ਛੋਟੇ ਹੁੰਦੇ ਸਿੰਘਾਂ ਦੀਆਂ ਬਹਾਦਰੀਆਂ, ਦਲੇਰੀਆਂ, ਕੁਰਬਾਨੀਆਂ ਅਤੇ ਦਯਿਆਬਾਨੀਆਂ
ਦੀਆਂ ਬਹੁਤ ਗੱਲਾਂ ਸੁਣਦੇ ਹੁੰਦੇ ਸੀ। ਸਿੰਘਾਂ ਦੇ ਮਿਲਾਪੜੇ ਸੁਭਾਵਾਂ ਅਤੇ
ਦਯਿਆਨਗੀ ਵਾਰੇ ਸੁਣ ਕੇ ਅੱਖਾਂ ਵਿੱਚੋਂ ਉਹਨਾਂ ਪ੍ਰਤੀ ਸ਼ਰਧਾ ਭਰੇ ਹੰਝੂਆਂ ਦੇ
ਮੋਤੀ ਕਿਰਨ ਲੱਗ ਪੈਂਦੇ ਸਨ, ਸਿੰਘਾਂ ਦੀਆਂ ਬਹਾਦਰੀਆਂ, ਦਲੇਰੀਆਂ ਅਤੇ
ਕੁਰਬਾਨੀਆਂ ਵਾਰੇ ਸੁਣ ਕੇ ਸਰੀਰ ਵਿੱਚ ਖੂਨ ਖੌਲਣ ਲੱਗ ਪੈਂਦਾ ਸੀ ਦਿਲ ਵਿੱਚ
ਉਹਨਾਂ ਸਿੰਘਾਂ ਪ੍ਰਤੀ ਸਤਿਕਾਰ, ਪਿਆਰ ਅਤੇ ਉਹਨਾਂ ਸਿੰਘਾਂ ਉੱਤੋਂ ਨਿਸ਼ਾਵਰ ਹੋਣ
ਦਾ ਜਜ਼ਬਾ ਉਬਾਲੇ ਮਾਰਨ ਲੱਗਦਾ ਸੀ। ਕਈ ਵਾਰੀ ਦਿਲ ਚ' ਖਿਆਲ ਆਉਂਦਾ ਸੀ ਕਿ ਜੇ
ਭਾਈ ਘਨੱਈਆ ਕਿਧਰੇ ਮਿਲ ਜਾਵੇ ਤਾਂ ਉਸ ਦੇ ਦਰਸ਼ਨ ਕਰਕੇ ਉਸਨੂੰ ਉਸਦੀ ਦਯਿਆਨਗੀ
ਵਾਰੇ ਪੁੱਛਾਂ ਕਿ ਤੁਹਾਨੂੰ ਇਹ ਕਿਸ ਭਾਅ ਮਿਲੀ ਹੈ, ਇਹ ਮਨੁੱਖਤਾ ਦਾ ਭੇਤ ਕਿਸ
ਭਾਅ ਮਿਲਿਆ ਹੈ, ਨਾ ਕੋਈ ਵੈਰੀ ਨਹੀਂ ਬੇਗਾਨਾ ਦੀ ਭਾਵਨਾ ਕਿਸ ਭਾਅ ਮਿਲੀ ਹੈ, ਹਰ
ਜੀਵ ਵਿੱਚ ਰੱਬ ਦੇ ਦੀਦਾਰ ਕਰਨ ਵਾਲੀ ਅੱਖ ਦੀ ਰੌਸ਼ਨੀ ਕਿਸ ਭਾਅ ਮਿਲੀ ਹੈ? ਅਤੇ
ਕਈ ਵਾਰੀ ਦਿਲ ਕਰਦਾ ਕਿ ਬਾਬਾ ਦੀਪ ਸਿੰਘ ਜਾਂ ਬਾਬਾ ਬੰਦਾ ਬਹਾਦਰ ਕਿਧਰੇ ਮਿਲ
