WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ   
ਹਰਜਿੰਦਰ ਸਿੰਘ ਲਾਲ           (07/01/2022)

lall

01ਬਾਤ ਬੜ੍ਹ ਜਾਨੇ ਕੇ ਆਸਾਰ ਸੇ ਡਰ ਲਗਤਾ ਹੈ॥
ਆਜ-ਕਲ ਗਰਮੀ-ਏ-ਗੁਫ਼ਤਾਰ ਸੇ ਡਰ ਲਗਤਾ ਹੈ॥


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਰੈਲੀ ਰੱਦ ਹੋ ਗਈ। ਇਸ ਦੇ ਕਈ ਪਹਿਲੂ ਹਨ ਤੇ ਕਈ ਅਰਥ ਵੀ ਹਨ। ਬੇਸ਼ੱਕ ਅਸੀਂ ਹਰ ਪਹਿਲੂ ਤੇ ਹਰ ਅਰਥ 'ਤੇ ਵਿਚਾਰ ਨਹੀਂ ਕਰ ਸਕਦੇ ਪਰ ਇਸ ਦੇ ਕੁਝ ਨੁਕਤਿਆਂ 'ਤੇ ਵਿਚਾਰ ਜ਼ਰੂਰੀ ਜਾਪਦਾ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਰੈਲੀ ਵਾਲੀ ਥਾਂ 'ਤੇ ਲੋਕ 'ਭਾਜਪਾ' ਦੀ ਆਸ ਅਤੇ ਪ੍ਰਬੰਧਾਂ ਨਾਲੋਂ ਬਹੁਤ ਘੱਟ ਪੁੱਜੇ ਤੇ ਦੂਸਰੀ ਗੱਲ ਇਹ ਕਿ ਪ੍ਰਧਾਨ ਮੰਤਰੀ ਦੇ ਰਸਤੇ ਵਿਚ ਮੁਜ਼ਾਹਰਾਕਾਰੀਆਂ ਵਲੋਂ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ, ਜਿਸ ਦੇ ਚਲਦਿਆਂ ਉਨ੍ਹਾਂ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਵਾਪਸ ਪਰਤਣ ਦਾ ਫ਼ੈਸਲਾ ਲੈ ਲਿਆ।

ਪਰ ਪ੍ਰਧਾਨ ਮੰਤਰੀ ਨੇ ਇਸ ਨੂੰ ਸਿਰਫ ਸੁਰੱਖਿਆ ਦੀ ਤਰੁਟੀ ਹੀ ਨਹੀਂ ਮੰਨਿਆ ਸਗੋਂ ਇਹ ਕਹਿ ਕੇ ਕਿ ਮੁੱਖ ਮੰਤਰੀ ਨੂੰ ਧੰਨਵਾਦ ਕਿਹਾ ਕਿ ਮੈਂ ਬਠਿੰਡੇ ਵਾਪਸ ਜ਼ਿੰਦਾ ਆ ਸਕਿਆ ਹਾਂ, ਸਿੱਧੇ ਰੂਪ ਵਿਚ ਉਨ੍ਹਾਂ ਨੇ ਇਸ ਘਟਨਾ ਨੂੰ ਆਪਣੀ ਜਾਨ ਲਈ ਖ਼ਤਰਾ ਹੀ ਗ਼ਰਦਾਨ ਦਿੱਤਾ ਹੈ। ਹਾਲਾਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਲਈ ਸੁਰੱਖਿਆ ਦੇ ਖ਼ਤਰੇ ਵਾਲੇ ਕੋਈ ਗੱਲ ਨਹੀਂ ਸੀ। ਉਨ੍ਹਾਂ ਅਨੁਸਾਰ ਅਚਾਨਕ ਲੋਕ ਸੜਕ 'ਤੇ ਰੋਸ ਪ੍ਰਗਟ ਕਰਨ ਆ ਗਏ, ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਉਸ ਤੋਂ ਬਹੁਤ ਪਹਿਲਾਂ ਰੋਕ ਕੇ ਬਦਲਵੇਂ ਰਸਤੇ ਰਾਹੀਂ ਜਾਣ ਲਈ ਕਿਹਾ ਗਿਆ। ਪਰ ਉਨ੍ਹਾਂ ਨੇ ਵਾਪਸ ਜਾਣ ਨੂੰ ਤਰਜੀਹ ਦਿੱਤੀ।

