ਖੇਤ ਮਜ਼ਦੂਰ ਔਰਤਾਂ ਸਾਡੇ ਸਮਾਜ ਦਾ ਸਭ ਤੋਂ ਹੇਠਲਾ, ਸਭ ਤੋਂ ਵੱਧ ਤਿੱਖੀ ਤਰਾਂ
ਲੁੱਟਿਆ, ਲਤਾੜਿਆ ਅਤੇ ਦੁਰਕਾਰਿਆ ਜਾਂਦਾ ਹਿੱਸਾ ਹਨ। ਉਹ ਇੱਕੋ ਸਮੇਂ,
ਪੂਰੇ-ਸੂਰੇ ਦੋਵੇਂ ਕਿਸਮ ਦੇ ਕੰਮਾਂ ਦਾ ਜੁੰਮਾ ਚੁੱਕਦੀਆਂ ਹਨ। ਉਹ ਖੇਤ ਮਜ਼ਦੂਰਾਂ
ਵਜੋਂ ਸਾਰੇ ਦਾ ਸਾਰਾ ਮੁਸ਼ੱਕਤੀ ਕੰਮ ਕਰਦੀਆਂ ਹਨ। ਉਹ ਔਰਤਾਂ ਵਜੋਂ ਕੁਦਰਤ ਵੱਲੋਂ
ਸੌਂਪੀ ਅਤੇ ਸਮਾਜ ਵੱਲੋਂ ਮੜੀ ਜਿੰਮੇਵਾਰੀ, ਪੂਰੀ ਦੀ ਪੂਰੀ ਨਿਭਾਉਂਦੀਆਂ ਹਨ।
ਕੁਦਰਤ ਵੱਲੋਂ ਸੌਂਪੀ ਜੁੰਮੇਵਾਰੀ ਹੈ, ਮਨੁੱਖੀ ਨਸਲ ਨੂੰ ਅੱਗੇ ਤੋਰਨ ਲਈ ਔਲਾਦ
ਨੂੰ ਜਨਮ ਦੇਣਾ। ਸਮਾਜ ਵੱਲੋਂ ਮੜੀ ਜੁੰਮੇਵਾਰੀ ਹੈ, ਔਲਾਦ ਨੂੰ ਤੇ ਸਾਰੇ ਪਰਿਵਾਰ
ਨੂੰ ਪਾਲਣ-ਪੋਸਣ ਲਈ ਘਰੇਲੂ ਕੰਮਾਂ ਦੇ ਭਾਰ ਦਾ ਕੋਹਲੂ ਗੇੜਨਾ। ਇਹਨਾਂ ਦੋਵਾਂ
ਕੰਮਾਂ ਦੇ ਭਾਰ ਨੂੰ ਮਿਨਣ-ਜੋਖਣ ਲਈ ਇਹ ਕਹਾਵਤ ਠੀਕ ਢੁਕਦੀ ਹੈ, ‘‘ਨਾ ਭੱਠਾ
ਮੁੱਕੇ, ਨਾ ਗਧਾ ਛੁੱਟੇ’’। ਉਹਨਾਂ ਦੇ ਕੰਮਾਂ ਦਾ ਬੋਝ ਬੇਅੰਤ ਹੈ। ਉਹਨਾਂ ਲਈ
ਖਾਧ-ਖੁਰਾਕ, ਆਰਾਮ ਤੇ ਸੰਭਾਲ ਨਹੀਂ ਹੈ। ਨਿਰੀ ਸੁੱਕੀ ਹੱਡ ਰਗੜਾਈ ਹੈ। ਕਾਮੇ
ਵਜੋਂ, ਬੱਝਵਾਂ ਤੇ ਸੁਰੱਖਿਅਤ ਰੁਜ਼ਗਾਰ ਮਿਲਣ ਪੱਖੋਂ, ਉਹ ਆਪਣੇ ਸਾਥੀ ਮਰਦ
ਮਜ਼ਦੂਰਾਂ ਤੋਂ ਕਿਤੇ ਵੱਧ ਭੈੜੀ ਕਿਸਮ ਦੀ ਅਰਧ-ਰੁਜ਼ਗਾਰੀ ਦਾ ਸ਼ਿਕਾਰ ਹਨ। ਕੰਮ ਦਾ
ਪੂਰਾ ਸੂਰਾ ਮਿਹਨਤਾਨਾ ਝੋਲੀ ਪੈਣ ਪੱਖੋਂ ਉਹ ਆਪਣੇ ਸਾਥੀ ਮਰਦ ਖੇਤ ਮਜ਼ਦੂਰਾਂ ਤੋਂ
ਕਿਤੇ ਵੱਧ ਫਾਡੀ ਹਨ। ਜਿਥੋਂ ਤੱਕ ਰਾਜ-ਭਾਗ ਅਤੇ ਜ਼ਮੀਨ, ਜਾਇਦਾਦ ਦੀਆਂ ਮਾਲਕ
ਜਮਾਤਾਂ ਦੇ ਦਾਬੇ ਦਾ ਸਵਾਲ ਹੈ, ਉਹਨਾਂ ਦੇ ਮਰਦ-ਹੰਕਾਰ ਅਤੇ ਕਾਮ ਵਾਸ਼ਨਾ ਦਾ
ਸ਼ਿਕਾਰ ਹੋਣ ਦੇ ਖਤਰੇ ਦਾ ਸਵਾਲ ਹੈ, ਉਹ ਔਰਤਾਂ ਦੀ ਸਭ ਤੋਂ ਬੁਰੀ ਤਰਾਂ ਅਤੇ
ਲਗਾਤਾਰ ਕੋਹੀ ਜਾਂਦੀ ਪਰਤ ਬਣਦੀਆਂ ਹਨ। ਉਹਨਾਂ ਦੀ ਹਾਲਤ ਜੰਗਲੀ ਭੇੜੀਆਂ ਦੀ ਹੇੜ
ਮੂਹਰੇ ਬੰਨ ਕੇ ਸੁੱਟੇ ਪਠੋਰਿਆ ਦੇ ਵੱਗ ਵਰਗੀ ਹੈ। ਇਹ ਕੁੱਝ ਨਿਰਖਾਂ ਹਨ,
ਜਿਹੜੀਆਂ ਖੇਤ ਮਜ਼ਦੂਰਾਂ ਦੀਆਂ ਕੰਮ ਹਾਲਤਾਂ ਨੂੰ ਜਾਨਣ-ਸਮਝਣ ਲਈ ਨੇੜਿਉਂ ਹੋ ਕੇ
ਵਿਚਰਦਿਆਂ ਬਣੀਆਂ ਹਨ। ਇਹਨਾਂ ਨਿਰਖਾਂ ਨੂੰ ਉਭਾਰਦੀਆਂ ਕੁੱਝ ਹਕੀਕਤਾਂ ਇਥੇ ਦਰਜ਼
ਕੀਤੀਆਂ ਹਨ। ਇਹ ਹਕੀਕਤਾਂ ਬਠਿੰਡਾ-ਫਰੀਦਕੋਟ ਦੇ ਦਰਮਿਆਨ ਪੈਂਦੇ ਖਿੱਤੇ ਵਿਚਲੇ
ਖੇਤਰ ’ਤੇ ਆਧਾਰਤ ਹਨ।
ਪਾਪੀ ਪੇਟ ਦਾ ਸਵਾਲ
ਪੌਣ-ਪਾਣੀ ਤੇ ਅੰਨ! ਬੰਦੇ ਵਿਚ ਸਾਹ ਵਗਦੇ ਰੱਖਣ ਲਈ ਏਦੂੰ ਘੱਟ ਚੀਜ਼ਾਂ ਨਾਲ ਨਹੀਂ
ਸਰਦਾ। ਕੁਦਰਤ ਦੀ ਦਾਤ, ਪੌਣ ਦੀ ਬਹੁਤਾਤ ਹੈ। ਇਹ ਕਿਸੇ ਦੇ ਬੰਨਣ-ਖੋਲਣ ਦੀ
ਮੁਥਾਜ਼ ਨਹੀਂ। ਕਿਸੇ ਦੀ ਰੋਕ-ਟੋਕ ਤੋਂ ਬਿਨਾ ਵਗਦੀ ਹੈ। ਇਸ ਲਈ ਸਭ ਨੂੰ ਮਿਲਦੀ
ਹੈ। ਪਰ ਪੀਣ, ਨਹਾਉਣ ਤੇ ਕੱਪੜੇ ਧੋਣ ਲਈ ਪਾਣੀ ਆਮੋ-ਆਮ ਨਹੀਂ ਹੈ। ਪਾਣੀ ਆਮ
ਹੋਵੇ ਤਾਂ ਚੰਗੇ ਭਾਗਾਂ ਦੀ ਗੱਲ ਸਮਝੀ ਜਾਂਦੀ ਹੈ। ਬਹੁਤੇ ਪਿੰਡ ਅਜਿਹੇ ਹਨ,
ਜਿਥੋਂ ਦਾ ਪਾਣੀ ਪੀਣ ਲਈ ਬੇ-ਸੁਆਦ ਹੈ। ਸਰੀਰ ਦਾ ਨਾਸ਼ ਮਾਰਨ ਵਾਲਾ ਹੈ। ਇਹ
ਹੱਡੀਆਂ ਨੂੰ ਗਾਲ਼ਦਾ ਹੈ। ਮਰੋੜਦਾ ਹੈ, ਸਾਹ-ਦਮਾ ਵਰਗੀਆਂ ਨਾ-ਮੁਰਾਦ ਬਿਮਾਰੀਆਂ
ਦੇ ਹੱਲੇ ਨੂੰ ਹੱਲਾਸ਼ੇਰੀ ਦਿੰਦਾ ਹੈ। ਜੇ ਪਾਣੀ ਦੀ ਇਹ ਹਾਲਤ ਹੈ ਤਾਂ ਤੁਸੀਂ
ਵਾਟਰ ਵਰਕਸ ਦੀ ਟੂਟੀ ਆਪਣੇ ਘਰੇ ਲਵਾ ਲਓ। ਕਿਉਂ ਨਹੀਂ ਲਵਾਉਂਦੇ? ਜੇ ਤੁਸੀਂ ਇਹ
ਸਵਾਲ ਖੇਤ ਮਜ਼ਦੂਰ ਪਰਿਵਾਰਾਂ ਨੂੰ ਕਰ ਬੈਠੋ ਤਾਂ ਤੁਸੀਂ ‘‘ਨਿਰੇ ਯੱਬਲ’’ ਸਮਝੇ
ਜਾਓਗੇ। ਇਹ ਪੱਕੀ ਗੱਲ ਹੈ। ਕਿਉਂਕਿ, ਪਹਿਲੇ, ਸਰਕਾਰੀ ਵਾਟਰ ਵਰਕਸ ਦੀ ਟੈਂਕੀ ਦਾ
ਐਨਾ ਮਾਜਨਾ ਕਿਥੇ ਹੈ ਕਿ ਉਹ ਘਰ ਘਰ ਨੂੰ ਟੂਟੀ ਦੇ ਸਕੇ। ਦੂਜੇ, ਖੇਤ ਮਜ਼ਦੂਰ
ਪਰਿਵਾਰ ਦੀ ਕਮਾਈ ਵਿਚ ਐਨੀ ਬਰਕਤ ਕਿਥੇ ਹੈ ਕਿ ਉਹ ਪਾਣੀ ਵਰਗੀ ਸਹੂਲਤ ਨੂੰ ਮਾਨਣ
ਲਈ ਪੈਸਾ ਖਰਚ ਸਕੇ। ਸੋ ਇਹ ਤਾਂ ਮਜ਼ਦੂਰ ਵਿਹੜੇ ਵਿਚ ਇੱਕ ਜਾਂ ਦੋ ਥਾਵਾਂ ’ਤੇ
ਲੱਗੀ ਟੂਟੀ ਹੀ ਹੈ, ਜਿਹੜੀ ‘ਬੜੀ ਨਿਆਮਤ ਚੀਜ਼ ਹੈ।’’ ਉਹ ਦਿਹਾੜੀ ਵਿਚ ਇੱਕ ਵਾਰ
ਵਗੇ ਜਾਂ ਦੋ ਵਾਰ। ਘੰਟੇ ਵਾਸਤੇ ਆਵੇ ਜਾਂ ਮਿੰਟਾਂ ਵਾਸਤੇ, ਇਹੀ ਦਾਤੀ ਹੈ।
‘‘ਟੂਟੀ ਆਗੀ’’ ਦਾ ਹੋਕਰਾ ਵੀਹੀ ਵਿਚ ਪੈਂਦਾ ਹੈ। ਹੋਕਰਾ ਪੈਣ ਸਾਰ ਇੱਕ ਦੂਜੀ
ਤੋਂ ਜ਼ਿਆਦਾ ਤੇ ਪਹਿਲਾਂ ਪਾਣੀ ਭਰਨ ਲਈ ਟੂਟੀ ਦੇ ਘੜਮੱਸ ਪੈਂਦੀ ਹੈ। ਲਾਈਨ ਲੱਗਦੀ
ਹੈ। ਕਈ ਵਾਰ ਤੂੰ-ਤੂੰ, ਮੈਂ-ਮੈਂ ਵੀ ਹੋ ਜਾਂਦੀ ਹੈ। ਧੀਉ-ਭੈਣੀ ਵੀ ਹੋ ਜਾਂਦੀ
ਹੈ। ਸੋ ਘਰ ਦੇ ਸਾਰੇ ਜੀਆਂ ਦੇ ਪੀਣ ਤੇ ਨਹਾਉਣ ਦੇ ਪਾਣੀ ਦਾ ਪ੍ਰਬੰਧ ਕਰਨਾ ਔਰਤ
ਦੀ ਜੁੰਮੇਵਾਰੀ ਹੈ। ਮਰਦਾਂ ਲਈ ਇਹ ਕੰਮ ਲੱਗਣਾ, ਮਿਹਣਾ ਹੈ। ਔਰਤਾਂ ਲਈ 8-10
ਘੜੇ ਪਾਣੀ ਦੇ ਭਰੀ ਰੱਖਣਾ ਜ਼ਰੂਰੀ ਹੈ। ਤੋਟ ਦਾ ਪਾਣੀ ਵਰਤਣ ਲਈ ਸੰਜਮ ਤੋਂ ਕੰਮ
ਲੈਣਾ ਜ਼ਰੂਰੀ ਹੈ। ਇਸ ਨੂੰ ਸੁਭਾਅ ਦਾ ਅੰਗ ਬਣਾਉਣਾ ਉਹਨਾਂ ਦੀ ਮਜ਼ਬੂਰੀ ਹੈ।
ਕੱਪੜੇ ਧੋਣ ਤੇ ਪਸ਼ੂਆਂ ਨੂੰ ਨਹਾਉਣ ਪਿਆਉਣ ਦਾ ਆਹਰ ਕਰਨਾ ਇਸਤੋਂ ਵੱਖਰਾ ਰਿਹਾ।
‘‘ਅੰਨ! ਜਾਣੀ ਦੋਵੇਂ ਡੰਗ ਤੇ ਰੱਜਵੀਂ ਰੋਟੀ!! ਜੇ ਇਹ ਯਕੀਨੀ ਹੋ ਜਾਵੇ
ਤਾਂ......।’’ ਤੁਸੀਂ ਕਿਸੇ ਖੇਤ ਮਜ਼ਦੂਰ ਪਰਿਵਾਰ ਨੂੰ ਇਉਂ ਪੁਛੋਂ। ‘‘ਫੇਰ
ਕੀਹਦੇ ਲੈਣ ਦੇ ਆਂ’’ ਚਮਕਦੀਆਂ ਅੱਖਾਂ ਤੇ ਮੁਸਕਰਾਉਂਦੇ ਚਿਹਰੇ ਨਾਲ ਉਹਨਾਂ ਦਾ
ਜੁਆਬ ਆਵੇਗਾ। ‘‘ਦੋਵੇ ਡੰਗ ਤੇ ਰੱਜਵੀਂ ਰੋਟੀ’’ ਤੋਂ ਉਹਨਾਂ ਦੀ ਕੀ ਮੁਰਾਦ ਹੈ?
