ਮੌਤ
ਜਿਸ ਕੀ ਹਯਾਤ ਹੋ 'ਫ਼ਾਨੀ' ਉਸ ਸ਼ਹੀਦ ਏ ਸਿਤਮ ਕਾ ਮਾਤਮ ਕਯਾ? (ਫਾਨੀ
ਬਦਾਯੂਨੀ)
ਹਾਂ ਸੱਚਮੁੱਚ ਜਿਸ ਸ਼ਹੀਦ ਦੀ ਮੌਤ ਕੌਮ ਦੀ
ਜ਼ਿੰਦਗੀ ਹੋ ਜਾਵੇ, ਉਸ ਦਾ ਅਫ਼ਸੋਸ ਕਿਵੇਂ ਕੀਤਾ ਜਾ ਸਕਦਾ ਹੈ? ਫਿਰ ਸ਼ਹੀਦੀ ਵੀ
ਜਦੋਂ ਆਪਣੇ ਲਈ ਜਾਂ ਆਪਣੇ ਅਕੀਦੇ ਲਈ ਨਹੀਂ, ਸਗੋਂ ਜ਼ੁਲਮ ਤੇ ਸਿਤਮ ਦੇ ਖਿਲਾਫ਼ ਇਕ
ਕਮਜ਼ੋਰ ਤੇ ਲਿਤਾੜੀ ਜਾ ਚੁੱਕੀ ਕੌਮ ਲਈ ਦਿੱਤੀ ਹੋਵੇ ਤਾਂ ਉਸ ਦੀ ਕੀਮਤ ਅਦਾ ਕਰਨੀ
ਤਾਂ ਦੂਰ ਦੀ ਗੱਲ, ਉਸ ਦੀ ਕੀਮਤ ਆਂਕੀ ਵੀ ਨਹੀਂ ਜਾ ਸਕਦੀ।
ਇਸ ਲਈ ਜਦੋਂ
ਦੇਸ਼ ਦੀ ਸਰਕਾਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਖ਼ੁਦ ਸਰਕਾਰੀ ਤੌਰ 'ਤੇ ਦੇਸ਼ ਦੀ
ਆਜ਼ਾਦੀ ਦਾ ਪ੍ਰਤੀਕ ਬਣ ਚੁੱਕੇ 'ਲਾਲ ਕਿਲ੍ਹੇ' ਵਿਚ ਦੇਸ਼ ਦੇ ਮਹਾਨ ਸ਼ਹੀਦ ਸਾਹਿਬ
ਸ੍ਰੀ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਰਕਾਰੀ ਤੌਰ 'ਤੇ ਮਨਾਉਂਦੇ ਹਨ
ਤਾਂ ਇਸ ਨੂੰ ਦੇਰ ਨਾਲ ਹੀ ਸਹੀ ਪਰ ਇਕ ਚੰਗੀ ਸ਼ੁਰੂਆਤ ਤਾਂ ਕਹਿਣਾ ਹੀ ਪਵੇਗਾ। ਇਸ
ਮੌਕੇ ਵਾਰ-ਵਾਰ ਇਸ ਗੱਲ ਦੀ ਚਰਚਾ ਹੋਈ ਕਿ ਜਿਸ ਥਾਂ (ਲਾਲ ਕਿਲ੍ਹਾ) ਤੋਂ ਗੁਰੂ
ਸਾਹਿਬ ਨੂੰ ਸ਼ਹੀਦ ਕਰਨ ਦਾ ਫ਼ਤਵਾ ਜਾਰੀ ਹੋਇਆ ਸੀ ਅੱਜ ਉਸੇ ਹੀ ਥਾਂ ਜੈਕਾਰੇ ਗੂੰਜ
ਰਹੇ ਹਨ, ਕੀਰਤਨ ਹੋ ਰਹੇ ਹਨ ਤੇ ਸਮੇਂ ਦੀ ਸਰਕਾਰ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ
ਅਰਪਣ ਕਰ ਰਹੀ ਹੈ। ਇਹ ਸਭ ਕੁਝ ਆਪਣੇ-ਆਪ ਵਿਚ ਇਹ ਦਰਸਾਉਂਦਾ ਹੈ ਕਿ ਆਖਿਰ ਜਿੱਤ
ਹੱਕ ਤੇ ਸੱਚ ਦੀ ਹੀ ਹੁੰਦੀ ਹੈ। ਜ਼ਾਲਮ ਵਕਤੀ ਤੌਰ 'ਤੇ ਤਾਕਤਵਰ ਹੋ ਸਕਦਾ ਹੈ ਪਰ