ਚੰਨੀ ਅਨੁਸਾਰ ਅਜਿਹਾ ਪ੍ਰਧਾਨ ਮੰਤਰੀ ਵਲੋਂ ਅਚਾਨਕ ਹੈਲੀਕਾਪਟਰ ਦੀ ਬਜਾਏ ਸੜਕੀ ਰਸਤੇ ਜਾਣ ਦੇ ਫ਼ੈਸਲੇ ਕਰਕੇ ਹੋਇਆ।

ਅਸੀਂ ਸਮਝਦੇ ਹਾਂ ਕਿ ਬੇਸ਼ੱਕ ਪ੍ਰਧਾਨ ਮੰਤਰੀ ਨੇ ਮੌਸਮ ਕਾਰਨ ਅਚਾਨਕ ਹੈਲੀਕਾਪਟਰ ਦੀ ਥਾਂ ਸੜਕ ਰਾਹੀਂ ਜਾਣ ਦਾ ਫ਼ੈਸਲਾ ਕੀਤਾ ਹੋਵੇ ਪਰ ਪੰਜਾਬ ਦੀ ਪੁਲਿਸ ਤੇ ਪ੍ਰਸ਼ਾਸਨ ਨੂੰ ਬਰਸਾਤ ਨੂੰ ਦੇਖਦਿਆਂ ਪਹਿਲਾਂ ਹੀ ਬਦਲਵੇਂ ਸੜਕੀ ਰਸਤਿਆਂ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ। ਇਸ ਮਾਮਲੇ ਵਿਚ ਪੰਜਾਬ ਦੀ ਪੁਲਿਸ ਤੇ ਪ੍ਰਸ਼ਾਸਨ ਨੂੰ ਬਰੀ-ਉਲ-ਜ਼ੁੰਮਾ ਕਰਾਰ ਨਹੀਂ ਦਿੱਤਾ ਜਾ ਸਕਦਾ।

ਰਹੀ ਗੱਲ ਰੈਲੀ ਵਿਚ ਘੱਟ ਬੰਦਿਆਂ ਦੇ ਪਹੁੰਚਣ ਦੀ, ਇਸ ਬਾਰੇ ਮੁੱਖ ਮੰਤਰੀ ਨੇ ਸਿਰਫ 700 ਬੰਦੇ ਪਹੁੰਚਣ ਦੀ ਗੱਲ ਤਾਂ ਮਜ਼ਾਕ ਵਿਚ ਹੀ ਕਹੀ ਲਗਦੀ ਹੈ। ਭਾਜਪਾ ਨੇਤਾਵਾਂ ਦਾ ਇਲਜ਼ਾਮ ਹੈ ਕਿ ਸਾਡੀਆਂ 1200 ਬੱਸਾਂ ਰਸਤਿਆਂ ਵਿਚ ਰੋਕੀਆਂ ਗਈਆਂ। ਅੱਗੇ ਬਰਸਾਤ ਦਾ ਮੌਸਮ ਹੋਣ ਦੇ ਬਾਵਜੂਦ ਵਾਟਰ ਪਰੂਫ ਪੰਡਾਲ ਦੀ ਬਜਾਏ ਖੁੱਲ੍ਹੇ ਵਿਚ ਲੱਗੀਆਂ ਕੁਰਸੀਆਂ ਕਾਰਨ ਜਿਹੜੀਆਂ ਬੱਸਾਂ ਵਿਚ ਲੋਕ ਪੁੱਜੇ ਵੀ, ਉਹ ਵੀ ਬਰਸਾਤ ਕਾਰਨ ਬੱਸਾਂ ਵਿਚ ਹੀ ਬੈਠੇ ਰਹੇ।

