ਪ੍ਰਮਾਣੂ ਸ਼ਕਤੀ ਦਾ ਮਨੁੱਖਤਾ ਲਈ ਵਰਦਾਨ ਪੱਖ - ਭਾਗ ੨
(05/06/2022) ਪੰਜਾਬ ਅਤੇ ਭਾਰਤ ਵਿਚ ਬਿਜਲੀ ਦੀ
ਕਮੀ ਸੁਰੱਖਿਅਤ ਹੈ ਪ੍ਰਮਾਣੂ ਤਕਨੀਕ 'ਚੇਨਈ' ਦੇ 'ਕਲਪਾਕਮ' ਵਿਚ
ਇੰਦਰਾ ਗਾਂਧੀ ਐਟਮੀ ਖੋਜ ਕੇਂਦਰ (ਆਈ. ਜੀ. ਏ. ਆਰ. ਸੀ) ਦੇ
ਡਾਇਰੈਕਟਰ ਡਾ. ਵੈਂਕਟਰਮਨ ਅਤੇ ਹੋਰ ਵਿਗਿਆਨੀਆਂ ਜਿਨ੍ਹਾਂ ਵਿਚ ਡਾ. ਬਲਰਾਮ
ਮੂਰਤੀ, ਡਾ. ਰਮਨ, ਡਾ. ਚੌਧਰੀ, ਡਾ. ਵੀ. ਮੁਰਗਮ ਤੋਂ ਇਲਾਵਾ ਡਾ. ਆਰ. ਕੇ. ਵਤਸ
ਆਦਿ ਸ਼ਾਮਿਲ ਹਨ, ਨੇ ਦੱਸਿਆ ਕਿ ਪ੍ਰਮਾਣੂ ਬਿਜਲੀ ਘਰ 100 ਸਾਲ ਵਿਚ ਵੀ ਓਨਾ
ਵਿਕਿਰਨ ਕਿਸੇ ਆਦਮੀ ਨੂੰ ਨਹੀਂ ਦਿੰਦੇ, ਜਿੰਨਾ ਇਕ ਵਾਰ ਐਕਸਰੇ ਜਾਂ ਸਕੈਨ ਕਰਵਾਉਣ
ਨਾਲ ਹੁੰਦਾ ਹੈ।
ਰਹੀ ਗੱਲ ਪ੍ਰਮਾਣੂ ਹਾਦਸੇ ਦੀ ਤਾਂ ਨੋਟ ਕਰਨ ਵਾਲੀ ਗੱਲ
ਹੈ ਕਿ ਪ੍ਰਮਾਣੂ ਬੰਬ ਬਣਾਉਣ ਲਈ 85 ਤੋਂ 90 ਪ੍ਰਤੀਸ਼ਤ ਐਨਰਿਚਡ ਯੂਰੇਨੀਅਮ
ਵਰਤਣਾ ਪੈਦਾ ਹੈ, ਜਦੋਂ ਕਿ ਬਿਜਲੀ ਘਰ ਦੇ ਐਟਮੀ ਪਲਾਂਟ ਵਿਚ ਸਿਰਫ਼ 3 ਤੋਂ 5
ਪ੍ਰਤੀਸ਼ਤ ਐਨਰਿਚਡ ਯੂਰੇਨੀਅਮ ਹੀ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਇਹ
ਬੰਬ ਜਿੰਨਾ ਖ਼ਤਰਨਾਕ ਤਾਂ ਕਦੇ ਵੀ ਨਹੀਂ ਹੋ ਸਕਦਾ, ਜਦੋਂ ਕਿ ਪ੍ਰਮਾਣੂ ਬਿਜਲੀ ਘਰ
ਵਿਚ ਪ੍ਰਮਾਣੂ ਦਾ ਕੰਟਰੋਲਡ ਵਿਖੰਡਨ (ਫਿਜ਼ਨ) ਕੀਤਾ ਜਾਂਦਾ
ਹੈ ਤੇ ਇਸ ਪਲਾਂਟ ਦੀਆਂ ਕੰਧਾਂ ਅਜਿਹੇ ਮੋਟੇ ਸਟੀਲ ਤੋਂ ਬਣੀਆਂ ਹੁੰਦੀਆਂ ਹਨ ਜੋ
ਪੂਰੀ ਤਰ੍ਹਾਂ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ।
ਅੱਜ ਤੱਕ ਦੁਨੀਆ ਵਿਚ
ਛੋਟੇ-ਛੋਟੇ ਹਾਦਸਿਆਂ ਨੂੰ ਛੱਡ ਕੇ ਸਿਰਫ਼ 2 ਵੱਡੇ ਹਾਦਸੇ ਪ੍ਰਮਾਣੂ ਪਾਵਰ ਪਲਾਂਟਾਂ
ਵਿਚ ਹੋਏ ਹਨ। ਇਨ੍ਹਾਂ ਵਿਚੋਂ ਇਕ 'ਚੇਰਨੋਬਿਲ' (ਯੂਕਰੇਨ) ਵਿਚ ਹੋਇਆ, ਜਿਸ ਵਿਚ 30
ਵਿਅਕਤੀ ਮਰੇ ਸਨ ਤੇ ਵਿਕਿਰਨ ਨਾਲ ਕਿੰਨੇ ਬਿਮਾਰ ਹੋਏ, ਇਸ ਗਿਣਤੀ ਬਾਰੇ ਮੱਤਭੇਦ
ਹਨ।
ਇਹ ਹਾਦਸਾ ਨੁਕਸ ਦਾ ਪਤਾ ਲੱਗਣ ਦੇ ਬਾਵਜੂਦ ਪਲਾਂਟ ਨੂੰ ਚਲਾਈ ਰੱਖਣ
ਕਾਰਨ ਹੋਇਆ ਦੱਸਿਆ ਜਾਂਦਾ ਹੈ। ਇਹ ਤਕਨੀਕ ਦਾ ਨੁਕਸ ਨਹੀਂ, ਸਗੋਂ ਜਾਣਬੁੱਝ ਕੇ
ਕੀਤੀ ਲਾਪਰਵਾਹੀ ਦਾ ਨਤੀਜਾ ਸੀ। ਪ੍ਰਮਾਣੂ ਬਿਜਲੀ ਘਰਾਂ ਵਿਚ ਸਭ ਤੋਂ ਵੱਡਾ ਹਾਦਸਾ
'ਫ਼ਕੂਸ਼ੀਆ ਡਾਇਸੀ' ਜਾਪਾਨ ਵਿਚ ਹੋਇਆ ਸੀ। ਇਸ ਹਾਦਸੇ ਦਾ ਕਾਰਨ ਸੁਨਾਮੀ ਕਾਰਨ
ਚਲਦੇ ਪਲਾਂਟ ਦਾ ਪਾਣੀ ਵਿਚ ਡੁੱਬ ਜਾਣਾ ਸੀ। ਗ਼ੌਰਤਲਬ ਹੈ ਕਿ 'ਕਲਪਾਕਮ' ਵਿਚ ਵੀ
ਸੁਨਾਮੀ ਆਈ ਸੀ, ਪਰ ਸਾਡੇ ਪ੍ਰਮਾਣੂ ਬਿਜਲੀ ਘਰ ਦੇ ਯੂਨਿਟ ਇੰਚਾਰਜ ਈ.ਸੇਲਵਾ ਕੁਮਾਰ
ਨੇ ਪ੍ਰਮਾਣੂ ਬਿਜਲੀ ਪਲਾਂਟ ਨੂੰ ਸਮੇਂ ਸਿਰ ਬੰਦ ਕਰ ਦਿੱਤਾ ਸੀ।
ਵੈਸੇ ਵੀ
ਸਾਡਾ ਪ੍ਰਮਾਣੂ ਬਿਜਲੀ ਪਲਾਂਟ ਸਮੁੰਦਰ ਤਲ ਤੋਂ ਕਰੀਬ ਸਾਢੇ 24 ਫੁੱਟ ਉੱਚਾ ਸਥਿਤ
