|
ਅੰਤਰਰਾਸ਼ਟਰੀ ਔਰਤ ਦਿਵਸ
|
ਦੁਨੀਆਂ ਚੰਦ ‘ਤੇ ਪੁੱਜ ਗਈ ਹੈ, ਹਰ ਖੇਤਰ ਵਿੱਚ ਇਥੋਂ ਦੇ ਵਸ਼ਿੰਦੇ ਭਰਪੂਰ ਤਰੱਕੀ
ਕਰਨ ਦਾ ਦਾਅਵਾ ਕਰਦੇ ਨਹੀਂ ਥੱਕਦੇ, ਤਰੱਕੀ ਦੇ ਬਹੁਤੇ ਤੱਥ ਸਹੀ ਹੋ ਵੀ ਸਕਦੇ
ਹਨ, ਕਿਉਂਕਿ ਸਾਇੰਸ ਤਕਨੋਲੌਜੀ ਦੇ ਇਸ ਯੁੱਗ ਵਿੱਚ ਕੁਝ ਵੀ ਅਸੰਭਵ ਨਹੀਂ ਜਾਪਦਾ।
ਪਰ ਇਸ ਤਰੱਕੀ ਕਰ ਰਹੀ ਦੁਨੀਆਂ ‘ਚ ਕੁਝ ਗੱਲਾਂ ਇਹੋ ਜਿਹੀਆਂ ਵਾਪਰ ਰਹੀਆਂ ਹਨ,
ਜੋ ਹਰ ਸਭਿਅੱਕ ਮਨੁੱਖ ਨੂੰ ਸ਼ਰਮਸਾਰ ਕਰ ਰਹੀਆਂ ਹਨ। ਜਿਵੇਂ ਦੁਨੀਆਂ ਦੇ ਕੁਝ
ਮੁਲਕਾਂ, ਜਿਨਾਂ ਦੀ ਅਬਾਦੀ 63 ਕਰੋੜ ਹੈ, ਵਿੱਚ ਹਾਲੀ ਵੀ ਔਰਤਾਂ ਨਾਲ ਹੁੰਦੀ
ਘਰੇਲੂ ਹਿੰਸਾ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ। ਕੁੱਲ ਦੁਨੀਆਂ ਦੀਆਂ 70
ਪ੍ਰਤੀਸ਼ਤ ਔਰਤਾਂ ਨੂੰ ਜਿਸਮਾਨੀ ਜਾਂ ਜਿਨਸੀ ਅਤਿਆਚਾਰ ਦਾ ਸਾਹਮਣਾ ਜਿੰਦਗੀ ਦੇ
ਕਿਸੇ ਨਾ ਕਿਸੇ ਮੋੜ ਤੇ ਕਰਨਾ ਪਿਆ ਹੈ। ਇਸ ਤੋਂ ਵੀ ਹੈਰਾਨੀ ਜਨਕ ਗੱਲ ਇਹ ਕਿ 6
ਕਰੋੜ ਲੜਕੀਆਂ ਦੇ ਬਾਲ ਵਿਆਹ ਹੁੰਦੇ ਹਨ ਭਾਵ 18 ਸਾਲ ਦੀ ਉਮਰ ਤੋਂ ਪਹਿਲਾਂ ਅਤੇ
ਕੁੱਲ ਹੁੰਦੇ ਜਿਨਸੀ ਅਤਿਆਚਾਰ ਅਤੇ ਸਰੀਰਕ ਸ਼ੋਸ਼ਨ ਦੇ ਵਿਚੋਂ ਅੱਧੇ 16 ਸਾਲ ਤੋਂ
ਘੱਟ ਉਮਰ ਦੀ ਕੁਆਰੀਆਂ ਲੜਕੀਆਂ ਨਾਲ ਹੁੰਦੇ ਹਨ। ਡੁਬ ਮਰਨ ਦੀ ਗੱਲ ਇਹ ਕਿ
ਦੁਨੀਆਂ ‘ਚ ਹੁਣ ਤੱਕ 10 ਕਰੋੜ ਤੋਂ 14 ਕਰੋੜ ਲੜਕੀਆਂ ਅਤੇ ਔਰਤਾਂ ਨਾਲ ਜੰਗਾਂ