ਸਾਡੇ ਸਿਹਤ ਵਿਗਿਆਨੀਆਂ ਅਤੇ ਸਿਹਤ ਸੰਭਾਲ ਦੇ ਨੁਖਸੇ ਦੱਸਣ ਵਾਲੇ ਸਰਕਾਰੀ
ਪਰਚਾਰਕਾਂ ਵੱਲੋਂ ਗਿਣਾਏ ਜਾਂਦੇ ਪਦਾਰਥਾਂ ਵਿਚੋਂ ਉਹ ਕੀ ਖਾਣਾ ਮੰਗਦੇ ਹਨ?
ਦੁੱਧ, ਪਨੀਰ, ਅੰਡੇ, ਮੱਛੀ, ਮੀਟ, ਫਲ, ਫਲਾਂ ਦਾ ਰਸ, ਸੁੱਕੇ ਮੇਵੇ, ਦਾਲਾਂ,
ਪੱਤੇਦਾਰ ਸਬਜ਼ੀਆਂ, ਫਲੀਦਾਰ ਸਬਜ਼ੀਆਂ, ਹਰੀਆਂ ਕੱਚੀਆਂ ਸਬਜ਼ੀਆਂ, ਜਿਵੇਂ ਮੂਲੀ,
ਗਾਜਰ, ਖੀਰਾ, ਟਮਾਟਰ ਜਾਂ ਹੋਰ ਕੋਈ ਸਲਾਦ? ਨਹੀਂ, ਨਹੀਂ। ਇਹੋ ਜਿਹਾ ਕੁੱਝ ਵੀ
ਨਹੀਂ ਮੰਗਦੇ! ਕੀ ਉਹ ‘‘ਦੁੱਧ ਮੱਖਣ ਨਾਲ ਪਲਣ’’ ਵਾਲਾ, ਪੰਜਾਬੀਆਂ ਵਾਲਾ ਸ਼ੌਕ
ਪੂਰਾ ਕਰਨ ਦੀ ਤਮੰਨਾ ਰੱਖਦੇ ਹਨ? ਦੋਵੇਂ ਡੰਗ ਰੱਜਵਾਂ ਥੰਦਾ-ਮਿੱਠਾ, ਦੁੱਧ ਤੇ
ਦਹੀਂ ਮੰਗਦੇ ਹਨ? ਨਹੀਂ ਇਹ ਵੀ ਨਹੀਂ! ਇਹਦੇ ਵਿਚੋਂ ਕੁੱਝ ਵੀ ਨਹੀਂ। ਉਹ ਤਾਂ ਦੋ
ਡੰਗਾਂ ਲਈ ਪੂਰੇ ਟੱਬਰ ਜੋਗਾ ਆਟਾ ਮੰਗਦੇ ਹਨ। ਤੇ ਜੇ ਹੋ ਸਕੇ ਤਾਂ ਨਾਲ ਖਾਣ ਨੂੰ
ਦਾਲ ਮੰਗਦੇ ਹਨ। ਇਹ ਉਹਨਾਂ ਦਾ ਹਮੇਸ਼ਾਂ ਅਧੂਰਾ ਰਹਿੰਦਾ ਟੀਚਾ ਹੈ। ਦੋਵੇਂ ਡੰਗ
ਦਾਲ-ਸਬਜ਼ੀ ਖਰੀਦਣ ਵਾਸਤੇ, ਪਹਿਲੀ ਗੱਲ ਤਾਂ ਪੱਲੇ ਪੈਸਾ ਹੀ ਨਹੀਂ ਹੁੰਦਾ। ਜਦੋਂ
ਕਣਕ ਅਤੇ ਨਰਮੇ ਦੇ ਸੀਜਨ ਵਿਚ ਪੈਸਾ ਹੱਥ ਹੁੰਦਾ ਹੈ ਤਾਂ ਕੰਮ ਦੇ ਕਸ ਸਦਕਾ
ਬਣਾਉਣ ਦਾ ਟੈਮ ਨਹੀਂ ਹੁੰਦਾ। ਇੱਕ ਡੰਗ ਦਾਲ ਸਬਜ਼ੀ ਤੇ ਇੱਕ ਡੰਗ ਲੂਣ-ਮਿਰਚਾਂ
ਨਾਲ ਰੋਟੀ ਜੁੜ ਜਾਵੇ ਤਾਂ ‘‘ਸ਼ੁਕਰ ਹੈ’’ ਕਿਹਾ ਜਾਂਦਾ ਹੈ। ਮੰਗਵੀਂ ਲੱਸੀ ਮਿਲ
ਜਾਣੀ ਚੰਗੀ ਨਿਆਮਤ ਹੈ। ਟਾਵਿਆਂ ਘਰਾਂ ਦੇ ਨਸੀਬਾਂ ਵਿਚ ਹੈ। ਲੱਸੀ ਦੀ ਕੌਲੀ ਵਿਚ
ਘੋਲੀਆਂ ਮਿਰਚਾਂ, ਮਿਰਚਾਂ ਵਿਚ ਕੁੱਟਿਆ ਗੰਢਾ ਜਾਂ ਚਿੱਬੜ ਜਾਂ ਲੂਣ ਤੇ ਪਾਣੀ
ਦੀਆਂ ਤਿੱਪਾਂ, ਇਹੀ ਖਾਈਆ ਹੈ, ਮੰਨੀਆਂ ਦੇ ਨਾਲ ਖਾਣ ਵਾਲਾ।
ਕੁੱਝ ਪਰਿਵਾਰ, ਕੁੱਝ ਦਿਨਾਂ ਵਾਸਤੇ ਤਾਂ ਲਾਜ਼ਮੀ ਹੀ ਨਿਰੇ ਆਟੇ ਤੋਂ ਵੀ ਖਾਲੀ
ਰਹਿ ਜਾਂਦੇ ਹਨ। ਉਹ ਫਾਕੇ ਕੱਟਦੇ ਹਨ। ਭੁੱਖ, ਢਿੱਡ ਦੀਆਂ ਆਂਦਰਾ ਨੂੰ ਅੰਦਰੋਂ
ਖੁਰਚਦੀ ਹੈ। ਖੋਂਹਦੀ ਹੈ। ਸਰੀਰ ਨੂੰ ਤੜਪਾਉਂਦੀ ਹੈ। ਪਰ ਚਾਰੇ ਪਾਸਿਉਂ ਬੇਵਸ
ਪਰਿਵਾਰ, ਹਿੱਕ ਨਾਲ ਗੋਡੇ ਘੁੱਟ ਕੇ ਗੁੱਛਾ-ਮੁੱਛਾ ਹੋ ਰਹਿੰਦਾ ਹੈ। ਬਹੁਤੇ
ਪਰਿਵਾਰ ਅਗਾਊਂ ਡੂਢੀ-ਸਵਾਈ ਤੇ ਦਾਣੇ ਲੈ ਕੇ, ਆਉਂਦੀ ਫਸਲ ਵਿਚ ਮੋੜਨਾ ਕਰਕੇ ਜਾਂ
ਵਿਆਜੂ ਫੜਕੇ ਗੁਜਾਰਾ ਕਰਦੇ ਹਨ। ਜਿਹਨਾਂ ਪਰਿਵਾਰਾਂ ਕੋਲ ਸਾਰੇ ਸਾਲ ਲਈ ਖਾਣ
ਜੋਗਰੇ ਦਾਣੇ ਜਮਾਂ ਹੋਣ ’ਤੇ ਸਿਰ ’ਤੇ ਕਰਜ਼ ਨਾ ਹੋਵੇ, ਉਹ ਚੰਗੇ ਗੁਜਾਰੇ ਵਾਲੇ
ਗਿਣੇ ਜਾਂਦੇ ਹਨ। ਟਾਵੇਂ ਹੀ ਅਜਿਹੇ ਪਰਿਵਾਰ ਹੋਣਗੇ। ਇਉਂ ਇਹ ਪਾਪੀ ਪੇਟ ਬਹੁਤ
ਸਤਾਉਂਦਾ ਹੈ। ਇਸਨੂੰ ਭਰਨ ਦਾ ਹੀਲਾ-ਵਸੀਲਾ ਕਰਨਾ ਹੀ ਜ਼ਿੰਦਗੀ ਦਾ ਵੱਡਾ ਕੰਮ
ਬਣਿਆ ਰਹਿੰਦਾ ਹੈ।
ਤਪਸ਼, ਠਾਰੀ ਤੇ ਮੀਂਹ ਦੀ ਮਾਰ
‘‘ਨੰਗ ਢਕਣ ਤੇ ਸਿਰ ਢਕਣ ਦਾ ਮਾੜਾ- ਮੋਟਾ ਜੁਗਾੜ ਕਰੇ ਬਿਨਾ ਵੀ ਨਹੀਂ ਸਰਦਾ।’’
ਇਹ ਹੈ ਵੱਧੋ-ਵੱਧ ਆਸਾਂ ਦਾ ਘੇਰਾ। ਸਿਆਲ ਦੀ ਠੰਡ ਦੇ ਕਹਿਰ ਨੂੰ ਝੱਲਣ ਵਾਸਤੇ
’ਕੱਲੇ ਸਰੀਰ ਦੀ ਤਾਕਤ ਤੇ ਗਰਮੀ, ਭਾਵੇਂ ਉਹ ਕਿੰਨੀ ਵੀ ਕਿਉਂ ਨਾ ਹੋਵੇ, ਪੂਰੀ
ਨਹੀਂ ਪੁਗਦੀ। ਰਾਤਾਂ ਨੂੰ ਸਾਰੇ ਜੀਆਂ ਵਾਸਤੇ ਗਦੈਲਾ, ਰਜਾਈ ਚਾਹੀਦੀ ਹੈ। ਦਿਨ
ਨੂੰ ਮੋਟੇ ਸਿਆਲੂ ਕੱਪੜੇ ਚਾਹੀਦੇ ਹਨ। ਕੋਈ ਸਵੈਟਰ ਜਾਂ ਕੋਟੀ ਅਤੇ ਉਪਰ ਲੈਣ ਨੂੰ
ਕੋਈ ਖੇਸ ਜਾਂ ਕੰਬਲ। ਇਹ ਸਭ ਕੁੱਝ ਤਾਂ ਅਣਸਰਦੀ ਲੋੜ ਹੀ ਹੈ। ਪਰ ਖੇਤ ਮਜ਼ਦੂਰ
ਪਰਿਵਾਰ ਇਸ ਅਣ-ਸਰਦੇ ਨਿੱਘ ਤੋਂ ਵਿਰਵੇ ਰਹਿੰਦੇ ਹਨ। ਪਾਲੇ ਦਾ ਕਹਿਰ ਆਪਣੇ
ਪਿੰਡਿਆਂ ’ਤੇ ਝੱਲਦੇ ਹਨ। ਇੱਕ ਬਿਸਤਰੇ ਵਿਚ ਪਰਿਵਾਰ ਦੇ ਵੱਡੇ ਜੀਆਂ ਨਾਲ ਇੱਕ
ਦੋ ਜਾਂ ਤਿੰਨ ਜੁਆਕਾਂ ਨੂੰ ਪਾਉਣਾ ਆਮ ਗੱਲ ਹੈ। ਇਸ ਨੂੰ ‘‘ਲੋੜ ਜੋਗਰਾ ਹੈਗਾ’’
ਸਮਝ ਲਿਆ ਜਾਂਦਾ ਹੈ। ਕਿਸੇ ਆਏ ਗਏ ਵਾਸਤੇ ਰਾਖਵਾਂ ਸਿਆਲੂ ਬਿਸਤਰਾ ਹੋਣਾ, ਵਿਰਲੇ
ਘਰਾਂ ਦਾ ਮਾਮਲਾ ਹੀ ਹੈ। ਇਸ ਨੂੰ ਪਰਿਵਾਰ ਦੀ ਚੰਗੀ ਹਾਲਤ ਸਮਝਿਆ ਜਾਂਦਾ ਹੈ।
ਇਹੋ ਹਾਲ ਲੋੜੀਂਦੇ ਮੰਜਿਆਂ ਦਾ ਹੈ। ਬੱਸ ਮਜ਼ਦੂਰਾਂ ਦੇ ਪੱਲੇ ਚੁੱਲੇ ਦਾ ਨਿੱਘ
ਜਾਂ ਧੂਣੀ ਵਿਚੋਂ ਉਠਦਾ ਸੇਕ ਹੀ ਹੈ। ਇਹੀ ਸਿਰ ਤੱਕ ਚੜਦੀ ਠਾਰੀ ਨੂੰ ਭੰਨਣ ਲਈ
‘‘ਸੁਆਦ ਵਾਲੀ ਚੀਜ਼ ਹੈ।’’ ਇਹਦੇ ਦੁਆਲੇ ਵੱਡਿਆਂ-ਛੋਟਿਆਂ ਦੇ ਗੁਫਲੇ ਜੁੜੇ
ਰਹਿੰਦੇ ਹਨ।
ਗਰਮੀਆਂ ਦੀ ਧੁੱਪ ਦੇ ਸੇਕ ਤੇ ਭੜਦਾਅ ਨੂੰ ਝੱਲਣ ਵਾਸਤੇ ਸਿਰ-ਪੈਰ ਦਾ ਚੱਜ ਨਾਲ
ਢਕਿਆ ਹੋਣਾ ਚਾਹੀਦਾ ਹੈ। ਹਵਾਦਾਰ, ਛਾਂ-ਦਾਰ ਵਿਹੜਾ ਤੇ ਘਰ ਹੋਣਾ ਚਾਹੀਦਾ ਹੈ।
ਪਰ ਇਹ ਕੁੱਝ ਤਾਂ ਉਂਗਲਾਂ ’ਤੇ ਗਿਣੇ ਜਾਣ ਜੋਗੇ ਪਰਿਵਾਰਾਂ ਕੋਲ ਵੀ ਨਹੀਂ
ਹੁੰਦਾ। ਪਰਿਵਾਰ ਦੇ ਸਾਰੇ ਜੀਆਂ ਵਾਸਤੇ ਇੱਕੋ-ਇੱਕ ਕੋਠੜੀ ਹੁੰਦੀ ਹੈ। ‘‘ਏਨੇ
ਨਾਲ ਸਿਰ ਢਕਣ ਹੋ ਗਿਆ’’ ਮੰਨ ਲੈਣ ਲਈ ਇਹੀ ਕੋਠੜੀ ਕਾਫੀ ਸਮਝੀ ਜਾਂਦੀ ਹੈ।
