ਬੀਤੇ ਦਿਨੀਂ ਉਤਰਾਖੰਡ ਵਿੱਚ ਬਦਲ ਫਟਣ ਦੇ ਫਲਸਰੂਪ ਆਏ ਹੜ ਦੇ ਕਾਰਣ ਜੋ
ਤਬਾਹੀ ਮੱਚੀ, ਉਸਦੀ ਤ੍ਰਾਸਦੀ ਨੇ ਸਾਰੇ ਦੇਸ਼ ਨੂੰ ਹੀ ਹਿਲਾ ਕੇ ਰਖ ਦਿੱਤਾ।
ਕੇਦਾਰਨਾਥ ਸਹਿਤ ਅਨੇਕਾਂ ਪਿੰਡ ਆਪਣੀ ਹੋਂਦ ਤਕ ਗੁਆ ਬੈਠੇ। ਇਸ ਹੜ ਦੀ ਤੇਜ਼ ਧਾਰ
ਵਿੱਚ ਕਿਤਨੇ ਜੀਵਨ ਰੁੜ੍ਹ ਗਏ ਅਤੇ ਕਿਤਨਾ ਮਾਲੀ ਨੁਕਸਾਨ ਹੋਇਆ ਇਸ ਸਮੇਂ ਇਸਦਾ
ਅਨੁਮਾਨ ਲਾਇਆ ਜਾ ਸਕਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਇਸ ਤ੍ਰਾਸਦੀ ਵਿੱਚ ਸਾਰਾ
ਦੇਸ਼ ਹੀ ਪੀੜਤਾਂ ਅਤੇ ਪ੍ਰਭਾਵਤ ਲੋਕਾਂ ਦਾ ਦੁੱਖ ਵੰਡਾਣ ਅਤੇ ਉਨ੍ਹਾਂ ਦੀ ਮਦਦ
ਕਰਨ ਲਈ ਉਨ੍ਹਾਂ ਨਾਲ ਆ ਖੜਾ ਹੋਇਆ। ਜਿਸ ਕਿਸੇ ਪਾਸੋਂ ਜੋ ਕੁਝ ਵੀ ਬਣ ਸਕਿਆ ਉਹੀ
ਕੁਝ ਉਸਨੇ ਭੇਂਟ ਕਰ ਦਿੱਤਾ।
ਇਸ ਮੌਕੇ ਤੇ ਜਿਥੇ ਦੇਸ਼ ਦੇ ਹੋਰ ਵਾਸੀਆਂ ਅਤੇ ਜਥੇਬੰਦੀਆਂ ਨੇ ਤ੍ਰਾਸਦੀ
ਪ੍ਰਭਾਵਿਤ ਲੋਕਾਂ ਦੀ ਸਹਾਇਤਾ ਅਤੇ ਸਹਿਯੋਗ ਲਈ ਹੱਥ ਵਧਾਏ, ਉਥੇ ਹੀ ਸਮੁਚਾ ਸਿੱਖ
ਸਮਾਜ ਵੀ ਆਪਣੀਆਂ ਸਥਾਪਤ ਪਰੰਪਰਾਵਾਂ ਦਾ ਪਾਲਣ ਕਰਦਿਆਂ ਅੱਗੇ ਆ ਗਿਆ। ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ
ਸਿੱਖਾਂ ਦੀਆਂ ਸਰਵੁੱਚ ਧਾਰਮਕ ਸੰਸਥਾਵਾਂ ਹਨ, ਤ੍ਰਾਸਦੀ ਪ੍ਰਭਾਵਤ ਲੋਕਾਂ ਦੀ
ਸਹਾਇਤਾ ਅਤੇ ਉਨ੍ਹਾਂ ਤਕ ਰਾਹਤ ਪਹੁੰਚਾਣ ਲਈ ਆਪਣੀ ਪੂਰੀ ਸ਼ਕਤੀ ਨਾਲ ਸਮਰਪੱਤ ਹੋ
ਗਈਆਂ। ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਸਰਗਰਮ ਸਿੱਖ
ਜੱਥੇਬੰਦੀਆਂ ਵੀ ਪਿੱਛੇ ਨਹੀਂ ਰਹੀਆਂ। ਉਹ ਵੀ ਇਸ ਸਹਾਇਤਾ ਕਾਰਜ ਆਪੋ-ਆਪਣੀ
ਸਮਰਥਾ ਅਨੁਸਾਰ ਆਪਣਾ ਯੋਗਦਾਨ ਪਾਣ ਵਿੱਚ ਜੁਟ ਗਈਆਂ। ਕਈ ਸਮਰਥਾਵਾਨ ਸਿੱਖਾਂ ਨੇ
ਵੀ ਆਪੋ-ਆਪਣੇ ਪੱਧਰ ਪਰ ਆਪਣੀਆਂ ਸੇਵਾਵਾਂ ਕੇਂਦ੍ਰੀ ਜਾਂ ਰਾਜ ਸਰਕਾਰ ਨੂੰ
ਸੌਂਪਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ ਹੀ ਪੰਜਾਬ ਕਾਂਗ੍ਰਸ ਦੇ ਇੱਕ ਸੀਨੀਅਰ
ਨੇਤਾ ਅਤੇ ਪੰਜਾਬ ਸਿਵਿਲ ਸੋਸਾਇਟੀ ਦੇ ਚੇਅਰਮੈਨ ਸ. ਰਘਬੀਰ ਸਿੰਘ ਜੋੜਾ ਨੇ ਇਸ
ਪਾਸੇ ਪਹਿਲ ਕਰਦਿਆਂ ਉਤਰਾਖੰਡ-ਤ੍ਰਾਸਦੀ ਦੀ ਸੂਚਨਾ ਮਿਲਦਿਆਂ ਹੀ ਆਪਣਾ ਨਿਜੀ
ਜਹਾਜ਼ ਅਤੇ ਹੈਲੀਕਾਪਟਰ ਆਪਣੇ ਖਰਚ ਤੇ ਉਤਰਾਖੰਡ ਦੇ ਮੁੱਖ ਮੰਤ੍ਰੀ ਸ਼੍ਰੀ ਵਿਜੈ
ਬਹੁਗੁਣਾ ਨੂੰ ਸੌਂਪ ਦਿਤੇ, ਤਾਂ ਜੋ ਵਖ-ਵਖ ਥਾਵਾਂ ਤੇ ਫਸੇ ਲੋਕਾਂ ਨੂੰ ਬਚਾਣ
ਅਤੇ ਉਨ੍ਹਾਂ ਤਕ ਲੋੜੀਂਦੀ ਰਾਹਤ ਸਮਿਗ੍ਰੀ ਪਹੁੰਚਾਣ ਲਈ ਉਨ੍ਹਾਂ ਦੀ ਵਰਤੋਂ ਕੀਤੀ
ਜਾ ਸਕੇ। ਦਸਿਆ ਜਾਂਦਾ ਹੈ ਕਿ ਇਸਦੇ ਲਈ ਮੁਖ ਮੰਤਰੀ ਦੇ ਬੇਟੇ ਸੌਰਭ ਬਹੁਗੁਣਾ ਨੇ
ਸ. ਜੌੜਾ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਵੀ ਕੀਤਾ। ਇਸੇ ਤਰ੍ਹਾਂ ਸ. ਜੌੜਾ ਤੋਂ
ਪ੍ਰੇਰਨਾ ਲੈ ਕੁਝ ਹੋਰ ਸਿੱਖ ਵੀ ਸਹਿਯੋਗ ਕਰਨ ਲਈ ਨਿਜੀ ਤੌਰ ਤੇ ਅੱਗੇ ਆ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਉਪਲੱਬਧ
ਕਰਵਾਈਆਂ ਗਈਆਂ ਬਸਾਂ ਅਤੇ ਹੋਰ ਸੇਵਾਵਾਂ ਦੀ ਨਿਗਰਾਨੀ ਮੁੱਖ ਮੰਤਰੀ ਸ. ਪ੍ਰਕਾਸ਼
ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਆਪ ਕਰ ਰਹੇ ਸਨ, ਜਦਕਿ
ਦਿੱਲੀ ਗੁਰਦੁਆਰਾ ਕਮੇਟੀ ਵਲੋਂ ਉਪਲਬੱਧ ਕਰਵਾਈਆਂ ਗਈਆਂ ਸੇਵਾਵਾਂ ਦੀ ਦੇਖ-ਰੇਖ
ਦੀ ਜ਼ਿੰਮੇਦਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਨੇ ਸੰਭਾਲੀ ਹੋਈ
ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਉੱਤਰਾਖੰਡ ਇਕਾਈ ਵਲੋਂ ਕੀਤੀ
ਜਾ ਰਹੀ ਸੇਵਾ ਸੰਭਾਲੀ ਬੈਠੇ ਦਲ ਦੇ ਪ੍ਰਦੇਸ਼ ਮੁਖੀ ਆਪਣੇ ਦਲ ਦੇ ਪ੍ਰਧਾਨ ਸ.
