ਇਨ੍ਹਾਂ ਦਿਨਾਂ ਵਿੱਚ ਹੀ ਸਾਬਕਾ ਸਾਂਸਦ ਅਤੇ ਸਾਬਕਾ ਚੇਅਰਮੈਨ ਕੌਮੀ ਘਟ
ਗਿਣਤੀ ਕਮਿਸ਼ਨ ਸ. ਤਰਲੋਚਨ ਸਿੰਘ ਲਿਖਤ ਇੱਕ ਮਜ਼ਮੂਨ ‘ਅਕਾਲੀ ਲੀਡਰ ਹਮੇਸ਼ਾਂ
ਪਾਰਟੀ ਤੋਂ ਬਾਗ਼ੀ’ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਸ. ਤਰਲੋਚਨ ਸਿੰਘ ਨੇ ਸ.
ਪ੍ਰਕਾਸ਼ ਸਿੰਘ ਬਾਦਲ ਨੂੰ ਛੱਡ, ਲਗਭਗ ਬਾਕੀ ਸਾਰੇ ਅਕਾਲੀ ਲੀਡਰਾਂ ਦੇ ਸ਼੍ਰੋਮਣੀ
ਅਕਾਲੀ ਦਲ ਨਾਲੋਂ ਨਾਤਾ ਤੋੜ ਵਖਰੀ ਪਾਰਟੀ ਬਨਾਣ ਜਾਂ ਕਾਂਗ੍ਰਸ ਵਿੱਚ ਜਾ ਸ਼ਾਮਲ
ਹੋਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ. ਪ੍ਰਕਾਸ਼
ਸਿੰਘ ਬਾਦਲ ਹੀ ਇਕੋ-ਇੱਕ ਅਜਿਹੇ ਅਕਾਲੀ ਆਗੂ ਰਹੇ ਹਨ, ਜੋ ਹਰ ਉਤਾਰ-ਚੜ੍ਹਾਅ ਦੇ
ਸਮੇਂ ਦ੍ਰਿੜ੍ਹਤਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਰਹੇ, ਜਦਕਿ ਅਜਿਹੇ
ਸਮੇਂ ਵਿੱਚ ਹੋਰ ਅਕਾਲੀ ਆਗੂ ਡਾਂਵਾਂ-ਡੋਲ ਹੋ ਦਲ ਨਾਲੋਂ ਕਿਨਾਰਾ ਕਰਦੇ ਚਲੇ
ਜਾਂਦੇ ਰਹੇ ਸਨ।
ਸ. ਤਰਲੋਚਨ ਸਿੰਘ ਦੇ ਇਨ੍ਹਾਂ ਵਿਚਾਰਾਂ ਨੂੰ ਪੜ੍ਹਨ ਤੋਂ ਬਾਅਦ ਜਦੋਂ ਇੱਕ
ਬਜ਼ੁਰਗ ਟਕਸਾਲੀ ਅਤੇ ਸੀਨੀਅਰ ਅਕਾਲੀ ਆਗੂ ਨਾਲ ਸੰਪਰਕ ਕਰ ਇਸ ਸੰਬਧ ਵਿੱਚ ਗਲ
ਕੀਤੀ ਗਈ ਤਾਂ ਉਨ੍ਹਾਂ ਹਸਦਿਆਂ ਕਿਹਾ ਕਿ ਸ. ਤਰਲੋਚਨ ਸਿੰਘ ਇੱਕ ਅਜਿਹੇ ਰਾਜਸੀ
ਘਾਘ ਹਨ, ਜਿਨ੍ਹਾਂ ਘਾਟ-ਘਾਟ ਦਾ ਪਾਣੀ ਪੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰ
ਉਨ੍ਹਾਂ ਨੂੰ ਹੈਰਾਨੀ ਇਸ ਗਲ ਦੀ ਹੈ ਕਿ ਉਨ੍ਹਾਂ ਆਪਣੇ ਮਜ਼ਮੂਨ ਵਿੱਚ ਦੂਸਰੇ
ਅਕਾਲੀ ਆਗੂਆਂ ਦੇ ਪਾਰਟੀ ਛੱਡ ਜਾਣ ਦਾ ਤਾਂ ਵਿਸਥਾਰ ਨਾਲ ਜ਼ਿਕਰ ਕੀਤਾ ਹੈ,
ਪ੍ਰੰਤੂ ਉਨ੍ਹਾਂ ਇਹ ਨਹੀਂ ਦਸਿਆ ਕਿ ਉਹ ਆਪ ਕਿਉਂ ਸਮੇਂ-ਸਮੇਂ ਪਾਰਟੀਆਂ ਅਤੇ
