|
ਟੈਟੂ ਹਟਾਵੇ ਮੰਦਿਰਾ, ਨਹੀਂ ਤਾਂ ਹੋਵੇਗੀ
ਕਾਰਵਾਈ: ਮੱਕੜ |
ਇਕ ਦਿਨ ਮੈਨੂੰ ਫੋਨ ਕਰਕੇ ਕਹਿਣ ਲੱਗਾ, ਯਾਰ ਕੁਝ ਲਿਖ ਹੀ ਦੇ। ਮੈਂ ਕਿਹਾ,
ਮੌਜ਼ੀ ਸਾਹਿਬ! ਤੁਸੀਂ ਖੁਦ ਕਿਓਂ ਨਹੀਂ ਲਿਖਦੇ? ਹਰ ਵਾਰੀ ਮੈਨੂੰ ਹੀ ਲਿਖਣ ਲਈ
ਕਹਿ ਦਿੰਦੇ ਹੋ। ਉਹ ਯਾਰ ਤੈਨੂੰ ਤਾਂ ਪਤਾ ਹੀ ਏ ਕਿ ਇਕ ਤਾਂ ਮੈਨੂੰ ਆਹ
ਕੰਮਪੁੱਤਰ ਤੇ ਲਿਖਣਾ ਨਹੀਂ ਆਉਂਦਾ, ਦੂਜਾ ਤੇਰੇ ਤੋਂ ਵਗੈਰ ਮੈਂ ਕਿਸੇ ਉਤੇ
ਭਰੋਸਾ ਵੀ ਨਹੀਂ ਕਰਦਾ। ਇਥੇ ਲੋਕੀ ਦੂਜਿਆਂ ਦੀਆਂ ਛਪੀਆਂ ਹੋਈਆਂ ਕਿਤਾਬਾਂ ਅਤੇ
ਮੈਗਜ਼ੀਨਾਂ ਵਿੱਚੋਂ ਲਿਖਤਾਂ ਚੁੱਕ ਕੇ ਭੰਨ ਤੋੜ ਕੇ ਆਪਣੇ ਨਾਮ ਤੇ ਛੁਪਵਾ ਦਿੰਦੇ
ਨੇ, ਤੇ ਮੈਂ ਤਾਂ ਜੋ ਲਿਖਵਾਣਾ ਹੁੰਦਾ ਹੈ ਉਹ ਤਾਂ ਹਾਲੇ ਕਿਤੇ ਛਪਿਆ ਵੀ ਨਹੀਂ
ਹੁੰਦਾ, ਇਸ ਕਰਕੇ ਮੈਂ ਤੈਨੂੰ ਹੀ ਕਹਿੰਦਾ ਹਾਂ, ਤੇਰੇ ਉਤੇ ਹੀ ਮੈਨੂੰ ਭਰੋਸਾ
ਹੈ, ਹੋਰ ਕਿਸੇ ਤੇ ਨਹੀਂ। ਅੱਛਾ, ਅੱਛਾ, ਮਸਕਾ ਲਾਣਾ ਬੰਦ ਕਰੋ ਤੇ ਦੱਸੋ ਕੀ
ਲਿਖਣਾ ਹੈ? ਪੁੱਛਣ ਤੇ ਕੀ ਲਿਖਣਾ ਹੈ ਮੌਜ਼ੀ ਮੌਲਾਂ ਫੋਨ ਉਤੇ ਹੀ ਡਿਕਟੇਟ ਕਰਨਾ
ਸ਼ੁਰੂ ਹੋ ਗਿਆ।
ਟੈਟੂ ਦੇ ਪੁਆੜੇ ਜਾਂ ਤਾਕਤ ਦੇ ਕਾਰੇ? ਓ ਯਾਰ ਸਮਝ ਨਹੀਂ ਲੱਗ ਰਹੀ ਕਿ ਸਾਡੇ
ਲੋਕੀ ਕੀ ਸੋਚ ਰਹੇ ਨੇ, ਕੀ ਸਮਝ ਰਹੇ ਨੇ ਅਤੇ ਕੀ ਸਮਝਾ ਰਹੇ ਨੇ। ਪਹਿਲਾਂ ਤਾਂ
ਆਪਾਂ ਧਾਰਮਿਕ ਚਿੰਨ ਦੇ ਟੈਟੂ ਦੀ ਗੱਲ ਕਰਦੇ ਹਾਂ। ਇਹ ਟੈਟੂ ਜਾਣੀ ਮੰਦਿਰਾ ਬੇਦੀ
