|
ਰਾਹੁਲ ਗਾਂਧੀ |
ਸਰਬ ਭਾਰਤੀ ਕਾਂਗਰਸ ਕਮੇਟੀ ਦਾ ਜੈਪੁਰ ਆਤਮ ਚਿੰਤਨ ਕੈਂਪ ਰਾਹੁਲ ਗਾਂਧੀ ਨੂੰ
ਸਰਵਪ੍ਰਵਾਣਤ ਲੀਡਰ ਬਣਾਉਣ ਲਈ ਹੀ ਆਯੋਜਤ ਕੀਤਾ ਗਿਆ ਸੀ। ਇਸ ਕੈਂਪ ਵਿੱਚ ਕੁਲ
320 ਡੈਲੀਗੇਟ ਬੁਲਾਏ ਗਏ ਸਨ, ਜਿਹਨਾਂ ਵਿੱਚੋਂ 120 ਰਾਹੁਲ ਬਰੀਗੇਡ ਦੇ ਯੂਥ
ਕਾਂਗਰਸ ਅਤੇ NSUI ਦੇ ਮੈਂਬਰ ਸਨ। ਬਾਕੀ
ਮੈਂਬਰਾਂ ਵਿੱਚ ਕਾਂਗਰਸ ਕਾਰਜਕਾਰਣੀ ਦੇ ਮੈਂਬਰ, ਕੇਂਦਰੀ ਮੰਤਰੀ ,ਰਾਜਾਂ ਦੇ
ਮੁੱਖ ਮੰਤਰੀ, ਕਾਂਗਰਸ ਵਿਧਾਨਕਾਰ ਵਿਰੋਧੀ ਪਾਰਟੀ
ਦੇ ਮੁਖੀ, ਰਾਜਾਂ ਦੇ ਪ੍ਰਧਾਨ ਅਤੇ ਫਰੰਟਲ
ਵਿੰਗਾਂ ਦੇ ਮੁਖੀ ਆਦਿ ਹੀ ਬੁਲਾਏ ਗਏ ਸਨ। ਦੋ ਦਿਨ 18 ਅਤੇ 19 ਜਨਵਰੀ ਨੂੰ
ਇਸ ਕੈਂਪ ਵਿੱਚ ਪਾਰਟੀ ਦੀ ਮਜਬੂਤੀ ਅਤੇ ਇਸਨੂੰ ਵਰਤਮਾਨ ਸਮੇਂ ਵਿੱਚ ਸਾਰਥਕ
ਬਣਾਉਣ ਲਈ ਭਰਪੂਰ ਵਿਚਾਰ ਵਟਾਂਦਰਾ ਹੋਇਆ ਪ੍ਰੰਤੂ ਇਸ ਵਿਚਾਰ ਚਰਚਾ ਦਾ ਮੁੱਖ
ਮੁਦਾ ਰਾਹੁਲ ਗਾਂਧੀ ਨੂੰ ਉਪ ਪ੍ਰਧਾਨ ਬਣਾਕੇ ਉਭਾਰਨ ਤੱਕ ਹੀ ਸੀਮਤ ਰਿਹਾ।
ਸਾਰੇ ਮੁੱਖ ਲੀਡਰਾਂ ਨੇ ਇੱਕ ਆਵਾਜ ਵਿੱਚ ਰਾਹੁਲ ਨੂੰ ਸਿਆਸੀ ਤਾਕਤ ਦੇਣ ਦੀ
ਹੀ ਵਕਾਲਤ ਕੀਤੀ ਕਾਂਗਰਸ ਵਰਕਿੰਗ ਕਮੇਟੀ ਨੇ ਸ਼੍ਰੀ
A K ਐਂਟਨੀ ਵਲੋਂ ਰਾਹੁਲ ਗਾਂਧੀ ਨੂੰ ਪਾਰਟੀ ਨੂੰ
ਮਜਬੂਤ ਕਰਨ ਲਈ ਉਪ ਪ੍ਰਧਾਨ ਬਣਾਉਣ ਦਾ ਮਤਾ ਤਜਵੀਜ ਕੀਤਾ, ਜਿਸਨੂੰ ਸਰਬਸੰਮਤੀ
ਨਾਲ ਸ਼੍ਰੀਮਤੀ ਸੋਨੀਆਂ ਗਾਂਧੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਨੇ ਪ੍ਰਵਾਨ ਕਰ
ਲਿਆ ਹੈ। ਇਸ ਤੋਂ ਬਾਅਦ 20 ਜਨਵਰੀ ਨੂੰ ਹੋਈ ਸਰਬ
ਭਾਰਤੀ ਕਾਂਗਰਸ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਨੇ ਇਸਦੀ ਪੁਸ਼ਟੀ ਕਰ
ਦਿੱਤੀ, ਜਿਸ ਵਿੱਚ AICC
ਦੇ 1200 ਮੈਂਬਰਾਂ ਨੇ ਹਿੱਸਾ ਲਿਆ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ
ਰਾਹੁਲ ਗਾਂਧੀ ਕਾਂਗਰਸ ਪਾਰਟੀ ਦੀ ਮਜਬੂਤੀ ਅਤੇ ਇਸੇ ਸਾਲ ਆਉਣ ਵਾਲੀਆਂ 10 ਵਿਧਾਨ
ਸਭਾਵਾਂ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਕੋਈ ਚਮਤਕਾਰ ਕਰਨ
ਵਿੱਚ ਕਾਮਯਾਬ ਹੋ ਸਕਣਗੇ? ਸ਼੍ਰੀ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਸ਼੍ਰੀਮਤੀ
ਸੋਨੀਆਂ ਗਾਂਧੀ ਨੇ ਸਦਮੇ ਦੌਰਾਨ ਸਿਆਸਤ ਵਿੱਚ ਪ੍ਰਵੇਸ਼ ਕਰਨ ਤੋਂ ਪਾਸਾ ਵੱਟ ਲਿਆ
ਸੀ ਪ੍ਰੰਤੂ ਰਾਜੀਵ ਗਾਂਧੀ ਦੇ ਕਤਲ ਦੇ ਪੂਰੇ ਅੱਠ ਸਾਲ ਬਾਅਦ 1998 ਵਿੱਚ ਰਾਜੀਵ
ਗਾਂਧੀ ਦੇ ਸਪੋਰਟਰਾਂ ਦੇ ਜ਼ੋਰ ਪਾਉਣ ਤੇ ਕਾਂਗਰਸ ਪਾਰਟੀ ਦੀ ਵਾਗ ਡੋਰ