ਜਾਣ ਤਾਂ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਤੋਂ ਪੁੱਛਾਂ ਕਿ ਹੱਕ ਤੇ ਸੱਚ ਲਈ ਲੜਨ
ਦਾ ਹੌਂਸਲਾ ਕਿਸ ਭਾਅ ਮਿਲਿਆ ਹੈ, ਮਜ਼ਲੂਮਾਂ ਤੇ ਕਮਜ਼ੋਰਾਂ ਦੀ ਰੱਖਿਆ ਕਰਨ ਦਾ
ਸਿਰੜ੍ਹ ਕਿਸ ਭਾਅ ਮਿਲਿਆ ਹੈ, ਕੌਲਾਂ ਤੇ ਬੋਲਾਂ ਤੇ ਖ਼ਰੇ ਉਤਰਨ ਦਾ ਹੌਂਸਲਾ ਕਿਸ
ਭਾਅ ਮਿਲਿਆ ਹੈ, ਹਰ ਪਲ ਅਤੇ ਹਰ ਹਾਲਤ ਵਿੱਚ ਰੱਬ ਦੇ ਭਾਣੇ ਵਿੱਚ ਰਹਿਣ ਦਾ ਸਬਰ
ਸਿਦਕ ਕਿਸ ਭਾਅ ਮਿਲਿਆ ਹੈ?
ਸਿਆਣੇ ਗੱਲਾਂ ਕਰਦੇ ਹੁੰਦੇ ਸਨ ਕਿ ਮਜ਼ਲੂਮਾਂ ਤੇ ਗਰੀਬਾਂ ਦੀ ਰੱਖਿਆ ਲਈ
ਸਿੰਘਾਂ ਦੇ ਜਥੇ ਹੁੰਦੇ ਸਨ ਤੇ ਜਥਿਆਂ ਦੇ ਜਥੇਦਾਰ ਉਹ ਸਿੰਘ ਹੁੰਦੇ ਸਨ ਜੋ ਬਾਕੀ
ਜਥੇ ਲਈ ਤਨ ਤੋਂ ਹੀ ਨਹੀਂ ਬਲਿਕਿ ਮਨ ਅੰਦਰੋਂ ਵੀ ਸਹੀ ਸਿੰਘ ਹੋਣ ਦੀ ਮਿਸਾਲ
ਹੁੰਦੇ ਸਨ (ਜਾਣੀ ਦਿਲੋਂ ਵੀ ਸੱਚੇ, ਸੁੱਚੇ ਤੇ ਨਿਡੱਰ ਹੁੰਦੇ ਸਨ) ਮੋਹ, ਲਾਲਚ
ਤੇ ਈਰਖਾ ਤੋਂ ਰਹਿਤ ਹੁੰਦੇ ਸਨ, ਆਪਣੇ ਦੀਨ ਇਮਾਨ ਲਈ ਮਰ ਮਿਟਣ ਵਾਲੇ ਹੁੰਦੇ ਸਨ,
ਕੁੱਲ ਦਾ ਭਲਾ ਮੰਗਣ ਵਾਲੇ ਵੀ ਤੇ ਸੂਰਬੀਰ ਵੀ ਹੁੰਦੇ ਸਨ (ਗੁਰੂ ਕੀ ਬਾਣੀ ਦਾ
ਵਾਕ ਹੈ "ਸੂਰਾ ਸੋ ਪਹਿਚਾਣੀਐ ਜੋ ਲੜਹਿ ਦੀਨ ਕੇ ਹੇਤੁ, ਪੁਰਜਾ ਪੁਰਜਾ ਕਟ
ਮਰਹਿ ਕਬਹੁ ਨ ਛਾਡਹਿ ਖੇਤ") ਜਾਣੀ ਆਪਣੇ ਦੀਨ ਇਮਾਨ ਦੀ ਸੁਰਖਸ਼ਾ ਲਈ ਆਪਣੇ