ਦੇ ਮੌਰਾਂ ਦੇ ਵਿਚਾਲੇ ਖੁਦਵਾਇਆ ਹੋਇਆ ਓਕਮ ਕਾਰ ਦਾ ਟੈਟੂ ਲੋਕਾਂ ਨੂੰ ਘੱਟ ਤੇ
ਘੜੰਮਾਂ ਨੂੰ ਵੱਧ ( ਜਾਣੀ ਕੱਟੜ ਪੰਥੀਆਂ ਨੂੰ ਬਹੁਤ ਜਿਆਦਾ ਹੀ ਚੁੱਬਦਾ ਹੈ ਜਾਣੀ
ਉਹਨਾਂ ਦੇ ਸੀਨੇ ਵਿੱਚ ਗੋਲੀ ਵਾਂਗੂ ਵੱਜਦਾ ਹੈ) ਕਿਓਂ?। ਇਹ ਓਕਮ ਕਾਰ ਦਾ ਟੈਟੂ
ਤਾਂ ਸਾਡੇ ਪੰਜਾਬੀਆਂ ਦੇ ਜੇ ਕਰੋੜਾਂ ਦੇ ਨਹੀਂ ਤਾਂ ਲੱਖਾਂ ਬੰਦਿਆਂ ਦੇ ਸੱਜੇ
ਖੱਬੇ ਹੱਥ ਤੇ ਬਣਾਇਆ ਹੋਇਆ ਹੈ, ਉਹਨਾਂ ਦੇ ਵਰਖਿਲਾਫ ਹਾਲੇ ਤੱਕ ਕਿਸੇ ਨੇ ਅਵਾਜ਼
ਨਹੀਂ ਉਠਾਈ, ਕਿਸੇ ਨੇ ਹੁਕਮ ਨਹੀਂ ਸੁਣਾਇਆ ਕਿ ਇਹਨਾਂ ਟੈਟੂਆਂ ਨੂੰ ਹਟਾਇਆ ਜਾਵੇ
ਜਾਣੀ ਰੀਮੂਵ ਕੀਤਾ ਜਾਵੇ। ਕਿਓਂ ਕਿ ਉਹ ਸਾਰੇ ਮਰਦ ਹਨ?। ਮੰਦਿਰਾ ਵਰਗੀਆਂ ਕੁਝ
ਔਰਤਾਂ ਨੇ ਬਣਵਾ ਲਏ ਨੇ ਤਾਂ ਸਾਡੇ ਧਰਮ ਨੂੰ ਖ਼ਤਰਾ ਕਿਓਂ ਪੈਦਾ ਹੋ ਜਾਂਦਾ ਹੈ?
ਕੀ ਸਾਡਾ ਧਰਮ ਏਨਾ ਕਮਜੋਰ ਹੈ? ਜਾਂ ਸਾਡੇ ਧਰਮ ਦੇ ਕਨੂੰਨ ਤਾਲਿਬਾਨੀ ਕਨੂੰਨਾਂ
ਨਾਲ ਮਿਲਦੇ ਜੁਲਦੇ ਨੇ, ਜਿਹੜੇ ਔਰਤ ਦੇ ਬਾਰਿਸ਼ ਵਿੱਚ ਨਹਾਉਣ ਨਾਲ ਵੀ ਭੰਗ ਹੋ
ਜਾਂਦੇ ਨੇ? ਇਹ ਸਾਡੇ ਧਰਮ ਦੇ ਅਖੌਤੀ ਆਗੂਆਂ ਨੂੰ ਉਹ ਸਾਰੇ ਮਰਦ ਕਿਓਂ ਨਹੀਂ
ਦਿਸਦੇ ਜਹਿੜੇ ਹੱਥਾਂ ਉਤੇ ਓਕਮ ਕਾਰ ਦੇ ਜਾਂ ਖੰਡੇ ਦੇ ਟੇਟੂ ਬਣਵਾ ਕੇ ਉਹਨਾਂ
ਹੱਥਾਂ ਨਾਲ ਹੀ ਨਸਿ਼ਆਂ ਦੇ ਗਿਲਾਸ ਫੜਦੇ ਨੇ, ਉਹਨਾਂ ਹੱਥਾਂ ਨਾਲ ਹੀ ਬੱਕਰਿਆਂ
