|
ਜਥੇਦਾਰ ਊਧਮ ਸਿੰਘ ਨਾਗੋਕੇ |
ਸਿੱਖਾ ਨੇ ਆਪਣੇ ਧਾਰਮਿਕ ਸਥਾਨਾਂ ਦੀ ਆਜ਼ਾਦੀ ਲਈ ,
ਇਹਨਾਂ ਸਥਾਂਨਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ
ਅਤੇ ਇਸ ਸਬੰਧੀ ਵਿਸ਼ੇਸ਼ ਕਾਨੂੰਨ ਬਨਾਉਣ ਲਈ ਅੰਗਰੇਜ਼ ਹਕੂਮਤ
‘ਤੇ ਦਬਾਅ ਪਾਉਣ ਖ਼ਾਤਰ ਕਈ ਸਫ਼ਲ ਮੋਰਚੇ ਲਾਏ ਜਿੰਨਾਂ ਵਿੱਚ ਹਜ਼ਾਰਾਂ
ਸਿੱਖਾਂ ਨੇ ਜੇਲ੍ਹ ਯਾਤਰਾਵਾਂ ਕੀਤੀਆਂ । ਇਹਨਾਂ ਹੀ ਜੇਲ੍ਹ ਯਾਤਰੂਆਂ ਵਿੱਚ ਸ਼ਾਮਲ
ਹੋਣ ਵਾਲਾ ਪ੍ਰਸਿੱਧ ਗੁਰਸਿੱਖ ਸੀ ਜਥੇਦਾਰ ਊਧਮ ਸਿੰਘ ਨਾਗੋਕੇ।
ਉਨ੍ਹਾ ਦਾ ਜਨਮ ਪਿਤਾ ਬੇਲਾ ਸਿੰਘ ਦੇ ਘਰ ਮਾਤਾ ਅਤਰ ਕੌਰ ਦੀ ਕੁੱਖੋਂ ਪਿੰਡ
ਨਾਗੋ ਕੇ ਜਿਲ੍ਹਾ ਅੰਮ੍ਰਿਤਸਰ ਵਿੱਚ 1894 ਨੂੰ ਹੋਇਆ। ਧਾਰਮਿਕ ਰੁਚੀਆਂ ਪੈਦਾ
ਕਰਨ ਵਿੱਚ ਜਿੱਥੇ ਘਰ ਦਾ ਮਹੌਲ ਅਸਰਦਾਰ ਹੋਇਆ, ਉਥੇ ਸਿੰਘ ਸਭਾ ਲਹਿਰ ਨੇ ਵੀ ਆਪ
ਦੇ ਜੁਆਂਨ ਹੋ ਰਹੇ ਮਨ ਨੂੰ ਪ੍ਰਭਾਵਿਤ ਕੀਤਾ। ਪਹਿਲੀ ਵਾਰੀ ਚਾਬੀਆਂ ਦੇ ਮੋਰਚੇ
ਵਿੱਚ 1921 ਨੂੰ ਗ੍ਰਿਫ਼ਤਾਰੀ ਦਿੱਤੀ ਅਤੇ 6 ਮਹੀਨੇ ਦੀ ਕੈਦ ਕੱਟੀ। ਕੈਦ ਦੀ ਇਹ
ਜਾਗ ਲਗਦਿਆਂ ਹੀ ਉਸ ਦੇ ਜੀਵਨ ਨੇ ਇੱਕ ਪਲਟਾ ਖਾਧਾ ਅਤੇ ਸਾਰੀ ਉਮਰ ਵਿਆਹ ਨਾਂ
ਕਰਵਾਉਣ ਦਾ ਪ੍ਰਣ ਕਰ ਲਿਆ।
ਗੁਰੂ ਕੇ ਬਾਗ ਮੋਰਚੇ ਸਮੇ ਵਿਦੇਸ਼ੀ ਹਕੂਮਤ ਦੀਆਂ ਡਾਂਗਾ ਖਾਂਦਿਆਂ
,ਗ੍ਰਿਫ਼ਤਾਰੀ ਦੇ ਕੇ ਅਟਕ ਜੇਲ੍ਹ ਵਿੱਚ ਪਹੁੰਚ ਕੇ ਦੋ ਸਾਲ ਦੀ ਫਿਰ ਸਖ਼ਤ ਕੈਦ
ਕੱਟੀ। ਜੈਤੋ ਮੋਰਚੇ ਸਮੇਂ 9 ਫਰਵਰੀ 1924 ਨੂੰ 500 ਸਿੰਘਾਂ ਦਾ ਜੋ ਜੱਥਾ ਜਾਣਾ
ਸੀ ,ਆਪ ਉਸ ਦੀ ਤਿਆਰੀ ਲਈ ਬਹੁਤ ਸਰਗਰਮ ਸਨ। ਸਿੱਟੇ ਵਜੋਂ ਆਪ ਨੂੰ 8 ਫਰਵਰੀ ਨੂੰ
ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਧਾਰਾ 17-ਬੀ ਤਹਿਤ ਦੋ ਸਾਲ ਲਈ ਮੁਲਤਾਨ