ਪਰਿਵਾਰਾਂ ਦਾ ਵੱਡਾ ਹਿੱਸਾ ਇਉਂ ਹੀ ਰਹਿੰਦਾ ਹੈ। ਇਉਂ ਹੀ ਜਿਉਂਦਾ ਹੈ, ਸਬਰ
ਕਰਦਾ ਹੈ। ਪਹਿਨਣ-ਪਚਰਨ ਦੇ ਨਿੱਤ ਬਦਲਦੇ ਫੈਸ਼ਨ, ਕੱਪੜੇ-ਜੁੱਤੇ ਦੇ ਨਵੇਂ-ਨਕੋਰ
ਡੀਜਾਈਨ, ਉਹਨਾਂ ਦੇ ਸੁਪਨਿਆ ਵਿਚੋਂ ਵੀ ਗਾਇਬ ਹਨ। ਸਾਫ਼, ਖੁੱਲੇ ਤੇ ਹਵਾਦਾਰ ਘਰ
ਤੇ ਸ਼ਾਦੀ -ਸ਼ੁਦਾ ਜੋੜਿਆਂ ਵਾਸਤੇ ਨਿਵੇਕਲਾ ਵੱਖਰਾ ਢਾਰਸ ਹੋਣ ਦੀ ਆਸ ਰੱਖਣੀ,
‘‘ਬਹੁਤ ਓਪਰੀ ਗੱਲ ਹੈ।’’ ਬਿਜਲੀ ਦਾ ਕੋਈ ਕੋਈ ਬਲਬ ਅੱਧੇ ਕੁ ਘਰਾਂ ਵਿਚ ਜਗਦਾ
ਹੈ। ਬਾਕੀ ਥਾਵਾਂ ’ਤੇ ਮਿੱਟੀ ਦੇ ਤੇਲ ਦਾ ਦੀਵਾ ਤੇ ਨਿੱਕੜੀ ਮੋਮਬੱਤੀ ਹੀ ਮੱਚਦੀ
ਹੈ। ਰਾਤ ਨੂੰ ਘਰ ਦੀਆਂ ਮੋਟੀਆਂ ਚੀਜ਼ਾਂ ਪਛਾਨਣ ਵਾਲੇ ‘‘ਚੰਗਾ ਚਾਨਣ’’ ਗਿਣੀ
ਜਾਂਦੀ ਹੈ।
ਬਰਸਾਤ ਸ਼ੁਰੂ ਹੋ ਜਾਵੇ ਤਾਂ ਖਾਣ-ਪਕਾਉਣ ਦਾ ਕੰਮ ਪੈਣ-ਸੌਣ ਵਾਲੀ ਕੋਠੜੀ ਵਿਚ ਹੀ
ਆ ਜਾਂਦਾ ਹੈ। ਸੁੱਕਾ ਬਾਲਣ ਸਾਂਭਣ-ਲਿਆਉਣ ਤੇ ਨੀਰਾ ਲਿਆਉਣ ਦਾ ਕੰਮ ਦੁੱਭਰ ਹੋ
ਜਾਂਦਾ ਹੈ। ਪਸ਼ੂਆਂ ਦੇ ਢਿੱਡ ਭਰਨਾ ਮੁਸ਼ਕਲ ਹੋ ਜਾਂਦਾ ਹੈ। ਜੇ ਮੀਂਹ ਵਧ ਜਾਵੇ,
ਪਾਣੀ ਚੜ ਜਾਵੇ ਤਾਂ ‘‘ਕੱਚਾ ਸਿਰ-ਢਕਣ’’ ਫਿੱਸਣ-ਚੋਣ ਲੱਗ ਜਾਂਦਾ ਹੈ। ਗਰਨ-ਗਰਨ
ਡਿਗਣ ਲੱਗ ਜਾਂਦਾ ਹੈ। ਨਾ ਹੜਾਂ ਸਦਕਾ ਮਰੇ ਰੁਜ਼ਗਾਰ ਦਾ ਮੁਆਵਜਾ ਮਿਲਦਾ ਹੈ।
ਖੋਲ਼ਾ ਬਣੇ ਕੋਠੜਿਆਂ ਨੂੰ ਥੰਮੀਆਂ ਦੇਣ ਲਈ ਕੋਈ ਸਹਾਰਾ ਮਿਲਦਾ ਹੈ। ਬੱਸ ਆਪਣੀ
ਬਣੀ, ਆਪੇ ਨਿਬੇੜਨ। ਬੱਸ ਇਹੋ ਜਿਹਾ ਹੈ, ਖੇਤ ਮਜ਼ਦੂਰ ਪਰਿਵਾਰਾਂ ਦਾ
‘‘ਖਾਣ-ਹੰਢਾਉਣ’’। ਜੀਹਦੇ ਵਿਚ ਇਹ ਔਰਤਾਂ ਪੈਦਾ ਹੁੰਦੀਆਂ ਹਨ। ਬਚਪਨਾ
ਗੁਜਾਰਦੀਆਂ ਹਨ। ਵੱਡੀਆਂ ਹੁੰਦੀਆਂ ਹਨ ਤੇ ਜ਼ਿੰਦਗੀ ਦੇ ਢਲੇ ਦਿਨ ਗੁਜਾਰਦੀਆਂ ਹਨ।
ਉਹਨਾਂ ਦੀ ਸੋਚ, ਸੁਭਾਅ ਅਤੇ ਸਰੀਰ ਉੱਤੇ ਇਹਨਾਂ ਹਾਲਤਾਂ ਦੀ ਡੂੰਘੀ ਮੋਹਰਛਾਪ
ਹੁੰਦੀ ਹੈ। ਸਪੱਸ਼ਟ, ਸਿੱਧੀ-ਸਾਦੀ ਤੇ ਮੋਟੀ-ਠੁੱਲੀ ਸੋਚਣੀ। ਸੰਸਿਆਂ, ਝੋਰਿਆਂ ਤੇ
ਤੰਗੀਆਂ-ਤੁਰਸ਼ੀਆਂ ਵਿਚ ਹੰਢਿਆ-ਤਪਿਆ, ਬੇਸੰਸ, ਸਖਤ ਤੇ ਲੜਾਕੂ ਸੁਭਾਅ। ਮਿਹਨਤਾਂ
ਮੁਸ਼ੱਕਤਾਂ ਵਿਚ ਰੜਿਆ ਤੇ ਹਾੜ-ਸਿਆਲ ਦੇ ਤੱਤੇ-ਠੰਡੇ ਵਿਚ ਨਿਭ ਕੇ ਬਣਿਆ, ਕਾਠੀ
ਹੱਡੀ ਵਾਲਾ ਸਰੀਰ।
ਸੋਕੜੇ ਮਾਰਿਆ ਰਿਜ਼ਕ
ਐਨੇ
ਮਿਹਨਤੀ ਅਤੇ ਸਿਰੜੀ ਸੁਭਾਅ ਦੀਆਂ ਮਾਲਕ, ਇਹ ਖੇਤ ਮਜ਼ਦੂਰ ਔਰਤਾਂ, ਕੀ ਚੱਜ ਹਾਲ
ਦਾ ਜਿਉਣ ਲਈ ਹੋਰ ਕਮਾਈ ਨਹੀਂ ਕਰ ਸਕਦੀਆਂ? ਹੋਰ ਮਿਹਨਤ-ਮੁਸ਼ੱਕਤ ਕਰਕੇ ਚੰਗਾ
ਤੋਰਾ ਨਹੀਂ ਤੋਰ ਸਕਦੀਆਂ? ਇਉਂ ਸਵਾਲ ਪੁੱਛਿਆ ਜਾਣਾ ਕੁਦਰਤੀ ਹੈ। ਨਹੀਂ ਕਰ
ਸਕਦੀਆਂ, ਜਿੰਨਾ ਚਿਰ ਜ਼ਮੀਨ ਜਾਇਦਾਦ ਦੀ ਕਾਣੀ ਵੰਡ ਵਾਲੀ ਮਾਲਕੀ ਵਾਲਾ ਮੌਜੂਦਾ
ਪ੍ਰਬੰਧ ਨਹੀਂ ਬਦਲਦਾ। ਇਸ ਲੁੱਟ-ਖਸੁੱਟ ਤੇ ਕਾਣੀ ਵੰਡ ਵਾਲੇ ਆਰਥਕ ਪਰਬੰਧ ਦੀ
ਰਾਖੀ ਕਰਦਾ, ਮੌਜੂਦਾ ਰਾਜ ਪ੍ਰਬੰਧ ਮੁੱਢੋਂ-ਸੁੱਢੋਂ ਨਹੀਂ ਬਦਲਦਾ। ਉਹਨਾਂ ਕੋਲ
ਹੋਰ ਮਿਹਨਤ ਕਰਨ ਲਈ, ਨਾ ਹਿੰਮਤ ਦੀ ਤੋਟ ਹੈ, ਨਾ ਇਰਾਦੇ ਦੀ ਘਾਟ ਹੈ। ਜੇ ਤੋਟ
ਹੈ ਤਾਂ ਰਿਜ਼ਕ ਦੀ, ਰੁਜ਼ਗਾਰ ਦੇ ਮੌਕਿਆਂ ਦੀ। ਰੁਜ਼ਗਾਰ ਦੇ ਇਵਜ਼ ਵਿਚ ਮਿਲਦੇ ਵਾਜਬ
ਮਿਹਨਤਾਨੇ ਦੀ।
ਬੀਜਣ ਤੋਂ ਵੱਢਣ ਤੱਕ 4 ਮਹੀਨੇ ਲੈਂਦੀ ਹੈ, ਹਾੜੀ ਦੀ ਫਸਲ। ਪਰ ਸਿਰਫ ਵਾਢੀ ਦੇ
ਜ਼ੋਰ ਵਾਲੇ 15 ਜਾਂ 20 ਦਿਨ ਕੰਮ ਮਿਲਦਾ ਹੈ। ਉਹਨਾਂ ਦੇ ਪਰਿਵਾਰਾਂ ਦੇ ਮਰਦ
ਕਾਮਿਆਂ ਕੋਲੋਂ ਵੀ ਵਹਾਈ, ਬਿਜਾਈ ਤੇ ਗੁਡਾਈ ਦਾ ਕੰਮ ਟਰੈਕਟਰ ਤੇ ਦਵਾਈਆਂ ਨੇ
ਖੋਹ ਲਿਆ ਹੈ। ਇਹਨਾਂ 15-20 ਦਿਨਾਂ ਵਿਚ ਹਰ ਉਮਰ ਦੀਆਂ ਔਰਤਾਂ ਕੰਮ ਵਿਚ
ਜੁਟਦੀਆਂ ਹਨ। ਬੱਚੀਆਂ ਤੋਂ ਲੈ ਕੇ, ਚਲਦੇ ਨੈਣ-ਪਰਾਣਾਂ ਵਾਲੀਆਂ ਬੁੱਢੀਆਂ ਮਾਵਾਂ
ਤੱਕ। ਕਿਸੇ ਨੂੰ ਦਿਹਾੜੀ ਮਿਲੇ ਜਾਂ ਪਰਿਵਾਰ ਵੱਲੋਂ ਠੇਕੇ-ਹਿੱਸੇ ’ਤੇ ਵੱਢਣ ਲਈ
ਖਿੱਤਾ ਮਿਲ ਜਾਵੇ, ਉਹ ਜਾਨ ਤੋੜ ਕੇ ਕੰਮ ਕਰਦੀਆਂ ਹਨ। ਨਰਮੇ ਦੀ ਫਸਲ ਬਾਕੀ ਦੇ 8
ਮਹੀਨੇ ਲੈਂਦੀ ਹੈ। ਇਹਦੇ ਵਿਚੋਂ ਨਰਮੇ ਦੀ ਚੋਣੀ ਦੇ ਢਾਈ ਤੋਂ ਤਿੰਨ ਮਹੀਨੇ
ਔਰਤਾਂ ਦੇ ਕਰਨ ਜੋਗਰਾ ‘‘ਚੋਣੀ’’ ਦਾ ਕੰਮ ਨਿਕਲਦਾ ਹੈ। ਇਥੇ ਫੇਰ ਉਹ, ਉਵੇਂ
ਜਿਵੇਂ ਹੀ ਜੁਟਦੀਆਂ ਹਨ। ਜੀਅ-ਜਾਨ ਨਾਲ ਕੰਮ ਕਰਦੀਆਂ ਹਨ। ਹਰੇਕ ਉਮਰ ਦੀਆਂ,
ਮਾੜੀ-ਚੰਗੀ ਸਿਹਤ ਵਾਲੀਆਂ ਸਭ ਦੀਆਂ ਸਭ ਖੇਤੀਂ ਹੁੰਦੀਆਂ ਹਨ। ਮਰਦ ਖੇਤ ਮਜ਼ਦੂਰਾਂ
ਨੂੰ ਸੌਣੀ ਦੀ ਫਸਲ ਵਿਚੋਂ ਕੁੱਝ ਹੱਦ ਤੱਕ ਨਰਮੇ ਦੀ ਗੁਡਾਈ ਦਾ (ਸੀਜਨ ਦੇ ਵਾਧੇ
ਘਾਟੇ ਸਮੇਤ) ਅਤੇ ਦਵਾਈ ਛਿੜਕਾਈ ਦਾ ਕੰਮ ਮਿਲਦਾ ਹੈ। ਦਵਾਈ ਛਿੜਕਾਈ ਦਾ ਕੰਮ
ਹੁੰਦਾ ਵੀ ਥੋੜਾ ਹੈ। ਹੈ ਵੀ ਜਾਨ ਦਾ ਖੌਅ। ਮਰਦੇ ਨੂੰ ਅੱਕ ਚੱਬਣ ਵਾਲੇ ਦਾ ਹੀ
ਕੰਮ ਹੈ। ਟਾਵੇਂ ਹੀ ਇਸ ਜਹਿਰ ਦੀ ਢੋਲੀ ਨੂੰ ਜੱਫੀ ਪਾਉਂਦੇ ਹਨ। ਬੱਸ ਇਹ ਹੈ ਸਾਲ
ਦੇ 12 ਮਹੀਨਿਆਂ ਵਿਚੋਂ ਬਾਕਾਇਦਾ ਰੁਜ਼ਗਾਰ ਮਿਲਣ ਦਾ ਸਮਾਂ। ਔਰਤਾਂ ਲਈ ਤਿੰਨ ਤੋਂ
ਸਾਢੇ ਤਿੰਨ ਮਹੀਨੇ ਤੇ ਮਰਦਾਂ ਲਈ ਚਾਰ ਤੋਂ ਪੰਜ ਮਹੀਨੇ। ਜਿਹੜੇ ਮਜ਼ਦੂਰ ਸਾਲ ਲਈ