ਭਾਜਪਾ ਵਿਰੋਧੀ ਕਹਿੰਦੇ ਹਨ ਕਿ ਖਾਲੀ ਕੁਰਸੀਆਂ ਦੀ ਰਿਪੋਰਟ ਸੁਣ ਕੇ ਹੀ ਪ੍ਰਧਾਨ ਮੰਤਰੀ ਰਾਹ ਵਿਚ ਬੈਠੇ ਵਿਖਾਵਾਕਾਰੀਆਂ ਦੇ ਬਹਾਨੇ ਬਦਲਵੇਂ ਰਸਤੇ ਰੈਲੀ ਵਿਚ ਪੁੱਜਣ ਦੀ ਬਜਾਏ 'ਜਾਨ ਦੇ ਖ਼ਤਰੇ' ਨੂੰ ਬਹਾਨਾ ਬਣਾ ਕੇ ਰੈਲੀ ਰੱਦ ਕਰਕੇ ਵਾਪਸ ਮੁੜ ਗਏ। ਪਰ ਜੇਕਰ ਰਸਤਾ ਨਾ ਰੁਕਦਾ ਜਾਂ ਨਾ ਰੁਕਣ ਦਿੱਤਾ ਜਾਂਦਾ ਤਾਂ ਪ੍ਰਧਾਨ ਮੰਤਰੀ ਬਹਾਨਾ ਕਿਵੇਂ ਬਣਾ ਲੈਂਦੇ?

ਬੇਸ਼ੱਕ ਕਿਸਾਨਾਂ ਵਿਚ ਗੁੱਸਾ ਹੈ ਪਰ ਪ੍ਰਧਾਨ ਮੰਤਰੀ ਦਾ ਰਸਤਾ ਰੋਕਣ ਦੀ ਬਜਾਏ ਸੜਕ ਦੇ ਪਾਸੇ 'ਤੇ ਖੜ੍ਹ ਕੇ ਨਾਅਰੇਬਾਜ਼ੀ ਜਾਂ ਕਾਲੇ ਝੰਡੇ ਵਿਖਾ ਕੇ ਰੋਸ ਪ੍ਰਗਟ ਕੀਤਾ ਜਾਂਦਾ ਤਾਂ ਗੱਲ ਲੋਕਤੰਤਰਿਕ ਹੁੰਦੀ। ਸਗੋਂ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਪਤਾ ਹੀ ਸੀ ਕਿ ਰੈਲੀ ਵਿਚ ਭੀੜ ਆਸ ਤੋਂ ਘੱਟ ਹੈ ਤਾਂ ਪ੍ਰਧਾਨ ਮੰਤਰੀ ਨੂੰ ਰੈਲੀ ਵਿਚ ਪੁੱਜ ਕੇ ਸਥਿਤੀ ਦਾ ਸਾਹਮਣਾ ਕਰਨ ਦਿੱਤਾ ਜਾਂਦਾ ਤਾਂ ਅੱਜ ਜੋ ਇਹ ਬਹਿਸ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖ਼ਤਰਾ ਸੀ ਜਾਂ ਨਹੀਂ?

ਪ੍ਰਧਾਨ ਮੰਤਰੀ ਨੂੰ ਰੋਕਣਾ ਜਾਇਜ਼ ਸੀ ਜਾਂ ਨਹੀਂ ਦੀ ਥਾਂ ਬਹਿਸ ਇਸ ਗੱਲ 'ਤੇ ਹੋ ਰਹੀ ਹੁੰਦੀ ਕਿ ਪ੍ਰਧਾਨ ਮੰਤਰੀ ਦੀ ਰੈਲੀ ਫੇਲ੍ਹ ਹੋਈ ਤਾਂ ਕਿਉਂ ਹੋਈ ਜਾਂ ਭਾਜਪਾ ਦੇ ਪੈਰ ਪੰਜਾਬ ਵਿਚ ਲੱਗਣਗੇ ਜਾਂ ਨਹੀਂ?

