ਅਗਰ
ਫ਼ੁਰਸਤ ਮਿਲੇ ਪਾਨੀ ਕੀ ਤਹਿਰੀਰੋਂ ਕੋ ਪੜ੍ਹ ਲੇਨਾ, ਹਰ ਇਕ ਦਰਿਆ ਹਜ਼ਾਰੋਂ ਸਾਲ
ਕਾ ਅਫ਼ਸਾਨਾ ਲਿਖਤਾ ਹੈ। (ਬਸ਼ੀਰ ਬਦਰ)
ਸ.ਯ.ਲਿੰ: ਨਹਿਰ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਵਿਚ ਸਮਝੌਤਾ ਕਰਵਾਉਣ ਵਾਸਤੇ
ਸੁਪਰੀਮ ਕੋਰਟ ਨੇ 'ਕੇਂਦਰੀ ਜਲ ਸ਼ਕਤੀ' ਮੰਤਰੀ ਨੂੰ ਦੋਵਾਂ
ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਵਾਉਣ ਦੀ ਹਦਾਇਤ ਕੀਤੀ ਹੈ, ਵੈਸੇ ਇਸ
ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਾਣੀ ਇਕ
ਕੁਦਰਤੀ ਸਰੋਤ ਹੈ ਤੇ ਇਸ ਨੂੰ ਲੈ ਕੇ ਕੋਈ ਵੀ ਨਿੱਜੀ ਹਿੱਤ ਦਿਮਾਗ ਵਿਚ ਨਹੀਂ ਰੱਖ
ਸਕਦਾ।
ਸਪੱਸ਼ਟ ਹੈ ਕਿ ਜੇ ਸਮਝੌਤਾ ਨਹੀਂ ਹੁੰਦਾ ਤਾਂ ਅਦਾਲਤ ਦਾ ਰੁਖ਼
ਕਿਧਰ ਨੂੰ ਹੈ? ਅਸੀਂ ਅਦਾਲਤ ਨੂੰ ਪੂਰੇ ਸਤਿਕਾਰ ਸਹਿਤ ਕਹਿਣਾ ਚਾਹੁੰਦੇ ਹਾਂ ਕਿ,
ਕੀ ਕੋਲਾ, ਲੋਹਾ ਜਾਂ ਜ਼ਮੀਨ ਵਿਚੋਂ ਨਿਕਲਣ ਵਾਲੀਆਂ ਹੋਰ ਧਾਤਾਂ ਜਾਂ ਚੀਜ਼ਾਂ
ਕੁਦਰਤੀ ਸਰੋਤ ਨਹੀਂ ਹਨ।? ਜੇ ਪੰਜਾਬ ਦੇ ਪਾਣੀ ਸਭ ਦੇ ਹਨ ਤਾਂ ਕੀ ਬਾਕੀ ਕੁਦਰਤੀ
ਸਰੋਤਾਂ 'ਤੇ ਵੀ ਸਭ ਦਾ ਬਰਾਬਰ ਦਾ ਹੱਕ ਹੋਣਾ ਇਨਸਾਫ਼ ਦਾ ਤਕਾਜ਼ਾ ਨਹੀਂ ਹੈ?