ਜੇਲ੍ਹ ਦੀਆ ਸੀਖਾਂ ਪਿੱਛੇ ਬੰਦ ਕਰ ਦਿੱਤਾ। 1925 ਵਿੱਚ ਅੰਗਰੇਜ਼ ਸਰਕਾਰ ਨੇ
ਸਿੰਘਾਂ ਦੀ ਦ੍ਰਿੜਤਾ ਅਤੇ ਸੰਕਲਪ ਵੇਖ ਗੁਰਦੁਆਰਾ ਐਕਟ ਬਨਾਉਣਾ ਅਸੂਲੀ ਤੌਰ ‘ਤੇ
ਪ੍ਰਵਾਨ ਕਰ ਲਿਆ ਤਾਂ ਦੂਸਰੇ ਸਾਰੇ ਕੈਦੀਆਂ ਦੇ ਨਾਲ ਹੀ ਆਪ ਨੂੰ ਵੀ ਛੱਡ ਦਿੱਤਾ
ਗਿਆ।
1926 ਤੋਂ 1954 ਤੱਕ ਪੂਰੇ 28 ਵਰ੍ਹੇ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਮੈਂਬਰ ਬਣੇ ਰਹੇ। 1926 ਵਿੱਚ ਹੀ ਆਪ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ
ਜਥੇਦਾਰ ਬਣੇ ਅਤੇ ਮੈਂਬਰ ਵਜੋਂ 28 ਸਾਲ ਜ਼ਿੰਮੇਵਾਰੀਆਂ ਨਿਭਾਉਣ ਸਮੇ, ਦੋ ਵਾਰ
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਬਣੇ। ਉਹਨਾਂ ‘ਨੇ ਵਧਾਏ ਮਾਲੀਏ
ਵਿਰੁੱਧ ਬੰਦੋਬਸਤ ਕਮੇਟੀ ਦਾ ਗਠਨ ਵੀ ਕੀਤਾ ਅਤੇ ਇੱਕ ਵਾਰ ਫਿਰ ਇੱਕ ਸਾਲ ਕੈਦੀ
ਜੀਵਨ ਬਿਤਾਇਆ। 4 ਜੁਲਾਈ 1930 ਤੋਂ 15 ਜੁਲਾਈ 1933 ਤੱਕ ਆਪ ਸ਼੍ਰੀ ਦਰਬਾਰ
ਸਾਹਿਬ ਕਮੇਟੀ ਦੇ ਮੈਂਬਰ, 1933 ਤੋਂ 1936 ਤੱਕ ਜ਼ਿਲ੍ਹਾ ਬੋਰਡ ਦੇ ਮੈਂਬਰ ਅਤੇ
1935 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਵੀ ਅਖਵਾਏ। ਜਿੱਥੇ ਦੇਸ਼ ਭਗਤੀ ਵਜੋਂ
ਨਾ-ਮਿਲਵਰਤਣ ਲਹਿਰ ਸਮੇ ਇੱਕ ਸਾਲ ਹੋਰ ਕੱਟਣੀ ਪਈ, ਉਥੇ 1937 ਵਿੱਚ ਰਿਹਾਈ
ਮਗਰੋਂ ਇੱਕ ਵਾਰ ਫਿਰ ਗ੍ਰਿਫ਼ਤਾਰੀ ਦੀ ਮਾਰ ਵੀ ਝੱਲਣੀ ਪਈ।
1938 ਵਿੱਚ ਸਰਕਾਰ ਨੇ ਕਿਸਾਨਾਂ ‘ਤੇ ਮਾਲੀਆ ਵਧਾਉਣਾਂ ਚਾਹਿਆ ਤਾਂ 20 ਜੁਲਾਈ
1938 ਦੇ ਦਿਨ ਇਸ ਵਾਧੇ ਦੇ ਵਿਰੋਧ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤਾ। ਅੰਗਰੇਜ਼