ਹਾਲਾਂ ਕਿ ਅਸੀਂ ਨਹੀਂ ਸਮਝਦੇ ਕਿ ਪ੍ਰਧਾਨ ਮੰਤਰੀ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਉਣਗੇ। ਸਾਡੇ ਲਈ ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਇਸ ਘਟਨਾ ਦਾ ਪੰਜਾਬ ਦੇ ਸਮਾਜਿਕ ਸੁਹਿਰਦਤਾ ਵਾਲੇ ਤਾਣੇ-ਬਾਣੇ 'ਤੇ ਕੀ ਅਸਰ ਪਵੇਗਾ? ਕੀ ਪੰਜਾਬ ਦੇ ਹਾਲਾਤ ਫਿਰ 1984 ਤੋਂ ਪਹਿਲਾਂ ਵਾਲੇ ਹਾਲਾਤ ਵੱਲ ਤਾਂ ਨਹੀਂ ਵਧ ਜਾਣਗੇ? ਕਿਤੇ ਇਹ ਸਥਿਤੀ ਪੰਜਾਬ ਨੂੰ ਫਿਰ ਫ਼ਿਰਕੂ ਕੱਟੜਤਾ ਦੀ ਸੋਚ ਵੱਲ ਤਾਂ ਨਹੀਂ ਧੱਕ ਦੇਵੇਗੀ? ਕਿਉਂਕਿ ਪੰਜਾਬ ਨੇ 10 ਸਾਲ ਜੋ ਸੰਤਾਪ ਭੋਗਿਆ ਹੈ, ਉਸ ਦਾ ਅਸਰ ਅਜੇ ਵੀ ਮਹਿਸੂਸ ਹੁੰਦਾ ਹੈ।

ਜੇਕਰ ਇਹ ਘਟਨਾ ਕਿਸੇ ਫ਼ਿਰਕੂ ਰੰਗਤ ਵਿਚ ਰੰਗੀ ਜਾਂਦੀ ਹੈ ਤਾਂ ਸਾਨੂੰ ਉਨ੍ਹਾਂ ਘੱਟ-ਗਿਣਤੀ ਭਰਾਵਾਂ ਬਾਰੇ ਵੀ ਸੋਚਣਾ ਪਵੇਗਾ ਜੋ ਪੰਜਾਬ ਤੋਂ ਬਾਹਰ ਰਹਿੰਦੇ ਹਨ।

ਸਵਾਲ ਇਹ ਵੀ ਹੈ ਕਿ ਇਸ ਸਾਰੇ ਘਟਨਾਕ੍ਰਮ ਵਿਚ ਰਾਜਨੀਤਕ ਫਾਇਦਾ ਕਿਸ ਨੂੰ ਮਿਲੇਗਾ? ਸਾਡੀ ਸਮਝ ਅਨੁਸਾਰ ਇਸ ਸਥਿਤੀ ਦਾ ਭਾਜਪਾ ਨੂੰ ਪੰਜਾਬ ਵਿਚ ਕੋਈ ਫਾਇਦਾ ਹੋਵੇਗਾ ਜਾਂ ਨਹੀਂ, ਇਸ ਦਾ ਹਾਲ ਦੀ ਘੜੀ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਪਰ ਇਹ ਜ਼ਰੂਰ ਦਿਖਾਈ ਦੇ ਰਿਹਾ ਹੈ ਕਿ ਜਿਸ ਤਰ੍ਹਾਂ ਦੇਸ਼ ਦਾ ਸੰਚਾਰ ਮਾਧਿਅਮ ਇਸ ਘਟਨਾ ਨੂੰ ਉਛਾਲ ਰਿਹਾ ਹੈ ਭਾਜਪਾ ਇਸ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਬਹੁਗਿਣਤੀ ਦੀਆਂ ਵੋਟਾਂ ਇਕੱਠੀਆਂ ਕਰਨ ਲਈ ਵਰਤ ਸਕਦੀ ਹੈ।