ਆਗੂਆਂ ਪ੍ਰਤੀ ਵਫਾਦਾਰੀ ਬਦਲਦੇ ਰਹੇ, ਉਹ ਵੀ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ
ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮਹਤੱਵਪੂਰਣ ਅੰਗ ਦੇ ਰੂਪ ਵਿੱਚ ਅਕਾਲੀ ਮੁਖੀ
ਰਹੇ ਹਨ। ਇਤਨਾ ਕਹਿਣ ਤੋਂ ਬਾਅਦ ਅਚਾਨਕ ਉਨ੍ਹਾਂ ਗਲਬਾਤ ਦਾ ਮੁੱਦਾ ਬਦਲਣ ਦੇ
ਉਦੇਸ਼ ਨਾਲ ਕਿਹਾ ਕਿ ਇਹ ਉਨ੍ਹਾਂ ਦਾ ਨਿਜੀ ਮਾਮਲਾ ਹੈ, ਜਿਸ ਪੁਰ ਟਿੱਪਣੀ ਕਰਨ ਦਾ
ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ।
ਉਨ੍ਹਾਂ ਆਪਣੀ ਗਲ ਨੂੰ ਅਗੇ ਤੋਰਦਿਆਂ ਕਿਹਾ ਕਿ ਜਿਥੋਂ ਤਕ ਸ. ਪ੍ਰਕਾਸ਼ ਸਿੰਘ
ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਨਾ ਜਾਣ ਦੀ ਗਲ ਹੈ, ਉਸ ਬਾਰੇ ਜਾਪਦਾ ਹੈ
ਸ. ਤਰਲੋਚਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਡੂੰਘੀ ਘੋਖ ਨਹੀਂ
ਕੀਤੀ। ਜੇ ਉਨ੍ਹਾਂ ਅਜਿਹਾ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਇਹ ਸਮਝਣ ਵਿੱਚ
ਜ਼ਰਾ-ਜਿੰਨੀ ਵੀ ਦੇਰ ਨਾ ਲਗਦੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਵੀ ਸ਼੍ਰੋਮਣੀ
ਅਕਾਲੀ ਦਲ ਕਿਉਂ ਨਹੀਂ ਛੱਡਿਆ? ਉਨ੍ਹਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ
ਇਤਿਹਾਸ ਦੀ ਡੂੰਘੀ ਘੋਖ ਕਰਨ ਨਾਲ ਇਹ ਗਲ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀ ਹੈ ਕਿ
ਸ. ਪ੍ਰਕਾਸ਼ ਸਿੰਘ ਬਾਦਲ ਕਾਂਗ੍ਰਸ ਛੱਡ, ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਕਰਕੇ
ਨਹੀਂ ਸੀ ਆਏ ਕਿ ਉਹ ਫਿਰ ਕਦੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕਾਂਗ੍ਰਸ