ਠੇਕੇ ਤੇ ਰਲ਼ਦੇ ਹਨ, ਉਹਨਾਂ ਦੀ ਦਿਹਾੜੀ ਕੰਮ ਦੇ ਬਾਰਾਂ ਤੇਰਾਂ ਘੰਟਿਆਂ ਦੀ
ਹੁੰਦੀ ਹੈ। ਸਾਰਾ ਸਾਲ ਇਹ ਤਾਂ ਪੱਕੀ ਹੀ ਰਹਿੰਦੀ ਹੈ। 17-18 ਘੰਟਿਆਂ ਤੱਕ ਵੀ
ਜਾਂਦੀ ਰਹਿੰਦੀ ਹੈ। ਇਹ ਫਸਲ ਦੀ ਰਾਖੀ, ਪਾਣੀ, ਲੁਆਈ ਅਤੇ ਕੰਮ ਦੇ ਜ਼ੋਰ ਦੇ ਨਾਂ
ਹੇਠ ਵਧਦੀ ਹੈ। ਠੇਕੇ ’ਤੇ ਲੱਗੇ ਕਾਮੇ ਦੇ ਘਰ ਦੀਆਂ ਔਰਤਾਂ ਲਈ ਘਰ ਦਾ
ਅਗਲਾ-ਪਿਛਲਾ ਕੰਮ ਕਰਨਾ ਜ਼ਰੂਰੀ ਹੋ ਜਾਂਦਾ ਹੈ। ਔਰਤਾਂ ਸਿਰ ਕੰਮ ਦਾ ਭਾਰ ਹੋਰ ਵਧ
ਜਾਂਦਾ ਹੈ। ਖੇਤ ਮਜ਼ਦੂਰਾਂ ਦਾ ਮਿਹਨਤਾਨਾ ਬਹੁਤ ਊਣਾ ਹੈ। ਪਰ ਔਰਤਾਂ ਨੂੰ ਉਸੇ
ਕੰਮ ਦਾ, ਉਨਾ ਹੀ ਸਮਾਂ ਲਾਉਣ ਦਾ, ਮਿਹਨਤਾਨਾ, ਮਰਦ ਕਾਮਿਆਂ ਨਾਲੋਂ ਤੀਜਾ ਜਾਂ
ਚੌਥਾ ਹਿੱਸਾ ਘੱਟ ਮਿਲਦਾ ਹੈ। ਜੇ ਕਿਤੇ ਕੁਦਰਤ ਦੀ ਕਰੋਪੀ ਸਦਕਾ ਫਸਲਾਂ ਦਾ
ਨੁਕਸਾਨ ਹੋ ਜਾਵੇ। ਫਸਲਾਂ ਦੀ ਕੋਈ ਬਿਮਾਰੀ ਫਸਲਾਂ ਨੂੰ ਦੱਬ ਲਵੇ ਤਾਂ ਮਜ਼ਦੂਰ ਦਾ
ਰੁਜ਼ਗਾਰ ਨਾਲ ਹੀ ਦੱਬਿਆ ਜਾਂਦਾ ਹੈ। ਬਦਲਵੇਂ ਰੁਜ਼ਗਾਰ ਲਈ ਕੋਈ ਥਾਂ ਨਹੀਂ ਹੈ।
ਸਗੋਂ ਨੇੜਲੇ ਕਸਬਿਆਂ ਦੇ ਬਦਲਵੇਂ ਰੁਜ਼ਗਾਰ ਦੇ ਕੰਮ ਵੀ ਸੁੰਗੜ ਜਾਂਦੇ ਹਨ। ਗਰੀਬੀ
ਤੇ ਕਰਜ਼ੇ ਦਾ ਕੇੜਾ ਹੋਰ ਚੜ ਜਾਂਦਾ ਹੈ।
ਪੀੜਾਂ ਦਾ ਪਰਾਗਾ
ਪਰ ਐਨੇ ਕੁ ਰੁਜ਼ਗਾਰ ਨਾਲ, ਇਸ ਨਿਗੂਣੀ ਆਮਦਨ ਨਾਲ ਪੂਰੀ ਨਹੀਂ ਪੈਂਦੀ। ਜਿਉਣ ਲਈ
ਤਾਂ ਹੋਰ ਵੀ ਅਣ-ਸਰਦੀਆਂ ਲੋੜਾਂ ਮੂੰਹ ਅੱਡੀਂ ਖੜੀਆਂ ਹਨ। ਔਲਾਦ ਨੂੰ ਜੰਮਣਾ ਤੇ
ਪਾਲਣਾ ਬਾਕੀ ਹੈ। ਜੇ ਅੱਖਰਾਂ ਦੇ ਸੂੰਹੇ ਕਰਾਉਣਾ ਹੋਵੇ ਤਾਂ ਫੱਟੀ ਬਸਤਾ ਦੇਣ ਦੇ
ਖਰਚੇ ਬਾਕੀ ਹਨ। ਬੁੱਢੇ ਵਾਰੇ ਹੋ ਕੇ ਡੰਗ ਟਪਾਈ ਕਿਵੇਂ ਹੋਊ? ਇਹ ਝੋਰਾ ਦੂਰ
ਕਰਨਾ ਰਹਿੰਦਾ ਹੈ। ਏਸ ਉਮਰ ਨੂੰ ਪਹੁੰਚੇ ਤੇ ਕੰਮੋਂ ਰਹੇ ਮਾਪਿਆਂ ਨੂੰ ਸਾਂਭਣਾ
ਜ਼ਰੂਰੀ ਹੈ। ਧੀਆਂ, ਪੁੱਤਰਾਂ ਦੇ ਵਿਆਹਾਂ ਅਤੇ ਜਾਪਿਆਂ ਦੇ ਖਰਚੇ ਕਰਨੇ ਬਣਦੇ ਹਨ।
ਅੱਡ-ਵਿੱਢ ਕਰਨ ਵੇਲੇ ਆਪਣੀ ਔਲਾਦ ਨੂੰ ਕੋਈ ਕੋਠੜੀ-ਬਠਲੀ ਦੇਣੀ ਪੈਣੀ ਹੈ। ਵੱਖਰੀ
ਥਾਂ ਬਣਾਉਣੀ ਪੈਣੀ ਹੈ। ਜ਼ੋਰ ਵਾਲੀਆਂ ਨੇੜਲੀਆਂ ਸਕੀਰੀਆਂ ਵਿਚ ਦੁਖਦੇ-ਸੁਖਦੇ ਸਫਰ
ਕਰਕੇ ਪਹੁੰਚਣ ਦਾ ਖਰਚਾ ਸਿਰ ਪੈਣਾ ਹੈ। ਉਹਨਾਂ ਦੀਆਂ ਵਿਆਹ ਸ਼ਾਦੀਆਂ ਤੇ ਹੋਰ
ਰਸਮਾਂ ਵਿਚ ਸ਼ਾਮਲ ਹੋਣ ਵੇਲੇ ‘‘ਕੁਸ਼ ਨਾ ਕੁਸ਼’’ ਕਰਨਾ ਹੀ ਪੈਣਾ ਹੈ। ਉਹ ਕਿਹੜਾ
ਘਰ ਹੈ ਜਿਥੇ ਕੋਈ ਨਾ ਕੋਈ ਬਿਮਾਰੀ ਜਾਂ ਕੋਈ ਨਾ ਕੋਈ ਜਹਿਮਤ ਵਾਰੀ ਸਿਰ ਗੇੜਾ ਨਾ
ਮਾਰਦੀ ਹੋਵੇ। ਇਸ ਦੇ ਨਾਲ ਕੰਮ ਵਿਚ ਖਲਿਆਰ ਪੈਂਦੀ ਹੈ। ਦਵਾਈਆਂ-ਬੂਟੀਆਂ ਦੇ
ਖਰਚੇ ਪੈਂਦੇ ਹਨ। ਡਾਕਟਰਾਂ ਦੀਆਂ ਫੀਸਾਂ ਤੇ ਵੱਢੀਆਂ ਘਰਾਂ ਦੇ ਭਾਂਡੇ ਚੱਟ
ਜਾਂਦੀਆਂ ਹਨ। ਸਰੀਰ ਵਿਚ ਕਮਜ਼ੋਰੀ ਆਉਣ ਜਾਂ ਬੱਜ ਪੈਣ ਦਾ ਖਤਰਾ ਖੜਾ ਹੋ ਜਾਂਦਾ
ਹੈ। ਇਉਂ ਬਿਮਾਰੀ ਦੀ ਫੇਟ ਬਹੁਤੇ ਪਾਸਿਆਂ ਤੋਂ ਮਾਰ ਕਰਦੀ ਹੈ। ਜੇ ਕੋਈ ਹਾਦਸਾ
ਪੇਸ਼ ਆ ਜਾਵੇ, ਕੋਈ ਮੁਕੱਦਮਾ ਸਿਰ ਪੈ ਜਾਵੇ ਤਾਂ ਘਰ ਪੱਟੇ ਜਾਂਦੇ ਹਨ। ਵਰਿਆਂ
ਬੱਧੀ ਤਾਬ ਨਹੀਂ ਆਉਂਦੇ। ਇਉਂ ਮਜ਼ਦੂਰ ਦੀ ਜ਼ਿੰਦਗੀ ਤਾਂ ‘‘ਕੰਢੇ ’ਤੇ ਚਰਦੀ ਹੈ’’
ਮਾੜੇ ਜਿਹੇ ਧੱਫੇ ਨਾਲ ਚੌਫਾਲ ਜਾ ਪੈਂਦੀ ਹੈ।
ਇਹਨਾਂ ਅਣ-ਪੂਰੀਆਂ, ਅਣ-ਸਰਦੀਆਂ ਲੋੜਾਂ ਦੀ ਦਾਬ ਹੇਠ ਖੇਤ ਮਜ਼ਦੂਰ ਔਰਤਾਂ ਦੀ
ਜ਼ਿੰਦਗੀ ਸੁੱਖਾਂ ਦੀ ਸੇਜ ਨਹੀਂ ਰਹਿੰਦੀ। ਪੀੜਾਂ ਦਾ ਪਰਾਗਾ ਬਣ ਜਾਂਦੀ ਹੈ।
ਪੀੜਾਂ ਦੇ ਪਰਾਗੇ ਕੱਢਦੀ ਇਹ ਭਠੀ ਤਪੀ ਹੀ ਰਹਿੰਦੀ ਹੈ। ਇਸ ਨੂੰ ਝੋਕਾ ਲੱਗਾ ਹੀ
ਰਹਿੰਦਾ ਹੈ। ਐਹੋ ਜਿਹੀ ਜੋਖਮ ਭਰੀ ਹਾਲਤ ਵਿਚ ਅੱਖਰ ਗਿਆਨ, ਸੂਝ-ਵਿਕਾਸ,
ਬੌਧਿਕ-ਵਿਕਾਸ ਤੇ ਸਮਾਜਕ ਤਰੱਕੀ ਦੇ ਮੌਕਿਆਂ ਨੂੰ ਪਾਉਣ ਬਾਰੇ ਭਲਾ ਕੋਈ ਕਿਵੇਂ
ਸੋਚ ਸਕਦਾ ਹੈ? ਹੱਸਣ-ਖੇਡਣ, ਗਾਉਣ -ਵਜਾਉਣ ,ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ
ਵਰਗੀਆਂ ਲੱਭਤਾਂ ਨੂੰ ਕੋਈ ਕਿਥੋਂ ਭਾਲ ਸਕਦਾ ਹੈ? ਸੋਹਣੀ ਸਿਹਤ, ਸੋਹਜ ਅਤੇ
ਸੂਖਮਤਾ ਨਾਲ ਭਰੀ ਪੂਰੀ ਜ਼ਿੰਦਗੀ ਜਿਉਣ ਦੇ ਲਾਇਕ ਹੋਣ ਯੋਗ ਕਿਵੇਂ ਕੋਈ ਹੋ ਸਕਦਾ
ਹੈ? ਇਉਂ ਸਭਿਆਚਾਰਕ ਵਿਕਾਸ ਦੀਆਂ ਮੰਜ਼ਲਾਂ ਮਾਰਨ ਵੱਲ ਕੋਈ ਕਿਵੇਂ ਵਧ ਸਕਦਾ ਹੈ?
ਸਗੋਂ ਜ਼ਿੰਦਗੀ ਦੇ ਵਿਕਾਸ ਨੂੰ ਪੁੱਠਾ ਗੇੜਾ ਇਹਨਾਂ ਹਾਲਤਾਂ ਸਦਕਾ ਹੀ ਪੈਂਦਾ ਹੈ।
ਜ਼ਿੰਦਗੀ ਨੂੰ ਪੁੱਠਾ ਮੋੜਾ ਦੇ ਕੇ, ਕੋਹਲੂ ਗੇੜ ਵਿਚ ਪਾ ਦਿੱਤਾ ਜਾਂਦਾ ਹੈ। ਸ਼ੁਰੂ
ਹੋ ਜਾਂਦਾ ਹੈ, ਜ਼ਿੰਦਗੀ ਦਾ ਕੰਡਿਆਲਾ ਸਫਰ। ਸਫਰ, ਜਿਸਦਾ ਪੈਂਡਾ ਮਾਰਦਿਆਂ,
ਜਿਸਦੀ ਧੂੜ ਫੱਕਦਿਆਂ ਜ਼ਿੰਦਗੀ ਬੇਪਛਾਣ ਹੋ ਜਾਂਦੀ ਹੈ। ਸ਼ੁਰੂ ਹੋ ਜਾਂਦਾ ਹੈ,
ਜਾਨ-ਖਪਾਈ ਵਾਲੇ, ਨਿਗੂਣੀ ਕਮਾਈ ਵਾਲੇ ਮੁਸ਼ੱਕਤੀ ਕੰਮਾਂ ਦਾ ਗੇੜ। ਚੁੱਕਣਾ ਪੈਂਦਾ
ਹੈ, ਪਸ਼ੂ ਪਾਲਣ, ਗੋਹਾ-ਕੂੜਾ ਕਰਨ, ਸਿਲਾ ਚੁਗਣ ਤੇ ਬਾਲਣ ਚੁਗਣ ਵਰਗੇ ਕੰਮਾਂ ਦਾ
ਭਾਰ। ਇਉਂ ਇਸ ਭਾਰ ਹੇਠ ਹੀ ਜ਼ਿੰਦਗੀ ਦੀ ‘‘ਚੱਲ ਸੋ ਚੱਲ’’ ਹੋਈ ਜਾਂਦੀ ਹੈ।
ਸਵੈ-ਰੁਜ਼ਗਾਰ?