ਪਰਮਜੀਤ ਸਿੰਘ ਸਰਨਾ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਸ਼੍ਰੋਮਣੀ ਅਕਾਲੀ ਦਲ
(ਦਿੱਲੀ-ਯੂਕੇ) ਵਲੋਂ ਦਲ ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ (ਯੂਕੇ) ਦੀ
ਨਿਗਰਾਨੀ ਵਿੱਚ ਸਹਾਇਤਾ ਸਮਿਗ੍ਰੀ ਭੇਜੀ ਜਾ ਰਹੀ ਸੀ। ਉਤਰਾਖੰਡ ਤੋਂ ਮਿਲੀ
ਜਾਣਕਾਰੀ ਦੇ ਅਨੁਸਾਰ ਹਰਿਆਣਾ, ਉਤਰਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ,
ਬੰਗਾਲ ਆਦਿ ਲਗਭਗ ਸਾਰੇ ਰਾਜਾਂ ਦੀਆਂ ਸਿੱਖ ਸੰਸਥਾਂਵਾਂ ਵਲੋਂ ਭੇਜੀ ਜਾ ਰਹੀ
ਸਹਾਇਤਾ ਅਤੇ ਰਾਹਤ ਸਮਿਗ੍ਰੀ ਰਾਜ ਸਰਕਾਰ ਅਤੇ ਸੈਨਿਕ ਅਧਿਕਾਰੀਆਂ ਤਕ ਸਿੱਧੀ
ਪਹੁੰਚ ਰਹੀ ਸੀ। ਇਸਦੇ ਨਾਲ ਹੀ ਵੱਖ-ਵੱਖ ਰਾਜਾਂ ਤੋਂ ਪੁਜੀਆਂ ਸਿੱਖ ਨੌਜਵਾਨਾਂ
ਦੀਆਂ ਟੀਮਾਂ ਰਾਹਤ ਅਤੇ ਮੈਡੀਕਲ ਕੈਂਪ ਲਾ ਸਹਾਇਤਾ ਵਿੱਚ ਜੁਟੀਆਂ ਰਹੀਆਂ।
ਅਫਸੋਸ ਦੀ ਗਲ ਤਾਂ ਇਹ ਹੈ ਕਿ ਸਿੱਖ ਸੰਸਥਾਵਾਂ ਵਲੋਂ ਕੀਤੀ ਗਈ ਸਹਾਇਤਾ ਅਤੇ
ਪਹੁੰਚਾਈ ਗਈ ਰਾਹਤ ਦੀਆਂ ਖਬਰਾਂ ਨੂੰ ਰਾਸ਼ਟਰੀ ਮੀਡੀਆ ਵਲੋਂ ਕੋਈ ਵਿਸ਼ੇਸ਼ ਮਹੱਤਵ
ਨਹੀਂ ਦਿੱਤਾ ਗਿਆ। ਇਸਦਾ ਕਾਰਣ ਕੀ ਰਿਹਾ? ਇਸ ਸਬੰਧ ਵਿੱਚ ਸਿੱਖ ਸੰਸਥਾਵਾਂ ਦੇ
ਮੁਖੀਆਂ ਨੂੰ ਗੰਭੀਰਤਾ ਨਾਲ ਸੋਚ-ਵਿਚਾਰ ਕਰਨੀ ਚਾਹੀਦੀ ਹੈ ਕਿ ਮੀਡੀਆ ਨਾਲ ਸੰਪਰਕ
ਬਣਾਣ ਵਿੱਚ ਸਿੱਖ ਮੁਖੀਆਂ ਦੀ ਆਪਣੀ ਕੋਈ ਚੁਕ ਰਹੀ ਜਾਂ ਇਸਦੇ ਲਈ ਕੋਈ ਹੋਰ ਕਾਰਣ
ਜ਼ਿਮੇਂਦਾਰ ਸੀ?
ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਸਿਧਾਂਤ : ਸਿੱਖ ਧਰਮ ਵਿੱਚ
’ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਦੇ ਸਿਧਾਂਤ ਨੂੰ ਮਾਨਤਾ ਪ੍ਰਾਪਤ ਹੈ, ਅਰਥਾਤ
ਗ਼ਰੀਬ ਦੀ ਸੰਭਾਲ ਕਰਨਾ, ਗੁਰੂ ਦੀ ਗੋਲਕ ਵਿੱਚ ਯੋਗਦਾਨ ਪਾਉਣਾ ਹੈ। ਪਰ ਕਦੀ ਵੀ
ਇਸ ਪਾਸੇ ਧਿਆਨ ਦਿਤਾ ਨਹੀਂ ਗਿਆ। ਅਸੀਂ ਗੁਰੂ ਦੀ ਗੋਲਕ ਵਿੱਚ ਆਪਣੀ ਸਮਰਥਾ ਤੋਂ
ਵੱਧ ਮਾਇਆ ਪਾਣ ਲਈ ਤਿਆਰ ਹੋ ਜਾਂਦੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ ਨਾਲ
ਗੁਰੂ ਖੁਸ਼ ਹੋ, ਸਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਵੇਗਾ ਅਤੇ ਇਸਨੂੰ ਕਈ
ਗੁਣਾਂ ਵੱਧਾ, ਮੋੜ ਵੀ ਦੇਵੇਗਾ। ਇੱਕ ਸਜਣ ਨੇ ਦਸਿਆ ਕਿ ਪਾਰਸੀ ਫਿਰਕੇ
ਦੇ ਲੋਕਾਂ ਵਲੋਂ ਇਕ ਅਜਿਹਾ ਫੰਡ ਕਾਇਮ ਕੀਤਾ ਗਿਆ ਹੋਇਆ ਦਸਿਆ ਜਾਂਦਾ ਹੈ, ਜਿਸ
ਵਿੱਚ ਹਰ ਪਾਰਸੀ ਪਰਿਵਾਰ ਆਪਣੀ ਸਮਰਥਾ ਅਨੁਸਾਰ ਲਗਾਤਾਰ ਹਿਸਾ ਪਾਂਦਾ ਰਹਿੰਦਾ
ਹੈ। ਇਸ ਫੰਡ ਵਿਚੋਂ ਉਹ ਆਰਥਕ ਪਖੋਂ ਕਮਜ਼ੋਰ ਪਾਰਸੀ ਪਰਿਵਾਰਾਂ ਦੇ ਬੱਚਿਆਂ ਨੂੰ
ਉੱਚ ਵਿਦਿਆ ਦੇਣ ਅਤੇ ਬੇ-ਰੁਜ਼ਗਾਰਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਦਿੰਦੇ
ਹਨ। ਜਦੋਂ ਬੱਚੇ ਪੜ੍ਹ-ਲ਼ਿਖ, ਕਮਾਉਣ ਯੋਗ ਹੋ ਜਾਂਦੇ ਹਨ ਅਤੇ ਬੇ-ਰੁਜ਼ਗਾਰ ਚਲਿਆ ਆ
ਰਿਹਾ ਪਰਿਵਾਰ ਕਮਾਣ ਲਗਦਾ ਹੈ, ਤਾਂ ਉਹ ਨਾ ਕੇਵਲ ਲਿਆ ਪੈਸਾ ਵਾਪਸ ਕਰਨ ਲਗਦਾ