ਵਿੱਚ ਵਾਪਸ ਚਲੇ ਜਾਣਗੇ ਜਾਂ ਕੋਈ ਨਵੀਂ ਪਾਰਟੀ ਬਣਾ ਲੈਣਗੇ।
ਉਨ੍ਹਾਂ ਆਪਣੀ ਗਲ ਨੂੰ ਹੋਰ ਅੱਗੇ ਵਧਾਂਦਿਆਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ
ਦਾ ਇਤਿਹਾਸ ਗੁਆਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ
ਉਦੇਸ਼ ਨਾਲ ਆਏ ਸਨ ਕਿ ਉਹ ਆਪਣੀ ਰਾਜਸੀ ਕੁਸ਼ਲਤਾ ਦੇ ਸਹਾਰੇ ਸ਼ਹੀਦਾਂ ਦੀ
ਜੱਥੇਬੰਦੀ, ਸ਼੍ਰੋਮਣੀ ਅਕਾਲੀ ਦਲ ਵਿੱਚ ਅਜਿਹਾ ਵਾਤਾਵਰਣ ਬਣਾਂਦੇ ਚਲੇ ਜਾਣਗੇ ਕਿ
ਅਹਿਸਤਾ-ਆਹਿਸਤਾ ਸਾਰੇ ਟਕਸਾਲੀ ਅਤੇ ਸੀਨੀਅਰ ਅਕਾਲੀ ਆਪਣੇ-ਆਪਨੂੰ ਮਹਤੱਵਹੀਨ ਅਤੇ
ਅਪਮਾਨਤ ਮਹਿਸੂਸ ਕਰਦਿਆਂ ਇੱਕ-ਇੱਕ ਕਰ ਆਪਣੇ-ਆਪ ਹੀ ਦਲ ਤੋਂ ਬਾਹਰ ਨਿਕਲਣ ਦਾ
ਰਸਤਾ ਅਪਨਾਂਦੇ ਚਲੇ ਜਾਣਗੇ ਤੇ ਆਖਿਰ ਇੱਕ ਦਿਨ ਅਜਿਹਾ ਆ ਜਾਇਗਾ ਜਦੋਂ ਸ਼੍ਰੋਮਣੀ
ਅਕਾਲੀ ਦਲ ਕੇਵਲ ਤੇ ਕੇਵਲ ਉਨ੍ਹਾਂ ਦਾ ਆਪਣਾ ‘ਪਰਿਵਾਰਕ’ ਦਲ ਬਣ ਕੇ ਰਹਿ ਜਾਇਗਾ।
ਫਿਰ ਨਾ ਕੋਈ ਚੁਨੌਤੀ ਹੋਵੇਗੀ ਤੇ ਨਾ ਹੀ ਕੋਈ ਅਜਿਹਾ ਡਰ-ਭਉ ਕਿ ਕੋਈ ਉਨ੍ਹਾਂ
ਨੂੰ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਦਲ ਵਿਚੋਂ ਬਾਹਰ ਕਰ, ਉਸਤੇ
ਕਾਬਜ਼ ਹੋ ਜਾਇਗਾ। ਦਲ ਵਿੱਚ ਜਾਂ ਉਸ ਬਾਰੇ ਜੋ ਕੁਝ ਵੀ ਕਰਨਾ ਹੋਇਗਾ, ਉਹ ਤੇ
ੳਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਕਰਿਆ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਪੁਛਿਆ ਕਿ
ਆਖਿਰ ਉਸੇ ਤਰ੍ਹਾਂ ਹੀ ਹੋਇਆ ਹੈ ਨਾ? ਉਨ੍ਹਾਂ ਮੁਸਕੁਰਾਂਦਿਆਂ ਪੁਛਿਆ ਕਿ ਕੀ
ਅਜਿਹੀ ਸਥਿਤੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਕਿਵੇਂ ‘ਆਪਣੇ ਪਰਿਵਾਰ’ ਨੂੰ ਛੱਡ
ਕੇ ਜਾਣ ਬਾਰੇ ਸੋਚ ਸਕਦੇ ਸਨ?
