਲ ਹੈ - ਇਲਾਜ ਨਾਲੋਂ
ਪਰਹੇਜ਼ ਚੰਗਾ ਪਰ ਕਿਸ ਤਰਾਂ ਦਾ ਪਰਹੇਜ਼? ਵੇਸਵਾਵਾਂ ਤੋਂ ਕਿ ਉਨਾਂ ਦੀਆਂ ਨਾਜਾਇਜ਼
ਔਲਾਦਾਂ ਤੋਂ ਕਿ ਸਮਾਜ ਦੇ ਘਿਨਾਉਣੇ ਰੂਪ ਤੋਂ?
ਕਲਾਸ ਖ਼ਤਮ ਕਰ ਕੇ ਨਿਕਲੇ ਤਾਂ ਉਹ ਮਰੀਜ਼ ਬਾਹਰ ਹੀ ਬੈਠਾ ਸੀ ਤੇ ਮੈਨੂੰ ਵੇਖ
ਕੇ ਫੇਰ ਉੱਚੀ ਚੀਕਿਆ, ‘‘ ਇਹ ਸਾਰੇ ਮੁੰਡਿਆਂ ਦੇ ਚਿਹਰੇ ਝੂਠ ਦੇ ਪੁਲੰਦੇ ਨੇ।
ਸਭ ਅੰਦਰੋਂ ਇੱਕੋ ਜਿਹੀ ਸੋਚ ਵਾਲੇ। ਇਹ ਸਾਰੇ ਔਰਤ ਨੂੰ ਜਿਸਮ ਤੋਂ ਵੱਧ ਕੁੱਝ
ਨਹੀਂ ਗਿਣਦੇ। ਇਨਾਂ ਮੁੰਡਿਆਂ ਤੋਂ ਪਰਾਂ ਹੋ ਜਾਓ। ਬਚ ਜਾਓ ਜੇ ਬਚ ਸਕਦੀਆਂ ਓ।
ਪਰਾਂ ਹੋ ਜਾਓ। ਭੱਜ ਜਾਓ! ਮੇਰੀ ਮਾਂ ਨੂੰ ਜਾ ਕੇ ਬਚਾ ਲਿਆਓ। ਮੈਨੂੰ ਇਨਾਂ ਨੇ
ਬੰਨ ਰੱਖਿਐ। ਉਹਨੂੰ ਤੁਸੀਂ ਬਚਾ ਲਓ। ’’
ਉਹ ਕਲਾਸ ਤਾਂ ਖ਼ਤਮ ਹੋ ਗਈ ਪਰ ਅੱਜ ਤੱਕ ਵੀਹ ਸਾਲ ਬਾਅਦ ਵੀ ਮੈਨੂੰ ਮੇਰੇ
ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ ਕਿ ਵੇਸਵਾਵਾਂ ਦੇ ਬੱਚਿਆਂ ਨੇ ਇਸ ਸਮਾਜ ਵਿਚ
ਕਿਸਤਰਾਂ ਦਾ ਰੋਲ ਅਦਾ ਕਰਨਾ ਹੈ ਤੇ ਉਨਾਂ ਦੇ ਵਿਗੜੇ ਦਿਮਾਗ਼ੀ ਸੰਤੁਲਨ ਦਾ ਇਲਾਜ
ਤੇ ਪਰਹੇਜ਼ ਕੀ ਹਨ? ਇਨਾਂ ਬੱਚਿਆਂ ਦੀਆਂ ਮਾਵਾਂ ਨੂੰ ਕਿਸ ਕੋਲੋਂ ਬਚਾਉਣਾ ਹੈ?
ਕੌਣ ਬਚਾਏਗਾ ਉਨਾਂ ਮਾਵਾਂ ਨੂੰ?
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|