ਸਰਕਾਰ ਦੀਆਂ ਸਵੈ-ਰੁਜ਼ਗਾਰ ਸਕੀਮਾਂ ਵਿਚ ਮਜ਼ਦੂਰ ਮਰਦ ਤੇ ਔਰਤਾਂ ਖਾਤਰ ਰੱਖੀ ਮਾਇਆ
ਸੁੰਘਣ ਜੋਗਰੀ ਵੀ ਨਹੀਂ ਹੁੰਦੀ। ਸਬਸਿਡੀ ਤੇ ਮਿਲਦੀਆਂ ਮੱਝਾਂ ਕਾਗਜ਼ਾਂ ਵਿਚ ਹੀ
ਖਰੀਦੀਆਂ ਜਾਂਦੀਆਂ ਹਨ ਤੇ ਕਾਗਜ਼ਾਂ ਵਿਚ ਹੀ ਬਿਮਾਰ ਹੋ ਕੇ ਮਰ ਜਾਂਦੀਆਂ ਹਨ।
ਇਹਨਾਂ ਤੋਂ ਬਣੇ ਨੋਟਾਂ ਨੂੰ ਮਹਿਕਮਿਆਂ ਦੀ ਅਫਸਰਸ਼ਾਹੀ ਤੇ ਹਾਕਮ ਪਾਰਟੀ ਦੇ ਲੀਡਰ
ਰਲ਼-ਮਿਲ ਕੇ ਛਕ ਲੈਂਦੇ ਹਨ। ਇਹਦੇ ਵਿਚੋਂ ਉਪਰਲੇ ਲੀਡਰਾਂ ਦੇ ਇੱਕ ਅੱਧ ਪਿੰਡ
ਪੱਧਰੇ ਪਾਛੂ ਨੂੰ ਵੀ ਉਂਗਲ ਚਟਾਅ ਦਿੱਤੀ ਜਾਂਦੀ ਹੈ। ਪਿੰਡ ਤੱਕ ਪਹੁੰਚਦੀ ਸਕੀਮ
ਦੀ ਰਕਮ ਮੁੱਕ ਜਾਂਦੀ ਹੈ। ਇਹੋ ਜਿਹਾ ਹੈ, ਸਵੈ-ਰੁਜ਼ਗਾਰ ਲਈ ਸਰਕਾਰੀ ਠੁੱਮਣਾ।
ਖੇਤ ਮਜ਼ਦੂਰ ਔਰਤਾਂ ਤਾਂ ਅਣਸਰਦੇ ਨੂੰ ਜਾਗੀਰੂ ਪਰਬੰਧ ਦੇ ਵਗਾਰੀ ਕੰਮ-ਕਾਰ ਵਿਚ
ਜਕੜੀਆਂ ਜਾਣ ਲਈ ਮਜਬੂਰ ਹਨ। ਪਸ਼ੂ ਪਾਲਣਾ ਮਜ਼ਦੂਰ ਔਰਤਾਂ ਦਾ ਸ਼ੌਕ ਨਹੀਂ ਹੈ।
ਉਹਨਾਂ ਕੋਲ ਤਾਂ ਪਸ਼ੂਆਂ ਨੂੰ ਪਾਲਣ ਲਈ ਚਾਹੀਦੇ ਘੱਟੋ-ਘੱਟ ਸਾਧਨ ਵੀ ਥੁੜਦੇ ਹਨ।
ਪਸ਼ੂਆਂ ਨੂੰ ਧੁੱਪ ਦੇ ਕੜਾਕੇ ਅਤੇ ਸਿਆਲ ਦੀ ਠੰਡ ਤੋਂ ਬਚਾਉਣ ਖਾਤਰ ਛਾਂ-ਛੱਤ
ਚਾਹੀਦੀ ਹੈ। ਤੂੜੀ-ਤੰਦ ਸਾਂਭਣ ਖਾਤਰ ਢਕਣ ਚਾਹੀਦਾ ਹੈ। ਇਹਦੀ ਬੇਹੱਦ ਘਾਟ ਹੈ।
ਕੁੱਝ ਪਰਿਵਾਰ ਅਜਿਹੇ ਹਨ, ਜਿਹਨਾਂ ਦਾ ਘਰ, ਮਰਲਾ ਜਾਂ ਦੋ ਮਰਲੇ ਥਾਂ ਵਿਚ, ਇੱਕ
ਕੋਠੜੀ ਤੱਕ ਸੀਮਤ ਹੈ। ਘਰੇ ਛਾਂ-ਛੱਤ ਦੀ ਤੋਟ ਉਹਨਾਂ ਨੂੰ ਪਸ਼ੂ ਰੱਖਣੋਂ ਵਰਜਦੀ
ਹੈ। ਤੂੜੀ-ਤੰਦ, ਪੱਠੇ-ਨੀਰੇ ਤੇ ਦਾਣੇ, ਖਲ ਵੜੇਵੇਂ ਖਾਤਰ ਕੋਈ ਘਰ ਦਾ
ਖੇਤ-ਖਿੱਤਾ ਚਾਹੀਦਾ ਹੈ। ਜਾਂ ਕੋਈ ਪੈਸਾ ਹੱਥ ਵਿਚ ਚਾਹੀਦਾ ਹੈ। ਪਰ ਇਹ ਸਭ ਕੁੱਝ
ਉੱਕਾ ਹੀ ਨਹੀਂ ਹੈ। ਬੱਸ, ਉਹਨਾਂ ਪਾਸ ਇੱਕ ਤਾਂ ਹੈ ਰੰਬਾ, ਦਾਤੀ ਤੇ ਪੱਲੀ ਅਤੇ
ਦੂਜਾ ਹੈ, ਹੱਥਾਂ, ਬਾਹਾਂ ਤੇ ਸਰੀਰ ਦੀ ਤਾਕਤ ਅਤੇ ਔਖੀਆਂ ਹਾਲਤਾਂ ਵਿਚ ਵਿਗਸਿਆ,
ਉੱਦਮੀ, ਸਿਰੜੀ ਸੁਭਾਅ। ਇਹਦੇ ਜ਼ੋਰ ਹੀ ਪਸ਼ੂ ਪਾਲੇ ਜਾਂਦੇ ਹਨ। ਬੇਗਾਨੇ ਖੇਤਾਂ
ਵਿਚ ਖੜੀਆਂ ਫਸਲਾਂ ਵਿਚੋਂ, ਖਾਲਾਂ ਤੇ ਖੇਤਾਂ ਦੀਆਂ ਵੱਟਾਂ ਤੋਂ, ਘਾਹ ਪੱਠਾ
’ਕੱਠਾ ਕਰਨਾ, ਮਜਬੂਰੀ ਬਣ ਜਾਂਦਾ ਹੈ। ਵੱਡਾ ਕੰਮ ਬਣ ਜਾਂਦਾ ਹੈ। ਨਿੱਤ ਦਿਹਾੜੀ
ਦਾ ਇੱਕ ਪਹਿਰ ਜਾਂ ਦੋ ਪਹਿਰ ਏਸੇ ਲੇਖੇ ਲੱਗਦਾ ਹੈ, ਢੋਅ-ਢੁਆਈ ਦੇ ਵਿਕਸਤ
ਸਾਧਨਾਂ ਦਾ ਮਜ਼ਦੂਰ ਔਰਤਾਂ ਨੂੰ ਕੀ ਭਾਅ? ਟਰੈਕਟਰ-ਟਰਾਲੀ, ਗੱਡਾ ਤੇ ਰੇਹੜਾ,
ਸਾਈਕਲ ਤੇ ਸਾਈਕਲ-ਰੇਹੜਾ, ਝੋਟਾ, ਖੋਤਾ ਤੇ ਬੋਤਾ, ਸਭ ਦੇ ਸਭ ‘‘ਕਿਸੇ ਹੋਰ ਦੀ
ਦੌਲਤ ਹਨ।’’ ਐਡੇ ਸਾਧਨਾਂ ਦੀ ਮਾਲਕੀ ਦੀ ਕਿਥੋਂ ਆਸ? ਕੱਖ ਪੱਠੇ ਨੇੜਿਉਂ ਲਿਆਉਣੇ
ਹੋਣ ਜਾਂ ਦੂਰੋਂ, ਪੰਡ ਹਲਕੀ ਹੋਵੇ ਜਾਂ ਭਾਰੀ, ਭਾਰ ਔਰਤ ਦੇ ਸਿਰ ਨੇ ਹੀ ਢੋਣਾ
ਹੈ। ਜਦ ਪੰਡ ਦੇ ਭਾਰ ਨਾਲ ਸਿਰ ਦਾ ਤਾਲੂਆ ਮੱਚਣ ਲੱਗ ਜਾਵੇ ਤਾਂ ਕੋਈ ਇਕ ਲਾਹਾ
ਕਰ ਲਵੇਂ ਜਾਂ ਦੋ ਕਰਕੇ ਦਮ ਮਾਰ ਲਵੇ, ਜਾਂ ਕੋਈ ਬਾਹਾਂ ਦੇ ਜ਼ੋਰ ਪੰਡ ਨੂੰ ਉਗਾਸ
ਕੇ ਸਿਰ ਨੂੰ ਹਵਾ ਲਵਾ ਲਵੇ, ਪੰਡ ਨੇ ਆਉਣਾ ਸਿਰ ’ਤੇ ਹੀ ਹੈ। ਹਾਲੇ ਕਿਸੇ
ਜੁਆਕਾਂ ਵਾਲੀ ’ਕਲਾਪੀ ਜਾਣੀ ਦੇ ਅੱਗੜ-ਪਿੱਛੜ ਜਾਂ ਕੁੱਛੜ ਜੁਆਕਾਂ ਦੀ ਹਾਜ਼ਰੀ ਵੀ
ਲੱਗਣੀ ਹੁੰਦੀ ਹੈ।
ਖਜਾਲਤ ਤੇ ਜਲਾਲਤ ਝੱਲਣ ਦੀ ਇਹ ਮਜਬੂਰੀ ਦੁੱਧ, ਘਿਉ, ਪਨੀਰ, ਦਹੀਂ ਤੇ ਲੱਸੀ
ਵਰਗੀ ਤਾਕਤਵਰ ਖੁਰਾਕ ਪੂਰੀ ਕਰਨ ਵਾਸਤੇ ਵੀ ਨਹੀਂ ਹੈ। ਘਰਾਂ ਦੀਆਂ ਹੋਰ ਥੁੜਾਂ
ਪੂਰੀਆਂ ਕਰਨ ਖਾਤਰ ਪਸ਼ੂ ਪਾਲ਼ੇ ਜਾਂਦੇ ਹਨ। ਇਹ ਦੱਸਦਿਆਂ ਇੱਕ ਮਜ਼ਦੂਰ ਨੇ ਕਿਹਾ,
‘‘ਘਰੇ ਚੱਜ ਦਾ ਪਸ਼ੂ ਹੋਵੇ, ਉਹਦਾ ਫੈਦਾ ਹੀ ਫੈਦਾ ਹੈ। ਬੰਦੇ ਦੀ ਇੱਜਤ ਜੀ ਬਣੀ
ਰਹਿੰਦੀ ਹੈ।’’ ਪੈਸੇ ਸਿਰ ਟੁੱਟ ਜਾਣ, ਅੜੇ-ਥੁੜੇ ਖਰਚਾ ਕਰਨਾ ਪੈ ਜੇ, ਉਧਾਰ
ਫੜਨਾ ਹੋਵੇ ਜਾਂ ਮੋੜਨਾ ਹੋਵੇ ਜਾਂ ਸਿਰ ਢਕਣ ਖਾਤਰ ਕੋਈ ਖਣ ਛੱਤਣਾ ਹੋਵੇ, ਵਿਆਹ
ਸ਼ਾਦੀ ’ਤੇ ਖਰਚਾ ਕਰਨਾ ਪਵੇ, ਪਸ਼ੂ ਕੰਮ ਆਉਂਦੇ ਆ। ਅਗਲੇ ਹੱਸ ਕੇ ਉਧਾਰ ਦਿੰਦੇ ਆ।
ਘਰ ਦਾ ਚਾਹ ਪਾਣੀ ਚੱਲੀ ਜਾਵੇ, ਇਹ ਵਾਧੇ ਦਾ ਹੈ।’’ ਇੱਕ ਮਾਂ ਨੇ ਦੱਸਿਆ ਕਿ
‘‘ਆਹ ਜਦੋਂ ਬੁੱਧਾ ਹੋਇਆ, ਘਰੇ ਕੁਸ਼ ਨੀ ਸੀ। ਮੇਰੀ ਮਾਂ ਨੇ ਬੱਕਰਾ ਵੇਚ ਕੇ 60
ਰੁਪਏ ਘੱਲੇ ਸੀ।’’ ਇੱਕ ਹੋਰ ਔਰਤ, ਸਿਰ ਦੇ ਕਮਾਊ ਸਾਈਂ ਦਾ ਸਾਇਆ ਸਿਰੋਂ ਉੱਠ
ਜਾਣ ਦਾ ਦਰਦ ਫਰੋਲਦੀ ਦੱਸਦੀ ਹੈ, ‘‘ਜਦੋਂ ਉਹ ਮੁੱਕਿਆ ਸਾਰਾ ਕੁਸ਼ ਉਹਦੀਆਂ ਸੱਟਾਂ
ਦੇ ਇਲਾਜ ਤੇ ਲੱਗ ਗਿਆ। ਕੁੜੀ ਦਾ ਵਿਆਹ ਧਰਿਆ ਹੋਇਆ ਸੀ। ਉਹ ਉਹਨੀਂ ਕੱਪੜੀਂ
ਤੋਰਨੀ ਪਈ।’’ ਅੱਖਾਂ ਭਰ ਕੇ ਗੱਲ ਜਾਰੀ ਰੱਖਦੀ ਉਹ ਦੱਸਦੀ ਹੈ, ਆਹ ਕੱਟੀ ਡੇਢ
ਸਾਲ ਦੀ ਹੋਗੀ ਆ। ਜਦ ਬਣਗੀ (ਲਵੇਰੀ ਹੋ ਗਈ) ਇਹਦਾ ਜੋ ਕੁਸ਼ ਵੀ ਆਇਆ, ਧੀ ਨੂੰ ਦੇ
ਦੇਣੈ। ਵਿਚਾਰੀ ਉਦੋਂ ਖਾਲੀ ਤੋਰੀ ਸੀ। ਉਹਨੇ ਮੰਜਾ ਬਿਸਤਰਾ ਬਣਾਉਣ ਖਾਤਰ ਕੁਸ਼
ਪੈਸੇ ਜੋੜੇ ਆ, ਕੁਸ਼ ਥੁੜਦੇ ਆ, ਆਹ ਬੱਕਰਾ ਜਿੱਦਣ ਵਿਕ ਗਿਆ ਉਹਦੇ ਥੁੜਦੇ ਪੂਰੇ
ਕਰ ਦੇਣੇ ਆ। ਤੇ ਆਹ ਕੱਟੀ ਦੂਜੀ ਦੇ ਵਿਆਹ ਵਾਸਤੇ ਰੱਖੀ ਆ। ਬੱਸ ਏਨੇ ਨਾਲ ਡੰਗ
ਲਹਿਜੂ। ਨਿੱਤ ਦੀ ਜਾਨ ਖਪਾਈ ਦਾ ਆ ਹੀ ਕੁਸ਼ ਆ।’’ ਇੱਕ ਬੁੱਢੇ ਮਾਂ-ਬਾਪ ਦੀ ਧੀ,
ਜਿਹਨਾਂ ਦੇ ਸਾਰੇ ਪੁੱਤਰ ਬਿਮਾਰੀਆਂ ਨੇ ਚੁੱਕ ਲਏ ਹਨ, ਸੇਵਾ-ਸੰਭਾਲ ਕਰਨ ਖਾਤਰ
ਉਹਨਾਂ ਕੋਲ ਰਹਿੰਦੀ ਹੈ। ਘਰ ਦੇ ਗੁਜ਼ਾਰੇ ਲਈ ਇੱਕ ਬੁੱਢੀ ਮੱਝ ਨੂੰ ਸਾਂਭਦੀ ਹੈ।
ਮੱਝ ਅੱਧਾ ਕਿਲੋ ਦੁੱਧ ਦਿੰਦੀ ਹੈ। ਪਾਈਆ ਘਰੇ ਰੱਖ ਲਿਆ ਜਾਂਦਾ ਹੈ। ਪਾਈਆ ਵੇਚ
ਦਿੱਤਾ ਜਾਂਦਾ ਹੈ। ਜੀਹਦੇ ਆਸਰੇ ਚਾਹ-ਮਿੱਠੇ ਦਾ ਖਰਚਾ ਚੱਲਦਾ ਹੈ। ਸਭ ਦੇ ਪਸ਼ੂ
ਖਲ, ਵੜੇਵੇਂ ਜਾਂ ਦਾਣੇ ਵਰਗੀ ਚੰਗੀ ਖੁਰਾਕ ਤੋਂ ਬਿਨਾ ਪਲ਼ਦੇ ਹਨ। ਕਈ ਵਾਰ ਤੂੜੀ
ਤੋਂ ਵੀ ਬਿਨਾ, ਇਹ ਊਣਾ ਦੁੱਧ ਦਿੰਦੇ ਹਨ। ਊਣਾ ਮੁੱਲ ਵਟਾਉਂਦੇ ਹਨ। ਖੇਚਲ ਪੂਰੀ
ਕਰਾਉਂਦੇ ਹਨ।
‘‘ਖ਼ਬਰਦਾਰ ਜੇ ਸਾਡੇ ਖੇਤ ਵੜੀਆਂ!’’ ‘‘’ਗਾਂਹ ਹੋ ਜੋ!’’ ਵਰਗੇ ਝਿੜਕਵੇਂ ਬੋਲ
ਸੁਣਨ ਦੀ ਮਜਬੂਰੀ ਬਣਦੀ ਹੈ। ਕਈ ਖੇਤ ਮਾਲਕਾਂ ਦੀਆਂ ਸ਼ਰਾਰਤੀ, ਮੈਲੀਆਂ ਨਜ਼ਰਾਂ ਤੇ
ਖੋਟੇ ਇਰਾਦੇ ਔਰਤਾਂ ਨੂੰ ਖੇਹ-ਖਰਾਬ ਕਰਦੇ ਹਨ। ‘‘ਖੇਤਾਂ ਵਿਚ ਜੰਗਲ-ਪਾਣੀ ਜਾਣ
’ਤੇ ਕੱਖ ਪੱਠੇ ਲਿਆਉਣ ਦੀ ਬੰਦੀ’’ ਵਰਗੇ ਦਾਬੇ, ਮਜ਼ਦੂਰਾਂ ਨੂੰ ਆਪਣੀ ਮਨਮਰਜੀ
ਪੁਗਾਉਣ ਤੇ ਉਜਰਤਾਂ ਦੇ ਵਾਧੇ ਲਈ ਲੜਨ ਤੋਂ ਰੋਕਣ ਲਈ ਜ਼ਮੀਨ ਮਾਲਕਾਂ ਦੇ ਹੱਥਾਂ