ਧਾਰਮਿਕ ਝਗੜਿਆਂ ਕਾਰਨ ਬਦਲਾ ਲਊ ਕਾਰਵਾਈ ਤਹਿਤ ਮਿੱਥ ਕੇ ਬਲਾਤਕਾਰ ਕੀਤਾ ਗਿਆ
ਅਤੇ ਇਸ ਦੀ ਤਾਜਾ ਮਿਸਾਲ ਸਾਲ 1994 ਵਿੱਚ ‘ਚ ਗੰਵਾਡਾਂ ‘ਚ ਵਾਪਰੇ ਦੁਖਾਂਤ ‘ਚ
ਵੇਖਣ ਨੂੰ ਮਿਲੀ , ਜਿਥੇ ਢਾਈ ਲੱਖ ਤੋਂ ਪੰਜ ਲੱਖ ਤੱਕ ਔਰਤਾਂ ਲੜਕੀਆਂ ਨਾਲ
ਭਿਵਚਾਰ ਕੀਤਾ ਗਿਆ। ਜਿਸਮਾਂ ਦੀ ਖਰੀਦੋ ਫਰੋਖਤ ਤੇ ਮਨੁੱਖੀ ਤਸਕਰੀ ਤਹਿਤ ਲਗਭਗ 8
ਲੱਖ ਔਰਤਾਂ ਨੂੰ ਜਿਸਮਫਰੋਸ਼ੀ ਤਹਿਤ ਅਗਵਾ ਕੀਤਾ ਜਾਂਦਾ ਹੈ ਜਾਂ ਇਸ ਧੰਦੇ ‘ਚ
ਤਸਕਰਾਂ ਵਲੋਂ ਮਜ਼ਬੂਰੀ ਵੱਸ ਧਕੇਲ ਦਿੱਤਾ ਜਾਂਦਾ ਹੈ।
ਔਰਤਾਂ ਨਾਲ ਹਰ ਖੇਤਰ ਵਿੱਚ ਵਿਤਕਰਾ ਤਾਂ ਵੇਖਣ ਲਈ ਆਮ ਹੀ ਮਿਲਦਾ ਹੈ, ਘਰ ‘ਚ ਵੀ
ਅਤੇ ਘਰੋਂ ਬਾਹਰ ਵੀ। ਘਰ ਵਿੱਚ ਆਪਣੇ ਹੱਡ ਤੁੜਾਉਂਦਿਆ ਵੀ ਉਸ ਨੂੰ ਨਾ ਆਪਣੀ
ਕੀਤੀ ਕਿਰਤ ਦਾ ਮੁੱਲ ਮਿਲਦਾ ਹੈ ਅਤੇ ਨਾ ਹੀ ਸਾਬਾਸ਼ੀ। ਦੁਨੀਆਂ ‘ਚ ਪੜਿਆਂ ,
ਅਨਪੜਾਂ ਦੀ ਗਿਣਤੀ ‘ਚ ਔਰਤਾਂ ਦੀ ਗਿਣਤੀ ਵੱਧ ਹੈ, ਦੁਨੀਆਂ ਦੇ ਕੁੱਲ ਗਰੀਬ
ਲੋਕਾਂ ‘ਚ ਬਹੁ-ਗਿਣਤੀ ਔਰਤਾਂ ਦੀ ਹੈ। ਦੁਨੀਆਂ ‘ਚ ਕੁੱਲ ਹੁੰਦੇ ਅਤਿਆਚਾਰਾਂ,
ਦੁਰਵਿਵਹਾਰ ਕਾਰਨ ਪੀੜਤ ਲੋਕਾਂ ‘ਚ ਔਰਤਾਂ ਹੀ ਵੱਡੀ ਗਿਣਤੀ ‘ਚ ਸ਼ਿਕਾਰ ਹੁੰਦੀਆਂ
ਹਨ। ਇਸ ਤੋਂ ਵੀ ਵੱਡੇ ਸੋਸ਼ਨ ਦੀ ਗੱਲ ਇਹ ਕਿ ਇਕੋ ਜਿਹੇ ਮਜ਼ਦੂਰੀ , ਕਿਰਤ, ਦੇ
ਕੰਮ ਲਈ ਔਰਤਾਂ ਨੂੰ ਮਰਦ ਨਾਲੋਂ 30-40 ਪ੍ਰਤੀਸ਼ਤ ਘੱਟ ਤਨਖਾਹ ਮਿਲਦੀ ਹੈ।
ਔਰਤਾਂ ਨਾਲ ਹੋ ਰਿਹਾ ਅਤਿਆਚਾਰਾਂ ਦਾ ਮਾਮਲਾ, ਇਸ ਸਮੇਂ ਗੰਭੀਰ ਰੂਪ ਧਾਰ ਕਰ