ਸ.ਯ.ਲਿੰ: ਨਹਿਰ ਬਾਰੇ ਸੁਪਰੀਮ ਕੋਰਟ ਦੀ ਹਦਾਇਤ 'ਤੇ ਪੰਜਾਬ ਦੇ ਮੁੱਖ
ਮੰਤਰੀ ਭਗਵੰਤ ਮਾਨ ਅਤੇ ਪੰਜਾਬ 'ਤੇ ਰਾਜ ਕਰ ਰਹੀ ਪਾਰਟੀ ਦੇ ਸੁਪਰੀਮੋ
ਜੋ ਪੰਜਾਬ ਦੇ ਪਾਣੀ ਦਿੱਲੀ ਨੂੰ ਦੇਣ ਦੇ ਮਾਮਲੇ ਵਿਚ ਵੀ ਇਕ ਧਿਰ ਹਨ, ਦੇ
ਸਟੈਂਡ ਨੇ ਪੰਜਾਬੀਆਂ ਨੂੰ ਫ਼ਿਕਰ ਵਿਚ ਪਾ ਦਿੱਤਾ ਹੈ। ਉਨ੍ਹਾਂ ਦੋਵਾਂ
ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਵਿਚ ਦਖ਼ਲ ਦੇਵੇ ਅਤੇ ਇਸ ਮਾਮਲੇ ਨੂੰ
ਹੱਲ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਇਹ ਹੁਣ ਸੱਚਮੁੱਚ ਹੀ ਪੰਜਾਬ ਦੇ
ਅਸਲੀ ਸਟੈਂਡ ਦੇ ਉਲਟ ਹੈ। ਯਾਦ ਰੱਖੋ ਭਾਰਤੀ ਸੰਵਿਧਾਨ ਦੇ 7ਵੇਂ
ਸ਼ਡਿਊਲ ਵਿਚ ਰਾਜਾਂ ਦੇ ਅਧਿਕਾਰਾਂ ਦੀ ਸੂਚੀ ਵਿਚ 17ਵੀਂ ਮੱਦ
ਅਨੁਸਾਰ ਪਾਣੀ ਸਿਰਫ਼ ਤੇ ਸਿਰਫ਼ ਰਾਜਾਂ ਦੇ ਅਧਿਕਾਰ ਖੇਤਰ ਦੀ ਗੱਲ ਹੈ। ਇਸ ਲਈ
ਭਾਰਤੀ ਸੰਵਿਧਾਨ ਤੇ ਦੁਨੀਆ ਭਰ ਵਿਚ ਮੰਨੇ ਜਾਂਦੇ ਰਾਇਪੇਰੀਅਨ
ਕਾਨੂੰਨ ਅਨੁਸਾਰ ਪੰਜਾਬ ਵਿਚ ਵਗਦੇ ਦਰਿਆਵਾਂ ਦੇ ਪਾਣੀ ਦਾ ਹੱਕਦਾਰ ਪੰਜਾਬ ਹੀ ਹੈ।
ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਪੱਖੀ ਹੋਣ 'ਤੇ ਕੋਈ ਸ਼ੱਕ ਨਹੀਂ
ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਇਸ ਵੇਲੇ ਇਕ ਦੁਰਾਹੇ 'ਤੇ ਖੜ੍ਹੇ
ਹਨ। ਜੇਕਰ ਉਨ੍ਹਾਂ ਨੇ ਡਟ ਕੇ ਪੰਜਾਬ ਪੱਖੀ ਸਟੈਂਡ ਲਿਆ ਤਾਂ
ਇਤਿਹਾਸ ਵਿਚ ਉਹ ਪੰਜਾਬੀਆਂ ਦੇ ਨਾਇਕ ਅਤੇ ਅਲੰਬਰਦਾਰ ਵਜੋਂ ਦਰਜ ਹੋਣਗੇ, ਨਹੀਂ ਤਾਂ