ਜ਼ੁਲਮ ਤੇ ਹੰਕਾਰ ਆਖਰ ਸਮੇਂ ਦੀਆਂ ਠੋਕਰਾਂ ਹੀ ਖਾਂਦੇ ਹਨ।
ਇਸ ਵਿਚ ਕੋਈ
ਸ਼ੱਕ ਨਹੀਂ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਕੇਂਦਰੀ
ਸਰਕਾਰ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਉਤਸਵ ਖ਼ੁਦ ਮਨਾ ਰਹੀ
ਹੈ ਤੇ ਮਨਾ ਵੀ ਉਸ 'ਲਾਲ ਕਿਲ੍ਹੇ' 'ਤੇ ਰਹੀ ਹੈ ਜੋ ਇਸ ਵੇਲੇ ਭਾਰਤ ਦੀ ਆਜ਼ਾਦੀ ਦਾ
ਸਭ ਤੋਂ ਵੱਡਾ ਨਿਸ਼ਾਨ ਬਣ ਚੁੱਕਾ ਹੈ। ਹਰ ਸਾਲ ਭਾਰਤ ਦੀ ਆਜ਼ਾਦੀ ਦੇ ਦਿਹਾੜੇ 'ਤੇ
15 ਅਗਸਤ ਨੂੰ ਇਥੋਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਦੇ ਹਨ। ਇਸ
ਲਈ ਅਸੀਂ ਇਸ ਸ਼ੁਰੂਆਤ ਨੂੰ ਖੁਸ਼-ਆਮਦੀਦ ਕਹਿੰਦੇ ਹਾਂ।
ਸਾਡੀ ਜਾਣਕਾਰੀ
ਅਨੁਸਾਰ ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਮਨਾਉਣ ਲਈ ਕਈ ਸਿੱਖ ਬੁੱਧੀਜੀਵੀਆਂ ਦੀ
ਸਲਾਹ ਵੀ ਲਈ ਹੈ। ਕੌਮੀ ਘੱਟ-ਗਿਣਤੀ ਆਯੋਗ ਦੇ ਸਾਬਕਾ ਸਭਾਪਤੀ ਤਰਲੋਚਨ ਸਿੰਘ ਨੇ ਕਈ
ਸਲਾਹਾਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਜ਼ਿਕਰਯੋਗ ਸਲਾਹ ਹੈ ਕਿ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਿਤਾਂ ਦੀ ਅਗਵਾਈ ਕਰਕੇ
ਫ਼ਰਿਆਦ ਕਰਨ ਆਏ ਪੰਡਿਤ 'ਕ੍ਰਿਪਾ ਰਾਮ' ਦੀ ਵਿਸ਼ਾਲ ਯਾਦਗਾਰ ਜੰਮੂ ਵਿਚ ਬਣਾਈ ਜਾਏ,
ਜਿਸ ਨਾਲ ਪੰਡਿਤ ਕ੍ਰਿਪਾ ਰਾਮ ਦੇ ਗੁਰੂ ਸਾਹਿਬ ਕੋਲ ਜਾ ਕੇ ਫ਼ਰਿਆਦ ਕਰਨ ਦਾ
ਇਤਿਹਾਸ ਹਰ ਭਾਰਤ ਵਾਸੀ ਦੇ ਸਾਹਮਣੇ ਆਵੇ ਤੇ ਇਹ ਸਚਾਈ ਸਰਬ ਪ੍ਰਵਾਨਿਤ ਹੋਵੇ ਕਿ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਦਿੱਤੀ ਸ਼ਹੀਦੀ ਉਪਰੰਤ ਬਾਦਸ਼ਾਹ