ਹੈ ਤੇ ਇਸ ਦਾ ਡੀਜ਼ਲ ਜਨਰੇਟਰ ਵੀ ਸਮੁੰਦਰ ਤਲ ਤੋਂ 31 ਫੁੱਟ ਤੋਂ ਵੀ ਵਧੇਰੇ ਉਚਾਈ
'ਤੇ ਸਥਿਤ ਹੈ। ਇਹ ਪਲਾਂਟ ਸੁਨਾਮੀ ਤੋਂ 6 ਦਿਨ ਬਾਅਦ ਹੀ ਦੁਬਾਰਾ ਜਾਂਚ ਕਰ ਕੇ
ਸੁਰੱਖਿਅਤ ਚਲਾ ਦਿੱਤਾ ਗਿਆ ਸੀ।
ਫ਼ਰਾਂਸ ਵਿਚ 80 ਪ੍ਰਤੀਸ਼ਤ ਬਿਜਲੀ
ਪ੍ਰਮਾਣੂ ਪਲਾਂਟਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਜੋ ਕਿ ਕੁੱਲ 61.3 ਗੀਗਾਵਾਟ
ਬਿਜਲੀ ਦਾ ਉਤਪਾਦਨ ਹੈ, ਜਦੋਂ ਕਿ ਦੁਨੀਆ ਵਿਚ ਅਮਰੀਕਾ ਪ੍ਰਮਾਣੂ ਪਲਾਟਾਂ ਤੋਂ ਸਭ
ਤੋਂ ਵੱਧ ਬਿਜਲੀ ਦਾ ਉਤਪਾਦਨ ਕਰਦਾ ਹੈ, ਇਹ 91.5 ਗੀਗਾਵਾਟ ਹੈ। ਤੀਸਰੇ ਨੰਬਰ 'ਤੇ
ਚੀਨ ਹੈ ਜੋ 50.8 ਗੀਗਾਵਾਟ, ਜਪਾਨ 31.7 ਅਤੇ ਰੂਸ 29.6, ਦੱਖਣੀ ਕੋਰੀਆ 24.5
ਗੀਗਾ ਵਾਟ ਬਿਜਲੀ ਪੈਦਾ ਕਰਦੇ ਹਨ। ਉਂਜ ਯੂ. ਕੇ., ਯੂਕਰੇਨ ਅਤੇ ਸਪੇਨ ਵੀ ਪ੍ਰਮਾਣੂ
ਪਲਾਂਟਾਂ ਤੋਂ ਬਿਜਲੀ ਉਤਪਾਦਨ ਵਾਲੇ ਦੁਨੀਆ ਦੇ ਪਹਿਲੇ 10 ਦੇਸ਼ਾਂ ਵਿਚ ਸ਼ਾਮਿਲ
ਹਨ।
ਭਾਰਤ ਵਿਚ ਅਸੀਂ ਕਰੀਬ 52 ਫ਼ੀਸਦੀ ਬਿਜਲੀ ਕੋਲੇ ਅਤੇ ਭੂਰੇ ਕੋਲੇ
ਤੋਂ ਪੈਦਾ ਕਰਦੇ ਹਾਂ। ਪਾਣੀ ਦੇ ਡੈਮਾਂ ਤੋਂ ਅਸੀਂ 11.7 ਫ਼ੀਸਦੀ, ਹਵਾ ਤੇ ਸੋਲਰ
ਸਿਸਟਮ ਨਾਲ 27.5 ਫ਼ੀਸਦੀ,ਗੈਸ ਨਾਲ 6.2 ਫ਼ੀਸਦੀ ਅਤੇ ਪ੍ਰਮਾਣੂ ਪਲਾਂਟਾਂ ਤੋਂ
ਅਸੀਂ ਸਿਰਫ਼ 1.7 ਫ਼ੀਸਦੀ ਬਿਜਲੀ ਹੀ ਪੈਦਾ ਕਰਦੇ ਹਾਂ। ਹਾਲਾਂਕਿ ਪ੍ਰਮਾਣੂ
ਰਿਐਕਟਰਾਂ ਦੀ ਗਿਣਤੀ ਦੇ ਮਾਮਲੇ ਵਿਚ ਅਸੀਂ ਦੁਨੀਆ ਵਿਚ 7ਵੇਂ ਨੰਬਰ 'ਤੇ
ਹਾਂ। ਕੋਲੇ ਦੇ ਬਿਜਲੀ ਪਲਾਂਟ ਹੌਲੀ-ਹੌਲੀ ਚਲਾਉਣੇ ਔਖੇ ਵੀ ਹੁੰਦੇ ਜਾ ਰਹੇ ਹਨ ਅਤੇ
ਇਹ ਪ੍ਰਦੂਸ਼ਣ ਫੈਲਾਉਣ ਕਾਰਨ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ। ਜੇਕਰ ਅਸੀਂ ਭਵਿੱਖ
ਵਿਚ ਵੀ ਬਿਜਲੀ ਦੀ ਲੋੜ ਪੂਰੀ ਕਰਨੀ ਹੈ ਤਾਂ ਸਾਨੂੰ ਵੀ ਪ੍ਰਮਾਣੂ ਊਰਜਾ ਵੱਲ ਵਧਣਾ
ਪਵੇਗਾ, ਜਦੋਂ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਮੁਕਾਬਲਤਨ ਇਕ ਸੁਰੱਖਿਅਤ ਸਾਧਨ
ਹੀ ਹੈ।
ਮੈਨੂੰ ਯਾਦ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਫਿਰ
ਸੁਖਬੀਰ ਸਿੰਘ ਬਾਦਲ ਦੋਵੇਂ ਪੰਜਾਬ ਵਿਚ ਪ੍ਰਮਾਣੂ ਬਿਜਲੀ ਘਰ ਲਾਉਣ ਦੀ ਵਿਰੋਧਤਾ
ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪੰਜਾਬ ਨੂੰ ਖ਼ਤਰੇ ਵਿਚ ਨਹੀਂ ਪਾਉਣਾ
ਚਾਹੁੰਦੇ? ਪਰ ਕੀ ਸੱਚਮੁੱਚ ਸਿਰਫ਼ ਇਹੀ ਗੱਲ ਸੀ? ਜਾਂ ਇਹ ਸੀ ਕਿ ਉਹ ਕੋਲੇ ਦੀ ਘਾਟ
ਦੇ ਬਾਵਜੂਦ ਨਿੱਜੀ ਕੰਪਨੀਆਂ ਨਾਲ ਹੀ 'ਕੰਮ' ਕਰਨਾ ਚਾਹੁੰਦੇ ਸਨ।
ਸਾਡੇ
ਗੁਆਂਢੀ ਰਾਜ ਹਰਿਆਣਾ ਵਿਚ ਫ਼ਤਿਆਬਾਦ ਜ਼ਿਲ੍ਹੇ ਦੇ ਪਿੰਡ ਗੋਰਖਪੁਰ ਵਿਚ 700-700
ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ 4 ਯੂਨਿਟ ਲੱਗ ਰਹੇ ਹਨ, ਜੋ ਕੁੱਲ 2800 ਮੈਗਾਵਾਟ
ਬਿਜਲੀ ਪੈਦਾ ਕਰਿਆ ਕਰਨਗੇ। ਇਸ ਨੂੰ ਠੰਢਾ ਕਰਨ ਲਈ ਭਾਖੜਾ ਨੰਗਲ ਡੈਮ ਤੋਂ ਨੰਗਲ
ਹਾਈਡਲ ਚੈਨਲ ਦੀ ਵਰਤੋਂ ਕੀਤੀ ਜਾਵੇਗੀ। ਇਹ ਪੰਜਾਬ ਦੀ ਹੱਦ ਤੋਂ ਸਿਰਫ਼
126ਕਿੱਲੋਮੀਟਰ ਦੀ ਦੂਰੀ 'ਤੇ ਹੈ। ਜੇ ਇਹ ਇੱਥੇ ਪੰਜਾਬ ਲਈ ਖ਼ਤਰਨਾਕ ਨਹੀਂ ਤਾਂ
ਪੰਜਾਬ ਵਿਚ ਲੱਗਣ ਵਾਲਾ ਪ੍ਰਮਾਣੂ ਬਿਜਲੀ ਘਰ ਕਿਵੇਂ ਖ਼ਤਰਨਾਕ ਹੋ ਸਕਦਾ ਸੀ?
ਨਵੀਂ ਤਕਨੀਕ 'ਤੇ ਸਫਲਤਾ ਨਾਲ ਕੰਮ ਕਰ ਰਿਹਾ ਹੈ ਭਾਰਤ
ਇਸ ਦਰਮਿਆਨ ਭਾਰਤ ਪ੍ਰਮਾਣੂ ਰਿਐਕਟਰ ਦੀ ਨਵੀਂ ਅਤੇ ਵੱਧ ਸੁਰੱਖਿਅਤ ਮੰਨੀ
ਜਾਂਦੀ ਤਕਨੀਕ ਐਫ. ਬੀ. ਆਰ. (ਫ਼ਾਸਟ ਬਰੀਡਰ ਰਿਐਕਟਰ) 'ਤੇ
ਸਫਲਤਾ ਨਾਲ ਕੰਮ ਕਰ ਰਿਹਾ ਹੈ।
1985 ਵਿਚ ਭਾਰਤ ਨੇ 10.5 ਮੈਗਾਵਾਟ
ਸਮਰੱਥਾ ਦਾ ਐਫ. ਬੀ. ਟੀ. ਆਰ.ਰਿਐਕਟਰ ਲਾਇਆ ਸੀ ਜਿਸ ਦੀ ਸਮਰੱਥਾ ਵਧਾਕੇ
40 ਮੈਗਾਵਾਟ ਕਰ ਦਿੱਤੀ ਗਈ ਹੈ। ਇਹ ਪ੍ਰਾਪਤੀ ਇੰਦਰਾ ਗਾਂਧੀ ਪ੍ਰਮਾਣੂ ਖੋਜ ਕੇਂਦਰ
ਦੇ ਡਾਇਰੈਕਟਰ ਡਾ. ਬੀ. ਵੈਂਕਟਰਮਨ ਦੀ ਅਗਵਾਈ ਵਿਚ ਪ੍ਰਾਪਤ ਕੀਤੀ ਗਈ
ਹੈ। ਹੁਣੇ ਇਸੇ ਮਹੀਨੇ ਵਿਚ ਹੀ ਉਨ੍ਹਾਂ ਨੂੰ ਨੌਕਰੀ ਵਿਚ 2 ਸਾਲ ਦਾ ਵਾਧਾ ਦੇ ਕੇ
ਸਨਮਾਨਿਤ ਕੀਤਾ ਗਿਆ ਹੈ।
ਜਦੋਂ ਕਿ ਭਾਰਤ ਦਾ 500 ਮੈਗਾਵਾਟ ਦਾ
ਪਰੋਟੋਟਾਈਪ ਫਾਸਟ ਬਰੀਡਰ ਰਿਐਕਟਰ ਕਲਪਾਕਮ(ਤਾਮਿਲਨਾਡੂ) ਵਿਚ ਇਸੇ ਸਾਲ ਸ਼ੁਰੂ
ਹੋਣ ਦੇ ਆਸਾਰ ਹਨ। ਇਸ 'ਤੇ 6840 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਤਕਨੀਕ ਦੀ ਸਭ
ਤੋਂ ਵੱਡੀ ਖ਼ੂਬੀ ਇਹ ਹੁੰਦੀ ਹੈ ਕਿ ਇਹ ਰਿਐਕਟਰ ਜਿੰਨਾ ਪ੍ਰਮਾਣੂ ਬਾਲਣ
ਬਾਲਦਾ ਹੈ, ਉਸ ਤੋਂ ਜ਼ਿਆਦਾ ਪੈਦਾ ਵੀ ਕਰਦਾ ਹੈ ਜਿਸ ਨਾਲ ਦੇਸ਼ ਵਿਚ ਪ੍ਰਮਾਣੂ
ਬਾਲਣ ਦੀ ਕਦੇ ਕਮੀ ਨਹੀਂ ਹੋ ਸਕਦੀ।
ਇਸ ਤਕਨੀਕ ਵਿਚ ਠੰਢਾ ਕਰਨ ਲਈ ਭਾਰੇ
ਪਾਣੀ ਦੀ ਥਾਂ ਸੋਡੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿਚ ਥੋਰੀਅਮ
ਧਾਤ ਦੀ ਬਹੁਤ ਵੱਡੀ ਮਾਤਰਾ ਉਪਲਬਧ ਹੈ ਅਤੇ ਭਾਰਤ ਦਾ ਪ੍ਰਮਾਣੂ ਵਿਭਾਗ ਇਸ ਨੂੰ
ਯੂਰੇਨੀਅਮ ਵਿਚ ਬਦਲਣ ਦੀ ਤਕਨੀਕ 'ਤੇ ਵੀ ਕੰਮ ਕਰ ਰਿਹਾ ਹੈ। (ਸਮਾਪਤ)
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000 E. mail :
hslall@ymail.com
ਪ੍ਰਮਾਣੂ ਸ਼ਕਤੀ ਦਾ ਮਨੁੱਖਤਾ ਲਈ ਵਰਦਾਨ ਪੱਖ - ਭਾਗ ੧
(29/05/2022)
ਹਾਲਾਂਕਿ
ਪੁਰਾਣਾਂ ਅਤੇ ਵੇਦਾਂ ਆਦਿ ਧਾਰਮਿਕ ਗ੍ਰੰਥਾਂ ਅਨੁਸਾਰ ਇਸ ਸੰਸਾਰ ਵਿਚ ਕਿਸੇ ਚੀਜ਼
ਦੇ 10 ਜਾਂ ਇਸ ਤੋਂ ਵੀ ਵਧੇਰੇ ਆਯਾਮ (ਡਾਈਮੈਨਸ਼ਨਜ਼) ਹੁੰਦੇ ਹਨ, ਪਰ ਵਿਗਿਆਨ ਹਰ