ਉਹ ਇਕ ਹੋਰ ਦਰਬਾਰਾ ਸਿੰਘ ਹੀ ਮੰਨੇ ਜਾਣਗੇ।
ਅਸਲ ਵਿਚ 1978 ਵਿਚ ਪ੍ਰਕਾਸ਼
ਸਿੰਘ ਬਾਦਲ ਸਰਕਾਰ ਨੇ ਹੌਸਲਾ ਕਰਕੇ ਸੁਪਰੀਮ ਕੋਰਟ ਵਿਚ ਪੰਜਾਬ
ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਦੇ ਖ਼ਿਲਾਫ਼ ਕੇਸ ਕੀਤਾ ਸੀ। ਪਰ
ਜਦੋਂ ਕੇਂਦਰ ਸਰਕਾਰ ਨੂੰ ਲੱਗਾ ਕਿ ਅਦਾਲਤ ਤਾਂ ਇਨਸਾਫ਼ ਕਰੇਗੀ ਤੇ ਇਹ ਧਾਰਾਵਾਂ
ਰੱਦ ਹੋਣ ਤੋਂ ਬਚਾਈਆਂ ਨਹੀਂ ਜਾ ਸਕਦੀਆਂ ਤਾਂ 1980 ਵਿਚ ਉਸ ਵੇਲੇ ਦੀ ਪ੍ਰਧਾਨ
ਮੰਤਰੀ ਇੰਦਰਾ ਗਾਂਧੀ ਨੇ ਉਸ ਵੇਲੇ ਦੇ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ
ਮੁੱਖ ਮੰਤਰੀ ਦੀ ਕੁਰਸੀ ਖੋਹ ਲੈਣ ਦੀ ਧਮਕੀ ਦੇ ਕੇ ਇਹ ਕੇਸ ਵਾਪਸ ਕਰਵਾ ਦਿੱਤਾ ਸੀ।
ਸਾਨੂੰ 'ਆਪ' ਮੁਖੀ ਕੇਜਰੀਵਾਲ ਵਲੋਂ ਮਾਮਲਾ ਕੇਂਦਰ ਸਰਕਾਰ ਨੂੰ ਹੱਲ ਕਰਨ
ਲਈ ਕਹਿਣ 'ਤੇ ਕੋਈ ਹੈਰਾਨੀ ਨਹੀਂ, ਕਿਉਂਕਿ ਉਹ ਖੁਦ ਵੀ ਕੇਂਦਰੀਕਰਨ ਤੇ ਤਾਨਾਸ਼ਾਹੀ
ਰੁਚੀਆਂ ਰੱਖਦੇ ਦਿਖਾਈ ਦਿੰਦੇ ਹਨ। ਉਹ ਖੁਦ ਆਪਣੀ ਪਾਰਟੀ ਵੀ ਸਿਰਫ਼ ਆਪਣੀ ਮਰਜ਼ੀ
ਨਾਲ ਚਲਾਉਂਦੇ ਹਨ ਤੇ ਕਿਸੇ ਹੱਦ ਤੱਕ ਉਹ ਦੇਸ਼ ਪ੍ਰਤੀ ਭਾਜਪਾ ਦੀ ਕਥਿਤ
ਰਾਸ਼ਟਰਵਾਦੀ ਸੋਚ ਦੇ ਵੀ ਹਾਮੀ ਹਨ। ਫਿਰ ਉਨ੍ਹਾਂ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਦੀ
ਕੁਰਸੀ ਜਾਂ ਕਾਂਗਰਸ ਦੀ ਥਾਂ ਵਿਰੋਧੀ ਧਿਰ ਦਾ ਨੇਤਾ ਬਣਨ ਦਾ ਹੀ ਜਾਪਦਾ ਹੈ। ਪਰ
ਜਿਵੇਂ ਉਹ ਖੁਦ ਕਹਿੰਦੇ ਹਨ ਕਿ ਭਾਜਪਾ ਤੇ ਕਾਂਗਰਸ ਪੰਜਾਬ ਵਿਚ ਹੋਰ ਤੇ ਹਰਿਆਣਾ
ਵਿਚ ਹੋਰ ਸਟੈਂਡ ਲੈਂਦੀਆਂ ਹਨ।
ਇਸੇ ਤਰ੍ਹਾਂ ਖੁਦ