ਉਹਨਾਂ ਨੇ ਸੰਭਾਲ ਲਈ ਸੀ। ਉਸ ਤੋਂ ਬਾਅਦ ਜਦੋਂ 2004 ਵਿੱਚ ਕਾਂਗਰਸ ਪਾਰਟੀ ਨੂੰ
ਕੇਂਦਰ ਵਿੱਚ ਗੱਠਜੋੜ ਦੀ ਸਾਂਝੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਸਾਰੇ ਸੋਚ
ਰਹੇ ਸਨ ਕਿ ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਪ੍ਰੰਤੂ ਸ਼੍ਰੀਮਤੀ ਸੋਨੀਆਂ
ਗਾਂਧੀ ਨੇ ਤਿਆਗ ਦਾ ਸਬੂਤ ਦਿੰਦਿਆਂ ਡਾ: ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ
ਮੰਤਰੀ ਬਣਾ ਦਿੱਤਾ। ਇਸ ਕਰਕੇ ਸੋਨੀਆਂ ਗਾਂਧੀ ਦਾ ਕੱਦ ਬੁੱਤ ਹੋਰ ਉੱਚਾ ਹੋ ਗਿਆ।
ਸ਼੍ਰੀ ਰਾਹੁਲ ਗਾਂਧੀ ਵੀ ਅਮੇਠੀ ਲੋਕ ਸਭਾ ਹਲਕੇ ਤੋਂ 2004 ਵਿੱਚ ਲੋਕ ਸਭਾ ਲਈ
ਚੁਣੇ ਗਏ , ਜਿੱਥੋਂ ਪਹਿਲਾਂ ਰਾਜੀਵ ਗਾਂਧੀ ਚੁਣੇ ਜਾਂਦੇ ਸਨ।ਉਸ ਸਮੇਂ ਵੀ ਰਾਹੁਲ
ਗਾਂਧੀ ਨੇ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾ ਕਾਂਗਰਸ ਪਾਰਟੀ ਦੇ ਕੰਮ
ਕਾਜ ਅਤੇ ਸਿਆਸਤ ਵਿੱਚ ਪਰਪੱਕ ਹੋਣ ਦੀ ਸਿਖਿਆ ਲੈਣੀ ਸ਼ੁਰੂ ਕਰ ਦਿੱਤੀ। ਕਾਂਗਰਸ
ਪਾਰਟੀ ਦੇ ਸਾਰੇ ਤਾਣੇ ਬਾਣੇ ਨੂੰ ਸਮਝਣ ਤੋਂ ਬਾਅਦ ਆਪਨੂੰ 2007 ਵਿੱਚ ਸਰਬ
ਭਾਰਤੀ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਆਪਨੇ ਕਾਂਗਰਸ ਦੇ
ਫਰੰਟਲ ਵਿੰਗਜ ਨੂੰ ਚੁੱਸਤ ਦਰੁੱਸਤ ਕਰਨ ਦੀ ਜਿੰਮੇਵਾਰੀ ਲੈ ਲਈ, ਜਿਸ
ਵਿੱਚੋਂ ਵਿਸ਼ੇਸ਼ ਤੌਰ ਤੇ ਯੂਥ ਵਿੰਗ ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ
ਆਫ ਇੰਡੀਆ, ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਕਾਂਗਰਸ ਦੀ ਦੂਜੀ ਪੀੜ੍ਹੀ ਦੀ
ਲੀਡਰਸ਼ਿਪ ਪੈਦਾ ਨਹੀਂ ਹੋ ਰਹੀ ਅਤੇ ਬਜੁਰਗ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਰਹੇ,
ਬਜੁਰਗ ਸਮਝਦੇ ਹਨ ਕਿ ਉਹਨਾ ਦਾ ਹੀ ਏਕਾ ਅਧਿਕਾਰ ਹੈ ਤੇ ਉਹਨਾ ਦਾ ਕੋਈ ਬਦਲ ਹੀ
ਨਹੀਂ। ਆਪਨੂੰ ਕਾਂਗਰਸ ਪਾਰਟੀ ਦੀ ਸਰਬ ਉੱਚ ਬਾਡੀ ਵਰਕਿੰਗ ਕਮੇਟੀ ਦਾ ਵੀ
ਮੈਂਬਰ ਬਣਾ ਦਿੱਤਾ ਗਿਆ। ਜਿਸ ਤਰ੍ਹਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੇ ਕਾਰਜ
ਕਾਲ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਹਰ ਸਮੇਂ ਆਪਣੇ ਨਾਲ ਰੱਖਕੇ ਸਿਆਸਤ ਦੀ
ਸਿਖਿਆ ਦਿੱਤੀ ਸੀ, ਉਸੇ ਤਰਜ ਤੇ ਸ਼੍ਰੀਮਤੀ ਸੋਨੀਆਂ ਗਾਂਧੀ ਨੇ 1998 ਤੋਂ ਜਦੋਂ
ਤੋਂ ਉਹਨਾ ਕਾਂਗਰਸ ਪਾਰਟੀ ਦੀ ਵਾਗ ਡੋਰ ਸੰਭਾਲੀ ਸੀ ਆਪਣੇ ਨਾਲ ਰੱਖਕੇ ਸਿਆਸਤ ਦੀ