ਮੈਨੇ ਆਗਾਜ਼ ਸੇ ਅੰਜਾਮ ਕੀ ਬਾਤੇਂ ਕੀ ਹੈਂ॥
ਗਰ ਸਮਝ ਸਕੋ ਤੋ ਬੜੇ ਕਾਮ ਕੀ ਬਾਤੇਂ ਕੀ ਹੈਂ।।


ਪੰਜਾਬ ਭਾਜਪਾ ਵਿਚ ਧੜੇਬੰਦੀ ਵਧੀ?
ਇਸ ਰੈਲੀ ਦੇ ਰੱਦ ਹੋ ਜਾਣ, ਕੁਰਸੀਆਂ ਖਾਲੀ ਰਹਿਣ ਤੇ ਸਟੇਜ 'ਤੇ ਬੈਠਣ ਦੇ ਇੰਤਜ਼ਾਮਾਂ ਨੂੰ ਲੈ ਕੇ ਪੰਜਾਬ ਭਾਜਪਾ ਵਿਚ ਧੜੇਬੰਦੀ ਹੋਰ ਤਿੱਖੀ ਹੋ ਗਈ ਹੈ।

ਸਾਡੀ ਜਾਣਕਾਰੀ ਅਨੁਸਾਰ ਅਸ਼ਵਨੀ ਸ਼ਰਮਾ ਵਿਰੋਧੀ ਧੜੇ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਭਾਜਪਾ 'ਤੇ ਕਾਬਜ਼ ਧੜੇ ਦੇ ਖਿਲਾਫ਼ ਕੁਝ ਪ੍ਰਮੁੱਖ ਭਾਜਪਾ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੂੰ ਪੱਤਰ ਲਿਖ ਕੇ ਕੁਝ ਸ਼ਿਕਾਇਤਾਂ ਵੀ ਕੀਤੀਆਂ ਹਨ, ਜਿਨ੍ਹਾਂ ਵਿਚ ਰੈਲੀ ਦੇ ਇੰਤਜ਼ਾਮਾਂ ਨੂੰ ਲੈ ਕੇ ਕੁਝ ਸਵਾਲ ਉਠਾਏ ਗਏ ਹਨ।

ਰੈਲੀ ਲਈ ਕੀਤੇ 'ਘੱਟ ਖ਼ਰਚੇ' 'ਤੇ ਵੀ ਉਂਗਲ ਉਠਾਈ ਗਈ ਹੈ ਅਤੇ ਸਟੇਜ 'ਤੇ ਪ੍ਰਧਾਨ ਮੰਤਰੀ ਨਾਲ ਕਾਂਗਰਸ ਵਿਚੋਂ ਹੁਣੇ-ਹੁਣੇ ਆਏ ਨੇਤਾਵਾਂ ਦੀਆਂ ਕੁਰਸੀਆਂ ਲਾਏ ਜਾਣ ਪਰ ਪੰਜਾਬ ਦੇ ਪੁਰਾਣੇ ਤੇ ਪ੍ਰਮੁੱਖ ਨੇਤਾਵਾਂ ਨੂੰ ਅੱਖੋਂ-ਪਰੋਖੇ ਕਰਨ ਦੀ ਗੱਲ ਵੀ ਕੀਤੀ ਗਈ ਹੈ। ਸਾਡੀ ਜਾਣਕਾਰੀ ਅਨੁਸਾਰ ਅਵਿਨਾਸ਼ ਰਾਏ ਖੰਨਾ, ਹਰਜੀਤ ਸਿੰਘ ਗਰੇਵਾਲ ਅਤੇ ਪ੍ਰੋ. ਰਾਜਿੰਦਰ ਭੰਡਾਰੀ ਵਰਗੇ ਪ੍ਰਮੁੱਖ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਹੈਲੀਪੈਡ 'ਤੇ ਭੇਜ ਦਿੱਤਾ ਗਿਆ ਜਦੋਂ ਕਿ ਇਹ ਪਤਾ ਲੱਗ ਗਿਆ ਸੀ ਕਿ ਉਹ ਹੁਣ ਸੜਕ ਰਸਤੇ ਆ ਰਹੇ ਹਨ।