ਉਨ੍ਹਾਂ ਲਈ ਵੀ ਉਸੇ ਤਰ੍ਹਾਂ ਰਾਜਸਥਾਨ, ਖਾਸ ਕਰ ਹਰਿਆਣਾ ਤੇ ਦਿੱਲੀ ਵਿਰੁੱਧ ਪੰਜਾਬ
ਦੇ ਹੱਕ ਵਿਚ ਸਟੈਂਡ ਲੈਣਾ ਅਸੰਭਵ ਜਿਹਾ ਜਾਪਦਾ ਹੈ। ਪਰ ਮੁੱਖ
ਮੰਤਰੀ ਭਗਵੰਤ ਮਾਨ ਨੂੰ ਤਾਂ ਪੰਜਾਬ ਲਈ ਸਟੈਂਡ ਲੈਣਾ ਹੀ ਚਾਹੀਦਾ
ਹੈ ਤੇ ਇਸ ਲਈ ਉਨ੍ਹਾਂ ਕੋਲ ਸਭ ਤੋਂ ਸੌਖਾ ਰਸਤਾ ਕਾਨੂੰਨੀ ਰਸਤਾ ਹੀ ਹੈ ਜੋ ਉਨ੍ਹਾਂ
ਦੀ ਗੱਦੀ ਲਈ ਖ਼ਤਰਾ ਵੀ ਨਹੀਂ ਬਣਦਾ ਤੇ ਪੰਜਾਬ ਨੂੰ 'ਸ਼ਾਇਦ' ਇਨਸਾਫ਼ ਵੀ ਦੁਆ
ਸਕਦਾ ਹੈ। ਉਨ੍ਹਾਂ ਨੂੰ ਬਹੁਤ ਕਾਬਿਲ ਵਕੀਲਾਂ ਦੀਆਂ ਸੇਵਾਵਾਂ ਲੈ ਕੇ ਸੁਪਰੀਮ
ਕੋਰਟ ਵਿਚ ਦੋ ਲੜਾਈਆਂ ਇਕੱਠੀਆਂ ਲੜਨੀਆਂ ਚਾਹੀਦੀਆਂ ਹਨ। ਪਹਿਲੀ ਇਹ
ਕਿ ਪਾਣੀਆਂ ਦਾ ਮਾਮਲਾ ਸੰਵਿਧਾਨ ਅਨੁਸਾਰ ਸਿਰਫ਼ ਰਾਜਾਂ ਦੇ ਅਧਿਕਾਰ ਖੇਤਰ ਦਾ
ਮਾਮਲਾ ਹੈ ਤੇ ਦੇਸ਼ ਵਿਚ ਆਮ ਤੌਰ 'ਤੇ ਮੰਨੇ ਜਾਂਦੇ ਅੰਤਰਰਾਸ਼ਟਰੀ ਰਾਇਪੇਰੀਅਨ
ਕਾਨੂੰਨ ਅਨੁਸਾਰ ਪੰਜਾਬ ਤਿੰਨਾਂ ਦਰਿਆਵਾਂ ਦਾ ਇਕੱਲਾ ਤਟਵਰਤੀ ਰਾਜ ਹੋਣ ਦੇ ਨਾਤੇ
ਪੰਜਾਬ ਵਿਚ ਵਗ ਰਹੇ ਦਰਿਆਈ ਪਾਣੀਆਂ 'ਤੇ ਸਿਰਫ਼ ਤੇ ਸਿਰਫ਼ ਪੰਜਾਬ ਦਾ ਹੱਕ ਹੈ।
ਇਥੋਂ ਤੱਕ ਕਿ ਇਸ ਬਾਰੇ ਕਾਨੂੰਨੀ ਤੌਰ 'ਤੇ ਸੁਪਰੀਮ ਕੋਰਟ ਤੇ
ਕੇਂਦਰ ਸਰਕਾਰ ਵੀ ਕਿਸੇ ਰੂਪ ਵਿਚ ਕੋਈ ਫ਼ੈਸਲਾ ਥੋਪਣ ਦੇ ਸਮਰਥ ਅਥਾਰਟੀਆਂ
ਨਹੀਂ ਹਨ। ਜਦੋਂ ਕਿ ਦੂਸਰਾ ਕੇਸ 'ਪੰਜਾਬ ਪੁਨਰ ਗਠਨ ਐਕਟ' ਦੀਆਂ ਧਾਰਾਵਾਂ 78, 79
ਅਤੇ 80 ਰੱਦ ਕਰਨ ਦੀ ਚੁਣੌਤੀ ਦੇਣ ਦਾ ਹੋਵੇ, ਕਿਉਂਕਿ ਅਜਿਹੀਆਂ ਧਾਰਾਵਾਂ
ਗ਼ੈਰ-ਸੰਵਿਧਾਨਕ ਵੀ ਹਨ ਤੇ ਦੇਸ਼ ਭਰ ਵਿਚ ਹੋਰ ਕਿਸੇ ਵੀ ਰਾਜ ਦੇ ਪੁਨਰ ਗਠਨ ਵੇਲੇ