ਗੁੜ੍ਹਤੀ ਦਿੰਦੇ ਰਹੇ।
ਰਾਜੀਵ ਗਾਂਧੀ ਨੂੰ ਇੱਕ ਦਿਨ ਵਿੱਚ ਹੀ ਆਪਣੀ ਮਾਂ ਦੇ ਕਤਲ ਤੋਂ ਬਾਅਦ ਸਿਆਸਤ
ਵਿੱਚ ਆਉਣਾ ਪਿਆ ਸੀ ਪ੍ਰੰਤੂ ਰਾਹੁਲ ਗਾਂਧੀ ਬਾਕਾਇਦਾ ਸਿਖਿਆ ਲੈ ਕੇ ਸਿਆਸਤ ਵਿੱਚ
ਆਏ ਹਨ। ਆਪਨੇ ਸ਼੍ਰੀ ਸੰਜੇ ਗਾਂਧੀ ਅਤੇ ਸ਼੍ਰੀ ਰਾਜੀਵ ਗਾਂਧੀ ਦੀ ਤਰ੍ਹਾਂ
ਨੌਜਵਾਨਾਂ ਨੂੰ ਪਾਰਟੀ ਅਤੇ ਸਰਕਾਰ ਵਿੱਚ ਵਧੇਰੇ ਪ੍ਰਤੀਨਿਧਤਾ ਦੇਣ ਅਤੇ ਪਾਰਟੀ
ਦੀ ਦੂਜੀ ਪੀੜ੍ਹੀ ਦੀ ਲੀਡਰਸ਼ਿਪ ਪੈਦਾ ਕਰਨ ਦਾ ਨਵਾਂ ਉਪਰਾਲਾ ਸ਼ੁਰੂ ਕਰਕੇ,
ਵਿਦੇਸ਼ੀ ਤਰਜ ਤੇ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਪਿੰਡ,ਵਿਧਾਨ ਸਭਾ ਤੇ ਲੋਕ ਸਭਾ
ਹਲਕਾ, ਜਿਲ੍ਹਾ ਅਤੇ ਰਾਜ ਪੱਧਰ ਤੇ ਹੋਰ ਅਹੁਦੇਦਾਰਾਂ ਦੀ ਪਰਜਾਤੰਤਰਿਕ ਢੰਗ ਨਾਲ
ਮੈਂਬਰਸ਼ਿਪ ਬਣਾਕੇ ਚੋਣਾਂ ਕਰਵਾਈਆਂ। ਇਸ ਤਰ੍ਹਾਂ ਕਰਨ ਨਾਲ ਪਾਰਟੀ ਹੋਰ ਮਜਬੂਤ
ਹੋਈ। ਸਭ ਤੋਂ ਪਹਿਲਾਂ ਪੰਜਾਬ ਵਿੱਚ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਚੋਣ
ਕਰਵਾਈ ਅਤੇ ਆਪ ਖੁਦ ਚੋਣ ਸਮੇਂ ਅੰਮਿ੍ਰਤਸਰ ਪਹੁੰਚੇ। ਇਸ ਮੀਟਿੰਗ ਵਿੱਚ ਸ਼੍ਰੀ
ਰਵਨੀਤ ਸਿੰਘ ਬਿਟੂ ਪੰਜਾਬ ਯੂਥ ਕਾਂਗਬਸ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ
ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤਾਂ ਦੇਸ਼ ਵਿੱਚੋਂ 100 ਦੇ ਕਰੀਬ ਨੌਜਵਾਨਾਂ ਨੂੰ
ਲੋਕ ਸਭਾ ਦੀਆਂ ਟਿਕਟਾਂ ਦਵਾਈਆਂ, ਜਿਹਨਾਂ ਵਿੱਚੋਂ 60 ਦੇ ਕਰੀਬ ਨੌਜਵਾਨ ਲੋਕ
ਸਭਾ ਦੇ ਮੈਂਬਰ ਚੁਣੇ ਗਏ। ਇਸਤੋਂ ਬਾਅਦ ਜਿੰਨੀਆਂ ਵਿਧਾਨ ਸਭਾ ਦੀਆਂ ਚੋਣਾਂ
ਹੋਈਆਂ ਹਨ, ਉਥੇ ਵੀ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਆਪਨੇ ਸਮੁੱਚੇ
ਭਾਰਤ ਵਿੱਚ ਚੋਣ ਪ੍ਰਚਾਰ ਵੀ ਕੀਤਾ। ਇਸਤੋਂ ਬਾਅਦ ਆਪਨੂੰ ਅਗਸਤ 2011 ਵਿੱਚ
ਸੋਨੀਆਂ ਗਾਂਧੀ ਦੇ ਇਲਾਜ ਲਈ ਵਿਦੇਸ਼ ਜਾਣ ਤੇ ਪਾਰਟੀ ਦੇ ਕੰਮ ਕਾਜ ਦੀ ਜਿੰਮੇਵਾਰੀ
ਦਿੱਤੀ ਗਈ। ਮਾਰਚ ਅਪ੍ਰੈਲ 2012 ਵਿੱਚ ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ
ਵਿੱਚ ਵੀ ਆਪ ਸਟਾਰ ਕੰਪੇਨਰ ਸਨ। ਪਿਛੇ ਜਹੇ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ
ਵਿੱਚ ਵੀ ਆਪਨੇ ਚੋਣ ਪ੍ਰਚਾਰ ਦੀ ਜਿੰਮੇਵਾਰੀ ਸੰਭਾਲੀ। ਇਹਨਾ ਦੋਹਾਂ ਵਿਧਾਨ
ਸਭਾਵਾਂ ਦੇ ਨਤੀਜੇ ਤਾਂ ਬਹੁਤੇ ਕਾਂਗਰਸ ਦੇ ਪੱਖ ਵਿੱਚ ਨਹੀਂ ਰਹੇ ਪ੍ਰੰਤੂ ਰਾਹੁਲ