ਵਿਦਿਅਕ ਸੰਸਥਾਂਵਾਂ ਦਾ ਪਧੱਰ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਮੁੱਖੀਆਂ ਵਲੋਂ ਆਪਣੇ ਪ੍ਰਬੰਧ-ਅਧੀਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ
ਅਧਿਆਪਕਾਂ ਦਾ ਮਾਰਗ-ਦਰਸ਼ਨ ਕਰ, ਸਕੂਲਾਂ ਵਿੱਚ ਦਿੱਤੀ ਜਾ ਰਹੀ ਵਿਦਿਆ ਦਾ ਪਧੱਰ
ਉਚਿਆਣ ਅਤੇ ਉਨ੍ਹਾਂ ਦਾ ਪੁਰਾਣਾ ਗੌਰਵ ਬਹਾਲ ਕਰਨ ਦੇ ਉਦੇਸ਼ ਨਾਲ ‘ਵਰਕਸ਼ਾਪ’
ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦਾ ਸੁਆਗਤ ਹੀ ਨਹੀਂ ਕੀਤਾ ਜਾਣਾ
ਚਾਹੀਦਾ, ਸਗੋਂ ਪ੍ਰਸ਼ੰਸਾਂ ਵੀ ਕੀਤੀ ਜਾਣੀ ਚਾਹੀਦੀ ਹੈ, ਇਸਦਾ ਕਾਰਣ ਇਹ ਹੈ ਕਿ
ਅਜਿਹੇ ਅਯੋਜਨਾਂ ਨਾਲ ਅਧਿਆਪਕਾਂ ਨੂੰ ਆਪਣੇ ਕਾਰਜ-ਖੇਤਰ ਦੀਆਂ ਜ਼ਿਮੇਂਦਾਰੀਆਂ ਨੂੰ
ਸਮਝਣ ਅਤੇ ਉਨ੍ਹਾਂ ਨੂੰ ਨਿਭਾਣ ਲਈ ਯੋਗ ਮਾਰਗ-ਦਰਸ਼ਨ ਪ੍ਰਾਪਤ ਹੋਵੇਗਾ ਅਤੇ ਉਹ
ਆਪਣੇ ਕਿੱਤੇ ਪ੍ਰਤੀ ਸਮਰਪਿਤ ਹੋ ਆਪਣੀਆਂ ਜ਼ਿਮੇਂਦਾਰੀਆਂ ਨਿਭਾਣ ਲਈ ਪ੍ਰੇਰਿਤ
ਹੋਣਗੇ। ਇਥੇ ਇਹ ਗਲ ਵਰਣਨਯੋਗ ਹੈ ਕਿ ਗੁਰਦੁਆਰਾ ਕਮੇਟੀ ਦੇ ਪਿਛਲੇ ਪ੍ਰਬੰਧਕਾਂ
ਦੇ ਸਮੇਂ ਐਜੂਕੇਸ਼ਨ ਡਾਇਰੈਕਟਰ ਗੋਲਡੀ ਮਲਹੋਤਰਾ ਨੇ ਇਸ ਪਾਸੇ ਸਾਰਥਕ ਪਹਿਲ ਕੀਤੀ
ਸੀ। ਉਨ੍ਹਾਂ ਵਲੋਂ ਗੁਰਦੁਆਰਾ ਕਮੇਟੀ ਦੇ ਦਫਤਰ ਦੇ ਕਾਨਫ੍ਰੰਸ ਹਾਲ ਅਤੇ ਸਕੂਲਾਂ
ਵਿੱਚ ‘ਵਰਕਸ਼ਾਪ’ ਪ੍ਰੋਗਰਾਮਾਂ ਦਾ ਆਯੋਜਨ ਕਰਵਾਇਆ ਜਾਂਦਾ ਰਿਹਾ। ਜਿਨ੍ਹਾਂ ਵਿੱਚ
ਅਧਿਆਪਕਾਂ ਦਾ ਮਾਰਗ-ਦਰਸ਼ਨ ਕਰਨ ਅਤੇ ਸਮੇਂ ਦੇ ਨਾਲ ਵਿਦਿਆ ਦੇ ਖੇਤ੍ਰ ਵਿੱਚ ਆ
ਰਹੇ ਬਦਲਾਉ ਤੋਂ ਜਾਣੂ ਕਰਵਾਣ ਲਈ ਵੱਖ-ਵੱਖ ਖੇਤ੍ਰਾਂ ਦੇ ਮਾਹਿਰਾਂ ਨੂੰ ਸਦਿਆ