ਅਤੇ ਕੁਕੜਾਂ ਦੀ ਧੌਣ ਉਤੇ ਛੁਰੀਆਂ ਚਲਾਉਂਦੇ ਨੇ, ਉਹਨਾਂ ਹੱਥਾਂ ਨਾਲ ਹੀ ਦੂਜਿਆਂ
ਦੀਆਂ ਧੀਆਂ ਭੈਣਾਂ ਦੀਆਂ ਇਜ਼ੱਤਾਂ ਨੂੰ ਹੱਥ ਪਾਉਂਦੇ ਨੇ, ਉਹਨਾਂ ਹੱਥਾਂ ਨਾਲ ਹੀ
ਔਰਤਾਂ ਉਤੇ ਤੇਲ ਜਾਂ ਤੇਜ਼ਾਬ ਪਾ ਕੇ ਸਾੜਦੇ ਨੇ, ਉਹਨਾਂ ਹੱਥਾਂ ਨਾਲ ਹੀ ਇਕ ਧੀ
ਦੇ ਬਾਪ ਬਣਨ ਤੋਂ ਡਰਦੇ ਕੁੱਖਾਂ ਵਿੱਚ ਜੰਮਣ ਤੋਂ ਪਹਿਲਾਂ ਹੀ ਕਤਲ ਕਰਵਾ ਦਿੰਦੇ
ਨੇ। ਕੀ ਸਾਡੇ ਧਰਮ ਦੇ ਸਿਰਮੌਰ ਬਣ ਬਣ ਬੈਠਣ ਵਾਲਿਆਂ ਨੂੰ ਉਹਨਾਂ ਮਰਦਾਂ ਦੇ ਇਸ
ਤਰਾਂ ਦੇ ਟੈਟੂ ਨਹੀਂ ਦਿਸਦੇ? ਜਾਂ ਉਹ ਸਿਰਫ ਔਰਤਾਂ ਉਤੇ ਹੀ ਆਪਣੇ ਹੁਕਮ ਚਲਾਉਣ
ਜੋਗੇ ਨੇ?। ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਤਾਂ ਔਰਤ ਨੂੰ ਮਰਦ ਦੇ ਬਰਾਬਰ
ਦਾ ਦਰਜ਼ਾ ਦੇ ਕੇ ਨਿਵਾਜਿਆ ਸੀ। ਤੇ ਅੱਜ ਸਾਡੇ ਧਰਮ ਦੇ ਅਖੌਤੀ ਠੇਕੇਦਾਰ ਕੀ ਕਰ
ਰਹੇ ਨੇ? ਕੀ ਇਹਨਾਂ ਦੀ ਸੋਚਣੀ ਅਤੇ ਤਾਲਿਬਾਨਾਂ ਦੀ ਸੋਚਣੀ ਵਿੱਚ ਕੋਈ ਅੰਤਰ ਹੈ?
ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਅੰਤਰ ਹੈ। ਹਾਂ ਇਕ ਅੰਤਰ ਜਰੂਰ ਦਿਸ ਰਿਹਾ ਹੈ
ਉਹ ਹੈ ਪਹਿਰਾਵੇ ਦਾ, ਬਾਕੀ ਕਰਤੂਤਾਂ ਵਿੱਚ ਕੋਈ ਅੰਤਰ ਨਹੀਂ ਹੈ। ਕੀ ਮਰਦਾਂ
ਵਲੋਂ ਆਪਣੀਆਂ ਗੱਡੀਆਂ ਵਿੱਚ ਖੰਡੇ ਵਾਲੇ ਲੌਕਟ ਲਮਕਾਉਣ ਤੇ ਜਾਂ ਗੱਡੀਆਂ ਦੇ