ਗਾਂਧੀ ਦੇ ਸਿਆਸੀ ਤਜਰਬੇ ਵਿੱਚ ਜਰੂਰ ਨਿਖਾਰ ਆਇਆ ਹੈ। ਹਿਮਾਚਲ ਪ੍ਰਦੇਸ਼ ਦੀਆਂ
ਵਿਧਾਨ ਸਭਾ ਚੋਣਾਂ ਵਿੱਚ ਵੀ ਆਪਨੇ ਅਹਿਮ ਭੂਮਿਕਾ ਨਿਭਾਈ ਜਿਸ ਕਰਕੇ ਉਥੇ ਕਾਂਗਰਸ
ਪਾਰਟੀ ਦੀ ਸਰਕਾਰ ਬਣੀ ।
ਬੜੇ ਲੰਮੇ ਸਮੇ ਤੋਂ ਚਾਪਲੂਸੀ ਕਰਨ ਵਾਲੇ ਲੀਡਰ ਰਾਹੁਲ ਗਾਂਧੀ ਨੂੰ ਪ੍ਰਧਾਨ
ਮੰਤਰੀ ਬਣਾਉਣ ਦੇ ਬਿਆਨ ਦਾਗ ਰਹੇ ਹਨ ਪ੍ਰੰਤੂ ਰਾਹੁਲ ਗਾਂਧੀ ਅਜੇ ਤੱਕ ਹਮੇਸ਼ਾ ਦੀ
ਤਰ੍ਹਾਂ ਟੱਸ ਤੋਂ ਮੱਸ ਨਹੀਂ ਹੋ ਰਹੇ ਸਨ ਕਿਉਂਕਿ ਉਹ ਪੌੜੀ ਦਰ ਪੌੜੀ ਚੜ੍ਹਕੇ ਹੀ
ਸਿਆਸਤ ਦੀ ਸਿਖਰ ਤੇ ਪਹੁੰਚਣਾ ਚਾਹੁੰਦੇ ਸਨ। 18 ਤੋਂ 20 ਜਨਵਰੀ ਤੱਕ ਜੈਪੁਰ ਦੇ
B M ਬਿਰਲਾ ਆਡੋਟੋਰੀਅਮ ਵਿੱਚ ਹੋਏ ਤਿੰਨ
ਰੋਜਾ ਆਤਮ ਚਿੰਤਨ ਕੈਂਪ ਵਿੱਚ ਵੀ ਬਹੁਤ ਸਾਰੇ ਬੁਲਾਰਿਆਂ ਨੇ ਰਾਹੁਲ ਗਾਂਧੀ ਨੂੰ
ਦੇਸ਼ ਦੀ ਅਗਵਾਈ ਕਰਨ ਦੀਆਂ ਤਕਰੀਰਾਂ ਕੀਤੀਆਂ ਪ੍ਰੰਤੂ ਸਭ ਤੋਂ ਵੱਧ ਬੜਬੋਲੇ ਅਤੇ
ਰਾਹੁਲ ਗਾਂਧੀ ਦੇ ਚਹੇਤੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਪਾਰਟੀ ਦੇ ਅਹੁਦੇ ਦੀ
ਵਕਾਲਤ ਕੀਤੀ ਪ੍ਰੰਤੂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰੀ ਤੋਂ ਇਨਕਾਰ
ਕੀਤਾ। ਰਾਹੁਲ ਗਾਂਧੀ ਨੇ ਇਸ ਕੈਂਪ ਵਿੱਚ 30 ਫੀ ਸਦੀ ਪਾਰਟੀ ਅਤੇ ਸਰਕਾਰ ਵਿੱਚ
ਨੌਜਵਾਨਾਂ ਨੂੰ ਪ੍ਰਤੀਨਿਧਤਾ ਦੇਣ ਦੀ ਵਕਾਲਤ ਕੀਤੀ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਮੰਤਰੀਆਂ ਨੂੰ ਜਿਲ੍ਹਿਆਂ ਦੇ ਇਨਚਾਰਜ ਬਣਾਕੇ
ਜਵਾਬਦੇਹ ਬਣਾਇਆ ਜਾਵੇਗਾ। ਉਹਨਾ ਪਾਰਟੀ ਦੇ ਛੋਟੇ
ਪੱਧਰ ਦੇ ਲੀਡਰਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਕਹਿੰਦੇ ਹੋਏ ,ਉਹਨਾ ਦਾ ਪੂਰਾ
ਮਾਣ ਸਨਮਾਨ ਕਰਨ ਦੀ ਵੀ ਗੱਲ ਕੀਤੀ। ਪਾਰਟੀ ਨੂੰ
ਜਿਤਾਉਣ ਲਈ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ
ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਲਗਾਤਾਰ ਦੋ ਵਾਰ ਚੋਣ ਹਾਰੇ ਹੋਏ ਉਮੀਦਵਾਰਾਂ
ਨੂੰ ਟਿਕਟਾਂ ਨਹੀਂ ਦਿਤੀਆਂ ਜਾਣਗੀਆਂ, ਉਹਨਾਂ ਦੀ
ਥਾਂ ਤੇ ਨੌਜਵਾਨਾ ਨੂੰ ਟਿਕਟਾਂ ਦਿਤੀਆਂ ਜਾਣਗੀਆਂ।
ਹਵਾਈ ਉਮੀਦਵਾਰਾਂ ਦੀ ਥਾਂ ਜਮੀਨੀ ਪੱਧਰ ਦੇ ਸਿਆਸੀ ਪਰਿਵਾਰਾਂ ਤੋਂ ਬਾਹਰ
ਦੇ ਜਿੱਤਣ ਵਾਲੇ ਤੇ ਪਾਰਟੀ ਦੇ ਵਫਾਦਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਸਿਆਸਤ ਵਿੱਚ ਪਰਿਵਾਰਵਾਦ ਖਤਮ ਕੀਤਾ ਜਾਵੇਗਾ ਭਾਵੇਂ ਉਹ ਖੁਦ