ਸਰੀਰ ਦਾ ਅੰਗ ਅੰਗ ਕਟਵਾ ਸਕਦੇ ਸਨ। ਧੰਨ ਸਨ ਉਸ ਵਕਤ ਦੇ ਸਿੰਘ, ਉਹਨਾਂ ਸਿੰਘਾਂ
ਲਈ ਅੱਜ ਵੀ ਇਸ ਦਿਲ ਵਿੱਚ ਓਹੀ ਸ਼ਰਧਾ, ਓਹੀ ਸਤਿਕਾਰ, ਪਿਆਰ ਤੇ ਉਹਨਾਂ ਉਤੋਂ
ਨਿਸ਼ਾਵਰ ਹੋਣ ਦਾ ਉਹੀ ਜਜ਼ਬਾ ਹੈ।
ਅਫਸੋਸ ਅੱਜ ਉਹ ਸਿੰਘ……………।
ਅੱਜ ਕੱਲ ਨਾਮ ਦੇ ਸਿੰਘ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹਨ ਪਰ ਮਨ ਦਾ
ਸਿੰਘ ਕੋਈ ਟਾਵਾਂ ਟਾਵਾਂ ਹੋ ਸਕਦਾ ਹੈ, ਜੇ ਕੋਈ ਟਾਵਾਂ ਹੋਵੇਗਾ ਵੀ ਤਾਂ ਉਸਦੀ
ਅੱਜ ਦੇ ਸਿੰਘਾਂ ਵਿੱਚ (ਜਾਣੀ ਕਾਵਾਂ 'ਚ
ਘੁੱਘੀਆਂ ਦਾ ਹੋਣਾ) ਕੋਈ ਕੀਮਤ ਹੀ ਨਹੀਂ ਹੋ ਸਕਦੀ, ਕਿਓਂ ਕਿ ਉਹਨਾਂ ਸਿੰਘਾਂ ਦੇ
ਰੋਮ ਰੋਮ ਵਿੱਚੋਂ ਹੱਕ ਸੱਚ, ਦਯਿਆ ਤੇ ਬਹਾਦਰੀ ਦੇ ਅਸੂਲਾਂ ਦੀਆਂ
ਕਿਰਨਾਂ ਫੁੱਟਦੀਆਂ ਸਨ ਤੇ ਅੱਜ ਦੇ ਸਿੰਘਾਂ ਦਾ ਜਥੇਦਾਰ ਉਹ ਸਿੰਘ ਹੁੰਦਾ ਏ ਜਿਸ
ਦੇ ਰੋਮ ਰੋਮ ਵਿੱਚੋਂ ਮੋਹ, ਲੋਭ, ਕਾਮ, ਕਰੋਧ, ਲਾਲਚ ਤੇ ਈਰਖਾ ਦੇ ਸਿੰਗ
ਫੁੱਟਦੇ ਹੋਣ। ਉਸ ਵਕਤ ਦੇ ਸਿੰਘ ਰੁੱਖਾਂ ਦੇ ਪੱਤੇ ਖਾ ਕੇ ਨੀਲੀ ਛੱਤ ਤੇ ਜੰਗਲ
ਦੀਆਂ ਕੰਧਾਂ ਦੇ ਮੰਦਰ ਵਿੱਚ ਬੈਠ ਕੇ ਵੀ ਰੱਬ ਦੇ ਭਾਣੇ ਵਿੱਚ ਉਸ ਦਾ ਲੱਖ ਲੱਖ
ਸ਼ੁਕਰ ਮਨਾ ਲੈਂਦੇ ਸਨ, ਤੇ ਅੱਜ ਦੇ ਸਿੰਘ ਸੰਗਮਰਮਰ ਦੀਆਂ ਫਰਸ਼ਾਂ ਸੰਗਮਰਮਰ