ਜਾਂਦਾ ਸੀ। ਇਨ੍ਹਾਂ ਅਯੋਜਨਾਂ ਤੋਂ ਰਾਜਸੀ ਵਿਅਕਤੀਆਂ ਅਤੇ ਗੁਰਦੁਆਰਾ ਕਮੇਟੀ ਦੇ
ਮੁੱਖੀਆਂ ਨੂੰ ਪੂਰੀ ਤਰ੍ਹਾਂ ਦੂਰ ਰਖਿਆ ਜਾਂਦਾ ਸੀ। ਕਿਉਂਕਿ ਉਨ੍ਹਾਂ ਦੀ ਮਾਨਤਾ
ਸੀ ਕਿ ਰਾਜਸੀ ਵਿਅਕਤੀਆਂ ਅਤੇ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੂੰ ਇਨ੍ਹਾਂ
ਪ੍ਰੋਗਰਾਮਾਂ ਵਿੱਚ ਸਦੇ ਜਾਣ ਨਾਲ ਵਰਕਸ਼ਾਪ ਦੇ ਆਯੋਜਕਾਂ ਦਾ ਸਾਰਾ ਧਿਆਨ ਉਨ੍ਹਾਂ
ਦੇ ਮਾਣ-ਸਤਿਕਾਰ ਨੂੰ ਕਾਇਮ ਰਖਣ ਵਲ ਕੇਂਦ੍ਰਿਤ ਹੋ ਜਾਂਦਾ ਹੈ, ਫਲਸਰੂਪ ਵਰਕਸ਼ਾਪ
ਦੇ ਆਯੋਜਨ ਦੇ ਉਦੇਸ਼ ਤੋਂ ਭਟਕ ਜਾਣ ਦੀ ਸੰਭਾਵਨਾ ਦਾ ਬਣਨਾ ਸੁਭਾਵਕ ਹੋ ਜਾਂਦਾ
ਹੈ।
ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ : ਬੀਤੇ ਬੁਧਵਾਰ (22, ਮਈ,
2013) ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇੱਕ ਮੱਤਾ
ਪਾਸ ਕਰ ਗੁਰਦੁਆਰਾ ਰਕਾਬ ਗੰਜ ਵਿਖੇ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ
ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਜਿਥੋਂ ਤਕ ਨਵੰਬਰ-84 ਦੇ ਸ਼ਹੀਦਾਂ ਦੀ
ਯਾਦਗਾਰ ਬਣਾਏ ਜਾਣ ਦੀ ਗਲ ਹੈ, ਉਹ ਸੁਆਗਤਯੋਗ ਅਤੇ ਪ੍ਰਸ਼ੰਸਾਯੋਗ ਹੈ। ਬੀਤੇ
ਵਰ੍ਹਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਹਿਤ ਕਈ ਸਿੱਖ ਜੱਥੇਬੰਦੀਆਂ ਵਲੋਂ
ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਲਈ ਜਤਨ ਕੀਤੇ ਜਾਂਦੇ ਰਹੇ, ਪ੍ਰੰਤੂ ਉਹ