ਵਿਚ ਹਥਿਆਰ ਬਣਦੇ ਹਨ। ਇਉਂ ਪਸ਼ੂ ਪਾਲਣ ਦੀ ਇਹ ਮਜਬੂਰੀ ਕਾਮੇ ਮਰਦਾਂ-ਔਰਤਾਂ ਨੂੰ
ਜ਼ਮੀਨ ਮਾਲਕਾਂ ਦੇ ਮੁਥਾਜ ਬਣਾਉਂਦੀ ਹੈ।
ਸਿਲਾ ਚੁਗਣ ਬਾਰੇ ਕਹਿਣ ਦੀ ਲੋੜ ਨਹੀਂ ਕਿ ਇਹ ਕਿਸੇ ਦਾ ਸ਼ੌਕ ਜਾਂ ਸੁਭਾਅ ਹੋ
ਸਕਦਾ ਹੈ। ਵਾਢੀ ਦਾ ਕੰਮ ਮੁਕਾਉਣ ਬਾਅਦ, ਦਸ ਜਾਂ ਪੰਦਰਾਂ ਦਿਨ, ਖੇਤਾਂ ਵਿਚੋਂ
ਡਿਗੇ ਹੋਏ ਸਿੱਟੇ-ਤੀਲੇ ਚੁਗਣ ਦੇ ਲੇਖੇ ਲੱਗਦੇ ਹਨ। ਆਪਣੇ ਰਸੂਖ ਵਾਲੇ ਕਿਸਾਨਾਂ
ਦੇ ਪਿੜਾਂ ਵਿਚੋਂ ਤੂੜੀ ਹੂੰਝ ਕੇ ਚਾਰ ਪੰਡਾਂ ਬਣਾਉਣ ਦੀ ਛੋਟ ਵੀ ਮਿਲ ਸਕਦੀ ਹੈ।
ਏਵੇਂ ਹੀ ਨਰਮੇ ਦੀ ਚੋਣੀ ਦਾ ਕੰਮ ਮੁੱਕਣ ਬਾਅਦ ਛਿਟੀਆਂ ਵਿਚੋਂ ਬਚੀਆਂ ਫੁੱਟੀਆਂ
ਚੁਗਣਾ ਤੇ ਟੀਂਡੇ ਤੋੜਨਾ, ਔਰਤਾਂ ਲਈ ਕਮਾਈ ਦਾ ਸਾਧਨ ਬਣਦਾ ਹੈ। ਏਵੇਂ ਹੀ ਕਿਸਾਨ
ਪਰਿਵਾਰਾਂ ਵੱਲੋਂ ਬਚਦੇ ਟੀਂਡੇ ਤੋੜਕੇ ਸੁਕਾਏ ਜਾਂਦੇ ਹਨ ਤੇ ਨਰਮਾ ਉਹਨਾਂ ਵਿਚੋਂ
ਕੱਢਿਆ ਜਾਂਦਾ ਹੈ। ਇਹ ਕੰਮ ਵੀ ਮਜ਼ਦੂਰ ਔਰਤਾਂ ਨੂੰ ਮਿਲ ਜਾਂਦਾ ਹੈ। ‘‘ਔਸਤ
ਦਿਹਾੜੀ ਕੀ ਪੈਂਦੀ ਹੈ, ਏਸ ਕੰਮ ਦੀ,’’ ਇਹਦੇ ਜੁਆਬ ਵਿਚ ਕੋਈ ਗਿਣਤੀ-ਮਿਣਤੀ
ਨਹੀਂ ਬਣਦੀ। ‘‘ਘਰੇ ਬਹਿਣ ਨਾਲੋਂ ਤਾਂ ਚੰਗਾ ਹੀ ਚੰਗੈ! ਪੱਲਿਉਂ ਤਾਂ ਕੁਸ਼ ਜਾਂਦਾ
ਈ ਨਹੀਂ।’’ ‘‘ਬੈਠਿਆਂ ਨੇ ਕਿਹੜਾ ਵਧਣੈ’’, ‘‘ਦੋ-ਚਾਰ ਰੁਪੱਈਏ ਤਾਂ ਬਣਨਗੇ
ਹੀ।’’ ਕਣਕ ਦੇ ਕਰਚਿਆਂ ਅਤੇ ਟੀਂਡਿਆਂ ਦੀਆਂ ਸਿਕਰੀਆਂ ਵਿਚ ਹੱਥ ਮਾਰਦਿਆਂ
ਗਲਦੀਆਂ ਦਿਹਾੜੀਆਂ ਦੇ ਪਿੱਛੇ ਆਹ ਤਰਕ ਕੰਮ ਕਰਦਾ ਹੈ।
ਆਪਣੀ ਵੱਟ-ਡੌਲ ਨਾ ਹੋਵੇ ਤਾਂ ਬਾਲਣ ਪੂਰਾ ਕਰਨਾ ਮੁਹਾਲ ਹੋ ਜਾਂਦਾ ਹੈ। ਭਾਵੇਂ
ਸਾਰੇ ਪਰਿਵਾਰ ਨਰਮੇ ਪੱਟਣ ਵੇਲੇ ਬਾਲਣ ਪੂਰਾ ਕਰਨ ਨੂੰ ਜ਼ੋਰ ਮਾਰਦੇ ਹਨ। ਕੰਮ
ਵੱਟੇ ਛਿੱਟੀਆਂ ਵੱਢ ਲੈਂਦੇ ਹਨ। ਪਰ ਫੇਰ ਵੀ ਘਰ ਪੂਰਾ ਨਹੀਂ ਹੁੰਦਾ। ਇਹ ਰਹਿੰਦੀ
ਕਸਰ ਪੂਰੀ ਕਰਨੀ ਔਰਤਾਂ ਦੀ ਜੁੰਮੇਵਾਰੀ ਹੈ ਸਰੋਂ ਦੇ ਸੱਲਰੇ ’ਕੱਠੇ ਕਰਨਾ, ਨਰਮੇ
ਦੀਆਂ ਮੁੱਢੀਆਂ ਚੁਗਣਾ ਤੇ ਢੋਣਾ ਉਹਨਾਂ ਦਾ ਕੰਮ ਹੈ। ਸੜਕਾਂ, ਰਾਹਾਂ,
ਸੂਏ-ਕੱਸੀਆਂ ’ਤੇ ਖੜੇ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਭਾਲਣਾ ਉਹਨਾਂ ਵਾਸਤੇ
ਕੰਮ ਬਣਿਆ ਰਹਿੰਦਾ ਹੈ। ਕਹਿਣ ਦੀ ਲੋੜ ਨਹੀਂ ਕਿ ਸਮਾਜ ਦੇ ਦੂਜੇ ਹਿੱਸਿਆਂ ਦੀ
ਰਸੋਈ ਵਿਚ ਵਰਤੀ ਜਾਂਦੀ ਰਸੋਈ ਗੈਸ, ਬਿਜਲੀ ਚੁੱਲਾ ਤੇ ਮਿੱਟੀ ਦੇ ਤੇਲ ਦਾ ਸਟੋਵ
ਵਗੈਰਾ, ਖੇਤ ਮਜ਼ਦੂਰ ਔਰਤਾਂ ਦੀ ਪਹੁੰਚ ਤੋਂ ਕਿਤੇ ਬਾਹਰ ਹੈ। ਸਗੋਂ ਇਹਦੀ ਬਜਾਏ
ਘਰੇ ਬਾਲਣ ਲਈ ਪਾਥੀਆਂ ਜੋੜਨ ਵਾਸਤੇ, ਗਲੀਆਂ ਵਿਚੋਂ ਗੋਹਾ ਚੁਗਣ ਦੀ ਮਜਬੂਰੀ ਤਾਂ
ਕਿਸੇ ਲਈ ਖੜੀ ਹੋ ਸਕਦੀ ਹੈ।
ਚੰਗੇ ਗੁਜਾਰੇ ਵਾਲੇ ਘਰਾਂ ਦਾ ਗੋਹ-ਕੂੜਾ ਕਰਕੇ, ਧੋਣਾ-ਪੀਹਣਾ ਕਰਕੇ ਤੇ
ਵਿਆਹਾਂ-ਸ਼ਾਦੀਆਂ ਵਿਚ ਜੂਠ ਧੋਣ ਵਰਗੇ ਧੰਦੇ ਕਰਕੇ ਵੀ ਜ਼ਿੰਦਗੀ ਨੂੰ ਠੁੰਮਣਾ ਦੇਣ
ਦਾ ਮੌਕਾ ਆਹਲਾ ਨਹੀਂ ਜਾਣ ਦਿੱਤਾ ਜਾਂਦਾ। ਇਹ ਕੰਮ ਅਕਸਰ ਹੀ ਉਹਨਾਂ ਪਰਿਵਾਰਾਂ
ਦੀਆਂ ਔਰਤਾਂ ਨੂੰ ਕਰਨੇ ਪੈਂਦੇ ਹਨ। ਜਿਹੜੇ ਇੱਕ ਜਾਂ ਦੂਜੀ ਵਜਾ ਕਰਕੇ ਕਮਾਈ
ਪੱਖੋਂ ਜਮਾਂ ਹੀ ਭੁੰਜੇ ਲੱਥ ਜਾਂਦੇ ਹਨ। ਕਿਸੇ ਪਰਿਵਾਰ ਵਿਚ ਕਮਾਊ ਮਰਦ ਨਹੀਂ
ਰਿਹਾ। ਕਿਸੇ ਦਾ ਮਰਦ ਔਜੜੇ ਰਾਹੀਂ ਪੈ ਗਿਆ ਹੈ। ਨਸ਼ਿਆਂ-ਪੱਤਿਆਂ ਦਾ ਖਾਧਾ ਪਿਆ
ਹੈ। ਘੋਰੀ ਹੋ ਗਿਆ ਹੈ ਕਿਉਂਕਿ ਅਜਿਹੇ ਕੰਮ ਕਮਾਈ ਦਾ ਸਾਧਨ ਤਾਂ ਮੂਲੋਂ ਹੀ
ਨਿਗੂਣਾ ਬਣਦੇ ਹਨ। ਪਰ ਸਮਾਜਕ ਤੌਰ ’ਤੇ ਨੀਵੇਂ ਵਧ ਗਿਣੇ ਜਾਂਦੇ ਹਨ। ਵਿਆਹ
ਕਮਾਉਣ, ਜਾਣੀ ਵਿਆਹ ਅਤੇ ਇਸ ਦੀ ਤਿਆਰੀ ਦੇ ਦਿਨਾਂ ਦਾ ਸਾਰਾ ਕੰਮ ਕਰਨ ਦਾ ਜ਼ਿਕਰ
ਕਰਦੀ ਇੱਕ ਔਰਤ ਦੱਸਦੀ ਹੈ, ‘‘ਪੂਰੇ ਦਸ ਦਿਨ ਲੱਗੇ, ਉਹਨਾਂ ਦੇ ਵਿਆਹ ’ਚ। ਸਾਰੇ
ਕੰਧਾਂ-ਕੌਲ਼ੇ ਤੇ ਅੰਦਰ-ਬਾਹਰ ਲਿਪਿਆ। ਇਹਦੇ ਵਾਸਤੇ ਮਿੱਟੀ ਢੋਈ, ਲਵਾਈ ਤੇ ਸਾਰਾ
ਧੋਤਾ ਲੀੜਾ-ਲੱਤਾ। ਲਾ ਰਜਾਈਆਂ ਗਦੈਲਿਆਂ ਤੇ ਖੇਸਾਂ ਤੋਂ, ਚਾਦਰਾਂ ਸਰਾਹਣਿਆਂ
ਤੱਕ। ਨਾਲੇ ਨਗੰਦੇ ਪਾਏ। ਸਾਰੀ ਧੋਤੀ ਵਿਆਹ ਦੀ ਜੂਠ। ਤੇ ਦਿੱਤੀ ਉਹਨਾਂ ਨੇ
ਫੁੱਟੀ ਕੌਡੀ। ਵੀਹ ਰੁਪਈਏ ਤੇ ਲੈਣ ਦੇਣ ਵਿਚ ਆਇਆ ਇੱਕ ਸੂਟ ਮਸਾਂ ਪੰਜਾਹਾਂ ਦਾ
ਹੋਉੂ। ਸੁਆਹ ਹੈ ਇਹ ਕਮਾਈ। ਮਰਦੇ ਨੂੰ ਅੱਕ ਚੱਬੀਦੈ।’’ ਇਹ ਦੱਸਦਿਆਂ ਉਹਦੀਆਂ
ਅੱਖਾਂ ਭਰ ਆਈਆਂ।
ਜਾਗੀਰਦਾਰਾਂ ਦੇ ਘਰ ਠੇਕੇ ’ਤੇ ਲੱਗੇ ਕਾਮੇ ਦੇ ਘਰ ਵਾਲੀ ਨੂੰ ਜਦ ਪੁੱਛਿਆ ਕਿ
‘‘ਤੁਹਾਨੂੰ ਕੋਈ ਵਗਾਰ ਵੀ ਕਰਨੀ ਪੈਂਦੀ ਹੈ?’’ ਤਾਂ ਉਸਨੇ ਕਿਹਾ, ‘‘ਨਹੀਂ, ਅਸੀਂ
ਕਦੇ ਵਗਾਰ ਨੀ ਕੀਤੀ। ਹਾਂ ਉਹਨਾਂ ਦੇ ਲੀੜਾ-ਲੱਤਾ ਧੋਣ ਵਾਲਾ ਹੋਵੇ, ਬੋਲ ਮਾਰ
ਲੈਂਦੇ ਆ। ਏਨੇ ਨਾਲ ਅਗਲੇ ਚਾਹ ਵੇਲੇ ਚਾਹ ਪਿਆ ਦਿੰਦੇ ਆ। ਨਹੀਂ ਤਾਂ ਚਾਹ ਕਰਨ
ਜੋਗਰਾ ਮਿੱਠਾ ਤਾਂ ਦੇ ਹੀ ਦਿੰਦੇ ਆ। ਚੰਗੀਆਂ ਵਿਚਾਰੀਆਂ! ਆਪਣੇ ਨਾਲ ਕੋਈ ਜੁਆਕ
ਜੱਲਾ ਹੋਵੇ ਤਾਂ ਚਾਹ ਨੂੰ ਨੱਕ ਨੀ ਵੱਟਦੀਆਂ। ਜੁਆਕ ਨੂੰ ਵੀ ਦੇ ਦਿੰਦੀਆਂ।’’
ਗੋਹਾ ਕੂੜਾ ਕਰਨਾ ਔਰਤਾਂ ਲਈ ਇੱਜਤ-ਅਣਖ ਦੀ ਸੁਰੱਖਿਆ ਪੱਖੋਂ ਸਭ ਤੋਂ ਕਸੂਤਾ ਹੈ।
ਗੋਹਾ ਚੁੱਕਣ ਤੇ ਮੁਤਰਾਲ ਹੂੰਝਣ ਖਾਤਰ ਅਗਲਿਆਂ ਦੇ ਨੇਰੇ ਭਰੇ ਅੰਦਰਾਂ ਦੀਆਂ
ਖੱਲਾਂ-ਖੂੰਜਿਆਂ ਵਿਚ ਹੱਥ ਮਾਰਨੇ ਪੈਂਦੇ ਹਨ। ਇੱਕ ਔਰਤ ਜਿਸਦੇ ਘਰੇ ਕੋਈ ਕਮਾਊ
ਨਹੀਂ ਸੀ ਬਚਿਆ, ਐਹੋ ਜਿਹੇ ਖਤਰੇ ਵੱਲ ਸੰਕੇਤ ਕਰਦੀ ਦੱਸਦੀ ਹੈ, ‘‘ਮੈਂ ਉਹਦੇ
ਮੁੱਕਣ ਬਾਅਦ ਸਾਰੀਆਂ ਔਖਾਂ ਕੱਟਲੀਆਂ। ਵਿਆਹਾਂ ਦੀ ਜੂਠ ਧੋ ਲੀ। ਅਗਲੇ ਦੇ ਘਰਾਂ
ਦੇ ਭਾਂਡੇ ਮਾਂਜਲੇ। ਗੋਹਾ ਮਿੱਟੀ ਫੇਰਲੀ। ਵਿਆਹ ਕਮਾ ਲਏ। ਪਰ ਗੋਹੇ ਕੂੜੇ ਨੂੰ
ਨੀ ਲੱਗੀ। ਮੈਂ ਆਪਣੀ ਅਣਖ ਰੱਖ ਕੇ ਦਿਖਾ ਦਿੱਤੀ। ਇਹ ਕੰਮ ਬਹੁਤ ਖਰਾਬ ਐ।’’ ਇੱਕ
ਹੋਰ ਘਰ ਬਾਰੇ ਜਾਣਕਾਰੀ ਦਿੰਦਿਆਂ ਇੱਕ ਮਜ਼ਦੂਰ ਗੱਲ ਦੱਸਦਾ ਹੈ, ‘‘ਉਹ ਤਾਂ
ਵਿਚਾਰੇ ਜਮਾਂ ਈ ਥੱਲੇ ਲਹਿ ਗਏ। ਜੁਆਕ ਨਿਆਣੇ ਆ। ਘਰੇ ਕਮਾਊ ਬੰਦਾ ਨੀ ਰਿਹਾ।
ਬੁੜੀ ਨੂੰ ਗੋਹਾ ਕੂੜਾ ਕਰਨਾ ਪੈ ਗਿਆ। ਹੁਣ ਉਹਦਾ ਕੰਮ ਬਹੁਤ ਖਰਾਬ ਐ।’’ ਇਹ ਹੈ
ਜਿਉਣ, ਖੇਤ ਮਜ਼ਦੂਰ ਔਰਤਾਂ ਦਾ। ਇਉਂ ਪੱਛੀਦੀ ਹੈ ਇਥੇ ਜਿੰਦ। ਇਉਂ ਮਧੋਲੀ ਜਾਂਦੀ
ਹੈ, ਇਥੇ ਅਣਖ।
ਔਲਾਦ ਪੈਦਾ ਕਰਨਾ ਤੇ ਪਾਲਣਾ
ਇੱਕ ਖੇਤ ਮਜ਼ਦੂਰ ਔਰਤ ਤੋਂ ਬੱਚਾ ਹੋਣ ਸਮੇਂ ਮਿਲਦੀ ਖੁਰਾਕ ਦੀ ਜਾਣਕਾਰੀ ਲੈਣ
ਵਾਸਤੇ ਪੁੱਛਿਆ ਗਿਆ ਕਿ ‘‘ਕਿੰਨੀ ਕੁ ਪੰਜੀਰੀ ਖਾਣ ਨੂੰ ਬਣਾ ਕੇ ਦਿੱਤੀ ਸੀ?’’