ਦੀਆਂ ਕੰਧਾਂ ਤੇ ਸੋਨੇ ਦੀਆਂ ਛੱਤਾਂ ਦੇ ਮੰਦਰਾਂ ਵਿੱਚ ਬੈਠ ਕੇ ਵੀ ਰੱਬ ਦੇ ਨਾਮ
ਤੇ ਅਵਾਮ ਨੂੰ ਬੇਵਕੂਫ ਬਣਾਕੇ ਅਵਾਮ ਵਲੋਂ ਚੜੇ ਚੜਾਵੇ ਚੋਂ ਦੇਸੀ ਘਿਓ ਦੁੱਧਾਂ
ਦੇ ਤੜਕੇ ਛੜਕੇ ਲੱਗੇ ਪਕਵਾਨਾਂ ਨੂੰ ਛਕ ਕੇ ਵੀ ਈਰਖਾ ਤੇ ਕਰੋਧ ਨਾਲ ਭਰੇ ਪਏ ਨੇ।
ਉਸ ਵਕਤ ਦੇ ਸਿੰਘ ਲੋਕਾਂ ਦਿਆਂ ਹੱਕਾਂ ਲਈ ਲੜਦੇ ਸਨ ਤੇ ਅੱਜ ਦੇ ਸਿੰਘ ਮਾਇਆ ਤੇ
ਚੌਧਰ ਲਈ ਲੜਦੇ ਨੇ। ਉਸ ਵਕਤ ਦੇ ਸਿੰਘਾਂ ਦੇ ਮੁਖਾਰਬੰਦਾਂ ਚੋਂ ਸਰਬੱਤ ਦੇ ਭਲੇ
ਲਈ ਬਚਨ ਨਿਕਲਦੇ ਸਨ ਤੇ ਅੱਜ ਦੇ ਸਿੰਘਾਂ ਦੇ ਮੂੰਹਾਂ ਚੋਂ ਨਫਰਤ ਅਤੇ ਅੱਗ
ਨਿਕਲਦੀ ਏ। ਉਸ ਵਕਤ ਦੇ ਸਿੰਘ ਜ਼ੁਲਮ ਨੂੰ ਠੱਲ ਪਾਉਣ ਲਈ ਜਾਲਮ ਨਾਲ ਲੜਦੇ ਸਨ ਤੇ
ਅੱਜ ਦੇ ਸਿੰਘ ਚੌਧਰ ਪਾਉਣ ਲਈ ਆਪਣੇ ਹੀ ਸਿੰਘਾਂ ਦੀਆਂ ਦਾੜ੍ਹੀਆਂ ਪੁੱਟਣ ਤੇ
ਪੱਗਾਂ ਉਤਾਰਨ ਲਈ ਲੜਦੇ ਹਨ। ਉਸ ਵਕਤ ਦੇ ਸਿੰਘਾਂ ਦੇ ਸਿਰਾਂ ਉਤੇ ਦਸਤਾਰਾਂ ਦੇ
ਨਾਲ ਨਾਲ ਗੁਰੂ ਦਾ ਅਸ਼ੀਰਵਾਦ ਹੁੰਦਾ ਸੀ ਤੇ ਅੱਜ ਦੇ ਸਿੰਘਾਂ ਦੇ ਸਿਰਾਂ ਤੇ
ਪੱਗਾਂ ਦੇ ਨਾਲ ਨਾਲ ਨਾ ਦਿਸਣ ਵਾਲੇ ਸਿੰਗ ਲੱਗਦੇ ਨੇ ਜੋ ਆਪਸ ਵਿੱਚ ਹੀ ਇਕ ਦੂਜੇ
ਦੇ ਸਿੰਗਾਂ ਵਿੱਚ ਫਸਾਈ ਰੱਖਦੇ ਨੇ, ਜਾਂ ਜੇ ਕਿਧਰੇ ਫੁਰਸਤ ਮਿਲਦੀ ਏ ਤਾਂ ਦੂਸਰੇ
ਧਰਮਾਂ ਵਾਲਿਆਂ ਦੇ ਜਾਂ ਕਿਸੇ ਦੂਸਰੇ ਤਰੀਕੇ ਨਾਲ ਰੱਬ ਨੂੰ ਮੰਨਣ ਵਾਲਿਆਂ ਦੇ