ਸ਼ੀਸਿ਼ਆਂ ਉਤੇ ਖੰਡਿਆਂ ਦੇ ਜਾਂ ਬਾਣੀ ਦੇ ਸ਼ਬਦਾਂ ਦੇ ਸਟਿਕਰ ਲਗਵਾਉਣ ਨਾਲ ਸਾਡੇ
ਧਰਮ ਦੀ ਬੇ ਅਦਬੀ ਨਹੀਂ ਹੁੰਦੀ? ਜਿਹਨਾਂ ਗੱਡੀਆਂ ਵਿੱਚ ਨਸ਼ੇ ਦੀਆਂ ਬੋਤਲਾਂ
ਪਈਆਂ ਰਹਿੰਦੀਆਂ ਨੇ, ਨਜ਼ਾਇਜ਼ ਹਥਿਆਰ ਪਏ ਰਹਿੰਦੇ ਨੇ, ਜਿਹਨਾਂ ਗੱਡੀਆਂ ਵਿੱਚ
ਔਰਤਾਂ ਦੇ ਰੇਪ ਕੀਤੇ ਜਾਂਦੇ ਨੇ, ਜਿਹਨਾਂ ਗੱਡੀਆਂ ਵਿੱਚ ਸਮਗਲਿੰਗ ਦੇ ਕੰਮ ਕੀਤੇ
ਜਾਂਦੇ ਨੇ, ਜਿਹਨਾਂ ਗੱਡੀਆਂ ਵਿੱਚ ਸਾਡੇ ਧਰਮ ਦੇ ਠੇਕੇਦਾਰ ਆਪਣੀ ਨਫ਼ਰਤ ਭਰੀ
ਸੋਚ ਲੈ ਕੇ ਸਫਰ ਕਰਦੇ ਨੇ, ਕੀ ਓਦੋਂ ਸਾਡੇ ਧਰਮ ਦੀ ਬੇ ਅਦਬੀ ਨਹੀਂ ਹੁੰਦੀ?
ਉਹਦੇ ਨਾਲ ਸਾਡੇ ਧਰਮ ਨੂੰ ਕੋਈ ਖਤਰਾ ਨਹੀਂ ਮਹਿਸੂਸ ਹੁੰਦਾ?। ਜੇ ਨਹੀਂ ਹੁੰਦੀ
ਤਾਂ ਇਕ ਔਰਤ ਦੇ ਆਪਣੇ ਸਰੀਰ ਉਤੇ ਓਕਮ ਕਾਰ ਲਿਖਵਾ ਲੈਣਾ ਕਿਵੇਂ ਗੁਨਾਹ ਹੋ ਸਕਦਾ
ਹੈ?
ਮੌਜ਼ੀ ਨੂੰ ਚੁੱਪ ਹੋਇਆ ਵੇਖ ਮੈਂ ਉਸਨੂੰ ਪੁੱਛਿਆ, ਮੌਜ਼ੀ ਸਾਹਿਬ ਤੁਸੀਂ ਹੋਰ
ਵੀ ਕੁਝ ਕਹਿਣਾ ਹੈ ਜਾਂ ਮੈਂ ਲਿਖਣਾ ਬੰਦ ਕਰ ਦੇਵਾਂ।
ਹਾਂ ਯਾਰ ਦੋ ਚਾਰ ਸਤਰਾਂ ਹੋਰ ਲਿਖ ਦੇਵੀਂ। ਮੌਜ਼ੀ ਨੇ ਫਿਰ ਬੋਲਣਾ ਸ਼ੁਰੂ ਕਰ
ਦਿੱਤਾ।
ਓਏ ਧਰਮ ਦੇ ਅਖੌਤੀ ਠੇਕੇਦਾਰੋ! ਓਏ ਜ਼ਰਾ ਕੁ ਤਾਂ ਉਸ ਵਾਹੇਗੁਰੂ ਦਾ ਡਰ ਭਓ
ਕਰੋ, ਜ਼ਰਾ ਜਿੰਨੀ ਤਾਂ ਸ਼ਰਮ ਕਰੋ, ਜੇ ਇਹ ਪਹਿਰਾਵਾ ਪਾ ਕੇ ਵੀ ਬਾਬਰ ਜਾਂ
ਔਰਗੰਜ਼ੇਬ ਹੀ ਬਣੇ ਰਹਿਣਾ ਹੈ ਤਾਂ ਇਹ ਪਹਿਰਾਵੇ ਦਾ ਢੌਂਗ ਕਿਓਂ ਕਰਦੇ ਹੋ?