ਚੁੱਕਾ ਹੈ, ਭਾਵੇਂ ਕਿ ਇਹ ਅਤਿਆਚਾਰਾਂ ਦੀ ਕੋਝੀ ਅਣਮਨੁੱਖੀ ਕਾਰਵਾਈ ਮੁੱਢ ਕਦੀਮ
ਤੋਂ ਹੀ ਚੱਲੀ ਆਉਂਦੀ ਹੈ ਤੇ ਔਰਤ ਨੂੰ ਸਮਾਜ ਦੇ ਕੁਝ ਹਿੱਸੀਆਂ ਵਿੱਚ ਪੈਰ ਦੀ
ਜੁੱਤੀ ਅਤੇ ਭੋਗ ਦੀ ਵਸਤੂ ਸਮਝਿਆ ਜਾਂਦਾ ਰਿਹਾ ਹੈ, ਪਰ ਸਮੇਂ ਸਮੇਂ ਤੇ
ਵਿਚਾਰਵਾਨਾਂ, ਸਮਾਜ ਦੇ ਸੂਜਵਾਨ ਵਰਗ ਨੇ ਇਸ ਵਿਰੁੱਧ ਅਵਾਜ਼ ਵੀ ਉਠਾਈ । ਔਰਤਾਂ
ਨੇ ਵੀ ਆਪਣੀ ਸੁਰੱਖਿਆ ਆਪਣੇ ਤੇ ਹੁੰਦੇ ਅਤਿਆਚਾਰ ਦਾ ਜਿਥੇ ਇੱਕਾ ਦੁੱਕਾ,
ਇਕਿਹਰਾ ਵਿਰੋਧ ਕੀਤਾ ਉਥੇ ਸਮੂਹਿਕ ਯਤਨ ਵੀ ਹੋਏ। ਮਾਰਚ 8, ਸਾਲ 1857 ਨੂੰ
ਅਮਰੀਕਾ ਦੇ ਨੀਊਯਾਰਕ ਸ਼ਹਿਰ ਵਿੱਚ ਕਪੜਾ ਬੁਨਣ ਵਾਲੀਆਂ ਔਰਤਾਂ ਨੇ ਆਪਣੇ ਹੱਕਾਂ
ਲਈ ਇਕੱਠੋ ਹੋ ਕੇ ਅਵਾਜ਼ ਉਠਾਈ, ਟਰੇਡ ਯੂਨੀਅਨ ਬਣਾਈ ਅਤੇ ਕੰਮ ਦੇ ਸਥਾਨ ‘ਤੇ
ਬਰਾਬਰ ਦੀ ਉਜੱਰਤ ਦੀ ਮੰਗ ਵੀ ਕੀਤੀ। ਸਾਲ 1908 ਨੂੰ 8 ਮਾਰਚ ਦੇ ਦਿਨ ਇਸੇ ਸ਼ਹਿਰ
ਦੀਆਂ 15000 ਕੰਮ ਕਾਜੀ ਔਰਤਾਂ ਨੇ ਆਪਣੇ ਕੰਮ ਦੇ ਘੰਟੇ ਨੀਅਤ ਕਰਨ, ਚੰਗੀ ਤਨਖਾਹ
ਲਈ ਸੰਘਰਸ਼ ਆਰੰਭਿਆ। ਸਾਲ 1910 ਵਿੱਚ ਡੈਨਮਾਰਕ ਵਿੱਚ ਔਰਤਾਂ ਨੇ ਅੰਤਰਰਾਸ਼ਟਰੀ
ਇਕੱਠ ਕੀਤਾ , ਜਿਸ ਵਿੱਚ 17 ਦੇਸ਼ਾਂ ਦੀਆਂ 100 ਔਰਤਾਂ ਸ਼ਾਮਲ ਹੋਈਆਂ। ਪਹਿਲੇ
ਮਹਾਂ ਯੁੱਧ ਸਮੇਂ ਜਦੋਂ ਰੂਸ ਵਿੱਚ 20 ਲੱਖ ਸਿਪਾਹੀ ਮਾਰੇ ਗਏ ਤਾਂ ਉਥੋਂ ਦੀਆਂ
ਔਰਤਾਂ ਨੇ ਰੋਟੀ ਅਤੇ ਸ਼ਾਤੀ ਦੀ ਮੰਗ ਕਰਦਿਆਂ ਭਰਪੂਰ ਆਵਾਜ਼ ਉਠਾਈ। ਸਾਲ 1975 ਤੋਂ