ਔਰੰਗਜ਼ੇਬ ਨੂੰ ਜਬਰੀ ਧਰਮ ਪਰਿਵਰਤਨ ਬੰਦ ਕਰਨਾ ਪਿਆ। ਉਨ੍ਹਾਂ ਦੀ ਇਹ ਮੰਗ ਤਾਂ
ਸ਼ਾਇਦ ਪ੍ਰਵਾਨ ਵੀ ਕਰ ਲਈ ਗਈ ਹੈ ਕਿ ਗੁਰੂ ਸਾਹਿਬ ਦਾ ਇਤਿਹਾਸ ਭਾਰਤ ਭਰ ਦੇ
ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ।
ਇਹ ਸਭ ਨੂੰ ਪਤਾ ਹੈ ਕਿ 'ਰਾਸ਼ਟਰੀ ਸੋਇਮਸੇਵਕ ਸੰਘ' (ਰਾ: ਸ: ਸ:) ਨਿਰੋਲ
ਹਿੰਦੂ ਰਾਸ਼ਟਰ ਤੇ ਹਿੰਦੂ ਧਰਮ ਦੀ ਗੱਲ ਹੀ ਕਰਦਾ ਹੈ ਤੇ ਹਿੰਦੂ ਧਰਮ ਦੇ ਸੰਦਰਭ
ਵਿਚ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ
ਨਾਇਕਾਂ ਵਿਚ ਸ਼ੁਮਾਰ ਕਰਦਾ ਹੈ। ਭਾਜਪਾ, ਸਪੱਸ਼ਟ ਤੌਰ 'ਤੇ ਰਾ:ਸ:ਸ: ਦੀ ਰਾਜਸੀ
ਸ਼ਾਖਾ ਹੈ। ਇਸ ਲਈ ਜਦੋਂ ਭਾਜਪਾ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜਾਂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾਉਂਦੀ ਹੈ ਤਾਂ ਉਹ ਆਪਣੇ ਆਸ਼ੇ ਤੇ
ਨਿਸ਼ਾਨੇ ਤੋਂ ਪਾਸੇ ਨਹੀਂ ਹਟਦੀ।
ਇਹ ਵੀ ਸੱਚ ਹੈ ਕਿ ਰਾ:ਸ:ਸ: ਜਿਸ
ਤਰ੍ਹਾਂ ਮੁਸਲਮਾਨਾਂ ਤੇ ਈਸਾਈਆਂ ਨੂੰ ਬਾਹਰੀ ਧਰਮ ਮੰਨਦਾ ਹੈ ਤੇ ਉਸ ਵਿਚ ਸ਼ਾਮਿਲ
ਲੋਕਾਂ ਦੀ ਘਰ ਵਾਪਸੀ ਦੀ ਕੋਸ਼ਿਸ਼ ਕਰਦਾ ਹੈ ਉਸ ਤਰ੍ਹਾਂ ਦਾ ਵਿਵਹਾਰ ਉਹ ਸਿੱਖਾਂ
ਨਾਲ ਨਹੀਂ ਕਰਦਾ। ਪਰ ਸਿੱਖ ਦਾਨਿਸ਼ਵਰਾਂ ਵਿਚ ਇਕ ਡਰ ਹਮੇਸ਼ਾ ਬਣਿਆ ਰਿਹਾ ਹੈ ਕਿ
ਕਿਤੇ ਹਿੰਦੂ ਧਰਮ, ਬੋਧੀਆਂ ਤੇ ਜੈਨੀਆਂ ਵਾਂਗ ਸਿੱਖਾਂ ਨੂੰ ਵੀ ਆਪਣੇ ਕਲਾਵੇ ਵਿਚ
ਲੈ ਕੇ ਹਿੰਦੂ ਧਰਮ ਦੀ ਇਕ ਸ਼ਾਖ ਨਾ ਬਣਾ ਲਵੇ।
ਇਸ ਲਈ ਅਸੀਂ ਭਾਰਤ ਦੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦੇ
ਹਾਂ ਕਿ ਉਨ੍ਹਾਂ ਨੇ ਇਕ ਮਹਾਨ ਸ਼ਹੀਦੀ ਨੂੰ ਸਨਮਾਨ ਦਿੰਦਿਆਂ ਇਹ ਪ੍ਰੋਗਰਾਮ ਕਰਵਾਇਆ