ਪੰਜਾਬ ਕਾਂਗਰਸ ਦੀ ਫੁੱਟ ਵੀ ਆਈ ਸਾਹਮਣੇ
ਪ੍ਰਧਾਨ ਮੰਤਰੀ ਨੂੰ ਰੋਕੇ ਜਾਣ ਦੀ ਘਟਨਾ ਨੂੰ ਲੈ ਕੇ ਕਾਂਗਰਸ ਵਿਚ ਧੜੇਬੰਦੀ ਤੇ ਇਕ-ਦੂਜੇ ਦਾ ਵਿਰੋਧ ਸਾਹਮਣੇ ਆ ਰਿਹਾ ਹੈ। ਇਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਵੇਂ ਘਟਨਾ ਦੀ ਜਾਂਚ ਲਈ ਕਮੇਟੀ ਵੀ ਬਣਾ ਦਿੱਤੀ ਹੈ ਪਰ ਉਹ ਨਹੀਂ ਮੰਨਦੇ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖ਼ਤਰਾ ਸੀ ਜਾਂ ਇਸ ਵਿਚ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਦੀ ਕੋਈ ਲਾਪ੍ਰਵਾਹੀ ਹੈ ਜਦੋਂ ਕਿ ਪ੍ਰਮੁੱਖ ਕਾਂਗਰਸੀ ਨੇਤਾਵਾਂ, ਜਿਨ੍ਹਾਂ ਵਿਚ ਸੁਨੀਲ ਜਾਖੜ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਬਿਆਨ ਕੁਝ ਹੋਰ ਹੀ ਕਹਾਣੀ ਕਹਿੰਦੇ ਹਨ ਤੇ ਪਾਰਟੀ ਵਿਚ ਆਪੋ-ਆਪਣੇ ਵਿਰੋਧੀਆਂ ਨੂੰ ਘੇਰਦੇ ਜਾਪਦੇ ਹਨ।

ਪਰ ਉਂਜ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਸੰਬੰਧ ਵਿਚ ਬੜੀ ਦੇਰ ਨਾਲ ਪ੍ਰਤੀਕਰਮ ਇਕ ਰੈਲੀ ਵਿਚ ਪ੍ਰਗਟ ਕੀਤਾ ਹੈ।

ਰਾਜੇਵਾਲ ਤੇ ਆਪ?
ਹੋ ਸਕਦਾ ਹੈ ਕਿ 'ਆਮ ਆਦਮੀ ਪਾਰਟੀ' ਦੇ ਨੇਤਾ ਹੁਣ ਕਹਿਣ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਮੁੱਖ ਮੰਤਰੀ ਦਾ ਚਿਹਰਾ ਬਣਨ ਜਾਂ ਉਨ੍ਹਾਂ ਨਾਲ ਸੀਟਾਂ ਦੀ ਵੰਡ ਬਾਰੇ ਕੋਈ ਗੱਲਬਾਤ ਨਹੀਂ ਚੱਲੀ। ਪਰ ਬਹੁਤ ਹੀ ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ 1 ਜਨਵਰੀ ਦੀ ਰਾਤ ਨੂੰ ਦਿੱਲੀ ਵਿਚ 'ਆਪ' ਮੁਖੀ ਅਰਵਿੰਦ ਕੇਜਰੀਵਾਲ ਤੇ 'ਸੰਯੁਕਤ ਸਮਾਜ ਮੋਰਚੇ' ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਰਮਿਆਨ ਆਖਰੀ ਮੁਲਾਕਾਤ ਹੋਈ ਸੀ।

ਪਤਾ ਲੱਗਾ ਹੈ ਕਿ ਇਸ ਲੰਮੀ ਮੁਲਾਕਾਤ ਵਿਚ ਰਾਜੇਵਾਲ ਨੇ ਕੇਜਰੀਵਾਲ ਨੂੰ ਕੁਝ ਦਸਤਾਵੇਜ਼ੀ ਸਬੂਤ ਵਿਖਾ ਕੇ ਅਤੇ ਆਡੀਓ ਰਿਕਾਰਡਿੰਗਾਂ ਸੁਣਾ ਕੇ ਕਿਹਾ ਕਿ ਤੁਹਾਡੇ ਬੰਦਿਆਂ ਨੇ ਇਸ ਵਾਰ ਫਿਰ ਕੁਝ ਟਿਕਟਾਂ ਵੇਚੀਆਂ ਹਨ ਤੇ ਦੂਸਰੀਆਂ ਪਾਰਟੀਆਂ ਵਿਚੋਂ ਆਏ ਦਲਬਦਲੂਆਂ ਅਤੇ ਕੁਝ ਅਪਰਾਧਿਕ ਪਿਛੋਕੜ ਵਾਲੇ ਬੰਦੇ ਵੀ ਉਮੀਦਵਾਰ ਬਣਾਏ ਹਨ।