ਤੁਹਾਡੇ ਨਾਲੋਂ ਤਾਂ ਬਾਬਰ ਤੇ ਔਰੰਗਜ਼ੇਬ ਚੰਗੇ ਸਨ ਜੋ ਆਪਣੇ ਆਪ ਨੂੰ ਕਿਸੇ ਗੁਰੂ
ਪੀਰ ਦੇ ਸਿੱਖ ਕਹਿ ਕੇ ਤਾਂ ਜ਼ੁਲਮ ਨਹੀਂ ਸੀ ਕਰਦੇ। ਮੈਨੂੰ ਕੀ ਸਭ ਨੂੰ ਪਤਾ ਹੈ
ਕਿ ਤੁਸੀਂ ਆਪਣੇ ਹੁਕਮ ਚਲਾ ਕੇ ਗੁਰੂਆਂ ਨੂੰ ਬਦਨਾਮ ਕਰ ਰਹੇ ਹੋ, ਗੁਰੂਆਂ ਦੇ
ਨਾਮ ਤੇ ਜੋ ਜੋ ਹੁਕਮ ਸੁਣਾਉਦੇ ਹੋ ਇਹ ਤੁਹਾਡੇ ਆਪਣੇ ਸ਼ੈਤਾਨੀ ਮਨ ਦੀਆਂ ਹੀ
ਚਾਲਾਂ ਹਨ। ਬਸ ਡਰਦਾ ਕੋਈ ਕਹਿੰਦਾ ਹੀ ਨਹੀਂ ਹੈ।
ਮੌਜ਼ੀ ਸਾਹਿਬ! ਮੈਨੂੰ ਨਹੀਂ ਲੱਗਦਾ ਕਿ ਜੋ ਤੁਸੀਂ ਲਿਖਵਾ ਰਹੇ ਹੋ ਇਹ ਆਪਣੀ
ਸਹਿਤ ਲਈ ਚੰਗਾ ਹੋਵੇਗਾ, ਤੁਸੀਂ ਧਰਮ ਦੇ ਠੇਕੇਦਾਰਾਂ ਨੂੰ ਚੰਗੀ ਤਰਾਂ ਨਾਲ
ਜਾਣਦੇ ਹੋ, ਉਹ ਕੁਝ ਵੀ ਕਰ ਕਰਵਾ ਸਕਦੇ ਨੇ, ਅੱਗੇ ਥੋਡੀ ਮਰਜ਼ੀ ਐ ਬਈ।
ਓਏ ਯਾਰ ਤੂੰ ਡਰਦਾ ਬਹੁਤ ਏਂ। ਓਏ ਭੋਲਿ਼ਆ, ਇਹ ਡਰਦਿਆਂ ਨੂੰ ਹੀ ਡਰਾਉਣ ਵਾਲੇ
ਨੇ ਤੇ ਸੱਚ ਨੂੰ ਛਪਾਣ ਵਾਲੇ ਨੇ। ਇਹਨਾਂ ਘੜੰਮਾਂ ਨੇ ਧਰਮ ਦੇ ਨਾਮ ਤੇ ਆਪਣੀਆਂ
ਦੁਕਾਨ ਦਾਰੀਆਂ ਚਲਾਈਆਂ ਹੋਈਆਂ ਨੇ, ਅਤੇ ਡਰਪੋਕ ਲੋਕਾਂ ਨੂੰ ਧਰਮ ਦੇ ਨਾਮ ਤੇ
ਜਜ਼ਬਾਤੀ ਕਰਕੇ ਲੁੱਟੀ ਜਾਂਦੇ ਨੇ। ਇਹਨਾਂ ਨੂੰ ਮਨੁੱਖਤਾ ਦੇ ਨਾਲ ਕੋਈ ਲੈਣਾ
ਦੇਣਾ ਨਹੀਂ, ਇਹਨਾਂ ਨੂੰ ਗੁਰੂਆਂ ਦੇ ਉਪਦੇਸ਼ਾਂ ਨਾਲ ਕੋਈ ਵਾਸਤਾ ਨਹੀਂ, ਬਾਣੀ
ਕੀ ਕਹਿੰਦੀ ਹੈ ਕੋਈ ਪਰਵਾਹ ਨਹੀਂ। ਰੱਬ ਕਿਥੇ ਰਹਿੰਦਾ ਹੈ? ਇਹਨਾਂ ਨੂੰ ਜਾਂ ਤਾਂ
ਕੋਈ ਖ਼ਬਰ ਹੀ ਨਹੀਂ ਜਾਂ ਫਿਰ ਇਹ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ ਜੋ ਰੱਬ ਨੂੰ