ਹੈ। ਪਰ ਨਾਲ ਹੀ ਇਹ ਬੇਨਤੀ ਹੈ ਕਿ ਉਹ ਸਿੱਖਾਂ ਦੇ ਡਰ ਅਤੇ ਵਿਸਵਿਸੇ ਦੂਰ ਕਰਨ ਲਈ
ਵੀ ਕੁਝ ਕਰਨ, ਜਿਸ ਨਾਲ ਸਿੱਖਾਂ ਦੇ ਕੇਂਦਰ ਸਰਕਾਰ ਨਾਲ ਪੁਰਾਣੇ ਸ਼ਿਕਵੇ ਵੀ ਦੂਰ
ਹੋ ਸਕਣ ਤੇ ਉਨ੍ਹਾਂ ਨੂੰ ਆਪਣੀ ਹੋਂਦ ਖ਼ਤਮ ਹੋਣ ਦਾ ਖ਼ਤਰਾ ਵੀ ਨਾ ਜਾਪੇ।
ਉਦਾਹਰਨ ਵਜੋਂ ਸੰਵਿਧਾਨ ਦੀ ਧਾਰਾ 25 ਦੀ ਉਹ ਉਪ ਧਾਰਾ ਜੋ ਸਿੱਖਾਂ ਨੂੰ ਹਿੰਦੂ
ਦੱਸਦੀ ਹੈ, ਵਿਚ ਸੋਧ ਕੀਤੀ ਜਾਵੇ, 1984 ਦੇ ਸਿੱਖ ਕਤਲੇਆਮ ਲਈ ਸੰਸਦ ਦੇ ਦੋਵਾਂ
ਸਦਨਾਂ ਵਿਚ ਮੁਆਫ਼ੀ ਮੰਗ ਕੇ ਇਸ ਬਾਰੇ ਆਖਰੀ ਤੇ ਨਤੀਜਾਕੁੰਨ 'ਸਚਾਈ ਆਯੋਗ' ਬਣਾਇਆ
ਜਾਵੇ।
ਸਿੱਖਾਂ ਦੇ ਪੰਜਾਬ ਤੋਂ ਬਾਹਰਲੇ ਧਾਰਮਿਕ ਤੇ ਆਰਥਿਕ ਮਸਲੇ ਪੱਕੇ
ਤੌਰ 'ਤੇ ਹਮਦਰਦਰਾਨਾ ਤਰੀਕੇ ਨਾਲ ਹੱਲ ਕੀਤੇ ਜਾਣ ਤਾਂ ਕਿ ਸਿੱਖਾਂ ਦੇ ਮਨਾਂ ਵਿਚ
ਹੌਲੀ-ਹੌਲੀ ਹਿੰਦੂ ਧਰਮ ਵਿਚ ਸਮਾਅ ਜਾਣ ਦਾ ਖਦਸ਼ਾ ਖ਼ਤਮ ਹੋ ਜਾਵੇ।
ਜਿਥੋਂ ਤੱਕ ਕਿ ਅਕਾਲੀ ਦਲ ਬਾਦਲ ਦਾ ਸੰਬੰਧ ਹੈ, ਸਾਡੀ ਜਾਣਕਾਰੀ ਅਨੁਸਾਰ ਉਹ ਇਸ
ਸਮਾਗਮ ਤੋਂ ਇਸ ਲਈ ਪਰ੍ਹਾਂ-ਪਰ੍ਹਾਂ ਰਹੇ ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ
ਸਮਾਗਮ ਨਿਰੋਲ ਧਾਰਮਿਕ ਨਹੀਂ ਸੀ, ਸਗੋਂ ਇਸ ਦੇ ਛਿਪੇ ਹੋਏ ਰਾਜਨੀਤਕ ਮਨਸ਼ੇ ਵੀ ਹਨ।
ਬੇਸ਼ੱਕ ਇਹ ਸਮਾਗਮ ਭਾਰਤ ਸਰਕਾਰ ਨੇ ਕੀਤਾ ਹੈ ਪਰ ਅਕਾਲੀ ਦਲ ਇਹ ਸਮਝਦਾ ਹੈ ਕਿ ਇਸ
ਦੇ ਛਿਪੇ ਹੋਏ ਮਕਸਦਾਂ ਵਿਚ ਅਕਾਲੀ ਦਲ ਤੋਂ ਵੱਖ ਹੋਏ ਤੇ 'ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ' 'ਤੇ ਕਾਬਜ਼ ਨੇਤਾਵਾਂ ਤੇ ਮਨਜਿੰਦਰ ਸਿੰਘ 'ਸਿਰਸਾ' ਨੂੰ ਅਕਾਲੀ