ਪਤਾ ਲੱਗਾ ਹੈ ਕਿ ਰਾਜੇਵਾਲ ਨੇ ਕਿਹਾ ਕਿ ਜੇਕਰ 'ਸੰਯੁਕਤ ਸਮਾਜ ਮੋਰਚੇ' ਨਾਲ ਸਮਝੌਤਾ ਕਰਨਾ ਹੈ ਤਾਂ ਇਹ ਸਾਰੀਆਂ ਟਿਕਟਾਂ ਰੱਦ ਕੀਤੀਆਂ ਜਾਣ ਪਰ ਜੋ 'ਸਰਗੋਸ਼ੀਆਂ' ਛਣ-ਛਣ ਕੇ ਬਾਹਰ ਆਈਆਂ ਹਨ, ਉਨ੍ਹਾਂ ਅਨੁਸਾਰ ਕੇਜਰੀਵਾਲ ਨੇ ਨਾ ਤਾਂ ਗੱਲ ਅਜੇ ਤੋੜੀ ਹੈ ਤੇ ਨਾ ਹੀ ਰਾਜੇਵਾਲ ਦੀ ਗੱਲ ਮੰਨੀ ਹੈ।

ਪਤਾ ਲੱਗਾ ਹੈ ਕਿ ਇਸ ਤੋਂ ਬਾਅਦ 5 ਜਨਵਰੀ ਨੂੰ 'ਸੰਯੁਕਤ ਸਮਾਜ ਮੋਰਚੇ' ਦੀਆਂ 22 ਕਿਸਾਨ ਜਥੇਬੰਦੀਆਂ ਦੀ ਇਕ ਗੁਪਤ ਮੀਟਿੰਗ ਸਮਰਾਲੇ ਵਿਚ ਕਿਸੇ ਥਾਂ 'ਤੇ ਕੀਤੀ ਗਈ, ਜਿਸ ਵਿਚ ਰਾਜੇਵਾਲ ਨੇ ਕੇਜਰੀਵਾਲ ਨਾਲ ਹੋਈ ਮੀਟਿੰਗ ਦੇ ਵੇਰਵੇ ਕਿਸਾਨ ਆਗੂਆਂ ਨਾਲ ਸਾਂਝੇ ਕੀਤੇ।

ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਪੰਜਾਬ ਦੇ ਸਾਰੇ 117 ਹਲਕਿਆਂ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਵਿਚੋਂ ਚੰਗੀ ਤੇ ਇਮਾਨਦਾਰ ਦਿੱਖ ਵਾਲੇ ਉਮੀਦਵਾਰ ਖੜ੍ਹੇ ਕਰਨ 'ਤੇ ਸਹਿਮਤੀ ਬਣੀ ਹੈ। ਪਰ 'ਸੰਯੁਕਤ ਸਮਾਜ ਮੋਰਚੇ' ਦੇ ਆਗੂ ਅਜੇ ਇਸ ਦੀ ਪੁਸ਼ਟੀ ਨਹੀਂ ਕਰਦੇ।

ਜੁਦਾ ਹੁਏ ਤੋ ਜੁਦਾਈ ਮੇਂ ਯੇ ਕਮਾਲ ਭੀ ਥਾ।
ਕਿ ਉਸ ਸੇ ਰਾਬਤਾ ਟੂਟਾ ਭੀ ਥਾ ਬਹਾਲ ਭੀ ਥਾ।

 
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000

 
 

 
  01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com