ਹਕੂਮਤ ਨੇ 1600 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਬਰਦਸਤ ਲਾਠੀਚਾਰਜ
ਦੌਰਾਂਨ ਅਨੇਕਾਂ ਬੇਹੋਸ਼ ਹੋਏ ਅਤੇ ਸੈਂਕੜੇ ਜ਼ਖ਼ਮੀ ਵੀ ਹੋਏ ਪਰ ਮੋਰਚਾ ਚਲਦਾ ਰਿਹਾ।
ਇੱਕ ਲੱਖ ਦੇ ਕਰੀਬ ਕਿਸਾਂਨਾ ਨੇ ਇਸ ਅੰਦੋਲਨ ‘ਚ ਹਿੱਸਾ ਲਿਆ। ਜਥੇਦਾਰ ਊਧਮ ਸਿੰਘ
ਨਾਗੋਕੇ ਨੂੰ ਤਾਂ ਭਾਂਵੇ ਸਰਕਾਰ ਨੇ ਇੱਕ ਸਾਲ ਲਈ ਫਿਰ ਕੈਦੀ ਬਣਾ ਲਿਆ ਪਰ ਨਾਲ
ਹੀ ਮਾਲੀਆ ਵਧਾਉਣ ਵਾਲੀ ਗੱਲ ਵੀ ਵਾਪਸ ਲੈ ਲਈ।
1953 ਤੋਂ 1960 ਤੱਕ ਰਾਜ ਸਭਾ ਦੇ ਮੈਂਬਰ, 9 ਸਾਲ ਪੰਜਾਬ ਪ੍ਰਦੇਸ਼ ਕਾਂਗਰਸ
ਕਮੇਟੀ ਦੇ ਮੈਂਬਰ ਅਤੇ 1960 ਵਿੱਚ ਆਪ ਦਰਸ਼ਨ ਸਿੰਘ ਫੇਰੂਮਾਨ ਸਮੇਤ ਸੁਤੰਤਰ
ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਪਾਰਟੀ ਦਾ ਗਠਨ ਰਾਜ ਗੋਪਾਲਾਚਾਰੀਆ ਨੇ ਕੀਤਾ ਸੀ।
1964-65 ਵਿੱਚ ਆਪ ਬਿਮਾਰ ਰਹਿਣ ਲੱਗੇ ਅਤੇ ਸਮੇ ਸਮੇ ‘ਤੇ ਲਗਦੀਆਂ ਰਹੀਆਂ
ਸੱਟਾਂ ਦਾ ਦਰਦ ਦੁਖੀ ਕਰਨ ਲੱਗਿਆ ਤਾਂ ਆਪ ਜੀ ਦੀ ਵਿਗੜਦੀ ਸਿਹਤ ਨੂੰ ਮੱਦੇ ਨਜ਼ਰ
ਰਖਦਿਆਂ ਹੋਇਆਂ 10 ਦਸੰਬਰ 1965 ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਇਲਾਜ
ਲਈ ਭਰਤੀ ਕਰਵਾਇਆ ਗਿਆ। ਜਿੱਥੇ ਇਹ ਨਿਰਭੈ ਯੋਧਾ ਜਰਵਾਣੀ ਮੌਤ ਹੱਥੋਂ ਜਿੰਦਗੀ ਦੀ
ਆਖ਼ਰੀ ਲੜਾਈ 16 ਜਨਵਰੀ 1966 ਨੂੰ ਹਾਰ ਗਿਆ। ਡਾਕਟਰਾਂ ਦੀਆਂ ਅਨੇਕਾਂ ਕੋਸ਼ਿਸ਼ਾਂ
ਅਤੇ ਚਹੇਤਿਆਂ ਦੀਆਂ ਲੱਖਾਂ ਦੁਆਵਾਂ ਵੀ ਉਹਨਾਂ ਨੂੰ ਹੋਰ ਸਾਹ ਨਾ ਦੁਆ ਸਕੀਆਂ।
ਅੱਜ ਉਹ ਭਾਵੇਂ ਜਿਸਮਾਨੀ ਤੌਰ‘ਤੇ ਨਹੀਂ ਹਨ,ਪਰ ਉਹ ਆਪਣੇ ਕੀਤੇ ਲੋਕ ਕਾਰਜਾਂ
ਜ਼ਰੀਏ ਜੀਵਤ ਹਨ,ਅਤੇ ਜੀਵਤ ਹੀ ਰਹਿਣਗੇ।।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:-98157-07232
|