ਚੀਜ਼ ਦੇ 4 ਆਯਾਮ ਮੰਨਦਾ ਹੈ। ਉਂਜ ਆਮ ਗੱਲਬਾਤ ਤੇ ਸੋਚ ਵਿਚ ਕਿਸੇ ਚੀਜ਼ ਦੇ ਸਿਰਫ਼
ਦੋ ਪਹਿਲੂ ਹੀ ਦੇਖੇ ਜਾਂਦੇ ਹਨ। ਹਰ ਉਹ ਚੀਜ਼ ਜਿਸ ਨੂੰ ਬੁਰਾ ਜਾਂ ਮਾੜਾ ਸਮਝਿਆ
ਜਾਂਦਾ ਹੈ, ਉਸ ਦੇ ਕੁਝ ਚੰਗੇ ਗੁਣ ਵੀ ਹੁੰਦੇ ਹਨ। ਇਸੇ ਤਰ੍ਹਾਂ ਪ੍ਰਮਾਣੂ ਵਿਕਿਰਨ
(ਰੇਡੀਏਸ਼ਨ) ਦੇ ਵੀ ਚੰਗੇ ਅਤੇ ਮਾੜੇ ਗੁਣ ਹਨ।
ਪ੍ਰਮਾਣੂ ਲਫ਼ਜ਼ ਸੁਣਦਿਆਂ ਹੀ
ਮਨੁੱਖੀ ਮਨ ਵਿਚ ਸਭ ਤੋਂ ਪਹਿਲਾ ਖਿਆਲ ਇਕ ਤਬਾਹਕੁਨ ਸ਼ਕਤੀ ਦਾ ਹੀ ਆਉਂਦਾ ਹੈ ਜਦੋਂ
ਕਿ ਇਸ ਦਾ ਦੂਸਰਾ ਪਹਿਲੂ ਜੋ ਮਨੁੱਖਤਾ ਲਈ ਕਲਿਆਣਕਾਰੀ ਹੈ, ਉਹ ਵਿਨਾਸ਼ਕ ਸ਼ਕਤੀ
ਤੋਂ ਵੀ ਕਿਤੇ ਵੱਡਾ ਹੈ, ਜੋ ਸਮੇਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਤੇ ਖੋਜ ਨਾਲ
ਮਨੁੱਖਤਾ ਲਈ ਵਰਦਾਨ ਸਾਬਤ ਹੋ ਸਕਦਾ ਹੈ।
ਪ੍ਰਮਾਣੂ ਦੀ ਵਿਨਾਸ਼ਕ
ਸ਼ਕਤੀ ਤਾਂ ਪ੍ਰਮਾਣੂ ਬੰਬਾਂ ਦੀ ਹੀ ਯਾਦ ਦਿਵਾਉਂਦੀ ਹੈ। ਕਿਉਂਕਿ ਮਨੁੱਖਤਾ ਨੇ
ਦੂਸਰੀ ਸੰਸਾਰ ਜੰਗ ਵਿਚ ਇਸ ਦੇ ਪ੍ਰਮਾਣੂ ਬੰਬਾਂ ਦੀ ਭਿਆਨਕਤਾ ਨੂੰ ਦੇਖਿਆ ਹੈ।
ਮਨੁੱਖੀ ਇਤਿਹਾਸ ਵਿਚ ਦੂਜੀ ਸੰਸਾਰ ਜੰਗ ਵੇਲੇ ਅਮਰੀਕਾ ਵਲੋਂ ਜਾਪਾਨ ਦੇ 2 ਸ਼ਹਿਰਾਂ
ਹੀਰੋਸ਼ੀਮਾ ਤੇ ਨਾਗਾਸਾਕੀ 'ਤੇ ਸੁੱਟੇ ਬੰਬਾਂ ਦੀ ਤਬਾਹੀ ਨੂੰ ਇਕ ਕਾਲੇ ਇਤਿਹਾਸ
ਵਾਂਗ ਯਾਦ ਕੀਤਾ ਜਾਂਦਾ ਹੈ। ਇਹ ਬੰਬ ਹਾਲਾਂਕਿ ਬਹੁਤ ਛੋਟੇ ਸਨ, ਪਹਿਲਾ ਲਿਟਲ ਬੁਆਏ
15 ਕਿੱਲੋਟਨ ਅਤੇ ਦੂਸਰਾ ਫੈਟਮੈਨ 21ਕਿੱਲੋ ਟਨ ਤਾਕਤ ਦਾ ਸੀ। ਇਹ ਦੋਵੇਂ ਬੰਬ
ਮਨੁੱਖੀ ਇਤਿਹਾਸ ਵਿਚ ਅੱਜ ਤੱਕ ਵਰਤੇ ਗਏ ਸਭ ਤੋਂ ਭਿਆਨਕ ਬੰਬ ਸਨ, ਜਿਨ੍ਹਾਂ ਕਾਰਨ
ਇਕਦਮ ਲੱਖ ਤੋਂ ਵਧੇਰੇ ਲੋਕ ਮਾਰੇ ਗਏੇ। ਕਿੰਨੇ ਜ਼ਖ਼ਮੀ ਹੋਏ ਤੇ ਕਿੰਨੇ ਇਸ ਦੇ
ਵਿਕਿਰਨ ਕਾਰਨ ਬਿਮਾਰ ਹੋਏ ਉਸ ਦੀ ਸਹੀ ਗਿਣਤੀ ਹੋ ਹੀ ਨਹੀਂ ਸਕੀ।
ਪਰ ਅੱਜ ਦੁਨੀਆ
ਤੀਸਰੀ ਸੰਸਾਰ ਜੰਗ ਦੇ ਮੁਹਾਣੇ 'ਤੇ ਖੜ੍ਹੀ ਹੈ। ਯੂਕਰੇਨ-ਰੂਸ ਜੰਗ ਵਿਚ ਅਮਰੀਕਾ ਤੇ
ਰੂਸ ਕਦੇ ਵੀ ਆਹਮੋ ਸਾਹਮਣੇ ਹੋ ਸਕਦੇ ਹਨ ਤੇ ਚੀਨ ਦਾ ਤਾਇਵਾਨ ਉੱਤੇ ਹੱਕ ਜਮਾਉਣਾ
ਵੀ ਚੀਨ ਤੇ ਅਮਰੀਕਾ ਵਿਚ ਪ੍ਰਮਾਣੂ ਯੁੱਧ ਨੂੰ ਸੱਦਾ ਦੇ ਸਕਦਾ ਹੈ। ਇਸ ਮੌਕੇ ਦੁਨੀਆ
ਵਿਚ ਕਰੀਬ 13,080 ਪ੍ਰਮਾਣੂ ਹਥਿਆਰ ਬਣ ਚੁੱਕੇ ਹਨ ਜਿਨ੍ਹਾਂ ਵਿਚੋਂ ਰੂਸ ਕੋਲ 6,257,
ਅਮਰੀਕਾ ਕੋਲ 5,550, ਚੀਨ ਕੋਲ 350, ਫ਼ਰਾਂਸ ਕੋਲ 290, ਯੂ. ਕੇ. ਕੋਲ 225,
ਪਾਕਿਸਤਾਨ ਕੋਲ 165, ਭਾਰਤ ਕੋਲ 156, ਇਜ਼ਰਾਈਲ ਕੋਲ 90 ਅਤੇ ਕੋਰੀਆ ਕੋਲ ਕਰੀਬ 50
ਪ੍ਰਮਾਣੂ ਹਥਿਆਰ ਹਨ, ਜਿਨ੍ਹਾਂ ਦੀ ਤਾਕਤ 1 ਕਿੱਲੋਟਨ ਤੋਂ ਲੈ ਕੇ 50 ਤੋਂ 58 ਮੈਗਾ
ਟਨ ਤੱਕ ਦੀ ਦੱਸੀ ਜਾਂਦੀ ਹੈ। ਇਹ 50 ਮੈਗਾਟਨ ਤੋਂ ਵੱਧ ਸਮਰਥਾ ਦਾ ਸਭ ਤੋਂ ਵੱਡਾ