ਗੁਰਦੁਆਰਿਆਂ ਮੰਦਰਾਂ ਵਿੱਚ ਰਹਿੰਦਾ ਦੱਸ ਰਹੇ ਨੇ, ਹਾਲਾਂ ਕਿ ਬਾਣੀ ਦੇ ਸ਼ਬਦਾਂ
ਨੂੰ ਹਰ ਰੋਜ਼ ਪੜਦੇ ਵੀ ਨੇ (ਘੜਨ ਹਾਰੇ ਮੂਰਤ ਘਾੜੀ ਛਾੱਤੀ ਦੇ ਕੇ ਪਾਓਂ, ਜੇ ਇਹ
ਮੂਰਤ ਸੱਚ ਹੋਸੀ ਘੜਨ ਹਾਰੇ ਖਾਓ) ਇਥੇ ਮੈਂ ਇਕੱਲੀ ਮੂਰਤ ਦੀ ਗੱਲ ਨਹੀਂ ਕਰ
ਰਿਹਾ, ਸਗੋਂ ਹਰ ਉਸ ਵਸਤੂ ਦੀ ਕਰ ਰਿਹਾ ਹਾਂ ਜਿਸ ਨੂੰ ਇਨਸਾਨ ਨੇ ਆਪਣੇ ਹੱਥਾਂ
ਨਾਲ ਘੜਿਆ ਬਣਾਇਆ ਹੈ, ਤੇ ਫਿਰ ਰੱਬ ਇਹਨਾਂ ਇੱਟਾਂ ਪੱਥਰਾਂ ਜਾਂ ਪੋਥੀਆਂ ਵਿੱਚ
ਕਿਵੇਂ ਹੋ ਸਕਦਾ ਹੈ? ਜਦ ਕਿ ਜੀਵਾਂ ਨੂੰ ਤੇ ਕੁਦਰਤ ਨੂੰ ਬਨਾਉਣ ਵਾਲੀ ਤਾਕਤ ਕੋਈ
ਹੋਰ ਹੈ। ਉਸ ਤਾਕਤ ਨੂੰ ਰੱਬ ਕਹਿ ਲਵੋ ਜਾਂ ਕੋਈ ਨਾਮ ਦੇ ਦੇਵੋ, ਪਰ ਉਹ ਤਾਕਤ
ਇੱਟਾਂ ਪੱਥਰਾਂ ਤੇ ਕਿਤਾਬਾਂ ਪੋਥੀਆਂ ਚ' ਕਦੇ ਨਹੀਂ ਕੈਦ ਹੋ ਸਕਦੀ। ਇਹਨਾਂ
ਅਸਥਾਨਾਂ ਨੂੰ ਲੱਗਣ ਵਾਲੀ ਇੱਟ ਨੂੰ ਇਕ ਮਜਦੂਰ ਬਣਾਉਦਾ ਹੈ ਜਿਸ ਮਿੱਟੀ ਵਿੱਚੋਂ
ਉਹ ਬਣਾਉਦਾ ਹੈ ਉਸ ਮਿੱਟੀ ਵਿੱਚ ਕੀ ਕੀ ਮਿਲਿਆ ਹੋ ਸਕਦਾ ਹੈ ਕੋਈ ਅੰਦਾਜ਼ਾ ਵੀ
ਨਹੀਂ ਲਾ ਸਕਦਾ, ਉਹ ਮਜ਼ਦੂਰ ਸ਼ਾਇਦ ਪੈਰੀ ਜੁੱਤੀ ਪਾ ਕੇ ਕੰਮ ਕਰਦਾ ਹੈ ਤੇ ਹੱਥ
ਵਿੱਚ ਬੀੜੀ ਜਾਂ ਸਿਗਰਟ ਫੜੀ ਹੁੰਦੀ ਹੈ। ਫਿਰ ਉਹੀ ਇੱਟਾਂ ਭੱਠੇ ਵਿੱਚ ਪਾਏ ਹੋਏ
ਉਹਨਾਂ ਕੋਲਿਆਂ ਲਕੜਾਂ ਨਾਲ ਪੱਕਦੀਆਂ ਨੇ ਜਿਹਨਾਂ ਉਤੇ ਲੋਕਾਂ ਨੇ ਜਾਨਵਰਾਂ ਨੇ
ਪਤਾ ਨਹੀਂ ਕੀ ਕੀ ਕੀਤਾ ਹੁੰਦਾ ਹੈ। ਫਿਰ ਇਹ ਧਰਮ ਦੇ ਠੇਕੇਦਾਰ ਕਿਤਾਬਾਂ ਪੋਥੀਆਂ