ਨਹੀਂ ਪਾਈਆਂ ਗਈਆਂ। ਇਸ ਮਾਮਲੇ ਵਿਚ ਪੰਜਾਬ ਨੂੰ ਜੁਰਅਤ ਤਾਂ ਵਿਖਾਉਣੀ ਹੀ ਪਵੇਗੀ
ਤੇ ਇਨ੍ਹਾਂ ਬਾਰੇ ਵਕੀਲਾਂ ਦੀ ਸਲਾਹ ਨਾਲ ਜੇ ਪੰਜਾਬ ਵਿਧਾਨ ਸਭਾ ਵਿਚ ਵੀ ਕੋਈ
ਕਾਨੂੰਨ ਪਾਸ ਕਰਨਾ ਪੈਂਦਾ ਹੈ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਪਾਣੀ ਹੁਣ
ਪੰਜਾਬ ਤੇ ਪੰਜਾਬੀਆਂ ਲਈ ਜਿਊਣ-ਮਰਨ ਦਾ ਸਵਾਲ ਹੈ। ਇਹ ਸਥਿਤੀ ਪੰਜਾਬ ਨਾਲ ਕੇਂਦਰ
ਦੇ ਧੱਕੇ ਦੀ ਇੰਤਹਾ ਹੈ। ਹਮ ਜੈਸੇ ਜ਼ੁਲਮ-ਓ-ਸਿਤਮ ਸੇ ਡਰ ਭੀ ਗਏ ਤੋ
ਕਯਾ। ਕੁਛ ਵੋ ਭੀ ਹੈਂ ਜੋ ਕਹਿਤੇ ਹੈਂ ਸਰ ਭੀ ਗਏ ਤੋ ਕਯਾ।
ਪੰਜਾਬ ਦੇ ਪਾਣੀਆਂ 'ਤੇ ਸਿਰਫ਼ ਪੰਜਾਬ ਦਾ ਹੱਕ ਕਿਵੇਂ?
ਪੰਜਾਬ ਦਾ ਸਾਫ਼ ਤੇ ਸਪੱਸ਼ਟ ਸਟੈਂਡ ਇਹ ਹੋਣਾ ਚਾਹੀਦਾ ਹੈ ਕਿ
ਪੰਜਾਬ ਦੇ ਤਿੰਨਾਂ ਦਰਿਆਵਾਂ 'ਤੇ ਦੇਸ਼ ਅਤੇ ਦੁਨੀਆ ਵਿਚ ਮੰਨੇ ਜਾਂਦੇ
ਰਾਇਪੇਰੀਅਨ ਕਾਨੂੰਨ ਅਨੁਸਾਰ ਸਿਰਫ਼ ਪੰਜਾਬ ਦਾ ਹੱਕ ਹੈ। ਇਸ ਲਈ ਕਿਸੇ
ਸ.ਯ.ਲਿੰ: ਨਹਿਰ ਦਾ ਕੋਈ ਮਤਲਬ ਹੀ ਨਹੀਂ। ਸਗੋਂ ਰਾਜਸਥਾਨ, ਹਰਿਆਣਾ ਅਤੇ
ਦਿੱਲੀ ਨੂੰ ਹੁਣ ਤੱਕ ਦਿੱਤਾ ਗਿਆ ਪਾਣੀ ਵੀ ਪੰਜਾਬ ਦੀ ਮਲਕੀਅਤ ਸੀ ਤੇ ਇਸ ਦੀ ਕੀਮਤ
ਵੀ ਵਿਆਜ ਸਮੇਤ ਵਸੂਲੀ ਜਾਣ ਲਈ ਚਾਰਾਜੋਈ ਕੀਤੀ ਜਾਣੀ ਚਾਹੀਦੀ ਹੈ। ਅਸਲ ਵਿਚ
ਹਰਿਆਣਾ ਦਾ ਵੀ ਪੰਜਾਬ ਦੇ ਪਾਣੀਆਂ 'ਤੇ ਕੋਈ ਕਾਨੂੰਨੀ ਹੱਕ ਨਹੀਂ, ਕਿਉਂਕਿ ਭਾਰਤ
ਵਿਚ ਜਦੋਂ ਵੀ ਸੂਬਿਆਂ ਦੀ ਵੰਡ ਹੋਈ ਤਾਂ ਪਾਣੀ ਦੀ ਮਾਲਕੀ ਤੱਟਵਰਤੀ ਰਾਜਾਂ ਦੀ ਹੀ
ਰਹੀ। ਫਿਰ ਪੰਜਾਬ ਨਾਲ ਹੀ ਵੱਖਰਾ ਸਲੂਕ ਕਿਉਂ?