ਦਲ ਦੇ ਮੁਕਾਬਲੇ ਖੜ੍ਹਾ ਕਰਨ ਦੀ ਇਕ ਕੋਸ਼ਿਸ਼ ਵੀ ਹੈ।
ਸਿਆਸਤ ਮੇਂ
ਅਦਾਕਾਰੀ, ਤੋ ਪਹਿਲੇ ਸੇ ਭੀ ਬੜ ਕਰ ਹੈ। ਹਰ ਇਕ ਲੀਡਰ ਮੇਂ ਮੱਕਾਰੀ, ਤੋ ਪਹਿਲੇ
ਸੇ ਭੀ ਬੜ ਕਰ ਹੈ। (ਕ੍ਰਿਸ਼ਨ ਪ੍ਰਵੇਜ਼)
ਨਵੀਂ ਪਾਰਟੀ ਦੇ ਆਸਾਰ ਨਈ ਸੁਬਹ ਚਾਹਤੇ ਹੈਂ ਨਈ
ਸ਼ਾਮ ਚਾਹਤੇ ਹੈਂ। ਜੋ ਯੇ ਰੋਜ਼-ਓ-ਸ਼ਬ ਬਦਲ ਦੇ ਵੋਹ ਨਿਜਾਮ ਚਾਹਤੇ ਹੈਂ।
ਹਾਲਾਂ ਕਿ ਸਾਬਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੋਈ
ਸਪੱਸ਼ਟ ਇਸ਼ਾਰਾ ਨਹੀਂ ਦਿੱਤਾ ਕਿ ਉਹ ਕੋਈ ਨਵੀਂ ਪਾਰਟੀ ਬਣਾਉਣਗੇ ਪਰ ਜਿਸ ਤਰ੍ਹਾਂ
ਦੀ ਹਾਲਤ ਪੰਜਾਬ ਕਾਂਗਰਸ ਦੀ ਹੈ ਤੇ ਜਿਸ ਤਰ੍ਹਾਂ ਕਦਮ-ਦਰ-ਕਦਮ ਨਵਜੋਤ ਸਿੰਘ ਸਿੱਧੂ
ਚੱਲ ਰਹੇ ਹਨ, ਉਹ ਸਾਫ਼ ਇਸ਼ਾਰਾ ਦਿੰਦੇ ਹਨ ਕਿ ਸਿੱਧੂ ਖ਼ੁਦ ਕਾਂਗਰਸ ਨਹੀਂ ਛੱਡਣਗੇ
ਪਰ ਅਜਿਹੇ ਹਾਲਾਤ ਜ਼ਰੂਰ ਬਣਾ ਦੇਣਗੇ ਕਿ ਜਾਂ ਤਾਂ ਕਾਂਗਰਸ ਹੀ ਉਨ੍ਹਾਂ ਅੱਗੇ ਝੁਕ
ਕੇ ਉਨ੍ਹਾਂ ਦੇ ਮੁੱਦਿਆਂ ਨੂੰ ਅਪਣਾ ਕੇ ਕਮਾਨ ਉਨ੍ਹਾਂ ਨੂੰ ਸੌਂਪ ਦੇਵੇ ਜਾਂ ਫਿਰ
ਮਜਬੂਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇ।
ਸਾਨੂੰ ਪ੍ਰਾਪਤ
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਰਹਿੰਦੇ ਹੋਏ ਸਮਾਨਅੰਤਰ
ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਜਦ
ਤੱਕ ਕਾਂਗਰਸ ਉਨ੍ਹਾਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ, ਉਹ ਆਪਣੇ-ਆਪ ਨੂੰ
ਮਜ਼ਬੂਤ ਕਰਨ ਲਈ 'ਪੰਜਾਬ ਬਚਾਓ ਮੰਚ' ਜਾਂ ਕਿਸੇ ਵੀ ਹੋਰ ਨਾਂਅ 'ਤੇ ਕੋਈ ਸਮਾਜਿਕ
ਸੰਸਥਾ ਖੜ੍ਹੀ ਕਰ ਸਕਦੇ ਹਨ।
ਉਨ੍ਹਾਂ ਦੇ ਕਾਂਗਰਸ ਵਿਚ ਰਹਿੰਦਿਆਂ ਕਾਂਗਰਸ