ਪਹਿਲਾਂ ਵੱਖੋਂ ਵਖਰੇ ਦੇਸ਼ਾਂ, ਥਾਵਾਂ ਉੱਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ
ਅੰਤਰਰਾਸ਼ਟਰੀ ਕੰਮਕਾਜੀ ਔਰਤ ਦਿਵਸ ਵਜੋਂ 8 ਮਾਰਚ ਵਾਲਾ ਦਿਨ ਮਨਾਇਆ ਜਾਂਦਾ ਸੀ,
ਪਰ 1975 ਤੋਂ ਯੂ.ਐਨ.ਓ ਵਲੋਂ ਔਰਤਾਂ ਦੀਆਂ ਸਮੱਸਿਆਵਾਂ , ਉਨਾਂ ਨਾਲ ਹੁੰਦੇ
ਵਿਤਕਰੇ, ਉਸ ਉੱਤੇ ਹੁੰਦੇ ਅਤਿਆਚਾਰ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਇਸ ਨੂੰ
ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਣ ਲੱਗਾ। ਭਾਵੇ ਕਿ ਪਹਿਲੋ ਪਹਿਲ ਜਿਨਾਂ
ਦੇਸ਼ਾਂ ‘ਚ ਲੋਕ ਕਰਾਂਤੀਆਂ ਹੋਈਆਂ ਉਥੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ
ਵੀ ਬਣੇ, ਪਰ ਜਦੋਂ ਤੋਂ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਜਾਣ ਲੱਗਾ ਹੈ, ਉਦੋਂ
ਤੋਂ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ‘ਚ ਇਸ ਦਿਨ ਦੀ ਅਹਿਮੀਅਤ ਨੂੰ ਸਮਝਿਆ ਜਾਣ
ਲੱਗ ਪਿਆ ਹੈ। ਔਰਤਾਂ ਦੀਆਂ ਸਮੱਸਿਅਵਾਂ ਨੂੰ ਲੈ ਕੇ ਸਾਲ 1996 ‘ਚ ਔਰਤਾਂ ਦਾ
ਭੂਤਕਾਲ ਤੇ ਭਵਿੱਖ, 1997 ‘ਚ ਔਰਤ ਅਤੇ ਸ਼ਾਂਤੀ, 1998 ‘ਚ ਔਰਤਾਂ ਤੇ ਮਨੁੱਖੀ
ਅਧਿਕਾਰ, 1999 ‘ਚ ਔਰਤਾਂ ਅਤੇ ਅਤਿਆਚਾਰ, ਔਰਤਾਂ ਨਾਲ ਹੁੰਦੇ ਮਰਦਾਂ ਵਲੋਂ
ਵਿਤਕਰੇ, ਔਰਤਾਂ ਦੇ ਮਰਦਾਂ ਦੇ ਬਰਾਬਰ ਅਧਿਕਾਰ, ਔਰਤਾਂ ਦਾ ਮੁੱਖ ਫੈਸਲਿਆਂ ਵਿਚ