1874 ਵਿਚ ਆਸਾਮ-ਬੰਗਾਲ
ਵੰਡ ਵਿਚ ਪਾਣੀ ਦੀ ਕੋਈ ਵੰਡ ਨਹੀਂ ਹੋਈ। 1901 ਵਿਚ ਸੂਬਾ ਸਰਹੱਦ ਪੰਜਾਬ ਤੋਂ ਵੱਖ
ਹੋਇਆ ਪਰ ਪੰਜਾਬ ਦੇ ਪਾਣੀ ਪੰਜਾਬ ਦੇ ਹੀ ਰਹੇ। 1912 ਵਿਚ ਬਿਹਾਰ ਤੇ ਓਡੀਸ਼ਾ
ਬੰਗਾਲ ਤੋਂ ਵੱਖ ਹੋਏ ਤਾਂ ਪਾਣੀ ਰਾਇਪੇਰੀਅਨ ਕਾਨੂੰਨ ਅਨੁਸਾਰ ਹੀ
ਵੰਡੇ ਗਏ। 1936 ਵਿਚ ਓਡੀਸ਼ਾ ਬਿਹਾਰ ਤੋਂ ਵੱਖ ਹੋਇਆ ਤੇ 1936 ਵਿਚ ਹੀ ਸਿੰਧ ਬੰਬਈ
ਤੋਂ ਵੱਖਰਾ ਹੋਇਆ ਤਦ ਵੀ ਰਾਇਪੇਰੀਅਨ ਕਾਨੂੰਨ ਹੀ ਮੰਨਿਆ ਗਿਆ।
ਆਜ਼ਾਦ ਭਾਰਤ ਵਿਚ ਵੀ 1953 ਵਿਚ ਆਂਧਰਾ ਪ੍ਰਦੇਸ਼ ਬਣਿਆ ਤਾਂ ਇਸੇ ਕਾਨੂੰਨ ਅਧੀਨ ਹੀ
ਕ੍ਰਿਸ਼ਨਾ ਨਦੀ 'ਤੇ ਆਂਧਰਾ ਦਾ ਅਤੇ ਕਾਵੇਰੀ ਨਦੀ 'ਤੇ ਮਦਰਾਸ ਦਾ ਅਧਿਕਾਰ ਮੰਨ ਲਿਆ
ਗਿਆ।
1960 ਵਿਚ ਬੰਬਈ ਰਾਜ ਵਿਚੋਂ ਮਹਾਰਾਸ਼ਟਰ ਤੇ ਗੁਜਰਾਤ ਸੂਬੇ ਬਣੇ ਅਤੇ
1972 ਵਿਚ ਪੰਜਾਬੀ ਸੂਬੇ ਤੋਂ ਵੀ ਬਾਅਦ ਉੱਤਰ ਪੂਰਬੀ ਸੂਬੇ ਬਣਾਏ ਜਾਣ ਵੇਲੇ ਵੀ
ਰਾਇਪੇਰੀਅਨ ਕਾਨੂੰਨ ਹੀ ਲਾਗੂ ਹੋਇਆ। ਪਰ ਇਸ ਤੋਂ ਪਹਿਲਾਂ 1966 ਵਿਚ
ਪੰਜਾਬ ਹਰਿਆਣਾ ਵੰਡ ਵੇਲੇ ਅਜਿਹਾ ਕਿਉਂ ਨਹੀਂ ਕੀਤਾ ਗਿਆ? ਹਰਿਆਣਾ ਪੰਜਾਬ ਦਾ
ਹਿੱਸਾ ਰਹੇ ਹੋਣ ਕਾਰਨ ਪੰਜਾਬ ਦੇ ਪਾਣੀਆਂ 'ਤੇ ਹੱਕ ਤਾਂ ਜਤਾਉਂਦਾ ਹੈ ਪਰ ਇਤਿਹਾਸ
ਵੇਖੋ 1859 ਵੇਲੇ ਹਰਿਆਣਾ ਦੇ ਸਿਰਫ਼ 6 ਜ਼ਿਲ੍ਹੇ ਹੀ ਪੰਜਾਬ ਨਾਲ ਮਿਲਾਏ ਗਏ ਸੀ