ਹੈ, ਸਗੋਂ ਸਾਰਾ ਪੈਸਾ ਵਾਪਸ ਕਰ, ਅਗੋਂ ਵੀ ਆਪਣੀ ਸਮਰਥਾ ਅਨੁਸਾਰ, ਉਸ ਫੰਡ ਵਿੱਚ
ਹਿਸਾ ਪਾਣ ਲਗਦਾ ਹੈ, ਤਾਂ ਜੋ ਉਸਦੇ ਫਿਰਕੇ ਦੇ ਲੋੜਵੰਦਾਂ ਦੀ ਮਦਦ ਦਾ ਜੋ ਕਾਰਜ
ਸ਼ੁਰੂ ਕੀਤਾ ਗਿਆ ਹੋਇਆ ਹੈ, ਉਸ ਵਿੱਚ ਕਦੀ ਵੀ ਰੁਕਾਵਟ ਨਾ ਪਏ। ਇਹੀ ਕਾਰਣ ਹੈ ਕਿ
ਤੁਹਾਨੂੰ ਕੋਈ ਵੀ ਪਾਰਸੀ ਅਨਪੜ੍ਹ, ਬੇ-ਰੁਜ਼ਗਾਰ ਜਾਂ ਮੰਗਤਾ ਨਜ਼ਰ ਨਹੀਂ ਆਇਗਾ।
ਉਨ੍ਹਾਂ ਕਿਹਾ ਕਿ ਪਾਰਸੀ ਨਾ ਕੇਵਲ ਆਪਣੇ ਮਜ਼ਬੂਤ ਪੈਰਾਂ ਪੁਰ ਹਨ, ਸਗੋਂ ਉਨ੍ਹਾਂ
ਵਿੱਚ ਇਕ-ਦੂਜੇ ਪ੍ਰਤੀ ਹਮਦਰਦੀ ਦੀ ਭਾਵਨਾ ਵੀ ਹੈ ਅਤੇ ਭਾਈਚਾਰਕ ਸਾਂਝ ਵੀ। ਉਸ
ਸਜਣ ਨੇ ਇਹ ਕੁਝ ਦਸਣ ਤੋਂ ਬਾਅਦ ਪੁਛਿਆ ਕਿ ਕੀ ਸਿੱਖ ਕੋਈ ਅਜਿਹਾ ਫੰਡ ਕਾਇਮ
ਨਹੀਂ ਕਰ ਸਕਦੇ? ਗੁਰੂ ਸਾਹਿਬਾਂ ਨੇ ਤਾਂ ਸਿੱਖਾਂ ਨੂੰ ਅਰੰਭ ਤੋਂ ਹੀ ਵੰਡ ਛਕਣ
ਦੀ ਸਿਖਿਆ ਦਿਤੀ ਹੈ। ਇੱਕ ਹੋਰ ਸਜੱਣ ਨੇ ਕਿਹਾ ਕਿ ਸਿੱਖਾਂ ਦੀ ਹਰ ਸੰਸਥਾ ਪਾਸ
ਆਪਣੇ ਫੰਡ ਹਨ, ਕਈ ਧਾਰਮਕ ਸੰਸਥਾਵਾਂ ਪਾਸ ਤਾਂ ਕਰੋੜਾਂ ਦੇ ਫੰਡ ਹਨ। ਉਨ੍ਹਾਂ ਦੇ
ਮੁੱਖੀ ਵਿਦਿਆ ਅਤੇ ਲੋਕ ਸੇਵਾਵਾਂ ਦੇ ਖੇਤਰ ਵਿੱਚ ਵਿਸਥਾਰ ਕਰਨ ਦਾ ਦਾਅਵਾ ਵੀ
ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਵਲੋਂ ਆਰਥਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ
ਦੀ ਸੰਭਾਲ ਕਰਨ ਤੇ ਉਨ੍ਹਾਂ ਨੂੰ ਉੱਚ ਵਿਦਿਆ ਦੁਆਉਣ ਵਲ ਕੋਈ ਧਿਆਨ ਨਹੀਂ ਦਿਤਾ
ਜਾਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਲੋਂ ਜੋ ਸਹਾਇਤਾ ਪ੍ਰਾਪਤ ਸਕੂਲ