ਪਰਿਵਾਰਵਾਦ ਦੀ ਹੀ ਉਪਜ ਹਨ ਅਤੇ ਬਹੁਤ ਸਾਰੇ ਉਹਨਾ ਦੇ ਆਲੇ ਦੁਆਲੇ ਜਿਹੜੇ ਨੇਤਾ
ਹਨ ਉਹ ਵੀ ਸਿਆਸੀ ਪਰਿਵਾਰਾਂ ਵਿੱਚੋਂ ਤੇ ਆਮ ਆਦਮੀ ਦੀ ਥਾਂ ਸ਼ਾਹੀ ਪਰਿਵਾਰਾਂ
ਵਿੱਚੋਂ ਹੀ ਹਨ। ਜਿਹੜੇ ਰਾਜਾਂ ਵਿੱਚ
ਕਾਂਗਰਸ ਕਮਜੋਰ ਹੈ ਉਥੇ ਕਾਂਗਰਸ ਦੀ ਵਾਗ ਡੋਰ ਨੌਜਵਾਨਾਂ ਦੇ ਹੱਥ ਦਿਤੀ ਜਾਵੇਗੀ।
ਪਾਰਟੀ ਵਿੱਚ ਅਨੁਸ਼ਾਸ਼ਨ ਅਤੇ ਏਕਤਾ ਤੇ ਜੋਰ ਦਿੱਤਾ ਜਾਵੇਗ। ਰਾਜਾਂ ਵਿੱਚ
ਕਾਂਗਰਸ ਦੇ ਮੁੱਖੀ ਅਤੇ ਜਿਲ੍ਹਾ ਪ੍ਰਧਾਨ ਚੋਣ ਨਹੀਂ ਲੜਨਗੇ ਸਗੋਂ ਉਹ ਚੋਣਾਂ
ਲੜਾਕੇ ਉਮੀਦਵਾਰਾਂ ਨੂੰ ਜਿਤਾਉਣਗੇ। ਪ੍ਰਧਾਨਾਂ ਦੀ ਵੱਧ ਤੋਂ ਵੱਧ ਮਿਆਦ ਤਿੰਨ
ਸਾਲ ਹੋਵੇਗੀ।
ਪਾਰਟੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਨੇ ਵੀ ਇਸ ਕੈਂਪ ਵਿੱਚ ਆਪਣੇ
ਸੰਬੋਧਨ ਵਿੱਚ ਕਿਹਾ ਕਿ ਚਿੰਤਾ ਵਾਲੀ ਗੱਲ ਹੈ ਕਿ ਕਾਂਗਰਸ ਦੀ ਰਵਾਇਤੀ ਵੋਟ ਬੈਂਕ
ਨੂੰ ਖੋਰਾ ਲੱਗ ਚੁੱਕਾ ਹੈ। ਇਸਤਰੀਆਂ ਦਾ ਸਤਿਕਾਰ
ਅਤੇ ਰਾਜਨੀਤਕ ਸ਼ਕਤੀ ਦੇਣ ਲਈ ਪਾਰਟੀ ਲੀਡਰ ਆਪਣੀ ਮਾਨਸਿਕਤਾ ਬਦਲ ਲੈਣ,
ਨੌਜਵਾਨਾਂ ਅਤੇ ਸ਼ੋਸ਼ਲ ਮੀਡੀਆ ਦੀ ਤਾਕਤ ਨੂੰ ਅਣਡਿਠ ਨਾ ਕਰਨ,
ਭਰਿਸ਼ਟਾਚਾਰ ਦੀ ਲਾਹਣਤ ਖਤਮ ਹੋਵੇ, ਸ਼ਾਨੋ
ਸ਼ੌਕਤ ਅਤੇ ਐਸ਼ੋ ਇਸ਼ਰਤ ਦਾ ਜੀਵਨ ਛੱਡਕੇ ਸਾਦਗੀ ਦਾ ਪੱਲਾ ਫੜਿਆ ਜਾਵੇ,
ਅਹੰਕਾਰ ਨੂੰ ਗਲੋਂ ਉਤਾਰਿਆ ਜਾਵੇ ਅਤੇ ਆਪਸੀ ਏਕਤਾ ਦਾ ਸਬੂਤ ਦਿੱਤਾ
ਜਾਵੇ, ਸਮੇਂ ਦੀ ਨਬਜ ਨੂੰ ਪਛਾਣੋ ਅੰਨਾ ਹਜ਼ਾਰੇ
ਅਤੇ ਦਿੱਲੀ ਵਿੱਚ ਇੱਕ ਲੜਕੀ ਦੇ ਬਲਾਤਕਾਰ ਤੋਂ ਬਾਅਦ ਨੌਜਵਾਨਾ ਅਤੇ ਇਸਤਰੀਆਂ ਦੀ
ਇੱਕਮੁਠਤਾ ਤੋਂ ਸਬਕ ਸਿਖਿਆ ਜਾਵੇ ਆਦਿ ਮਹੱਤਵਪੂਰਨ ਨੁਕਤੇ ਉਹਨਾ ਦੇ ਗੁੱਸੇ ਦਾ
ਇਜਹਾਰ ਕਰਦੇ ਸਨ। ਉਹਨਾਂ ਗੱਠਜੋੜ ਦੀ ਸਿਆਸਤ ਤੇ ਵੀ ਜੋਰ ਦਿੰਦਿਆਂ ਕਿਹਾ ਕਿ
ਪਾਰਟੀ ਦੇ ਅਸੂਲਾਂ ਨੂੰ ਛਿੱਕੇ ਤੇ ਨਹੀਂ ਟੰਗਿਆ ਜਾਵੇਗਾ।ਲੀਡਰ ਆਪਣੀਆਂ ਸਿਆਸੀ
ਤੇ ਸਮਾਜਕ ਖਾਹਸ਼ਾਂ ਤੇ ਵੀ ਕਾਬੂ ਪਾਉਣ। ਸ਼੍ਰੀਮਤੀ ਗਾਂਧੀ ਨੇ ਇਸਤੋਂ ਪਹਿਲਾਂ ਹੋਏ
ਚਿੰਤਕ ਕੈਂਪਾਂ ਜਿਹਨਾਂ ਵਿੱਚ ਪੰਚਮੜੀ 1998,
ਸ਼ਿਮਲਾ 2003, ਬਰਾਰੀ ਦਸੰਬਰ 2010 ਵਿੱਚ ਵੀ
ਅਜਿਹੇ ਸਾਦਗੀ ਗ੍ਰਹਿਣ ਕਰਨ ਅਤੇ ਐਸ਼ੋ ਆਰਾਮ ਨੂੰ ਤਿਆਗਣ ਲਈ ਭਾਸ਼ਣ ਦਿੱਤੇ ਸਨ। ਆਮ
ਆਦਮੀ ਦਾ ਪੱਲਾ ਫੜਨ ਲਈ ਕਿਹਾ ਸੀ ਪ੍ਰੰਤੂ ਪੰਚਾਇਤ ਦਾ ਕਿਹਾ ਸਿਰ ਮੱਥੇ ,
ਪ੍ਰਨਾਲਾ ਉਥੇ ਦਾ ਉਥੇ ਦੀ ਕਹਾਵਤ ਹੀ ਸਹੀ ਰਹੀ।
ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਰਾਹੁਲ ਗਾਂਧੀ ਇਹਨਾ ਐਲਾਨਾ ਤੇ