ਤਾਂ ਵੱਖ ਹੋਣ ਵੇਲੇ ਉਹ ਉਸ ਤੋਂ ਵੱਧ ਕੀ ਲੈ ਸਕਦਾ ਹੈ, ਜੋ ਉਸ ਨੇ ਪਾਇਆ ਸੀ। ਉਸ
ਵੇਲੇ ਵੀ ਇਹ ਪਾਣੀ ਪੰਜਾਬ ਦੇ ਹੀ ਸਨ। ਪਰ ਚਲੋ ਇਕ ਮਿੰਟ ਲਈ ਮੰਨ ਵੀ ਲਵੋ ਕਿ
ਪੰਜਾਬ ਤੋਂ ਵੱਖ ਹੋਣ ਕਾਰਨ ਹਰਿਆਣਾ ਦਾ ਕੋਈ ਹੱਕ ਬਣਦਾ ਹੈ ਤਾਂ ਫਿਰ ਹਰਿਆਣਾ ਵਿਚ
ਵਗਦੇ ਯਮੁਨਾ ਤੇ ਘੱਗਰ ਦਰਿਆ ਦੇ ਪਾਣੀਆਂ 'ਤੇ ਪੰਜਾਬ ਦਾ ਹੱਕ ਕਿਉਂ ਨਹੀਂ?
ਰਾਜਸਥਾਨ ਦੀ ਗੱਲ ਨੋਟ ਕਰਨ ਵਾਲੀ ਗੱਲ ਹੈ ਕਿ 1920
ਵਿਚ ਬੀਕਾਨੇਰ ਨਹਿਰ ਵਾਲੇ ਸਮਝੌਤੇ ਦੀ ਧਾਰਾ 13 ਵਿਚ ਪੰਜਾਬ ਨੂੰ ਪਾਣੀ ਬਦਲੇ
ਰਾਇਲਟੀ ਦੇਣ ਦੀ ਗੱਲ ਸੀ, ਜੋ 1946 ਤੱਕ ਦਿੱਤੀ ਵੀ ਜਾਂਦੀ ਰਹੀ। ਫਿਰ 1955
ਦੇ ਸਮਝੌਤੇ ਦੀ ਗੱਲ ਕਰੀਏ ਤਾਂ ਇੰਡੀਅਨ ਕੰਟਰੈਕਟ ਐਕਟ ਦੀ ਧਾਰਾ
25 ਅਧੀਨ ਉਹ ਸਮਝੌਤਾ ਕਾਨੂੰਨੀ ਰੂਪ ਵਿਚ ਸਮਝੌਤਾ ਹੀ ਨਹੀਂ ਮੰਨਿਆ ਜਾ ਸਕਦਾ, ਜਿਸ
ਵਿਚ ਕੋਈ ਕਮੀ ਹੋਵੇ। ਇਸ ਸਮਝੌਤੇ ਦੀ ਧਾਰਾ 5 ਅਨੁਸਾਰ ਪਾਣੀ ਦੀ ਕੀਮਤ ਤੈਅ ਕੀਤੀ
ਜਾਣੀ ਸੀ, ਜੋ ਅੱਜ ਤੱਕ ਤੈਅ ਨਹੀਂ ਹੋਈ। ਸਮਝੌਤੇ ਵਿਚ ਕੋਈ ਚੀਜ਼ ਲੈਣ ਲਈ ਉਸ ਦੇ
ਬਦਲੇ ਵਿਚ ਕੀ ਕੀਤਾ ਗਿਆ ਹੈ, ਦਰਜ ਹੋਣਾ ਜ਼ਰੂਰੀ ਹੈ। ਰਾਜਸਥਾਨ ਨੂੰ ਮੁਫ਼ਤ ਪਾਣੀ
ਦੇਣ ਦਾ ਕੋਈ ਵੀ ਸਮਝੌਤਾ ਨਹੀਂ ਹੋਇਆ। ਇਸ ਲਈ ਕਾਨੂੰਨੀ ਰੂਪ ਵਿਚ ਪੰਜਾਬ ਰਾਜਸਥਾਨ