ਬੰਬ ਰੂਸੀ ਏ. ਐਨ. 602 ਜਾਂ ਇਵਾਨ ਨਾਂਅ ਦਾ ਬੰਬ ਹੈ।
ਪਰ ਸਾਡਾ
ਵਿਸ਼ਾ ਪ੍ਰਮਾਣੂ ਦੀ ਵਿਨਾਸ਼ ਸ਼ਕਤੀ ਨਹੀਂ ਹੈ। ਅਸੀਂ ਪ੍ਰਮਾਣੂ ਸ਼ਕਤੀ ਦੇ ਮਨੁੱਖਤਾ
ਪ੍ਰਤੀ ਕਲਿਆਣਕਾਰੀ ਪੱਖ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ। ਇਸੇ ਮਈ 2022 ਵਿਚ ਭਾਰਤ
ਦੇ ਐਟੋਮਿਕ ਐਨਰਜੀ ਵਿਭਾਗ ਨੇ 'ਕਲਪਾਕਮ' (ਤਾਮਿਲਨਾਡੂ) ਵਿਚ ਦੇਸ਼ ਭਰ ਦੇ ਕਰੀਬ 35
ਪੱਤਰਕਾਰਾਂ ਦੀ ਵਰਕਸ਼ਾਪ ਲਾ ਕੇ ਇਸ ਪੱਖ ਨੂੰ ਕਾਫੀ ਹੱਦ ਤੱਕ ਸਪੱਸ਼ਟ ਕੀਤਾ ਹੈ।
ਮੈਨੂੰ ਵੀ ਪੰਜਾਬ ਦੀ ਸਭ ਤੋਂ ਵੱਡੀ ਅਖ਼ਬਾਰ 'ਅਜੀਤ' ਵਲੋਂ ਇਸ 4 ਦਿਨਾ ਵਰਕਸ਼ਾਪ
ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਸ ਦਰਮਿਆਨ ਜੋ ਜਾਣਿਆ ਅਤੇ ਜੋ ਬਾਅਦ ਵਿਚ
ਪੜ੍ਹਿਆ, ਉਹ ਮਨੁੱਖਤਾ ਦੇ ਕਲਿਆਣ ਵਿਚ ਪ੍ਰਮਾਣੂ ਸ਼ਕਤੀ ਦੀ ਭੂਮਿਕਾ ਦੇ ਮਹੱਤਵ ਨੂੰ
ਦਰਸਾਉਂਦਾਹੈ।
ਪ੍ਰਮਾਣੂ ਸ਼ਕਤੀ ਦਾ ਕਲਿਆਣਕਾਰੀ ਪੱਖ ਵਿਨਾਸ਼ਕਾਰੀ ਪੱਖ ਤੋਂ ਕਿਤੇ
ਵੱਡਾ ਹੈ। ਹਾਲਾਂਕਿ ਇਸ ਪੱਖ ਵਿਚ ਆਮ ਆਦਮੀ ਨੂੰ ਸਿਰਫ਼ ਪ੍ਰਮਾਣੂ ਬਿਜਲੀ ਘਰਾਂ ਦਾ
ਖਿਆਲ ਹੀ ਆਉਂਦਾ ਹੈ, ਪਰ ਅਸਲ ਵਿਚ ਪ੍ਰਮਾਣੂ ਵਿਗਿਆਨ ਕੰਟਰੋਲ ਕੀਤੀ ਪ੍ਰਮਾਣੂ
ਸ਼ਕਤੀ ਨਾਲ ਕਈ ਨਵੀਆਂ ਸੰਭਾਵਨਾਵਾਂ ਖੋਲ੍ਹ ਰਿਹਾ ਹੈ।
ਬਿਮਾਰੀਆਂ ਦਾ ਇਲਾਜ ਤੇ
ਪ੍ਰਮਾਣੂ ਸ਼ਕਤੀ ਪ੍ਰਮਾਣੂ ਆਧਾਰਿਤ ਇਲਾਜ ਤੇ ਰੋਗ ਪਛਾਣ ਵਿਚ ਰੇਡੀਏੇਸ਼ਨ ਭਾਵ
ਵਿਕਿਰਨ ਦੀ ਵਰਤੋਂ ਕਮਾਲ ਦੇ ਨਤੀਜੇ ਵਿਖਾ ਰਹੀ ਹੈ। ਭਾਰਤ ਦਾ ਪ੍ਰਮਾਣੂ ਊਰਜਾ
ਵਿਭਾਗ (ਡੀ. ਏ. ਈ.) ਅਤੇ ਟਾਟਾ ਮੈਮੋਰੀਅਲ ਸੈਂਟਰ ਮਿਲ ਕੇ ਇਸ ਖੇਤਰ ਵਿਚ ਕੰਮ ਕਰ
ਰਹੇ ਹਨ।
ਭਾਰਤ ਨੇ ਕੈਂਸਰ ਦੇ ਇਲਾਜ ਅਤੇ ਪਹਿਚਾਣ ਲਈ ਕਈ ਕਦਮ ਚੁੱਕੇ ਹਨ। ਰੋਗਾਂ
ਦੀ ਪਹਿਚਾਣ ਲਈ ਰੇਡੀਓ ਆਈਸੋਟੋਪਾਂ ਦਾ ਉਪਯੋਗ ਕਰਨ ਵਾਲੀਆਂ ਡਾਇਆਗਨੋਸਟਿਕ
ਪ੍ਰਕਿਰਿਆਵਾਂ ਹੁਣ ਨਿਯਮਤ ਹੋ ਚੁੱਕੀਆਂ ਹਨ। ਥਾਈਰਾਇਡ, ਗੁਰਦੇ, ਦਿਲ ,ਦਿਮਾਗ਼ ਤੇ
ਸਰੀਰ ਦੇ ਹੋਰ ਕਈ ਅੰਗਾਂ ਦੇ ਰੋਗਾਂ ਦੇ ਨਿਦਾਨ (ਪਛਾਣ) ਲਈ ਟੈਕਨੇਟਿਅਮ 99
ਆਈਸੋਟੋਪਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋਟੀ-99 ਨਾਂਅ ਦੀ ਨਿਊਕਲੀਅਰ ਦਵਾਈ ਵਜੋਂ
ਵਰਤੇ ਜਾਂਦੇ ਹਨ। ਇਸ ਦੀ ਵਰਤੋਂ ਕੈਂਸਰ ਤੇ ਦਿਲ ਦੇ ਰੋਗਾਂ ਦੀ ਪਛਾਣ ਅਤੇ ਸਕੈਨ ਲਈ
ਕੀਤੀ ਜਾਂਦੀ ਹੈ। ਇਹ ਬਿਮਾਰੀ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਦਾ ਪਤਾ ਲਾਉਣ,
ਇਲਾਜ ਕਰਨ ਤੇ ਉਨ੍ਹਾਂ ਨੂੰ ਨਸ਼ਟ ਕਰਨ ਦੀ ਸ਼ਾਨਦਾਰ ਤਕਨੀਕ ਹੈ।
ਭਾਰਤੀ ਵਿਗਿਆਨੀਆਂ
ਨੇ ਕੈਂਸਰ ਦੇ ਇਲਾਜ ਵਿਚ ਇਕ ਵੱਡੀ ਪ੍ਰਾਪਤੀ ਰੇਡੀਓਆਈਸੋਟੋਪਾਂ ਦੀ ਇਕ ਹੀ ਖ਼ੁਰਾਕ