ਨੂੰ ਮਹਿੰਗੇ ਮਹਿੰਗੇ ਰੇਸ਼ਮੀ ਕਪੜਿਆਂ ਵਿੱਚ ਲਪੇਟ ਲਪੇਟ ਕੇ ਰੱਖਦੇ ਨੇ, ਸਮਝ
ਤੋਂ ਬਾਹਰ ਦੀ ਗੱਲ ਹੈ।
ਕਈ ਵਾਰੀ ਤਾਂ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਇਹਨਾਂ ਧਰਮ ਦੇ
ਠੇਕੇਦਾਰਾਂ ਦਾ ਰੱਬ ਕਿੰਨਾ ਸੋਹਲ ਤੇ ਕਮਜ਼ੋਰ ਹੋਵੇਗਾ? ਜਹਿੜਾ ਸਸਤੇ ਅਤੇ ਖਦਰ
ਦੇ ਰੁਮਾਲਿਆਂ ਵਿੱਚ ਲਪੇਟ ਹੋਣ ਤੋਂ ਡਰਦਾ ਹੈ, ਤੇ ਜੇ ਇਹ ਸੱਚ ਹੈ ਤਾਂ ਐਸੇ ਰੱਬ
ਨੂੰ ਸਾਡਾ ਦੂਰੋਂ ਹੀ ਸਾ……। ਕਿਓਂ ਕਿ ਐਸਾ ਰੱਬ ਮਨੁੱਖਤਾ ਦਾ ਕੁਝ ਵੀ ਨਹੀਂ
ਸਵਾਂਰ ਸਕਦਾ, ਸਗੋਂ ਮੈਂ ਤਾਂ ਕਹਿੰਦਾ ਹਾਂ ਕਿ ਐਸੇ ਰੱਬ ਤੋਂ ਕੋਹਾਂ ਦੂਰ ਰਹਿਣਾ
ਚਾਹੀਦਾ ਹੈ। ਐਸੇ ਰੱਬ ਦੇ ਨਾਮ ਉਤੇ ਬਣਾਏ ਹੋਏ ਧਰਮਾਂ ਅਤੇ ਧਾਰਮਿਕ ਅਸਥਾਨਾਂ
ਤੋਂ ਖਾਸ ਕਰਕੇ ਮਨੁੱਖਾਂ ਨੂੰ ਤਾਂ ਦੂਰ ਹੀ ਰਹਿਣਾ ਚਾਹੀਦਾ ਹੈ। ਮੈਂ ਯਕੀਨ ਨਾਲ
ਕਹਿੰਦਾ ਹਾਂ ਕਿ ਜਦ ਜਦ ਵੀ ਪੂਰਨ ਸੰਤ ਸਤਿਗੁਰੂ ਇਸ ਦੁਨੀਆਂ ਤੇ ਆਉਣਗੇ ਉਹ ਵੀ
ਇਹਨਾਂ ਪਾਖੰਡੀ ਧਰਮਾਂ ਅਤੇ ਧਾਰਮਿਕ ਅਸਥਾਨਾਂ ਤੋਂ ਦੂਰ ਹੀ ਰਹਿਣਗੇ। ਕਿਓਂ ਕਿ
ਇਹਨਾਂ ਧਰਮ ਦੇ ਠੇਕੇਦਾਰਾਂ ਨੇ ਹਾਲੇ ਤੱਕ (ਓਕਮ ਕਾਰ) ਦਾ ਮਤਲਬ ਹੀ ਨਹੀਂ
ਸਮਝਿਆ। ਲੈ ਬਈ ਸੱਜਣਾ ਇਕ ਕੰਮ ਹੋਰ ਕਰਦੇ ਹੁਣ, ਇਹ ਲੇਖ ਕਿਸੇ ਖਬਾਰ ਵਾਲੇ ਨੂੰ
ਭੇਜਦੇ। ਓਏ ਯਾਰ ਪਤਾ ਲੱਗਜੂ ਕੌਣ ਕਿੰਨੇ ਪਾਣੀ ਚ' ਆ।
ਜੋਗਿੰਦਰ ਸੰਘੇੜਾ (ਕਨੇਡਾ)
joe5abi@yahoo.ca
(647) 854-6044
|