ਮਾਰਦੇ ਰਹਿੰਦੇ ਨੇ।
ਪਿੱਛੇ
ਜਿਹੇ ਸੁਣਿਆ ਸੀ ਕਿ ਇਹਨਾਂ ਦੇ ਸਿੰਗ ਇੰਨੇ ਲੰਬੇ ਹੋ ਗਏ ਕਿ ਦਿੱਲੀ ਤੱਕ ਮਾਰ ਕਰ
ਗਏ ਸਨ। ਉਸ ਵਕਤ ਦੇ ਸਿੰਘ ਰੱਬ ਦੇ ਬਣਾਏ ਹੋਏ ਮੰਦਰ (ਜਾਣੀ ਇਨਸਾਨਾਂ ਨੂੰ)
ਬਚਾਉਣ ਲਈ ਜ਼ਾਲਮ ਨਾਲ ਲੋਹਾ ਲੈਂਦੇ ਸਨ ਤੇ ਅੱਜ ਦੇ ਸਿੰਘ ਇਨਸਾਨਾਂ ਵਲੋਂ ਬਣਾਏ
ਹੋਏ ਗਾਰੇ ਇੱਟਾਂ ਪੱਥਰਾਂ ਦੇ ਮੰਦਰਾਂ ਨੂੰ ਬਚਾਉਣ ਲਈ ਇਨਸਾਨਾਂ ਨਾਲ ਲੋਹਾ
ਲੈਂਦੇ ਨੇ। ਉਸ ਵਕਤ ਦੇ ਸਿੰਘ ਅਵਾਮ ਨੂੰ ਤਮਾਕੂ ਬੀੜੀਆਂ ਨਸਿ਼ਆਂ ਤੋਂ ਰਹਿਤ ਹੋਣ
ਲਈ ਪਰੇਰਦੇ ਸਨ ਤੇ ਅੱਜ ਦੇ ਸਿੰਘ ਹਰ ਤਰਾਂ ਦੇ ਨਸਿ਼ਆਂ ਦੇ ਕਾਰੋਬਾਰ ਕਰਦੇ ਨੇ।
ਉਸ ਵਕਤ ਦੇ ਸਿੰਘ ਧਰਮਸ਼ਾਲਾ ਬਣਵਾਉਂਦੇ ਸਨ ਜਿਥੇ ਅਵਾਮ ਬੈਠ ਕੇ ਰੁਹਾਨੀ ਸਾਂਝਾਂ
ਪਾ ਸਕੇ ਤੇ ਅੱਜ ਦੇ ਸਿੰਘ ਥਾਂ ਥਾਂ ਤੇ ਗੁਰਦੁਆਰੇ ਬਣਾ ਰਹੇ ਨੇ ਜਿਥੇ ਅਵਾਮ ਤੋਂ
ਚੜਾਵੇ ਦੇ ਰੂਪ ਵਿੱਚ ਮਾਇਆ ਇਕੱਠੀ ਕੀਤੀ ਜਾ ਸਕੇ। ਉਸ ਵਕਤ ਦੇ ਸਿੰਘ ਰਾਹਾਂ ਉਤੇ
ਠੰਡੇ ਪਾਣੀ ਦੀਆਂ ਸ਼ਬੀਲਾਂ ਤੇ ਭੁੱਖਿਆਂ ਲਈ ਲੰਗਰ ਲਾਇਆ ਕਰਦੇ ਸਨ ਤੇ ਅੱਜ ਦੇ
ਸਿੰਘ ਅਵਾਮ ਲਈ ਨਸਿ਼ਆਂ ਦੇ ਠੇਕੇ ਖੋਲ ਖਰੀਦ ਰਹੇ ਨੇ। ਉਸ ਵਕਤ ਦੇ ਸਿੰਘ ਅਵਾਮ
ਦੀ ਸੇਵਾ ਕਰਨ ਲਈ ਜਥਿਆਂ ਵਿੱਚ ਸੇਵਾਦਾਰ ਰੱਖਦੇ ਸਨ ਤੇ ਅੱਜ ਦੇ ਸਿੰਘ ਅਵਾਮ ਨੂੰ