ਤਾਂ ਉਸਨੇ ਹੈਰਾਨ ਹੋ ਕੇ ਤੇ ਭਖ ਕੇ ਕਿਹਾ, ‘‘ਵਾਅਹ........ ਨੀ! ਪੰਜੀਰੀ ਨਾ
ਭੁੱਬਲ! ਸੁਆਹ ਸੱਤਾਂ ਚੁੱਲਿਆਂ ਦੀ।’’ ਵਿਸਥਾਰ ਦੱਸਦਿਆਂ ਉਹ ਬੋਲੀ, ‘‘ਦਿਨੇ ਦੋ
ਪੰਡਾਂ ਪੱਠਿਆਂ ਦੀਆਂ ਲਿਆਂਦੀਆਂ। ਆ ਕੇ ਚਾਰ ਘੜੇ ਪਾਣੀ ਦੇ ਢੋਏ। ਆਥਣੇ ਟੱਬਰ ਦੀ
ਰੋਟੀ ਪਕਾਈ। ਰਾਤ ਨੂੰ ਮੁੰਡਾ ਜੰਮ ਲਿਆ ਆਹ ਬੁੱਧਾ ਹੋਇਆ ਸੀ, ਉਦੋਂ। ਸਵੇਰੇ ਉੱਠ
ਕੇ ਬਾਜਰੇ ਦੀ ਰੁੱਖੀ ਰੋਟੀ ਖਾਧੀ ਆ, ਮਿਰਚਾਂ ਨਾਲ। ਆਪੇ ਬਣਾਲੀ ਆ। ਆਪੇ ਖਾ ਲੀ
ਆ। ਆਪਾਂ ਨੂੰ ਸਹੁੰ ਲੱਗੇ ਜੇ ਕੁਸ਼ ਹੋਰ ਮਿਲਿਆ ਹੋਵੇ। ਆਹ ਸੁੱਕੀ ਚੁਗਾਠ ਤੇ
ਬੈਠੀ ਆਂ ਮੇਰੀ ਮਾਂ ਚੌਥੇ ਦਿਨ ਆਈ ਸੀ। ਜਾ ਕੇ ਉਸਨੇ ਬੱਕਰਾ ਵੇਚਿਆ ਸੀ ਤੇ 60
ਰੁਪਏ ਘਲੇ। ਪਹਿਲੀ ਵਾਰੀ ਜਦ ਕੁੜੀ ਹੋਈ ਸੀ, ਆਹ ਮੇਲੋ ਤਾਂ ਸੇਰ ਥੰਦਾ ਰਲਾਇਆ
ਸੀ। ਬਾਹਲਾ ਆਪੇ ਹੀ ਖਾ ਗਿਆ। ਆਹ ਤੇਰੇ ਕੋਲੇ ਬੈਠਾ ਹੈ, ਪੁੱਛ ਲੈ।’’ ਉਸ ਮਾਂ
ਦੀ ਹੱਡ-ਬੀਤੀ ਸੱਚੀ ਸੀ। ਉਹਦੇ ਘਰਵਾਲਾ ਸਿਰੇ ਦਾ ਕਾਮਾ ਤੇ ਸੰਜਮੀ ਬੰਦਾ ਸੀ। ਪਰ
ਉਹਦੇ ਪਾਸ ਬਚਦੀ ਕਮਾਈ ਵਿਚੋਂ ਇਹੀ ਕੁੱਝ ਸੀ, ਜੋ ਪੁਗਦਾ ਸੀ। ਇੱਕ ਹੋਰ ਔਰਤ ਨੂੰ
ਜਦ ਨਰਮੇ ਦੀ ਚੋਣੀ ਸ਼ੁਰੂ ਹੋਣ ਦੇ ਦਿਨਾਂ ਵਿਚ ਜੰਮੇ ਮੁੰਡੇ ਬਾਰੇ ਪੁੱਛਿਆ,
‘‘ਜਿਹੜਾ ਇਹ ਰਿਵਾਜ ਹੁੰਦੇ ਬਈ ਸਵਾ ਮਹੀਨਾ ਜੁਆਕ ਬਾਹਰ ਨਹੀਂ ਵਧਾਉਣਾ, ਤੁਸੀਂ
ਉਹਦਾ ਕੀ ਕੀਤਾ? ਕੀ ਸੀਜਨ ਮਰਿਆ?’’ ਉਸਨੇ ਝੱਟ ਕਿਹਾ, ‘‘ਮਸਾਂ ਰਿਜ਼ਕ ਮਿਲਦੈ,
ਮਰਨਾ ਕਾਹਤੋਂ ਸੀ। ਸੱਤਾਂ ਦਿਨਾਂ ਦਾ ਸੀ, ਜਦੋਂ ਉਹਨੂੰ ਨਾਲ ਹੀ ਲੈਗੇ। ਖੇਤ ਹੀ
ਲੈ ਗਏ। ਟੋਕਰੇ ਵਿਚ ਪਾ ਕੇ ਢਕ ਲਿਆ। ਟੋਕਰਾ ਚਾਰ ਕਰਮਾਂ ’ਗਾਂਹ ਰੱਖ ਲੈਂਦੇ।
ਜਦੋਂ ਬਰਾਬਰ ਹੋ ਜਾਂਦਾ ਫੇਰ ’ਗਾਂਹ ਕਰ ਲੈਂਦੇ। ਇਉਂ ਹੀ ਚੁਗਿਆ, ਸਾਰਾ ਨਰਮਾ।
ਤੈਨੂੰ ਪਤੈ ਸੀਜਨ ਵਿਚ ਬੁੜੀ-ਕੁੜੀ ਵਾਸਤੇ ਕਿਸੇ ਸਕੀਰੀ ਵਿਚ ਸੁਆਲ ਪਾਉਣਾ ਬਹੁਤ
ਔਖੇ!’’ ਹੱਡ-ਬੀਤੀਆਂ ਇਹ ਵਾਰਤਾਵਾਂ, ਟੁੱਟਵੀਆਂ ਕਹਿਰੀਆਂ ਘਟਨਾਵਾਂ ਨਹੀਂ ਹਨ।
ਮਜ਼ਦੂਰ ਔਰਤਾਂ ਦੀ ਜ਼ਿੰਦਗੀ ਦਾ ਕੌੜਾ ਸੱਚ ਹਨ। ਸਭ ਨਾਲ ਬੀਤਦੀਆਂ ਹਨ। ਜੇ ਕਿਤੇ
ਜਾਪੇ ਸਮੇਂ ਕੋਈ ਔਹਰ ਪੈਜੇ ਤਾਂ ਜਾਂ ਘਰ ਦਾ ਝੁੱਗਾ ਚੌੜ ਹੋ ਜਾਂਦੈ ਜਾਂ ਜਾਨ
ਦਾ।
ਪਰਸੂਤਾ ਛੁਟੀਆਂ ਹੋਣਾ, ਇਹਨਾਂ ਦਿਨਾਂ ਵਿਚ ਉੱਚੇ ਨੀਵੇਂ ਨਾ ਤੁਰਨਾ, ਭਾਰ ਨਾ
ਚੁੱਕਣਾ, ਜਾਪੇ ਤੋਂ ਬਾਅਦ ਚੰਗੀ ਖੁਰਾਕ ਮਿਲਣਾ ਕਿਸੇ ਹੋਰ ਜਗਤ ਦੀਆਂ ਬਾਤਾਂ ਹਨ।
ਅਰਸਾਵਾਰ ਡਾਕਟਰੀ ਮੁਆਇਨਾ, ਡਾਕਟਰੀ ਨਸੀਹਤ ਮੁਤਾਬਕ ਖੁਰਾਕ ਤੇ ਦਵਾਈ ਉਹਨਾਂ ਦੇ
ਸੁਣਨ ਵਿਚ ਆਉਂਦੀਆਂ ਗੱਲਾਂ ਤੋਂ ਵੱਧ ਨਹੀਂ ਹੋ ਸਕਦੀਆਂ। ਏਸ ਕੰਮ ਖਾਤਰ ਹੋਇਆ
ਸਿਹਤ ਵਿਗਿਆਨ ਦਾ ਵਿਕਾਸ, ਮਾਹਰਾਂ ਤੇ ਮਸ਼ੀਨਰੀ ਦੇ ਲੱਗੇ ਅੰਬਾਰ ਖੇਤ ਮਜ਼ਦੂਰਾਂ
ਦੇ ਮੂੰਹ ਚਿੜਾਉਣ ਦਾ ਸਾਧਨ ਤਾਂ ਹੋ ਸਕਦਾ ਹੈ ਉਹਨਾਂ ਦੇ ‘‘ਕਿਸੇ ਕੰਮ ਦਾ’’
ਨਹੀਂ ਹੈ। ਵੱਧੋ ਵੱਧ ਡਾਕਟਰੀ ਸਹਾਇਤਾ ਲਈ ਪਿੰਡ ਦੀ ਦਾਈ ਹਾਜ਼ਰ ਰਹਿੰਦੀ ਹੈ।
ਖੁਰਾਕ ਲਈ ਢਿੱਡੋਂ ਉੱਠਦੀ ਭਲ ਨੂੰ ਮਾਰਨ ਲਈ ਕੰਧਾਂ ਦੇ ਰੋੜ ਨਹੀਂ ਮੁੱਕਦੇ ਜਾਂ
ਚੁੱਲੇ ਦੀ ਪੱਕੀ ਮਿੱਟੀ ਹਰ ਸਮੇਂ ਹਾਜ਼ਰ ਹੈ। ਇਹਨਾਂ ਦੀ ਕੋਈ ਘੱਟ ਵਰਤੋਂ ਕਰ ਲਵੇ
ਕੋਈ ਵੱਧ। ਐਥੇ ਖੜੀ ਹੈ, ਸਿਹਤ, ਖੁਰਾਕ ਅਤੇ ਸਿਹਤ-ਵਿਗਿਆਨ ਦੀ ਵਰਤੋਂ। ਚਿਹਰਿਆਂ
ਦੀਆਂ ਪਿਲੱਤਣਾਂ ਅਤੇ ਸਿਆਹੀਆਂ, ਬਲੱਡ ਦੀ ਘਾਟ ਸਦਕਾ ਆਉਂਦੀ ਘੇਰ, ਘਰ ਘਰ ਵਿਚ
ਜਾਣੀ-ਪਛਾਣੀ ਬਿਮਾਰੀ ਹੈ। ‘‘ਘਰ ਦਾ ਕੰਮ ਤਾਂ ਭਲਾ ਬੁੜੀ ਨੇ ਕਰਨਾ ਹੀ ਹੋਇਆ,
ਇਹਦਾ ਕੀ ਗਿਣਨੈ? ਇਹਦਾ ਤਾਂ ਕੀ ਭਾਰ ਐ?’’ ਇਹ ਹੈ ਮਜ਼ਦੂਰ ਵਿਹੜਿਆਂ ਦੇ
ਮਰਦਾਂ-ਔਰਤਾਂ ਦਾ ਪੱਕਾ ਵਿਚਾਰ। ਔਰਤ ਮਰਦ ਦੇ ਬਰੋਬਰ ਖੇਤ ਦਾ ਕੰਮ ਕਰਕੇ ਆਵੇ,
ਸੀਜਨ ਦਾ ਪੂਰਾ ਜੋਰ ਹੋਵੇ ਜਾਂ ਕੋਈ ਸਰੀਰਕ ਢਿੱਲ ਮੱਠ, ਸਾਰਾ ਘਰੇਲੂ ਕੰਮ, ਬਿਨਾ
ਕਿਸੇ ਉਜਰ ਦੇ, ਉਸੇ ਨੇ ਕਰਨਾ ਹੈ। ਇਹਨਾਂ ਸਾਰੇ ਕੰਮਾਂ ਵਿਚ ਨਿਭਣ ਵਾਲੀ ਔਰਤ ਦਾ
ਘਰ ਵਿਚ ਕਿੰਨਾ ਕੁ ਮੁੱਲ ਪੈਂਦਾ ਹੈ? ਘਰ ਵਿਚ ਮਰਦ-ਔਰਤ ਦਾ ਕਿੰਨਾ ਕੁ ਸਤਿਕਾਰ
ਕਰਦਾ ਹੈ? ‘‘ਆਹ ਕੀਤਾ ਨੀਂ? ਆਹ ਕਿਉਂ ਕੀਤਾ?’’, ‘‘ਐਥੇ ਗਈ ਕਿਉਂ ਨੀਂ? ਉਥੇ ਗਈ
ਕਿਉਂ?’’ ਇਹੋ ਜਿਹੇ ਬਹਾਨੇ ਹੇਠ ਮਰਦ ਦੇ ਬੋਲ-ਕੁਬੋਲਾਂ ਦਾ ਛੜਾਕਾ ਵਰ ਸਕਦੈ।
ਧੌਲ-ਧੱਫਾ ਹੋ ਸਕਦੈ। ਡਾਂਗ-ਸੋਟੇ ਦਾ ਖੜਕਾਟਾ ਉੱਠ ਸਕਦਾ ਹੈ। ਔਰਤ ਦਾ ਤਮਾਸ਼ਾ ਬਣ
ਸਕਦਾ ਹੈ। ਪਰ ਸਾਬਾਸ਼ੇ! ਐਡੀ ਕਮਾਊ ਦੇ, ਸਿਰੜੀ ਦੇ, ਸਚਿਆਰੀ ਦੇ।’’ ਐਹੋ ਜਿਹੇ
ਵਾਜਬ ਤੇ ਹੱਕੀ ਬੋਲ ਸੁਣਨ ਨੂੰ ਘੱਟ ਹੀ ਟੱਕਰਦੇ ਹਨ। ਪਰ ਖੇਤ ਮਜ਼ਦੂਰ ਔਰਤ ਆਮ
ਤੌਰ ’ਤੇ ਦਬੂ ਨਹੀਂ ਰਹਿੰਦੀ। ਬਹੁਤੀ ਵਾਰ ਬਰਾਬਰ ਖੜਕਦੀ ਹੈ।
ਜਾਤ-ਪਾਤ ਦੀ ਭਿੱਟ ਵਾਲੀ ਸੋਚਣੀ ਦੇ ਸ਼ਿਕਾਰ ਹੋਰਨਾਂ ਤਬਕਿਆਂ ਦੇ ਹਿੱਸੇ ਇਹਨਾਂ
ਕਿਰਤ ਤੇ ਸਿਦਕ ਦੀਆਂ ਧਨੀ ਔਰਤਾਂ ਨੂੰ ਨਫਰਤ ਨਾਲ ਦੇਖਦੇ ਹਨ। ਮੰਦਕਲਾਮੀ ਨਾਲ