ਕਿਸੇ-ਨਾ-ਕਿਸੇ ਕਾਰਣ ਸਫਲ ਨਹੀਂ ਹੋ ਪਾਏ ਸਨ। ਹੁਣ ਦਿੱਲੀ ਗੁਰਦੁਆਰਾ ਕਮੇਟੀ
ਵਲੋਂ ਇਹ ਯਾਦਗਾਰ ਕਾਇਮ ਕਰਨ ਦੇ ਸਬੰਧ ਵਿੱਚ ਨਵੇਂ ਸਿਰੇ ਤੋਂ ਅਰੰਭ ਕੀਤੇ ਜਾ
ਰਹੇ ਜਤਨ ਸਫਲ ਹੋਣ ਇਹੀ ਕਾਮਨਾ ਕੀਤੀ ਜਾਣੀ ਚਾਹੀਦੀ ਹੈ।
ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਇਹ ਯਾਦਗਾਰ ਕਾਇਮ ਕਰਦਿਆਂ ਇਸ ਗਲ ਦਾ
ਖਿਆਲ ਰਖਣਾ ਹੋਵੇਗਾ ਕਿ ਇਹ ਯਾਦਗਾਰ, ਇਤਿਹਾਸਕ ਗੁਰਦਆਰਿਆਂ ਦੀ ਇਤਿਹਾਸਕ ਮਹਤੱਤਾ
ਦੇ ਮਾਣ-ਸਤਿਕਾਰ ਦਾ ਖਿਆਲ ਕਰਦਿਆਂ, ਗੁਰਦੁਆਰਾ ਕਮੇਟੀ ਦੇ ਪ੍ਰਬੰਧ-ਅਧੀਨ
ਗੁਰਦੁਆਰਾ ਰਕਾਬਗੰਜ ਤਾਂ ਕੀ ਕਿਸੇ ਵੀ ਇਤਿਹਾਸਕ ਗੁਰਦੁਆਰੇ ਵਿੱਚ ਕਾਇਮ ਕੀਤਾ
ਜਾਣਾ ਮੁਨਾਸਿਬ ਨਹੀਂ ਹੋਵੇਗਾ। ਦੂਸਰਾ ਇਹ ਯਾਦਗਾਰ ਗੁਰਦੁਆਰੇ ਦੇ ਰੂਪ ਵਿੱਚ ਵੀ
ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ
ਗੁਰਦੁਆਰਾ ਪਹਿਲਾਂ ਤੋਂ ਹੀ ਦਿੱਲੀ ਦੇ ਤਿਲਕ ਵਿਹਾਰ ਵਿੱਚ ਕਾਇਮ ਹੈ। ਅਜਿਹੀ
ਸਥਿਤੀ ਵਿੱਚ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਦਿੱਲੀ ਵਿੱਚ ਹੀ ਇੱਕ ਹੋਰ
ਗੁਰਦੁਆਰਾ ਕਾਇਮ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਯੋਗ ਨਹੀਂ ਮੰਨਿਆ ਜਾਇਗਾ।
ਦਿੱਲੀ ਗੁਰਦੁਆਰਾ ਕਮੇਟੀ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਲਈ, ਆਪਣੇ ਸਾਧਨਾਂ
ਅਤੇ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਦੇ ਕਿਸੇ ਵੀ ਹਿਸੇ ਵਿੱਚ ਜ਼ਮੀਨ ਖ੍ਰੀਦਣ ਦੀ