ਨੂੰ ਹੁਣ ਤੱਕ ਦਿੱਤੇ ਪਾਣੀ ਦੀ ਕੀਮਤ ਵਸੂਲਣ ਦਾ ਹੱਕਦਾਰ ਹੈ। ਇਕ ਵਾਰ ਸੈਂਟਰਲ
ਵਾਟਰ ਐਂਡ ਪਾਵਰ ਕਮਿਸ਼ਨ ਨੇ ਕਿਹਾ ਸੀ ਕਿ ਮਾਧੋਪੁਰ ਹੈੱਡ ਵਰਕਸ
ਦੇ ਗੇਟ ਖਰਾਬ ਹੋਣ ਕਾਰਨ ਰੋਜ਼ਾਨਾ 100 ਕਿਊਸਿਕ ਪਾਣੀ ਅਜਾਈਂ ਜਾ
ਰਿਹਾ ਹੈ ਤੇ ਇਸ ਨਾਲ 100 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋ ਰਿਹਾ ਹੈ।
ਇਸ ਹਿਸਾਬ ਨਾਲ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਸਾਲਾਨਾ ਕੀਮਤ 14 ਹਜ਼ਾਰ ਕਰੋੜ
ਰੁਪਏ ਦੇ ਕਰੀਬ ਬਣਦੀ ਹੈ। ਜੇ ਮੋਟਾ ਜਿਹਾ ਹਿਸਾਬ ਲਾਈਏ ਤਾਂ ਪਿਛਲੇ 55 ਸਾਲਾਂ ਵਿਚ
ਇਹ 7 ਲੱਖ 70 ਹਜ਼ਾਰ ਕਰੋੜ ਰੁਪਏ ਬਣਦੀ ਹੈ, ਜਿਸ ਦਾ ਵਿਆਜ ਵੱਖਰਾ ਹੈ ਤੇ ਇਹ
ਪੰਜਾਬ ਦਾ ਹੱਕ ਹੈ। ਦਿੱਲੀ, ਹਿਮਾਚਲ ਦੇ ਹਿੱਸੇ ਦੇ ਪਾਣੀ ਦਾ ਮੁੱਲ ਤਾਂ ਤਾਰਦੀ
ਹੈ ਪਰ ਪੰਜਾਬ ਤੋਂ ਲਏ ਪਾਣੀ ਦੀ ਇਕ ਪਾਈ ਵੀ ਨਹੀਂ ਦਿੱਤੀ ਜਾਂਦੀ ਕਿਉਂ?
ਮੁਝ ਕੋ ਯੇ ਫਿਕਰ ਕਿ ਦਿਲ ਮੁਫ਼ਤ ਗਯਾ ਹਾਥੋਂ ਸੇ, ਉਸ ਕੋ ਯੇ ਨਾਜ਼ ਕਿ ਉਸ
ਨੇ ਯੇ ਛੀਨਾ ਹਮਸੇ॥
ਪਾਣੀ ਪੰਜਾਬ ਦਾ ਦਿਲ ਹੀ ਤਾਂ ਹੈ। -1044,
ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ-141401. ਮੋਬਾਈਲ :
92168-60000 email :
hslall@ymail.com
|