ਯੋਗਦਾਨ ਵਰਗੇ ਥੀਮ ਪੂਰੇ ਦੁਨੀਆਂ ‘ਚ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਹੋਇਆ ।
2010 ਵਿਚ ਔਰਤਾਂ ਦੇ ਬਰਾਬਰ ਹੱਕ, ਬਰਾਬਰ ਕੰਮ, ਬਰਾਬਰ ਤਨਖਾਹ ਅਤੇ ਔਰਤਾਂ ਨੂੰ
ਸਿੱਖਿਆ, ਟਰੇਨਿੰਗ , ਸਾਇੰਸ ਟੈਕਨੌਲੋਜੀ ਦੇ ਖੇਤਰ ਵਿੱਚ ਮਰਦਾਂ ਦੇ ਬਰਾਬਰ
ਮੌਕੇ, ਸਾਲ 2011 ਤੱਕ ਦੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਥੀਮ ਵਜੋਂ ਵਿਚਾਰੇ ਗਏ
ਅਤੇ ਲਾਗੂ ਕੀਤੇ ਗਏ। ਸਾਲ 2012 ਪੇਂਡੂ ਔਰਤਾਂ ਦੇ ਲਈ ਰੁਜ਼ਗਾਰ ਗਰੀਬੀ ਤੋਂ
ਛੁੱਟਕਾਰਾ ਅਤੇ ਭੁੱਖ ‘ਤੋਂ ਨਿਜ਼ਾਤ ਵਿਸ਼ੇ ਨੂੰ ਲੈਕੇ ਅੰਤਰਰਾਸ਼ਟਰੀ ਪੱਧਰ ‘ਤੇ
ਸਮਾਗਮ ਹੀ ਨਹੀਂ ਕਰਵਾਏ ਗਏ ਸਗੋਂ ਵਿਸ਼ਵ ਪੱਧਰ ਤੇ ਸਰਕਾਰਾਂ ਵਲੋਂ ਇਨਾਂ ‘ਤੇ
ਭਰਪੂਰ ਅਮਲ ਕਰਨ ਲਈ ਫੰਡ ਵੀ ਖਰਚੇ ਗਏ, ਯੋਜਨਾਵਾਂ ਵੀ ਬਣਾਈਆਂ ਗਈਆਂ।
ਇਸ ਸਾਲ 2013 ਵਿਚ ਔਰਤਾਂ ਦੇ ਸਨਮਾਨ ‘ਚ ਵਾਧਾ ਕਰਨ ਲਈ , ਉਸ ਨਾਲ ਹੋ ਰਹੇ
ਅਤਿਆਚਾਰ ਨੂੰ ਰੋਕਣ ਲਈ, ਉਸ ਦੇ ਹਰ ਕਿਸਮ ਦੇ ਸ਼ੋਸ਼ਨ ਨੂੰ ਨੱਥ ਪਾਉਣ ਲਈ,
ਅੰਤਰਰਾਸ਼ਟਰੀ ਪੱਧਰ ਉੱਤੇ ਇਹ ਹੋਕਾ ਦਿੱਤਾ ਜਾਣਾ ਹੈ ਕਿ ਔਰਤਾਂ ਨਾਲ ਹੁੰਦੇ ਜ਼ੁਲਮ
ਨੂੰ ਰੋਕਣ ਦਾ ਸਮਾਂ ਆ ਗਿਆ ਹੈ।
ਔਰਤ ਜਿਹੜੀ ਹਰ ਖੇਤਰ ‘ਚ ਨਪਿੜੀ ਜਾ ਰਹੀ ਹੈ, ਔਰਤ ਜਿਸ ਨਾਲ ਸਮਾਜ ਵਲੋਂ
ਲਗਾਤਾਰ ਦਰਵਿਵਹਾਰ ਹੁੰਦਾ ਰਿਹਾ ਹੈ, ਜਿਹੜੀ ਜਿਸਮਾਨੀ ਤੇ ਮਾਨਸਿਕ ਪੀੜਾ ਦਾ
ਸ਼ਿਕਾਰ ਹੁੰਦੀ ਰਹੀ ਹੈ। ਜਿਸ ਨੂੰ ਬਹੁਗਿਣਤੀ ਲੋਕਾਂ ਨੇ ਬਰਾਬਰ ਦੇ ਅਧਿਕਾਰ ਦੇਣ