ਡਰਾਉਣ ਧਮਕਾਉਣ ਲਈ ਜਥਿਆਂ ਵਿੱਚ ਗੁੰਡੇ ਰੱਖਦੇ ਹਨ। ਉਸ ਵਕਤ ਦੇ ਸਿੰਘ ਸਾਰੇ
ਪਿੰਡ ਦੀਆਂ ਧੀਆਂ ਧਿਆਣੀਆਂ ਨੂੰ ਵੀ ਆਪਣੀਆਂ ਧੀਆਂ ਸਮਝਦੇ ਸਨ ਤੇ ਅੱਜ ਦੇ ਸਿੰਘ
ਆਪਣੀਆਂ ਹੀ ਧੀਆਂ ਨੂੰ ਕੁੱਖਾਂ ਵਿੱਚ ਕਤਲ ਕਰਵਾ ਰਹੇ ਨੇ। ਉਸ ਵਕਤ ਦੇ ਸਿੰਘ
ਗੁਰੂ ਸਾਹਿਬਾਨ ਦੀ ਬਾਣੀ ਦਾ ਸਤਿਕਾਰ ਤੇ ਪਿਆਰ ਕਰਦੇ ਸਨ ਤੇ ਅੱਜ ਦੇ ਸਿੰਘ ਗੁਰੂ
ਸਾਹਿਬਾਨ ਦੀ ਬਾਣੀ ਦਾ ਰੇਸ਼ਮੀ ਮਖ਼ਮਲੀ ਰਮਾਲਿਆਂ ਨਾਲ ਸ਼ਿੰਗਾਰ ਕਰਦੇ ਨੇ। ਉਸ
ਵਕਤ ਦੇ ਸਿੰਘ ਇਮਾਨਦਾਰੀ ਤੇ ਦਲੇਰੀ ਦੀਆਂ ਮਸਾਲਾਂ ਸਨ ਤੇ ਅੱਜ ਦੇ ਸਿੰਘ
ਬੇਇਮਾਨੀ ਤੇ ਹੇਰਾ ਫੇਰੀ ਦੀਆਂ ਮਸਾਲਾਂ ਹਨ। ਉਸ ਵਕਤ ਦੇ ਸਿੰਘ ਬਾਬੇ ਨਾਨਕ ਦੀ
ਫਿ਼ਲਾਸਫੀ ਤੇ ਚੱਲਦੇ ਹੋਏ ਰੱਬ ਨੂੰ ਹਰ ਪਾਸੇ ਹਾਜ਼ਰ ਨਾਜ਼ਰ ਸਮਝ ਕੇ ਜਿਧਰ
ਮਰਜ਼ੀ ਪੈਰ ਕਰ ਕੇ ਸੌਂ ਵੀ ਜਾਂਦੇ ਸਨ ਤੇ ਅੱਜ ਦੇ ਸਿੰਘ ਅਵਾਮ ਨੂੰ ਇਸ ਗੱਲ ਤੋਂ
ਹੀ ਡਰਾਉਂਦੇ ਰਹਿੰਦੇ ਨੇ ਕਿ ਤੂੰ ਗੁਰੂ ਮਹਾਰਾਜ ਵੱਲ ਨੂੰ ਪਿੱਠ ਕਰਕੇ ਬੈਠਾ ਏਂ,
ਪਤਾ ਨਹੀਂ ਅੱਜ ਦੇ ਸਿੰਘਾਂ ਨੇ ਸ਼ਾਇਦ ਰੱਬ ਨੂੰ ਇਕ ਥਾਂ ਤੇ ਹੀ ਬੰਨ ਕੇ ਬਿਠਾਲ
ਦਿੱਤਾ ਏ।
ਰੱਬ ਰਾਖਾ
ਜੋਗਿੰਦਰ ਸੰਘੇੜਾ ਕਨੇਡਾ
joe5abi@yahoo.ca
647-854-6044 |