ਪਹਿਰਾ ਦਿੰਦੇ ਹਨ ਜਾਂ ਹਰ ਵਾਰ ਦੀ ਤਰ੍ਹਾਂ ਨੇਤਾ ਭਾਸ਼ਣ ਸੁਣਕੇ ਅਗਲੇ ਕੈਂਪ ਵਿੱਚ
ਫਿਰ ਇਹੋ ਰਾਮ ਰੌਲਾ ਸੁਣਨਗੇ। ਜੇਕਰ ਉਹ ਸਿਆਣਪ ਅਤੇ ਸਖਤੀ ਨਾਲ ਕੰਮ ਕਰਨਗੇ ਤਾਂ
ਹੀ ਆਉਣ ਵਾਲੀਆਂ 10 ਵਿਧਾਨ ਸਭਾਵਾਂ ਦੀਆਂ ਚੋਣਾਂ ਅਤੇ ਮਈ 2014 ਦੀਆਂ ਲੋਕ ਸਭਾ
ਚੋਣਾਂ ਦੇ ਨਤੀਜੇ ਭਾਰਤ ਦੀ ਸਿਆਸਤ ਵਿੱਚ ਅਹਿਮ ਹੋ ਸਕੋਣਗੇ।
ਰਾਹੁਲ ਗਾਂਧੀ ਨੇ ਪਿਛਲੇ ਅੱਠ ਸਾਲਾਂ ਵਿੱਚ 100 ਕੁ ਨੌਜਵਾਨਾਂ ਦੀ ਇੱਕ
ਟੀਮ ਬਣਾਈ ਹੈ, ਜਿਹੜੀ ਉਸਦੀ ਮੱਦਦ ਕਰੇਗੀ। ਇਹਨਾਂ ਵਿੱਚੋਂ ਕੁਝ ਕੁ ਨੂੰ ਤਾਂ
ਉਸਨੇ ਕੇਂਦਰ ਤੇ ਰਾਜਾਂ ਵਿੱਚ ਮੰਤਰੀ ਵੀ ਬਣਵਾਇਆ ਹੋਇਆ ਹੈ। ਇਹਨਾਂ ਵਿੱਚੋਂ
ਥੋੜ੍ਹੇ ਜਹੇ ਗੈਰ ਰਾਜਨੀਤਕ ਪਰਿਵਾਰਾਂ ਵਿੱਚੋਂ ਵੀ ਹਨ ਪ੍ਰੰਤੂ ਬਹੁਤੇ ਸਿਆਸੀ
ਪਰਿਵਾਰਾਂ ਦੇ ਹੀ ਸ਼ਹਿਜਾਦੇ ਹਨ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਰਾਹੁਲ ਦੇ
ਐਲਾਨਾਂ ਤੋਂ ਘਬਰਾਈ ਹੋਈ ਹੈ ਪ੍ਰੰਤੂ ਰਾਹੁਲ ਗਾਂਧੀ ਉਹਨਾਂ ਲਈ ਕਿਹੜੇ ਬਾਗ ਦੀ
ਮੂਲੀ ਹੈ।
ਸ਼੍ਰੀ ਰਾਹੁਲ ਗਾਂਧੀ ਨਹਿਰੂ ਗਾਂਧੀ ਪਰਿਵਾਰ ਦੀ ਵਿਰਾਸਤ ਦੀ ਪੰਜਵੀਂ ਪੀੜ੍ਹੀ
ਵਿੱਚੋਂ ਹਨ,ਮੋਤੀ ਲਾਲ ਨਹਿਰੂ, ਜਵਾਹਰ ਲਾਲ
ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ
ਪ੍ਰਸ਼ਾਸਨਿਕ ਅਤੇ ਪ੍ਰਬੰਧਕੀ ਫੈਸਲਿਆਂ ਅਤੇ ਉਹਨਾਂ ਦੀ ਕਾਰਜਪ੍ਰਣਾਲੀ ਦਾ ਅਧਿਐਨ
ਕਰਨ ਤੋਂ ਬਾਅਦ ਹੀ ਸਿਆਸਤ ਵਿੱਚ ਆਏ ਹਨ। ਨਹਿਰੂ ਗਾਂਧੀ ਪਰਿਵਾਰ ਨੇ ਆਜਾਦ ਭਾਰਤ
ਵਿੱਚ ਲਗਾਤਾਰ 35 ਸਾਲ ਬਤੌਰ ਪ੍ਰਧਾਨ ਮੰਤਰੀ ਪਹਿਲਾਂ ਜਵਾਹਰ ਲਾਲ ਨਹਿਰੂ,
ਇੰਦਰਾ ਗਾਂਧੀ ਅਤੇ ਫਿਰ ਰਾਜੀਵ ਗਾਂਧੀ ਨੇ ਰਾਜ ਕੀਤਾ।
ਇਸਦਾ ਮਤਲਬ ਹੈ ਕਿ ਉਹਨਾ ਸਿਆਸਤ ਦੀ ਗੁੜ੍ਹਤੀ ਪਰਿਵਾਰਕ ਵਿਰਸੇ ਵਿੱਚੋਂ
ਹੀ ਲਈ ਹੈ ਭਾਵੇਂ ਉਹ ਹੁਣ ਕਾਂਗਰਸ ਵਿੱਚੋਂ ਪਰਿਵਾਰਵਾਦ ਖਤਮ ਕਰਨ ਦਾ ਵਾਅਦਾ ਕਰ
ਰਹੇ ਹਨ। ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਕਾਂਗਰਸ ਦੇ ਸੰਵਿੰਧਾਨ ਵਿੱਚ ਉਪ
ਪ੍ਰਧਾਨ ਦਾ ਭਾਵੇਂ ਕੋਈ ਅਹੁਦਾ ਹੀ ਮੌਜੂਦ ਨਹੀਂ ਪ੍ਰੰਤੂ ਫਿਰ ਵੀ ਸ਼੍ਰੀ ਸੀਤਾ
ਰਾਮ ਕੇਸਰੀ ਦੇ ਸਮੇਂ ਜਤਿੰਦਰ ਪ੍ਰਸ਼ਾਦਿ ਉਪ ਪ੍ਰਧਾਨ ਰਹੇ,
ਇੰਦਰਾ ਗਾਂਧੀ ਦੇ ਸਮੇਂ ਉਤਰ ਪ੍ਰਦੇਸ਼ ਦੇ ਬ੍ਰਾਹਮਣ ਲੀਡਰ ਕਮਲਾਪਤੀ
ਤਿ੍ਰਪਾਠੀ ਕਾਰਜਕਾਰੀ ਪ੍ਰਧਾਨ ਰਹੇ ਅਤੇ ਰਾਜੀਵ ਗਾਂਧੀ ਦੇ ਮੌਕੇ ਅਰਜੁਨ ਸਿੰਘ ਉਪ
ਪ੍ਰਧਾਨ ਰਹੇ ਹਨ।ਰਾਹੁਲ ਗਾਂਧੀ ਉਸੇ ਆਧਾਰ ਤੇ ਉਪ ਪ੍ਰਧਾਨ ਬਣਾਏ ਗਏ ਹਨ।