ਨਾਲ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ। ਬੇਸ਼ੱਕ ਇਹ ਤਕਨੀਕ ਅਜੇ ਮਹਿੰਗੀ ਹੈ ਅਤੇ ਇਸ
ਦੀ ਵਰਤੋਂ ਵੀ ਆਮ ਨਹੀਂ ਹੋਈ ਪਰ ਵਕਤ ਪਾ ਕੇ ਹਰ ਤਕਨੀਕ ਸਸਤੀ ਤੇ ਆਮ ਉਪਲਬਧ ਹੋ
ਜਾਂਦੀ ਹੈ। ਇਸ ਇਲਾਜ ਲਈ ਵਰਤੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਆਈਸੋਟੋਪਾਂ ਦੀ
ਸ਼ੈਲਫ਼ ਲਾਈਫ਼ ਬਹੁਤ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਕਿਸੇ ਇਕ ਜਗ੍ਹਾ ਬਣਾ ਕੇ
ਦੇਸ਼ ਭਰ ਵਿਚ ਸਮੇਂ ਸਿਰ ਪਹੁੰਚਾਉਣਾ ਲਗਭਗ ਅਸੰਭਵ ਸੀ ਤੇ ਸਾਰੇ ਦੇਸ਼ ਦੇ ਮਰੀਜ਼ਾਂ
ਨੂੰ ਇਕ ਜਗ੍ਹਾ ਇਕੱਠਾ ਕਰ ਕੇ ਇਲਾਜ ਕਰਨਾ ਵੀ ਸੰਭਵ ਨਹੀਂ ਸੀ । ਇਸ ਲਈ ਭਾਰਤੀ
ਵਿਗਿਆਨੀਆਂ ਨੇ ਇਲਾਜ ਲਈ ਜ਼ਰੂਰੀ ਆਈਸੋਟੋਪਾਂ ਨੂੰ ਪੈਦਾ ਕਰਨ ਲਈ ਮਿੰਨੀ ਜਨਰੇਟਰ
ਬਣਾਉਣ ਦੀ ਤਕਨੀਕ ਵਿਕਸਿਤ ਕੀਤੀ ਹੈ ਜੋ ਭਾਰਤ ਦੇ ਕਿਸੇ ਵੀ ਕੋਨੇ ਵਿਚ ਇਲਾਜ ਦੇ
ਸਮਰੱਥ ਹਸਪਤਾਲ ਵਿਚ ਭੇਜੇ ਜਾ ਸਕਦੇ ਹਨ ਤੇ ਸੰਬੰਧਿਤ ਅੰਗ ਦੇ ਕੈਂਸਰ ਦਾ ਇਲਾਜ ਹੋ
ਸਕਦਾ ਹੈ। ਇਸ ਤਰ੍ਹਾਂ ਆਈਸੋਟੋਪਾਂ ਦੀ ਘੱਟ ਉਮਰ ਦਾ ਕੋਈ ਮਸਲਾ ਹੀ ਨਹੀਂ ਰਹਿੰਦਾ।
ਇਸ ਇਲਾਜ ਪ੍ਰਣਾਲੀ ਨੂੰ ਨਿਊਕਲੀਅਰ ਮੈਡੀਸਨ ਪ੍ਰਣਾਲੀ ਵੀ ਕਿਹਾ ਜਾਂਦਾ ਹੈ।
ਪ੍ਰਮਾਣੂ ਵਿਗਿਆਨੀ ਅਜਿਹੀ ਤਕਨੀਕ ਵੀ ਵਿਕਸਿਤ ਕਰ ਰਹੇ ਹਨ, ਜਿਸ ਨਾਲ ਕੈਂਸਰ
ਖ਼ਾਸਕਰ ਕੇ ਮੂੰਹ ਦਾ ਕੈਂਸਰ ਜੋ ਭਾਰਤ ਵਿਚ ਸਭ ਤੋਂ ਜ਼ਿਆਦਾ ਹੁੰਦਾ ਹੈ, ਦੇ ਹੋਣ
ਤੋਂ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ। ਅੱਖਾਂ ਦੇ ਕੈਂਸਰ ਦੇ ਇਲਾਜ ਦੀ ਸਫ਼ਲ
ਸਵਦੇਸ਼ੀ ਤਕਨੀਕ ਵੀ ਵਿਕਸਤ ਕੀਤੀ ਜਾ ਚੁੱਕੀ ਹੈ। ਭਾਰਤ ਸਿਰਫ਼ ਨਿਊਕਲੀਅਰ ਇਲਾਜ
ਦੀਆਂ ਤਕਨੀਕਾਂ ਵਿਚ ਹੀ ਆਤਮ ਨਿਰਭਰ ਨਹੀਂ ਹੋ ਰਿਹਾ, ਸਗੋਂ ਨਿਊਕਲੀਅਰ ਦਵਾਈਆਂ ਤੇ
ਕੁਝ ਲੋੜੀਂਦੀਆਂ ਮਸ਼ੀਨਾਂ ਵੀ ਖ਼ੁਦ ਬਣਾਉਣ ਲੱਗ ਪਿਆ ਹੈ ਜੋ ਵਿਦੇਸ਼ਾਂ ਤੋਂ ਦਰਾਮਦ
ਕਰਨ ਨਾਲੋਂ ਨਾਲੋਂ ਕਈ ਗੁਣਾ ਸਸਤੀਆਂ ਪੈਂਦੀਆਂ ਹਨ ਅਤੇ ਇਸ ਮੰਤਵ ਲਈ ਵਰਤੇ ਜਾਣ
ਵਾਲੇ ਜੇ. ਈ. 68 ਕਿਸਮ ਦੇ ਭਾਰਤ ਵਿਚ ਬਣੇ ਜਨਰੇਟਰ ਸਿਰਫ਼ 15 ਤੋਂ 17 ਲੱਖ ਰੁਪਏ
ਵਿਚ ਮਿਲਦੇ ਹਨ ਜਦੋਂ ਕਿ ਵਿਦੇਸ਼ਾਂ ਵਿਚ ਇਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ। ਇਸ
ਤੋਂ ਇਲਾਵਾ ਪ੍ਰਮਾਣੂ ਵਿਗਿਆਨੀਆਂ ਨੇ ਅਜਿਹੀਆਂ ਤਕਨੀਕਾਂ ਨੂੰ ਵੀ ਵਿਕਸਿਤ ਕੀਤਾ
ਹੈ, ਜੋ ਦਵਾਈਆਂ ਦੇ ਪ੍ਰਭਾਵ ਨੂੰ ਜਾਂਚਦੀਆਂ ਹਨ।ਉਦਾਹਰਨ ਵਜੋਂ ਇਕ ਤਕਨੀਕ ਇਹ ਜਾਂਚ
ਕਰਦੀ ਹੈ ਕਿ ਕਿਹੜਾ ਸੈਨੀਟਾਈਜ਼ਰ ਫ਼ਾਰਮੂਲਾ ਕੋਵਿਡ ਜਾਂ ਹੋਰ ਵਾਇਰਸਾਂ ਨੂੰ ਮਾਰ
ਸਕਦਾ ਹੈ ਤੇ ਕਿੰਨਾ ਅਸਰਦਾਰ ਹੈ।