ਸਮਰਥਾ ਰਖਦੀ ਹੈ, ਇਸ ਲਈ ਉਸਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਕੇਂਦਰੀ ਇਲਾਕੇ
ਵਿੱਚ ਲੌੜੀਂਦੀ ਜ਼ਮੀਨ ਖ੍ਰੀਦ ਕੇ ਉਥੇ ਨਵੰਬਰ-84 ਦੇ ਸ਼ਹੀਦਾਂ ਨੂੰ ਸਮਰਪਿਤ
ਯਾਦਗਾਰ ਕਾਇਮ ਕਰੇ। ਇਹ ਯਾਦਗਾਰ ਅਜਿਹੇ ਅਜਾਇਬ ਘਰ ਦੇ ਰੂਪ ਵਿੱਚ ਹੋਵੇ, ਜਿਸ
ਵਿੱਚ ਨਵੰਬਰ-84 ਦੌਰਾਨ ਹੋਏ ਸ਼ਹੀਦਾਂ, ਸ਼ਹੀਦ ਹੋਏ ਗੁਰਦੁਆਰਿਆਂ ਅਤੇ ਉਸ ਸਮੇਂ
ਦੀਆਂ ਘਟਨਾਵਾਂ ਨਾਲ ਸਬੰਧਤ ਉਪਲੱਬਧ ਫੋਟੋ ਪ੍ਰਦਰਸ਼ਤ ਕੀਤੇ ਗਏ ਹੋਣ। ਇਸ ਯਾਦਗਾਰ
ਦੇ ਨਾਲ ਇੱਕ ਲਾਇਬ੍ਰੇਰੀ ਵੀ ਕਾਇਮ ਕੀਤੀ ਜਾਏ, ਜਿਸ ਵਿੱਚ ਨਵੰਬਰ-84 ਦੇ ਸਿੱਖ
ਕਤਲੇਆਮ ਨਾਲ ਸਬੰਧਤ ਉਨ੍ਹਾਂ ਸਾਰੇ ਜਾਂਚ ਕਮਿਸ਼ਨਾਂ ਅਤੇ ਕਮੇਟੀਆਂ, ਜਿਨ੍ਹਾਂ ਨੇ
ਸਰਕਾਰੀ ਅਤੇ ਨਿਜੀ ਤੋਰ ਤੇ ਇਸ ਕਤਲੇਆਮ ਦੀ ਜਾਂਚ ਕੀਤੀ, ਦੀਆਂ ਜਾਂਚ ਰਿਪੋਰਟਾਂ
ਅਤੇ ਉਹ ਸਾਰਾ ਸਾਹਿਤ, ਜੋ ਅੱਜ ਤਕ ਵੱਖ-ਵੱਖ ਲੇਖਕਾਂ ਵਲੋਂ ਇਸ ਮੁੱਦੇ ਪੁਰ
ਲਿਖਿਆ ਗਿਆ ਹੋਇਆ ਹੈ ਅਤੇ ਉਪਲੱਬਧ ਹੈ, ਇਸਦੇ ਨਾਲ ਹੀ ਕਤਲੇਆਮ ਦੌਰਾਨ ਅਤੇ ਬਾਅਦ
ਵਿੱਚ ਸਮੇਂ-ਸਮੇਂ ਕਤਲੇਆਮ ਨਾਲ ਸਬੰਧਤ ਅਖਬਾਰਾਂ ਵਿੱਚ ਛਪਦੀਆਂ ਰਹੀਆਂ ਖਬਰਾਂ,
ਰਿਪੋਰਟਾਂ, ਟਿੱਪਣੀਆਂ ਅਤੇ ਪ੍ਰਕਾਸ਼ਤ ਹੁੰਦੇ ਰਹੇ ਮਜ਼ਮੂਨਾਂ ਦੀਆਂ ਕਟਿੰਗਾਂ, ਜੋ
ਮਿਲ ਸਕਣ, ਨੂੰ ਸੁਰਖਿਅਤ ਰਖਿਆ ਜਾਏ, ਤਾਂ ਜੋ ਜੇ ਕੋਈ ਇਸ ਕਤਲੇਆਮ ਨਾਲ ਸਬੰਧਤ
ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਹਾਸਿਲ ਕਰਨਾ ਚਾਹੇ, ਉਸਨੂੰ ਉਹ ਇੱਕੋ ਛਤ
ਹੇਠ ਉਪਲੱਬਧ ਹੋ ਸਕੇ।
...ਅਤੇ ਅੰਤ ਵਿੱਚ : ਖਬਰਾਂ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵਲੋਂ ਆਪਣੇ ਸਕੂਲਾਂ ਵਿੱਚ ਦਿੱਤੀ ਜਾ ਰਹੀ ਸਿਖਿਆ ਦੇ ਪਧੱਰ ਨੂੰ ਉਚਿਆਣ