ਬੁਲਾਉਂਦੇ ਹਨ। ਉਹਨਾਂ ਦਾ ਸਮਾਜਕ ਰੁਤਬਾ ਤੇ ਕਿੱਤਾ ਗਾਲ ਕੱਢਣ ਵਾਸਤੇ ਵਰਤਿਆ
ਜਾਂਦਾ ਹੈ। ਪਿੰਡ ਤੇ ਸਮਾਜ ਦੇ ਕਿਸੇ ਵੀ ਸਾਂਝ ’ਕੱਠ ਵਿਚ ਉਹਨਾਂ ਦੀ ਸੱਦ ਪੁੱਛ
ਤੇ ਪੁੱਗਤ ਦਾ ਕੋਈ ਨਿਸ਼ਾਨ ਤੱਕ ਨਹੀਂ ਮਿਲਦਾ। ਇਉਂ ਆਪਣੀ ਕਿਰਤ, ਅਣਖ-ਇੱਜਤ ਤੇ
ਪੁੱਗਤ ਦੀ ਸਿਰੇ ਦੀ ਬੇਕਦਰੀ ਹੰਢਾਉਣ ਲਈ ਸਰਾਪੀਆਂ ਹੋਈਆਂ ਨੇ ਇਹ ਖੇਤ ਮਜ਼ਦੂਰ
ਔਰਤਾਂ।
ਇਨਕਲਾਬੀ ਗੁਣਾਂ ਦੀ ਗੁਥਲੀ
ਪਰ ਜੇ ਖੇਤ ਮਜ਼ਦੂਰ ਔਰਤਾਂ ਨੂੰ ਆਪਣੇ ’ਕੱਠ ਦੀ ਤਾਕਤ ਦਾ ਅਹਿਸਾਸ ਹੋ ਜਾਵੇ,
ਆਪਣੇ ਬੁਰੇ ਭਲੇ ਦੀ ਸੂੰਹ ਲੱਗ ਜਾਵੇ ਤਾਂ ਇਹੀ ਸਰਾਪ, ਵਰਦਾਨ ਬਣ ਸਕਦਾ ਹੈ।
ਉਹਨਾਂ ਦੇ ਜੁੰਮੇ ਲੱਗੇ ਕੰਮਾਂ ਦਾ ਮੁਸ਼ੱਕਤੀ ਸੁਭਾਅ, ਉਹਨਾਂ ਨੂੰ ਮਿਲਦਾ ਨਿਗੂਣਾ
ਮਿਹਨਤਾਨਾ ਤਿੱਖੀ ਲੜਾਕੂ ਭਾਵਨਾ ਨੂੰ ਜਨਮ ਦਿੰਦਾ ਹੈ। ਲੜਾਈ ਦੇ ਹਰ ਰੂਪ ਵਿਚ
ਮੋਹਰੀ ਹੋ ਕੇ ਪੁੱਗਣ ਦਾ ਬਲ਼ ਬਖਸ਼ਦਾ ਹੈ।
- ਉਹਨਾਂ ਨੂੰ ਛੇਤੀ ਹੀ ਇਸ ਗੱਲ ਦਾ ਚਾਨਣ ਹੋ ਸਕਦਾ ਹੈ ਕਿ ਉਹਨਾਂ ਦੀ
ਜ਼ਿੰਦਗੀ ਦਾ ਕਲਿਆਣ ਜ਼ਮੀਨ ਤੋਂ ਜਾਗੀਰਦਾਰੀ ਦਾ ਜੱਫਾ ਤੋੜੇ ਬਿਨਾ ਨਹੀਂ ਹੋ
ਸਕਦਾ। ਜਾਗੀਰਦਾਰੀ ਪ੍ਰਬੰਧ ਅਤੇ ਉਸਦੀ ਰਾਖੀ ਲਈ ਬਹੁੜਦਾ ਰਾਜ ਪ੍ਰਬੰਧ ਖਤਮ
ਕਰਨਾ ਅਣਸਰਦੀ ਲੋੜ ਹੈ। ਕਿਉਂਕਿ ਇਸ ਪ੍ਰਬੰਧ ਦਾ ਸਿੱਧਾ ਸੰਬੰਧ ਤੇ ਦਖਲ
ਉਹਨਾਂ ਦੀ ਰੋਜ਼ ਦੀ ਜ਼ਿੰਦਗੀ ਵਿਚ ਤਿੱਖੀ ਤਰਾਂ ਰੜਕਦਾ ਹੈ। ਇਸ ਲਈ ਇਨਕਲਾਬ
ਉਹਨਾਂ ਦਾ ਟੀਚਾ ਬਣ ਜਾਂਦਾ ਹੈ।
-
ਉਹਨਾਂ ਦੀ, ਮੰਗਾਂ ਦੀ ਮੁਢਲੀ ਲੜਾਈ ਨੂੰ ਵੀ
ਧੁਰ ਇਨਕਲਾਬ ਤੱਕ ਚੱਲਣ ਵਾਲੀ ਲੜਾਈ ਨਾਲ ਜੋੜ ਕੇ ਦੇਖਣ ਦੀ ਸਮਰੱਥਾ ਬਹੁਤ
ਹੈ, ਜ਼ਿਆਦਾ ਹੁੰਦੀ ਹੈ। ਇਨਕਲਾਬ ਨੂੰ ਪੂਰਾ ਕਰਨ ਦਾ ਲੰਬਾ ਕਾਰਜ ਉਹਨਾਂ ਨੂੰ
ਫੌਰੀ ਲੋੜ ਲੱਗਣ ਲੱਗ ਜਾਂਦਾ ਹੈ। ਇਹ ਇਨਕਲਾਬੀ ਪ੍ਰਚੰਡ ਤਾਂਘ ਨੂੰ ਜਨਮ
ਦਿੰਦਾ ਹੈ।
-
ਸਾਰੀਆਂ ਮੌਕਾਪ੍ਰਸਤ ਪਾਰਟੀਆਂ ਪਿੰਡਾਂ
ਦੇ ਚੌਧਰੀਆਂ ਰਾਹੀਂ ਆਪਣੀਆਂ ਜੜਾਂ ਪਿੰਡਾਂ ਵਿਚ ਲਾਉਂਦੀਆਂ ਹਨ। ਇਵਜਾਨੇ
ਵਜੋਂ ਇਹ ਪਾਰਟੀਆਂ ਮੋੜਵੇਂ ਰੂਪ ਵਿਚ ਇਹਨਾਂ ਦੀ ਲੁੱਟ ਤੇ ਦਾਬੇ ਨੂੰ ਪੱਠੇ
ਪਾਉਂਦੀਆਂ ਹਨ, ਪੱਕਾ ਕਰਦੀਆਂ ਹਨ। ਵੋਟ ਪਾਰਟੀਆਂ ਦੀਆਂ ਵੋਟਾਂ ਤੇ ਨੋਟਾਂ
ਦੇ ਥੈਲੇ, ਇਹ ਚੌਧਰੀ, ਸਿੱਧਮ-ਸਿੱਧੇ ਮਜ਼ਦੂਰ ਔਰਤਾਂ ਦੀ ਅਣਖ-ਇੱਜਤ ਨੂੰ
ਰੋਲ਼ਣ ਤੇ ਕਮਾਈ ਨੂੰ ਮਾਂਜ ਲਿਜਾਣ ਦੇ ਪੱਖ ਵਿਚ ਭੁਗਤਦੇ ਹਨ। ਮਜ਼ਦੂਰ ਔਰਤਾਂ
ਨੂੰ ਜਥੇਬੰਦ ਕਰਨ ਦੇ ਮੁਢਲੇ ਯਤਨ ਹੀ, ਇਹਨਾਂ ਪਾਰਟੀਆਂ ਦਾ ਅਸਲਾ ਇਹਨਾਂ
ਸਾਹਮਣੇ ਨੰਗਾ ਕਰਨ ਦਾ ਸਾਧਨ ਬਣ ਜਾਂਦੇ ਹਨ। ਇਉਂ ਇਹਨਾਂ ਵੱਲੋਂ ਲੁਟੇਰੀ ਤੇ
ਭਰਮਾਊ ਸਿਆਸਤ ਦਾ ਪੱਲਾ ਛੱਡਕੇ ਇਨਕਲਾਬੀ ਸਿਆਸਤ ਦਾ ਲੜ ਫੜਨ ਦੀ ਬਿਰਤੀ
ਬਹੁਤ ਤੇਜ ਰਹਿੰਦੀ ਹੈ, ਆਪਣੀ ਖਰੀ ਪਾਰਟੀ ਦੀ ਪਹਿਚਾਣ ਕਰਨ ਦੀ ਲੋੜ ਤੇ
ਸੋਝੀ ਤਿੱਖੀ ਹੁੰਦੀ ਹੈ।
- ਦਰਮਿਆਨੇ ਤਬਕਿਆਂ ਦੀਆਂ ਘਰੇਲੂ ਔਰਤਾਂ ਉਪਰ ਘਰ ਦੀ ਦੇਹਲੀ ਟੱਪ
ਕੇ ਸੰਘਰਸ਼ ਦੇ ਅਖਾੜਿਆਂ ਵਿਚ ਸ਼ਾਮਲ ਹੋਣ ਦੇ ਰਾਹ ਵਿਚ ਭਾਰੀ ਰੋਕਾਂ ਹਨ।
ਪਰਿਵਾਰਕ ਤੇ ਸਮਾਜਕ ਪ੍ਰੰਪਰਾਵਾਂ ਦੇ ਬੰਧਨ ਤੇ ਸਵੈ ਭਰੋਸੇ ਦੀ ਘਾਟ ਉਹਨਾਂ
ਦੇ ਪੈਰਾਂ ਦੀ ਬੇੜੀ ਬਣ ਖਲੋਂਦੇ ਹਨ। ਪਰ ਖੇਤ ਮਜ਼ਦੂਰ ਔਰਤਾਂ ਦਾ ਇਹ ਪੱਖ
ਸਪੱਸ਼ਟ ਤੌਰ ’ਤੇ ਵੱਖਰਾ ਹੈ। ਉਹ ਘਰ ਦੀ ਚਾਰ ਦਿਵਾਰੀ ਦੀਆਂ ਕੈਦੀ ਨਹੀਂ ਹਨ।
ਉਹ ਪਰਿਵਾਰ ਦੇ ਮਰਦਾਂ ਦੇ ਬਰਾਬਰ ਨਿਭਦੀਆਂ ਹਨ। ਕੰਮ ਕਰਦੀਆਂ, ਕਮਾਉਂਦੀਆਂ
ਹਨ। ਇਥੇ ਔਰਤਾਂ ਘਰ ਦੀ ਦੇਹਲੀ ਦੇ ਅੰਦਰ ਲੁਕੋਣ ਦੀ ਸਮਾਜਕ ਤੇ ਪਰਿਵਾਰਕ
ਪਰੰਪਰਾ ਪਹਿਲਾਂ ਹੀ ਕਰੀਹ ਕੀਤੀ ਜਾ ਚੁੱਕੀ ਹੈ। ਇਥੇ ਔਰਤਾਂ ਪਹਿਲੋਂ ਹੀ
ਅਥਾਹ ਮੁਸ਼ਕਲਾਂ ਨੂੰ ਸਰ ਕਰਕੇ, ਉੱਦਮੀ ਤੇ ਹਿੰਮਤੀ ਸੁਭਾਅ ਹਾਸਲ ਕਰ
ਚੁੱਕੀਆਂ ਹਨ। ਆਪਣੇ ਪੈਰਾਂ ’ਤੇ ਖਲੋਂਦੀਆਂ ਹਨ। ਇਸ ਲਈ ਉਹ ਕਿਸੇ ਵੀ ਸੰਘਰਸ਼
ਵਿਚ ਬਹੁਤ ਧੜੱਲੇ ਨਾਲ ਕੁੱਦਣ ਦਾ ਜੇਰਾ ਰੱਖਦੀਆਂ ਹਨ। ਸੰਘਰਸ਼ ਦੀਆਂ
ਮੋਹਰਲੀਆਂ ਕਤਾਰਾਂ ਵਿਚ ਹੋ ਕੇ ਲੜਨ-ਖੜਨ ਦੀ ਸਮਰੱਥਾ ਰੱਖਦੀਆਂ ਹਨ।
-
ਸਿਦਕ ਤੇ ਸਬਰ ਨਾਲ, ਘਾਲਣਾ ਭਰਿਆ ਸੰਘਰਸ਼ ਕਰਨ
ਦੀ ਜਾਚ ਉਹਨਾਂ ਨੇ ਨਿੱਤ-ਦਿਹਾੜੀ ਦੇ ਕੰਮਾਂ ਵਿਚੋਂ ਸਿੱਖ ਲਈ ਹੁੰਦੀ ਹੈ।
ਨਾਕਾਮੀਆਂ ਤੇ ਹਾਰਾਂ ਦੇ ਬਾਵਜੂਦ, ਬੇ-ਮੇਚੀ ਟੱਕਰ ਵਿਚ ਵੀ, ਟਹਿਕਦੇ ਰਹਿਣ
ਤੇ ਡਟੇ ਰਹਿਣ ਦੀ ਜਾਚ ਉਹਨਾਂ ਦੇ ਜਿਉਣ ਦੇ ਢੰਗ ਵਿਚ ਹੀ ਰਚੀ ਹੁੰਦੀ ਹੈ।
ਇਹਨਾਂ ਉੱਤਮ ਇਨਕਲਾਬੀ ਗੁਣਾਂ ਦਾ ਪ੍ਰਗਟਾਵਾ ਜਮਾਤੀ ਸੰਘਰਸ਼ ਦੇ ਪਿੜਾਂ ਵਿਚ
ਹੋਣਾ ਕੁਦਰਤੀ ਤੇ ਲਾਜ਼ਮੀ ਹੈ।
ਇਉਂ ਕੁੱਲ ਮਿਲਾਕੇ, ਇਹ ਖੇਤ ਮਜ਼ਦੂਰ ਔਰਤਾਂ, ਔਰਤ ਮੁਕਤੀ ਲਹਿਰ ਦੀਆਂ ਆਗੂ
ਟੁਕੜੀਆਂ ਵਜੋਂ ਨਿਭ ਸਕਣ ਦੀ ਸਮਰੱਥਾ ਸਾਂਭੀ ਬੈਠੀਆਂ ਹਨ। ਲੋੜ ਹੈ, ਉਡੀਕ ਹੈ,
ਔਰਤ ਚੇਤਨਾ ਦੀ ਚਿਣਗ ਇਥੇ ਪਹੁੰਚਦੀ ਕਰਨ ਦੀ।
ਲਸ਼ਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
98763-94014, 94170-79170, 76963-63025
|