ਚਲਾਏ ਜਾ ਰਹੇ ਹਨ ਅਤੇ ਜਿਨ੍ਹਾਂ ਵਿੱਚ ਗ਼ਰੀਬ ਪਰਿਵਾਰਾਂ ਦੇ ਬੱਚੇ ਹੀ ਮੁੱਖ ਰੂਪ
ਵਿੱਚ ਸਿਖਿਆ ਪ੍ਰਾਪਤ ਕਰਦੇ ਹਨ, ਉਨ੍ਹਾਂ ਦੇ ਮੁੱਖੀ ਉਨ੍ਹਾਂ ਦਾ ਪੱਧਰ ਉਚਿਆਣ ਵਲ
ਧਿਆਨ ਦੇਣ ਦੀ ਬਜਾਏ, ਉਨ੍ਹਾਂ ਨੂੰ ਬੰਦ ਕਰ, ਅਜਿਹੇ ਪਬਲਿਕ ਸਕੂਲ ਖੋਲ੍ਹਣਾ
ਚਾਹੁੰਦੇ ਹਨ, ਜਿਨ੍ਹਾਂ ਵਿੱਚ ਅਮੀਰਾਂ ਦੇ ਹੀ ਬੱਚੇ ਸਿਖਿਆ ਪ੍ਰਾਪਤ ਕਰ ਸਕਣ।
ਦੋ
ਸ਼ਖਸੀਅਤਾਂ ਵਿੱਚ ਅੰਤਰ : ਪਿਛਲੇ ਦਿਨੀਂ ਕੁਝ ਗੈਰ-ਰਾਜਸੀ ਵਿਅਕਤੀਆਂ ਦੀ
ਬੈਠਕ ਵਿੱਚ ਅਚਾਨਕ ਇਹ ਸੁਆਲ ਉਠ ਖੜਾ ਹੋਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ
ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਿੱਚ ਕੀ
ਫਰਕ ਹੈ? ਇਸਦਾ ਜਵਾਬ ਦਿੰਦਿਆਂ ਇਕ ਸਜੱਣ ਕਹਿਣ ਲਗਾ ਕਿ ਨਰਿੰਦਰ ਮੋਦੀ
ਦੇਸ਼-ਵਿਦੇਸ਼ ਵਿੱਚ ਕਿਧਰੇ ਵੀ ਜਾਏ ਗੁਜਰਾਤੀ ਖਾਣੇ ਨੂੰ ਹੀ ਪਸੰਦ ਕਰਦਾ ਹੈ, ਜਦਕਿ
ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿੱਚ ਵੀ ਹੋਵੇ ਤਾਂ ਵੀ ਉਸਨੂੰ ਪੰਜਾਬ ਦੀਆਂ
ਮਝਾਂ ਨਾਲੋਂ ਗੁਜਰਾਤ ਦੀਆਂ ਮਝਾਂ ਦਾ ਦੁੱਧ ਸ਼ਕਤੀਦਾਇਕ ਲਗਦਾ ਹੈ। ਬਸ ਇਹੀ ਫਰਕ
ਹੈ ਕਿ ਨਰਿੰਦਰ ਮੋਦੀ ਜਿਥੇ ਵੀ ਜਾਏ ਗੁਜਰਾਤ ਨੂੰ ਨਹੀਂ ਭੁਲਦਾ ਅਤੇ ਪ੍ਰਕਾਸ਼
ਸਿੰਘ ਬਾਦਲ ਪੰਜਾਬ ਵਿੱਚ ਹੁੰਦਿਆਂ ਹੋਇਆਂ ਵੀ ਪੰਜਾਬ ਨੂੰ ਭੁਲ ਜਾਂਦਾ ਹੈ।
Jaswant Singh Ajit, 64-C, U & V / B,
Shalimar Bagh, DELHI-11 00 88
Mobile : +91 98 68 91 77 31
jaswantsinghajit@gmail.com |