ਸ਼੍ਰੀ ਨਰਸਿਮਹਾ ਰਾਓ ਨੇ ਵੀ ਸ਼੍ਰੀ ਬੇਅੰਤ ਸਿੰਘ ਨੂੰ ਕਾਂਗਰਸ ਦਾ
ਕਾਰਜਵਾਹਕ ਪ੍ਰਧਾਨ ਬਣਾਉਣ ਦਾ ਮਨ ਬਣਾ ਲਿਆ ਸੀ ਪ੍ਰੰਤੂ ਉਹਨਾ ਦੀ ਅਚਾਨਕ ਮੌਤ
ਕਰਕੇ ਵਿੱਚ ਵਿਚਾਲੇ ਹੀ ਰਹਿ ਗਿਆ ਸੀ। ਰਾਹੁਲ
ਗਾਂਧੀ ਨੇ ਕਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਨੂੰ ਨਵਾਂ ਰੂਪ ਦੇਵਾਂਗਾ ਪ੍ਰੰਤੂ
ਕੋਈ ਫੈਸਲਾ ਜਲਦਬਾਜੀ ਵਿੱਚ ਨਹੀਂ ਕਰਾਂਗਾ ਕਿਉਂਕਿ ਕਾਂਗਰਸ ਪਾਰਟੀ ਹੀ ਮੇਰੀ
ਜਿੰਦ ਜਾਨ ਹੈ। ਮੈਂ ਹੁਣ ਵਕੀਲ ਦੇ ਤੌਰ ਤੇ ਨਹੀਂ ਸਗੋਂ ਇੱਕ ਜੱਜ ਦੇ ਤੌਰ ਤੇ ਵੀ
ਵਿਚਰਾਂਗਾ। ਭਾਵੇਂ ਮੇਰੀ ਮਾਂ ਤਾਕਤ ਨੂੰ ਜਹਿਰ
ਕਹਿ ਰਹੀ ਹੈ। ਮੈਂ ਇਸ ਤਾਕਤ ਨੂੰ ਲੋਕਾਂ ਦੀ
ਹਾਲਤ ਸੁਧਾਰਨ ਤੇ ਮਜਬੂਤ ਕਰਨ ਲਈ ਵਰਤਾਂਗਾ।
ਉਹਨਾਂ ਚੋਣ ਸੁਧਾਰਾਂ ਅਤੇ ਪੁਲਿਸ ਵਿੱਚ 30 ਫੀ ਸਦੀ ਇਸਤਰੀਆਂ ਨੂੰ ਭਰਤੀ ਕਰਨ ਦੀ
ਗੱਲ ਵੀ ਕੀਤੀ ਹੈ। ਘੱਟ ਗਿਣਤੀਆਂ ਅਤੇ ਅਤਵਾਦ
ਤੋਂ ਪ੍ਰਭਾਵਤ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਣ ਦਾ ਵੀ ਵਾਅਦਾ ਕੀਤਾ ਹੈ। ਕਹਿਣੀ ਤੇ
ਕਰਨੀ ਵਿੱਚ ਬੜਾ ਫਰਕ ਹੁੰਦਾ ਹੈ। ਇਹ ਦਮਗਜੇ ਜਦੋਂ ਪੂਰੇ ਕੀਤੇ ਜਾਣਗੇ ਉਦੋਂ ਹੀ
ਸ਼ਪੱਸ਼ਟ ਹੋਵੇਗਾ ਕਿ ਰਾਹੁਲ ਗਾਂਧੀ ਕੋਈ ਚਮਤਕਾਰ ਕਰ ਸਕਿਆ ਹੈ ਜਾਂ ਨਹੀਂ।
ਉਪਰੋਕਤ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕਾਂਗਰਸ ਦਾ ਤਿੰਨ ਰੋਜਾ
ਜੈਪੁਰ ਆਤਮ ਚਿੰਤਨ ਕੈਂਪ ਰਾਹੁਲ ਗਾਂਧੀ ਨੂੰ ਉਭਾਰਨ ਲਈ ਹੀ ਆਯੋਜਿਤ ਕੀਤਾ ਗਿਆ
ਸੀ ਕਿਉਂਕਿ ਇਸ ਕੈਂਪ ਵਿੱਚ ਬਹੁਤੇ ਡੈਲੀਗੇਟ ਰਾਹੁਲ ਗਾਂਧੀ ਦੇ
ਬਰੀਗੇਡ ਦੇ ਅਤੇ ਉਸਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਹੀ ਸਨ। ਉਸਦੀ ਪਾਰਟੀ
ਅਤੇ ਰਾਜ ਦਰਬਾਰੇ ਪੂਰੀ ਤੂਤੀ ਬੋਲੇਗੀ। ਵੇਖਣ
ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਦੇ ਘਾਗ ਅਤੇ ਦਿਗਜ ਲੀਡਰ ਜਿਹਨਾਂ ਡਾ:
ਮਨਮੋਹਨ ਵਰਗੇ ਸਾਫ ਛਵੀ ਵਾਲੇ ਇਮਾਨਦਾਰੀ ਤੇ ਦਿਆਨਤਦਾਰੀ ਦੇ ਪ੍ਰਤੀਕ ,ਦੁਨੀਆਂ
ਦੇ ਮੰਨੇ ਪ੍ਰਮੰਨੇ ਆਰਥਿਕ ਮਾਹਿਰ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਦੀ ਕੋਈ ਕਸਰ
ਬਾਕੀ ਨਹੀਂ ਛੱਡੀ ਅਤੇ ਉਸਨੂੰ ਬੇਬਸ ਬਣਾਕੇ ਰੱਖ ਦਿੱਤਾ ਹੈ, ਕੀ ਉਹ ਲੀਡਰ ਰਾਹੁਲ
ਗਾਂਧੀ ਦੀ ਈਨ ਮੰਨਣ ਲਈ ਤਿਆਰ ਹੋਣਗੇ? ਜੇਕਰ ਉਹ ਤਿਆਰ ਵੀ ਹੋ ਗਏ ਤਾਂ ਰਾਹੁਲ
ਗਾਂਧੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਕੋਈ ਕਸਰ ਨਹੀਂ ਰਹਿਣ ਦੇਣਗੇ ਕਿਉਂਕਿ
ਉਹਨਾਂ ਦੀ ਚੌਧਰ ਖਤਮ ਹੁੰਦੀ ਦਿਖਾਈ ਦੇ ਰਹੀ ਹੈ। ਉਹ ਆਪਦੀਆਂ ਤਜੌਰੀਆਂ ਕਿਵੇਂ
ਭਰਨਗੇ ਅਤੇ ਆਪਣੇ ਵਾਰਸਾਂ ਨੂੰ ਸਿਆਸਤ ਦੀ ਪੌੜੀ ਕਿਵੇਂ ਚੜ੍ਹਾਉਣਗੇ। ਭਾਵੇਂ
ਰਾਹੁਲ ਗਾਂਧੀ ਨੇ ਆਪਣੇ ਭਾਵਨਾਤਮਕ ਭਾਸ਼ਣ ਵਿੱਚ ਕਿਹਾ ਹੈ ਕਿ ਉਸਨੇ ਬਜੁਰਗ
ਲੀਡਰਾਂ ਤੋਂ ਬੜਾ ਕੁਝ ਸਿਖਿਆ ਹੈ ਅਤੇ ਸਿਖਦੇ ਵੀ ਰਹਿਣਗੇ ਪ੍ਰੰਤੂ ਫਿਰ ਵੀ
ਰਾਹੁਲ ਗਾਂਧੀ ਲਈ ਕਾਂਗਰਸ ਦੀ ਬਜੁਰਗ ਲੀਡਰਸ਼ਿਪ ਨੂੰ ਸੰਤੁਸ਼ਟ ਕਰਨਾ ਬਹੁਤ ਵੱਡਾ
ਚੈਲੰਜ ਹੋਵੇਗਾ। ਉਹਨਾਂ ਨੂੰ ਨੋਜਵਾਨ ਲੀਡਰਸ਼ਿਪ ਅਤੇ ਬਜੁਰਗਾਂ ਵਿੱਚ ਸਮਤੁਲ
ਰੱਖਣਾ ਹੋਵੇਗਾ।ਇਸਦੇ ਨਾਲ ਹੀ ਜੇਕਰ ਉਹ ਮਹਿੰਗਾਈ, ਬੇਰੋਜਗਾਰੀ, ਗਰੀਬੀ ਤੋਂ
ਦੁਖੀ ਹੋਏ ਆਮ ਲੋਕਾਂ ਦੀ ਬਾਂਹ ਫੜਕੇ ਉਹਨਾ ਦੇ ਹਿਤਾਂ ਤੇ ਪਹਿਰਾ ਨਹੀਂ ਦੇਣਗੇ,
ਭਰਿਸ਼ਟਾਚਾਰ ਅਤੇ ਇਸਤਰੀਆਂ ਦੇ ਉਪਰ ਹੋ ਰਹੇ ਅਤਿਆਚਾਰਾਂ ਤੇ ਕਾਬੂ ਨਹੀਂ ਪਾ
ਸਕਣਗੇ ਤਾਂ ਉਹਨਾ ਦਾ ਭਵਿਖ ਵੀ ਖਤਰੇ ਵਿੱਚ ਪੈ ਸਕਦਾ ਹੈ, ਭਾਵੇਂ ਕਾਂਗਰਸ ਵਿੱਚ
ਨਹਿਰੂ ਗਾਂਧੀ ਪਰਿਵਾਰ ਦਾ ਬਦਲ ਅਜੇ ਹੈ ਨਹੀਂ। ਰਾਹੁਲ ਗਾਂਧੀ ਲਈ ਇਹ ਤਾਜ
ਪਹਿਨਣਾ ਕੰਡਿਆਂ ਵਾਲੀ ਸੇਜ ਹੈ। ਇੰਨਾ ਸੌਖਾ ਨਹੀਂ ਜਿੰਨਾ ਉਸਦੇ ਚਾਪਲੂਸ ਸਬਜਬਾਗ
ਦਿਖਾ ਰਹੇ ਹਨ ਭਾਵੇਂ ਰਾਹੁਲ ਗਾਂਧੀ ਨੇ ਚਾਪਲੂਸ ਸਭਿਆਚਾਰ ਨੂੰ ਖਤਮ ਕਰਨ ਦੀ ਵੀ
ਗੱਲ ਕੀਤੀ ਹੈ। ਅਜੇ ਤਾਂ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਵਾਲੀ ਗੱਲ ਹੈ।
BJP ਦੀ ਫੁੱਟ ਰਾਹੁਲ ਗਾਂਧੀ ਲਈ ਵਰਦਾਨ ਸਾਬਤ
ਹੋਵੇਗੀ ਕਿਉਂਕਿ ਪ੍ਰਧਾਨ ਮੰਤਰੀ ਦੇ ਉਮੀਦਵਰ ਨੂੰ ਲੈ ਕੇ ਵਿਰੋਧੀ ਸੁਰਾਂ ਉਠ
ਰਹੀਆਂ ਹਨ ਕਿਉਂਕਿ ਸ੍ਰੀ ਨਰਿੰਦਰ ਮੋਦੀ ਦਾ ਅੰਦਰੂਨੀ ਵਿਰੋਧ ਵੱਡੇ ਪੱਧਰ ਤੇ ਹੋਣ
ਦੇ ਆਸਾਰ ਬਣ ਰਹੇ ਹਨ। ਗਡਕਰੀ ਦੀ ਥਾਂ ਰਾਜ ਨਾਥ ਸਿੰਘ ਦੇ ਪ੍ਰਧਾਨ ਬਣਨ ਨਾਲ ਲਾਲ
ਕ੍ਰਿਸ਼ਨ ਅਡਵਾਨੀ ਇੱਕ ਵਾਰ ਫਿਰ ਬੀ ਜੇ ਪੀ ਦੀ ਸਿਆਸਤ ਵਿੱਚ ਛਿੱਕਾ ਮਾਰਨ ਵਿੱਚ
ਸਫਲ ਹੋ ਗਏ ਹਨ।ਜਿਹੜੇ ਸੁਧਾਰਾਂ ਦੇ ਦਮਗਜੇ ਰਾਹੁਲ ਗਾਂਧੀ ਮਾਰ ਰਹੇ ਹਨ ਜੇਕਰ
ਉਹਨਾਂ ਨੂੰ ਉਹ ਲਾਗੂ ਕਰਨ ਵਿੱਚ ਸਫਲ ਹੋ ਗਏ ਤਾਂ ਰਾਹੁਲ ਗਾਂਧੀ ਦਾ ਭਵਿਖ
ਸੁਨਹਿਰੀ ਹੋਵੇਗਾ ਤੇ ਕਾਂਗਰਸ ਪਾਰਟੀ ਤੇ ਉਹਨਾਂ ਦੀ ਪਕੜ ਮਜਬੂਤ ਹੋਵੇਗੀ।
ਉਜਾਗਰ ਸਿੰਘ, ਅਮਰੀਕਾ
ਸਾਬਕਾ ਜਿਲਾ ਲੋਕ ਸੰਪਰਕ ਅਫਸਰ
Ujagarsingh48@yahoo.com
94178-13072
|