ਗੰਦਗੀ ਦੇ ਪਹਾੜਾਂ ਦਾ ਇਲਾਜ
ਤੇ ਸਮੁੰਦਰੀ ਪਾਣੀ ਦੀ ਵਰਤੋਂ 'ਪ੍ਰਮਾਣੂ ਊਰਜਾ ਵਿਭਾਗ' ਸ਼ਹਿਰਾਂ ਵਿਚ ਲੱਗੇ
ਗੰਦਗੀ ਦੇ ਪਹਾੜਾਂ ਦੀ ਪ੍ਰੇਸ਼ਾਨੀ ਦੇ ਖ਼ਾਤਮੇ ਤੇ ਇਸ ਗੰਦਗੀ ਨੂੰ ਖਾਦ ਵਿਚ ਬਦਲ
ਕੇ ਉਪਜ ਵਧਾਉਣ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣ ਦੀ ਤਕਨੀਕ ਵੀ ਵਿਕਸਿਤ ਕਰ
ਚੁੱਕਾ ਹੈ। 'ਭਾਬਾ ਐਟੋਮਿਕ ਰਿਸਰਚ ਸੈਂਟਰ' (ਬਾਰਕ) ਜੋ ਭਾਰਤ ਦੀ ਸ਼ੁਰੂਆਤੀ
ਐਟੋਮਿਕ
ਖੋਜ ਸੰਸਥਾ ਹੈ, ਨੇ ਗੁਜਰਾਤ ਸਰਕਾਰ ਅਤੇ ਅਹਿਮਦਾਬਾਦ ਨਗਰ ਨਿਗਮ ਨਾਲ ਮਿਲ ਕੇ
ਏਸ਼ੀਆ ਦਾ ਪਹਿਲਾ ਸਲੱਜ ਹੋਰੋਜੀਨਿਵੇਸ਼ਕ ਇਰੈਡੀਏਟਰ ਪਲਾਂਟ ਲਾਇਆ ਹੈ, ਜੋ ਪੂਰੀ
ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਬਣਿਆ ਹੈ।
ਇਸ ਨਾਲ ਗੰਦੇ ਚਿੱਕੜ ਵਿਚੋਂ ਬਦਬੂ ਅਤੇ
ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂ ਖ਼ਤਮ ਹੋ ਜਾਂਦੇ ਹਨ ਤੇ ਗੰਦਗੀ ਖਾਦ ਵਿਚ ਬਦਲ
ਜਾਂਦੀ ਹੈ, ਜੋ ਹਾਲ ਦੀ ਘੜੀ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਦੇ ਉਪਜ
ਵਧਾਉਣ ਵਿਚ ਵੀ ਚੰਗੇ ਨਤੀਜੇ ਨਿਕਲੇ ਹਨ। ਇਸ ਦੇ ਨਾਲ ਹੀ ਪ੍ਰਮਾਣੂ ਵਿਭਾਗ ਨੇ
ਕਲਪਾਕਮ ਵਿਚ ਦਰਿਆ ਦੇ ਪਾਣੀ ਦਾ ਇਕ ਮਿੰਨੀ ਬੰਨ੍ਹ ਬਣਾ ਕੇ ਸਾਫ਼ ਪੀਣ ਵਾਲੇ ਪਾਣੀ
ਦੀ ਸਮੱਸਿਆ ਹੱਲ ਕੀਤੀ ਹੈ। ਇਹ ਤਕਨੀਕ ਦੇਸ਼ ਭਰ ਵਿਚ ਵਰਤੀ ਜਾ ਸਕਦੀ ਹੈ। ਭਾਬਾ
ਐਟਮੀ ਖੋਜ ਕੇਂਦਰ ਨੇ ਸਮੁੰਦਰੀ ਤੇ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਮਲਟੀ
ਸਟੇਜ ਫ਼ਲੈਸ਼, ਰਿਵਰਸ ਆਟੋਓਮੇਸੀਸ ਅਤੇ ਘੱਟ ਤਾਪਮਾਨ ਤੇ ਵਾਸ਼ਪੀਕਰਨ ਆਧਾਰਿਤ
ਡੀਸਾਲੀਨੇਸ਼ਨ ਤਕਨੀਕਾਂ ਦਾ ਵਿਕਾਸ ਵੀ ਕੀਤਾ ਹੈ।
ਖੇਤੀ ਵਿਕਾਸ ਤੇ ਖ਼ੁਰਾਕ ਸੰਭਾਲ ਵਿਚ ਪ੍ਰਮਾਣੂ ਤਕਨੀਕ ਖੇਤੀਬਾੜੀ ਵਿਚ ਪ੍ਰਮਾਣੂ ਤਕਨੀਕ
ਵਿਦੇਸ਼ਾਂ ਦੇ ਨਾਲ ਨਾਲ ਭਾਰਤ ਵਿਚ ਵੀ ਕਾਫੀ ਤਰੱਕੀ ਕਰ ਰਹੀ ਹੈ। 'ਬਾਰਕ' ਨੇ
ਪ੍ਰਮਾਣੂ ਤਕਨੀਕ ਦੀ ਵਰਤੋਂ ਨਾਲ ਪਰਿਵਰਤਨ ਕਰ ਕੇ ਵੱਧ ਝਾੜ ਦੇਣ ਵਾਲੇ 48 ਤੋਂ ਵੱਧ
ਕਿਸਮਾਂ ਦੇ ਬੀਜ ਵਪਾਰਕ ਪੱਧਰ 'ਤੇ ਜਾਰੀ ਕੀਤੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ
ਹੈ। ਇਨ੍ਹਾਂ ਬੀਜਾਂ ਵਿਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਕਿ
ਫ਼ਸਲਾਂ ਪੱਕਣ ਵਿਚ ਘੱਟ ਸਮਾਂ ਤੇ ਘੱਟ ਪਾਣੀ ਲੱਗੇ। ਫ਼ਸਲ ਵਿਚ ਬਿਮਾਰੀਆਂ, ਬਾਇਓਟਿਕ
ਅਤੇ ਏਬਾਇਓਟਿਕ ਤਣਾਅ ਦਾ ਸਾਹਮਣਾ ਕਰਨ ਦੀ ਸਮਰਥਾ ਵਧੇ। ਫ਼ਸਲ ਦੀ ਪੌਸ਼ਟਿਕ
ਗੁਣਵੱਤਾ ਵਿਚ ਵੀ ਵਾਧਾ ਹੋਵੇ।
'ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ' (ਆਈ. ਏ.