ਨਾਲੋਂ ਵਧ ਸਰਗਰਮੀ ਨਾਲ ਵਿਰੋਧੀ ਧਿਰ ਦਾ ਰੋਲ ਕਰਨ ਦਾ ਸਭ ਤੋਂ ਤਾਜ਼ਾ ਸੰਕੇਤ ਤਾਂ
ਉਨ੍ਹਾਂ ਦੀ ਅੱਜ ਦੀ ਰਾਜਪਾਲ ਪੰਜਾਬ ਨਾਲ ਵੱਖਰੇ ਤੌਰ 'ਤੇ ਕੀਤੀ ਮੁਲਾਕਾਤ ਤੋਂ ਹੀ
ਮਿਲ ਜਾਂਦਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਇਕ ਮੁਲਾਕਾਤ ਵਿਚ ਕਿਹਾ ਸੀ ਕਿ
ਕਈ ਸਾਬਕ ਤੇ ਮੌਜੂਦਾ ਕਾਂਗਰਸੀ ਵਿਧਾਇਕ ਉਨ੍ਹਾਂ ਕੋਲ ਆਏ ਤੇ ਉਨ੍ਹਾਂ ਅੱਗੇ ਲੱਗ ਕੇ
ਪੰਜਾਬ ਲਈ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਲੋਕਾਂ
ਨੂੰ ਜਵਾਬਦੇਹ, ਮੁੱਦਿਆਂ 'ਤੇ ਆਧਾਰਿਤ ਰਾਜਨੀਤੀ ਨੂੰ ਤਰਜੀਹ ਦੇਣਗੇ। ਫਿਰ ਜਿਥੋਂ
ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ 'ਅਮਰਿੰਦਰ ਸਿੰਘ ਰਾਜਾ ਵੜਿੰਗ' ਦੀ ਗੱਲ ਹੈ,
ਉਨ੍ਹਾਂ ਦਾ ਸਿੱਧੂ ਨਾਲ ਸਮਝੌਤਾ ਹੋਣਾ ਸੌਖਾ ਨਹੀਂ ਲਗਦਾ ਕਿਉਂਕਿ ਇਕ ਤਾਂ ਰਾਜਾ
ਵੜਿੰਗ ਰਵਾਇਤੀ ਤਰ੍ਹਾਂ ਦੇ ਸਿਆਸਤਦਾਨ ਹਨ ਜਦੋਂ ਕਿ ਸਿੱਧੂ ਦਾ ਆਪਣਾ 'ਪੰਜਾਬ
ਏਜੰਡਾ' ਹੈ। ਦੂਸਰਾ ਸਿੱਧੂ ਨੂੰ ਰਾਜਾ ਵੜਿੰਗ ਇਸ ਲਈ ਵੀ ਚੁੱਭਦੇ ਹੋਣਗੇ ਕਿਉਂਕਿ
ਪਹਿਲਾਂ ਉਹ ਸਿੱਧੂ ਦੇ ਨਾਲ ਸਨ ਪਰ ਬਾਅਦ ਵਿਚ ਵਿਰੋਧੀ ਹੋ ਗਏ ਸਨ। ਸੋ, ਹਾਲਾਤ
ਸਾਫ਼ ਸੰਕੇਤ ਦੇ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਕਦਮ ਪੰਜਾਬ ਵਿਚ ਇਕ ਨਵੀਂ
ਪਾਰਟੀ ਬਣਾਉਣ ਵੱਲ ਤੁਰ ਪਏ ਹਨ।
ਮੈਂ ਰੋਜ਼ ਇਕ ਨਈ ਦਾਸਤਾਂ ਬਣਾਊਂਗਾ।
ਫਿਰ ਇਸ ਕੇ ਬਾਅਦ ਖਾਮੋਸ਼ੀ ਮੇਂ ਡੂਬ ਜਾਊਂਗਾ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000 E. mail :
hslall@ymail.com
|