ਦੇ ਨਾਂ ’ਤੇ ਫੰਡ ਇਕੱਠਾ ਕਰਨ ਲਈ, ਆਪਣੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ
ਵਖਰੀਆਂ ਗੋਲਕਾਂ ਰਖਣ ਦਾ ਫੈਸਲਾ ਕੀਤਾ ਗਿਆ ਹੈ। ਜਿਥੋਂ ਤਕ ਸਿਖਿਆ ਦਾ ਪਧੱਰ
ਉਚਿਆਣ ਦੀ ਗਲ ਹੈ, ਉਹ ਸੁਆਗਤਯੋਗ ਅਤੇ ਪ੍ਰਸ਼ੰਸਾਯੋਗ ਹੈ, ਪ੍ਰੰਤੂ ਇਸ ਉਦੇਸ਼ ਲਈ
ਗੁਰਦੁਆਰਿਆਂ ਵਿੱਚ ਵਖਰੀ ਗੋਲਕ ਰਖੇ ਜਾਣ ਦੀ ਗਲ ਹੈ ਉਹ ਕਿਸੇ ਵੀ ਤਰ੍ਹਾਂ ਗਲੇ
ਨਹੀਂ ਉਤਰਦੀ। ਪਿਛਲੇ ਪ੍ਰਬੰਧਕਾਂ ਦੇ ਸਮੇਂ ਵੀ ਗੁਰਦੁਆਰਿਆਂ ਵਿੱਚ ਕੁਝ ਗੋਲਕਾਂ
ਵਖਰੀਆਂ ਰਖੀਆਂ ਗਈਆਂ ਸਨ, ਜਿਨ੍ਹਾਂ ਦੇ ਉਚਿਤ ਹੋਣ ਪੁਰ ਸੁਆਲੀਆ ਨਿਸ਼ਾਨ ਲਾਇਆ
ਜਾਂਦਾ ਰਿਹਾ ਸੀ। ਗੁਰਦੁਆਰਿਆਂ ਵਿੱਚ ਇੱਕ ਹੀ ਗੋਲਕ ਰਖੇ ਜਾਣ ਦੀ ਮਰਿਆਦਾ ਅਤੇ
ਪਰੰਪਰਾ ਹੈ, ਉਸੇ ਗੋਲਕ ਵਿਚੋਂ ਹੀ ਸਾਰੇ ਧਾਰਮਕ, ਵਿਦਿਅਕ, ਸਮਾਜਿਕ ਅਤੇ ਪੰਥਕ
ਉਦੇਸ਼ਾਂ ਲਈ ਖਰਚ ਕੀਤਾ ਜਾਂਦਾ ਹੈ। ਅਲਗ ਤੋਂ ਕਿਸੇ ਉਦੇਸ਼ ਲਈ ਗੋਲਕ ਦਾ ਰਖਿਆ
ਜਾਣਾ, ਨਾ ਤਾਂ ਧਾਰਮਕ ਮਰਿਆਦਾਵਾਂ ਜਾਂ ਮਾਨਤਾਵਾਂ ਦੇ ਅਨੁਸਾਰ ਹੈ ਅਤੇ ਨਾ ਹੀ
ਸਿੱਖ ਪਰੰਪਰਾਵਾਂ ਦੇ ਅਨੁਸਾਰ ਹੀ। ਇਸ ਨਾਲ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਅਤੇ ਭਰਮ
ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Jaswant Singh Ajit, 64-C, U & V / B,
Shalimar Bagh, DELHI-11 00 88
Mobile : +91 98 68 91 77 31
jaswantsinghajit@gmail.com
|