ਈ. ਏ.) ਦਾ 2013 ਵਿਚ ਭਾਰਤੀ ਕਿਸਾਨਾਂ ਨਾਲ ਖੇਤੀ ਸੰਬੰਧੀ ਪ੍ਰਮਾਣੂ ਤਕਨੀਕਾਂ ਦੀ
ਵਰਤੋਂ ਲਈ ਸਹਿਯੋਗ ਸ਼ੁਰੂ ਹੋਇਆ ਸੀ। ਤਾਮਿਲਨਾਡੂ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼
ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਮਾਣੂ ਆਈਸੋਟੋਪਿਕ ਤਕਨੀਕਾਂ ਦੀ ਵਰਤੋਂ ਕਰਦੇ
ਹੋਏ ਵੱਖ ਵੱਖ ਖੇਤਰਾਂ ਵਿਚ ਮਿੱਟੀ ਅਤੇ ਪਾਣੀ ਦਾ ਅਧਿਐਨ ਕੀਤਾ ਹੈ। ਇਨ੍ਹਾਂ
ਖੋਜਾਂ ਨੂੰ ਪਸ਼ੂ ਉਤਪਾਦਨ ਅਤੇ ਫ਼ਸਲਾਂ ਨੂੰ ਜੈਵਿਕ ਖੇਤੀ ਨਾਲ ਜੋੜਿਆ ਗਿਆ ਹੈ।
ਇਨ੍ਹਾਂ ਤਕਨੀਕਾਂ ਨੇ ਮਿੱਟੀ ਦੀ ਜੈਵਿਕ ਕਾਰਬਨ ਸਮੱਗਰੀ ਵਧਾਉਣ ਵਿਚ ਮਦਦ ਕੀਤੀ ਹੈ।
ਇਸ ਨਾਲ ਜਾਨਵਰਾਂ ਅਤੇ ਪੌਦਿਆਂ ਦੀਆਂ ਬਿਮਾਰੀਆਂ 'ਤੇ ਕਾਬੂ ਪਾਉਣ ਅਤੇ ਇਨ੍ਹਾਂ ਨੂੰ
ਫੈਲਣ ਤੋਂ ਰੋਕਣ ਵਿਚ ਸਫਲਤਾ ਮਿਲੀ ਹੈ। ਇਰਡੀਏੇਸ਼ਨ ਤਕਨੀਕ ਦੀ ਵਰਤੋਂ ਨਾਲ ਪੌਦਿਆਂ
ਵਿਚ ਬਦਲਾਉ ਕਰ ਕੇ ਮੁੱਖ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਬਣਾਈਆਂ ਜਾਂਦੀਆਂ ਹਨ ਜੋ
ਵਾਤਾਵਰਨ ਦੇ ਬਦਲਾਅ ਨੂੰ ਸਹਿਣ ਲਈ ਵਧੇਰੇ ਲਚਕੀਲੀਆਂ ਅਤੇ ਸਹਿਣ ਸ਼ਕਤੀ ਵਾਲੀਆਂ
ਹੁੰਦੀਆਂ ਹਨ। ਇਸ ਤਕਨੀਕ ਨਾਲ ਘੱਟ ਪਾਣੀ ਦੀ ਵਰਤੋਂ ਤੇ ਘੱਟ ਖਾਦਾਂ ਦੀ ਜ਼ਰੂਰਤ ਦੇ
ਅਨੂਕੁਲ ਕਿਸਮਾਂ ਦੇ ਬੀਜ ਵੀ ਤਿਆਰ ਕੀਤੇ ਜਾਂਦੇ ਹਨ। ਇਕ ਸਟਰਲਾਈਜ ਕੀਟ ਤਕਨੀਕ ਨਾਲ
ਫ਼ਸਲਾਂ ਨੂੰ ਹਾਨੀਕਾਰਕ ਕੀੜਿਆਂ ਨਾਲ ਲੜਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ।
ਇਸ
ਤੋਂ ਇਲਾਵਾ ਫ਼ਸਲਾਂ ਜਿਵੇਂ ਦਾਲਾਂ, ਦੇਸੀ ਦਵਾਈਆਂ ਤੇ ਅਨਾਜ ਦੀ ਸਾਂਭ-ਸੰਭਾਲ ਤੇ
ਉਨ੍ਹਾਂ ਦੇ ਖ਼ਰਾਬ ਹੋਣ ਦਾ ਸਮਾਂ ਉਨ੍ਹਾਂ ਦੇ ਕੁਦਰਤੀ ਰੂਪ ਵਿਚ ਖ਼ਰਾਬ ਹੋਣ ਦੇ
ਸਮੇਂ ਤੋਂ ਕਈ ਗੁਣਾ ਵੱਧ ਵਧਾਇਆ ਜਾ ਸਕਦਾ ਹੈ ਜਦੋਂ ਕਿ ਇਸ ਨਾਲ ਫ਼ਸਲ ਦੇ ਪੌਸ਼ਟਿਕ
ਤੱਤਾਂ ਦੀ ਗੁਣਵੱਤਾ ਵੀ ਲੰਮਾ ਸਮਾਂ ਕਾਇਮ ਰਹਿੰਦੀ ਹੈ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ : 92168-60000 E. mail :
hslall@ymail.com
|