ਬਾਰੇ ਕਦੇ ਸੋਚਿਆ ਤੱਕ ਨਹੀਂ। ਔਰਤ ਜਿਹੜੀ ਲਗਾਤਾਰ ਅਨਿਆ ਸਹਿੰਦੀ ਰਹੀ ਹੈ। ਆਪਣੇ
ਉੱਤੇ ਜ਼ਬਰ ਜਰਦੀ ਰਹੀ ਹੈ, ਜਿਹੜੀ ਮਰਦ ਦੀ ਹਊਮੈ ਹਿੰਸਾ ਦਾ ਸ਼ਿਕਾਰ ਹੋਕੇ ਘੁੱਟ
ਘੱਟਕੇ ਜੀਵਨ ਬਿਤਾਉਣ ਲਈ ਮਜ਼ਬੂਰ ਹੁੰਦੀ ਰਹੀ ਹੈ। ਉਹ ਅੱਜ ਹਰ ਖਿਤੇ , ਹਰ ਖੇਤਰ
‘ਚ ਇੱਕ ਮਜ਼ਬੂਤ ਧਿਰ ਬਣਕੇ ਉੱਭਰ ਰਹੀ ਹੈ। ਦੇਸ਼ ਭਾਵੇ ਅਮਰੀਕਾ ਹੈ ਤੇ ਭਾਵੇ
ਭਾਰਤ, ਕੈਨੇਡਾ ਹੈ ਭਾਵੇਂ ਅਫਰੀਕਾ ਦਾ ਕੋਈ ਦੇਸ਼, ਔਰਤ ਨੇ ਅੰਗੜਾਈ ਲਈ ਹੈ। ਔਰਤ
ਨੇ ਆਪਣੇ ਤੇ ਹੁੰਦੇ ਅਤਿਆਚਾਰ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਇਹ ਅਵਾਜ਼ ਭਾਵਂੇ
ਦਿੱਲੀ ‘ਚ ਗੂੰਜੀ ਹੈ ਭਾਵਂੇ ਅਫਗਾਨਿਸਤਾਨ ਦੀ ਬਹਾਦਰ ਕੁੜੀ ਮਲਾਲਾ ਵਲੋਂ ਕੁੜੀਆਂ
ਲਈ ਪੜਾਈ ਦਾ ਹੱਕ ਮੰਗਕੇ ਜਾਨ ਗੁਆਉਣ ਦੀ ਹੱਦ ਤੱਕ ਜਾਕੇ । ਅੰਤਰਰਾਸ਼ਟਰੀ ਸਮਾਜ
ਨੇ ਉਨਾਂ ਦੇ ਹੱਕ ‘ਚ ਇੱਕ ਵਾਇਦਾ ਕੀਤਾ ਹੈ ਕਿ, ਔਰਤਾਂ ‘ਤੇ ਹੋ ਰਹੇ ਅਤਿਆਚਾਰ
ਖਤਮ ਕਰਨ ਦਾ ਵੇਲਾ ਆ ਗਿਆ ਹੈ, ਇਹ ਵਾਅਦਾ ਕਿਸੇ ਰਾਜਸੀ ਨੇਤਾ ਦਾ ਨਹੀ, ਨਾ ਇਹ
ਵਾਅਦਾ ਘੂਕ ਸੌਂ ਰਹੇ ਅਣਵਰਤੇ ਕਾਨੂੰਨ ਦੇ ਰਾਖਿਆ ਵਲੋਂ ਹੈ, ਇਹ ਵਾਅਦਾ ਤਾਂ
ਲੋਕਾਂ ਵਲੋਂ ਹੈ, ਸਮਾਜ ਦੇ ਜਾਗਰੂਕ ਲੋਕਾਂ ਵਲੋਂ ਅਤੇ ਵਾਅਦਾ ਤਾਂ ਆਪਾਂ ਸਭਨਾਂ
ਨੂੰ ਨਿਭਾਉਣਾ ਹੀ ਪਵੇਗਾ।
218 ਗੁਰੂ ਹਰਿਗੋਬਿੰਦ ਨਗਰ, ਫਗਵਾੜਾ।
ਮੋਬਾ-98158-02070
|